ਰਾਗਮਾਲਾ ਦਾ ਸਰੋਤ
ਸਰਵਜੀਤ ਸਿੰਘ ਸੈਕਰਾਮੈਂਟੋ
ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ
ਵਿਚ ਕਦੋਂ ਅਤੇ ਕਿਵੇਂ ਸ਼ਾਮਲ ਹੋਈ, ਇਹ ਖੋਜ ਦਾ ਵਿਸ਼ਾ ਹੈ, ਪਰ ਇਕ ਗੱਲ ਬਹੁਤ ਸਾਰੇ ਖੋਜੀ
ਵਿਦਵਾਨਾਂ ਨੇ ਸਾਬਤ ਕਰ ਦਿੱਤੀ ਹੈ ਕਿ ਰਾਗਮਾਲਾ ਬਾਣੀ ਨਹੀਂ ਹੈ ਜੋ ਕੇ ਗੁਰੂ ਗ੍ਰੰਥ ਸਾਹਿਬ ਜੀ
ਵਿਚ ਪਿੱਛੋਂ ਦਰਜ ਕੀਤੀ ਗਈ ਹੈ। ਕੁਝ ਵਿਦਵਾਨ ਅਜੇਹੇ ਵੀ ਹਨ ਜਿਨ੍ਹਾਂ ਨੇ ਆਪਣੀ ਸਪੱਸ਼ਟ ਰਾਏ ਨਾ ਦੇ ਕੇ, ਕਿਸੇ ਸਾਜ਼ਿਸ਼ ਤਹਿਤ ਦੋਗ਼ਲੀ ਨੀਤੀ ਅਪਣਾ ਕੇ ਰਾਗਮਾਲਾ ਦੇ ਮਸਲੇ ਨੂੰ
ਹੋਰ ਗੁੰਝਲਦਾਰ ਬਣਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ। 1932 ਤੋਂ 1936 ਦੇ ਦਰਮਿਆਨ ਤਿਆਰ
ਕੀਤੇ ਗਏ ਸਿੱਖ ਰਹਿਤ ਮਰਯਾਦਾ ਦੇ ਖਰੜੇ ਵਿਚ ਕਿਸੇ ਹੱਦ ਤੱਕ ਇਸ ਮਸਲੇ ਦਾ ਹਲ ਕਰ ਲਿਆ ਗਿਆ ਸੀ।
ਉਸ ਖਰੜੇ `ਚ ਦਰਜ ਹੈ, “(ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ
ਮੁੰਦਾਵਣੀ ਉਤੇ ਪਾਇਆ ਜਾਵੇ”। ਪਰ ਕੁਝ ਵਿਦਵਾਨਾਂ ਦੀ ਗੈਰ ਸਿਧਾਂਤਕ ਪਹੁੰਚ ਕਾਰਨ 1945 ਵਿੱਚ ਇਸ
ਸ਼ਬਦਾਵਲੀ `ਚ ਹੇਠ ਲਿਖੇ ਅਨੁਸਾਰ ਤਬਦੀਲੀ ਕਰ ਦਿੱਤੀ ਗਈ। (ੳ) ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ
ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ”। (ਇਸ ਗੱਲ ਬਾਬਤ ਪੰਥ 'ਚ ਅਜੇ ਤਕ ਮੱਤ ਭੇਦ ਹੈ, ਇਸ ਲਈ ਰਾਗਮਾਲਾ ਤੋਂ
ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)”। ਕਿੰਨੀ
ਹੈਰਾਨੀ ਦੀ ਗੱਲ ਹੈ ਕਿ ਅੱਜ ਤਾਂਈ ਵੀ ਵਿਦਵਾਨਾਂ ਵੱਲੋਂ ਮੱਤ ਭੇਦ ਦੁਰ ਕਰਨ ਦਾ ਕੋਈ ਉਪਰਾਲਾ
ਨਹੀ ਕੀਤਾ ਗਿਆ।
ਰਾਗਮਾਲਾ ਦੀ
ਅਸਲੀਅਤ ਨੂੰ ਸਮਝਣ ਲਈ ਇਸ ਦੀ ਤਹਿ ਤਾਂਈ ਪੁੱਜਣਾ ਜਰੂਰੀ ਹੈ। ਰਾਗਮਾਲਾ ਦੀ ਕਹਾਣੀ ਜਿਵੇ ‘ਆਲਮ’
ਨੇ ਆਪਣੇ ਕਿੱਸੇ ‘ਮਾਧਵ ਨਲ ਕਾਮ ਕੰਦਲਾ’ ਵਿਚ ਦਰਜ ਕੀਤੀ ਹੈ ਅਜੇਹੀ ਕਹਾਣੀ ਹੀ ਅਖੌਤੀ ਦਸਮ
ਗ੍ਰੰਥ ਦੇ ਪੰਨਾ 925 ਤੇ ਦਰਜ ਚਰਿਤ੍ਰ ਨੰ:91, ਜਿਸ ਦੇ ਕੁਲ 65 ਛੰਦ ਹਨ, `ਚ ਵੀ ਦਰਜ ਹੈ। ਕਵੀ ਆਲਮ,
ਰਚਨਾ ਦੇ ਆਰੰਭ ਵਿੱਚ ਹੀ ਇਸ ਦੇ ਲਿਖੇ ਜਾਣ ਦਾ ਸਮਾਂ, “ਸੰਮਤੁ ਨੌ ਸੈ ਇਕਾਨਵਾ ਆਹੀ” ਭਾਵ 991 ਹਿਜਰੀ ਮੁਤਾਬਕ ਸੰਮਤ 1640 ਬਿਕ੍ਰਮ/1583 ਈ: ਲਿਖਦਾ ਹੈ। ਉਸ ਵੇਲੇ ਬਾਦਸ਼ਾਹ ਅਕਬਰ ਦਾ ਰਾਜ ਸੀ। ਜਿਸ ਦਾ ਜਿਕਰ ਕਵੀ ਨੇ ਆਪਣੇ ਇਨ੍ਹਾਂ ਸ਼ਬਦਾਂ
