ਡਾ ਦਿਲਗੀਰ ਦੇ ਨਾਮ
ਖੁੱਲਾ ਖੱਤ
ਡਾ ਹਰਜਿੰਦਰ ਸਿੰਘ
ਦਿਲਗੀਰ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜਿ ਕੀ ਫ਼ਤਿਹ।
ਡਾ ਹਰਜਿੰਦਰ ਸਿੰਘ
ਦਿਲਗੀਰ ਜੀ, ਆਪ ਜੀ ਵੱਲੋਂ ਲਿਖਿਆ ‘ਮੁਆਫੀਨਾਮਾ ਤੇ ਅਲਵਿਦਾ’ ਪੜ੍ਹ ਕੇ ਹੈਰਾਨੀ ਹੋਈ ਹੈ ਕਿ ਆਪ ਨੇ ਮੇਰਾ ਨਾਮ ਵੀ ਆਪਣੇ ਨੀਚ ਵਿਰੋਧੀਆਂ ਦੀ
ਸੂਚੀ `ਚ ਸ਼ਾਮਲ ਕਰ ਲਿਆ ਹੈ। ਮੈਂ ਇਹ ਗੱਲ ਸਮਝਣ ਤੋਂ ਅਸਮਰੱਥ ਹਾਂ ਕਿ ਜੇ ਕੋਈ ਵਿਅਕਤੀ
ਤੁਹਾਡੀਆਂ ਲਿਖਤਾਂ ਪੜ੍ਹ ਕੇ ਤੁਹਾਨੂੰ ਕੋਈ ਸਵਾਲ ਕਰ ਦੇਵੇ ਤਾਂ ਉਹ ਨੀਚ ਕਿਵੇਂ ਬਣ ਗਿਆ। ਕੀ
ਤੁਸੀਂ ਨਹੀਂ ਚਾਹੁੰਦੇ ਕਿ ਪਾਠਕ ਤੁਹਾਡੀਆਂ ਲਿਖਤਾਂ ਪੜ੍ਹਨ? ਜੇ ਕੋਈ
ਪੜ੍ਹੇਗਾ ਤਾਂ ਜਰੂਰੀ ਹੈ ਕਿ ਸਵਾਲ ਵੀ ਪੈਦਾ ਹੋਣਗੇ। ਉਨ੍ਹਾਂ ਦਾ ਜਵਾਬ ਦੇਣਾ ਵੀ ਤੁਹਾਡਾ ਫਰਜ਼
ਬਣਦਾ ਹੈ। ਪਰ ਤੁਸੀਂ ਕੇਹੋ ਜੇਹੇ ਵਿਦਵਾਨ ਹੋ ਜੋ ਸਵਾਲ ਕਰਨ ਵਾਲੇ ਨੂੰ ਨੀਚਤਾ ਦੀ ਹੱਦ ਪਾਰ ਕਰਨ
ਵਾਲੇ ਲਿਖ ਰਹੇ ਹੋ। ਕੀ ਮੈਂ ਸਵਾਲ ਪੁਛ ਕੇ ਕੋਈ ਗੁਨਾਹ ਕੀਤਾ ਹੈ ਜੋ ਤੁਸੀਂ ਮੈਨੂੰ ਲਿਖਤੀ ਰੂਪ `ਚ ਆਪਣਾ ਵਿਰੋਧੀ/ਦੁਸ਼ਮਣ ਐਲਾਨ ਦਿੱਤਾ ਹੈ? ਏਨਾ ਹੀ
ਨਹੀਂ ਸਗੋਂ ਹੋਰ ਵੀ ਕਈ ਕੁਝ ਲਿਖਿਆ ਹੈ ਜਿਵੇ, “ਏਨੇ ਸਸਤੇ ਨਿਕਲੇ ਕਿ
ਉਨ੍ਹਾਂ ਨੇ ਸਿੱਖੀ, ਸ਼ਾਇਸਤਗੀ, ਤਹਿਜ਼ੀਬ, ਤਾਅਮੀਜ਼, ਸਿਵਕ-ਸੈਂਸ, ਇਨਸਾਨੀਅਤ ਵਗ਼ੈਰਾ ਸਭ ਨੂੰ ਦਫ਼ਾ ਕਰ ਕੇ ਘਟੀਆ ਵਤੀਰਾ ਜ਼ਾਹਿਰ ਕੀਤਾ। ਮੈਂ ਇਹ
ਡਿਜ਼ਰਵ ਨਹੀਂ ਕਰਦਾ ਸੀ; ਮੈਂ ਇਸ ਨੀਵੇਂ ਪੱਧਰ ਦੀ ਆਸ ਨਹੀਂ ਰੱਖਦਾ ਸੀ”।
ਤੁਹਾਡਾ ਲੇਖ ‘ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ’ ਪੜ੍ਹ ਕੇ ਪੈਦਾ ਹੋਏ
ਸ਼ੰਕਿਆਂ ਬਾਰੇ ਮੈਂ ਕੁਝ ਸਵਾਲ ਕੀਤੇ ਸਨ। ਪਰ ਆਪ ਨੇ ਕੋਈ ਜਵਾਬ ਨਹੀ ਦਿੱਤਾ। ਚਾਹੀਦਾ ਤਾਂ ਇਹ
ਸੀ ਕਿ ਆਪ ਜੀ ਮੇਰੇ ਸ਼ੰਕਿਆਂ ਨੂੰ ਨਵਿਰਤ ਕਰਦੇ। ਤੁਸੀਂ
ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਹ ਲੇਖ ਅੱਗੇ ਤੋਂ ਅੱਗੇ ਛਪਣ ਲਈ ਭੇਜਦੇ ਰਹੇ।
ਜਿਥੇ-ਜਿਥੇ ਮੈਨੂੰ ਪਤਾ ਲੱਗਾ,
