Friday, September 21, 2012

ਹੱਲ ਨਹੀਂ ਹੋਇਆ ਵਿਵਾਦ ਰਾਗਮਾਲਾ ਦਾ


ਹੱਲ ਨਹੀਂ ਹੋਇਆ ਵਿਵਾਦ ਰਾਗਮਾਲਾ ਦਾ

ਸਰਵਜੀਤ ਸਿੰਘ ਸੈਕਰਾਮੈਂਟੋ 
ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਪੰਨੇ ਤੇ ਦਰਜ ਰਾਗਮਾਲਾ ਬਾਰੇ ਵਿਵਾਦ ਅਕਸਰ ਹੀ ਚਲਦਾ ਰਹਿੰਦਾ ਹੈ ਪਰ ਇਸ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ। ਅੱਜ ਤੋਂ 300 ਸਾਲ ਪਹਿਲਾਂ ਆਰੰਭ ਹੋਇਆ ਇਹ ਵਿਵਾਦ ਅੱਜ ਵੀ ਜਾਰੀ ਹੈ। ਪਿਛਲੇ ਸਾਲ ਗਿਆਨੀ ਇਕਬਾਲ ਸਿੰਘ ਨੇ ਇਕ ਬਿਆਨ ਦੇ ਕੇ ਇਸ ਮਸਲੇ ਨੂੰ ਇਕ ਵੇਰ ਫੇਰ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਾ ਦਿੱਤਾ ਸੀ। ਹੈਰਾਨੀ ਦੀ ਗੱਲ ਹੈ ਕਿ 8 ਸਤੰਬਰ 2010 ਵਿੱਚ ਗਿਆਨੀ ਗੁਰਬਚਨ ਸਿੰਘ ਨੇ ਗਿਆਨੀ ਇਕਬਾਲ ਸਿੰਘ ਤੋਂ ਸਪੱਸ਼ਟੀਕਰਨ ਲੈਣ ਲਈ ਬਿਆਨ ਤਾਂ ਦਿੱਤਾ ਸੀ ਪਰ ਅੱਜ ਤਾਈਂ ਉਸ ਤੇ ਅਮਲ ਨਹੀਂ ਕੀਤਾ। ਜਦੋਂ ਦੋ ਜੱਥੇਦਾਰਾਂ ਦਾ ਆਪਸੀ ਵਿਰੋਧ ਚਲ ਰਿਹਾ ਹੋਵੇ ਤਾਂ ਗੋਬਿੰਦ ਸਦਨ ਯੂ: ਐਸ: ਏ: ਦੇ ਚੇਅਰਮੈਨ, ਗੁਰਬਚਨ ਸਿੰਘ ਜੀ ਵੱਲੋਂ ਇਹ ਲਿਖਣਾ, " ਹੱਲ ਹੋ ਚੁਕਾ ਹੈ ਰਾਗਮਾਲਾ ਦਾ ਵਿਵਾਦ" ਬਹੁਤ ਹੀ ਹੈਰਾਨੀ ਯੋਗ ਲਗਦਾ ਹੈ ਕਿਉਂਕਿ 8 ਸਤੰਬਰ 2010 ਤੋਂ ਪਿਛੋਂ ਇਸ ਵਿਵਾਦ ਦੇ ਹੱਲ ਹੋਣ ਸਬੰਧੀ ਕੋਈ ਵੀ ਜਾਣਕਾਰੀ ਵਿਦਵਾਨ ਲੇਖਕ ਨੇ ਆਪਣੇ ਲੇਖ 'ਚ ਨਹੀਂ ਦਿੱਤੀ।
