Thursday, February 29, 2024

ਨਾਨਕਸ਼ਾਹੀ ਕੈਲੰਡਰ ਬਨਾਮ ਧੁਮੱਕੜਸ਼ਾਹੀ ਕੈਲੰਡਰ

 

ਨਾਨਕਸ਼ਾਹੀ ਕੈਲੰਡਰ ਬਨਾਮ ਧੁਮੱਕੜਸ਼ਾਹੀ ਕੈਲੰਡਰ

ਪ੍ਰਧਾਨ ਜੀ, ਇਹ ਕੈਲੰਡਰ, ਨਾਨਕਸ਼ਾਹੀ ਕੈਲੰਡਰ ਕਿਵੇਂ ਹੈ?

ਸਰਵਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਸਾਲ ਦਾ ਕੈਲੰਡਰ, ਅਕਾਲ ਤਖਤ ਸਾਹਿਬ ਜੀ ਤੋਂ ਜਾਰੀ ਕਰ ਦਿੱਤਾ ਗਿਆ ਹੈ। ਕੈਲੰਡਰ ਜਾਰੀ ਕਰਨ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੌਮ ਨੂੰ ਰਵਾਇਤੀ ਸੰਦੇਸ਼ ਵੀ ਦਿੱਤਾ ਗਿਆ ਹੈ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਦੋਵੇਂ ਜਿੰਮੇਵਾਰ ਸੱਜਣਾਂ ਵੱਲੋਂ ਕੈਮਰੇ ਦੇ ਸਾਹਮਣੇ ਬੈਠ ਕੇ ਝੂਠ ਬੋਲਿਆ ਗਿਆ ਹੈ। ਇਹ ਕਿਵੇਂ ਮੰਨ ਲਿਆ ਜਾਵੇਂ ਕਿ ਇਨ੍ਹਾਂ ਨੇ ਗੁਰਬਾਣੀ ਦੀ ਇਹ ਪਾਵਨ ਪੰਗਤੀ, “ਝੂਠੁ ਨ ਬੋਲਿ ਪਾਡੇ ਸਚੁ ਕਹੀਐ” ਨਹੀਂ ਪੜ੍ਹੀ-ਸੁਣੀ ਹੋਵੇਗੀ। ਹਾਂ, ਇਹ ਹੋ ਸਕਦਾ ਹੈ ਕਿ ਇਹ ਸਮਝਦੇ ਹੋਣ ਕਿ ਇਹ ਪਾਵਨ ਪੰਗਤੀ ਸਿਰਫ ਪਾਂਡੇ ਲਈ ਹੈ, ਸਾਡੇ ਲਈ ਨਹੀਂ।


ਪ੍ਰਧਾਨ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ ਹਰ ਸਾਲ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ  ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਜਾਂਦਾ ਹੈ ਅਤੇ ਸਾਰੇ ਅਵਤਾਰ ਦਿਹਾੜੇ, ਗੁਰਪੁਰਬ ਤੇ ਪ੍ਰਕਾਸ਼ ਦਿਹਾੜੇ, ਉਹ ਸਾਰੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਂਦੇ ਹਨ। ਇਹ ਕੋਰਾ ਝੂਠ ਹੈ। ਸੰਮਤ 542 ਨਾਨਕਸ਼ਾਹੀ (ਮਾਰਚ 2010 ਈ:) ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਨਾਨਕਸ਼ਾਹੀ ਕੈਲੰਡਰ ਨੂੰ ਤਿਆਗ ਚੁੱਕੀ ਹੈ। ਹੁਣ ਇਹ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ, ਅਕਤੂਬਰ 2009 ਈ: ਵਿੱਚ ਬਣਾਈ ਗਈ ਦੋ ਮੈਂਬਰੀ ਕਮੇਟੀ (ਭਾਈ ਹਰਨਾਮ ਸਿੰਘ ਧੁੰਮਾ ਅਤੇ ਭਾਈ ਅਵਤਾਰ ਸਿੰਘ ਮੱਕੜ) ਵੱਲੋਂ ਸੁਝਾਏ ਗਏ ਕੈਲੰਡਰ ਨੂੰ ਹੀ ਛਾਪਦੀ ਅਤੇ ਉਸੇ ਮੁਤਾਬਕ ਹੀ ਸਾਰੇ ਦਿਹਾੜੇ ਮਨਾਉਂਦੀ ਹੈ। ਇਸ ਸਾਲ ਵੀ ਆਪ ਜੀ ਨੇ, ਦੋ ਮੈਂਬਰੀ ਕਮੇਟੀ ਵੱਲੋਂ ਸੁਝਾਏ ਗਏ ਕੈਲੰਡਰ ਨੂੰ ਹੀ ਜਾਰੀ ਕੀਤਾ ਹੈ। ਦੋ ਮੈਂਬਰੀ ਕਮੇਟੀ ਦੇ ਨਾਮ ਤੇ ਹੀ (ਧੁੰਮਾ ਅਤੇ ਮੱਕੜ) ਇਸ ਕੈਲੰਡਰ ਦਾ ਨਾਮ ‘ਧੁਮੱਕੜਸ਼ਾਹੀ ਕੈਲੰਡਰ’ ਪ੍ਰਚੱਲਤ ਹੋਇਆ ਹੈ। ਕੀ ਕਾਰਨ ਹੈ ਕਿ ਪਿਛਲੇ ਡੇੜ ਦਹਾਕੇ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਦੋ ਵੱਖ-ਵੱਖ ਕੈਲੰਡਰਾਂ ਨੂੰ ਰਲਗਡ ਕਰਕੇ, ਕੌਮ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ? ਮੰਨਿਆ ਕਿ, ਕਿਹੜਾ ਕੈਲੰਡਰ ਵਰਤਣਾ ਹੈ, ਇਹ ਫੈਸਲਾ ਸ਼੍ਰੋਮਣੀ ਕਮੇਟੀ ਕਰ ਸਕਦੀ ਹੈ। ਪਰ, ਸੱਚ ਤਾਂ ਬੋਲੋ, ਕਿ ਅਸੀਂ ਆਹ ਕੈਲੰਡਰ ਛਾਪਦੇ ਹਾਂ। ਕੌਮ ਨੂੰ ਗੁਮਰਾਹ ਕਿਉਂ ਕਰ ਰਹੇ ਹੋ? ਕੀ ਸ਼੍ਰੋਮਣੀ ਕਮੇਟੀ ਨੂੰ ਵੱਖ-ਵੱਖ ਕੈਲੰਡਰਾਂ ਬਾਰੇ ਜਾਣਕਾਰੀ ਨਹੀਂ ਹੈ ਜਾਂ ਜਾਣ ਬੁਝ ਕੇ ਝੂਠ ਬੋਲਿਆ ਜਾ ਰਿਹਾ ਹੈ?

 


 

 

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਕੈਲੰਡਰ ਛਾਪਿਆ ਜਾਂਦਾ ਹੈ। ਇਸ ਕੈਲੰਡਰ ਉੱਪਰ ਸੰਮਤ ਨਾਨਕਸ਼ਾਹੀ ਲਿਖਿਆ ਜਾਂਦਾ ਹੈ। ਬਿਕ੍ਰਮੀ ਕੈਲੰਡਰ ਉੱਪਰ ਨਾਨਕਸ਼ਾਹੀ ਸੰਮਤ ਲਿਖਣ ਨਾਲ ਇਹ ਕੈਲੰਡਰ, ਨਾਨਕਸ਼ਾਹੀ ਕੈਲੰਡਰ ਨਹੀਂ ਬਣਾ ਜਾਂਦਾ। ਨੱਥੀ ਕੀਤੇ ਚਾਰਟ ਨੂੰ ਧਿਆਨ ਨਾਲ ਵੇਖੋ। ਸਾਲ ਦੀ ਲੰਬਾਈ, ਮਹੀਨੇ ਦਾ ਆਰੰਭ ਅਤੇ ਮਹੀਨੇ ਦੇ ਦਿਨਾਂ ਦੀ ਗਿਣਤੀ ਵਿੱਚ ਕਿੰਨਾ ਅੰਤਰ ਹੈ। ਇਨ੍ਹਾਂ ਦੋਵਾਂ ਕੈਲੰਡਰਾਂ ਨੂੰ ਕੋਈ ਵੀ  ਸੂਝਵਾਨ ਵਿਅਕਤੀ, ਇਕ ਨਹੀਂ ਆਖ ਸਕੇਗਾ। ਧੰਨ ਹੈ ਸ਼੍ਰੋਮਣੀ ਕਮੇਟੀ ਜਿਸ ਨੂੰ ਇਹ ਅੰਤਰ ਨਜ਼ਰ ਹੀ ਨਹੀਂ ਆਉਂਦਾ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਸਾਲ ਦਾ ਕੈਲੰਡਰ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ ਆਪਣੇ ਖਿੱਤੇ ਵਿੱਚ ਪ੍ਰਚੱਲਤ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਮੁਤਾਬਕ ਗੁਰੂ ਅਮਰਦਾਸ ਜੀ 2 ਅੱਸੂ , ਭਾਦੋਂ ਸੁਦੀ 15 ਸੰਮਤ 1631 ਬਿਕ੍ਰਮੀ ਨੂੰ ਜੋਤੀ ਜੋਤ ਸਮਾਏ ਸਨ। ਨਾਨਕਸ਼ਾਹੀ ਕੈਲੰਡਰ ਵਿੱਚ 2 ਅੱਸੂ ਹੀ ਦਰਜ ਹੈ। (ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਉੱਪਰ ਇਹ ਤਾਰੀਖ 1 ਅੱਸੂ, ਭਾਦੋਂ ਸੁਦੀ 14 ਸੰਮਤ 1631 ਬਿਕ੍ਰਮੀ ਦਰਜ ਹੈ, ਜੋ ਸਹੀ ਨਹੀਂ ਹੈ) ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਪਿਛਲੇ ਇਕ ਦਹਾਕੇ ਦੇ ਕੈਲੰਡਰਾਂ ਨੂੰ ਵੇਖਿਆ ਤਾਂ ਬੜੀ ਹੀ ਹਾਸੋਂ ਹੀਣੀ ਤਸਵੀਰ ਸਾਹਮਣੇ ਆਈ ਹੈ। ਨੱਥੀ ਕੀਤੇ ਚਾਰਟ ਨੂੰ ਧਿਆਨ ਨਾਲ ਵੇਖੋ।


ਸ. ਹਰਜਿੰਦਰ ਸਿੰਘ ਧਾਮੀ ਜੀ, ਮੰਨਿਆ ਕਿ ਕੈਲੰਡਰ ਤੁਹਾਡਾ ਵਿਸ਼ਾ ਨਹੀਂ ਹੈ। ਕੀ ਸ਼੍ਰੋਮਣੀ ਕਮੇਟੀ ਦੇ ਸਲਾਹਕਾਰ ਵਿਦਵਾਨ, ਉੱਚ ਅਹੁਦਿਆਂ ਤੇ ਬਿਰਾਜਮਾਨ ਅਧਿਕਾਰੀ, ਧਰਮ ਪਰਚਾਰ ਕਮੇਟੀ, ਸਿੱਖ ਇਤਿਹਾਸ ਰਿਸਰਚ ਬੋਰਡ ਜਾਂ ਉਹ, ਜਿਹੜੇ ਪਿਛਲੇ ਢਾਈ ਦਹਾਕਿਆਂ ਤੋਂ ਆਪਣੇ ਆਪ ਨੂੰ ਕੈਲੰਡਰ ਵਿਗਿਆਨੀ ਹੋਣ ਦਾ ਭਰਮ ਪਾਲੀ ਬੈਠੇ ਹਨ, ਕਿਸੇ ਨੇ ਵੀ ਆਪ ਜੀ ਨੂੰ ਇਹ ਨਹੀਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆਂ ਜਾਂਦਾ ਕੈਲੰਡਰ, ਨਾਨਕਸ਼ਾਹੀ ਕੈਲੰਡਰ ਨਹੀਂ ਹੈ?

