Friday, November 11, 2011

ਕੱਤਕ ਜਾਂ ਵਿਸਾਖ

                                                      ਕੱਤਕ ਜਾਂ ਵਿਸਾਖ
- ਸਰਵਜੀਤ ਸਿੰਘ ਸੈਕਰਾਮੈਂਟੋ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਪੋ. ਕਰਤਾਰ ਸਿੰਘ ਜੀ ਐਮ. ਏ ਦੀ ਲਿਖਤ ਸਿੱਖ ਇਤਿਹਾਸ ਭਾਗ ੧ਅਤੇ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ ਵੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਤਾਰੀਖ `ਚ 15 ਅਪ੍ਰੈਲ 1469 ਲਿਖੀ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਇਸ ਦਿਹਾੜੇ ਨੂੰ ਮਨਾਉਂਦੀ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਹੈ। ਇਸ ਦਾ ਕਾਰਨ ਤਾਂ ਸ਼ਾਇਦ ਪ੍ਰਬੰਧਕ ਖ਼ੁਦ ਵੀ ਨਾ ਜਾਣਦੇ ਹੋਣ। ਇਸੇ ਸਬੰਧ `ਚ ਹੀ ਅੱਜ ਦੋ ਲੇਖ ਪੜ੍ਹਨ ਦਾ ਸਬੱਬ ਬਣਿਆ। ਇਕ ਲੇਖ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਦਾ ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ਼ ਅਤੇ ਦੂਜਾ ਲੇਖ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦਾ, ਗੁਰੂ ਨਾਨਕ ਸਹਿਬ ਪ੍ਰਕਾਸ਼ ਪੁਰਬ - ਵੈਸਾਖ ਨਹੀਂ ਕੱਤਕ ਇਨ੍ਹਾਂ ਦੋਵਾਂ ਵਿਦਵਾਨ ਲੇਖਕਾਂ ਨੇ ਗੁਰੂ ਜੀ ਦਾ ਜਨਮ ਕੱਤਕ ਦਾ ਸਿਧ ਕੀਤਾ ਹੈ।
ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੇ ਇਹ ਸ਼ਬਦ, “ਪਰ ਇੱਕ ਸਨਕੀ ਸਿੰਘ ਸਭੀਏ ਗੁਰਮੁੱਖ ਸਿੰਘ ਅਤੇ ਇੱਕ ਨੀਮ ਇਤਿਹਾਸਕਾਰ ਸ. ਕਰਮ ਸਿੰਘ ਨੇ ਅਪਣੀ ਨਵੀਂ ਖੋਜ ਦੇ ਪੇਤਲੇ ਚਾਅ ਵਿੱਚ ਇਹ ਨਿਹਫਲ਼ ਬਹਿਸ ਛੇੜ ਦਿੱਤੀ ਹੈ ਕੇ ਗੁਰੂ ਨਾਨਕ ਸਾਹਿਬ ਕੱਤਕ ਦੀ ਪੂਰਨਮਾਸ਼ੀ ਨੂੰ ਨਹੀਂ, ਸਗੋਂ ਵੈਸਾਖ ਸੁਦੀ ਤੀਜ ਨੂੰ ਪੈਦਾ ਹੋਏ ।ਸ. ਕਰਮ ਸਿੰਘ ਦੀ ਰੀਸ ਚ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਵੀ ਵੈਸਾਖ ਸੁਦੀ ਤੀਜ ਦੇ ਹੱਕ ਵਿੱਚ ਦਿੱਤੀਆਂ ਜਾਣ ਵਾਲੀਆਂ ਕੰਮਜੋਰ ਦਲੀਲਾਂ ਨੂੰ ਸਮੇਂ-ਸਮੇਂ ਸਿਰ ਦੁਰਹਾਇਆ ਪੜ੍ਹ ਕੇ ਬਹੁਤ ਹੀ ਹੈਰਾਨੀ ਹੋਈ ਹੈ ਕਿ ਇਕ ਵਿਦਵਾਨ ਦੂਜੇ ਵਿਦਵਾਨਾਂ ਲਈ ਅਜੇਹੀ ਸ਼ਬਦਾਵਲੀ ਵੀ ਵਰਤ ਸਕਦਾ ਹੈ? ਠੀਕ ਹੈ ਕਿ ਵਿਚਾਰਾਂ `ਚ ਮੱਤ ਭੇਦ ਹੋ ਸਕਦੇ ਹਨ ਪਰ ਪ੍ਰੋ. ਗੁਰਮੁਖ ਸਿੰਘ ਜੀ ਨੂੰ ਸਨਕੀ ਸਿੰਘ ਸਭੀਆਅਤੇ ਸ. ਕਰਮ ਸਿੰਘ ਜੀ ਨੂੰ ਨੀਮ ਇਤਿਹਾਸਕਾਰਅਤੇ ਅਖੌਤੀ ਇਤਿਹਾਸਕਾਰਵਰਗੇ ਸ਼ਬਦ  ਤਾਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੀ ਸਖਸ਼ੀਅਤ  ਦੇ ਹਾਣ ਦੇ ਨਹੀ ਹਨ।