ਵਿਦਵਾਨ ਲੇਖਕ ਨੇ ਆਪ ਹੀ ਦੋ ਜੱਥੇਦਾਰਾਂ ਦੇ ਆਪਸੀ ਵਿਰੋਧ ਦਾ ਜਿਕਰ ਕੀਤਾ ਹੈ ਅਤੇ ਆਪ ਹੀ ਜੱਜ ਬਣ ਕੇ ਫੈਸਲਾ ਵੀ ਸੁਣਾ ਦਿੱਤਾ ਹੈ, "ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਰਾਗਮਾਲਾ ਦੇ ਵਿਵਾਦ ਬਾਰੇ ਸ਼ਾਇਦ ਪੂਰੀ ਜਾਣਕਾਰੀ ਨਾਂ ਹੋਵੇ ਨਹੀਂ ਤਾਂ ਉਨ੍ਹਾਂ ਨੂੰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਦੀ ਹਮਾਇਤ ਕਰਨੀ ਚਾਹੀਦੀ ਸੀ"। ਲੇਖਕ ਨੇ ਸੋਭਾ ਸਿੰਘ ਸਬੰਧੀ ਇਹ ਵੀ ਲਿਖਿਆ ਹੈ ਕਿ ਉਹ ਰਾਗ ਮਾਲਾ ਦਾ ਵਿਰੋਧੀ ਸੀ। ਸੰਗਤ ਵੱਲੋਂ ਅਰਦਾਸ ਕਰਨ ਤੇ ਉਸ ਦੀ ਜੁਬਾਨ ਬੰਦ ਹੋ ਗਈ ਸੀ। ਜਦੋਂ ਉਹ ਲਿਖਤੀ ਰੂਪ ਵਿੱਚ ਇਹ ਮੰਨ ਗਿਆ ਕਿ ਰਾਗਮਾਲਾ ਗੁਰਬਾਣੀ ਹੈ ਤਾਂ ਸੋਭਾ ਸਿੰਘ ਠੀਕ ਵੀ ਹੋ ਗਿਆ। ਸੰਤ ਟਹਿਲ ਸਿੰਘ ਦੀ ਖੋਜ ਮੁਤਾਬਕ ਤਾਂ ਸੋਭਾ ਸਿੰਘ ਦੀ ਜੁਬਾਨ ਹੀ ਬੰਦ ਹੋਈ ਸੀ ਪਰ ਸੰਤ ਗੁਰਬਚਨ ਸਿੰਘ ਭਿੰਡਰਾ ਵਾਲਿਆਂ ਦੀ ਖੋਜ ਮੁਤਾਬਕ ਸੋਭਾ ਸਿੰਘ ਦੀ ਜੁਬਾਨ ਵਿੱਚ ਕੀੜੇ ਪੈ ਗਏ ਸਨ। ਹੁਣ ਇਨ੍ਹਾਂ ਦੋਵਾਂ ਸੰਤਾਂ 'ਚ ਝੂਠ ਕੌਣ ਲਿਖ ਰਿਹਾ ਹੈ? ਇਸ ਬਾਰੇ ਲੇਖਕ ਨੇ ਕੋਈ ਜਾਣਕਾਰੀ ਨਹੀ ਦਿੱਤੀ। ਲੇਖਕ ਇਹ ਵੀ ਮੰਨਦਾ ਹੈ ਕਿ ਸੋਭਾ ਸਿੰਘ ਤੋਂ ਇਲਾਵਾ ਵੀ ਕਈ ਵਿਅਕਤੀਆਂ ਨੇ ਰਾਗਮਾਲਾ ਨੂੰ ਬਾਣੀ ਨਾਂ ਮੰਨਣ ਦਾ ਪਾਪ ਕੀਤਾ ਹੈ ਪਰ ਜੁਬਾਨ ਬੰਦ ਹੋਣ ਜਾਂ ਕੀੜੇ ਪੈਣ ਦੀ ਕੋਈ ਸੂਚਨਾ ਨਹੀਂ ਮਿਲਦੀ। ਲੇਖਕ ਨੇ ਰੀਠੇ ਮਿੱਠੇ ਹੋਣ, ਚੌਰਾਸੀ ਲੱਖ ਜੂਨਾਂ, ਕਰਮਾ ਦਾ ਫਲ, ਸ਼ੇਰ ਦਾ ਸ਼ਿਕਾਰ ਅਤੇ ਮਹਾਂਭਾਰਤ ', ਸਾਖੀਆਂ ਦਾ ਹਵਾਲਾ ਅਤੇ ਸਿਆਣਪ ਤੋਂ ਸੱਖਣੀਆਂ ਦਲੀਲਾਂ ਦੇ ਕੇ ਰਾਗਮਾਲਾ ਦੀ ਅਸਲੀਅਤ ਨੂੰ ਬਿਆਨਣ ਵਾਲਿਆਂ ਨੂੰ ਡਰਾਉਣ ਦਾ ਅਸਫਲ ਯਤਨ ਵੀ ਕੀਤਾ ਹੈ।
ਲੇਖਕ ਦੀ ਇਕ ਹੋਰ ਦਲੀਲ, "ਦੋ ਮਿੰਟ ਤੋਂ ਸੰਕੋਚ ਕਿਉਂ?" ਬਹੁਤ ਹੀ ਹਾਸੋਹੀਣੀ ਹੈ। ਲੇਖਕ ਇਹ ਸਵਾਲ ਕਰਦਾ ਹੈ ਕਿ "ਜੇ ਕਰ ਅਸੀਂ 48 ਘੰਟੇ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਤਾਂ ਫਿਰ ਦੋ ਮਿੰਟ ਹੋਰ ਪਾਠ ਕਰਨ ਵਿੱਚ ਕੀ ਕਠਨਾਈ ਆਉਂਦੀ ਹੈ? ਜਿਹੜੇ ਵਿਅਕਤੀ ਇਹ ਦੋ ਮਿੰਟ ਹੋਰ ਪਾਠ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਨੂੰ ਇਹ ਖਿਆਲ ਕਰ ਲੈਣਾ ਚਾਹੀਦਾ ਹੈ ਕਿ ਕਿਤੇ ਉਹ ਰਾਮ ਰਾਇ ਦੀ ਤਰਾਂ ਬਾਣੀ ਬਦਲਣ ਦੇ ਦੋਸ਼ੀ ਤਾਂ ਨਹੀਂ ਬਣ ਰਹੇ?"  ਲੇਖਕ ਰਾਗਮਾਲਾ ਨੂੰ ਬਾਣੀ ਨਾਂ ਮੰਨਣ ਵਾਲਿਆਂ ਦੀ ਤੁਲਨਾ ਰਾਮ ਰਾਏ ਨਾਲ ਕਰਦਾ ਹੈ। ਇਹ ਫੈਸਲਾ ਹੁਣ ਕੌਣ ਕਰੇ ਕਿ ਰਾਮ ਰਾਏ ਦੀ ਤਰ੍ਹਾਂ ਦੋਸ਼ੀ ਰਾਗਮਾਲਾ ਨੂੰ ਬਾਣੀ ਨਾ ਮੰਨਣ ਵਾਲੇ ਹਨ ਜਾਂ ਲੇਖਕ ਅਤੇ ਉਸ ਦੇ ਭਾਈਵਾਲ, ਜੋ ਰਾਗਮਾਲਾ ਨੂੰ ਬਾਣੀ ਮੰਨਦੇ ਹਨ? ਇੱਥੇ ਸਮੇਂ ਦਾ ਤਾਂ ਸਵਾਲ ਹੀ ਨਹੀਂ ਹੈ ਕਿ ਰਾਗਮਾਲਾ ਨੂੰ ਪੜ੍ਹਨ ਲਈ ਦੋ ਮਿੰਟ ਲਗਦੇ ਹਨ ਜਾਂ ਦੋ ਘੰਟੇ, ਸਵਾਲ ਤਾਂ ਇਹ ਹੈ ਕਿ ਕੀ ਰਾਗਮਾਲਾ ਬਾਣੀ ਹੈ ਜਾਂ ਨਹੀਂ?
