Sunday, November 26, 2023

ਸ. ਹਰਜਿੰਦਰ ਸਿੰਘ ਧਾਮੀ ਜੀ

 

ਸ. ਹਰਜਿੰਦਰ ਸਿੰਘ ਧਾਮੀ ਜੀ,

ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫ਼ਤਿਹ।

ਵਿਸ਼ਾ:- ਇਤਿਹਾਸਕ ਦਿਹਾੜਿਆਂ ਦੀਆਂ ਤਰੀਕਾਂ ਬਾਰੇ ਭੱਬਲਭੂਸਾ

ਸ. ਹਰਜਿੰਦਰ ਸਿੰਘ ਧਾਮੀ ਜੀ, ਜਿਵੇ ਆਪ ਜੀ ਜਾਣਦੇ ਹੀ ਹੋ ਕਿ ਪਿਛਲੇ ਡੇੜ ਦਹਾਕੇ ਤੋਂ ਕੌਮ ਵਿੱਚ ਇਤਿਹਾਸਕ ਦਿਹਾੜਿਆਂ ਨੂੰ ਮਨਾਉਣ ਸਬੰਧੀ ਭੱਬਲਭੂਸਾ ਬਣਿਆ ਹੋਇਆ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਮਿਲਗੋਭਾ ਕੈਲੰਡਰ ਦੀ ਪੜਤਾਲ ਕਰਨ ਤੇ ਇਹ ਜਾਣਕਾਰੀ ਮਿਲਦੀ ਹੈ ਕਿ, ਇਹ ਕੈਲੰਡਰ ਸੂਰਜੀ ਬਿਕ੍ਰਮੀ, ਦ੍ਰਿਕਗਿਣਤ ਸਿਧਾਂਤ ਮੁਤਾਬਕ ਛਾਪਿਆ ਜਾਂਦਾ ਹੈ। ਵਿਦਵਾਨਾਂ ਵੱਲੋਂ ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2563 ਦਿਨ ਮੰਨੀ ਗਈ ਹੈ। ਇਸ ਕੈਲੰਡਰ ਦਾ ਨਾਮ ਨਾਨਕਸ਼ਾਹੀ ਕੈਲੰਡਰ ਰੱਖਿਆ ਗਿਆ ਹੈ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਮੰਨੀ ਗਈ ਹੈ। ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ ਨਿਰਧਾਰਤ ਕੀਤੇ ਜਾਂਦੇ ਹਨ। ਜਿਸ ਦੇ ਆਮ ਸਾਲ ਦੀ ਲੰਬਾਈ 354.37 ਦਿਨ ਮੰਨੀ ਅਤੇ ਮਾੜਾ ਮਹੀਨਾ (ਮਲਮਾਸ) ਆਉਣ ਕਾਰਨ ਤੀਜੇ-ਚੌਥੇ ਸਾਲ ਦੀ ਲੰਬਾਈ 384 ਦਿਨ ਹੋ ਜਾਂਦੀ ਹੈ। ਜਿਸ ਕਾਰਨ ਹਰ ਸਾਲ ਹਰ ਦਿਹਾੜੇ ਦਾ ਪ੍ਰਵਿਸ਼ਟਾ ਬਦਲ ਜਾਂਦਾ ਹੈ।

 ਪ੍ਰਧਾਨ ਜੀ, ਕੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ, ਸੈਕੜਿਆਂ ਦੀ ਗਿਣਤੀ ਵਿੱਚ ਪ੍ਰਚਾਰਕਾਂ ਅਤੇ ਸਿੱਖ ਇਤਿਹਾਸ ਖੋਜ ਬੋਰਡ ਦੇ ਖੋਜੀ ਵਿਦਵਾਨਾਂ ਨੂੰ ਇਸ ਮਸਲੇ ਬਾਰੇ ਜਾਣਕਾਰੀ ਨਹੀਂ ਹੈ ਜਾਂ ਉਨ੍ਹਾਂ ਤੋਂ ਸਲਾਹ ਹੀ ਨਹੀਂ ਲਈ ਜਾਂਦੀ? ਸਵਾਲ ਪੈਦਾ ਹੁੰਦਾ ਹੈ ਕਿ ਅਜੇਹੇ ਮਹੱਤਵ ਪੂਰਨ ਫੈਸਲੇ ਕੌਣ ਕਰਦਾ ਹੈ? ਇਹ ਹਾਸੋਂ ਹੀਣੀ ਸਥਿਤੀ ਪੈਦਾ ਕਰਨ ਲਈ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿੰਮੇਵਾਰ ਹੈ। ਇਸ ਦੇ ਪ੍ਰਧਾਨ ਹੋਣ ਦੇ ਨਾਤੇ ਆਪ ਜੀ ਕੌਮ ਨੂੰ ਜਵਾਬ ਦੇਹ ਹੋ।