ਪ੍ਰੋ ਹਰਿੰਦਰ ਸਿੰਘ ਮਹਿਬੂਬ  ਜੀ ਲਿਖਦੇ ਹਨ, “ਸ. ਕਰਮ ਸਿੰਘ ਦੀ ਸੰਨ 1912  ਦੇ ਕਰੀਬ ਲਿਖੀ ਪੁਸਤਕ ਕੱਤਕ ਕਿ ਵੈਸਾਖ’ (ਲਾਹੌਰ ਬੁੱਕ ਸ਼ਾਪ ,ਦੂਸਰੀ ਵਾਰ ਜੁਲਾਈ 1979 )ਬਹੁਤ ਕਮਜ਼ੋਰ ਦਲੀਲ਼ਾਂ ਅਤੇ ਉਲਾਰੂ ਈਰਖਵਾਂ ਉੱਤੇ ਉਸਰੀ ਨੀਮ ਇਤਿਹਾਸਿਕ ਪੁਸਤਕ ਹੈ। ਗੁਰੂ ਨਾਨਕ ਸਾਹਿਬ ਦੇ ਅਵਤਾਰ ਦਿਹਾੜੇ ਦੇ ਕੱਤਕ ਦੀ ਪੂਰਨਮਾਸ਼ੀ ਨੂੰ ਹੋਣ ਵਿਰੁੱਧ ਇੱਕੋ-ਇੱਕ ਦਲ਼ੀਲ ਇਹ  ਦਿੱਤੀ ਹੈ ਕਿ ਇਸਦਾ ਸਮਾਚਾਰ  ‘ਬਾਲੇ ਵਾਲੀ ਜਨਮਸਾਖੀ ਵਿੱਚ ਮਿਲਦਾ ਹੈ, ਅਤੇ ਬਾਲੇ ਵਾਲੀ ਜਨਮ ਸਾਖੀ ਝੂਠੀ ਸਿੱਧ ਕਰਨ  ਪਿੱਛੋਂ ਕੱਤਕ ਦੀ ਪੂਰਨਮਾਸ਼ੀ ਵਾਲਾ ਤੱਥ ਵੀ ਝੂਠਾ ਸਾਬਤ ਹੋ ਜਾਦਾ ਹੈ ।ਅੱਗੋਂ ਅਪਣੀ ਇਸ ਗਲਤ ਮਨੌਤ ਨੂੰ ਸੱਚਾ ਫਰਜ਼ ਕਰਨ ਲਈ ਅਖੌਤੀ ਇਤਿਹਾਸਕਾਰ ਨੇ ਸਫਾ 18 ਤੋਂ 131 ਤੱਕ    (ਜਦੋਂ ਕੇ ਕਿਤਾਬ ਦੇ ਕੁੱਲ ਸਫੇ 146 ਹਨ ) ਬਾਲੇ ਵਾਲੀ ਜਨਮ ਸਾਖੀ ਦੇ ਖਿਲਾਫ ਪੂਰੇ 13 ਕਾਂਡ ਲਿਖੇ ਹਨ  ਪ੍ਰੋ.  ਮਹਿਬੂਬ  ਜੀ ਨੂੰ ਇਹ ਇਤਰਾਜ਼ ਤਾਂ ਹੈ ਕਿ ਕਰਮ ਸਿੰਘ ਨੇ ਬਾਲੇ ਵਾਲੀ ਜਨਮ ਸਾਖੀ ਨੂੰ ਰੱਦ ਦਿੱਤਾ ਹੈ ਪਰ ਆਪ ਜੀ ਨੇ ਬਾਲੇ ਦੀ ਜਨਮ ਸਾਖੀ ਨੂੰ ਠੀਕ ਸਾਬਤ ਕਰਨ ਲਈ ਕੋਈ ਦਲੀਲ ਨਹੀ ਦਿੱਤੀ; ਫੇਰ ਇਹ ਕਿਵੇਂ ਮੰਨ ਲਿਆ ਜਾਵੇ ਕਿ  ਪ੍ਰੋ. ਮਹਿਬੂਬ ਜੀ ਨੇ ਬਾਲੇ ਵਾਲੀ ਜਨਮ ਸਾਖੀ ਦੀ ਪੁਰਾਤਨ ਹੱਥ ਲਿਖਤ ਨਹੀਂ ਵੇਖੀ ਹੋਵੇਗੀ, ਜਿਸ `ਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਉਹ ਜਨਮ ਸਾਕੀ 1582 ਬਿ: `ਚ ਲਿਖੀ ਗਈ ਸੀ, ਜਦੋਂ ਕਿ ਗੁਰੂ ਨਾਨਕ ਜੀ 1596 ਬਿ: ਵਿਚ ਜੋਤੀ ਜੋਤ ਸਮਾਏ ਸਨ।
Add caption