ਰਾਗਮਾਲਾ- ਇਹ ਆਲਮ ਨਾਮ ਦੇ ਕਵੀ ਦੀ ਰਚਨਾ ਹੈ। ਜਿਸ ਦੇ ਕੁਲ 179 ਛੰਦ ਹਨ। ਇਸ ਦੇ ਸਿਰਫ 5 ਛੰਦ ਹੀ 34 ਤੋਂ 38 ਤਾਈਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਪੰਨੇ ਤੇ ਦਰਜ ਹਨ। ਰਾਗਮਾਲਾ ਵਿੱਚ 84 ਰਾਗ ਦਰਜ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨ੍ਹਾਂ 84 ਰਾਗਾਂ 'ਚ ਸਿਰਫ 21 ਰਾਗ ਹੀ ਦਰਜ ਹਨ। 10 ਰਾਗ (ਮਾਝ, ਬਿਹਾਗੜਾ, ਵਡਹੰਸ, ਜੈਤਸਰੀ, ਰਾਮਕਲੀ, ਨਟ ਨਰਾਇਣ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ, ਜੈਜਾਵੰਤੀ) ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਦਰਜ ਹਨ ਪਰ ਰਾਗਮਾਲਾ ਵਿੱਚ ਨਹੀਂ ਹਨ। ਰਾਗ ਗੋਂਡ ਦੋ ਵਾਰੀ ਆਉਦਾ ਹੈ। ਰਾਗ ਗੋਂਡ, ਰਾਗ ਮੇਘ ਦੀ ਤਾਂ ਪਤਨੀ ਹੈ ਪਰ ਸਿਰੀਰਾਗ ਦਾ ਪੁੱਤਰ ਹੈ। 7 ਰਾਗਾਂ ਦੇ ਅੱਖਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਗਾਂ ਨਾਲ ਮੇਲ ਨਹੀਂ ਖਾਂਦੇ।  ਜਿਵੇ ਗਾਉੜੀ ਦੀ ਥਾਂ ਗਵਰੀ ਜਾਂ ਤਿਲੰਗ ਦੀ ਥਾ ਤੇਲੰਗੀ ਆਦਿ। ਰਾਗਮਾਲਾ 'ਚ ਦਰਜ ਹੇਠ ਲਿਖੇ ਰਾਗਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਦੂਰ ਦਾ ਵੀ ਕੋਈ ਸਬੰਧ ਨਹੀ ਹੈ। ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ, ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਮਾਲਕਉਸਕ, ਗੋਂਡਕਰੀ, ਗੰਧਾਰੀ, ਸੀਹੁਤੀ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ , ਹਿੰਡੋਲ, ਦੇਵਕਰੀ, ਬਸੰਤੀ, ਸੰਦੂਰ, ਸਹਸ, ਅਹੀਰੀ, ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਕਮੋਦਾ, ਦੀਪਕ, ਕਛੇਲੀ, ਪਟਮੰਜਰੀ, ਕਾਮੋਦੀ, ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਰਨਾਟੀ, ਆਸਾਵਰੀ, ਸਿੰਧਵੀ, ਸਾਲੂ, ਸਾਗਰਾ, ਗੰਭੀਰ, ਗੁੰਡ, ਕੁੰਭ, ਹਮੀਰ, ਮੇਘ, ਗੋਂਡ, ਬੈਰਾਧਰ, ਗਜਧਰ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ।
ਸਿੱਖ ਰਹਿਤ ਮਰਯਾਦਾ ਵਿੱਚ ਦਰਜ ਹੈ-
(ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। ਇਸ ਤੋਂ ਉਪ੍ਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ। ਪਰ ਜਦੋਂ ਇਹ ਮਰਯਾਦਾ ਬਣਾਈ ਗਈ ਸੀ ਉਦੋਂ ਭੋਗ ਮੁੰਦਾਵਣੀ ਉਤੇ ਹੀ ਪਾਉਣ ਲਈ ਸਪੱਸ਼ਟ ਲਿਖਿਆ ਗਿਆ ਸੀ।
(
ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ਵਿੱਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। ਇਸ ਤੋਂ ਉਪ੍ਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।ਚੇਅਰਮੈਨ ਗੁਰਬਚਨ ਸਿੰਘ ਜੀ ਨੇ ਭਾਈ ਜੋਧ ਸਿੰਘ ਜੀ ਵੱਲੋਂ 1945 ਵਿਚ, ਕਰਤਾਰਪੁਰੀ ਬੀੜ ਦੇ ਦਰਸ਼ਨ ਕਰਕੇ ਤਿਆਰ ਕੀਤੀ ਗਈ ਰਿਪੋਰਟ ਦਾ ਹਵਾਲਾ ਦੇ ਕੇ ਇਹ ਸਾਬਤ ਕੀਤਾ ਗਿਆ ਹੈ ਕਿ ਕਰਤਾਰਪੁਰੀ ਬੀੜ ਵਿਚ ਰਾਗਮਾਲਾ ਦਰਜ ਹੈ। ਪੇਸ਼ ਹਨ ਉਸ ਰਿਪੋਰਟ ਦੇ ਕੁਝ ਅੰਸ਼, "ਸਭ ਤੋਂ ਪਹਿਲਾਂ ਅਸੀਂ ਮੈਨੇਜਰ ਸਾਹਿਬ ਕੋਰਟ ਆਫ ਵਾਰਡ ਸ੍ਰੀ ਕਰਤਾਰ ਪੁਰ ਐਸਟੇਟ ਨੂੰ ਬੇਨਤੀ ਕੀਤੀ ਕਿ ਸਾਨੂੰ ਦੱਸਿਆ ਗਿਆ ਹੈ ਕਿ ਆਪ ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ, ਸਾਨੂੰ ਉਸੇ ਬੀੜ ਦੇ ਦਰਸ਼ਨ ਕਰਾਉਣੇ ਜੋ ਅਸਲੀ ਆਦਿ ਬੀੜ ਹੈ । ਉਨ੍ਹਾਂ ਨੇ ਕਿਹਾ ਕਿ ਜੋ ਬੀੜ ਇਥੇ ਪ੍ਰਕਾਸ਼ ਕੀਤੀ ਹੋਈ ਹੈ, ਇਹੋ ਪੁਰਾਤਨ ਬੀੜ ਪ੍ਰਸਿੱਧ ਹੈ, ਇਸੇ ਦੇ ਨਾਲ ਜਗੀਰਾਂ ਹਨ ਅਤੇ ਇਸੇ ਦੇ ਦਰਸ਼ਨ ਲੋਕੀ ਦੂਰੋਂ ਦੂਰੋਂ ਆ ਕੇ ਕਰਦੇ ਹਨ”।
ਇਸ ਬੀੜ ਵਿੱਚ ਕਿਧਰੇ ਵੀ ਹੇਠ ਲਿਖੀਆਂ ਗਲਾਂ ਨਹੀਂ ਆਈਆਂ:- “1.ਗੁਰੂ ਬਾਬੇ ਦੇ ਕੁਲ ਪਤਰੇ 974, 2. ਸਿਆਹੀ ਕੀ ਬਿਧਿ,  3. ਹਕੀਕਤ ਰਾਹ ਮੁਕਾਮ,   4. ਰਤਨਮਾਲਾ,  5. ਸਲੋਕ ਥਾਇ ਆਤਿਸ ਆਬ,  6. ਜਿਤ ਦਰ ਲਖ ਮੁਹੰਮਦਾ"। ਉਪਰ ਦਸੇ ਢੰਗ ਮੁਤਾਬਕ ਰਾਗਮਾਲਾ ਦਾ ਪਤਰਾ-ਅੰਕ ਤਤਕਰੇ ਵਿੱਚ 974 ਹੈ ਤੇ ਬੀੜ ਵਿੱਚ ਵੀ ਇਹ ਅੰਕ 974 ਹੈ।  ਤਤਕਰੇ ਵਿੱਚ ਰਾਗ ਮਾਲਾ ਦਾ ਜ਼ਿਕਰ ਇਉਂ ਹੈ :-974 ਰਾਗਮਾਲਾ ਤਥਾ ਸਿੰਘਲ ਦੀਪ ਕੀ ਰਾਜੇ ਸ਼ਿਵਨਾਭ ਕੀ ਬਿਧਿ" ।