`ਚ ਕੀਤਾ ਹੈ; “ਦਿਲੀਪਤਿ ਅਕਬਰ ਸੁਲਤਾਨਾ। ਸਪਤ ਦੀਪ ਮਹਿ ਜਾ ਕੀ ਆਨਾ”। ਕਵੀ ਆਲਮ ਵੱਲੋਂ ਲਿਖੀ ਗਈ
ਇਕ ਵਿਦਵਾਨ ਪੰਡਿਤ ‘ਮਾਧਵ ਨਲ’ ਅਤੇ ਇਕ ਨਾਚੀ ‘ਕਾਮ ਕੰਦਲਾ’ ਦੀ ਪ੍ਰੇਮ ਕਹਾਣੀ, ਜਿਸ ਦੇ ਕੁਲ
179 ਛੰਦ ਹਨ, ਦੀ ਸੰਖੇਪ ਵਾਰਤਾ ਇਓ ਹੈ;
ਪੁਸ਼ਪਾਵਤੀ ਨਗਰੀ, ਜਿਥੇ
ਰਾਜਾ ਗੋਬਿੰਦ ਚੰਦ ਰਾਜ ਕਰਦਾ ਸੀ, ਉਸ ਦੇ ਦਰਬਾਰ ਵਿਚ ਮਾਧਵ ਨਲ
ਨਾਮ ਦਾ ਇਕ ਵਿਦਵਾਨ ਬ੍ਰਾਹਮਣ ਰਹਿੰਦਾ ਸੀ। ਉਹ ਵਿਆਕਰਣ, ਵੇਦ, ਖਟ ਸ਼ਾਸਤ੍ਰ , ਕੋਕ ਸ਼ਾਸਤ੍ਰ ਅਤੇ
ਸੰਗੀਤ ਦਾ ਬੜਾ ਮਾਹਿਰ ਸੀ।
“ਪਹੁਪਾਵਤੀ ਨਗਰੁ ਇਕ ਸੁਨਾ।
ਗੋਬਿੰਦ ਚੰਦੁ ਰਾਜਾ ਬਹੁ ਗੁਨਾ”।
“ਪੁਸ਼ਪਾਵਤੀ ਨਗਰੀ, ਜਿਥੇ
ਰਾਜਾ ਗੋਬਿੰਦ ਚੰਦ ਰਾਜ ਕਰਦਾ ਸੀ, ਬਿਲਹਾਰੀ ਦੇ ਨਾਮ ਨਾਲ ਸੀ. ਪੀ. ਦੇ ਇਲਾਕੇ ਵਿੱਚ ਪ੍ਰਸਿੱਧ
ਥਾਂ ਹੈ, ਜੋ ਕਟਨੀ ਰੇਲਵੇ ਸਟੇਸ਼ਨ ਤੋਂ 10 ਮੀਲ ਪੱਛਮ ਵੱਲ ਭਰਹੁਤ ਅਤੇ ਜੱਬਲਪੁਰ ਦੇ ਵਿਚਕਾਰ ਹੈ।
ਰਾਜਾ ਗੋਬਿੰਦ ਚੰਦ ਦਾ ਸਮਾਂ ਸੰਮਤ ੯੧੯ ਮੁਤਾਬਕ ੮੬੨ ਈ: ਹੈ। ਆਰਕਿਆਲੋਜੀਕਲ ਸਰਵੇ ਆਫ ਇੰਡੀਆਂ
ਦੀ ਰਿਪੋਰਟ ਨੰ: ੯ ਤੇ ਸਫ਼ਾ ੩੭ ਪੁਰ ਲਿਖਿਆ ਹੈ ਕਿ ‘ਬਿਲਹਾਰੀ’ ਵਿੱਚ ‘ਮਾਧਵ ਨਲ’ ਨੇ ਆਪਣੀ
ਪ੍ਰੇਮਿਕਾ ‘ਕਾਮ ਕੰਦਲਾ’ ਲਈ ਮਹਿਲ ਬਣਾਏ ਸਨ, ਜਿਨ੍ਹਾਂ ਦੇ ਖੰਡਰਾਤ ਉਥੇ ਹੁਣ ਤੱਕ ਵੇਖਣ ਵਿਚ
ਆਉਂਦੇ ਹਨ। ਇਸੇ ਰਿਪੋਰਟ ਦੇ ਅਖੀਰ ਵਿਚ ਕਾਮ ਕੰਦਲਾ ਦੇ ਮੰਦਰ ਦੀ ਇਕ ਤਸਵੀਰ ਵੀ ਦਿੱਤੀ ਹੋਈ
ਹੈ(ਵੇਖੋ ਟੇਬਲ ਨੰ: ੭)”। (ਸ਼ਮਸ਼ੇਰ ਸਿੰਘ ਅਸ਼ੋਕ, ਰਾਗਮਾਲਾ ਨਿਰਣਯ, ਪੰਨਾ 42)
ਮਾਧਵ ਨਲ ਨੂੰ
ਜਦੋਂ ਨਗਰ ਦੀਆ ਔਰਤਾਂ ਵੇਖਦੀਆਂ ਜਾ ਉਸ ਵੱਲੋਂ ਬਜਾਈ
ਬਹੁਤ ਹੀ ਮਿੱਠੀ ਧੁਨ `ਚ ਬੰਸਰੀ, ਦੀ ਅਵਾਜ਼ ਸੁਣਦੀਆਂ ਤਾਂ ਉਹ ਕਾਮਾਤੁਰ ਹੋ ਸੁੱਧ-ਬੁੱਧ
ਭੁਲ ਜਾਦੀਆਂ। ਘਰਾਂ `ਚ ਕਲੇਸ਼ ਪੈ ਜਾਂਦੇ। ਇਸ ਗੱਲ ਤੋਂ ਦੁਖੀ ਹੋਕੇ ਸ਼ਹਿਰ ਵਾਸੀਆਂ ਨੇ ਰਾਜੇ ਕੋਲ
ਮਾਧਵ ਨਲ ਦੀ ਸ਼ਿਕਾਇਤ ਕਰ ਦਿੱਤੀ। ਕਿ ਜਾ ਤਾ ਮਾਧਵ ਨਲ ਨੂੰ ਨਗਰੀ ਵਿੱਚੋਂ ਕੱਢ ਦਿਓ ਜਾ ਅਸੀਂ
ਨਗਰੀ ਛੱਡ ਕੇ ਜਾਂਦੇ ਹਾਂ। ਰਾਜੇ ਨੇ, ਸ਼ਿਕਾਇਤ ਦੀ ਪੜਤਾਲ ਕਰਨ ਖਾਤਰ ਫੁੱਲ-ਪੱਤੀਆਂ ਦੀ ਸੇਜ
ਤਿਆਰ ਕਰਵਾ ਕੇ ਉਸ ਤੇ ਸੁੰਦਰ ਔਰਤਾਂ ਨੂੰ ਬਿਠਾ ਦਿੱਤਾ। ਰਾਜੇ ਨੇ ਮਾਧਵ ਨਲ ਨੂੰ ਵੀ ਬੁਲਾ ਲਿਆ,
ਜਿਸ ਨੇ ਸਭਾ `ਚ ਬਹੁਤ ਹੀ ਰੀਝ ਨਾਲ ਬੰਸਰੀ ਬਜਾਈ, ਬੰਸਰੀ ਸੁਣ ਸਾਰੀਆਂ ਔਰਤਾਂ ਮੋਹਿਤ ਹੋ ਗਈਆਂ,