ਮੈਂ ਵੀ ਆਪਣੇ ਸਵਾਲ ਭੇਜਦਾ ਰਿਹਾ। ਸ਼ਾਇਦ ਮੇਰਾ ਇਹ ਵਤੀਰਾ ਆਪ ਨੂੰ ਪਸੰਦ ਨਹੀ
ਆਇਆ ਤੇ ਆਪ ਨੇ ਮੈਨੂੰ ਅਪਣਾ ਵਿਰੋਧੀ ਐਲਾਨ ਦਿੱਤਾ। ਡਾ ਦਿਲਗੀਰ ਜੀ, ਜੇ ਆਪ ਨੂੰ ਯਾਦ ਹੋਵੇ ਤਾਂ, ਤੁਸੀਂ ਮੇਰੇ ਇਕ ਸਵਾਲ
ਦੇ ਜਵਾਬ `ਚ ਆਪਣੀ ਕਿਤਾਬ ‘ਨਾਨਕ ਸ਼ਾਹੀ ਕੈਲੰਡਰ’ ਪੜ੍ਹਨ ਲਈ ਕਿਹਾ ਸੀ।
ਤੁਹਾਡਾ ਉਪ੍ਰੋਕਤ ਲੇਖ ਇਸ ਕਿਤਾਬ `ਚ ਸ਼ਾਮਲ ਹੈ। ਇਸ ਲੇਖ
ਸਬੰਧੀ ਮੇਰੇ ਸਵਾਲ/ਸ਼ੰਕੇ ਕਈ ਥਾਈਂ ਛਪ ਚੁੱਕੇ ਹਨ ਉਮੀਦ ਹੈ ਕਿ ਆਪ ਨੇ ਜਰੂਰ ਪੜ੍ਹੇ ਹੋਣਗੇ ।
ਆਪ ਦੇ ਜਵਾਬ ਦੀ ਉਡੀਕ ਰਹੇਗੀ।
ਅੱਜ, ਮੈਂ ਤੁਹਾਡੀ ਇਸੇ ਕਿਤਾਬ ‘ਨਾਨਕ ਸ਼ਾਹੀ ਕੈਲੰਡਰ’ `ਚ ਦਰਜ ਇਕ ਹੋਰ ਲੇਖ ‘ਨਾਨਕ ਸ਼ਾਹੀ ਕੈਲੰਡਰ ਦੀ
ਅਸਲੀਅਤ’ (ਪੰਨਾ 153-160)
ਸਬੰਧੀ ਆਪ ਜੀ ਨਾਲ ਆਪਣੇ ਕੁਝ ਸਵਾਲ/ਸ਼ੰਕੇ ਸਾਂਝੇ ਕਰ ਰਿਹਾ ਹਾਂ।
ਡਾ ਦਿਲਗੀਰ ਜੀ, ਤੁਹਾਡੀ ਲਿਖਤ ਤੋਂ ਸਪੱਸ਼ਟ ਹੈ ਕਿ ਤੁਸੀਂ ਕੈਲੰਡਰ ਨੂੰ ਲਾਗੂ ਕਰਨ ਵੇਲੇ ਹੋਈਆਂ
ਮੀਟਿੰਗਾਂ `ਚ ਕੈਲੰਡਰ ਦੇ ਮਾਹਿਰ ਵਜੋਂ ਸ਼ਾਮਲ ਹੁੰਦੇ ਰਹੇ ਹੋ। ਇਹ ਵੀ ਸੱਚ ਹੈ ਕਿ ਤੁਸੀਂ ਵੀ
ਇਕ ਕੈਲੰਡਰ ਬਣਾ ਕੇ ਪੇਸ਼ ਕੀਤਾ ਸੀ ਜੋ ਪ੍ਰਵਾਨ ਨਹੀ ਹੋਇਆ। ਇਹ ਵੱਖਰੀ ਗੱਲ ਹੈ ਕਿ ਤੁਸੀਂ ਮੇਰੇ
ਇਕ ਸਵਾਲ ਦੇ ਜਵਾਬ `ਚ ਲਿਖਿਆ ਸੀ (24
ਅਪ੍ਰੈਲ 2011)ਕਿ ਮੈਂ ਕੋਈ ਕੈਲੰਡਰ ਨਹੀਂ ਬਣਾਇਆ। ਆਪ ਨੇ ਆਪਣੀ ਲਿਖਤ ਦੇ ਅਰੰਭ `ਚ ਹੀ ਲਿਖਿਆ ਹੈ,
“ਮੈਂ ਤਾਂ ਇਹ ਕਹਾਂਗਾ ਕਿ ਇਹ ਪੰਥ ਨਾਲ ਇਸ ਸਦੀ ਦਾ
ਸਭ ਤੋਂ ਵੱਡਾ ਧੱਕਾ ਹੈ”। ਇਸ ਪੰਗਤੀ ਤੋਂ ਹੀ ਆਪ ਦੀ ਕੈਲੰਡਰ ਵਿਗਿਆਨ
ਬਾਰੇ ਅਗਿਆਨਤਾ ਅਤੇ ਸ. ਪਾਲ ਸਿੰਘ ਪ੍ਰਤੀ
ਨਫ਼ਰਤ ਸਾਫ਼ ਝਲਕਦੀ ਹੈ। ਕੀ ਅਜੇਹਾ ਵਤੀਰਾ ਆਪ ਜੀ ਵਰਗੇ ਇਤਿਹਾਸਕਾਰ ਨੂੰ ਸੋਭਾ ਦਿੰਦਾ
ਹੈ? ਹੋਰ ਕਰੋ ਦਰਸ਼ਨ,
“ਮੈਂ 23 ਤਾਰੀਖ਼ ਦੀ ਲੁਧਿਆਣਾ
ਵਿਚ ਹੋਈ ਮੀਟਿੰਗ ਵਿਚ ਵੀ ਤੇ 29
ਮਾਰਚ ਨੂੰ ਅਕਾਲ ਤਖ਼ਤ ਸਾਹਿਬ ਤੇ ਹੋਈ ਮੀਟਿੰਗ ਵਿਚ ਵੀ ਵਾਰਨਿੰਗ ਦਿੱਤੀ ਸੀ ਕਿ
ਜੋ ਕੈਲੰਡਰ ਪੁਰੇਵਾਲ ਨੇ ਬਣਾਇਆ ਹੈ ਉਹ ਸਿੱਖਾਂ ਨੂੰ ਪੱਕੇ ਬਿਪਰਨ (ਬ੍ਰਾਹਮਣਵਾਦੀ) ਬਣਾਉਂਦਾ ਹੈ
ਤੇ ਅਫ਼ਸੋਸ ਦਾ ਮੁਕਾਮ ਹੈ ਕਿ ਉਸ ’ਤੇ ਮੋਹਰ ਸ਼੍ਰੋਮਣੀ
ਕਮੇਟੀ ਲਾ ਰਹੀ ਹੈ। ਇਹ ਪਾਪ ਸਿੱਖ ਤਵਾਰੀਖ਼ ਮੁਆਫ਼ ਨਹੀਂ ਕਰੇਗੀ”। ਚਲੋ ਮੰਨਿਆ ਕਿ ਤੁਸੀਂ ਠੀਕ ਹੋ। ਸ. ਪਾਲ ਸਿੰਘ ਵਲੋ ਬਣਾਇਆ ਗਿਆ ਕੈਲੰਡਰ ਤੁਹਾਡੀ ਸਮਝ ਮੁਤਾਬਕ “ਸਿੱਖਾਂ ਨੂੰ ਪੱਕੇ ਬਿਪਰਨ (ਬ੍ਰਾਹਮਣਵਾਦੀ) ਬਣਾਉਂਦਾ ਹੈ”। ਡਾ ਦਿਲਗੀਰ ਜੀ ਇਹ ਜਾਣਕਾਰੀ ਦਿਓ ਕਿ ਜੋ ਕੈਲੰਡਰ ਸ਼੍ਰੋਮਣੀ ਕਮੇਟੀ ਵੱਲੋਂ ਮਾਰਚ 2010 `ਚ ਜਾਰੀ ਕੀਤਾ ਗਿਆ ਹੈ, ਸ. ਪਾਲ ਸਿੰਘ ਵੱਲੋਂ
ਬਣਾਏ ਗਏ ਕੈਲੰਡਰ ਦੀਆਂ ਚਾਰ ਤਾਰੀਖਾਂ ਬਦਲਣ ਨਾਲ ਹੀ ਇਹ ਕੈਲੰਡਰ ‘ਸਿੱਖ ਕੈਲੰਡਰ’
ਕਿਵੇਂ ਬਣ ਗਿਆ?
ਤੁਹਾਡੀ ਚੁੱਪ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਇਸ ਕੈਲੰਡਰ ਨਾਲ ਸਹਿਮਤ ਹੋ?
ਡਾ ਦਿਲਗੀਰ ਜੀ, ਆਪ ਨੇ ਸਭ ਤੋਂ ਪਹਿਲਾ ਨਾਨਕ ਸ਼ਾਹੀ ਕੈਲੰਡਰ `ਚ ਵਰਤੇ
ਗਏ ਮਹੀਨਿਆਂ ਦੇ ਨਾਮ ਤੇ ਇਤਰਾਜ਼ ਕੀਤਾ ਹੈ ਕਿ ਪਾਲ ਸਿੰਘ ਨੇ ਤਾਂ ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ ਲਿਖੇ ਹਨ ਜਦੋਂ ਕਿ ਗੁਰਬਾਣੀ `ਚ ਚੇਤਿ, ਵੈਸਾਖਿ, ਜੇਠਿ, ਆਸਾੜੁ, ਸਾਵਣਿ, ਭਾਦੁਇ, ਅਸੁਨਿ, ਕਤਿਕਿ, ਮੰਘਿਰਿ, ਪੋਖਿ, ਮਾਘਿ, ਫਲਗੁਣਿ ਆਏ ਹਨ। ਇਸ ਤੋਂ ਪਹਿਲਾ ਕਿ ਬਾਣੀ `ਚ ਲਿਖੇ
ਮਹੀਨਿਆਂ ਦੇ ਨਾਮ ਬਾਰੇ ਵਿਚਾਰ ਕੀਤੀ ਜਾਵੇ ਤੁਹਾਡੇ ਵੱਲੋਂ ਲਿਖੇ ਨਾਮਾਂ ਤੇ ਹੀ ਵਿਚਾਰ ਕਰਦੇ
ਹਾਂ। ਤੁਸੀਂ ਲਿਖਿਆ ਹੈ ਵਿਸਾਖ ਜਦੋਂ ਕਿ ਕੈਲੰਡਰ `ਚ ਹੈ ਵੈਸਾਖ। ਤੁਸੀਂ ਇਹ ਜਾਣਕਾਰੀ ਦਿਓ ਕਿ ਤੁਸੀਂ ਸ. ਪਾਲ ਸਿੰਘ ਵੱਲੋਂ ਲਿਖੇ ਵੈਸਾਖ ਨੂੰ ਵਿਸਾਖ ਕਿਓ
ਲਿਖਿਆ ਹੈ? ਜੇ ਪਾਲ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 133 ਤੇ ਆਏ ਨਾਮ ਵੀ ਲਿਖ ਦਿੰਦਾ ਤਾਂ ਕੀ ਗਰੰਟੀ ਸੀ ਕਿ ਤੁਸੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1108 ਤੇ ਦਰਜ ਨਾਮ, ਜਿਥੇ ਚੇਤੁ, ਵੈਸਾਖੁ, ਜੇਠੁ, ਆਸਾੜੁ, ਸਾਵਣਿ, ਭਾਦਉ, ਅਸੁਨਿ, ਕਤਕਿ, ਮੰਘਰ, ਪੋਖਿ, ਮਾਘਿ, ਫਲਗੁਨਿ ਦਾ ਹਵਾਲਾ ਦੇ ਕੇ ਨਾ ਲਿਖਦੇ ਕਿ ਇਹ ਤਾਂ ਸੱਤ ਮਹੀਨਿਆਂ ਦੇ ਸਪੈਲਿੰਗ
