ਮਕਰ ਸੰਕ੍ਰਾਂਤੀ
ਸਰਵਜੀਤ ਸਿੰਘ ਸੈਕਰਾਮੈਂਟੋ
ਮਕਰ ਸੰਕ੍ਰਾਂਤੀ, ਸੂਰਜ ਦਾ ਮਕਰ ਰਾਸ਼ੀ `ਚ ਪ੍ਰਵੇਸ਼। ਜਿਸ ਦਿਨ ਸੂਰਜ ਦਾ ਰੱਥ ਉਤਰਾਇਣ ਨੂੰ ਆਪਣੀ ਯਾਤਰਾ ਦੀ ਆਰੰਭ
ਕਰਦਾ ਹੈ। ਪੁਰਾਣਕ ਕਥਾਵਾਂ ਮੁਤਾਬਕ ਜਦੋਂ ਸੂਰਜ ਦਾ ਰੱਥ ਦਖਰਾਇਣ ਨੂੰ ਮੁੜਦਾ (21 ਜੂਨ) ਨੂੰ
ਮੁੜਦਾ ਹੈ ਤਾਂ ਸਵਰਗਾਂ ਦੇ ਦੁਆਰ ਬੰਦ ਹੋ ਜਾਂਦੇ ਹਨ। ਜਿਸ ਦਿਨ ਸੂਰਜ ਦਾ ਰੱਥ ਉਤਰਾਇਣ ਨੂੰ (22 ਦਸੰਬਰ) ਮੁੜਦਾ ਹੈ ਤਾਂ ਸਵਰਗਾਂ ਦੇ ਦੁਆਰ
ਖੁਲ ਜਾਂਦੇ ਹਨ। ਉਤਰਾਇਣ ਨੂੰ ਦੇਵਤਿਆਂ ਦਾ ਦਿਨ ਅਤੇ ਦਖਰਾਇਣ ਨੂੰ ਦੇਵਤਿਆਂ ਦੀ ਰਾਤ ਮੰਨਿਆ ਜਾਂਦਾ ਹੈ। ਉਤਰਾਇਣ ਨੂੰ ਸ਼ੁਭ ਅਤੇ ਚਾਨਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਦੇ ਇਸ਼ਨਾਨ
ਦਾ ਖਾਸ ਮਹੱਤਵ ਹੈ। ਇਸ ਦਿਨ ਤੋਂ ਹਿਮਕਰ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ। “ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ “। ਮਾਘੀ ਨੂੰ ਮੌਸਮੀ ਤਿਉਹਾਰ ਮੰਨਿਆ ਜਾਂਦਾ
ਹੈI ਇਸ ਤੋਂ ਇੱਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਇਸ ਸਾਲ ਮਾਘ ਦੀ ਸੰਗਰਾਂਦ ਭਾਵ ਸੂਰਜ ਦਾ ਮਕਰ ਰਾਸ਼ੀ `ਚ ਪ੍ਰਵੇਸ਼, 14 ਜਨਵਰੀ (ਦ੍ਰਿਕ ਗਿਣਤ ਸਿਧਾਂਤ) ਨੂੰ ਹੋਵੇਗਾ। ਬਿਕ੍ਰਮੀ ਤਿਥ ਪੱਤ੍ਰਿਕਾ ਮੁਤਾਬਕ ਸੂਰਜ 2:53 AM ਤੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਪਰ ਅਸਲੀ ਤਿਥ ਪਤ੍ਰਿਕਾ ਮੁਤਾਬਕ ਸੂਰਜ 2:43 AM ਤੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਅਸਲੀ ਤਿਥ ਪਤ੍ਰਿਕਾ ਮੁਤਾਬਕ ਸੂਰਜ (ਸਾਯਨ) ਮਕਰ ਰਾਸ਼ੀ ਵਿੱਚ 22 ਦਸੰਬਰ ਨੂੰ 8:59 AM ਤੇ ਪ੍ਰਵੇਸ਼ ਕਰ ਚੁੱਕਾ ਹੈ। (ਪੰਨਾ 51) ਅਸਲ ਵਿੱਚ ਇਹ ਹੀ ਅਸਲੀ ਸਮਾਂ ਹੈ ਜਦੋਂ ਸੂਰਜ ਦਾ ਰੱਥ ਉਤਰਾਇਣ ਨੂੰ ਮੁੜਿਆ ਸੀ। Astronomical tables of Sun, Moon and Planet ਵਿੱਚ ਇਹ ਸਮਾਂ 22 ਦਸੰਬਰ, 3: 29 (GMT) ਦਰਜ ਹੈ। (ਪੰਨਾ 3-34) ਇਸ ਸਮੇ ਵਿੱਚ 5:30 ਜਮਾਂ ਕਰਨ ਨਾਲ ਭਾਰਤੀ ਸਮਾਂ ਬਣ ਜਾਂਦਾ ਹੈ। ਪੰਜਾਬੀ ਜਾਗਰਣ ਅਖ਼ਬਾਰ (punjabijagran.com) ਮੁਤਾਬਕ ਸੂਰਜ, 15 ਜਨਵਰੀ (ਸੂਰਜੀ ਸਿਧਾਂਤ) ਨੂੰ ਮਕਰ ਰਾਸ਼ੀ 'ਚ ਪ੍ਰਵੇਸ਼ ਕਰੇਗਾ। ਇਸ ਮੁਤਾਬਕ ਸੂਰਜ 15 ਤਾਰੀਖ ਨੂੰ 8:30 AM ਤੇ ਮਕਰ ਰਾਸ਼ੀ ਵਿੱਚ ਦਾਖਲ ਹੋਵੇਗਾ। ਜਿਹੜੇ ਇਹ ਕਹਿੰਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਕਾਰਨ ਦੋ-ਦੋ ਸੰਗਰਾਂਦਾਂ ਹੋ ਗਈਆਂ ਹਨ। ਉਹ ਧਿਆਨ ਦੇਣ, ਉਪ੍ਰੋਕਤ ਦਰਜ ਵਾਰਤਾ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਕੋਈ ਦਖ਼ਲ ਨਹੀਂ ਹੈ।
ਇਸ
ਧਰਤੀ ਉੱਪਰ ਦਿਨ-ਰਾਤ ਬਰਾਬਰ ਹੋਣਾ, ਦਿਨ ਦਾ ਵੱਡਾ ਅਤੇ ਰਾਤ ਦਾ ਛੋਟਾ ਹੋਣਾ ਅਤੇ ਰੁੱਤਾਂ ਦਾ
ਬਦਲਣਾ, ਧਰਤੀ ਦੇ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਨ ਦੇ ਸਮੇਂ ਅਨੁਸਾਰ ਹੁੰਦਾ ਹੈ। ਇਸ ਨੂੰ ਰੱਤੀ
ਸਾਲ (Tropical Year) ਕਹਿੰਦੇ
ਹਨ। ਵਿਦਵਾਨਾਂ ਵੱਲੋਂ ਰੁੱਤੀ ਸਾਲ ਦੀ ਲੰਬਾਈ 365.2422 ਦਿਨ ਮੰਨੀ ਗਈ ਹੈ। ਅੱਜ ਤੋਂ ਹਜ਼ਾਰਾਂ
ਸਾਲ ਪਹਿਲਾ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ, ਉਦੋਂ ਸਮੇਂ ਦੀ