ਪ੍ਰਧਾਨ ਜੀ, ਆਪ ਜੀ ਨੇ ਕੈਮਰੇ ਦੇ ਸਾਹਮਣੇ ਬੈਠ ਕੇ ਸਮੁੱਚੀ ਕੌਮ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ, “ਕਈ ਵਾਰੀ ਆਪੋ ਆਪਣੀ ਈਗੋ ਮੁਤਾਬਕ ਦਿਹਾੜੇ ਅੱਗੇ-ਪਿਛੇ ਕਰ ਲੈਂਦੇ ਹਾਂ”।  ਬੇਨਤੀ ਹੈ ਕਿ ਉੱਪਰ ਦਿੱਤੇ ਚਾਰਟ ਨੂੰ ਧਿਆਨ ਵੇਖੋ ਅਤੇ ਦੱਸੋ ਕਿ ਗੁਰੂ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ, ਅੱਗੇ-ਪਿਛੇ ਕੌਣ ਕਰ ਰਿਹਾ ਹੈ?

ਆਪ ਜੀ ਦਾ ਇਹ ਕਹਿਣਾ ਕਿ “ਨਾਨਕਸ਼ਾਹੀ ਕੈਲੰਡਰ ਸ਼ੁਭ ਸੰਕੇਤ ਸੀ”,  ਠੀਕ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਤੋਂ ਮੁਨਕਰ ਕਿਉ ਹੋਈ?

ਆਪ ਜੀ ਨੇ ਕੌਮ ਨੂੰ ਬੇਨਤੀ ਕਰਦਿਆਂ ਕਿਹਾ ਹੈ “ਜਿਸ ਵੇਲੇ ਕੋਈ ਨਵੀਂ ਚੀਜ਼ ਜਾਰੀ ਹੁੰਦੀ ਹੈ ਉਸ ਨੂੰ ਥੋੜਾ ਸਮਾਂ ਲੱਗ ਜਾਂਦਾ ਹੈ, ਪਰ ਹੁਣ ਆਪਾ ਸਮਾਂ ਵਿਹਾਈਏ ਨਾਂ”।

ਸ. ਹਰਜਿੰਦਰ ਸਿੰਘ ਧਾਮੀ ਜੀ, ਕਰੋ ਆਪਣੇ ਕਹੇ ਸ਼ਬਦਾਂ ਤੇ ਅਮਲ। ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਹਾੜਾ ਅਸਲ ਪ੍ਰਵਿਸ਼ਟੇ ਭਾਵ 2 ਅੱਸੂ ਨੂੰ ਮਨਾਉਣ ਦਾ ਐਲਾਨ ਕਰੋ। ਹੋਰ ਸਮਾਂ ਖ਼ਰਾਬ ਕੀਤੇ ਬਿਨਾਂ ਅੱਗੋਂ ਤੋਂ ਸਾਰੇ ਦਿਹਾੜੇ ਅਸਲ ਪ੍ਰਵਿਸ਼ਟਿਆਂ ਮੁਤਾਬਕ ਭਾਵ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਦਾ ਐਲਾਨ ਕਰੋ। ਤਾਂ ਜੋ ਕੌਮ ਵਿੱਚ ਏਕਤਾ ਅਤੇ ਅਨੁਸ਼ਾਸਨ ਨੂੰ ਕਾਇਮ ਰੱਖਿਆ ਜਾ ਸਕੇ।

 

Wednesday, February 7, 2024

ਵੱਡਾ ਘੱਲੂਘਾਰਾ; ਆਓ ਤਾਰੀਖਾਂ ਦੀ ਸਮੱਸਿਆ ਨੂੰ ਸਮਝੀਏ

 


ਵੱਡਾ ਘੱਲੂਘਾਰਾ; ਆਓ ਤਾਰੀਖਾਂ ਦੀ ਸਮੱਸਿਆ ਨੂੰ ਸਮਝੀਏ


ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖ਼ੂਨੀ ਕਾਂਡ, ਜਿਸ ਨੂੰ ‘ਵੱਡਾ ਘੱਲੂਘਾਰਾ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ, ਕੁੱਪ ਰਹੀੜੇ ਦੇ ਜੰਗਲ ਵਿੱਚ 27 ਮਾਘ ਸੰਮਤ 1818 ਬਿਕ੍ਰਮੀ ਦਿਨ ਸ਼ੁਕਰਵਾਰ ਨੂੰ ਵਾਪਰਿਆ ਸੀ। ਪੰਜਾਬ ਉੱਪਰ ਅੰਗਰੇਜਾਂ ਦਾ ਕਬਜਾ ਹੋਣ ਤੋਂ ਪਿਛੋਂ, ਜਦੋਂ ਅੰਗਰੇਜੀ ਤਾਰੀਖਾਂ ਲਿਖਣ ਦਾ ਰਿਵਾਜ ਪਿਆ ਤਾਂ ਇਸ ਦਿਹਾੜੇ ਦੀ ਤਾਰੀਖ 5 ਫਰਵਰੀ 1762 ਈ: (ਗਰੈਗੋਰੀਅਨ) ਲਿਖੀ ਗਈ। ਇਹ ਹੀ ਕਾਰਨ ਹੈ ਕਿ ਸੋਸ਼ਲ ਮੀਡੀਏ ਉੱਪਰ 5 ਫਰਵਰੀ ਨੂੰ ਬਹੁਤ ਸੱਜਣਾਂ ਵੱਲੋਂ ਪੋਸਟਾਂ ਪਾ ਕੇ ਵੱਡੇ ਘੱਲੂਘਾਰੇ ਦੇ ਇਤਿਹਾਸ ਨੂੰ ਯਾਦ ਕੀਤਾ ਗਿਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਵਿੱਚ ਇਹ ਦਿਹਾੜਾ 27 ਮਾਘ (9 ਫਰਵਰੀ) ਦਾ ਦਰਜ ਹੈ। ਕਈ ਸੱਜਣਾਂ ਵੱਲੋਂ ਇਹ ਸਵਾਲ ਕੀਤਾ ਗਿਆ ਹੈ ਕਿ ਇਸ ਦਿਹਾੜੇ ਦੀ ਅਸਲ ਤਾਰੀਖ ਕਿਹੜੀ ਹੈ?

ਮਹਾਨ ਕੋਸ਼ ਵਿੱਚ ਇਸ ਦਿਹਾੜੇ ਦੀ ਤਾਰੀਖ (ਪ੍ਰਵਿਸ਼ਟਾ) 28 ਮਾਘ ਸੰਮਤ 1818 ਬਿ: ਦਰਜ ਹੈ। ਇਸ ਮੁਤਾਬਕ ਇਹ 6 ਫਰਵਰੀ 1762 ਈ: ਬਣਦੀ ਹੈ। ਪੰਜਾਬੀ ਵਿਸ਼ਵ ਕੋਸ਼ ਵਿੱਚ ਇਹ ਤਾਰੀਖ 2 ਫਰਵਰੀ 1762 ਈ: (28 ਮਾਘ ਸੰਮਤ 1818) ਦਰਜ ਹੈ। (punjabipedia.org) ਇਹ ਤਾਰੀਖ ਸਹੀ ਨਹੀਂ ਹੈ ਅੰਗਰੇਜੀ ਤਾਰੀਖ ਵਿੱਚ ਬਦਲੀ ਕਰਨੇ ਵੇਲੇ ਹੋਈ ਉਕਾਈ ਸਾਫ ਨਜ਼ਰ ਆਉਂਦੀ ਹੈ। ਡਾ ਸੁਖਦਿਆਲ ਸਿੰਘ ਅਤੇ ਡਾ ਹਰਜਿੰਦਰ ਸਿੰਘ ਦਿਲਗੀਰ ਨੇ 5 ਫਰਵਰੀ 1762 ਈ: ਲਿਖੀ ਹੈ। ਇਸ ਮੁਤਾਬਕ ਇਹ 27 ਮਾਘ ਸੰਮਤ 1818 ਬਿਕ੍ਰਮੀ ਹੀ ਬਣਦੀ ਹੈ। ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੀ ਕਮੇਟੀ ਨੇ ਵੀ 27 ਮਾਘ ਨੂੰ ਹੀ ਮੁੱਖ ਰੱਖਿਆ ਹੈ।

27 ਮਾਘ ਬਿਕ੍ਰਮੀ ਕੈਲੰਡਰ ਦਾ ਪ੍ਰਵਿਸ਼ਟਾ ਹੈ। ਜਿਸ ਦੇ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਸੀ। 1964 ਈ: ਵਿੱਚ ਇਸ ਕੈਲੰਡਰ ਵਿੱਚ ਕੀਤੀ ਗਈ ਸੋਧ ਮੁਤਾਬਕ ਹੁਣ ਇਸ ਦੇ ਸਾਲ ਦੀ ਲੰਬਾਈ 365.2563 ਦਿਨ (ਦ੍ਰਿਕ ਗਿਣਤ ਸਿਧਾਂਤ) ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੈਲੰਡਰ ਦ੍ਰਿਕ ਗਿਣਤ ਸਿਧਾਂਤ ਮੁਤਾਬਕ ਹੀ ਛਾਪਿਆ ਜਾਂਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਕਾਲ ਵਾਲੇ ਕੈਲੰਡਰ ਨੂੰ ਛੱਡ ਚੁੱਕੀ ਹੈ। 5 ਫਰਵਰੀ ਗਰੈਗੋਰੀਅਨ ਕੈਲੰਡਰ ਦੀ ਤਾਰੀਖ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। 27 ਮਾਘ ਸੰਮਤ 1818 ਬਿਕ੍ਰਮੀ ਵਾਲੇ ਦਿਨ ਗਰੈਗੋਰੀਅਨ ਕੈਲੰਡਰ ਦੀ 5 ਫਰਵਰੀ ਸੀ। ਸਾਲ ਦੀ ਲੰਬਾਈ ਵਿੱਚ ਅੰਤਰ ਹੋਣ ਕਾਰਨ ਇਸ ਸਾਲ (2024 ਈ:, ਸੰਮਤ 2080 ਬਿਕ੍ਰਮੀ ) 27 ਮਾਘ ਨੂੰ 9 ਫਰਵਰੀ ਹੈ । ਜੇ ਇਹ ਕੈਲੰਡਰ ਇਸੇ ਤਰ੍ਹਾਂ ਹੀ ਚਲਦਾ ਰਹੇ ਤਾਂ 3000 ਈ: ਵਿੱਚ 27 ਮਾਘ ਨੂੰ 23 ਫਰਵਰੀ ਜਾਂ 5 ਫਰਵਰੀ ਨੂੰ 9 ਮਾਘ ਹੋਵੇਗੀ। ਉਸ ਵੇਲੇ ਇਹ ਦਿਹਾੜਾ ਕਿਹੜੀ ਤਾਰੀਖ ਜਾਂ ਕਿਹੜੇ ਪ੍ਰਵਿਸ਼ਟੇ ਨੂੰ ਮਨਾਇਆ ਜਾਵੇਗਾ?


