Wednesday, February 7, 2024

ਵੱਡਾ ਘੱਲੂਘਾਰਾ; ਆਓ ਤਾਰੀਖਾਂ ਦੀ ਸਮੱਸਿਆ ਨੂੰ ਸਮਝੀਏ

 


ਵੱਡਾ ਘੱਲੂਘਾਰਾ; ਆਓ ਤਾਰੀਖਾਂ ਦੀ ਸਮੱਸਿਆ ਨੂੰ ਸਮਝੀਏ


ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖ਼ੂਨੀ ਕਾਂਡ, ਜਿਸ ਨੂੰ ‘ਵੱਡਾ ਘੱਲੂਘਾਰਾ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ, ਕੁੱਪ ਰਹੀੜੇ ਦੇ ਜੰਗਲ ਵਿੱਚ 27 ਮਾਘ ਸੰਮਤ 1818 ਬਿਕ੍ਰਮੀ ਦਿਨ ਸ਼ੁਕਰਵਾਰ ਨੂੰ ਵਾਪਰਿਆ ਸੀ। ਪੰਜਾਬ ਉੱਪਰ ਅੰਗਰੇਜਾਂ ਦਾ ਕਬਜਾ ਹੋਣ ਤੋਂ ਪਿਛੋਂ, ਜਦੋਂ ਅੰਗਰੇਜੀ ਤਾਰੀਖਾਂ ਲਿਖਣ ਦਾ ਰਿਵਾਜ ਪਿਆ ਤਾਂ ਇਸ ਦਿਹਾੜੇ ਦੀ ਤਾਰੀਖ 5 ਫਰਵਰੀ 1762 ਈ: (ਗਰੈਗੋਰੀਅਨ) ਲਿਖੀ ਗਈ। ਇਹ ਹੀ ਕਾਰਨ ਹੈ ਕਿ ਸੋਸ਼ਲ ਮੀਡੀਏ ਉੱਪਰ 5 ਫਰਵਰੀ ਨੂੰ ਬਹੁਤ ਸੱਜਣਾਂ ਵੱਲੋਂ ਪੋਸਟਾਂ ਪਾ ਕੇ ਵੱਡੇ ਘੱਲੂਘਾਰੇ ਦੇ ਇਤਿਹਾਸ ਨੂੰ ਯਾਦ ਕੀਤਾ ਗਿਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਵਿੱਚ ਇਹ ਦਿਹਾੜਾ 27 ਮਾਘ (9 ਫਰਵਰੀ) ਦਾ ਦਰਜ ਹੈ। ਕਈ ਸੱਜਣਾਂ ਵੱਲੋਂ ਇਹ ਸਵਾਲ ਕੀਤਾ ਗਿਆ ਹੈ ਕਿ ਇਸ ਦਿਹਾੜੇ ਦੀ ਅਸਲ ਤਾਰੀਖ ਕਿਹੜੀ ਹੈ?

ਮਹਾਨ ਕੋਸ਼ ਵਿੱਚ ਇਸ ਦਿਹਾੜੇ ਦੀ ਤਾਰੀਖ (ਪ੍ਰਵਿਸ਼ਟਾ) 28 ਮਾਘ ਸੰਮਤ 1818 ਬਿ: ਦਰਜ ਹੈ। ਇਸ ਮੁਤਾਬਕ ਇਹ 6 ਫਰਵਰੀ 1762 ਈ: ਬਣਦੀ ਹੈ। ਪੰਜਾਬੀ ਵਿਸ਼ਵ ਕੋਸ਼ ਵਿੱਚ ਇਹ ਤਾਰੀਖ 2 ਫਰਵਰੀ 1762 ਈ: (28 ਮਾਘ ਸੰਮਤ 1818) ਦਰਜ ਹੈ। (punjabipedia.org) ਇਹ ਤਾਰੀਖ ਸਹੀ ਨਹੀਂ ਹੈ ਅੰਗਰੇਜੀ ਤਾਰੀਖ ਵਿੱਚ ਬਦਲੀ ਕਰਨੇ ਵੇਲੇ ਹੋਈ ਉਕਾਈ ਸਾਫ ਨਜ਼ਰ ਆਉਂਦੀ ਹੈ। ਡਾ ਸੁਖਦਿਆਲ ਸਿੰਘ ਅਤੇ ਡਾ ਹਰਜਿੰਦਰ ਸਿੰਘ ਦਿਲਗੀਰ ਨੇ 5 ਫਰਵਰੀ 1762 ਈ: ਲਿਖੀ ਹੈ। ਇਸ ਮੁਤਾਬਕ ਇਹ 27 ਮਾਘ ਸੰਮਤ 1818 ਬਿਕ੍ਰਮੀ ਹੀ ਬਣਦੀ ਹੈ। ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੀ ਕਮੇਟੀ ਨੇ ਵੀ 27 ਮਾਘ ਨੂੰ ਹੀ ਮੁੱਖ ਰੱਖਿਆ ਹੈ।