ਫੁੱਲਾਂ ਦੀਆਂ ਪੱਤੀਆਂ ਉਨ੍ਹਾਂ ਦੇ ਸ਼ਰੀਰਾਂ ਨਾਲ ਚਿਪਕ ਗਈਆਂ। ਰਾਜੇ ਨੂੰ ਆਪਣੀ ਪਰਜਾ ਦੀ ਸ਼ਿਕਾਇਤ
ਸੱਚੀ ਜਾਪੀ। ਰਾਜੇ ਨੇ ਮਾਧਵ ਨਲ ਨੂੰ ਬ੍ਰਾਹਮਣ ਜਾਣ ਕੇ ਕਤਲ ਤਾਂ ਨਾ ਕੀਤਾ ਪਰ ਦੇਸ਼
ਨਿਕਾਲੇ ਦਾ ਹੁਕਮ ਸੁਣਾ ਦਿੱਤਾ। ਮਾਧਵ ਨਲ ਉਥੋਂ ਚਲ ਕੇ ਕਾਮਾਵਤੀ ਨਗਰੀ ਪਹੁੰਚ ਗਿਆ।
ਇਥੇ ਕਾਮ ਸੈਨ
ਨਾਮ ਦਾ ਰਾਜਾ ਰਾਜ ਕਰਦਾ ਸੀ, ਜਿਸ ਦੇ ਦਰਬਾਰ ਵਿੱਚ ਸੁੰਦਰ ਇਸਤਰੀਆਂ ਨਾਚ ਕਰਿਆਂ ਕਰਦੀਆਂ ਸਨ।
ਜਦੋਂ ਮਾਧਵ ਨਾਲ ਉਥੇ ਪੁੱਜਾ ਤਾਂ ਰਾਜੇ ਦੇ ਦਰਬਾਰ `ਚ ਸੰਗੀਤ, ਨਾਚ ਗਾਣਾ ਚਲ ਰਿਹਾ ਸੀ। ਮਾਧਵ ਨਲ
ਵੀ ਨਾਚ-ਗਾਣੇ ਦਾ ਅਨੰਦ ਮਾਣਨਾ ਚਾਹੁੰਦਾ ਸੀ ਪਰ ਪ੍ਰਦੇਸੀ ਹੋਣ ਕਾਰਨ ਦਰਬਾਨ ਨੇ ਉਸ ਨੂੰ ਸਭਾ `ਚ
ਜਾਣ ਦੀ ਇਜਾਜ਼ਤ ਨਾ ਦਿੱਤੀ। ਮਾਧਵ ਨਲ ਬਾਹਰ ਬੈਠ ਗਿਆ। ਮਾਧਵ ਨੇ ਦਰਬਾਰੀ ਨੂੰ ਕਿਹਾ ਕਿ ਤੁਸੀਂ
ਆਪਣੇ ਆਪ ਨੂੰ ਸੰਗੀਤ ਦੇ ਬੜੇ ਮਾਹਿਰ ਸਮਝਦੇ ਹੋ, ਪਰ ਤਾਲ ਤਾ ਠੀਕ ਨਹੀ ਹੈ ਜਿਸ ਦੀ ਰਾਜੇ ਸਮੇਤ
ਕਿਸੇ ਨੂੰ ਵੀ ਸਮਝ ਨਹੀ ਹੈ। ਤਬਲਾ ਬਜਾਉਣ ਵਾਲੇ ਦੇ ਸੱਜੇ ਹੱਥ ਦੀਆਂ ਤਾਂ ਚਾਰ ਉਗਲੀਆਂ ਹੀ ਹਨ।
ਇਹ ਗੱਲ ਸੁਣ ਦਰਬਾਨ ਨੇ ਰਾਜੇ ਨੂੰ ਜਾ ਖ਼ਬਰ ਦਿੱਤੀ। ਜਦੋਂ ਰਾਜੇ ਨੇ ਪੜਤਾਲ ਕੀਤੀ ਤਾਂ ਜਾਣਕਾਰੀ
ਸਹੀ ਸਾਬਤ ਹੋਈ। ਤਬਲਾ ਬਜਾਉਣ ਵਾਲੇ ਦਾ ਅੰਗੂਠਾ ਮੋਮ ਦਾ ਸੀ। ਰਾਜੇ ਨੇ ਮਾਧਵ ਨਲ ਨੂੰ ਸਭਾ `ਚ
ਬੁਲਾ ਲਿਆ।
ਮਾਧਵ ਨਲ ਕਾਮ
ਸੈਨ ਦੀ ਸਭਾ `ਚ ਪੁੱਜ ਕੇ ਰਾਜੇ ਨੂੰ ਦੁਆ-ਸਲਾਮ ਕੀਤੀ। ਰਾਜੇ ਨੇ ਮਾਧਵ ਨਲ ਦਾ, ਬ੍ਰਾਹਮਣ ਜਾਣ
ਕੇ ਬਹੁਤ ਹੀ ਆਦਰ ਮਾਣ ਕੀਤਾ। ਕਾਮ ਸੈਨ ਰਾਜੇ ਨੇ ਮਾਧਵ ਨਲ ਨੂੰ ਸਿੰਘਾਸਣ ਤੇ ਬਿਠਾਇਆ। ਰਾਜੇ ਨੇ
ਮਾਧਵ ਨਲ ਨੂੰ ਮੁਕਟ ਭੇਟ ਕੀਤਾ, ਕਈ ਪ੍ਰਕਾਰ ਦੇ ਗਹਿਣੇ ਪਹਿਨਾਏ ਅਤੇ ਦੋ ਕ੍ਰੋੜ ਟਕੇ ਭੇਟ ਵੀ ਕਿਤੇ।
ਕਨਕ ਮੁਕਟ ਮਣਿ ਮੁਦ੍ਰ ਕਮਾਲਾ।
ਮਾਧਵ ਨਲ ਕਉ ਦੀਓ ਭੂਪਾਲਾ।
ਕੁੰਡਲ ਟੋਡਰ ਦੀਏ ਉਤਾਰੀ। ਪਹਿਰਾਏ ਭੂਖਨ ਸਭ ਝਾਰੀ।
ਟਕਾ ਕੋਟਿ ਦੁਇ ਦਛਨਾ ਦੀਨੇ।
ਸ੍ਵਸਤਿ ਬੋਲਿ ਮਾਧਵ ਨਲ ਲੀਨੇ।...(30)
ਉਸ ਵੇਲੇ ਕਾਮ ਕੰਦਲਾ, ਜੋ
ਖ਼ੁਦ ਕਾਮ ਦੀ ਮੂਰਤ ਸੀ, ਨਾਚ ਕਰ ਰਹੀ ਸੀ। ਕਾਮ ਕੰਦਲਾ ਨੇ ਜਦੋਂ ਮਾਧਵ ਨਲ ਨੂੰ ਵੇਖਿਆ ਤਾਂ ਉਹ
ਆਪਣੀ ਸੁੱਧ-ਬੁੱਧ ਭੁਲ ਗਈ। ਰੂਪ ਦੀ ਕਸ਼ਿਸ਼ ਕਰਕੇ ਦੋਵੇਂ ਇਕ ਦੁਜੇ ਵੱਲ ਖਿੱਚੇ ਗਏ। ਕਾਮ ਕੰਦਲਾ ਨੂੰ ਏਨਾਂ ਜੋਸ਼ ਆਇਆ ਕਿ ਉਸ ਨੇ ਆਪਣੀਆਂ ਸਾਥਣਾਂ ਨਾਲ ਇਕ
ਤੋਂ ਪਿਛੋਂ ਦੂਜਾ, ਦੂਜੇ ਪਿਛੋਂ ਤੀਜਾ, ਰਾਗ-ਰਾਗਣੀਆਂ ਇਕੋ ਸਾਹ ਹੀ ਗਾਉਣੇ ਅਰੰਭ ਕਰ ਦਿੱਤੇ।
