ਉਹ ਜਨਮ ਸਾਖੀ ਕਿੱਥੇ ਹੈ?
ਸਿੱਖ ਕੌਮ ਦੀ ਮਾਣ ਮੱਤੀ ਸੰਸਥਾ ‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ” ਵੱਲੋਂ ਕਈ ਦਹਾਕਿਆਂ
ਤੋਂ ਮਾਸਕ ਪਰਚਾ ‘ਸਾਡਾ ਗੌਰਵ ਸਾਡਾ ਵਿਰਸਾ’ ਛਾਪਿਆ ਜਾ ਰਿਹਾ ਹੈ। ਪਿਛਲੇ ਸਾਲ ਪ੍ਰਬੰਧਕਾਂ
ਵੱਲੋਂ ਅੰਗਰੇਜੀ ਵਿੱਚ ਵੀ ‘Cosmic Faith’ (Quarterly) ਆਰੰਭ ਕੀਤਾ ਗਿਆ ਹੈ। ਇਸ ਪਰਚੇ (ਜਨਵਰੀ-ਮਾਰਚ, 2024) ਵਿੱਚ ਡਾ
ਅੰਮ੍ਰਿਤ ਕੌਰ ਜੀ ਦਾ ਲੇਖ “Bhai Bala ji: Sri Guru Nanak Dev Ji`s Life Long
Companion” (Page 5) ਛਾਪਿਆ ਗਿਆ ਹੈ। ਜਿਸ ਵਿੱਚ ਵਿਦਵਾਨ ਲੇਖਿਕਾ ਜੀ ਲਿਖਦੇ ਹਨ ਕਿ
ਭਾਈ ਬਾਲਾ ਗੁਰੂ ਜੀ ਦੇ ਲੰਮੇ ਸਫ਼ਰਾਂ ਸਾਥੀ ਹੀ
ਨਹੀਂ, ਸਗੋਂ ਗੁਰੂ ਜੀ ਬਾਰੇ ਜਾਣਕਾਰੀ ਦਾ ਪ੍ਰਮਾਣਿਕ ਸਰੋਤ ਵੀ ਹੈ।
ਡਾ ਅੰਮ੍ਰਿਤ ਕੌਰ ਜੀ ਲਿਖਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ
ਜੋਤ ਸਮਾਉਣ ਤੋਂ ਪਿਛੋਂ, ਗੁਰੂ ਅੰਗਦ ਦੇਵ ਜੀ ਗੁਰਗੱਦੀ ਦੀ ਜਿੰਮੇਵਾਰੀ ਸੰਭਾਲੀ ਤਾਂ ਗੁਰੂ ਜੀ
ਨੇ ਭਾਈ ਬੁੱਢਾ ਜੀ ਨਾਲ, ਗੁਰੂ ਨਾਨਕ ਦੇਵ ਜੀ ਦੇ ਸਾਥੀ ਦੀ ਭਾਲ ਕਰਨ ਬਾਰੇ ਗੱਲ ਕੀਤੀ ਤਾਂ ਜੋ
ਗੁਰੂ ਨਾਨਕ ਜੀ ਦੀਆਂ ਦੂਰ-ਦੁਰਾਡੇ ਦੀਆਂ ਯਾਤਰਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ। ਇਸ
ਤਰ੍ਹਾਂ ਭਾਈ ਬਾਲਾ ਜੀ ਨੂੰ ਆਪਣੇ ਜੱਦੀ ਪਿੰਡ ਤਲਵੰਡੀ ਤੋਂ ਖਡੂਰ ਸਾਹਿਬ ਆਉਣ ਦਾ ਸੱਦਾ ਭੇਜਿਆ
ਗਿਆ। ਭਾਈ ਬਾਲਾ ਜੀ
ਵੱਲੋਂ ਸੁਣਾਈਆਂ ਗਈਆਂ ਸਾਖੀਆਂ ਨੂੰ ਸੁਲਤਾਨ ਵਾਸੀ ਮੋਖਾਂ ਪੈੜਾ ਨੇ ਗੁਰਮੁਖੀ ਅੱਖਰਾਂ ਵਿੱਚ ਦਰਜ
ਕੀਤਾ। ਇਹ ਕਾਰਜ 2 ਮਹੀਨੇ 17 ਦਿਨਾਂ ਵਿੱਚ ਪੂਰਾ ਕੀਤਾ ਗਿਆ। ਇਸ ਖਰੜੇ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਵਜੋਂ ਜਾਣਿਆ
ਜਾਂਦਾ ਹੈ।
ਗੁਰੂ ਨਾਨਕ ਜੀ ਵੱਲੋਂ ਭਾਈ
ਲਹਿਣਾ ਜੀ ਨੂੰ 4 ਅੱਸੂ, ਅੱਸੂ ਵਦੀ 5 ਸੰਮਤ 1596 ਬਿਕ੍ਰਮੀ (3 ਸਤੰਬਰ 1539 ਇ: ਜੂਲੀਅਨ) ਦਿਨ
ਬੁਧਵਾਰ ਗੁਰੂ ਥਾਪਿਆ ਗਿਆ ਸੀ। ਗੁਰੂ ਨਾਨਕ ਦੇਵ ਜੀ 8 ਅੱਸੂ, ਅੱਸੂ ਵਦੀ 10 ਸੰਮਤ 1596
ਬਿਕ੍ਰਮੀ (7 ਸਤੰਬਰ 1539 ਇ: ਜੂਲੀਅਨ) ਦਿਨ ਐਤਵਾਰ ਨੂੰ ਜੋਤੀ ਜੋਤ ਸਮਾਏ ਹਨ। ਜਨਮ ਸਾਖੀ ਲਿਖਣ
ਨੂੰ ਢਾਈ ਮਹੀਨੇ ਦਾ ਸਮਾਂ ਲੱਗਿਆ ਸੀ। “ਕਤਕ ਮਾਹ ਪਿਛਲੇ ਪੱਖ ਬਾਲਾ ਸੰਧੂ ਗੁਰੂ ਅੰਗਦ ਦੇ ਦਰਸਨਿ
ਆਇਆ ਸੀ” । ਇਹ ਸਮਾਂ 12 ਕੱਤਕ ਤੋਂ 27 ਕੱਤਕ ਸੰਮਤ 1596 ਬਿਕ੍ਰਮੀ ਦੇ ਦਰਮਿਆਨ ਬਣਦਾ ਹੈ। ਇਸ
ਮੁਤਾਬਕ ਅਸੀਂ ਸਹਿਜੇ ਹੀ ਇਸ ਨਤੀਜੇ ਤੇ ਪੁੱਜ ਸਕਦੇ ਹਾਂ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਸੰਮਤ
1596 ਬਿਕ੍ਰਮੀ ਦੇ ਅਖੀਰ ਤੀਕ ਲਿਖੀ ਜਾ ਚੁੱਕੀ ਹੋਵੇਗੀ। ਹੁਣ ਸਵਾਲ ਪੈਦਾ ਹੁੰਦਾ ਹੈ ਉਹ ਜਨਮ ਸਾਖੀ
ਕਿੱਥੇ ਹੈ?
ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮ ਸਾਖੀ ਦੀ ਹੁਣ ਤਾਈ ਮਿਲੀ ਪੁਰਾਣੀ ਤੋਂ ਪੁਰਾਣੀ
ਲਿਖਤ ਸੰਮਤ 1715 ਬਿਕ੍ਰਮੀ (1658 ਈ:) ਲਿਖੀ ਗਈ ਮਿਲਦੀ ਹੈ। ਇਸ ਸਮੇਂ ਗੁਰੂ ਅੰਗਦ ਸਾਹਿਬ ਜੀ
ਨਹੀਂ, ਗੁਰੂ ਹਰਿ ਰਾਇ ਸਾਹਿਬ ਜੀ
ਗੁਰਗੱਦੀ ਤੇ ਬਿਰਾਜਮਾਨ ਸਨ। ਇਹ ਜਨਮ ਸਾਖੀ, ਬਾਬਾ ਹੰਦਾਲ (ਸੰਮਤ 1630-1705 ਬਿਕ੍ਰਮੀ) ਦੇ
ਦਿਹਾਂਤ ਤੋਂ ਪਿਛੋਂ, ਉਸ ਦੇ ਪੁੱਤਰ ਬਿਧੀ
ਚੰਦ ਵੱਲੋਂ ਲਿਖਵਾਈ ਗਈ ਸੀ ਜਿਸ ਦਾ ਲੇਖਕ ਗੋਰਖ ਦਾਸ ਮੰਨਿਆ
ਜਾਂਦਾ ਹੈ। ਇਸ ਦਾ ਮੁਖ ਪਾਤਰ ਬਾਲਾ (ਬਾਲ ਚੰਦ) ਬਾਬਾ ਹੰਦਾਲ ਦਾ ਜੇਠਾ ਪੁੱਤਰ ਸੀ। ਇਸ ਦੇ ਲਿਖਣ
ਦਾ ਸਮਾਂ, “ਦੁਇ ਮਹੀਨੇ ਸਤਾਰਹ ਦਿਨ ਲਿਖਦਿਆ ਲਗੇ ਆਹੇ”, ਵੀ ਇਸੇ ਜਨਮਸਾਖੀ ਵਿੱਚ ਮਿਲਦਾ ਹੈ।
ਡਾ
ਅੰਮ੍ਰਿਤ ਕੌਰ ਜੀ ਲਿਖਦੇ ਹਨ, “Thus Bhai Bala Ji was