27 ਮਾਘ ਬਿਕ੍ਰਮੀ ਕੈਲੰਡਰ ਦਾ ਪ੍ਰਵਿਸ਼ਟਾ ਹੈ। ਜਿਸ ਦੇ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਸੀ। 1964 ਈ: ਵਿੱਚ ਇਸ ਕੈਲੰਡਰ ਵਿੱਚ ਕੀਤੀ ਗਈ ਸੋਧ ਮੁਤਾਬਕ ਹੁਣ ਇਸ ਦੇ ਸਾਲ ਦੀ ਲੰਬਾਈ 365.2563 ਦਿਨ (ਦ੍ਰਿਕ ਗਿਣਤ ਸਿਧਾਂਤ) ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੈਲੰਡਰ ਦ੍ਰਿਕ ਗਿਣਤ ਸਿਧਾਂਤ ਮੁਤਾਬਕ ਹੀ ਛਾਪਿਆ ਜਾਂਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਕਾਲ ਵਾਲੇ ਕੈਲੰਡਰ ਨੂੰ ਛੱਡ ਚੁੱਕੀ ਹੈ। 5 ਫਰਵਰੀ ਗਰੈਗੋਰੀਅਨ ਕੈਲੰਡਰ ਦੀ ਤਾਰੀਖ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। 27 ਮਾਘ ਸੰਮਤ 1818 ਬਿਕ੍ਰਮੀ ਵਾਲੇ ਦਿਨ ਗਰੈਗੋਰੀਅਨ ਕੈਲੰਡਰ ਦੀ 5 ਫਰਵਰੀ ਸੀ। ਸਾਲ ਦੀ ਲੰਬਾਈ ਵਿੱਚ ਅੰਤਰ ਹੋਣ ਕਾਰਨ ਇਸ ਸਾਲ (2024 ਈ:, ਸੰਮਤ 2080 ਬਿਕ੍ਰਮੀ ) 27 ਮਾਘ ਨੂੰ 9 ਫਰਵਰੀ ਹੈ । ਜੇ ਇਹ ਕੈਲੰਡਰ ਇਸੇ ਤਰ੍ਹਾਂ ਹੀ ਚਲਦਾ ਰਹੇ ਤਾਂ 3000 ਈ: ਵਿੱਚ 27 ਮਾਘ ਨੂੰ 23 ਫਰਵਰੀ ਜਾਂ 5 ਫਰਵਰੀ ਨੂੰ 9 ਮਾਘ ਹੋਵੇਗੀ। ਉਸ ਵੇਲੇ ਇਹ ਦਿਹਾੜਾ ਕਿਹੜੀ ਤਾਰੀਖ ਜਾਂ ਕਿਹੜੇ ਪ੍ਰਵਿਸ਼ਟੇ ਨੂੰ ਮਨਾਇਆ ਜਾਵੇਗਾ?