 ਪ੍ਰੋ. ਮਹਿਬੂਬ ਜੀ ਤਾਂ ਬਾਲੇ ਵਾਲੀ ਜਨਮ ਸਾਖੀ ਨੂੰ  ਮਾਨਤਾ ਦਿੰਦੇ ਨਜ਼ਰ ਆਉਂਦੇ ਹਨ ਪਰ ਡਾ ਦਿਲਗੀਰ ਜੀ ਇਸ ਨੂੰ ਸਪੱਸ਼ਟ ਸ਼ਬਦਾਂ `ਚ ਰੱਦ ਕਰਦੇ ਹਨ। ਦਿਲਗੀਰ ਜੀ ਦੇ ਬਚਨ, “ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ’ ਅੱਜ ਮਿਲਦੀ ਹੈ ਉਹ ਅਸਲੀ ਜਨਮ ਸਾਖੀ ਵਿਚ ਜੰਡਿਆਲਾ ਕਸਬੇ ਦੇ ਹੰਦਾਲੀਆਂ (ਬਿਧੀਚੰਦੀਆਂ) ਵੱਲੋਂ ਮਿਲਾਏ ਗਏ ਖੋਟ ਨਾਲ ਭਰਪੂਰ ਹੈਉਨ੍ਹਾਂ ਕੋਲ ਅਸਲ ਜਨਮ ਸਾਖੀ ਮੌਜੂਦ ਸੀ ਜਿਸ ਨੂੰ ਉਨ੍ਹਾਂ ਨੇ ਵਿਗਾੜ ਕੇ ਤੇ ਉਸ ਵਿਚ ਖੋਟ ਸ਼ਾਮਿਲ ਕਰ ਕੇਅਸਲ ਜਨਮ ਸਾਖੀ ਕਹਿ ਕੇ ਪ੍ਰਚਾਰਿਆ  ਹੁਣ ਜਦੋਂ ਡਾ. ਦਿਲਗੀਰ ਜੀ ਨੇ ਬਾਲੇ ਦੀ ਜਨਮ ਸਾਖੀ ਨੂੰ ਰੱਦ ਕਰ ਦਿੱਤਾ ਤਾਂ ਆਪਣੀ ਦਲੀਲ ਨੂੰ ਸਹੀ ਸਾਬਤ ਕਰਨ ਲਈ ਇਕ ਹੋਰ ਜਨਮ ਸਾਖੀ, ‘ਭਾਈ ਬਾਲੇ ਵਾਲੀ ਅਸਲੀ ਜਨਮ ਸਾਖੀਪੈਦਾ ਕਰ ਲਈ। ਡਾ. ਦਿਲਗੀਰ ਜੀ ਦੀ ਖੋਜ ਮੁਤਾਬਕ  ਇਹ ਬਾਲਾ ਖਡੂਰ ਦਾ ਵਾਸੀ ਸੀ
ਹੈਰਾਨੀ ਦੀ ਗੱਲ ਹੈ ਕਿ ਡਾ ਦਿਲਗੀਰ ਜੀ ਨੇ ਆਪਣੀ  ਨਵੀ ਖੋਜ ਦਾ ਕੋਈ ਵੇਰਵਾ ਨਹੀਂ ਦਿੱਤਾ ਬਲਕਿ ਆਪ ਜੀ ਨੇ ਸਿਰਫ ਏਨਾ ਹੀ ਲਿਖਿਆ ਹੈ, ਇੱਥੇ ਭਾਈ ਬਾਲੇ ਵਾਲੀ ਜਨਮ ਸਾਖੀ’ ਦੀ ਗੱਲ ਕਰਨੀ ਵੀ ਬਣਦੀ ਹੈ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ (ਜਨਮ ਸਾਖੀ) ਲਿਖਵਾਈ ਸੀ। ਇਹ ਵਖਰੀ ਗੱਲ ਹੈ ਕਿ ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਕਾਰਨ ਸਿੱਖ ਕੌਮ ਉਸ ਤਵਾਰੀਖ਼    (ਅਸਲ ਜਨਮ ਸਾਖੀ) ਨੂੰ  ਸੰਭਾਲ ਨਹੀਂ ਸਕੀ ਡਾ: ਦਿਲਗੀਰ ਜੀ, ਤੁਸੀਂ ਇਤਿਹਾਸਕਾਰ ਹੋ, ਜੇ ਕੋਈ ਹੋਰ ਸੱਜਣ ਅਜੇਹੀ ਹਾਸੋ ਹੀਣੀ ਦਲੀਲ ਦੇਵੇ ਕਿ ਇਹ ਗੱਲ ਫਲਾਣੀ ਕਿਤਾਬ `ਚ ਲਿਖੀ ਹੋਈ ਸੀ, ਉਹ ਕਿਤਾਬ ਹੁਣ ਗੁਆਚ ਚੁਕੀ ਹੈ”  ਤਾਂ ਕੀ ਤੁਸੀਂ ਮੰਨ ਲਓਗੇਕੀ ਅਜੇਹਾ ਤਾਂ ਨਹੀਂ ਕਿ ਆਪ ਜੀ ਨੇ ਕੱਤਕ ਨੂੰ ਠੀਕ ਸਾਬਤ ਕਰਨ ਲਈ ਹੀ ਇਹ ਨਵੀਂ ਜਨਮ ਸਾਖੀ ਪੈਦਾ ਕੀਤੀ ਹੈ? ਇਸ ਤੋਂ ਪਹਿਲਾ ਕਿ ਕੋਈ ਸਬੂਤ ਮੰਗ ਲਵੇਂ, ਆਪ ਨੇ ਉਸ ਜਨਮ ਸਾਖੀ ਨੂੰ ਗੁੰਮ ਵੀ ਕਰ ਦਿੱਤਾ!  ਦੂਜੀਆਂ ਜਨਮ ਸਾਖੀਆਂ ਤਾਂ ਇਨ੍ਹਾਂ ਨੇ ਇਹ ਕਹਿ ਕੇ ਹੀ ਰੱਦ ਕਰ ਦਿੱਤੀਆਂ  ਕਿ ਇਨ੍ਹਾਂ ਦਾ ਆਧਾਰ ਮਿਹਰਬਾਨ ਦੀ ਜਨਮ ਸਾਖੀ ਹੈ। ਇਥੇ ਇਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ ਕਿ ਕੀ ਗੁਰੂ ਅਮਰਦਾਸ ਜੀ ਨੇ ਵੀ ਗੁਰੂ ਅੰਗਦ ਦੇਵ ਜੀ ਦੀ ਜਨਮ ਸਾਖੀ ਲਿਖਵਾਈ ਸੀ? ਫੇਰ ਇਸ ਦਾ ਕੀ ਕਾਰਨ ਹੈ ਕਿ ਸਿਰਫ ਗੁਰੂ ਅੰਗਦ ਦੇਵ ਜੀ ਨੇ ਹੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ ?