ਹੁਣ ਸਵਾਲ ਇਹ ਹੈ ਕਿ, ਕੀ ਅਸੀਂ ਇਹ ਦਿਹਾੜਾ ਆਪਣੇ ਖਿਤੇ ਵਿੱਚ ਪ੍ਰਚੱਲਤ ਉਸ ਵੇਲੇ ਦੇ ਕੈਲੰਡਰ ਮੁਤਾਬਕ ਅਸਲ ਪ੍ਰਵਿਸ਼ਟੇ  ਭਾਵ 27 ਮਾਘ ਨੂੰ ਮਨਾਉਣਾ ਹੈ ਜਾਂ ਵਿਦੇਸ਼ੀ ਕੈਲੰਡਰ ਮੁਤਾਬਕ 5 ਫਰਵਰੀ ਨੂੰ? ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਸੂਰਜੀ ਬਿਕ੍ਰਮੀ ਕੈਲੰਡਰ ਵਿੱਚ ਇਤਿਹਾਸ ਦਿਹਾੜਿਆਂ ਦੀਆਂ ਤਾਰੀਖਾਂ ਤਿੰਨ ਕੈਲੰਡਰਾਂ ਮੁਤਾਬਕ ਨਿਰਧਾਰਤ ਕਰਕੇ, ਪ੍ਰਵਿਸ਼ਟਿਆਂ ਵਿੱਚ ਦਰਜ ਕੀਤੀਆਂ ਜਾਂਦੀਆਂ। ਕੁਝ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 354.37 ਦਿਨ), ਕੁਝ ਦਿਹਾੜੇ ਸੂਰਜੀ ਬਿਕ੍ਰਮੀ ਕੈਲੰਡਰ ਅਨੁਸਾਰ (ਸਾਲ ਦੀ ਲੰਬਾਈ 365.2587 ਦਿਨ) ਅਤੇ ਕੁਝ ਦਿਹਾੜੇ ਅੰਗਰੇਜੀ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ, 2 ਸਤੰਬਰ 1752 ਈ: ਤੋਂ ਪਹਿਲਾ 365.25 ਦਿਨ ਅਤੇ 14 ਸਤੰਬਰ 1752 ਈ: ਤੋਂ ਪਿਛੋਂ 365.2425 ਦਿਨ)। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ।

ਇਸ ਸਮੱਸਿਆ ਦਾ ਹੱਲ ਹੈ ਨਾਨਕਸ਼ਾਹੀ ਕੈਲੰਡਰ। ਕੈਲੰਡਰ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਸਾਰੇ ਦਿਹਾੜਿਆਂ ਦੇ ਅਸਲ ਪ੍ਰਵਿਸ਼ਟਿਆਂ ਨੂੰ ਹੀ ਮੁੱਖ ਰੱਖਿਆ ਗਿਆ। ਸਾਲ ਦੀ ਲੰਬਾਈ, ਪ੍ਰਚੱਲਤ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ (365.2563 ਦਿਨ) ਨੂੰ ਸੋਧ ਕੇ, ਕੁਦਰਤ ਦੇ ਨਿਯਮ ਮੁਤਾਬਕ, ਧਰਤੀ ਵੱਲੋਂ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਨ ਦੇ ਅਸਲ ਸਮੇਂ ਮੁਤਾਬਕ 365.2425 ਦਿਨ ਰੱਖੀ ਗਈ ਹੈ। ਸਾਲ ਦੀ ਲੰਬਾਈ ਦੇ ਅੰਤਰ ਕਾਰਨ, ਦੁਨੀਆ ਦੇ ਸਾਂਝੇ ਕੈਲੰਡਰ ਦੀਆਂ ਤਾਰੀਖਾਂ ਨਾਲ, ਅੱਗੋਂ ਤੋਂ ਇਨ੍ਹਾਂ ਵਿੱਚ ਫਰਕ ਨਹੀਂ ਵੱਧੇਗਾ। ਨਾਨਕਸ਼ਾਹੀ ਕੈਲੰਡਰ ਵਿੱਚ ਵੱਡੇ ਘੱਲੂਘਾਰੇ ਦਾ ਅਸਲ ਪ੍ਰਵਿਸ਼ਟਾ,  27 ਮਾਘ ਹੀ ਦਰਜ ਹੈ। ਇਸ ਦਿਨ ਦੁਨੀਆ ਦੇ ਸਾਂਝੇ ਕੈਲੰਡਰ ਦੀ 8 ਫਰਵਰੀ ਹੁੰਦੀ ਹੈ। ਸੰਮਤ 1532 ਨਾਨਕਸ਼ਾਹੀ (3000 ਈ:) ਵਿੱਚ ਵੀ 27 ਮਾਘ ਵਾਲੇ ਦਿਨ 8 ਫਰਵਰੀ ਹੀ ਹੋਵੇਗੀ। ਜਦੋਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਮੁਤਾਬਕ 3000 ਈ: ਵਿੱਚ 27 ਮਾਘ ਵਾਲੇ ਦਿਨ 23 ਫਰਵਰੀ ਹੋਵੇਗੀ।

 

Thursday, February 1, 2024

ਉਹ ਜਨਮ ਸਾਖੀ ਕਿੱਥੇ ਹੈ?

 


ਉਹ ਜਨਮ ਸਾਖੀ ਕਿੱਥੇ ਹੈ?

ਸਿੱਖ ਕੌਮ ਦੀ ਮਾਣ ਮੱਤੀ ਸੰਸਥਾ ‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ” ਵੱਲੋਂ ਕਈ ਦਹਾਕਿਆਂ ਤੋਂ ਮਾਸਕ ਪਰਚਾ ‘ਸਾਡਾ ਗੌਰਵ ਸਾਡਾ ਵਿਰਸਾ’ ਛਾਪਿਆ ਜਾ ਰਿਹਾ ਹੈ। ਪਿਛਲੇ ਸਾਲ ਪ੍ਰਬੰਧਕਾਂ ਵੱਲੋਂ ਅੰਗਰੇਜੀ ਵਿੱਚ ਵੀ ‘Cosmic Faith’ (Quarterly) ਆਰੰਭ ਕੀਤਾ ਗਿਆ ਹੈ। ਇਸ ਪਰਚੇ (ਜਨਵਰੀ-ਮਾਰਚ, 2024) ਵਿੱਚ ਡਾ ਅੰਮ੍ਰਿਤ ਕੌਰ ਜੀ ਦਾ ਲੇਖ “Bhai Bala ji: Sri Guru Nanak Dev Ji`s Life Long Companion” (Page 5) ਛਾਪਿਆ ਗਿਆ ਹੈ। ਜਿਸ ਵਿੱਚ ਵਿਦਵਾਨ ਲੇਖਿਕਾ ਜੀ ਲਿਖਦੇ ਹਨ ਕਿ ਭਾਈ ਬਾਲਾ ਗੁਰੂ ਜੀ ਦੇ ਲੰਮੇ ਸਫ਼ਰਾਂ  ਸਾਥੀ ਹੀ ਨਹੀਂ, ਸਗੋਂ ਗੁਰੂ ਜੀ ਬਾਰੇ ਜਾਣਕਾਰੀ ਦਾ ਪ੍ਰਮਾਣਿਕ ਸਰੋਤ ਵੀ ਹੈ।

ਡਾ ਅੰਮ੍ਰਿਤ ਕੌਰ ਜੀ ਲਿਖਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਿਛੋਂ, ਗੁਰੂ ਅੰਗਦ ਦੇਵ ਜੀ ਗੁਰਗੱਦੀ ਦੀ ਜਿੰਮੇਵਾਰੀ ਸੰਭਾਲੀ ਤਾਂ ਗੁਰੂ ਜੀ ਨੇ ਭਾਈ ਬੁੱਢਾ ਜੀ ਨਾਲ, ਗੁਰੂ ਨਾਨਕ ਦੇਵ ਜੀ ਦੇ ਸਾਥੀ ਦੀ ਭਾਲ ਕਰਨ ਬਾਰੇ ਗੱਲ ਕੀਤੀ ਤਾਂ ਜੋ ਗੁਰੂ ਨਾਨਕ ਜੀ ਦੀਆਂ ਦੂਰ-ਦੁਰਾਡੇ ਦੀਆਂ ਯਾਤਰਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ। ਇਸ ਤਰ੍ਹਾਂ ਭਾਈ ਬਾਲਾ ਜੀ ਨੂੰ ਆਪਣੇ ਜੱਦੀ ਪਿੰਡ ਤਲਵੰਡੀ ਤੋਂ ਖਡੂਰ ਸਾਹਿਬ ਆਉਣ ਦਾ ਸੱਦਾ ਭੇਜਿਆ ਗਿਆ। ਭਾਈ ਬਾਲਾ ਜੀ ਵੱਲੋਂ ਸੁਣਾਈਆਂ ਗਈਆਂ ਸਾਖੀਆਂ ਨੂੰ ਸੁਲਤਾਨ ਵਾਸੀ ਮੋਖਾਂ ਪੈੜਾ ਨੇ ਗੁਰਮੁਖੀ ਅੱਖਰਾਂ ਵਿੱਚ ਦਰਜ ਕੀਤਾ। ਇਹ ਕਾਰਜ 2 ਮਹੀਨੇ 17 ਦਿਨਾਂ ਵਿੱਚ ਪੂਰਾ ਕੀਤਾ ਗਿਆ। ਇਸ ਖਰੜੇ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਵਜੋਂ ਜਾਣਿਆ ਜਾਂਦਾ ਹੈ।

ਗੁਰੂ ਨਾਨਕ ਜੀ ਵੱਲੋਂ ਭਾਈ ਲਹਿਣਾ ਜੀ ਨੂੰ 4 ਅੱਸੂ, ਅੱਸੂ ਵਦੀ 5 ਸੰਮਤ 1596 ਬਿਕ੍ਰਮੀ (3 ਸਤੰਬਰ 1539 ਇ: ਜੂਲੀਅਨ) ਦਿਨ ਬੁਧਵਾਰ ਗੁਰੂ ਥਾਪਿਆ ਗਿਆ ਸੀ। ਗੁਰੂ ਨਾਨਕ ਦੇਵ ਜੀ 8 ਅੱਸੂ, ਅੱਸੂ ਵਦੀ 10 ਸੰਮਤ 1596 ਬਿਕ੍ਰਮੀ (7 ਸਤੰਬਰ 1539 ਇ: ਜੂਲੀਅਨ) ਦਿਨ ਐਤਵਾਰ ਨੂੰ ਜੋਤੀ ਜੋਤ ਸਮਾਏ ਹਨ। ਜਨਮ ਸਾਖੀ ਲਿਖਣ ਨੂੰ ਢਾਈ ਮਹੀਨੇ ਦਾ ਸਮਾਂ ਲੱਗਿਆ ਸੀ। “ਕਤਕ ਮਾਹ ਪਿਛਲੇ ਪੱਖ ਬਾਲਾ ਸੰਧੂ ਗੁਰੂ ਅੰਗਦ ਦੇ ਦਰਸਨਿ ਆਇਆ ਸੀ” । ਇਹ ਸਮਾਂ 12 ਕੱਤਕ ਤੋਂ 27 ਕੱਤਕ ਸੰਮਤ 1596 ਬਿਕ੍ਰਮੀ ਦੇ ਦਰਮਿਆਨ ਬਣਦਾ ਹੈ। ਇਸ ਮੁਤਾਬਕ ਅਸੀਂ ਸਹਿਜੇ ਹੀ ਇਸ ਨਤੀਜੇ ਤੇ ਪੁੱਜ ਸਕਦੇ ਹਾਂ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਸੰਮਤ 1596 ਬਿਕ੍ਰਮੀ ਦੇ ਅਖੀਰ ਤੀਕ ਲਿਖੀ ਜਾ ਚੁੱਕੀ ਹੋਵੇਗੀ। ਹੁਣ ਸਵਾਲ ਪੈਦਾ ਹੁੰਦਾ ਹੈ ਉਹ ਜਨਮ ਸਾਖੀ ਕਿੱਥੇ ਹੈ?