ਭਾਈ ਕਾਹਨ ਸਿੰਘ ਨਾਭਾ ਜੀ ਦਾ ਕਰਤਾਰਪੁਰੀ ਬੀੜ ਨਾਲ ਸਬੰਧ  ਪੱਤਰ 23 ਜਨਵਰੀ 1918 ਨੂੰ 'ਪੰਥ ਸੇਵਕ' ਵਿਚ ਛਪਿਆ ਸੀ ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ, "ਇਸ ਨਿਯਮ ਅਨੁਸਾਰ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਦੇ ਅੰਤ ਇਹ ਲਿਖਿਆ ਹੈ:- ਸੰਮਤ 1661 ਮਿਤੀ ਭਾਦੋਂ ਵਦੀ 1 ਪੋਥੀ ਲਿਖਿ ਪਹੁੰਚੇ। ਸਾਰੇ ਪੱਤਰੇ ਗੁਰੂ ਬਾਬੇ ਦੇ 974'ਪੋਥੀ ਲਿਖਿ ਪਹੁੰਚੇ' ਏਸ ਦਾ ਨਿਰਨਾ ਤਾਂ 'ਗੁਰਗਿਰਾ ਕਸੌਟੀ' ਵਿਚ ਕੀਤਾ ਹੈ, ਪਰ ਏਸ ਥਾਂ ਪ੍ਰਕਰਣ ਅਨੁਸਾਰ ਦਸਦਾ ਹਾਂ ਕਿ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦੇ 973ਵੇਂ ਪਤਰੇ ਪਰ 'ਮੁੰਦਾਵਣੀ' ਹੈ, ਅਰ 974 ਵਾਂ ਪਤ੍ਰਾ (ਜਿਸ ਪਰ ਅੰਗ 974 ਮੌਜੂਦ ਹੈ) ਕੋਰਾ ਪਿਆ ਹੈ। ਏਸ ਤੋਂ ਸਾਫ਼ ਪਾਇਆ ਜਾਂਦਾ ਹੈ ਕਿ ਗੁਰੂ ਬਾਬੇ ਦੇ ਸਾਰੇ ਪਤਰੇ 974 ਦੀ ਗਿਣਤੀ ਤੋਂ ਬਾਹਰ ਜੋ ਕੁਛ ਹੈ ਉਹ ਗੁਰੂ ਬਾਬੇ ਦਾ ਅੰਗ ਨਹੀਂ ਹੈ। ਆਦਿ ਅੰਤ ਦੇ ਵਾਧੂ ਪਤ੍ਰਿਆਂ ਪਰ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਵਿਖੈ ਕੇਵਲ ਰਾਗਮਾਲਾ ਹੀ ਨਹੀਂ ਕਿੰਤੂ ਰਤਨਮਾਲਾ ਹੈ, ਰਾਹ ਮੁਕਾਮ ਕੀ ਸਾਖੀ ਹੈ, ਅਤੇ ਐਸੇ ਲੇਖ ਭੀ ਹੈਨ:-æææ"। (ਮੁਖਬੰਦ-ਕਰਤਾਰਪੁਰੀ ਬੀੜ ਦੇ ਦਰਸ਼ਨ)

"
ਬਾਇ ਆਤਸ" ਸੋਲਾਂ ਸਲੋਕ। ਰਤਨਮਾਲ ਲਿਖ ਲਈ ਅਲੋਕ। ਰਾਹ ਮੁਕਾਮ ਕੀ ਸਾਖ ਲਿਖਾਈ। ਰਾਗਮਾਲਾ ਪਾਛੇ ਲਿਖਿ ਪਾਈ ॥679॥(ਗੁਰ ਬਿਲਾਸ ਪਾਤਸ਼ਾਹੀ 6 ਅਧਿਆਇ ਚੌਥਾ। ਲਿਖਣ ਦਾ ਸਾਲ 1718 ਈ:)
ਮੇਰੇ ਪਾਸ ਇਕ ਹੱਥ ਲਿਖਤ ਹੈ ਉਸ ਵਿਚ ਉਸ ਵਿਚ ਵੀ ਮੁੰਦਾਵਣੀ ਤੋਂ ਪਿਛੋਂ ਸਲੋਕ  ਹੈ, ਸਲੋਕ ਮਹਲਾ ੫ ॥ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥
ਇਸ ਸਲੋਕ ਤੋਂ ਪਿਛੋ ਰਾਗਮਾਲਾ ਨਹੀ ਸਗੋਂ  "ਜਿਤੁ ਦਰਿ ਲਖ ਮਹੰਮਦਾ" ਹੈ ਉਸ ਤੋ ਅੱਗੇ, ਬਾਇਆਤਸ, ਰਤਨਮਾਲਾ, ਅਤੇ ਹਕੀਕਤਿ ਰਾਹ ਮੁਕਾਮ ਰਾਜੇ ਸਿਵਨਾਭਕੀ ਹੈ ਅਤੇ ਇਸ ਤੋਂ ਅੱਗੇ ਰਾਗਮਾਲਾ ਦਰਜ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇ ਪਹਿਲੇ ਚਾਰ ਸ਼ਬਦ ਬਾਣੀ ਨਹੀ ਤਾਂ ਪੰਜਵਾਂ ਸ਼ਬਦ (ਰਾਗਮਾਲਾ) ਬਾਣੀ ਕਿਵੇਂ ਹੋਇਆ?