ਡਾ: ਦਿਲਗੀਰ ਜੀ ਨੇ ਮੈਕਾਲਿਫ਼ ਦੀ ਲਿਖਤ ਨੂੰ ਗਲਤ ਸਾਬਤ ਕਰਨ ਲਈ ਇਹ ਵੀ ਲਿਖ ਦਿਤਾ ਹੈਉਂਞ ਮੈਕਾਲਿਫ਼ ਨੇ ਤਾਂ ਛੇਵੇਂ ਪਾਤਸ਼ਾਹ ਦੇ ਪੁੱਤਰ ਅਟਲ ਰਾਏ ਅਤੇ ਗੁਰਦਿੱਤਾ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ। ਉਹ ਤਾਂ ਇਕ ਥਾਂ ਇਹ ਵੀ ਲਿਖ ਬੈਠਾ ਸੀ: ਸੰਮਤ 1670 ਬੁਧਵਾਰ ਕੱਤਕ ਦੀ ਪੁਰਨਮਾਸ਼ੀ ਦੀ ਰਾਤ ਨੂੰ ਮਾਤਾ ਜੀ ਦੇ ਇਕ ਬਾਲਕ ਨੇ ਜਨਮ ਲਿਆਜਿਸ ਦਾ ਨਾਂ ਪਿੱਛੋਂ ਗੁਰਦਿੱਤਾ ਰਖਿਆ ਗਿਆ। ਉਸ ਦੀ ਸ਼ਕਲ ਗੁਰੂ ਨਾਨਕ ਨਾਲ ਹੂਬਹੂ ਮਿਲਦੀ ਸੀ”  ਡਾ ਦਿਲਗੀਰ ਜੀ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਿਉਂਕਿ ਮੈਕਾਲਿਫ਼ ਨੇ ਇਹ ਉਪਰੋਕਤ ਝੂਠ (?) ਲਿਖਿਆ ਹੈ ਸੋ ਇਸ ਲਈ ਉਸ ਨੇ ਜੋ ਗੁਰਪੁਰਬ ਮਨਾਉਣ ਵਾਰੇ ਲਿਖਿਆ ਹੈ ਉਹ ਵੀ ਝੂਠ ਹੀ ਹੈ? ਡਾ ਦਿਲਗੀਰ ਜੀ, ਮੈਕਾਲਿਫ਼ ਨੇ ਜੋ ਬਾਬਾ ਗੁਰਦਿੱਤਾ ਬਾਰੇ ਲਿਖਿਆ ਹੈ ਉਹ ਹੋਰ ਮਿਲਦੇ ਹਵਾਲਿਆਂ ਦਾ ਵੀ ਸੱਚ ਹੈ ਪਰ ਜੇ ਮੇਰੇ ਤੇ ਯਕੀਨ ਨਾ ਹੋਵੇ ਤਾਂ ਪੜ੍ਹੋ ਗੁਰਬਿਲਾਸ ਪਾਤਸ਼ਾਹੀ ੬। ਜਨਮ ਭਯੋ ਸੁਤ ਕੋ ਤਬ ਹੀ ਗੁਰ ਨਾਨਕ ਕੇ ਸਮ ਰੂਪ ਅਪਾਰਾ (ਪੰਨਾ 329) ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਖੋਜ ਮੁਤਾਬਕ ਇਹ ਕਿਤਾਬ 1718 `ਚ ਲਿਖੀ ਗਈ ਸੀ।
ਗੁਰੂ ਨਾਨਕ ਜੀ ਦੇ ਗੁਰਪੁਰਬ ਨੂੰ ਕੱਤਕ `ਚ ਮਨਾਉਣ  ਸਬੰਧੀ ਡਾ: ਦਿਲਗੀਰ ਜੀ ਗੁਰੂ ਕੀਆਂ ਸਾਖੀਆਂ `ਚ ਸਾਖੀ 24 ਅਤੇ 51 ਦਾ ਹਵਾਲਾ ਦਿੱਤਾ ਹੈ । ਸ਼ਾਇਦ ਉਨ੍ਹਾਂ ਦਿ ਇਹ ਇੱਛਾ ਹੋਵੇ ਕਿ ਪਾਠਕ ਇਨ੍ਹਾਂ ਸਾਖੀਆਂ ਤੇ ਅੱਖਾਂ ਮੀਟ ਕੇ ਯਕੀਨ ਕਰ ਲੈਣਗੇ । ਡਾ: ਦਿਲਗੀਰ ਜੀ ਨੇ ਸਾਖੀ ਨੰ: 24 ਅਤੇ 51 ਦਾ ਹਵਾਲਾ ਤਾ ਦੇ ਦਿੱਤਾ ਹੈ ਪਰ ਸਾਖੀ ਨੰ: 45 ਦਾ ਜਿਕਰ ਨਹੀ ਕਿਤਾ । ਇਸ ਸਾਖੀ ਵਿੱਚ ਵੀ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਕੱਤਕ `ਚ ਮਨਾਉਣ ਦੀ ਹੀ ਜਿਕਰ ਹੈ। ਸਾਖੀ ਪਾਂਵਟਾ ਨਗਰ ਸੇ ਕਪਾਲਮੋਚਨ ਤੀਰਥ ਆਨੇ ਕੀ ਚਾਲੀ:- ਕਾਰਤਕ ਸੁਦੀ ਤ੍ਰੋਸਦੀ ਸ਼ਨੀਵਾਰ ਕੇ ਦਿੰਹੁ ਪਾਂਵਟਾ ਜੁਧ ਸੇ ਏਕ ਮਹੀਨਾ ਦਸ ਦਿਵਸ ਬਾਦ ਪਾਂਵਟੇ ਠਹਿਰ ਕੇ ਕਪਾਲ ਮੋਚਨ ਤੀਰਥ ਆਇ ਬਿਰਾਜੇ। ਯਹਾਂ ਸਿਤਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਾਂ ਪਵਾਨ ਗੁਰਪੁਰਬ ਜਾਨ ਕੇ ਪੂਰਨਮਾ ਕੇ ਦਿੰਹੁ ਮੁਖੀ ਸਿੱਖਾਂ ਕੋ ਸਿਰੋਪਾਇ ਦੀਏ। ਅਗਲੇ ਦਿਵਸ ਕਪਾਲ ਮੋਚਨ ਤੀਰਥ ਸੇ ਅਨੰਦਪੁਰ ਕੀ ਤਰਫ ਜਾਨੇ ਕੀ ਤਿਆਰੀ ਹੋਈ (ਪੰਨਾ 102)
ਇਹ ਸਾਖੀ ਅਖੌਤੀ ਦਸਮ ਗ੍ਰੰਥ ਦੇ ਚਰਿਤਰ 71 ਵੱਲ ਵੀ ਇਸ਼ਾਰਾ ਕਰਦੀ ਹੈ ਜਿਸ ਨੂੰ ਪਿਆਰਾ ਸਿੰਘ ਪਦਮ ਨੇ ਵੀ ਗੁਰੂ ਗੋਬਿੰਦ ਸਿੰਘ ਦੀ ਦੀ ਆਪ ਬੀਤੀ ਲਿਖਿਆ ਹੈ। (ਦਸਮ ਗ੍ਰੰਥ ਦਰਸ਼ਨ ਪੰਨਾ 125)
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ।
ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ। 2
...
