Monday, October 4, 2010

ਅਖੋਤੀ ਦਸਮ ਗ੍ਰੰਥ ਬਾਰੇ ਪੰਥਕ ਮਤੇ ਬਨਾਮ ਡੇਰਾਵਾਦੀ

ਅਖੋਤੀ ਦਸਮ ਗ੍ਰੰਥ ਬਾਰੇ ਪੰਥਕ ਮਤੇ ਬਨਾਮ ਡੇਰਾਵਾਦੀ
ਸਰਵਜੀਤ ਸਿੰਘ
ਧਰਮਿਕ ਸਲਾਹਕਾਰ ਕਮੇਟੀ ਦੀ ਪਹਿਲੀ ਇਕੱਤਰਤਾ ਜੋ 15 ਫਰਵਰੀ 1934 ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਸੱਦੀ ਗਈ ਸੀ ਮੈਬਰ ਸਾਹਿਬਨ ਦੇ ਰਝੇਵਿਆਂ ਕਾਰਨ 20 ਫਰਵਰੀ 1935 ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਸ਼ਾਮ ਨੂੰ 3 ਵਜੇ ਅਰੰਭ ਹੋਈ ਸੀ । ਇਸ ਵਿਚ ਪੋ: ਜੋਧ ਸਿੰਘ, ਪ੍ਰੋ: ਤੇਜਾ ਸਿੰਘ, ਜਥੇਦਾਰ ਮੋਹਨ ਸਿੰਘ ਅਤੇ ਭਾਈ ਧਰਮਾਨੰਤ ਸਿੰਘ ਜੀ ਪ੍ਰਿ: ਸ਼ਹੀਦ ਸਿੱਖ ਮਿਸ਼ਨਰੀ ਕਾਲਜ ਹਾਜਰ ਹੋਏ ਸਨ। ਭਾਈ ਕਾਹਨ ਸਿੰਘ ਨਾਭਾ ਜੀ ਨੇ ਏਜੰਡੇ ਬਾਰੇ ਆਪਣੀ ਰਾਏ ਲਿਖਤੀ ਰੂਪ ਵਿਚ ਭੇਜ ਦਿੱਤੀ ਸੀ। ਉਸ ਇਕੱਤਰਤਾ ਵਿਚ ਪਾਸ ਕੀਤੇ ਗਏ ਮਤਿਆਂ ਵਿਚ ਮਤਾ ਨੰ; 3 ਜੋ ਅਖੌਤੀ ਦਸਮ ਗ੍ਰੰਥ ਬਾਰੇ ਸੀ ਹੇਠ ਦਰਜ ਹੈ।
(3) ਸਿੰਘ ਸਭਾ ਯੂਗੰਡਾ ਦੀ ਚਿੱਠੀ ਪੇਸ਼ ਹੋ ਕੇ ਫੈਸਲਾ ਹੋਇਆ ਕਿ ਦਸਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਤੁਲ ਨਹੀ ਹੋ ਸਕਦਾ ਅਤੇ ਨਾ ਹੀ ਗੁਰੁ ਗ੍ਰੰਥ ਸਾਹਿਬ ਵਾਂਗ ਇਸ ਦਾ ਭੋਗ ਪਾਇਆ ਜਾ ਸਕਦਾ ਹੈ। ਕੇਵਲ ਆਪਣੀ ਵਾਕਫੀਅਤ ਅਥਵਾ ਵਿਚਾਰ ਅਤੇ ਖੋਜ ਲਈ ਪ੍ਰਕਾਸ਼ ਕਰਕੇ ਪਾਠ ਕੀਤਾ ਅਥਵਾ ਭੋਗ ਪਾਇਆ ਜਾ ਸਕਦਾ ਹੈ। (ਪੰਥਕ ਮਤੇ ਪੰਨਾ 12)
ਧਰਮਿਕ ਸਲਾਹਕਾਰ ਕਮੇਟੀ ਦੀ ਅੱਠਵੀ ਇਕੱਤਰਤਾ ਮਿਤੀ 4-5-1942 ਦੀ ਕਾਰਵਾਈ:
(1) ਦਸਮ ਗ੍ਰੰਥ ਅਖੰਡ ਪਾਠ: ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਪੱਤ੍ਰਿਕਾ ਨਂ: 684 ਮਿਤੀ 11-1 1942 ਜਿਸ ਰਾਹੀ ਧਾਰਮਿਕ ਸਲਾਹਕਾਰਾਂ ਪਾਸੋਂ ਪੁਛ ਕਰਨ ਲਈ ਲਿਖਿਆ ਗਿਆ ਸੀ ਕਿ ਅਕਾਲ ਤਖਤ ਸਾਹਿਬ ਕਈ ਪ੍ਰੇਮੀ ਦਸਮ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਉਦੇ ਹਨ ਇਸ ਸਬੰਧੀ ਕੀ ਕੀਤਾ ਜਾਣਾ ਚਾਹੀਦਾ ਹੈ, ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਆਦਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਤਰਾਂ ਦਸਮ ਗ੍ਰੰਥ ਦਾ ਅਖੰਡ, ਸਧਾਰਨ ਜਾਂ ਸਪਤਾਹਕ ਪਾਠ ਕਰਨਾ ਠੀਕ ਨਹੀਂ, ਵੈਸੇ ਇਸਦਾ ਪੜ੍ਹਨਾ ਤੇ ਵਿਚਾਰਨਾ ਲਾਭਦਾਇਕ ਹੋ ਸਕਦਾ ਹੈ। (ਪੰਥਕ ਮਤੇ ਪੰਨਾ 21)
ਧਰਮਿਕ ਸਲਾਹਕਾਰ ਕਮੇਟੀ ਦੀ ਪੰਦਰਵੀਂ ਇਕੱਤਰਤਾ ਮਿਤੀ 27-5-1945 ਦੀ ਕਾਰਵਾਈ:
(40) ਦਸਮ ਗ੍ਰੰਥ ਪਾਠ: ਸ੍ਰੀ ਦਸਮ ਗ੍ਰੰਥ ਦੇ ਅਖੰਡ ਪਾਠ ਕਰਾਏ ਜਾਣ ਸਬੰਧੀ ਅੱਗੇ ਪਿਛਲੀਆਂ ਦੋ ਮਿਟਿੰਗਾਂ ਵਿਚ ਵਿਚਾਰ ਹੋ ਚੁੱਕੀ ਹੈ, ਇਸ ਲਈ ਇਸ ਮਾਮਲੇ ਤੇ ਵਿਚਾਰ ਦੀ ਕੋਈ ਲੋੜ ਨਹੀ। (ਪੰਥਕ ਮਤੇ ਪੰਨਾ 41)
ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਿਤ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਿਤ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ। (ਸਿੱਖ ਰਹਿਤ ਮਰਯਾਦਾ ਪੰਨਾ 13)
ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ (ਡੇਰਾਵਾਦੀ) ਪਾਠ ਮਰਯਾਦਾ
(1) ਸ੍ਰੀ ਅਖੰਡ ਪਾਠ (ਆਰੰਭ)- ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਨਾਲ ਜਾਪੁ ਸਾਹਿਬ ਦਾ ਪਾਠ ਵੀ ਕਰਨਾ ਚਾਹੀਦਾ ਹੈ। ਜੋਤ, ਕੁੰਭ, ਨਾਰੀਏਲ, ਧੂਪ, ਫੁੱਲ, ਆਦਿ ਚੀਜ਼ਾਂ ਤੇ ਰੀਤੀ ਆਦਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਮਰਯਾਦਾ ਦੀ ਤਰ੍ਹਾਂ ਹੈ। ਕੜਾਹ ਪ੍ਰਸ਼ਾਦਿ ਕਰਕੇ, ਅਰਦਾਸ ਕਰਕੇ ਸ੍ਰੀ ਮੁਖਵਾਕ ਲੈ ਕੇ, ਅਰੰਭ ਕਰਕੇ ਜਾਪੁ ਸਾਹਿਬ ਪੜ੍ਹ ਕੇ ਕੜਾਹ ਪ੍ਰਸ਼ਾਦਿ ਵੰਡਣਾ।