ਵਖਰੇ ਹਨ। ਇਹ ਤਾਂ ਉਹ ਗੱਲ ਹੋਈ ਕਿ ਰੋਟੀ ਖਾਂਦੇ ਦੀ ਦਾੜੀ ਕਿਓ ਹਿੱਲਦੀ ਹੈ? ਅਜੇਹੀਆਂ ਕਈ ਠੁਚਰਾਂ ਤੋਂ ਬਿਨਾ ਤੁਸੀਂ ਕਈ ਨਿੱਜੀ ਕਿਸਮ ਦੇ ਇਲਜ਼ਾਮ ਵੀ ਲਾਏ ਹਨ
ਜਿਨ੍ਹਾਂ ਬਾਰੇ ਮੈਂ ਕੋਈ ਚਰਚਾ ਨਹੀ ਕਰਨੀ। ਆਉ ਹੁਣ ਆਪਾ ਕੰਮ ਦੀ ਗੱਲ ਕਰੀਏ।
ਆਪ ਜੀ ਲਿਖਦੇ ਹੋ, “ਡਾਕਟਰ ਦਰਸ਼ਨ ਸਿੰਘ ਨੇ ਫਰਵਰੀ 2003 ਵਿਚ ਮੇਰੇ ਨਾਲ ਇਸ
ਕੈਲੰਡਰ ਬਾਰੇ ਵਿਚਾਰਾਂ ਕੀਤੀਆਂ। ਮੈਂ ਉਨ੍ਹਾਂ ਨੂੰ ਇਸ ਕੈਲੰਡਰ ਦੇ ਪਿਛੋਕੜ ਵਿਚਲਾ ਅਸਲ ਨਕਸ਼ਾ
ਦਸਿਆ ਤਾਂ ਉਨ੍ਹਾਂ ਨੇ ਇਸ ਬਾਰੇ ਧਰਮ ਪਰਚਾਰ ਕਮੇਟੀ ਦੀ ਮੀਟਿੰਗ ਵਿਚ ਗੱਲਬਾਤ ਕਰਨ ਦਾ ਵਾਅਦਾ
ਕੀਤਾ। ਇਕ ਮੀਟਿੰਗ ਮਗਰੋਂ ਉਨ੍ਹਾਂ ਨੇ ਮੈਨੂੰ ਦਸਿਆ ਕਿ ਅਸੀ (ਧਰਮ ਪਰਚਾਰ ਕਮੇਟੀ ਨੇ)
ਗਰੈਗੋਰੀਅਨ ਕੈਲੰਡਰ ਹੀ ਲਾਗੂ ਕਰਨ ਅਤੇ ਗੁਰਪੁਰਬਾਂ ਦੀਆਂ ਪੱਕੀਆਂ ਤਾਰੀਖ਼ਾਂ ਨੀਅਤ ਕਰਨ ਦਾ
ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਗੁਰੂ ਨਾਨਕ ਸਾਹਿਬ ਦਾ ਪੁਰਬ 1469 ਵਿਚ ਕੱਤਕ ਦੀ ਪੂਰਨਮਾਸ਼ੀ ਦੇ ਦਿਨ 20 ਅਕਤੂਬਰ 1469 ਨੂੰ ਸੀ; ਸੋ ਇਹ ਦਿਨ ਹਰ ਸਾਲ 20 ਅਕਤੂਬਰ ਨੂੰ ਮਨਾਇਆ
ਜਾਇਆ ਕਰੇਗਾ। ਇੰਞ ਹੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਹਰ ਸਾਲ 30 ਮਈ, ਗੁਰੂ ਤੇਗ਼ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਇਆ ਕਰੇਗਾ। ਉਨ੍ਹਾਂ ਦਸਿਆ ਕਿ ਗਰੈਗੋਰੀਅਨ ਮਹਨਿਆਂ ਦੇ ਨਾਲ
ਨਾਲ ਬਿਕਰਮੀ ਮਹੀਨਿਆਂ ਦੇ ਨਾਂ ਵੀ ਦੇ ਦਿਤੇ ਜਾਇਆ ਕਰਨਗੇ। ਹਾਲਾਂ ਕਿ ਮੈਂ ਬਿਕਰਮੀ ਮਹੀਨਿਆਂ ਦੇ
ਨਾਂ ਦੇਣ ਦੇ ਖ਼ਿਲਾਫ਼ ਸੀ ਪਰ ਮੈਂ ਉਨ੍ਹਾਂ ਨੂੰ ਇਸ ਦੀ ਮੁਬਾਰਿਕ ਦਿਤੀ ਤੇ ਕਿਹਾ ਕਿ ਹੁਣ
ਕੈਲੰਡਰ ਦਾ ਝਗੜਾ ਸਦਾ ਵਾਸਤੇ ਖ਼ਤਮ ਹੋ ਜਾਵੇਗਾ। ਇਸ ਦੇ ਨਾਲ ਹੀ ਸਿੱਖ ਸਾਰੀ ਦੁਨੀਆਂ ਦੇ
ਕੌਮਾਂਤਰੀ ਕੈਲੰਡਰ ਨਾਲ ਵੀ ਜੁੜ ਜਾਣਗੇ ਤੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਦਾ ਰੌਲ ਘਚੌਲਾ ਵੀ ਸਦਾ