ਪ੍ਰਧਾਨ ਜੀ, ਇਥੇ ਇਹ ਨੁਕਤਾ ਵੀ ਧਿਆਨ `ਚ ਰੱਖਣਾ ਬਹੁਤ ਜਰੂਰੀ ਹੈ ਕਿ ਸ਼੍ਰੋਮਣੀ ਕਮੇਟੀ, ਸਾਲ ਦੀ ਜਿਸ ਲੰਬਾਈ ਮੁਤਾਬਕ (365.2563 ਦਿਨ) ਅੱਜ ਕੈਲੰਡਰ ਛਾਪਦੀ ਹੈ, ਇਹ ਲੰਬਾਈ ਨਵੰਬਰ 1964 ਈ: ਵਿੱਚ ਵਿਦਵਾਨਾਂ ਵੱਲੋਂ ਨਿਰਧਾਰਤ ਕੀਤੀ ਗਈ ਸੀ। ਇਸ ਤੋਂ ਪਹਿਲਾ ਗੁਰੂ ਕਾਲ ਤੋਂ ਚਲੇ ਆ ਰਹੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਮੰਨੀ ਜਾਂਦੀ ਸੀ। ਹੁਣ ਜਦੋਂ ਸਾਰੀ ਦੁਨੀਆਂ ਮੰਨਦੀ ਹੈ ਕਿ ਕੁਦਰਤ ਦੇ ਨਿਯਮ ਦੇ ਨਿਯਮ ਮੁਤਾਬਕ ਧਰਤੀ, 365.2422 ਦਿਨਾਂ ਵਿੱਚ ਸੂਰਜ ਦੀ ਪ੍ਰਕਰਮਾ ਪੂਰੀ ਕਰ ਲੈਂਦੀ ਹੈ ਤਾਂ ਸ਼੍ਰੋਮਣੀ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ਉਹ ਆਪਣੇ ਕੈਲੰਡਰ ਦੇ ਸਾਲ ਦੀ ਲੰਬਾਈ ਕੁਦਰਤ ਦੇ ਨਿਯਮ ਮੁਤਾਬਕ ਨਿਰਧਾਰਤ ਨਹੀਂ ਕਰਨਾ ਚਾਹੁੰਦੀ? ਸਾਲ ਦੀ ਇਸੇ ਲੰਬਾਈ (365.2422 ਦਿਨ) ਮੁਤਾਬਕ ਹੀ, ਇਸ ਧਰਤੀ ਉੱਪਰ ਰੁੱਤਾਂ ਆਉਂਦੀਆਂ-ਜਾਂਦੀਆਂ ਹਨ। ਇਸ ਧਰਤੀ ਉੱਪਰ ਦਿਨ-ਰਾਤ ਦਾ ਬਰਾਬਰ ਹੋਣਾ ਆਦਿ, ਸਭ ਇਸੇ ਲੰਬਾਈ ਮੁਤਾਬਕ ਹੀ ਹੋ ਰਿਹਾ ਹੈ। ਇਕ ਅਕਾਲ ਪੁਰਖ ਨੂੰ ਮੰਨਣ ਵਾਲੀ ਕੌਮ ਦੇ ਮੌਜੂਦਾ ਮੁਖੀ, ਅਕਾਲ ਪੁਰਖ ਦੇ ਨਿਯਮਾਂ ਤੋਂ ਆਕੀ ਕਿਉ ਹਨ?

ਪ੍ਰਧਾਨ ਜੀ, ਪਿਛਲੇ ਲੰਮੇ ਸਮੇ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਅਪਣਾਏ ਗਏ ਗੈਰ ਜਿੰਮੇਵਾਰ ਵਤੀਰੇ  ਨੂੰ ਸਮਝਣ ਲਈ ਇਕ ਉਦਾਹਰਣ ਦੇਣੀ ਜਰੂਰੀ ਸਮਝਦਾ ਹਾਂ। ਸਿੱਖ ਕੌਮ ਦੇ ਕੇਂਦਰੀ ਧੁਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਅਤੇ ਮੀਰੀ-ਪੀਰੀ ਦਿਵਸ ਦੇ ਇਤਿਹਾਸਕ ਦਿਹਾੜਿਆਂ ਦੇ ਦਰਜ ਪ੍ਰਵਿਸ਼ਟਿਆਂ ਦੀ ਪੜਤਾਲ ਕਰਨ ਤੇ ਬੜੀ ਹੀ ਅਨੋਖੀ ਤਸਵੀਰ ਸਾਹਮਣੇ ਆਈ ਹੈ।