ਕਾਮ ਕੰਦਲਾ ਵੱਲੋਂ ਗਾਏ ਗਏ ਸਾਰੇ ਰਾਗ ਰਾਗਣੀਆਂ ਦਾ ਵਰਨਣ ਆਲਮ ਕਵੀ ਨੇ ਆਪਣੇ ਇਨ੍ਹਾਂ ਸ਼ਬਦਾਂ `ਚ
ਕੀਤਾ ਹੈ;
ਚੌਪਈ
ਰਾਗ ਏਕ ਸੰਗ ਪੰਚ ਬਰੰਗਨ।
ਸੰਗ ਅਲਾਪਹਿ ਆਠਉ ਨੰਦਨ।
ਪ੍ਰਥਮ ਰਾਗ ਭੇਰਵ ਵੈ ਕਰਹੀ। ਪੰਚ ਰਾਗਨੀ ਸੰਗ ਉਚਰਹੀ।
ਪ੍ਰਥਮ ਭੈਰਵੀ ਬਿਲਾਵਲੀ। ਪੁਨਿਆ ਕੀ ਗਾਵਹਿ ਬੰਗਲੀ।
ਪੁਨ ਅਸਲੇਖੀ ਕੀ ਭਈ ਬਾਰੀ। ਇਹ ਭੇਰੋਂ ਕੀ ਪਾਂਚੋਂ ਨਾਰੀ।
ਪੰਚਮ ਹਰਖ ਦਿਸਾਖ ਸੁਨਾਵਹਿ। ਬੰਗਾਲਾ ਮਧੁ ਮਾਧਵ ਗਾਵਹਿ।
ਦੋਹਰਾ
ਲਲਿਤ ਬਿਲਾਵਲਿ ਗਾਵਹੀ, ਅਪਨੀ ਅਪਨੀ ਭਾਤਿ।
ਆਠ ਪੁਤ੍ਰ ਭੈਰਵ ਕੇ, ਗਾਇਨ ਗਾਵਹਿ ਪ੍ਰਾਤਿ॥੩੪॥
ਚੌਪਈ
ਦੁਤੀਆ ਮਾਲਿ ਕਉਸਕ ਅਲਾਪਹਿ। ਸੰਗ ਰਾਗਨੀ ਪਾਂਚੋਂ ਥਾਪਹਿ।
ਗੌਡ ਕਰੀ ਅਰ ਦੇਵ ਕੰਧਾਰੀ। ਗੰਧਾਰੀ ਸੀਹੁਤੀ ਉਚਾਰੀ।
ਧੰਨਾਸਰੀ ਏ ਪਾਂਚੋ ਗਾਈ। ਮਾਲ ਕੌਸ ਰਾਗ ਸੰਗ ਲਾਈ।
ਮਾਰੂ ਮਸਤ ਅੰਗ ਮੇ ਵਾਰਾ। ਪ੍ਰਬਲ ਚੰਦ ਕਉਸਕ ਉਭਾਰਾ।
ਕੌਖਟ ਅਉ ਭਉਰਾਨੰਦ ਗਾਏ। ਮਾਲ ਕੌਸ ਰਾਗ ਸੰਗ ਲਾਏ।
ਸੋਰਠਾ
ਪੁਨਿ ਆਯੋ ਹਿੰਡੋਲ, ਪਾਂਚ ਨਾਰ ਸੰਗ ਅਸਟ ਸੁਤ।
ਉਠੈ ਤਾਨ ਕਲੋਲ, ਗਾਵਹਿ ਤਾਲਿ ਮਿਲਾੲਕੈ॥੩੫॥
ਚੌਪਈ
ਤਿਲੰਗੀ ਦੇਵਕਰੀ ਆਈ। ਬਾਸੰਤੀ ਸਿੰਧੂਰ ਸੁਹਾਈ।
ਸਰਸ ਅਹੀਰੀ ਲੈ ਭਾਰਜਾ। ਸੰਗ ਲਾਈ ਪਾਂਚੋਂ ਆਰਜਾ।
ਸੁਰਮਾਨੰਦ ਭਾਸਕਰ ਆਏ। ਚੰਦ੍ਰ ਬਿੰਬ ਮੰਗਲਨਿ ਸੁਹਾਏ।
ਪੰਚ ਬਾਨ ਯਉ ਆਹਿ ਬਿਨੋਦਾ। ਗਾਵਹਿ ਸਰਸ ਬਸੰਤ ਕਮੋਦਾ।
ਅਸਟ ਪੁਤ੍ਰ ਉਨ ਕਹੇ ਸਵਾਰੀ। ਪੁਨ ਆਈ ਦੀਪਕ ਕੀ ਬਾਰੀ।
ਦੋਹਰਾ
ਕਾਛੇਲੀ ਪਟ ਮੰਜਰੀ, ਟੋਡੀ ਕਹੀ ਅਲਾਪਿ।
ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪ॥੩੬॥
ਚੌਪਈ
ਕਾਲਿੰਗਾ ਕੁੰਤਲ ਅਉ ਰਾਮਾ। ਕਮਲ ਕੁਸਮ ਪੰਚਨ ਕੇ ਨਾਮਾ।
ਗੌਰਾ ਅਉ ਕਾਨਰਾ ਕਲਿਆਨਾ। ਅਸਟ ਪੁਤ੍ਰ ਦੀਪਕ ਕੇ ਜਾਨਾ।
ਸਭ ਮਿਲਿ ਸਿਰੀ ਰਾਗ ਵੈ ਗਾਵਹਿ। ਪਾਂਚੋ ਸੰਗ ਬਰੰਗਨ ਲਾਵਹਿ।
ਬੈਰਾਟੀ ਕਰਨਾਟੀ ਧਰੀ। ਗੌਰੀ ਗਾਵਹਿ ਆਸਾਵਰੀ।
ਪੁਨਿ ਪਾਛੈ ਸਿੰਧਵੀ ਅਲਾਪੀ। ਸਿਰੀ ਰਾਗ ਸੰਗ ਪਾਂਚੋ ਥਾਪੀ।
ਦੋਹਰਾ
ਮਾਲਵ ਸਾਰੰਗ ਸਾਗਰਾ, ਅਉਰ ਗੌਡ ਗੰਭੀਰ।
ਆਠ ਪੁਤ੍ਰ ਸਿਰੀ ਰਾਗ ਕੇ, ਗੁੰਡ ਕੁੰਭ ਹਮੀਰ॥੩੭॥
ਚੌਪਈ
ਖਸਟਮ ਮੇਘ ਰਾਗ ਵੈ ਗਾਵਹਿ। ਪਾਂਚੋ ਸੰਗ ਬਰੰਗਨਿ ਲਾਵਹਿ।
ਸੋਰਠ ਗੌਡ ਮਲਾਰੀ ਧੁਨੀ। ਪੁਨ ਗਾਵਹਿ ਆਸਾ ਗੁਨ ਗੁਨੀ।
ਊਚੇ ਸੁਰ ਸੂਹਵਿ ਪੁਨਿ ਕੀਨੀ। ਮੇਘ ਰਾਗ ਸੋ ਪਾਂਚੋ ਚੀਨੀ।
ਬੈਰਾਟੀ ਗਜਧਰ ਕੇਦਾਰਾ। ਜਲਧਰ ਅਉ ਨਟ ਜਬਲੀ ਧਾਰਾ।