ਵਾਸਤੇ ਮੁਕ ਜਾਵੇਗਾ”
ਡਾ ਦਿਲਗੀਰ ਜੀ, ਸਭ ਤੋਂ ਪਹਿਲੀ ਗੱਲ ਕਿ ਕੀ ਗੁਰੂ ਨਾਨਕ ਜੀ ਦਾ ਜਨਮ 20 ਅਕਤੂਬਰ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ 30 ਮਈ ਅਤੇ
ਗੁਰੂ ਤੇਗ਼ ਬਹਾਦਰ ਸਾਹਿਬ ਦਾ ਸ਼ਹੀਦੀ 11 ਨਵੰਬਰ
ਨੂੰ ਹੋਈ ਸੀ? ਕੀ ਉਸ ਵੇਲੇ ਹਿੰਦੋਸਤਾਨ `ਚ ਜੂਲੀਅਨ ਕੈਲੰਡਰ ਲਾਗੂ
ਸੀ? ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ, ਆਪ ਲਿਖਦੇ ਹੋ, “ ਗਰੈਗੋਰੀਅਨ ਮਹਨਿਆਂ ਦੇ ਨਾਲ ਨਾਲ ਬਿਕਰਮੀ ਮਹੀਨਿਆਂ ਦੇ ਨਾਂ ਵੀ ਦੇ ਦਿਤੇ ਜਾਇਆ
ਕਰਨਗੇ” ਵਾਹ ਬਈ ਵਾਹ! ਮੰਨ ਗਏ ਕੈਲੰਡਰ ਦੇ ਵਿਦਵਾਨ ਨੂੰ, ਤਾਰੀਖ ਜੂਲੀਅਨ ਦੀ ਤੇ ਸਾਲ ਗਰੈਗੋਰੀਅਨ।
ਆਪ ਜੀ ਲਿਖਦੇ ਹੋ, “ਪੁਰੇਵਾਲ ਦੀ ਇਹ ਦਲੀਲ ਵੀ ਥੋਥੀ ਹੈ ਕਿ 1698-99 ਵਿਚ
ਵਿਸਾਖੀ 29 ਮਾਰਚ ਨੂੰ ਸੀ,
1763 ਵਿਚ 10 ਅਪਰੈਲ ਨੂੰ ਸੀ, 1919 ਵਿਚ 13 ਅਪ੍ਰੈਲ ਨੂੰ ਸੀ ਤੇ ਫਿਰ ਕਦੇ 12 ਅਤੇ ਕਦੇ 14 ਅਪ੍ਰੈਲ ਨੂੰ ਵੀ ਆਈ ਸੀ। ਇੰਞ ਇਹ ਕਦੇ ਜੁਲਾਈ ਵਿਚ ਵੀ ਆਵੇਗੀ। ਇਹ ਵੀ ਨਿਰਾ ਝੂਠ
ਹੈ। 29 ਮਾਰਚ ਅਤੇ 10 ਅਪ੍ਰੈਲ ਦਾ ਚੱਕਰ ਇਸ ਕਰ ਕੇ ਪਿਆ ਸੀ ਕਿ 1752 ਵਿਚ
ਗਰੈਗੋਰੀਅਨ ਕੈਲੰਡਰ ਨੂੰ ਫ਼ਾਈਨਲ ਰੂਪ ਦੇਣ ਵਾਸਤੇ 12 ਦਿਨ ਅੱਗੇ ਕੀਤਾ
ਗਿਆ ਸੀ। ਵਰਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕਦੇ ਵਿਸਾਖੀ ਅਪ੍ਰੈਲ ਦੀ 13-14 ਤੋਂ ਕਿਸੇ ਵਖਰੇ ਦਿਨ ਆਵੇ”। ਡਾ ਦਿਲਗੀਰ ਜੀ,
ਤੁਸੀਂ ਬਹੁਤ ਹੀ ਵਿਸ਼ਵਾਸ ਨਾਲ ਲਿਖਿਆ ਹੈ ਕਿ “ਵਰਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕਦੇ ਵਿਸਾਖੀ ਅਪ੍ਰੈਲ ਦੀ 13-14 ਤੋਂ ਕਿਸੇ ਵਖਰੇ ਦਿਨ ਆਵੇ” ਤੁਹਾਡੇ
ਇਸ ਬਿਆਨ `ਚ ਹੀ ਤੁਹਾਡੀ ਅਗਿਆਨਤਾ ਦੇ ਦਰਸ਼ਨ ਹੋ ਰਹੇ ਹਨ ਕਿ ਆਪ ਨੂੰ ਕੈਲੰਡਰ ਬਾਰੇ ਮੁਢਲੇ ਗਿਆਨ ਦੀ ਵੀ ਸੋਝੀ ਨਹੀ ਹੈ।
(ਇਹ ਫ਼ੋਟੋ
1752 ਦੇ ਸਤੰਬਰ ਮਹੀਨੇ ਦੇ ਕੈਲੰਡਰ ਦੀ ਹੈ । ਸਤੰਬਰ ਦੀ
1 ਤਾਰੀਖ ਦਿਨ ਸੋਮਵਾਰ ਅਤੇ 2 ਤਾਰੀਖ ਦਿਨ ਮੰਗਲਵਾਰ