ਹੁਣ ਸਵਾਲ ਇਹ ਹੈ ਕਿ, ਕੀ ਅਸੀਂ ਇਹ ਦਿਹਾੜਾ ਆਪਣੇ ਖਿਤੇ ਵਿੱਚ ਪ੍ਰਚੱਲਤ ਉਸ ਵੇਲੇ ਦੇ ਕੈਲੰਡਰ ਮੁਤਾਬਕ ਅਸਲ ਪ੍ਰਵਿਸ਼ਟੇ  ਭਾਵ 27 ਮਾਘ ਨੂੰ ਮਨਾਉਣਾ ਹੈ ਜਾਂ ਵਿਦੇਸ਼ੀ ਕੈਲੰਡਰ ਮੁਤਾਬਕ 5 ਫਰਵਰੀ ਨੂੰ? ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਸੂਰਜੀ ਬਿਕ੍ਰਮੀ ਕੈਲੰਡਰ ਵਿੱਚ ਇਤਿਹਾਸ ਦਿਹਾੜਿਆਂ ਦੀਆਂ ਤਾਰੀਖਾਂ ਤਿੰਨ ਕੈਲੰਡਰਾਂ ਮੁਤਾਬਕ ਨਿਰਧਾਰਤ ਕਰਕੇ, ਪ੍ਰਵਿਸ਼ਟਿਆਂ ਵਿੱਚ ਦਰਜ ਕੀਤੀਆਂ ਜਾਂਦੀਆਂ। ਕੁਝ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 354.37 ਦਿਨ), ਕੁਝ ਦਿਹਾੜੇ ਸੂਰਜੀ ਬਿਕ੍ਰਮੀ ਕੈਲੰਡਰ ਅਨੁਸਾਰ (ਸਾਲ ਦੀ ਲੰਬਾਈ 365.2587 ਦਿਨ) ਅਤੇ ਕੁਝ ਦਿਹਾੜੇ ਅੰਗਰੇਜੀ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ, 2 ਸਤੰਬਰ 1752 ਈ: ਤੋਂ ਪਹਿਲਾ 365.25 ਦਿਨ ਅਤੇ 14 ਸਤੰਬਰ 1752 ਈ: ਤੋਂ ਪਿਛੋਂ 365.2425 ਦਿਨ)। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ।

ਇਸ ਸਮੱਸਿਆ ਦਾ ਹੱਲ ਹੈ ਨਾਨਕਸ਼ਾਹੀ ਕੈਲੰਡਰ। ਕੈਲੰਡਰ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਸਾਰੇ ਦਿਹਾੜਿਆਂ ਦੇ ਅਸਲ ਪ੍ਰਵਿਸ਼ਟਿਆਂ ਨੂੰ ਹੀ ਮੁੱਖ ਰੱਖਿਆ ਗਿਆ। ਸਾਲ ਦੀ ਲੰਬਾਈ, ਪ੍ਰਚੱਲਤ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ (365.2563 ਦਿਨ) ਨੂੰ ਸੋਧ ਕੇ, ਕੁਦਰਤ ਦੇ ਨਿਯਮ ਮੁਤਾਬਕ, ਧਰਤੀ ਵੱਲੋਂ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਨ ਦੇ ਅਸਲ ਸਮੇਂ ਮੁਤਾਬਕ 365.2425 ਦਿਨ ਰੱਖੀ ਗਈ ਹੈ। ਸਾਲ ਦੀ ਲੰਬਾਈ ਦੇ ਅੰਤਰ ਕਾਰਨ, ਦੁਨੀਆ ਦੇ ਸਾਂਝੇ ਕੈਲੰਡਰ ਦੀਆਂ ਤਾਰੀਖਾਂ ਨਾਲ, ਅੱਗੋਂ ਤੋਂ ਇਨ੍ਹਾਂ ਵਿੱਚ ਫਰਕ ਨਹੀਂ ਵੱਧੇਗਾ। ਨਾਨਕਸ਼ਾਹੀ ਕੈਲੰਡਰ ਵਿੱਚ ਵੱਡੇ ਘੱਲੂਘਾਰੇ ਦਾ ਅਸਲ ਪ੍ਰਵਿਸ਼ਟਾ,  27 ਮਾਘ ਹੀ ਦਰਜ ਹੈ। ਇਸ ਦਿਨ ਦੁਨੀਆ ਦੇ ਸਾਂਝੇ ਕੈਲੰਡਰ ਦੀ 8 ਫਰਵਰੀ ਹੁੰਦੀ ਹੈ। ਸੰਮਤ 1532 ਨਾਨਕਸ਼ਾਹੀ (3000 ਈ:) ਵਿੱਚ ਵੀ 27 ਮਾਘ ਵਾਲੇ ਦਿਨ 8 ਫਰਵਰੀ ਹੀ ਹੋਵੇਗੀ। ਜਦੋਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਮੁਤਾਬਕ 3000 ਈ: ਵਿੱਚ 27 ਮਾਘ ਵਾਲੇ ਦਿਨ 23 ਫਰਵਰੀ ਹੋਵੇਗੀ।