ਪੁਨ ਗਾਵਹਿ ਸੰਕਰ ਅਰੁ ਸਿਆਮਾ। ਮੇਘ ਰਾਗ ਪੁਤ੍ਰਨਿ ਕੇ ਨਾਮਾ।
ਦੋਹਰਾ
ਖਸਟ ਰਾਗ ਉਨ ਮਿਲ ਕਹੇ, ਸੰਗ ਰਾਗਨੀ ਤੀਸ।
ਸਭੈ ਪੁਤ੍ਰ ਰਾਗੰਨ ਕੇ, ਆਠਾਰਹਿ ਦਸਬੀਸ॥੩੮॥
ਕਾਮ ਕੰਦਲਾ
ਨੇ ਚੰਦਨ ਦੀ ਅੰਗੀ ਪਾਈ ਹੋਈ ਸੀ। ਚੰਦਨ ਦੀ ਵਾਸ਼ਨਾ ਲੈ ਕੇ ਭੌਰਾ ਉਥੇ ਆ ਬੈਠਿਆ। ਕਾਮ ਕੰਦਲਾ
ਨੇ ਆਪਣੇ ਨ੍ਰਿਤ `ਚ ਕਿਸੇ ਕਿਸਮ ਦਾ ਵਿਘਨ ਪੈਣ ਤੋਂ ਬਿਨਾ ਹੀ ਆਪਣਾ ਸਾਹ ਰੋਕ ਕੇ, ਛਾਤੀਆਂ ਦੇ
ਝਟਕੇ ਤੋਂ ਪੈਦਾ ਕੀਤੀ ਹਵਾ ਨਾਲ ਭੌਰੇ ਨੂੰ ਉਡਾ ਦਿੱਤਾ। ਇਸ ਭੇਤ ਨੂੰ ਮਾਧਵ ਨਲ ਨੇ ਸਮਝ ਲਿਆ।
ਨਾਚ ਤੋਂ ਪ੍ਰਸੰਨ ਹੋਕੇ ਮਾਧਵ ਨਲ ਨੇ ਬਹੁਤ ਸਾਰਾ ਧੰਨ, ਜੋ ਰਾਜੇ ਨੇ ਉਸ ਨੂੰ ਦਿੱਤਾ ਸੀ, ਕਾਮ
ਕੰਦਲਾ ਨੂੰ ਦੇ ਦਿੱਤਾ। ਇਹ ਵੇਖ ਕੇ ਰਾਜਾ ਕਾਮ ਸੈਨ ਕ੍ਰੋਧਿਤ ਹੋ ਗਿਆ। ਰਾਜੇ ਨੇ ਸੋਚਿਆ ਕਿ ਮੈਂ
ਜੋ ਧਨ ਇਸ ਨੂੰ ਦਿੱਤਾ ਸੀ ਉਹ ਇਸ ਨੇ ਲੁਟਾ ਦਿੱਤਾ ਹੈ ਅਜੇਹਾ ਵਿਅਕਤੀ ਮੇਰੇ ਦਰਬਾਰ `ਚ ਨਹੀ
ਰਹਿਣਾ ਚਾਹੀਦਾ। ਬ੍ਰਾਹਮਣ ਜਾਣ ਕੇ ਰਾਜੇ ਨੇ ਉਸ ਦੀ ਜਾਨ ਤਾ ਬਖ਼ਸ਼ ਦਿੱਤੀ ਪਰ ਨਗਰ ਛੱਡਣ ਦਾ ਹੁਕਮ
ਸੁਣਾ ਦਿੱਤਾ। ਮਾਧਵ ਨਲ ਨੇ ਵੀ ਰਾਜੇ ਨੂੰ ਸਰਾਪ ਦੇ ਦਿੱਤਾ। ਹੇ ਰਾਜਾ!
ਵੱਡੇ ਵੱਡੇ ਰਾਜੇ ਮੇਰੇ ਪੈਰੀ ਪੈਂਦੇ ਹਨ। ਤੂੰ ਇਕ ਬ੍ਰਾਹਮਣ ਦਾ ਨਿਰਾਦਰ ਕੀਤਾ ਹੈ, ਤੈਨੂੰ ਇਸ
ਦੀ ਸਜਾ ਭੁਗਤਣੀ ਪਵੇਗੀ।
ਮਾਧਵ ਨਲ ਨੇ
ਕਾਮ ਕੰਦਲਾ ਦੇ ਘਰ ਪੁਜ ਕੇ ਸਾਰੀ ਵਾਰਤਾ ਉਸ ਨੂੰ ਦੱਸੀ। ਕਾਮ ਕੰਦਲਾ ਨੇ ਵੀ ਰਾਜੇ ਦੀ ਨਿੰਦਾ
ਕੀਤੀ ਅਤੇ ਕਿਹਾ ਕਿ ਜਿਹੜਾ ਰਾਜਾ ਤੇਰੇ ਵਰਗੇ ਸੂਝਵਾਨ ਦੀ ਕਦਰ ਨਹੀਂ ਕਰਦਾ, ਉਸ ਦੇ ਨਗਰ `ਚ ਨਹੀ
ਰਹਿਣਾ ਚਾਹੀਦਾ। ਮੈਂ ਵੀ ਤੇਰੇ ਨਾਲ ਹੀ ਚਲੇ ਜਾਵਾਂਗੀ। ਮਾਧਵ ਨਲ ਨੇ
ਕਾਮ ਕੰਦਲਾ ਨੂੰ ਕਿਹਾ, ਹੇ ਸੁੰਦਰੀ! ਤੁਸੀਂ ਇਥੇ ਰਹੋ ਅਤੇ ਮੈਨੂੰ
ਜਲਦੀ ਵਿਦਾ ਕਰੋ। ਮੇਰੇ ਜਾਣ ਦਾ ਕੋਈ ਗਮ ਨਹੀ ਕਰਨਾ ਅਤੇ ਰਾਮ ਦਾ ਨਾਮ ਜਪਣਾ ਹੈ। ਕਾਮ ਕੰਦਲਾ ਇਹ
ਸੁਣ ਕੇ ਬੇਹੋਸ਼ ਹੋ ਕੇ ਧਰਤੀ ਉਤੇ ਡਿੱਗ ਪਈ। ਉਸ ਦਾ ਰੰਗ ਪੀਲਾ ਪੈ ਗਿਆ। ਉਹ ਵਿਯੋਗ `ਚ ਤੜਪਣ
ਲੱਗੀ। ਪਰ ਮਾਧਵ ਨਲ ਉਸ ਨੂੰ ਰੋਂਦੀ–ਕੁਰਲਾਂਦੀ ਨੂੰ ਛੱਡ ਹਵਾ ਦੀ ਤੇਜੀ ਨਾਲ ਉਠ
ਕੇ ਚਲਾ ਗਿਆ। ਬਿਰਹੋਂ ਵਿੱਚ ਭਟਕਦਾ-ਭਟਕਦਾ ਉਹ ਰਾਜਾ ਬਿਕ੍ਰਮਜੀਤ ਦੇ ਰਾਜ `ਚ ਪੁੱਜ ਗਿਆ।
ਰਾਜਾ
ਬਿਕ੍ਰਮਾਜੀਤ ਰੋਜ਼ਾਨਾ ਹੀ ਮੰਦਰ `ਚ ਜਾਂਦਾ, ਪੂਜਾ ਕਰਕੇ ਆਪਣਾ ਕਾਰ ਵਿਹਾਰ ਅਰੰਭ ਕਰਦਾ ਸੀ। ਮਾਧਵ