ਪਾਠਕ ਧਿਆਨ ਦੇਣ ਕਿ ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖਤ ਮੁਤਾਬਕ ਜੋ ਲਿਖਤਾਂ ਕਰਤਾਰਪੁਰੀ ਬੀੜ ਵਿੱਚ ਦਰਜ ਹਨ, ਸਾਰੇ ਪੱਤਰੇ ਗੁਰੂ ਬਾਬੇ ਦੇ 974, 973ਵੇਂ ਪਤਰੇ ਪਰ 'ਮੁੰਦਾਵਣੀ' ਹੈ, ਅਤੇ  974ਵਾਂ ਪਤ੍ਰਾ (ਜਿਸ ਪਰ ਅੰਗ 974 ਮੌਜੂਦ ਹੈ) ਕੋਰਾ ਪਿਆ ਹੈ ਅਤੇ  ਰਤਨਮਾਲਾ ਹੈ, ਰਾਹ ਮੁਕਾਮ ਕੀ ਸਾਖੀ ਹੈ ਆਦਿ ਬਾਰੇ ਭਾਈ ਜੋਧ ਸਿੰਘ ਜੀ ਲਿਖਦੇ ਹਨ, "ਇਸ ਬੀੜ ਵਿੱਚ ਕਿਧਰੇ ਵੀ ਹੇਠ ਲਿਖੀਆਂ ਗਲਾਂ ਨਹੀਂ ਆਈਆਂ:- 1. ਗੁਰੂ ਬਾਬੇ ਦੇ ਕੁਲ ਪਤਰੇ 974  2. ਸਿਆਹੀ ਕੀ ਬਿਧਿ  3. ਹਕੀਕਤ ਰਾਹ ਮੁਕਾਮ  4. ਰਤਨਮਾਲਾ  5.ਸਲੋਕ ਥਾਇ ਆਤਿਸ ਆਬ  6. ਜਿਤ ਦਰ ਲਖ ਮੁਹੰਮਦਾ"। ਦੋਵਾਂ ਵਿਦਵਾਨਾਂ ਦੀ ਲਿਖਤ ਵਿੱਚ ਬਹੁਤ ਫਰਕ ਹੈ। ਅਸੀਂ ਦੋਵਾਂ ਵਿਦਵਾਨਾਂ ਦੀ ਇਮਾਨਦਾਰੀ ਤੇ ਸ਼ੱਕ ਵੀ ਨਹੀਂ ਕਰ ਸਕਦੇ ਤਾਂ  ਸਵਾਲ ਪੈਦਾ ਹੁੰਦਾ ਜੈ ਕਿ ਗੜਵੜ ਕਿਥੇ ਹੈ?