 

ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਗਏ ਸੰਮਤ 551 ਦੇ ਕੈਲੰਡਰ ਮੁਤਾਬਕ ਤਾਂ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਤੋਂ 9 ਦਿਨ ਪਿਛੋਂ ਮੀਰੀ-ਪੀਰੀ ਦਿਹਾੜਾ ਆਇਆ ਸੀ। ਸੰਮਤ 552 ਦੇ ਕੈਲੰਡਰ ਵਿੱਚ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਤੋਂ ਇਕ ਦਿਨ ਪਹਿਲਾ ਕਿਵੇਂ ਆ ਗਿਆ? ਮੀਰੀ ਪੀਰੀ ਦੀਆਂ ਦੋ ਤਲਵਾਰਾਂ, ਥੜਾ ਬਣਨ ਤੋਂ ਇਕ ਦਿਨ ਪਹਿਲਾ ਪਹਿਨੀਆਂ ਗਈਆਂ ਸਨ? ਸੰਮਤ 553 ਵਿੱਚ 17 ਦਿਨ ਪਿਛੋਂ, ਸੰਮਤ 554 ਵਿੱਚ 7 ਦਿਨ ਪਿਛੋਂ ਅਤੇ ਸੰਮਤ 555 ਵਿੱਚ 20 ਦਿਨ ਪਿਛੋਂ ਮੀਰੀ-ਪੀਰੀ ਦਾ ਦਿਹਾੜਾ ਮਨਾਇਆ ਗਿਆ ਸੀ। ਦੋਵਾਂ ਦਿਹਾੜਿਆਂ ਵਿਚ ਫ਼ਰਕ ਹਰ ਸਾਲ ਬਦਲ ਕਿਉ ਜਾਂਦਾ ਹੈ? ਜਦੋਂ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਕੈਲੰਡਰ ਹੀ ਛਪਦੀ ਹੈ। ਇਥੇ ਇਹ ਨੁਕਤਾ ਵੀ ਧਿਆਨ ਮੰਗਦਾ ਹੈ ਕਿ ਇਸ ਸਾਲ, ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਪਿਛਲੇ ਸਾਲ (ਸੰਮਤ 554 ) ਤੋਂ 24 ਦਿਨ ਪਹਿਲਾ ਕਿਵੇਂ ਆ ਗਿਆ? 18 ਹਾੜ ਤੋਂ ਬਦਲ ਕੇ ਅਚਾਨਕ 25 ਜੇਠ ਕਿਵੇਂ ਹੋ ਗਿਆ? ਇਹ ਪ੍ਰਵਿਸ਼ਟਾ ਕਿਸ ਦੇ ਕਹਿਣ ਤੇ ਬਦਲਿਆ ਗਿਆ ਹੈ? ਜੇ ਅਜੇ ਵੀ ਨਾ ਸੰਭਲੇ ਤਾਂ, ਮੇਰੇ ਹਿਸਾਬ ਨਾਲ ਅਗਲੇ ਸਾਲ (ਸੰਮਤ 556) ਇਹ ਦਿਹਾੜਾ 13 ਹਾੜ ਨੂੰ, ਭਾਵ 383 ਦਿਨਾਂ ਪਿਛੋਂ ਆਵੇਗਾ, ਜਦੋਂ ਕਿ ਕੁਦਰਤ ਦੇ ਨਿਯਮ ਮੁਤਾਬਕ ਧਰਤੀ ਸੂਰਜ ਦੁਵਾਲੇ ਇਕ ਚੱਕਰ 365 ਦਿਨਾਂ ਵਿੱਚ ਪੂਰਾ ਕਰ ਲਵੇਗੀ। ਅਕਾਲ ਪੁਰਖ ਦੇ ਬਣਾਏ ਨਿਯਮ ਮੁਤਾਬਕ ਸਾਲ ਦੀ ਲੰਬਾਈ ਨੂੰ ਪ੍ਰਵਾਨ ਕਰਨ ਵਿੱਚ ਸ਼੍ਰੋਮਣੀ ਕਮੇਟੀ ਨੂੰ ਕੀ ਦਿੱਕਤ ਹੈ?