ਜੂਲੀਅਨ ਕੈਲੰਡਰ ਦੀ ਤਾਰੀਖ ਹੈ। ਉਸ ਤੋਂ ਅਗਲੇ ਦਿਨ ਭਾਵ
ਬੁਧਵਾਰ ਨੂੰ ਤਾਰੀਖ 14 ਹੋ ਗਈ ਸੀ ਜੋ ਗਰੈਗੋਰੀਅਨ ਕੈਲੰਡਰ ਦੀ ਤਾਰੀਖ ਹੈ।)
ਡਾ ਦਿਲਗੀਰ ਜੀ, ਇਹ ਤਾ ਤੁਸੀਂ ਮੰਨਦੇ ਹੀ ਹੋ ਕਿ 1763 ਵਿਚ ਵੈਸਾਖੀ 10 ਅਪ੍ਰੈਲ ਨੂੰ ਸੀ । ਆਪ ਜੀ ਲਿਖਦੇ ਹੋ, “1752 ਵਿਚ
ਗਰੈਗੋਰੀਅਨ ਕੈਲੰਡਰ ਨੂੰ ਫ਼ਾਈਨਲ ਰੂਪ ਦੇਣ ਵਾਸਤੇ 12 ਦਿਨ ਅੱਗੇ ਕੀਤਾ
ਗਿਆ ਸੀ” (3 ਸਤੰਬਰ ਤੋਂ 13
ਸਤੰਬਰ ਭਾਵ 11
ਦਿਨ ਖਤਮ ਕੀਤੇ ਗਏ ਸਨ ਨਾਕਿ 12 ਦਿਨ) ਹੁਣ ਇਹ
ਜਾਣਕਾਰੀ ਦਿਓ ਕਿ 1763 `ਚ 10 ਅਪ੍ਰੈਲ `ਚ ਆਈ ਵੈਸਾਖੀ 13-14
ਅਪ੍ਰੈਲ ਨੂੰ ਕਿਓ ਹੋ ਗਈ? ਜੇ ਇਹ 10 ਅਪ੍ਰੈਲ (1763
ਸੀਈ) ਤੋਂ 14 ਅਪ੍ਰੈਲ (2011
ਸੀ ਈ) ਹੋ ਸਕਦੀ ਹੈ ਤਾਂ ਪਾਲ ਸਿੰਘ ਜੀ ਵੱਲੋਂ ਇਹ ਲਿਖਣਾ ਵੀ ਸੱਚ ਹੈ ਕਿ ਇਹ ਜੁਲਾਈ `ਚ ਵੀ ਚਲੇ ਜਾਵੇਗੀ। ਆਓ
ਵੇਖੀਏ ਕਿਵੇਂ!
ਬਿਕ੍ਰਮੀ ਕੈਲੰਡਰ ਦੇ
ਸਾਲ ਦੀ ਲੰਬਾਈ ਹੈ 365.256363
ਦਿਨ (ਦ੍ਰਿਗ ਗਿਣਤ ਸਿਧਾਤ) ਗਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਹੈ 365.2425 ਦਿਨ।
ਫਰਕ :- 365.2563-365.2425=.013863 ਦਿਨ
.013863*24*60*60=1197.7632 ਸੈਕਿੰਡ
86400/1197.7632=72.134458 ਜਾਂ
ਲੱਗ-ਭੱਗ 72 ਸਾਲ ਵਿਚ ਇਕ ਦਿਨ ਦਾ ਫਰਕ।
ਜੇ 72 ਸਾਲ `ਚ 1 ਦਿਨ ਦਾ ਫਰਕ ਪੈ ਜਾਵੇਗਾ ਤਾਂ 720 ਸਾਲ `ਚ ਹੋਇਆ 10 ਦਿਨ ਦਾ ਭਾਵ 2732
ਸੰਨ `ਚ ਵੈਸਾਖੀ 25 ਅਪ੍ਰੈਲ ਨੂੰ ਆਵੇਗੀ। ਇਸੇ ਤਰ੍ਹਾਂ ਹੀ ਅੱਗੇ ਦੀ ਗਿਣਤੀ ਵੀ ਕੀਤੀ ਜਾ ਸਕਦੀ ਹੈ ।
ਹੁਣ ਤੁਸੀਂ ਇਹ ਦੱਸੋ ਕਿ ਇਹ ਪਾਲ ਸਿੰਘ ਵੱਲੋਂ ਅਜੇਹਾ ਲਿਖਣਾ ਸ਼ੋਸ਼ਾ ਹੈ ਜਾਂ ਤੱਥਾ ਤੇ ਅਧਾਰਿਤ
ਸੱਚ? ਡਾ ਦਿਲਗੀਰ ਜੀ ਹੁਣ ਤਾ ਤੁਹਾਡੇ ਪਾਸ ਕੇਂਬਰਿਜ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ
ਹੋਇਆ software ਵੀ ਹੈ। ਵੇਖ ਕੇ ਦੱਸਿਓ ਤਾਂ ਕਿ ਅੱਜ ਤੋਂ 1000 ਸਾਲ ਪਿਛੋਂ ਵੈਸਾਖੀ ਗਰੈਗੋਰੀਅਨ ਕੈਲੰਡਰ ਦੀ ਕਿੰਨੀ ਤਾਰੀਖ ਨੂੰ ਆਵੇਗੀ?