ਪ੍ਰਾਤ ਲੇਤ ਸਭ ਧੋਇ ਮਗਾਈ।
ਸਭ ਹੀ ਸਿਖੑਨਯ ਕੋ ਬੰਧਵਾਈ।
ਬਚੀ ਸੂ ਬੇਚਿ ਤਰੁਤ ਤਹ ਲਈ।
ਬਾਕੀ ਬਚੀ ਸਿਪਾਹਿਨ ਦਈ। 9
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।
ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। 10
(ਚਰਿਤਰ 71) 
ਡਾ: ਦਿਲਗੀਰ ਜੀ ਹੁਣ ਸਾਰੀ ਸਾਖੀ ਨੂੰ ਹੀ ਸੱਚ ਮੰਨੋਗੇ ਜਾਂ ਮਿੱਠਾ-ਮਿੱਠਾ ਹਜਮ , ਕੌੜਾ-ਕੌੜਾ ਥੂਹ ਦੀ ਨੀਤੀ ਤੇ ਅਮਲ ਕਰੋਗੇ?

ਭਾਈ ਬਾਲੇ ਵਾਲੀ ਜਨਮ ਸਾਖੀ ਸਮੇਤ ਸਾਰੀਆਂ ਹੀ ਜਨਮ ਸਾਖੀਆਂ ਤਾ ਡਾ ਦਿਲਗੀਰ ਜੀ ਨੇ ਰੱਦ ਕਰ ਦਿੱਤੀਆਂ ਅਤੇ ਅਸਲ ਜਨਮ ਸਾਖੀ ਗੁੰਮ ਹੋ ਗਈ ਹੈ  ਗੁਰੂ ਕੀਆਂ ਸਾਖੀਆਂਵੀ ਸ਼ੱਕੀ ਹੋ ਗਈਆਂ ਹਨ (ਪੜ੍ਹੋ ਸਾਖੀ 45)

ਆਓ ਹੁਣ  ‘ਗੁਰ ਪ੍ਰਣਾਲੀਆਂਤੇ ਵਿਚਾਰ ਕਰਦੇ ਹਾਂ ਜਿਸ ਦਾ ਹਵਾਲਾਂ ਕੱਤਕ ਦਾ ਜਨਮ ਮੰਨਣ ਵਾਲੇ ਉਪਰੋਕਤ ਦੋਵਾਂ ਵਿਦਵਾਨਾਂ ਨੇ ਦਿੱਤਾ ਹੈ (ਸ਼ਾਇਦ ਇਸ ਲਿਖਤ ਤੋਂ ਸਾਡੀ ਸਮੱਸਿਆ ਦੇ ਹੱਲ ਦੀ ਕੋਈ ਸੰਭਾਵਨਾ ਬਣ ਜਾਵੇ) :
(1) ਸਭ ਤੋਂ ਪਹਿਲੀ ਗੁਰ-ਪ੍ਰਣਾਲੀ’ `ਚ  ਭਾਈ ਕੇਸਰ ਸਿੰਘ ਜੀ ਲਿਖਦੇ ਹਨ:
ਕਲਿਆਣ ਦਾਸ ਕੇ ਘਰ ਮਹਲ ਬੀਬੀ ਜੀ। ਤਿਨ ਕੇ ਘਰ ਸ੍ਰੀ ਸਤਿਗੁਰੂ ਬਾਬਾ ਨਾਨਕ ਦੇਵ ਜੀ ਜਨਮੇ ਰਾਇ ਭੋਏ ਭੱਟੀ ਦੀ ਤਲਵੰਡੀ ਬਾਰ ਵਿੱਚ। ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ ਦੁਇਓ ਪਹਿਰ ਅਤੇ ਇਕ ਘੜੀ ਰਾਤ ਗਈ।... ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਕਿਤੀ। ਸੰਮਤ 1596, ਅੱਸੂ ਵਦੀ 10, ਸ੍ਰੀ ਗੁਰੂ ਬਾਬਾ ਨਾਨਕ ਦੇਵ ਜੀ ਸਮਾਏ, ਡੇਹਰੇ ਵਿਚ। (ਗੁਰ ਪ੍ਰਣਾਲੀਆਂ, ਸਿੱਖ ਹਿਸਰਟੀ ਸੋਸਾਇਟੀ, ਪੰਨਾ 3)
ਇਥੇ ਡਾ ਦਿਲਗੀਰ ਜੀ ਦੇ ਇਹ ਬਚਨ ਵੀ ਧਿਆਨ ਮੰਗਦੇ ਹਨ ਇਕ ਹੋਰ ਗੱਲ ਅਹਿਮ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਲਿਖਤ ਵਿਚ ਗੁਰੂ ਨਾਨਕ ਸਾਹਿਬ ਨੂੰ ਦੇਵਨਹੀਂ ਲਿਖਿਆ ਬਲਕਿ ਗੁਰੂ ਨਾਨਕ ਜਾਂ ਬਾਬਾ ਨਾਨਕ ਹੀ ਲਿਖਿਆ ਹੈ ਪਾਠਕ ਨੋਟ ਕਰਨ ਕਿ ਭਾਈ ਕੇਸਰ ਸਿੰਘ ਜੀ ਵੱਲੋਂ ਲਿਖਿਆਂ ਗਈਆਂ ਉਪ੍ਰੋਕਤ ਪੰਗਤੀਆਂ ਵਿਚ ਹੀ ਤਿੰਨ ਵਾਰੀ ਦੇਵ’ ਸ਼ਬਦ ਦੀ ਵਰਤੋ ਕੀਤੀ ਗਈ ਹੈ।