invited to come from his native village Talwandi to Khadur Sahib”. ਪਰ ਜਨਮ ਸਾਖੀ ਵਿੱਚ ਤਾਂ ਲਿਖਿਆ ਹੈ ਕਿ ਬਾਈ ਬਾਲੇ ਨੇ ਗੁਰੂ ਜੀ ਨੂੰ
ਲੱਭਿਆ ਸੀ। ਜਦੋਂ ਭਾਈ ਬਾਲਾ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਸੀ ਤਾਂ ਗੁਰੂ ਜੀ ਨੇ ਪੁੱਛਿਆ
ਸੀ, “ਭਾਈ ਸਿਖਾ ਕਿਥੋ ਆਇਓ। ਕਿਉ ਕਰ ਆਵਣ ਹੋਇਆ ਹੈ। ਕੌਣ ਹੋਂਦੇ ਹੋ। ਤਾਂ ਬਾਲੇ ਸੰਧੂ ਹਥਿ
ਜੋੜੇ ਅਰੁਦਾਸ ਕੀਤੀ ਗੁਰੂ ਜੀ ਹੋਂਦਾ ਹਾਂ ਜਟੇਟਾ, ਨਾਓ ਹੈ ਬਾਲਾ ਗੋਤ ਸੰਧੂ, ਵਤਨ ਰਾਇ ਭੋਏ ਦੀ
ਤਲਵੰਡੀ ਹੈ। ਗੁਰੂ ਜੀ ਦੇ ਦਰਸਿਨ ਆਇਆ ਹਾਂ”। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਜੀ ਭਾਈ
ਬਾਲੇ ਨੂੰ ਨਹੀਂ ਜਾਣਦੇ ਸਨ। ਇਸ ਜਨਮ ਸਾਖੀ ਦੀ ਆਰੰਭਕ ਪੰਗਤੀ, “ੴ ਸਤਿਗੁਰ ਪ੍ਰਸਾਦਿ ਜਨਮ ਸਾਖੀ ਸ੍ਰੀ ਗੁਰੂ ਬਾਬੇ ਨਾਨਕ ਜੀ ਕੀ। ਸੰਮਤ 1582 ਪੰਦ੍ਰਹ ਸੈ ਬਿਆਸੀਆਂ ਮਿਤੀ ਵੈਸਾਖ ਸੁਦੀ
ਪੰਚਮੀਂ” ਹੀ ਇਸ ਦੇ ਜਾਹਲੀ ਹੋਣ ਦਾ ਪ੍ਰਤੱਖ ਪ੍ਰਮਾਣ ਹੈ। 1 ਜੇਠ, ਵੈਸਾਖ
ਸੁਦੀ 5 ਸੰਮਤ 1582 ਬਿਕ੍ਰਮੀ (27 ਅਪ੍ਰੈਲ 1525 ਈ: ਜੂਲੀਅਨ) ਨੂੰ ਤਾਂ ਭਾਈ ਲਹਿਣਾ ਜੀ, ਗੁਰੂ
ਨਾਨਕ ਜੀ ਦੀ ਸ਼ਰਨ ਵੀ ਨਹੀਂ ਆਏ ਸਨ। ਮਹਾਨ ਕੋਸ਼ ਮੁਤਾਬਕ ਭਾਈ ਲਹਿਣਾ ਜੀ ਸੰਮਤ 1589 ਬਿਕ੍ਰਮੀ
ਵਿੱਚ, ਕਰਤਾਰਪੁਰ ਵਿਖੇ ਗੁਰੂ ਨਾਨਕ ਜੀ ਦੇ ਦਰਸ਼ਨਾਂ ਨੂੰ ਆਏ ਸਨ।
ਹੁਣ
ਸਵਾਲ ਪੈਦਾ ਹੁੰਦਾ ਹੈ ਕਿ ਡਾ ਅਮ੍ਰਿਤ ਕੌਰ ਜੀ, ਕਿਹੜੀ ਜਨਮ ਸਾਖੀ ਦੀ ਗੱਲ ਕਰ ਰਹੇ ਹਨ? ਗੁਰੂ
ਅੰਗਦ ਸਾਹਿਬ ਜੀ ਵੱਲੋਂ ਲਿਖਵਾਈ ਗਈ ਅਸਲ ਜਨਮਸਾਖੀ ਕਿੱਥੇ ਹੈ? ਭਾਈ ਬਾਲੇ ਦੇ ਨਾਮ ਨਾਲ ਜਾਣੀ
ਜਾਂਦੀ ਮੌਜੂਦਾ ਜਨਮਸਾਖੀ ਜਾਹਲੀ ਹੈ। ਇਸ ਲਿਖਤ ਨੂੰ ਪ੍ਰਮਾਣਿਕ ਨਹੀ ਮੰਨਿਆ ਜਾ ਸਕਦਾ। ਸਾਡਾ ਇਹ
ਦਾਵਾ ਉਨ੍ਹਾਂ ਚਿਰ ਕਾਇਮ ਰਹੇਗਾ ਜਿੰਨਾ ਚਿਰ, ਡਾ ਅੰਮ੍ਰਿਤ ਕੌਰ ਜੀ ਵੱਲੋਂ ਸੰਮਤ 1596 ਬਿਕ੍ਰਮੀ
ਦੀ ਅਸਲ ਲਿਖਤ ਪੇਸ਼ ਨਹੀਂ ਕੀਤੀ ਜਾਂਦੀ।