ਨਲ ਨੇ ਉਥੇ ਇਕ ਦੋਹਰਾ ਲਿਖ ਦਿੱਤਾ ਤਾਂ ਜੋ ਰਾਜਾ ਪੜ੍ਹੇ ਤੇ ਉਸ ਦੀ ਕੋਈ ਸਹਾਇਤਾ ਕਰੇ। ਰਾਜਾ
ਬਿਕ੍ਰਮਾਜੀਤ ਰੋਜ਼ਾਨਾ ਦੀ ਤਰ੍ਹਾਂ ਮੰਦਰ ਆਇਆ, ਮਹਾ ਦੇਵ ਦੀ ਪੂਜਾ-ਅਰਚਨਾ ਆਦਿ ਕਰਨ ਉਪ੍ਰੰਤ,
ਰਾਜੇ ਨੇ ਮਾਧਵ ਨਲ ਵੱਲੋਂ ਲਿਖਿਆ ਦੋਹਰਾ ਪੜ੍ਹਿਆ ਤਾਂ ਰਾਜਾ ਹੈਰਾਨ ਹੋ ਗਿਆ ਕਿ ਇਹ ਵਿਯੋਗੀ ਕੋਣ
ਹੈ? ਉਸ ਨੂੰ ਬੁਲਾਵਾ ਭੇਜਿਆ ਤਾ ਜੋ ਉਸ ਦੀ ਸਮੱਸਿਆ ਦਾ ਕੋਈ ਹਲ ਕੀਤਾ ਜਾ ਸਕੇ। ਮਾਧਵ ਨਲ, ਰਾਜੇ
ਦੇ ਦਰਬਾਰ `ਚ ਹਜ਼ਾਰ ਹੋਇਆ ਤਾਂ ਰਾਜੇ ਨੇ ਬ੍ਰਾਹਮਣ ਜਾਣ ਕੇ ਆਦਰ ਪੂਰਵਕ ਆਸਣ ਤੇ ਬਿਠਾਇਆ ਤੇ
ਪੁੱਛਿਆ ਕਿ ਮੈਂ ਕੀ ਸਹਾਇਤਾ ਕਰ ਸਕਦਾ ਹਾਂ? ਜੇ ਪ੍ਰਾਣ ਵੀ ਲੱਗ ਜਾਣ ਤਾ ਵੀ ਮੈਂ ਤੇਰੇ ਨਾਲ
ਖੜਗਾਂ।
ਮਾਧਵ ਨਲ ਨੇ
ਸਾਰਾ ਭੇਦ ਦੱਸਿਆ ਤੇ ਰਾਜੇ ਨੂੰ ਕਿਹਾ ਕਿ ਮੇਰੀ ਕਾਮ ਕੰਦਲਾ ਮੈਨੂੰ ਮਿਲਾ ਦਿੱਤੀ ਜਾਵੇ। ਰਾਜਾ
ਬ੍ਰਾਹਮਣ ਦੀ ਮੰਗ ਕਿਵੇਂ ਟਾਲ ਸਕਦਾ ਸੀ। ਰਾਜੇ ਬਿਕ੍ਰਮਾਜੀਤ ਨੇ ਆਪਣੀ ਫੌਜ ਨੂੰ ਤਿਆਰੀ ਦਾ ਹੁਕਮ
ਦੇ ਦਿੱਤਾ ਅਤੇ ਆਪ ਵੀ ਸ਼ਸਤਰ ਧਾਰ ਲਏ ਸ਼ਰੀਰ ਤੇ ਕਵਚ ਆਦਿ ਪਾ ਲਏ, ਹੋਰ ਦੇਸਾਂ ਦੇ ਰਾਜਿਆਂ ਨੂੰ
ਸੱਦਾ ਭੇਜ ਦਿੱਤਾ, ਛਪੰਜਾ ਕ੍ਰੋੜ ਫੌਜੀ
ਟੁਕੜੀਆਂ, 9 ਹਾਜ਼ਰ ਹਾਥੀ, 20 ਲੱਖ ਘੋੜ ਸਵਾਰ ਅਣਗਿਣਤ ਸੋਨੇ ਦੇ ਰੱਥ ਅਤੇ ਤਰ੍ਹਾਂ-ਤਰ੍ਹਾਂ ਦੇ
ਸ਼ਸਤਰਾਂ ਨਾਲ ਲੈਸ ਹੋ ਕੇ ਕਾਮਵਤੀ ਨਗਰੀ ਤੇ ਚੜਾਈ
ਕਰ ਦਿੱਤੀ।
ਛਪਨ ਕੋਟਿ ਨੀਸਾਨ ਬਜਾਏ। ਦੇਸ ਦੇਸ ਕੇ ਰਾਜਾ ਆਏ।
ਸ਼ਾਜਹਿ ਰਥ ਮਾਂਜਹਿ ਹਥੀਆਰਾ। ਧਣਖ ਟਕੋਰ ਹੋਇ ਅਸਵਾਰਾ।...
ਨਵ ਸਹੰਸ੍ਰ ਗਜ ਇੰਦ੍ਰ ਬਨਾਏ।
ਬੀਸ ਲਾਖ ਅਸਵਾਰ ਗਿਨਾਏ।
ਦੋਹਰਾ
ਅਗਨਤ ਰਥ ਕੰਚਨਹਿ ਕੇ, ਜੋਤੇ ਧਵਲ ਤੁਰੰਗ।
ਪਾਇਕ ਪੈਦਲ ਕੋੜਿ ਗਿਨ, ਹਾਟਿ ਪਟਣ ਬਹੁ ਸੰਗ॥੧੧੫॥
ਰਾਜਾ
ਬਿਕ੍ਰਮਾਜੀਤ ਨੇ ਆਪਣੀ ਫੌਜ ਨੂੰ, ਰਾਜਾ ਕਾਮ ਸੈਨ
ਦੀ ਨਗਰੀ ਕਾਮਾਵਤੀ ਤੋਂ 10 ਯੋਜਨ ਪਿਛੇ ਹੀ ਰੋਕ ਲਿਆ। ਰਾਜੇ ਨੇ ਸੋਚਿਆ ਕਿ ਵੇਖਿਆ ਤਾ ਜਾਵੇ ਕੀ
ਇਨ੍ਹਾਂ ਦਾ ਪਿਆਰ ਸੱਚਾ ਹੈ? ਰਾਜਾ ਬਿਕ੍ਰਮਾਜੀਤ ਜੋਗੀ ਦਾ ਰੂਪ ਧਾਰ ਕੇ ਆਪ ਉਥੇ ਗਿਆ ਜਿਥੇ ਕਾਮ
ਕੰਦਲਾ ਮਾਧਵ ਨਲ ਦੇ ਵਿਯੋਗ `ਚ ਤੜਪ ਰਹੀ ਸੀ। ਰਾਜੇ ਨੇ ਕਾਮ ਕੰਦਲਾ ਨੂੰ ਕਿਹਾ ਕਿ ਤੇਰੇ ਵਿਯੋਗ
ਵਿੱਚ ਜੋਗੀ ਮਾਧਵ ਨਲ ਦੀ ਉਜੈਨ ਨਗਰੀ ਵਿਚ ਮੌਤ
ਹੋ ਗਈ ਹੈ। ਇਹ ਸੁਣਦਿਆਂ ਹੀ ਕਾਮ ਕੰਦਲਾ ਨੇ ਵੀ ਪ੍ਰਾਣ ਤਿਆਗ ਦਿੱਤੇ। ਰਾਜਾ ਬਹੁਤ ਦੁਖੀ ਹੋਇਆ
ਕਿ ਮੇਰੇ ਕਾਰਨ ਇਕ ਇਸਤਰੀ ਦੀ ਜਾਨ ਚਲੇ ਗਈ ਹੈ। ਬਿਕ੍ਰਮਾਜੀਤ ਨੇ ਵਾਪਸ ਆ ਕੇ ਇਹ ਖ਼ਬਰ ਮਾਧਵ ਨਲ