 

ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮ ਸਾਖੀ ਦੀ ਹੁਣ ਤਾਈ ਮਿਲੀ ਪੁਰਾਣੀ ਤੋਂ ਪੁਰਾਣੀ ਲਿਖਤ ਸੰਮਤ 1715 ਬਿਕ੍ਰਮੀ (1658 ਈ:) ਲਿਖੀ ਗਈ ਮਿਲਦੀ ਹੈ। ਇਸ ਸਮੇਂ ਗੁਰੂ ਅੰਗਦ ਸਾਹਿਬ ਜੀ ਨਹੀਂ, ਗੁਰੂ ਹਰਿ ਰਾਇ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਸਨ। ਇਹ ਜਨਮ ਸਾਖੀ, ਬਾਬਾ ਹੰਦਾਲ (ਸੰਮਤ 1630-1705 ਬਿਕ੍ਰਮੀ) ਦੇ ਦਿਹਾਂਤ ਤੋਂ ਪਿਛੋਂ, ਉਸ ਦੇ ਪੁੱਤਰ ਬਿਧੀ ਚੰਦ ਵੱਲੋਂ ਲਿਖਵਾਈ ਗਈ ਸੀ ਜਿਸ ਦਾ ਲੇਖਕ ਗੋਰਖ ਦਾਸ ਮੰਨਿਆ ਜਾਂਦਾ ਹੈ। ਇਸ ਦਾ ਮੁਖ ਪਾਤਰ ਬਾਲਾ (ਬਾਲ ਚੰਦ) ਬਾਬਾ ਹੰਦਾਲ ਦਾ ਜੇਠਾ ਪੁੱਤਰ ਸੀ। ਇਸ ਦੇ ਲਿਖਣ ਦਾ ਸਮਾਂ, “ਦੁਇ ਮਹੀਨੇ ਸਤਾਰਹ ਦਿਨ ਲਿਖਦਿਆ ਲਗੇ ਆਹੇ”, ਵੀ ਇਸੇ ਜਨਮਸਾਖੀ ਵਿੱਚ ਮਿਲਦਾ ਹੈ।

ਡਾ ਅੰਮ੍ਰਿਤ ਕੌਰ ਜੀ ਲਿਖਦੇ ਹਨ,  “Thus Bhai Bala Ji was invited to come from his native village Talwandi to Khadur Sahib”. ਪਰ ਜਨਮ ਸਾਖੀ ਵਿੱਚ ਤਾਂ ਲਿਖਿਆ ਹੈ ਕਿ ਬਾਈ ਬਾਲੇ ਨੇ ਗੁਰੂ ਜੀ ਨੂੰ ਲੱਭਿਆ ਸੀ। ਜਦੋਂ ਭਾਈ ਬਾਲਾ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਸੀ ਤਾਂ ਗੁਰੂ ਜੀ ਨੇ ਪੁੱਛਿਆ ਸੀ, “ਭਾਈ ਸਿਖਾ ਕਿਥੋ ਆਇਓ। ਕਿਉ ਕਰ ਆਵਣ ਹੋਇਆ ਹੈ। ਕੌਣ ਹੋਂਦੇ ਹੋ। ਤਾਂ ਬਾਲੇ ਸੰਧੂ ਹਥਿ ਜੋੜੇ ਅਰੁਦਾਸ ਕੀਤੀ ਗੁਰੂ ਜੀ ਹੋਂਦਾ ਹਾਂ ਜਟੇਟਾ, ਨਾਓ ਹੈ ਬਾਲਾ ਗੋਤ ਸੰਧੂ, ਵਤਨ ਰਾਇ ਭੋਏ ਦੀ ਤਲਵੰਡੀ ਹੈ। ਗੁਰੂ ਜੀ ਦੇ ਦਰਸਿਨ ਆਇਆ ਹਾਂ”। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਜੀ ਭਾਈ ਬਾਲੇ ਨੂੰ ਨਹੀਂ ਜਾਣਦੇ ਸਨ। ਇਸ ਜਨਮ ਸਾਖੀ ਦੀ ਆਰੰਭਕ ਪੰਗਤੀ, ੴ ਸਤਿਗੁਰ ਪ੍ਰਸਾਦਿ ਜਨਮ ਸਾਖੀ ਸ੍ਰੀ ਗੁਰੂ ਬਾਬੇ ਨਾਨਕ ਜੀ ਕੀ ਸੰਮਤ 1582 ਪੰਦ੍ਰਹ ਸੈ ਬਿਆਸੀਆਂ ਮਿਤੀ ਵੈਸਾਖ ਸੁਦੀ ਪੰਚਮੀਂ” ਹੀ ਇਸ ਦੇ ਜਾਹਲੀ  ਹੋਣ ਦਾ ਪ੍ਰਤੱਖ ਪ੍ਰਮਾਣ ਹੈ।  1 ਜੇਠ, ਵੈਸਾਖ ਸੁਦੀ 5 ਸੰਮਤ 1582 ਬਿਕ੍ਰਮੀ (27 ਅਪ੍ਰੈਲ 1525 ਈ: ਜੂਲੀਅਨ) ਨੂੰ ਤਾਂ ਭਾਈ ਲਹਿਣਾ ਜੀ, ਗੁਰੂ ਨਾਨਕ ਜੀ ਦੀ ਸ਼ਰਨ ਵੀ ਨਹੀਂ ਆਏ ਸਨ। ਮਹਾਨ ਕੋਸ਼ ਮੁਤਾਬਕ ਭਾਈ ਲਹਿਣਾ ਜੀ ਸੰਮਤ 1589 ਬਿਕ੍ਰਮੀ ਵਿੱਚ, ਕਰਤਾਰਪੁਰ ਵਿਖੇ ਗੁਰੂ ਨਾਨਕ ਜੀ ਦੇ ਦਰਸ਼ਨਾਂ ਨੂੰ ਆਏ ਸਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਡਾ ਅਮ੍ਰਿਤ ਕੌਰ ਜੀ, ਕਿਹੜੀ ਜਨਮ ਸਾਖੀ ਦੀ ਗੱਲ ਕਰ ਰਹੇ ਹਨ? ਗੁਰੂ ਅੰਗਦ ਸਾਹਿਬ ਜੀ ਵੱਲੋਂ ਲਿਖਵਾਈ ਗਈ ਅਸਲ ਜਨਮਸਾਖੀ ਕਿੱਥੇ ਹੈ? ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਮੌਜੂਦਾ ਜਨਮਸਾਖੀ ਜਾਹਲੀ ਹੈ। ਇਸ ਲਿਖਤ ਨੂੰ ਪ੍ਰਮਾਣਿਕ ਨਹੀ ਮੰਨਿਆ ਜਾ ਸਕਦਾ। ਸਾਡਾ ਇਹ ਦਾਵਾ ਉਨ੍ਹਾਂ ਚਿਰ ਕਾਇਮ ਰਹੇਗਾ ਜਿੰਨਾ ਚਿਰ, ਡਾ ਅੰਮ੍ਰਿਤ ਕੌਰ ਜੀ ਵੱਲੋਂ ਸੰਮਤ 1596 ਬਿਕ੍ਰਮੀ ਦੀ ਅਸਲ ਲਿਖਤ ਪੇਸ਼ ਨਹੀਂ ਕੀਤੀ ਜਾਂਦੀ।

Friday, January 12, 2024

ਮਕਰ ਸੰਕ੍ਰਾਂਤੀ

 

ਮਕਰ ਸੰਕ੍ਰਾਂਤੀ

ਸਰਵਜੀਤ ਸਿੰਘ ਸੈਕਰਾਮੈਂਟੋ

 

ਮਕਰ ਸੰਕ੍ਰਾਂਤੀ, ਸੂਰਜ ਦਾ ਮਕਰ ਰਾਸ਼ੀ `ਚ ਪ੍ਰਵੇਸ਼।  ਜਿਸ ਦਿਨ ਸੂਰਜ ਦਾ ਰੱਥ ਉਤਰਾਇਣ ਨੂੰ ਆਪਣੀ ਯਾਤਰਾ ਦੀ ਆਰੰਭ ਕਰਦਾ ਹੈ। ਪੁਰਾਣਕ ਕਥਾਵਾਂ ਮੁਤਾਬਕ ਜਦੋਂ ਸੂਰਜ ਦਾ ਰੱਥ ਦਖਰਾਇਣ ਨੂੰ ਮੁੜਦਾ (21 ਜੂਨ) ਨੂੰ ਮੁੜਦਾ ਹੈ ਤਾਂ ਸਵਰਗਾਂ ਦੇ ਦੁਆਰ ਬੰਦ ਹੋ ਜਾਂਦੇ ਹਨ। ਜਿਸ ਦਿਨ ਸੂਰਜ ਦਾ ਰੱਥ  ਉਤਰਾਇਣ ਨੂੰ (22 ਦਸੰਬਰ) ਮੁੜਦਾ ਹੈ ਤਾਂ ਸਵਰਗਾਂ ਦੇ ਦੁਆਰ ਖੁਲ ਜਾਂਦੇ ਹਨ। ਉਤਰਾਇਣ ਨੂੰ ਦੇਵਤਿਆਂ ਦਾ ਦਿਨ ਅਤੇ ਦਖਰਾਇਣ ਨੂੰ ​​ਦੇਵਤਿਆਂ ਦੀ ਰਾਤ ਮੰਨਿਆ ਜਾਂਦਾ ਹੈ ਉਤਰਾਇਣ ਨੂੰ ਸ਼ੁਭ ਅਤੇ ਚਾਨਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਦੇ ਇਸ਼ਨਾਨ ਦਾ ਖਾਸ ਮਹੱਤਵ ਹੈ। ਇਸ ਦਿਨ ਤੋਂ ਹਿਮਕਰ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ। “ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ “। ਮਾਘੀ ਨੂੰ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈI ਇਸ ਤੋਂ ਇੱਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਇਸ ਸਾਲ ਮਾਘ ਦੀ ਸੰਗਰਾਂਦ ਭਾਵ ਸੂਰਜ ਦਾ ਮਕਰ ਰਾਸ਼ੀ `ਚ ਪ੍ਰਵੇਸ਼, 14 ਜਨਵਰੀ (ਦ੍ਰਿਕ ਗਿਣਤ ਸਿਧਾਂਤ) ਨੂੰ ਹੋਵੇਗਾ। ਬਿਕ੍ਰਮੀ ਤਿਥ ਪੱਤ੍ਰਿਕਾ ਮੁਤਾਬਕ ਸੂਰਜ 2:53 AM ਤੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਪਰ ਅਸਲੀ ਤਿਥ ਪਤ੍ਰਿਕਾ ਮੁਤਾਬਕ ਸੂਰਜ 2:43 AM ਤੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।  ਅਸਲੀ ਤਿਥ ਪਤ੍ਰਿਕਾ ਮੁਤਾਬਕ ਸੂਰਜ (ਸਾਯਨ) ਮਕਰ ਰਾਸ਼ੀ ਵਿੱਚ 22 ਦਸੰਬਰ ਨੂੰ 8:59 AM  ਤੇ ਪ੍ਰਵੇਸ਼ ਕਰ ਚੁੱਕਾ ਹੈ। (ਪੰਨਾ 51) ਅਸਲ ਵਿੱਚ ਇਹ ਹੀ ਅਸਲੀ ਸਮਾਂ ਹੈ ਜਦੋਂ ਸੂਰਜ ਦਾ ਰੱਥ ਉਤਰਾਇਣ ਨੂੰ ਮੁੜਿਆ ਸੀ। Astronomical tables of Sun, Moon and Planet ਵਿੱਚ ਇਹ ਸਮਾਂ 22 ਦਸੰਬਰ, 3: 29 (GMT)  ਦਰਜ ਹੈ। (ਪੰਨਾ 3-34) ਇਸ ਸਮੇ ਵਿੱਚ 5:30 ਜਮਾਂ ਕਰਨ ਨਾਲ ਭਾਰਤੀ ਸਮਾਂ ਬਣ ਜਾਂਦਾ ਹੈ। ਪੰਜਾਬੀ ਜਾਗਰਣ ਅਖ਼ਬਾਰ (punjabijagran.com) ਮੁਤਾਬਕ ਸੂਰਜ, 15 ਜਨਵਰੀ (ਸੂਰਜੀ ਸਿਧਾਂਤ) ਨੂੰ ਮਕਰ ਰਾਸ਼ੀ 'ਚ ਪ੍ਰਵੇਸ਼ ਕਰੇਗਾ। ਇਸ ਮੁਤਾਬਕ ਸੂਰਜ 15 ਤਾਰੀਖ ਨੂੰ 8:30 AM ਤੇ ਮਕਰ ਰਾਸ਼ੀ ਵਿੱਚ ਦਾਖਲ ਹੋਵੇਗਾ। ਜਿਹੜੇ ਇਹ ਕਹਿੰਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਕਾਰਨ ਦੋ-ਦੋ ਸੰਗਰਾਂਦਾਂ ਹੋ ਗਈਆਂ ਹਨ। ਉਹ ਧਿਆਨ ਦੇਣ, ਉਪ੍ਰੋਕਤ ਦਰਜ ਵਾਰਤਾ ਵਿੱਚ  ਨਾਨਕਸ਼ਾਹੀ ਕੈਲੰਡਰ ਦਾ ਕੋਈ ਦਖ਼ਲ ਨਹੀਂ ਹੈ।