ਇਸ ਗੁਰ ਪ੍ਰਣਾਲੀ ` 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ’ (ਪੁਨਿਆਂ  ਕੱਤਕ 18 ਨਹੀਂ ਸਗੋਂ ਕੱਤਕ 21 ਸੀ ਤੇ ਦਿਨ ਸ਼ੁਕਰਵਾਰ)
(੨) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਇਕ ਨੋਟ ਲਿਖਿਆ ਹੋਇਆ ਹੈਇਤਨੀ ਉਮਰ ਕੱਤਿਕ ਪੱਨਿਆ  ਤੋਂ ਨਹੀ, ਵੈਸਾਖ ਸੁਦੀ ਤੀਜ (19 ਵੈਸਾਖ) ਤੋਂ ਪੂਰੀ ਹੁੰਦੀ ਹੈ
(2) ਕਵੀ ਸੌਂਧਾ ਜੀ ਲਿਖਦੇ ਹਨ:
ਸੱਤਰ ਬਰਸ ਅਰੁ ਸਾਤ ਦਿਨੁ ਮਾਸ ਪਾਂਚ ਹੈ ਜੋਇ।
ਕੀਯੋ ਰਾਜ ਨਾਨਕ ਗੁਰੁ ਭਗਿਤ ਗਯਾਨ ਜੁਤ ਹੋਇ॥5॥
ਪੰਦ੍ਰਾ ਸੈ ਛਿੱਨਵੈ ਬਰਖ ਸੰਮਤ ਬਿਕ੍ਰਮ ਰਾਇ।
ਦਸਮੀ ਥਿਤਿ ਅੱਸੂ ਵਦੀ ਨਾਨਕ ਗੁਰੂ ਸਮਾਏ॥6॥
(ਪੰਨਾ 13)
ਇਸ ਗੁਰ ਪ੍ਰਣਾਲੀ ` 2 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੨) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
(3) ਗੁਲਾਬ ਸਿੰਘ ਜੀ ਲਿਖਦੇ ਹਨ:
ਸ੍ਰੀ ਸਤਿਗੁਰੂ ਨਾਨਕ ਦੇਵ (ਪਾਠਕ ਨੋਟ ਕਰਨ, ਇਥੇ ਵੀ ਨਾਨਕ ਦੇਵ ਲਿਖਿਆ ਹੋਇਆ ਹੈ) ਰਾਇ ਭੋਇ ਕੀ ਤਲਵੰਡੀ ਮਦ੍ਰ ਦੇਸ ਬਾਰ ਕਰਕੈ ਪ੍ਰਸਿਧ ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ ਬਿਰਸਪਤਵਾਰ ਅਰਧ ਰਾਤ੍ਰ ਕਿਰਤਕਾ ਨਛਤ੍ਰ ਪਰਘ ਜੋਹਯ ਬਿਵਾਖਯ ਕਰਨ ਸਿੰਘ ਲਗਣੇ।...ਗੁਰੂ ਨਾਨਕ ਪਾਤਸਾਹ 69 ਉਣਹਤ੍ਰ ਬਰਖ ਦਸ ਮਹੀਨੇ ਦਸ ਦਿਨ ਸੰਸਾਰ ਕਉ ਪ੍ਰਗਟ ਦਰਸਨ ਦੇਤੇ ਭਏ।...ਪਸਚਾਤ ਸੰਮਤ 1596 ਪੰਦ੍ਰਾ ਸਉ ਛਿਆਣਵਾ ਅਸੂ ਵਦੀ 10 ਦਸਮੀ ਐਤਵਾਰੀ ਰਾਵੀ ਬਖਯਾਤ ਕੇ ਤਟ ਪਰ ਕਰਤਾਰਪੁਰ ਜੋ ਨਿਜ ਰਚਤ ਥਾ ਜੋਤੀ ਜੋਤਿ ਸਮਾਵਣ ਭਯਾ
(ਪੰਨਾ 93)
ਇਸ ਗੁਰ ਪ੍ਰਣਾਲੀ ` 3 ਨੁਕਤੇ ਸਪੱਸ਼ਟ ਹੁੰਦੇ ਹਨ:
(੧) ਜਨਮ ਤਾਰੀਖ- ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ
(੨) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10

(4) ਇਸੇ ਕਿਤਾਬ ਵਿਚ ਦਸਾਂ ਸਤਿਗੁਰਾਂ ਦੀ ਗੁਰਪ੍ਰਣਾਲੀਦਰਜ ਹੈ ਜਿਸ ਦੇ ਲੇਖਕ ਦਾ ਨਾਮ ਨਹੀ ਹੈ:
ਸੰਮਤ ਪੰਦ੍ਰਾ ਸੌ ਅਰੁ ਛੱਬੀ। ਕਾਤਿਕ ਪੁੰਨਯਾ ਸੋਹਣੀ ਫੱਬੀ।...