ਮਧ- ਪਾਠ ਦਾ ਮਧ ਸ੍ਰੀ ਸ਼ਸ਼ਤਨਾਮ ਮਾਲਾ ਦੇ ਅਰੰਭ ਤੇ ਲਾਉਣਾ।
ਭੋਗ-(1) ਪਿਛਲੀਆਂ 2 ਹਕਾਇਤਾਂ 11ਵੀ ਤੇ 12 ਵੀਂ ਭੋਗ ਸਮੇਂ ਪੜ੍ਹਨੀਆਂ ਇਸ ਤੋਂ ਬਾਅਦ ਤਰਤੀਬ ਵਾਰ-(2) ਜਾਪ ਸਾਹਿਬ ਪੰਨਾ1, (3) ਸ਼ਬਦ ਹਜਾਰੇ। ਰਾਮਕਲੀ ਪਾਤਿਸ਼ਾਹੀ 10, ਰੇ ਨਮ ਐਸੋ ਕਰ ਸੰਨਿਆਸਾ। (4) ਸਵੈਯੇ ਤੇ ਦੋਹਰਾ, ਹੋ ਕਿਛੁ ਲੇਖ ਲਿਖਿਓ ਬਿਧਨਾ। (5) ਸ਼ਸਤ੍ਰ ਨਾਮ ਮਾਲਾ ਦਾ ਧਿਆਇ 1,(6) ਚੌਪਈ, ਦੋਹਰਾ, ਮਹਾਂ ਕਾਲ ਕੀ ਜੋ ਸਰਨ ਪਰੇ ਸੋ ਲਏ ਬਚਾਇ॥ ਛੰਦ 36 ਤੇ ਇਤਿ ਸ੍ਰੀ ਚਰਿਤ੍ਰੋ ਪਖਯਾਨੇ ਅਫਜੂੰ॥ ਤੱਕ ਭੋਗ ਪਾਉਣਾ।
(2) ਸਧਾਰਨ- ਸਧਾਰਨ ਦੇ ਨਾਲ ਜਾਪੁ ਸਾਹਿਬ ਨਹੀਂ ਰੱਖਣਾ ਅਤੇ ਜਾਪੁ ਦੀਆਂ ਪਹਿਲੀਆਂ 5 ਪਉੜੀਆਂ ਨਮਸਤੰ ਅਨਾਮੰ॥ ਨਮਸਤੰ ਅਧਾਮਮ॥ 5॥ ਤੇ ਇਕ ਅਖੀਰ ਦੀ ਪਉੜੀ॥ ਚਤੁਰ ਚਕ੍ਰਵਰਤੀ ਚਤੁਰ ਚਕ੍ਰ ਭੁਗਤੇ॥199
ਨੋਟ- ਨਿਹੰਗ ਸਿੰਘ ਦਲਾਂ ਵਿਚ ਸ੍ਰੀ ਅਖੰਡ ਪਾਠ ਕਰਦਿਆਂ ਕਿਸੇ ਦੈਂਤ ਆਦਿ ਦਾ ਨਾਸ਼ ਹੋਣ ਦਾ ਸ਼ਬਦ ਆਵੇ ਤਾਂ ਉਸ ਵਕਤ ਪਾਸ ਬੈਠਾ ਸਿੰਘ ਗੰਨੇ ਜਾਂ ਨਰੇਲ ਨੂੰ ਵੱਡ ਦਿੰਦਾ ਹੈ। (ਗੁਰਬਾਣੀ ਪਾਠ ਦਰਪਣ, 1996 ਪੰਨਾ 173, ਕਰਤਾ: ਸ੍ਰੀਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਵਾਲੇ। ਪ੍ਰਕਾਸ਼ਕ: ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੇ ਉਤ੍ਰਾਅਧਿਕਾਰੀ ਸੰਚ ਖੰਡ ਵਾਸੀ ਸੰਤ ਗਿ: ਕਰਤਾਰ ਸਿੰਘ ਜੀ ਖਾਲਸਾ ਦੇ ਜਾਨਸ਼ੀਨ ਸੰਤ ਗਿ: ਜਰਨੈਲ ਸਿੰਘ ਜੀ ਖਾਲਸਾ ਦੀ ਗੈਰਹਾਜਰੀ ਵਿਚ ਦਾਸਿਨ ਦਾਸ: ਠਾਕਰ ਸਿੰਘ ਖਾਲਸਾ ਦਮਦਮੀ ਟਕਸਾਲ, ਜਥਾ ਭਿਡਰਾਂ, ਮਹਿਤਾ)