ਇਸ ਧਰਤੀ ਉੱਪਰ ਦਿਨ-ਰਾਤ ਬਰਾਬਰ ਹੋਣਾ, ਦਿਨ ਦਾ ਵੱਡਾ ਅਤੇ ਰਾਤ ਦਾ ਛੋਟਾ ਹੋਣਾ ਅਤੇ ਰੁੱਤਾਂ ਦਾ ਬਦਲਣਾ, ਧਰਤੀ ਦੇ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਨ ਦੇ ਸਮੇਂ ਅਨੁਸਾਰ ਹੁੰਦਾ ਹੈ। ਇਸ ਨੂੰ ਰੱਤੀ ਸਾਲ (Tropical Year) ਕਹਿੰਦੇ ਹਨ। ਵਿਦਵਾਨਾਂ ਵੱਲੋਂ ਰੁੱਤੀ ਸਾਲ ਦੀ ਲੰਬਾਈ 365.2422 ਦਿਨ ਮੰਨੀ ਗਈ ਹੈ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ, ਉਦੋਂ ਸਮੇਂ ਦੀ ਮਿਣਤੀ ਕਰਨ ਲਈ ਅੱਜ ਵਾਲੇ ਸਾਧਨ ਵੀ ਨਹੀਂ ਸਨ। ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਮੰਨੀ ਗਈ ਸੀ। 1964 ਈ: ਵਿੱਚ ਵਿਦਵਾਨਾਂ ਵੱਲੋਂ ਸਾਲ ਦੀ ਲੰਬਾਈ ਵਿੱਚ ਸੋਧ ਕਰਕੇ 365.2563 ਦਿਨ ਮੰਨ ਲਈ ਗਈ ਸੀ। ਦੁਨੀਆਂ ਦੇ ਕਿਸੇ ਹੋਰ ਹਿਸੇ `ਚ ਬਣੇ ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365.25 ਦਿਨ ਮੰਨੀ ਗਈ ਸੀ। 1582 ਈ: ਵਿੱਚ ਇਸ `ਚ ਸੋਧ ਕਰਕੇ ਸਾਲ ਦੀ ਲੰਬਾਈ 365.2425 ਦਿਨ ਮੰਨ ਲਈ ਗਈ ਸੀ। 1999 ਈ: ਵਿੱਚ, ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2563 ਦਿਨ (ਦ੍ਰਿਕਗਿਣਤ ਸਿਧਾਂਤ) ਵਿੱਚ ਸੋਧ ਕਰਕੇ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਵੀ 365.2425 ਦਿਨ ਕਰ ਦਿੱਤੀ ਗਈ ਸੀ।

ਜਿਵੇ ਕਿ ਉੱਪਰ ਜਿਕਰ ਕੀਤਾ ਜਾ ਚੁੱਕਾ ਹੈ ਕਿ,  ਮਕਰ ਸੰਕ੍ਰਾਂਤੀ ਵਾਲੇ ਦਿਨ ਸੂਰਜ ਦਾ ਰੱਥ ਉਤਰਾਇਣ ਨੂੰ ਆਪਣੀ ਯਾਤਰਾ ਦੀ ਆਰੰਭ ਕਰਦਾ ਹੈ। ਅਸਲ ਵਿਚ ਇਹ ਘਟਨਾ 21-22 ਦਸੰਬਰ ਨੂੰ ਵਾਪਰਦੀ ਹੈ। ਜੇ ਅਸੀਂ 285 ਈ: ਵਿੱਚ ਜਾ ਕੇ ਵੇਖੀਏ ਤਾਂ ਇਸ ਘਟਨਾ 21 ਦਸੰਬਰ 285 ਈ: (ਜੂਲੀਅਨ) ਦਿਨ ਸੋਮਵਾਰ ਨੂੰ 8:13 AM ਤੇ ਵਾਪਰੀ ਸੀ। ਇਸ ਸਾਲ ਆਯਨਾਂਸ਼ 0° ਮੰਨਿਆ ਜਾਂਦਾ ਹੈ। ਹੁਣ ਜੇ 21 ਦਸੰਬਰ ਜੂਲੀਅਨ ਨੂੰ ਗਰੈਗੋਰੀਅਨ ਵਿੱਚ ਵੇਖੀਏ ਤਾਂ ਇਹ 21 ਦਸੰਬਰ ਹੀ ਬਣਦੀ ਹੈ। ਜੇ ਇਸੇ ਤਾਰੀਖ ਨੂੰ ਬਿਕ੍ਰਮੀ ਕੈਲੰਡਰ ਵਿੱਚ ਵੇਖੀਏ ਤਾ ਇਹ 5 ਮਾਘ ਸੰਮਤ 342 ਬਿਕ੍ਰਮੀ (ਸੂਰਜੀ ਸਿਧਾਂਤ) ਬਣਦੀ ਹੈ। ਕੁਦਰਤ ਦੇ ਨਿਯਮ ਮੁਤਾਬਕ ਤਾਂ ਇਹ ਘਟਨਾ ਅੱਜ ਵੀ ਉਸੇ ਸਮੇਂ ਹੀ ਵਾਪਰਦੀ ਹੈ। ਪਰ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ (365.2587 ਦਿਨ) ਅਸਲ ਸਮੇਂ ਤੋਂ ਲੱਗ-ਭੱਗ 24 ਮਿੰਟ ਵੱਧ ਹੋਣ ਕਾਰਨ ਹਰ ਸਾਲ 60 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਣ ਕਾਰਨ, ਇਸ ਸਾਲ ਭਾਵ ਸੰਮਤ 2080 ਬਿਕ੍ਰਮੀ ਵਿਚ ਇਹ ਘਟਨਾ 7 ਪੋਹ ਨੂੰ ਵਾਪਰੀ ਸੀ। ਦੂਜੇ ਪਾਸੇ ਸੂਰਜ ਦਾ ਮਕਰ ਰਾਸ਼ੀ ਵਿੱਚ ਪ੍ਰਵੇਸ਼ 14 ਜਨਵਰੀ (ਦ੍ਰਿਕ ਗਿਣਤ ਸਿਧਾਂਤ) ਜਾਂ 15 ਜਨਵਰੀ (ਸੂਰਜੀ ਸਿਧਾਂਤ) ਹੋਵੇਗਾ। ਅਸਲੀ ਤਿੱਥ ਪਤ੍ਰਿਕਾ (ਪੰਡਤ ਦੇਵੀ ਦਿਆਲ) ਮੁਤਾਬਕ ਜਨਵਰੀ 2024 ਦਾ ਆਯਨਾਂਸ਼ 24°1127’’ ਦਰਜ ਹੈ (ਪੰਨਾ 92)

ਉਪ੍ਰੋਕਤ ਸਾਰੀ ਚਰਚਾ ਦਾ ਸਿੱਟਾ ਇਹ ਹੀ ਨਿਕਲਦਾ ਹੈ ਕਿ ਕਿਸੇ ਵੇਲੇ ਸੂਰਜ ਦਾ ਮਕਰ ਰਾਸ਼ੀ `ਚ ਪ੍ਰਵੇਸ਼ ਭਾਵ ਮਾਘ ਦੀ ਸੰਗਰਾਂਦ ਵਾਲੇ ਦਿਨ ਸੂਰਜ ਦਾ ਰੱਥ ਉਤਰਾਇਣ ਨੂੰ ਮੁੜਦਾ ਸੀ। ਸਾਲ ਦੀ ਲੰਬਾਈ ਦਾ ਅੰਤਰ ਹੋਣ ਕਾਰਨ ਸੂਰਜ ਦਾ ਰੱਥ ਤਾਂ ਅੱਜ ਵੀ 21-22 ਦਸੰਬਰ ਨੂੰ ਹੀ ਉਤਰਾਇਣ ਨੂੰ ਮੁੜ ਪੈਦਾ ਹੈ ਪਰ ਮਾਘ ਦੀ ਸੰਗਰਾਂਦ 14-15 ਜਨਵਰੀ ਨੂੰ ਆਉਂਦੀ। ਜੇ ਬਿਕ੍ਰਮੀ ਕੈਲੰਡਰ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ 3000 ਈ: ਵਿੱਚ ਮਾਘ ਦੀ ਸੰਗਰਾਂਦ 30 ਜਨਵਰੀ (ਸੂਰਜੀ ਸਿਧਾਂਤ) ਅਤੇ 28 ਜਨਵਰੀ (ਦ੍ਰਿਕ ਗਿਣਤ ਸਿਧਾਂਤ) ਆਵੇਗੀ। ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਮੁਤਾਬਕ 3000 ਈ: ਵਿੱਚ ਵੀ ਮਾਘ ਮਹੀਨੇ ਦਾ ਆਰੰਭ 13 ਜਨਵਰੀ ਨੂੰ ਹੀ ਹੋਵੇਗਾ।

Wednesday, January 3, 2024

ਇੱਕੀਵੀਂ ਸਦੀ ਅਤੇ ‘ਨਾਨਕਸ਼ਾਹੀ ਕੈਲੰਡਰ’

 


ਇੱਕੀਵੀਂ ਸਦੀ ਅਤੇ ‘ਨਾਨਕਸ਼ਾਹੀ ਕੈਲੰਡਰ’

ਸਰਵਜੀਤ ਸਿੰਘ ਸੈਕਰਾਮੈਂਟੋ

ਕੈਲੰਡਰ ਵਿਗਿਆਨ ਦਾ ਆਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਕਦੇ ਇਨਸਾਨ ਨੂੰ ਵੀ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਗਿਆਨ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿੱਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿੱਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿੱਚ ਪ੍ਰਚੱਲਤ ਹੈ। ਹਿੰਦੂ ਧਰਮ ਵਿੱਚ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਪ੍ਰਚੱਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। “Today each of the major religions has its own calendar which is used to programme its religious ceremonies, and it is almost as true to say that each calendar has its religion.”  (E.G.Richards, Mapping Time: The Calendar and Its History)

ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ:- ਇਸ ਕੈਲੰਡਰ ਵਿੱਚ ਚੰਦ ਅਤੇ ਸੂਰਜੀ ਕੈਲੰਡਰ ਇਕੱਠੇ ਚਲਦੇ ਹਨ। ਚੰਦ ਧਰਤੀ ਦੇ ਦੁਆਲੇ ਘੁੰਮਦਾ ਹੈ ਇਹ ਚੱਕਰ 29.53 ਦਿਨ ਵਿੱਚ ਪੂਰਾ ਕਰਦਾ ਹੈ। ਚੰਦ ਦੇ ਸਾਲ ਵਿਚ 12 ਮਹੀਨੇ ਅਤੇ 354.37 ਦਿਨ ਹੁੰਦੇ ਹੈ। ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.2422 ਦਿਨ ਵਿਚ ਪੂਰਾ ਹੁੰਦਾ ਹੈ ਇਸ ਨੂੰ ਰੁੱਤੀ ਸਾਲ (Tropical year) ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿੱਚ 11 ਦਿਨ ਅਤੇ ਦੋ ਸਾਲਾ ਵਿਚ 22 ਦਿਨ , ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾ ਚੰਦ ਦੇ ਸਾਲ ਵਿੱਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ, ਚੰਦ ਦੇ ਸਾਲ ਦੇ 13 ਮਹੀਨੇ ਅਤੇ 384 ਦਿਨ ਹੁੰਦੇ ਹਨ। ਅਜੇਹਾ 19 ਸਾਲ ਵਿਚ 7 ਵਾਰ ਕੀਤਾ ਜਾਂਦਾ ਹੈ। ਇਸ ਸਾਲ (ਸੰਮਤ 2080 ਬਿਕ੍ਰਮੀ) ਵੀ ਚੰਦ ਦੇ ਸਾਲ ਦੇ 13 ਮਹੀਨੇ ਹਨ ਇਸ ਸਾਲ ਸਾਵਣ ਦੇ ਦੋ ਮਹੀਨੇ ਹਨ। ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ `ਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਤੋਂ ਪਿਛੋਂ ਆਉਣ ਵਾਲੇ ਦਿਹਾੜੇ 18/19 ਦਿਨ, ਪਿਛਲੇ ਸਾਲ ਤੋਂ ਪੱਛੜ ਕੇ ਮਨਾਏ ਜਾਂਦੇ ਹਨ। ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ ਪਿਛਲੇ ਸਾਲ 29 ਦਸੰਬਰ ਨੂੰ ਮਨਾਇਆ ਗਿਆ ਸੀ। ਉਸ ਤੋਂ ਅੱਗਲਾ ਦਿਹਾੜਾ ਇਸ ਤੋਂ 11 ਦਿਨ ਪਹਿਲਾ ਭਾਵ 18 ਦਸੰਬਰ ਨੂੰ ਆਉਣਾ ਚਾਹੀਦਾ ਸੀ ਪਰ ਨਹੀਂ। ਕਿਉਂਕਿ ਇਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਹਨ ਇਸ ਲਈ ਹੁਣ ਇਹ ਦਿਹਾੜਾ 17 ਜਨਵਰੀ 2024 ਨੂੰ ਆਵੇਗਾ। ਉਸ ਤੋਂ ਅੱਗਲਾ ਗੁਰਪੁਰਬ, ਇਸ ਤੋਂ 11 ਦਿਨ ਪਹਿਲਾ ਭਾਵ 6 ਜਨਵਰੀ 2025 ਅਤੇ ਉਸ ਤੋਂ ਅਗਲਾ 27 ਦਸੰਬਰ 2025 ਨੂੰ ਆਵੇਗਾ। ਸੰਮਤ 2083 ਬਿ: (2026 ਈ:) ਵਿੱਚ ਜੇਠ ਦਾ ਮਹੀਨਾ ਦੋ ਵਾਰੀ ਆਵੇਗਾ। ਇਸ ਕਾਰਨ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ 15 ਜਨਵਰੀ 2027 ਈ: ਨੂੰ ਆਵੇਗਾ। ਇਸ ਕੈਲੰਡਰ ਮੁਤਾਬਕ ਇਕ ਦਿਨ ਵਿੱਚ, ਚੰਦ ਦਿਆਂ ਦੋ ਤਿੱਥਾਂ (ਦਿਨ) ਜਾਂ ਦੋ ਦਿਨਾਂ ਵਿੱਚ ਚੰਦ ਦੀ ਇਕ ਤਿੱਥ, ਅਕਸਰ ਹੀ ਆ ਜਾਂਦੀਆਂ ਹਨ। ਜਿਵੇ 14 ਜਨਵਰੀ (2024 ਈ:) ਚੰਦ ਦੀ ਪੋਹ ਸੁਦੀ 3 ਅਤੇ 4 ਇਕ ਦਿਨ ਹੀ ਹਨ। ਇਸ ਕਾਰਨ ਇਸ ਸਾਲ ਇਹ ਦਿਹਾੜਾ ਮੱਸਿਆ ਤੋਂ 7 ਵੇਂ ਦਿਨ ਨਹੀਂ, 6ਵੇਂ ਮਨਾਇਆ ਜਾਵੇਗਾ। ਇਸ ਤੋਂ ਉਲਟ ਜਨਵਰੀ 29 ਅਤੇ 30 ਨੂੰ ਦੋਵੇਂ ਦਿਨ ਮਾਘ ਵਦੀ 4 ਹੋਵੇਗੀ। ਅਜੇਹਾ ਹਰ ਮਹੀਨੇ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ ਤੇੜੇ ਹੀ ਕਰਨਾ ਪੈਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ ਵਰਤ ਲਿਆ ਜਾਵੇ?

ਸੂਰਜੀ ਬਿਕ੍ਰਮੀ ਕੈਲੰਡਰ:- ਗੁਰੂ ਕਾਲ ਵੇਲੇ ਪ੍ਰਚੱਲਤ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ ਸੀ। ਸਾਲ ਦੀ ਇਹ ਲੰਬਾਈ ਰੁੱਤੀ ਸਾਲ ਦੀ ਲੰਬਾਈ (365.2422 ਦਿਨ) ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਨਵੰਬਰ 1964 ਵਿੱਚ ਸਾਲ ਦੀ ਇਸ ਲੰਬਾਈ `ਚ ਸੋਧ ਕਰਕੇ, ਸਾਲ ਦੀ ਲੰਬਾਈ 365.2563 ਦਿਨ ਕਰ ਦਿੱਤੀ ਗਈ । ਹੁਣ ਵੀ ਸਾਲ ਦੀ ਇਹ ਲੰਬਾਈ ਵੀ ਰੁੱਤੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਹੁਣ ਇਹ 72 ਸਾਲ ਪਿਛੋਂ ਰੁੱਤੀ ਸਾਲ ਤੋਂ ਇਕ ਦਿਨ ਦਾ ਫਰਕ ਪੈ ਜਾਵੇਗਾ। ਇਸ ਕੈਲੰਡਰ ਦੇ ਮਹੀਨੇ ਦਾ ਅਰੰਭ (ਸੰਗਰਾਂਦ) ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਮਹੀਨਿਆਂ ਦੇ ਅਰੰਭ ਦਾ ਦਿਨ ਅਤੇ ਦਿਨਾਂ ਦੀ ਗਿਣਤੀ, ਹਰ ਸਾਲ ਬਦਲਦੇ ਰਹਿੰਦੇ ਹਨ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸੂਰਜ ਦੇ ਚੜਨ ਵੇਲੇ ਹੁੰਦਾ ਹੈ

ਨਾਨਕਸ਼ਾਹੀ ਕੈਲੰਡਰ:- ਇਹ ਸੂਰਜੀ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਜੋ ਰੁੱਤੀ ਸਾਲ (365.2422 ਦਿਨ) ਦੇ ਬਹੁਤ ਹੀ ਨੇੜੇ ਹੈ। ਹੁਣ ਇਹ ਰੁੱਤੀ ਸਾਲ ਤੋਂ ਲੱਗ ਭੱਗ 3200 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। ਇਸ ਦੇ ਮਹੀਨਿਆਂ ਦੇ ਅਰੰਭ ਅਤੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ, ਸਦਾ ਵਾਸਤੇ ਹੀ ਪੱਕੇ ਹਨ ਜਿਨ੍ਹਾਂ ਦਾ ਸੂਰਜ ਦੇ ਰਾਸ਼ੀ ਪ੍ਰਵੇਸ਼ ਨਾਲ ਕੋਈ ਵੀ ਸਬੰਧ ਨਹੀ ਹੈ। ਨਾਨਕ ਸ਼ਾਹੀ ਕੈਲੰਡਰ ਦੇ ਦਿਨ ਦਾ ਅਰੰਭ ਰਾਤ 12 ਵਜੇ ਤੋਂ ਹੁੰਦਾ ਹੈ ਇਹ ਕੈਲੰਡਰ ਪੂਰੀ ਤਰ੍ਹਾਂ ਗੁਰਬਾਣੀ ਤੇ ਅਧਾਰਿਤ ਹੈ।

ਨਾਨਕਸ਼ਾਹੀ ਕੈਲੰਡਰ, ਕਨੇਡਾ ਨਿਵਾਸੀ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਜੀ ਨੇ ਬਹੁਤ ਹੀ ਮਿਹਨਤ ਨਾਲ ਬਣਾਇਆ ਸੀ ਅਤੇ ਲੱਗ-ਭੱਗ ਇਕ ਦਹਾਕੇ ਦੀ ਸੋਚ ਵਿਚਾਰ ਤੋਂ ਪਿਛੋਂ ਸ਼੍ਰੋਮਣੀ ਕਮੇਟੀ ਨੇ 2003 ਈ: ਵਿੱਚ ਇਹ ਕੈਲੰਡਰ ਲਾਗੂ ਕੀਤਾ ਗਿਆ ਸੀਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਇਸ ਨੂੰ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ ਸੀ। ਅਚਾਨਕ ਹੀ 17 ਅਕਤੂਬਰ 2009 ਨੂੰ ਇਹ ਖ਼ਬਰ ਆ ਗਈ ਕਿ ਇਸ ਕੈਲੰਡਰ ਵਿੱਚ ਸੋਧ ਕਰਨ ਵਾਸਤੇ ਦੋ ਮੈਂਬਰੀ (ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ) ਕਮੇਟੀ ਬਣਾਈ ਜਾ ਰਹੀ ਹੈ। ਇਸ ਕਮੇਟੀ ਨੇ ਚਾਰ ਦਿਹਾੜੇ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਤੇ ਜੋਤੀ ਜੋਤ ਦਿਹਾੜਾ, ਅਤੇ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦਿਵਸ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਭਾਵ ਵਦੀ-ਸੁਦੀ ਮੁਤਾਬਕ ਮਨਾਉਣ ਅਤੇ ਮਹੀਨੇ ਦੇ ਅਰੰਭ ਦੀ ਤਾਰੀਖ (ਸੰਗਰਾਂਦ) ਨੂੰ ਸੂਰਜ ਦੇ ਰਾਸ਼ੀ ਪ੍ਰਵੇਸ਼ ਦੀ ਤਾਰੀਖ ਨਾਲ ਨੱਥੀ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ। 2014 ਈ: ਵਿੱਚ ਚੁਪ ਚੁਪੀਤੇ ਹੀ, ਬਾਕੀ ਗੁਰਪੁਰਬ ਵੀ ਵਦੀ-ਸੁਦੀ ਮੁਤਾਬਕ ਕਰ ਦਿੱਤੇ ਗਏ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਰਚ 2010 ਈ: ਵਿੱਚ ਜਾਰੀ ਕੀਤੇ ਗਏ ਕੈਲੰਡਰ ਦਾ ਨਾਮ ਨਾਨਕਸ਼ਾਹੀ ਹੀ ਰੱਖਿਆ ਗਿਆ ਹੈ ਪਰ ਸਾਲ ਦੀ ਲੰਬਾਈ 365.2563 ਦਿਨ ਮੰਨੀ ਗਈ ਹੈ। ਮਹੀਨੇ ਦਾ ਅਰੰਭ ਸੂਰਜ ਦੇ ਨਵੀਂ ਰਾਸ਼ੀ `ਚ ਪ੍ਰਵੇਸ਼ ਨਾਲ, ਜਿਸ ਕਾਰਨ ਹਰ ਸਾਲ ਤਿੰਨ-ਚਾਰ ਸੰਗਰਾਂਦਾਂ ਅਤੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਬਦਲ ਜਾਂਦੀ ਹਨ ਕੁਝ ਦਿਹਾੜੇ ਚੰਦ ਦੇ ਕੈਲੰਡਰ (354.37 ਦਿਨ) ਮੁਤਾਬਕ, ਕੁਝ ਦਿਹਾੜੇ ਸੂਰਜੀ ਬਿਕ੍ਰਮੀ ਕੈਲੰਡਰ (365.2563 ਦਿਨ) ਮੁਤਾਬਕ ਅਤੇ ਕੁਝ ਦਿਹਾੜੇ ਸੀ: ਈ: ਕੈਲੰਡਰ (365.2425 ਦਿਨ) ਮੁਤਾਬਕ ਦਰਜ ਕੀਤੇ ਜਾਂਦੇ ਹਨ। ਬਹੁਤੇ ਦਿਹਾੜਿਆਂ ਦੇ ਪ੍ਰਵਿਸ਼ਟੇ ਤਾਂ ਨਾਨਕਸ਼ਾਹੀ ਕੈਲੰਡਰ ਵਾਲੇ ਹੀ ਰੱਖੇ ਗਏ ਹਨ ਪਰ ਮਹੀਨੇ ਦਾ ਅਰੰਭ, ਸੂਰਜ ਦੇ ਨਵੀਂ ਰਾਸ਼ੀ `ਚ ਪ੍ਰਵੇਸ਼ ਕਰਨ ਨਾਲ ਨੱਥੀ ਹੋਣ ਕਾਰਨ ਇਤਿਹਾਸਿਕ ਦਿਹਾੜਿਆਂ ਦੀਆਂ ਤਾਰੀਖਾਂ ਇਕ-ਦੋ ਦਿਨ ਅੱਗੜ-ਪਿੱਛੜ ਹੋ ਜਾਂਦੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਸੰਮਤ 555 (2023-24 ਈ:) ਦੇ ਕੈਲੰਡਰ ਵਿੱਚ ਹੋਲਾ-ਮਹੱਲਾ ਦਰਜ ਨਹੀਂ ਹੈ।