ਡਾ ਦਿਲਗੀਰ ਜੀ, ਆਪ ਜੀ ਲਿਖਦੇ ਹੋ, “ਪੁਰੇਵਾਲ ਨੇ ਇਹ ਪਰਚਾਰ
ਵੀ ਕੀਤਾ ਸੀ ਕਿ ਬਿਕਰਮੀ ਕੈਲੰਡਰ ਹਿੰਦੂਆਂ ਦਾ ਕੈਲੰਡਰ ਹੈ ਤੇ ਇਸ ਨੂੰ ਪੰਡਤ/ਬ੍ਰਾਹਮਣ ਤਿਆਰ
ਕਰਦੇ ਹਨ ਤੇ ਉਹ ਹੀ ਸੁਦੀਆਂ/ਵਦੀਆਂ ਵਗ਼ੈਰਾ ਮਿਥਦੇ ਹਨ। ਇਹ ਕਹਿਣਾ ਨਿਰਾ ਝੂਠ ਅਤੇ ਧੋਖਾ ਹੈ।
ਬਿਕਰਮੀ ਕੈਲੰਡਰ ਦਾ ਹਿੰਦੂਆਂ ਨਾਲ ਕੋਈ ਸਬੰਧ ਨਹੀਂ। ਇਹ ਤਾਂ ਚੰਨ ਦੇ ਆਧਾਰ ’ਤੇ ਬਣਿਆ ਇਕ ਕੈਲੰਡਰ ਹੈ” ਇਤਿਹਾਸ ਕਾਰ ਜੀ, ਜੇ ਆਪ ਨੇ ਕਦੇ ਕੈਲੰਡਰਾਂ ਦਾ ਇਤਿਹਾਸ ਪੜ੍ਹਿਆ ਹੁੰਦਾ ਤਾਂ ਆਪ ਜੀ ਨੂੰ ਪਤਾ ਹੋਣਾ
ਸੀ ਕਿ ਇਸ ਕੈਲੰਡਰ ਦਾ ਨਾਮ ‘ਬਿਕਰਮੀ ਕੈਲੰਡਰ’
ਕਿਓ ਹੈ। ਹਾਂ ਇਹ ਵੀ ਸੱਚ ਹੈ ਕਿ ਇਸ ਨੂੰ ਕੁਝ ਖਾਸ ਵਿਅਕਤੀ ਹੀ ਤਿਆਰ ਕਰਦੇ ਹਨ।
ਆਮ ਵਿਅਕਤੀ ਤਾਂ ਇਕ ਪਾਸੇ ਇਥੇ ਤਾਂ ਕਈ ਵਿਦਵਾਨਾਂ ਨੂੰ ਵੀ ਇਸ ਦੀਆਂ ਭੁਲ-ਭੁਲਾਈਆਂ ਸਮਝ ਨਹੀਂ
ਆਉਂਦੀਆਂ।
ਆਪ ਦੇ ਬਚਨ, “ਸਿਰਫ਼ ਸਾਊਥ ਏਸ਼ੀਆ ਜਾਂ ਏਸ਼ੀਆ ਹੀ ਨਹੀਂ, ਬਲਕਿ
ਯੂਰਪੀਨ, ਅਰਬ ਤੇ ਹੋਰ ਲੋਕ ਵੀ ਧਾਰਮਿਕ ਦਿਨ ਕੱਢਣ ਵਾਸਤੇ ਚੰਨ ਦਾ ਕੈਲੰਡਰ ਹੀ ਵਰਤਦੇ ਹਨ।
ਇਸੇ ਕਰ ਕੇ ਮੁਸਲਮਾਨਾਂ ਦੀ ‘ਈਦ’ ਹਰ ਸਾਲ ਵਖ-ਵਖ ਦਿਨਾਂ ਹੀ ਨਹੀਂ ਬਲਕਿ ਵੱਖ-ਵੱਖ ਮਹੀਨਿਆਂ ਵਿਚ ਆਉਂਦੀ ਹੈ, ਕਈ ਵਾਰ ਗਰਮੀਆਂ ਵਿਚ ਅਤੇ ਕਈ ਵਾਰ ਸਖ਼ਤ ਸਰਦੀ ਦੀ ਰੁਤ ਵਿਚ ਵੀ ਆ ਜਾਂਦੀ ਹੈ। ਇਹ
ਤਾਂ ਕਈ ਵਾਰ ਇਕ ਸਾਲ ਵਿਚ ਦੋ ਵਾਰ ਵੀ ਆ ਚੁਕੀ ਹੈ”।
ਮੈਨੂੰ ਬੜੇ ਅਫ਼ਸੋਸ ਨਾਲ
ਲਿਖਣਾ ਪੈ ਰਿਹਾ ਹੈ ਕਿ ਤੁਸੀਂ ਦੋ ਵੱਖ-ਵੱਖ ਕੈਲੰਡਰਾਂ `ਚ ਫਰਕ
ਸਮਝਣ ਤੋਂ ਵੀ ਅਸਮਰੱਥ ਨਜ਼ਰ ਆਉਂਦੇ ਹੋ। ਦੁਨਿਆਵੀ ਡਿਗਰੀਆਂ ਨਾਲ ਸ਼ਿੰਗਾਰੇ ਹੋਏ ਵਿਦਵਾਨ ਜੀ, ਇਸਲਾਮ ਧਰਮ ਦਾ ਸ਼ੁਭ ਦਿਹਾੜਾ ‘ਈਦ’ ਹਿਜਰੀ ਕੈਲੰਡਰ ਮੁਤਾਬਕ ਮਨਾਇਆ ਜਾਂਦਾ ਹੈ ਨਾ ਕਿ ਹਿੰਦੂ ਬਿਕ੍ਰਮੀ ਕੈਲੰਡਰ
ਮੁਤਾਬਕ। ਹਿਜਰੀ ਕੈਲੰਡਰ, ਸਿਰਫ ਚੰਦ ਅਧਾਰਿਤ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ 354.37 ਦਿਨ ਹੈ ਜਦੋਂ ਕਿ ਤੁਹਾਡੇ ਵੱਲੋਂ ਪ੍ਰਚਾਰੇ ਜਾ ਰਹੇ ਬਿਕ੍ਰਮੀ ਕੈਲੰਡਰ ਦੇ ਸਾਲ ਲੰਬਾਈ 365.256363