ਸੱਤ੍ਰ ਵਰ੍ਹੇ ਮਹੀਨੇ ਪੰਜ। ਸੱਤ ਦਿਹਾੜੇ ਉਤੇ ਮੰਜ।
ਕੀਤੀ ਗੁਰਿਆਈ ਗੁਰੁ ਆਪ। ਫਿਰ ਅੰਗਦ ਅਪਣੀ ਥਾਂ ਥਾਪ।
ਪੰਦ੍ਰਾਂ ਸੌ ਛਿਆਨਚੇਂ ਜਾਨੋ। ਦੱਸਵੀ ਅੱਸੂ ਵਦੀ ਪਛਾਨੋ॥9॥
(ਪੰਨਾ 125)
ਇਸ ਗੁਰ ਪ੍ਰਣਾਲੀ `ਚ ਵੀ 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਪੁਰਨਮਾਸੀ
(੨) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਵੀ ਇਕ ਨੋਟ ਲਿਖਿਆ ਹੋਇਆ ਹੈ ਸੱਤਰ ਵਰ੍ਹੇ ਪੰਜ ਮਹੀਨੇ ਸੱਤ ਦਿਨਾਂ ਦੀ ਉਮਰ ਕੱਤਿਕ ਪੁੰਨਿਆ ਸੰਮਤ 1526 ਤੋਂ ਗਿਣਕੇ ਪੂਰੀ ਨਹੀਂ ਹੁੰਦੀ। ਹਾਂ, 19 ਵਿਸਾਖ ਸੁਦੀ ਤੀਜ 1526 ਤੋਂ ਗਿਣੀਏ ਤਦ ਠੀਕ ਬਹਿੰਦੀ ਹੈ। ਇਸ ਲਈ ਪੁਰਾਨਤ ਜਨਮਸਾਖੀ ਦੀ ਥਿੱਤ ਹੀ ਠੀਕ ਹੈ।
ਗੁਰ ਪ੍ਰਣਾਲੀਆਂ ``ਚ ਲਏ ਗਏ ਉਪਰੋਕਤ ਹਵਾਲਿਆ ਵਿਚ ਹੇਠ ਲਿਖੀ ਜਾਣਕਾਰੀ ਮਿਲਦੀ ਹੈ।
(ੳ) ਜਨਮ ਤਾਰੀਖ - ਸੰਮਤ 1526 ਬਿਕ੍ਰਮੀ ਕੱਤਕ ਦੀ ਪੂਰਨਮਾਸ਼ੀ
(ਅ) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(ੲ) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(ਸ) ਜੋਤੀ ਜੋਤ- ਸੰਮਤ 1596, ਅੱਸੂ ਵਦੀ 10

ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ (ਸ)  ਬਾਰੇ ਕੋਈ ਮੱਤ-ਭੇਦ ਨਹੀ ਹੈ । ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਨਾਲ ਤਾਂ ਡਾ ਤਰਲੋਚਨ ਸਿੰਘ ਜੀ ਅਤੇ ਡਾ ਦਿਲਗੀਰ ਜੀ ਵੀ ਸਹਿਮਤ ਹਨ। ਡਾ ਦਿਲਗੀਰ ਜੀ ਦੇ ਬਚਨਇੰਞ ਹੀ ਮਿਹਰਬਾਨ ਪ੍ਰਣਾਲੀ ਵਾਲੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਵੀ ਗਲਤ ਲਿਖਿਆ ਹੈਜੋ ਅਸਲ ਵਿਚ ਅਸੂ ਵਦੀ 10 ਸੰਮਤ 1596 (7 ਸਤੰਬਰ 1539) ਹੈਪਰ ਮਿਹਰਬਾਨ ਨੇ ਇਸ ਨੂੰ ਅੱਸੂ ਸੁਦੀ 10, ਯਾਨਿ  22 ਸਤੰਬਰ 1539 ਲਿਖ ਦਿੱਤਾ ਸੀਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ
ਭਾਵੇਂ ਕਈ ਇਤਿਹਾਸਕਾਰ ਆਪਣੀਆਂ ਲਿਖਤਾਂ `, ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 22 ਸਤੰਬਰ (ਅੱਸੂ ਸੁਦੀ 10) ਲਿਖ ਚੁੱਕੇ ਹਨ ਪਰ ਮੈ ਇਸ ਪਾਸੇ ਨਹੀ ਜਾਣਾ। ਇਸ ਨਾਲ ਸਿਰਫ 15 ਦਿਨ ਦਾ ਹੀ ਫਰਕ ਪੈਣਾ ਹੈ। ਸਾਡਾ ਮੁਖ ਮੁੱਦਾ ਹੈ ਕੱਤਕ ਕਿ ਵੈਸਾਖ। ਸੋ ਸਪੱਸ਼ਟ ਹੈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਤੇ ਉਪ੍ਰੋਕਤ ਸਾਰੇ  ਵਿਦਿਵਾਨ ਇਕ ਮੱਤ ਹਨ। ਗੁਰੂ ਜੀ ਦੀ ਉਮਰ (ਅ) ਅਤੇ (ੲ)  ਬਾਰੇ ਮੱਤ ਭੇਦ ਹਨ। ਜੇ ਗੁਰੂ ਜੀ ਦੀ ਕੁਲ ਆਯੂ ਤੇ ਸਾਡੀ ਸਹਿਮਤੀ ਬਣ ਜਾਵੇ ਤਾਂ ਗੁਰੂ ਜੀ ਦੇ ਜਨਮ ਦੀ ਸਹੀ ਤਾਰੀਖ ਲੱਭੀ ਜਾ ਸਕਦੀ ਹੈ।