ਹੁਣ ਇਸ ਸਵਾਲ ਪੈਦਾ ਹੁੰਦਾ ਹੈ ਕਿ ਜੇ ਹਰ ਸਾਲ ਵੱਡੇ ਸਾਹਿਬਜ਼ਾਦਾ ਦਾ ਸ਼ਹੀਦੀ ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾਇਆ ਜਾ ਸਕਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ ਨੂੰ ਕਿਉ ਨਹੀਂ ਮਨਾਇਆ ਜਾ ਸਕਦਾ? ਹਰ ਸਾਲ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਮਨਾਉਣ ਨਾਲ, ਗੁਰਮਤਿ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੁੰਦੀ ਹੈ?

ਖਾਲਸਾ ਜੀ ਜਾਗੋ! ਕੀ ਅਸੀਂ ਸਿਰਫ ਰਾਗੀਆਂ-ਢਾਡੀਆਂ ਤੋਂ ਇਤਿਹਾਸ ਸੁਣਕੇ, ਭੂਤ ਕਾਲ ਬਾਰੇ ਹੀ ਸੋਚਦੇ/ਪਛਤਾਉਂਦੇ ਰਹਾਂਗੇ? ਅਸੀਂ ਵਰਤਨਾਮ ਅਤੇ ਭਵਿੱਖ ਬਾਰੇ ਫਿਕਰਮੰਦ ਕਿਉਂ ਨਹੀਂ ਹੁੰਦੇ? ਕੀ ਅਸੀਂ ਫਰਜ਼ੀ ਰਾਸ਼ੀਆਂ ਨੂੰ ਮੁਖ ਰੱਖ ਕੇ ਬਣਾਏ ਕੈਲੰਡਰ ਦੇ ਮੁਤਾਬਕ ਚਲਣਾ ਹੈ ਜਾਂ ਅਕਾਲ ਪੁਰਖ ਦੇ ਹੁਕਮ ਵਿੱਚ ਧਰਤੀ ਵੱਲੋਂ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਨ ਦੇ ਸਮੇਂ ਮੁਤਾਬਕ, ਆਪਣੇ ਕੈਲੰਡਰ ਦਾ ਸਾਲ ਨਿਰਧਾਰਿਤ ਕਰਨਾ ਹੈ? ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ। ਸਾਨੂੰ ਅਜੇਹੇ ਕੈਲੰਡਰ ਦੀ ਲੋੜ ਹੈ ਜਿਸ ਵਿੱਚ ਸਾਡੇ ਇਤਿਹਾਸਕ ਦਿਹਾੜਿਆਂ ਦੇ ਪ੍ਰਵਿਸ਼ਟੇ (ਤਾਰੀਖਾਂ) ਸਦਾ ਵਾਸਤੇ ਹੀ ਪੱਕੇ ਹੋਣ।

Sunday, November 26, 2023

ਸ. ਹਰਜਿੰਦਰ ਸਿੰਘ ਧਾਮੀ ਜੀ

 

ਸ. ਹਰਜਿੰਦਰ ਸਿੰਘ ਧਾਮੀ ਜੀ,

ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫ਼ਤਿਹ।

ਵਿਸ਼ਾ:- ਇਤਿਹਾਸਕ ਦਿਹਾੜਿਆਂ ਦੀਆਂ ਤਰੀਕਾਂ ਬਾਰੇ ਭੱਬਲਭੂਸਾ

ਸ. ਹਰਜਿੰਦਰ ਸਿੰਘ ਧਾਮੀ ਜੀ, ਜਿਵੇ ਆਪ ਜੀ ਜਾਣਦੇ ਹੀ ਹੋ ਕਿ ਪਿਛਲੇ ਡੇੜ ਦਹਾਕੇ ਤੋਂ ਕੌਮ ਵਿੱਚ ਇਤਿਹਾਸਕ ਦਿਹਾੜਿਆਂ ਨੂੰ ਮਨਾਉਣ ਸਬੰਧੀ ਭੱਬਲਭੂਸਾ ਬਣਿਆ ਹੋਇਆ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਮਿਲਗੋਭਾ ਕੈਲੰਡਰ ਦੀ ਪੜਤਾਲ ਕਰਨ ਤੇ ਇਹ ਜਾਣਕਾਰੀ ਮਿਲਦੀ ਹੈ ਕਿ, ਇਹ ਕੈਲੰਡਰ ਸੂਰਜੀ ਬਿਕ੍ਰਮੀ, ਦ੍ਰਿਕਗਿਣਤ ਸਿਧਾਂਤ ਮੁਤਾਬਕ ਛਾਪਿਆ ਜਾਂਦਾ ਹੈ। ਵਿਦਵਾਨਾਂ ਵੱਲੋਂ ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2563 ਦਿਨ ਮੰਨੀ ਗਈ ਹੈ। ਇਸ ਕੈਲੰਡਰ ਦਾ ਨਾਮ ਨਾਨਕਸ਼ਾਹੀ ਕੈਲੰਡਰ ਰੱਖਿਆ ਗਿਆ ਹੈ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਮੰਨੀ ਗਈ ਹੈ। ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ ਨਿਰਧਾਰਤ ਕੀਤੇ ਜਾਂਦੇ ਹਨ। ਜਿਸ ਦੇ ਆਮ ਸਾਲ ਦੀ ਲੰਬਾਈ 354.37 ਦਿਨ ਮੰਨੀ ਅਤੇ ਮਾੜਾ ਮਹੀਨਾ (ਮਲਮਾਸ) ਆਉਣ ਕਾਰਨ ਤੀਜੇ-ਚੌਥੇ ਸਾਲ ਦੀ ਲੰਬਾਈ 384 ਦਿਨ ਹੋ ਜਾਂਦੀ ਹੈ। ਜਿਸ ਕਾਰਨ ਹਰ ਸਾਲ ਹਰ ਦਿਹਾੜੇ ਦਾ ਪ੍ਰਵਿਸ਼ਟਾ ਬਦਲ ਜਾਂਦਾ ਹੈ।

 ਪ੍ਰਧਾਨ ਜੀ, ਕੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ, ਸੈਕੜਿਆਂ ਦੀ ਗਿਣਤੀ ਵਿੱਚ ਪ੍ਰਚਾਰਕਾਂ ਅਤੇ ਸਿੱਖ ਇਤਿਹਾਸ ਖੋਜ ਬੋਰਡ ਦੇ ਖੋਜੀ ਵਿਦਵਾਨਾਂ ਨੂੰ ਇਸ ਮਸਲੇ ਬਾਰੇ ਜਾਣਕਾਰੀ ਨਹੀਂ ਹੈ ਜਾਂ ਉਨ੍ਹਾਂ ਤੋਂ ਸਲਾਹ ਹੀ ਨਹੀਂ ਲਈ ਜਾਂਦੀ? ਸਵਾਲ ਪੈਦਾ ਹੁੰਦਾ ਹੈ ਕਿ ਅਜੇਹੇ ਮਹੱਤਵ ਪੂਰਨ ਫੈਸਲੇ ਕੌਣ ਕਰਦਾ ਹੈ? ਇਹ ਹਾਸੋਂ ਹੀਣੀ ਸਥਿਤੀ ਪੈਦਾ ਕਰਨ ਲਈ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿੰਮੇਵਾਰ ਹੈ। ਇਸ ਦੇ ਪ੍ਰਧਾਨ ਹੋਣ ਦੇ ਨਾਤੇ ਆਪ ਜੀ ਕੌਮ ਨੂੰ ਜਵਾਬ ਦੇਹ ਹੋ।

ਪ੍ਰਧਾਨ ਜੀ, ਇਥੇ ਇਹ ਨੁਕਤਾ ਵੀ ਧਿਆਨ `ਚ ਰੱਖਣਾ ਬਹੁਤ ਜਰੂਰੀ ਹੈ ਕਿ ਸ਼੍ਰੋਮਣੀ ਕਮੇਟੀ, ਸਾਲ ਦੀ ਜਿਸ ਲੰਬਾਈ ਮੁਤਾਬਕ (365.2563 ਦਿਨ) ਅੱਜ ਕੈਲੰਡਰ ਛਾਪਦੀ ਹੈ, ਇਹ ਲੰਬਾਈ ਨਵੰਬਰ 1964 ਈ: ਵਿੱਚ ਵਿਦਵਾਨਾਂ ਵੱਲੋਂ ਨਿਰਧਾਰਤ ਕੀਤੀ ਗਈ ਸੀ। ਇਸ ਤੋਂ ਪਹਿਲਾ ਗੁਰੂ ਕਾਲ ਤੋਂ ਚਲੇ ਆ ਰਹੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਮੰਨੀ ਜਾਂਦੀ ਸੀ। ਹੁਣ ਜਦੋਂ ਸਾਰੀ ਦੁਨੀਆਂ ਮੰਨਦੀ ਹੈ ਕਿ ਕੁਦਰਤ ਦੇ ਨਿਯਮ ਦੇ ਨਿਯਮ ਮੁਤਾਬਕ ਧਰਤੀ, 365.2422 ਦਿਨਾਂ ਵਿੱਚ ਸੂਰਜ ਦੀ ਪ੍ਰਕਰਮਾ ਪੂਰੀ ਕਰ ਲੈਂਦੀ ਹੈ ਤਾਂ ਸ਼੍ਰੋਮਣੀ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ਉਹ ਆਪਣੇ ਕੈਲੰਡਰ ਦੇ ਸਾਲ ਦੀ ਲੰਬਾਈ ਕੁਦਰਤ ਦੇ ਨਿਯਮ ਮੁਤਾਬਕ ਨਿਰਧਾਰਤ ਨਹੀਂ ਕਰਨਾ ਚਾਹੁੰਦੀ? ਸਾਲ ਦੀ ਇਸੇ ਲੰਬਾਈ (365.2422 ਦਿਨ) ਮੁਤਾਬਕ ਹੀ, ਇਸ ਧਰਤੀ ਉੱਪਰ ਰੁੱਤਾਂ ਆਉਂਦੀਆਂ-ਜਾਂਦੀਆਂ ਹਨ। ਇਸ ਧਰਤੀ ਉੱਪਰ ਦਿਨ-ਰਾਤ ਦਾ ਬਰਾਬਰ ਹੋਣਾ ਆਦਿ, ਸਭ ਇਸੇ ਲੰਬਾਈ ਮੁਤਾਬਕ ਹੀ ਹੋ ਰਿਹਾ ਹੈ। ਇਕ ਅਕਾਲ ਪੁਰਖ ਨੂੰ ਮੰਨਣ ਵਾਲੀ ਕੌਮ ਦੇ ਮੌਜੂਦਾ ਮੁਖੀ, ਅਕਾਲ ਪੁਰਖ ਦੇ ਨਿਯਮਾਂ ਤੋਂ ਆਕੀ ਕਿਉ ਹਨ?