ਪ੍ਰਧਾਨ ਜੀ, ਜਦੋਂ ਸ਼੍ਰੋਮਣੀ ਕਮੇਟੀ ਆਪਣਾ ਕੈਲੰਡਰ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ, ਸਾਲ ਦੀ ਲੰਬਾਈ 365.2563 ਦਿਨ) ਛਾਪਦੀ ਹੈ ਤਾਂ ਇਤਿਹਾਸਿਕ ਦਿਹਾੜੇ ਅਸਲ ਪ੍ਰਵਿਸ਼ਟਿਆਂ ਮੁਤਾਬਕ ਕਿਉ ਨਹੀਂ ਦਰਜ ਕੀਤੇ ਜਾਂਦੇ? ਸਾਰੇ ਦਿਹਾੜੇ ਅਸਲ ਪ੍ਰਵਿਸ਼ਟਿਆਂ ਮੁਤਾਬਕ ਨਿਰਧਾਰਤ ਕਰਨ ਨਾਲ ਗੁਰਮਤਿ ਜਾਂ ਇਤਿਹਾਸ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੁੰਦੀ ਹੈ? ਜੇ ਦਿਹਾੜੇ ਵਦੀ-ਸੁਦੀ ਮੁਤਾਬਕ ਮਨਾਉਣੇ ਹਨ ਤਾਂ ਕੈਲੰਡਰ ਵੀ ਉਹੀ ਛਾਪੋ, ਜਿਹੜਾ ਪਿਛਲੀ ਸਦੀ `ਚ ਛਾਪਦੇ ਸੀ। ਮਿਲਗੋਭਾ ਕੈਲੰਡਰ ਛਾਪ ਕੇ ਕੌਮ ਨੂੰ  ਗੁੰਮਰਾਹ ਤਾਂ ਨਾ ਕਰੋ। ਦੋ ਬੇੜੀਆਂ `ਚ ਸਵਾਰੀ ਕਰਕੇ ਕਿਵੇਂ ਪਾਰ ਲੱਗੋਗੇ?

ਸ. ਹਰਜਿੰਦਰ ਸਿੰਘ ਧਾਮੀ ਜੀ, ਅੱਜ ਸਿੱਖ ਕੌਮ ਪੂਰੀ ਦੁਨੀਆਂ ਵਿੱਚ ਫੈਲ ਚੁੱਕੀ ਹੈ। ਸਾਨੂੰ ਵੀ ਸਮੇਂ ਦੇ ਹਾਣੀ ਬਣਨ ਦੀ ਲੋੜ ਹੈ। ਇਸ ਲਈ ਸਾਡੇ ਕੇਂਦਰੀ ਅਸਥਾਨ ਤੋਂ  ਕੁਝ ਠੋਸ ਫੈਸਲੇ ਲੈਣ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਦੁਨੀਆਂ ਭਰ ਵਿੱਚ ਸਿੱਖ ਕੌਮ ਦੇ ਮਾਣ-ਸਤਿਕਾਰ ਵਿੱਚ ਵਾਧਾ ਹੋ ਸਕੇ ਅਤੇ ਕੌਮੀ ਅਨੁਸ਼ਾਸਨ ਨੂੰ ਕਾਇਮ ਰੱਖਿਆ ਜਾ ਸਕੇ।

ਨਿਮਰਤਾ ਸਹਿਤ ਬੇਨਤੀ ਹੈ ਕਿ ਨਵੇਂ ਸਾਲ (ਸੰਮਤ 556) ਦਾ ਕੈਲੰਡਰ ਤਿਆਰ ਕਰਨ ਵਿੱਚ ਅਜੇ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੈ। ਜੇ ਇੱਛਾ ਸ਼ਕਤੀ ਹੋਵੇ ਤਾਂ ਇਸ ਸਮੇਂ ਦੌਰਾਨ ਕੌਮੀ ਹਿੱਤਾਂ ਨੂੰ ਮੁੱਖ ਰੱਖ ਕੇ ਕੁਝ ਠੋਸ ਫੈਸਲੇ ਲਏ ਜਾ ਸਕਦੇ ਹਨ। ਆਸ ਕਰਦੇ ਹਾਂ ਕਿ ਆਪ ਜੀ, ਆਪਣੇ ਰੁਝੇਵਿਆਂ `ਚ ਕੁਝ ਸਮਾਂ ਕੱਢ ਕੇ, ਇਸ ਬਹੁਤ ਹੀ ਅਹਿਮ ਮੁੱਦੇ ਵੱਲ ਧਿਆਨ  ਜਰੂਰ ਦਿਓਗੇ।

ਧੰਨਵਾਦ

ਸਤਿਕਾਰ ਸਹਿਤ

ਸਰਵਜੀਤ ਸਿੰਘ ਸੈਕਰਾਮੈਂਟੋ 

13 ਮੱਘਰ ਸੰਮਤ 555 ਨਾਨਕਸ਼ਾਹੀ