ਨੂੰ ਸੁਣਾਈ ਤਾਂ ਉਹ ਵੀ ਅੱਖ ਦੇ ਪਲਕਾਰੇ `ਚ ਹੀ ਦਮ ਤੋੜ ਗਿਆ। ਇਹ ਕੌਤਕ ਵੇਖ ਕੇ ਰਾਜਾ ਬਹੁਤ
ਦੁਖੀ ਹੋਇਆ। ਇਕ ਔਰਤ ਅਤੇ ਇਕ ਬ੍ਰਾਹਮਣ ਦੀ ਹੱਤਿਆ ਵਾਸਤੇ ਉਹ ਆਪਣੇ ਆਪ ਨੂੰ ਦੋਸ਼ੀ ਸਮਝ ਕੇ,
ਪਸ਼ਚਾਤਾਪ ਕਰਨ ਲਈ ਸੜ–ਮਰਨ ਦਾ ਨਿਸ਼ਚਾ ਕਰ ਲਿਆ।
ਰਾਜਾ
ਬਿਕ੍ਰਮਾਜੀਤ ਨੇ ਚੰਦਨ ਦੀ ਚਿਖਾ ਤਿਆਰ ਕਰਵਾਈ, ਗਊਆਂ ਦਾਨ ਕੀਤੀਆਂ, ਹੋਰ ਸਾਰੇ ਕਰਮ ਕਾਂਡ ਕਰਕੇ
ਸੂਰਜ ਨੂੰ ਨਮਸਕਾਰ ਕਰਕੇ ਜਿੰਦਾ ਸੜਨ ਲੱਗਿਆ ਤਾਂ ਦੇਵਤਿਆਂ ਨੂੰ ਭਾਜੜਾਂ ਪੈ ਗਈਆਂ। ਇਕ ਬੈਤਾਲ
ਦੇਵ ਲੋਕ `ਚ ਅੰਮ੍ਰਿਤ ਦਾ ਘੜਾ ਲੈ ਆਇਆ। ਜਦੋਂ ਮਾਧਵ ਤੇ
ਅੰਮ੍ਰਿਤ ਛਿੜਕਿਆਂ ਗਿਆ ਤਾਂ ਉਹ ਕਾਮ ਕੰਦਲਾ- ਕਾਮ ਕੰਦਲਾ ਕਹਿੰਦਾ ਉਠ ਖਲੋਇਆਂ। ਇਹ ਕੌਤਕ ਵੇਖ ਕੇ ਬਿਕ੍ਰਮਾਜੀਤ ਨੇ ਬੇਤਾਲ ਦੇ ਪੈਰ ਫੜ ਲਏ। ਫੇਰ ਰਾਜਾ ਵੈਦ ਦਾ ਭੇਸ
ਬਣਾ ਕੇ ਕਾਮ ਕੰਦਲਾ ਦੇ ਘਰ ਗਿਆ ਤੇ ਉਸ ਤੇ ਅੰਮ੍ਰਿਤ ਛਿੜਕਿਆਂ। ਕਾਮ ਕੰਦਲਾ ਮਾਧਵ-ਮਾਧਵ ਕਹਿੰਦੀ
ਉਠ ਬੈਠੀ। ਇਹ ਕੌਤਕ ਵੇਖ ਕੇ ਕੰਦਲਾ ਦੀਆ ਸਖੀਆਂ ਨੇ ਵੈਦ ਨੂੰ ਬਹੁਤ ਕੀਮਤੀ ਤੋਹਫ਼ੇ ਭੇਟ ਕੀਤੇ ਪਰ
ਵੈਦ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਵੈਦ ਨੇ ਸਾਰਾ ਭੇਦ ਖੋਲਿਆ ਅਤੇ ਦੱਸਿਆ ਕਿ ਮੈਂ ਊਜੈਨ ਦਾ
ਰਾਜਾ ਬਿਕ੍ਰਮਾਜੀਤ ਹਾਂ। ਕਾਮ ਕੰਦਲਾ ਨੇ ਕਿਹਾ ਕਿ ਮੈਨੂੰ ਮਾਧਵ ਨਾਲ ਮਿਲਾ ਦਿਓ ਤਾਂ ਰਾਜੇ ਨੇ
ਉਸ ਨਾਲ ਬਚਨ ਕੀਤਾ ਤੇ ਵਾਪਸ ਆ ਗਿਆ।
ਰਾਜਾ ਬਿਕ੍ਰਮਾਜੀਤ ਨੇ ਕਾਮਸੈਨ ਰਾਜੇ ਨੂੰ
ਸੁਨੇਹਾ ਭੇਜਿਆ ਕਿ ਕਾਮ ਕੰਦਲਾ ਸਾਡੇ ਹਵਾਲੇ ਕਰ ਦਿੱਤੀ ਜਾਵੇ ਜਾ ਲੜਾਈ ਲਈ ਲਈ ਸਾਹਮਣੇ
ਆ ਜਾਵੇ। ਬਿਕ੍ਰਮਾਜੀਤ ਦਾ ਸੁਨੇਹਾ ਸੁਣ ਰਾਜਾ ਕਾਮ ਸੈਨ ਬੜਾ ਦੁਖੀ ਹੋਇਆ ਕਿਉਂਕਿ ਰਾਜਾ ਕਾਮ
ਕੰਦਲਾ ਨੂੰ ਤਿਆਗਣਾ ਨਹੀ ਸੀ ਚਾਹੁੰਦਾ। ਕਾਮ ਸੈਨ ਰਾਜੇ ਨੇ ਸੁਲਾ-ਸਫਾਈ ਦੀ ਬਜਾਏ ਜੰਗ ਨੂੰ
ਤਰਜੀਹ ਦਿੱਤੀ। ਦੋਹਾਂ ਧਿਰਾਂ `ਚ ਬਹੁਤ ਹੀ ਭਿਆਨਕ ਯੁੱਧ ਹੋਇਆ ਤਾਂ ਅਖੀਰ ਕਾਮ ਸੈਨ ਨੇ ਹਾਰ ਮੰਨ
ਲਈ।
ਕਾਮਸੈਨ ਰਾਜਾ ਮਨ ਹਾਰਾ। ਕਹੈ ਕਿ
ਮਿਲਉ ਛਾਡਿ ਹਥੀਆਰਾ।
ਹਾਥ ਜੋਰ ਕੇ ਸਨਮੁਖ ਆਵਾ।
ਬਿਕ੍ਰਮ ਆਗੈ ਸੀਸ ਨਿਵਾਵਾ।
ਅੰਤ ਕਾਮ ਕੰਦਲਾ ਮਾਧਵ ਨਲ ਨੂੰ ਦੇ ਦਿੱਤੀ ਅਤੇ ਰਾਜਾ ਬਿਕ੍ਰਮਾਜੀਤ ਯੁੱਧ
ਜਿੱਤ ਕੇ ਵਾਪਸ ਉਜੈਨ ਨੂੰ ਚਲੇ ਗਿਆ।
ਕਥਾ ਚੌਪਈ ਆਲਿਮ ਕੀਨੀ। ਪਹਿਲੇ ਕਥਾ ਸ੍ਰਵਨ ਸੁਨਿ ਲੀਨੀ।
ਕਹੂੰ ਕਹੂੰ ਬੀਚ ਦੋਹਰਾ ਪਰੇ।
ਕਹੂੰ ਕਹੂੰ ਬੀਚ ਸੋਰਠਾ ਧਰੇ।...