ਮਿਣਤੀ ਕਰਨ ਲਈ ਅੱਜ ਵਾਲੇ ਸਾਧਨ ਵੀ ਨਹੀਂ ਸਨ। ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2587
ਦਿਨ (ਸੂਰਜੀ ਸਿਧਾਂਤ) ਮੰਨੀ ਗਈ ਸੀ। 1964 ਈ: ਵਿੱਚ ਵਿਦਵਾਨਾਂ ਵੱਲੋਂ ਸਾਲ ਦੀ ਲੰਬਾਈ ਵਿੱਚ
ਸੋਧ ਕਰਕੇ 365.2563 ਦਿਨ ਮੰਨ ਲਈ ਗਈ ਸੀ। ਦੁਨੀਆਂ ਦੇ ਕਿਸੇ ਹੋਰ ਹਿਸੇ `ਚ ਬਣੇ ਜੂਲੀਅਨ
ਕੈਲੰਡਰ ਦੇ ਸਾਲ ਦੀ ਲੰਬਾਈ 365.25 ਦਿਨ ਮੰਨੀ ਗਈ ਸੀ। 1582 ਈ: ਵਿੱਚ ਇਸ `ਚ ਸੋਧ ਕਰਕੇ ਸਾਲ
ਦੀ ਲੰਬਾਈ 365.2425 ਦਿਨ ਮੰਨ ਲਈ ਗਈ ਸੀ। 1999 ਈ: ਵਿੱਚ, ਬਿਕ੍ਰਮੀ ਕੈਲੰਡਰ ਦੇ ਸਾਲ ਦੀ
ਲੰਬਾਈ 365.2563 ਦਿਨ (ਦ੍ਰਿਕਗਿਣਤ ਸਿਧਾਂਤ) ਵਿੱਚ ਸੋਧ ਕਰਕੇ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ
ਲੰਬਾਈ ਵੀ 365.2425 ਦਿਨ ਕਰ ਦਿੱਤੀ ਗਈ ਸੀ।
ਜਿਵੇ
ਕਿ ਉੱਪਰ ਜਿਕਰ ਕੀਤਾ ਜਾ ਚੁੱਕਾ ਹੈ ਕਿ, ਮਕਰ ਸੰਕ੍ਰਾਂਤੀ ਵਾਲੇ ਦਿਨ ਸੂਰਜ ਦਾ ਰੱਥ ਉਤਰਾਇਣ ਨੂੰ ਆਪਣੀ ਯਾਤਰਾ
ਦੀ ਆਰੰਭ ਕਰਦਾ ਹੈ। ਅਸਲ ਵਿਚ ਇਹ ਘਟਨਾ 21-22 ਦਸੰਬਰ ਨੂੰ ਵਾਪਰਦੀ ਹੈ। ਜੇ ਅਸੀਂ 285 ਈ: ਵਿੱਚ
ਜਾ ਕੇ ਵੇਖੀਏ ਤਾਂ ਇਸ ਘਟਨਾ 21 ਦਸੰਬਰ 285 ਈ: (ਜੂਲੀਅਨ) ਦਿਨ ਸੋਮਵਾਰ ਨੂੰ 8:13 AM ਤੇ ਵਾਪਰੀ ਸੀ। ਇਸ ਸਾਲ ਆਯਨਾਂਸ਼ 0° ਮੰਨਿਆ ਜਾਂਦਾ ਹੈ। ਹੁਣ ਜੇ 21
ਦਸੰਬਰ ਜੂਲੀਅਨ ਨੂੰ ਗਰੈਗੋਰੀਅਨ ਵਿੱਚ ਵੇਖੀਏ ਤਾਂ ਇਹ 21 ਦਸੰਬਰ ਹੀ ਬਣਦੀ ਹੈ। ਜੇ ਇਸੇ ਤਾਰੀਖ
ਨੂੰ ਬਿਕ੍ਰਮੀ ਕੈਲੰਡਰ ਵਿੱਚ ਵੇਖੀਏ ਤਾ ਇਹ 5 ਮਾਘ ਸੰਮਤ 342 ਬਿਕ੍ਰਮੀ (ਸੂਰਜੀ ਸਿਧਾਂਤ) ਬਣਦੀ