ਆਓ ਇਕ ਹੋਰ ਵਸੀਲਾ ਵੀ ਵੇਖੀਏ:
ਸੰਮਤ ਸੱਤ੍ਰ ਪਛਾਨਪੰਚ ਮਾਸ ਬੀਤੇ ਬਹੁਰ।
ਸਪਤ ਦਿਨ ਪਰਵਾਨਪਤਿਸ਼ਾਹੀ ਸ਼੍ਰੀ ਪ੍ਰਭੁ ਕਰੀ॥90
ਕਵੀ ਸਤੋਖ ਸਿੰਘ ਜੀ ਦੀ ਉਪ੍ਰੋਤਕ ਪੰਗਤੀ ਦੀ ਮੁਤਾਬਕ ਗੁਰੂ ਜੀ ਦੀ ਕੁਲ ਉਮਰ 70 ਸਾਲ 5 ਮਹੀਨੇ ਅਤੇ 7 ਦਿਨ ਬਣਦੀ ਹੈ। ਜੇ ਉਹਨਾਂ ਦੀ ਹੀ ਦਿੱਤੀ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਸੁਦੀ 10 ਸੰਮਤ 1596 ਬਿਕ੍ਰਮੀ, 23 ਅੱਸੂ, 22 ਸਤੰਬਰ ਸੰਨ 1539 ਦਿਨ ਸੋਮਵਾਰ  ਨੂੰ ਮੁਖ ਰੱਖਕੇ ਜੇ ਆਪਾ ਇਸ ਵਿਚੋਂ ਗੁਰੂ ਜੀ ਦੀ ਕੁਲ ਉਮਰ ਨੂੰ ਮਨਫ਼ੀ ਕਰ ਦੇਈਏ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਬਣਦੀ ਹੈ।  15 ਅਪ੍ਰੈਲ 1469 ਭਾਵ ਵੈਸਾਖ ਸੁਦੀ ਤੀਜ, 20 ਵੈਸਾਖ 1526 ਬਿਕ੍ਰਮੀ। 

ਗੁਲਾਬ ਸਿੰਘ ਜੀ ਦੀ ਲਿਖਤ ਮੁਤਾਬਕ ਜੇ ਗੁਰੂ ਜੀ ਦੀ ਕੁਲ ਉਮਰ 69 ਵਰ੍ਹੇ ਤੇ 10 ਮਹੀਨੇ 10 ਦਿਨ ਮੰਨ ਲਈ ਜਾਵੇ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਬਣਦੀ ਹੈ 28 ਅਕਤੂਬਰ 1469 ਭਾਵ ਮੱਘਰ ਵਦੀ 829 ਕੱਤਕ  ਸੰਮਤ 1526 ਬਿਕ੍ਰਮੀ। ਮੇਰਾ ਨਹੀ ਖਿਆਲ ਕਿ ਇਸ ਨਾਲ ਕੱਤਕ ਪੱਖੀ ਵਿਦਵਾਨ ਵੀ ਸਹਿਮਤ ਹੋਣਗੇ।

ਸੋ ਸਪੱਸ਼ਟ ਹੈ ਕਿ ਸਿਰਫ ਵੈਸਾਖ ਦੀ ਬਜਾਏ ਕੱਤਕ  ਦੀ ਪੁਨਿਆਂ ਮੰਨ ਲੈਣਾ ਨਾਲ ਹੀ ਇਸ ਮਸਲੇ ਦਾ ਹੱਲ ਨਹੀ ਹੋਣਾ। ਪੁਰਾਨਤ ਵਸੀਲਿਆਂ `ਚ ਸਾਨੂੰ ਦੋ ਜਨਮ ਤਾਰੀਖਾਂ  ਦੇ ਨਾਲ-ਨਾਲ ਗੁਰੂ ਜੀ ਦੇ  ਜੋਤੀ ਜੋਤ ਸਮਾਉਣ ਦੀਆਂ ਵੀ ਦੋ ਤਾਰੀਖਾਂ ਹੀ ਮਿਲਦੀਆਂ ਹਨ, ਅੱਸੂ ਵਦੀ 10 ਅਤੇ ਅੱਸੂ ਸੁਦੀ 10 ਅਤੇ ਗੁਰੂ ਜੀ ਦੀ ਕੁਲ ਉਮਰ ਵੀ ਵੱਖ-ਵੱਖ ਭਾਵ 70 ਸਾਲ 5 ਮਹੀਨੇ 7 ਦਿਨ ਅਤੇ 69 ਸਾਲ 10 ਮਹੀਨੇ 10 ਦਿਨ ਲਿਖੀ ਮਿਲਦੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅੱਜ ਸਾਡੇ ਵਿਦਵਾਨ ਇਕ ਤਾਰੀਖ ਦਾ ਹੱਲ ਕਰਨ ਦੇ ਵੀ ਸਮਰੱਥ ਨਜ਼ਰ ਨਹੀ ਆਉਂਦੇਅਜੇਹੀਆਂ ਹੋਰ ਪਤਾ ਨਹੀ ਕਿੰਨੀਆਂ ਤਾਰੀਖਾਂ `ਚ ਸੋਧ ਕਰਨ ਦੀ ਜ਼ਰੂਰਤ ਹੈ। ਸਿਆਣੇ ਆਗੂ ਅਜੇਹੇ ਕੌਮੀ ਫੈਸਲੇ ਕਰਨ ਲਈ ਸਦੀਆਂ ਬਰਬਾਦ ਨਹੀ ਕਰਦੇ ਸੋ ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਨੂੰ ਆਪਣੇ ਵਕਾਰ ਦਾ ਮੁੱਦਾ ਨਾ ਬਣਾਓਮਸਲੇ ਦੇ ਹੱਲ ਲਈ ਸਿਰ ਜੋੜ ਕੇ ਬੈਠੋ...