ਕਾਮੀ ਰਸਿਕ ਪੁਰਖੁ ਜੋ ਸੁਨਹੀ।
ਤੇ ਯਹ ਕਥਾ ਰੈਨ ਦਿਨ ਗੁਨਹੀ।...॥੧੭੯॥
ਇਤਿ ਮਾਧਵ ਨਲ ਕਾਮ ਕੰਦਲਾ ਕੀ
ਕਥਾ ਸੰਪੂਰਨ ਸਮਾਪਤੰ।
ਜਿਵੇ ਕਿ ਉਪਰ ਜਿਕਰ ਕੀਤਾ ਜਾ ਚੁੱਕਾ ਹੈ ਇਹ ਕਹਾਣੀ
ਅਖੌਤੀ ਦਸਮ ਗ੍ਰੰਥ ਦੇ ਪੰਨਾ 925 ਤੇ (ਚਰਿਤ੍ਰ
ਨੰ:91) ਵੀ ਦਰਜ ਹੈ। ਫਰਕ ਸਿਰਫ ਏਨਾ ਹੈ ਕਿ ਆਲਮ ਦੇ ਲਿਖਣ ਮੁਤਾਬਕ ਤਾਂ ਰਾਜਾ ਲੜਾਈ ਤੋਂ ਪਹਿਲਾ ਹੀ ਕਾਮ
ਕੰਦਲਾ ਨੂੰ ਮਿਲਣ ਗਿਆ ਸੀ ਪਰ ਅਖੌਤੀ ਦਸਮ ਗ੍ਰੰਥ `ਚ ਦਰਜ ਕਹਾਣੀ ਮੁਤਾਬਕ ਲੜਾਈ ਪਹਿਲਾ ਹੋਈ ਸੀ
ਅਤੇ ਰਾਜਾ ਕਾਮ ਸੈਨ ਮਾਰਿਆ ਗਿਆ ਸੀ। ਬਾਕੀ ਕਹਾਣੀ ਤਕਰੀਬਨ ਰਲਦੀ–ਮਿਲਦੀ
ਪਰ ਸੰਖੇਪ ਹੈ। ਅਖੌਤੀ ਦਸਮ ਗ੍ਰੰਥ `ਚ ਦਰਜ ਕਹਾਣੀ ਵਿਚ ਕਾਮ ਕੰਦਲਾ ਵੱਲੋਂ ਗਾਏ ਗਏ ਰਾਗਾਂ ਦਾ ਜਿਕਰ
ਨਹੀਂ ਹੈ।
ਇਹ ਕਹਾਣੀ
ਲਿਖਣ ਦਾ ਭਾਵ ਇਹ ਹੈ ਕਿ ਪਾਠਕ ਰਾਗਮਾਲਾ ਦੇ ਪਿਛੋਕੜ ਤੋਂ ਜਾਣੂ ਹੋ ਸਕਣ। ਹੋਰ ਕਹਾਣੀਆਂ ਦੀ
ਤਰ੍ਹਾਂ ਇਹ ਵੀ ਇਕ ਸ਼ਿੰਗਾਰ ਰਸੀ ਅਤੇ ਉਤੇਜਿਤ, ਮਨੋਕਲਪਿਤ ਕਹਾਣੀ ਹੈ। ਜਿਸ ਨੂੰ ਵੱਖ-ਵੱਖ
ਲਿਖਾਰੀਆਂ ਨੇ ਆਪੋ ਆਪਣੇ ਅੰਦਾਜ਼ `ਚ ਲਿਖਿਆ ਹੈ। ਪੁਰਾਤਨ ਕਹਾਣੀ ਨੂੰ ਅਖੌਤੀ
ਦਸਮ ਗ੍ਰੰਥ ਦੇ ਲਿਖਾਰੀ ਨੇ ਆਪਣੇ ਅੰਦਾਜ਼ `ਚ ਲਿਖਿਆ ਜਿਸ ਦੇ ਕੁਲ 65 ਛੰਦ ਹਨ। ਇਸੇ ਕਹਾਣੀ ਨੂੰ
ਕਵੀ ਆਲਮ ਨੇ ਵੀ ਆਪਣੇ ਅੰਦਾਜ਼ `ਚ ਲਿਖਿਆ ਹੈ ਜਿਸ ਦੇ ਕੁਲ 179 ਛੰਦ ਹਨ। ਜਿਸ `ਚ 5 ਛੰਦ (34 ਤੋਂ 38) ਜਿਨ੍ਹਾਂ `ਚ ਰਾਗਾਂ
ਦਾ ਵਰਨਣ ਹੈ, ਕਿਸੇ ਸ਼ਰਾਰਤੀ ਵੱਲੋਂ ਕਿਸੇ ਸਾਜ਼ਿਸ਼ ਤਹਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਤੇ
ਰਾਗਮਾਲਾ ਦੇ ਸਿਰਲੇਖ ਹੇਠ ਦਰਜ ਕਰ ਦਿੱਤੇ ਗਏ ਹਨ। ਜੇ
ਪਹਿਲਾ ਨਹੀ ਤਾਂ ਘਟੋ ਘੱਟ ਸ਼੍ਰੋਮਣੀ ਕਮੇਟੀ ਦੇ ਹੋਂਦ ਵਿਚ ਆਉਣ
ਤੋਂ ਪਿੱਛੋਂ ਤਾਂ ਇਸ ਬਾਰੇ ਜਰੂਰ ਹੀ ਵਿਚਾਰ ਹੋਣੀ ਚਾਹੀਦੀ ਸੀ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ
ਹੈ ਕਿ ਸ਼੍ਰੋਮਣੀ ਕਮੇਟੀ ਨੇ 1945 `ਚ ਰਹਿਤ ਮਰਯਾਦਾ ਬਣਾਉਣ ਵੇਲੇ, ਇਹ ਤਾਂ ਮੰਨ ਲਿਆ ਕਿ ਰਾਗਮਾਲਾ
ਬਾਰੇ ਮੱਤ ਭੇਦ ਹਨ ਪਰ ਪਿਛਲੇ 67 ਸਾਲਾਂ `ਚ ਇਸ
ਬਾਰੇ ਕੋਈ ਸਪੱਸ਼ਟ ਫੈਸਲਾ ਕਰਨ ਦੀ ਲੋੜ ਨਹੀ ਸਮਝੀ।
ਖਾਲਸਾ ਜੀ, ਜਾਗੋ! ਕੀ ਤੁਸੀਂ ਅਜੇ ਵੀ ਸੋਚਦੇ ਹੋ ਕਿ ਕਵੀ ਆਲਮ
ਦੀ ਕ੍ਰਿਤ ‘ਮਾਧਵਨਲ ਕਾਮ ਕੰਦਲਾ’ ਜਿਸ ਦੇ ਕੁਲ 179 ਛੰਦ ਹਨ, ਵਿੱਚੋਂ 5 ਛੰਦ, (34 ਤੋਂ 38)
ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗਮਾਲਾ ਦੇ ਨਾਮ ਹੇਠ ਦਰਜ ਰਹਿਣੇ ਚਾਹੀਦੇ ਹਨ? ਜੇ 1945 `ਚ
ਪੰਥ ਦੇ ਵਿਦਵਾਨ ਰਾਗਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਨ ਛਾਪਣ ਬਾਰੇ ਕੋਈ ਠੋਸ
ਫੈਸਲਾ ਨਹੀ ਕਰ ਸਕੇ ਤਾਂ ਬਾਣੀ ਦੇ ਇਸ ਹੁਕਮ ਤੇ “ਸਤਿਗੁਰੂ
ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ
ਬਾਣੀ” ਅਮਲ ਕਰਦੇ ਹੋਏ, ਸਮਝੌਤਾ ਵਾਦੀ ਨੀਤੀ ਅਧੀਨ ਕੀਤੇ ਗਏ ਉਸ ਫੈਸਲੇ ਤੇ ਮੁੜ
ਵਿਚਾਰ ਨਹੀ ਕੀਤੀ ਜਾਣੀ ਚਾਹੀਦੀ?
ਕਵੀ
ਆਲਮ ਦੀ ਪੂਰੀ ਲਿਖਤ ‘ਮਾਧਵ ਨਲ ਕਾਮ ਕੰਦਲਾ’ ਪੜ੍ਹਨ ਲਈ ਇਥੇ ਕਲਿੰਕ ਕਰੋ ਜੀ।
http://sarbjitsinghsacramento.blogspot.com
|