ਹੈ। ਕੁਦਰਤ ਦੇ ਨਿਯਮ ਮੁਤਾਬਕ ਤਾਂ ਇਹ ਘਟਨਾ ਅੱਜ ਵੀ ਉਸੇ ਸਮੇਂ ਹੀ ਵਾਪਰਦੀ ਹੈ। ਪਰ ਬਿਕ੍ਰਮੀ
ਕੈਲੰਡਰ ਦੇ ਸਾਲ ਦੀ ਲੰਬਾਈ (365.2587 ਦਿਨ) ਅਸਲ ਸਮੇਂ ਤੋਂ ਲੱਗ-ਭੱਗ 24 ਮਿੰਟ ਵੱਧ ਹੋਣ ਕਾਰਨ
ਹਰ ਸਾਲ 60 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਣ ਕਾਰਨ, ਇਸ ਸਾਲ ਭਾਵ ਸੰਮਤ 2080 ਬਿਕ੍ਰਮੀ ਵਿਚ
ਇਹ ਘਟਨਾ 7 ਪੋਹ ਨੂੰ ਵਾਪਰੀ ਸੀ। ਦੂਜੇ ਪਾਸੇ ਸੂਰਜ ਦਾ ਮਕਰ ਰਾਸ਼ੀ ਵਿੱਚ ਪ੍ਰਵੇਸ਼ 14 ਜਨਵਰੀ
(ਦ੍ਰਿਕ ਗਿਣਤ ਸਿਧਾਂਤ) ਜਾਂ 15 ਜਨਵਰੀ (ਸੂਰਜੀ ਸਿਧਾਂਤ) ਹੋਵੇਗਾ। ਅਸਲੀ ਤਿੱਥ ਪਤ੍ਰਿਕਾ (ਪੰਡਤ
ਦੇਵੀ ਦਿਆਲ) ਮੁਤਾਬਕ ਜਨਵਰੀ 2024 ਦਾ ਆਯਨਾਂਸ਼ 24°11’27’’ ਦਰਜ ਹੈ (ਪੰਨਾ 92)
ਉਪ੍ਰੋਕਤ ਸਾਰੀ ਚਰਚਾ ਦਾ ਸਿੱਟਾ ਇਹ ਹੀ ਨਿਕਲਦਾ ਹੈ ਕਿ ਕਿਸੇ ਵੇਲੇ
ਸੂਰਜ ਦਾ ਮਕਰ ਰਾਸ਼ੀ `ਚ ਪ੍ਰਵੇਸ਼ ਭਾਵ ਮਾਘ ਦੀ ਸੰਗਰਾਂਦ ਵਾਲੇ ਦਿਨ ਸੂਰਜ ਦਾ ਰੱਥ ਉਤਰਾਇਣ ਨੂੰ
ਮੁੜਦਾ ਸੀ। ਸਾਲ ਦੀ ਲੰਬਾਈ ਦਾ ਅੰਤਰ ਹੋਣ ਕਾਰਨ ਸੂਰਜ ਦਾ ਰੱਥ ਤਾਂ ਅੱਜ ਵੀ 21-22 ਦਸੰਬਰ ਨੂੰ
ਹੀ ਉਤਰਾਇਣ ਨੂੰ ਮੁੜ ਪੈਦਾ ਹੈ ਪਰ ਮਾਘ ਦੀ ਸੰਗਰਾਂਦ 14-15 ਜਨਵਰੀ ਨੂੰ ਆਉਂਦੀ। ਜੇ ਬਿਕ੍ਰਮੀ
ਕੈਲੰਡਰ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ 3000 ਈ: ਵਿੱਚ ਮਾਘ ਦੀ ਸੰਗਰਾਂਦ 30 ਜਨਵਰੀ (ਸੂਰਜੀ
ਸਿਧਾਂਤ) ਅਤੇ 28 ਜਨਵਰੀ (ਦ੍ਰਿਕ ਗਿਣਤ ਸਿਧਾਂਤ) ਆਵੇਗੀ। ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ
ਮੁਤਾਬਕ 3000 ਈ: ਵਿੱਚ ਵੀ ਮਾਘ ਮਹੀਨੇ ਦਾ ਆਰੰਭ 13 ਜਨਵਰੀ ਨੂੰ ਹੀ ਹੋਵੇਗਾ।