ਭਾਈ ਜੋਧ ਸਿੰਘ ਜੀ ਆਪਣੀ ਰਿਪੋਰਟ ਵਿਚ ਲਿਖਦੇ ਹਨ, "ਸਭ ਤੋਂ ਪਹਿਲਾਂ ਅਸੀਂ ਮੈਨੇਜਰ ਸਾਹਿਬ ਕੋਰਟ ਆਫ ਵਾਰਡ ਸ੍ਰੀ ਕਰਤਾਰਪੁਰ ਐਸਟੇਟ ਨੂੰ ਬੇਨਤੀ ਕੀਤੀ ਕਿ ਸਾਨੂੰ ਦੱਸਿਆ ਗਿਆ ਹੈ ਕਿ ਆਪ ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ, ਸਾਨੂੰ ਉਸੇ ਬੀੜ ਦੇ ਦਰਸ਼ਨ ਕਰਾਉਣੇ ਜੋ ਅਸਲੀ ਆਦਿ ਬੀੜ ਹੈ"।  ਭਾਈ ਜੋਧ ਸਿੰਘ ਜੀ ਖ਼ੁਦ ਲਿਖ ਰਹੇ ਹਨ ਕਿ ਕਰਤਾਰਪੁਰ ਵਿਖੇ ਕਈ ਪੁਰਾਨਤ ਬੀੜਾਂ ਹਨ। ਇਸ ਬਿਆਨ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਈ ਜੋਧ ਸਿੰਘ ਜੀ ਨੇ ਜਿਸ ਬੀੜ ਦੇ ਦਰਸ਼ਨ ਕੀਤੇ ਸਨ। ਉਸ ਬੀੜ ਦੇ ਪੰਨਾ 974 ਤੇ ਰਾਗਮਾਲਾ ਦਰਜ ਸੀ ਪਰ ਜਿਸ ਬੀੜ ਦੇ ਦਰਸ਼ਨ ਭਾਈ ਕਾਹਨ ਸਿੰਘ ਨਾਭਾ ਜੀ ਨੇ ਕੀਤੇ ਸਨ ਉਸ ਬੀੜ ਦਾ ਪੰਨਾ 974 ਕੋਰਾ ਸੀ।
ਸੋ ਸਪੱਸ਼ਟ ਹੈ ਕਿ ਕਰਤਾਰਪੁਰੀ ਬੀੜ ਦਾ ਹਵਾਲਾ ਦੇ ਕੇ ਇਹ ਸਾਬਤ ਕਰਨਾ ਕਿ ਰਾਗਮਾਲਾ ਬਾਣੀ ਹੈ ਇਹ ਦਲੀਲ ਤਰਕ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਹੁਣ ਜਦੋਂ ਇਹ ਸਾਬਤ ਹੋ ਚੁੱਕਾ ਹੈ ਕਿ ਸਭ ਤੋਂ ਮੁਢਲਾ ਸਰੋਤ ਹੀ ਸ਼ੱਕੀ ਹੈ ਤਾਂ ਉਸ ਦਾ ਹਵਾਲਾ ਦੇ ਕੇ ਗੋਬਿੰਦ ਸਦਨ ਯੂ: ਐਸ: ਏ: ਦੇ ਚੇਅਰਮੈਨ, ਗੁਰਬਚਨ ਸਿੰਘ ਜੀ ਵੱਲੋਂ ਇਹ ਲਿਖਣਾ, "ਹੱਲ ਹੋ ਚੁਕਾ ਹੈ ਰਾਗਮਾਲਾ ਦਾ ਵਿਵਾਦ" ਠੀਕ ਨਹੀਂ ਹੈ। ਇਹ ਵਿਵਾਦ ਹੱਲ ਨਹੀ ਹੋਇਆ ਅਤੇ ਉਨ੍ਹਾਂ ਚਿਰ ਹੱਲ ਨਹੀਂ ਹੋਵੇਗਾ ਜਦੋਂ ਤਾਈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਗਵਾਈ ਲੈ ਕੇ ਰਾਗਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਂ ਛਾਪਣ ਦਾ ਸਪੱਸ਼ਟ ਫੈਸਲਾ ਨਹੀ ਕੀਤਾ ਜਾਂਦਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਤਾਂ ਹੀ ਅਖਵਾ ਸਕਦੇ ਹਾਂ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰੀ ਹਰ ਚਰਨਾਂ ਨੂੰ ਰੱਦ ਕਰ ਦੇਈਏ। ਸਾਡੇ ਵਾਸਤੇ ਗੁਰਬਾਣੀ ਅਲਾਹੀ ਫੁਰਮਾਨ ਹੈ- ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ (ਪੰਨਾ 917)