ਪ੍ਰਧਾਨ ਜੀ, ਪਿਛਲੇ ਲੰਮੇ ਸਮੇ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਅਪਣਾਏ ਗਏ ਗੈਰ ਜਿੰਮੇਵਾਰ ਵਤੀਰੇ  ਨੂੰ ਸਮਝਣ ਲਈ ਇਕ ਉਦਾਹਰਣ ਦੇਣੀ ਜਰੂਰੀ ਸਮਝਦਾ ਹਾਂ। ਸਿੱਖ ਕੌਮ ਦੇ ਕੇਂਦਰੀ ਧੁਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਅਤੇ ਮੀਰੀ-ਪੀਰੀ ਦਿਵਸ ਦੇ ਇਤਿਹਾਸਕ ਦਿਹਾੜਿਆਂ ਦੇ ਦਰਜ ਪ੍ਰਵਿਸ਼ਟਿਆਂ ਦੀ ਪੜਤਾਲ ਕਰਨ ਤੇ ਬੜੀ ਹੀ ਅਨੋਖੀ ਤਸਵੀਰ ਸਾਹਮਣੇ ਆਈ ਹੈ।

 

ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਗਏ ਸੰਮਤ 551 ਦੇ ਕੈਲੰਡਰ ਮੁਤਾਬਕ ਤਾਂ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਤੋਂ 9 ਦਿਨ ਪਿਛੋਂ ਮੀਰੀ-ਪੀਰੀ ਦਿਹਾੜਾ ਆਇਆ ਸੀ। ਸੰਮਤ 552 ਦੇ ਕੈਲੰਡਰ ਵਿੱਚ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਤੋਂ ਇਕ ਦਿਨ ਪਹਿਲਾ ਕਿਵੇਂ ਆ ਗਿਆ? ਮੀਰੀ ਪੀਰੀ ਦੀਆਂ ਦੋ ਤਲਵਾਰਾਂ, ਥੜਾ ਬਣਨ ਤੋਂ ਇਕ ਦਿਨ ਪਹਿਲਾ ਪਹਿਨੀਆਂ ਗਈਆਂ ਸਨ? ਸੰਮਤ 553 ਵਿੱਚ 17 ਦਿਨ ਪਿਛੋਂ, ਸੰਮਤ 554 ਵਿੱਚ 7 ਦਿਨ ਪਿਛੋਂ ਅਤੇ ਸੰਮਤ 555 ਵਿੱਚ 20 ਦਿਨ ਪਿਛੋਂ ਮੀਰੀ-ਪੀਰੀ ਦਾ ਦਿਹਾੜਾ ਮਨਾਇਆ ਗਿਆ ਸੀ। ਦੋਵਾਂ ਦਿਹਾੜਿਆਂ ਵਿਚ ਫ਼ਰਕ ਹਰ ਸਾਲ ਬਦਲ ਕਿਉ ਜਾਂਦਾ ਹੈ? ਜਦੋਂ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਕੈਲੰਡਰ ਹੀ ਛਪਦੀ ਹੈ। ਇਥੇ ਇਹ ਨੁਕਤਾ ਵੀ ਧਿਆਨ ਮੰਗਦਾ ਹੈ ਕਿ ਇਸ ਸਾਲ, ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਪਿਛਲੇ ਸਾਲ (ਸੰਮਤ 554 ) ਤੋਂ 24 ਦਿਨ ਪਹਿਲਾ ਕਿਵੇਂ ਆ ਗਿਆ? 18 ਹਾੜ ਤੋਂ ਬਦਲ ਕੇ ਅਚਾਨਕ 25 ਜੇਠ ਕਿਵੇਂ ਹੋ ਗਿਆ? ਇਹ ਪ੍ਰਵਿਸ਼ਟਾ ਕਿਸ ਦੇ ਕਹਿਣ ਤੇ ਬਦਲਿਆ ਗਿਆ ਹੈ? ਜੇ ਅਜੇ ਵੀ ਨਾ ਸੰਭਲੇ ਤਾਂ, ਮੇਰੇ ਹਿਸਾਬ ਨਾਲ ਅਗਲੇ ਸਾਲ (ਸੰਮਤ 556) ਇਹ ਦਿਹਾੜਾ 13 ਹਾੜ ਨੂੰ, ਭਾਵ 383 ਦਿਨਾਂ ਪਿਛੋਂ ਆਵੇਗਾ, ਜਦੋਂ ਕਿ ਕੁਦਰਤ ਦੇ ਨਿਯਮ ਮੁਤਾਬਕ ਧਰਤੀ ਸੂਰਜ ਦੁਵਾਲੇ ਇਕ ਚੱਕਰ 365 ਦਿਨਾਂ ਵਿੱਚ ਪੂਰਾ ਕਰ ਲਵੇਗੀ। ਅਕਾਲ ਪੁਰਖ ਦੇ ਬਣਾਏ ਨਿਯਮ ਮੁਤਾਬਕ ਸਾਲ ਦੀ ਲੰਬਾਈ ਨੂੰ ਪ੍ਰਵਾਨ ਕਰਨ ਵਿੱਚ ਸ਼੍ਰੋਮਣੀ ਕਮੇਟੀ ਨੂੰ ਕੀ ਦਿੱਕਤ ਹੈ?

ਪ੍ਰਧਾਨ ਜੀ, ਜਦੋਂ ਸ਼੍ਰੋਮਣੀ ਕਮੇਟੀ ਆਪਣਾ ਕੈਲੰਡਰ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ, ਸਾਲ ਦੀ ਲੰਬਾਈ 365.2563 ਦਿਨ) ਛਾਪਦੀ ਹੈ ਤਾਂ ਇਤਿਹਾਸਿਕ ਦਿਹਾੜੇ ਅਸਲ ਪ੍ਰਵਿਸ਼ਟਿਆਂ ਮੁਤਾਬਕ ਕਿਉ ਨਹੀਂ ਦਰਜ ਕੀਤੇ ਜਾਂਦੇ? ਸਾਰੇ ਦਿਹਾੜੇ ਅਸਲ ਪ੍ਰਵਿਸ਼ਟਿਆਂ ਮੁਤਾਬਕ ਨਿਰਧਾਰਤ ਕਰਨ ਨਾਲ ਗੁਰਮਤਿ ਜਾਂ ਇਤਿਹਾਸ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੁੰਦੀ ਹੈ? ਜੇ ਦਿਹਾੜੇ ਵਦੀ-ਸੁਦੀ ਮੁਤਾਬਕ ਮਨਾਉਣੇ ਹਨ ਤਾਂ ਕੈਲੰਡਰ ਵੀ ਉਹੀ ਛਾਪੋ, ਜਿਹੜਾ ਪਿਛਲੀ ਸਦੀ `ਚ ਛਾਪਦੇ ਸੀ। ਮਿਲਗੋਭਾ ਕੈਲੰਡਰ ਛਾਪ ਕੇ ਕੌਮ ਨੂੰ  ਗੁੰਮਰਾਹ ਤਾਂ ਨਾ ਕਰੋ। ਦੋ ਬੇੜੀਆਂ `ਚ ਸਵਾਰੀ ਕਰਕੇ ਕਿਵੇਂ ਪਾਰ ਲੱਗੋਗੇ?

ਸ. ਹਰਜਿੰਦਰ ਸਿੰਘ ਧਾਮੀ ਜੀ, ਅੱਜ ਸਿੱਖ ਕੌਮ ਪੂਰੀ ਦੁਨੀਆਂ ਵਿੱਚ ਫੈਲ ਚੁੱਕੀ ਹੈ। ਸਾਨੂੰ ਵੀ ਸਮੇਂ ਦੇ ਹਾਣੀ ਬਣਨ ਦੀ ਲੋੜ ਹੈ। ਇਸ ਲਈ ਸਾਡੇ ਕੇਂਦਰੀ ਅਸਥਾਨ ਤੋਂ  ਕੁਝ ਠੋਸ ਫੈਸਲੇ ਲੈਣ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਦੁਨੀਆਂ ਭਰ ਵਿੱਚ ਸਿੱਖ ਕੌਮ ਦੇ ਮਾਣ-ਸਤਿਕਾਰ ਵਿੱਚ ਵਾਧਾ ਹੋ ਸਕੇ ਅਤੇ ਕੌਮੀ ਅਨੁਸ਼ਾਸਨ ਨੂੰ ਕਾਇਮ ਰੱਖਿਆ ਜਾ ਸਕੇ।

ਨਿਮਰਤਾ ਸਹਿਤ ਬੇਨਤੀ ਹੈ ਕਿ ਨਵੇਂ ਸਾਲ (ਸੰਮਤ 556) ਦਾ ਕੈਲੰਡਰ ਤਿਆਰ ਕਰਨ ਵਿੱਚ ਅਜੇ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੈ। ਜੇ ਇੱਛਾ ਸ਼ਕਤੀ ਹੋਵੇ ਤਾਂ ਇਸ ਸਮੇਂ ਦੌਰਾਨ ਕੌਮੀ ਹਿੱਤਾਂ ਨੂੰ ਮੁੱਖ ਰੱਖ ਕੇ ਕੁਝ ਠੋਸ ਫੈਸਲੇ ਲਏ ਜਾ ਸਕਦੇ ਹਨ। ਆਸ ਕਰਦੇ ਹਾਂ ਕਿ ਆਪ ਜੀ, ਆਪਣੇ ਰੁਝੇਵਿਆਂ `ਚ ਕੁਝ ਸਮਾਂ ਕੱਢ ਕੇ, ਇਸ ਬਹੁਤ ਹੀ ਅਹਿਮ ਮੁੱਦੇ ਵੱਲ ਧਿਆਨ  ਜਰੂਰ ਦਿਓਗੇ।

ਧੰਨਵਾਦ

ਸਤਿਕਾਰ ਸਹਿਤ

ਸਰਵਜੀਤ ਸਿੰਘ ਸੈਕਰਾਮੈਂਟੋ 

13 ਮੱਘਰ ਸੰਮਤ 555 ਨਾਨਕਸ਼ਾਹੀ