ਦਿਨ। ਹਿਜਰੀ ਕੈਲੰਡਰ `ਚ ਸਾਲ ਦੇ 12 ਮਹੀਨੇ ਅਤੇ
ਮਹੀਨੇ ਦੇ 29 ਜਾਂ 30 ਦਿਨ ਹੁੰਦੇ ਹਨ। ਹਰ ਦਿਹਾੜਾ ਸੂਰਜੀ ਕੈਲੰਡਰ ਮੁਤਾਬਿਕ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਂਦਾ ਹੈ। ਇਸ ਬਾਰੇ ਕਿਸੇ ਤੋਂ ਪੁੱਛਣ ਦੀ ਲੋੜ ਨਹੀ ਜਦੋਂ ਕਿ
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ, ਆਪਣੇ ਆਪ ਨੂੰ ਵਿਦਵਾਨ
ਸਮਝਣ ਵਾਲੇ ਵੀ ਨਹੀ ਦੱਸ ਸਕਦੇ।
ਅੱਗੇ ਆਪ ਜੀ ਲਿਖਦੇ ਹੋ, “ਕੀ ਉਹ ਸਾਰੇ ਬੇਵਕੂਫ਼ ਹਨ? ਕੀ ਉਹ ਨਹੀਂ ਸੂਰਜੀ
ਕੈਲੰਡਰ ਮੁਤਾਬਿਕ ਪੱਕੇ ਦਿਨ ਨੀਅਤ ਕਰ ਸਕਦੇ? ਕੀ ਉਨ੍ਹਾਂ ਕੋਲ ਵਿਦਵਾਨ
ਨਹੀਂ ਹਨ? ਦਰਅਸਲ ਉਨ੍ਹਾਂ ਦੇ ਆਗੂ ਸਿੱਖ ਆਗੂਆਂ ਵਾਂਗ ਮੂਰਖ ਨਹੀਂ ਹਨ ਵਰਨਾ ਉਹ ਵੀ ਪੁਰੇਵਾਲ
ਜਾਂ ਕਿਸੇ ਇਸ ਵਰਗੇ ਨੂੰ ਮੰਨ ਲੈਂਦੇ” । ਡਾ ਦਿਲਗੀਰ ਜੀ,
ਤੁਹਾਡੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਸਮਝਦਾ ਹਾਂ ਕਿ ਪਾਕਿਸਤਾਨ ਸਰਕਾਰ ਨੇ ਸ. ਪਾਲ ਸਿੰਘ ਨੂੰ ਵਿਦਵਾਨ ਮੰਨ ਲਿਆ ਹੈ ਅਤੇ ਉਨ੍ਹਾਂ ਵੱਲੋਂ
ਬਣਾਇਆ ਹੋਇਆ 1500 ਸਾਲ ਦਾ ਹਿਜਰੀ ਕੈਲੰਡਰ 2007 `ਚ
ਪਾਕਿਸਤਾਨ ਵਿਚ ਰੀਲੀਜ਼
ਹੋ ਚੁੱਕਾ ਹੈ।
ਡਾ ਦਿਲਗੀਰ ਜੀ ਦੇ ਬਚਨ, “ਪਾਲ ਸਿੰਘ ਦਾ ਕੈਲੰਡਰ ਬਿਕਰਮੀ ਕੈਲੰਡਰ ਤੋਂ ਕਿੰਨਾ ਵਖਰਾ ਹੈ, ਆਓ ਵੇਖੀਏ! ਪਾਲ ਸਿੰਘ ਦਾ ਕੈਲੰਡਰ ਚੰਨ ਦੀ ਥਾਂ ਸੂਰਜ ਦੀ ਚਾਲ ਨਾਲ ਦਿਨ ਗਿਣਦਾ
ਹੈ।… ਇਹ ਤਾਂ ‘ਸੂਰਜੀ ਕਰਣ ਵਾਲਾ ਬਿਕਰਮੀ ਕੈਲੰਡਰ’ ਹੀ ਹੋਇਆ ਨਾ ਕਿ ਸਿੱਖ
ਕੈਲੰਡਰ”। ਡਾ ਦਿਲਗੀਰ ਜੀ, ਇਥੇ ਵੀ ਤੁਸੀਂ ਆਪਣੀ ਅਗਿਆਨਤਾ ਦਾ ਹੀ ਪ੍ਰਗਟਾਵਾ ਕੀਤਾ ਹੈ। ਕੀ ਆਪ ਜੀ ਨੂੰ, ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਅਤੇ
ਸੂਰਜੀ ਸਾਲ ਦੀ ਲੰਬਾਈ 365.242196
ਦਿਨ `ਚ ਕੋਈ ਫਰਕ ਨਜ਼ਰ ਨਹੀ ਆਇਆ? ਆਪ ਜੀ ਲਿਖਦੇ ਹੋ, “ਉਂਞ ਇਸ ਕੈਲੰਡਰ ਕਮੇਟੀ ਦੇ ਇਕ ਮੈਂਬਰ ਅਨੁਰਾਗ ਸਿੰਘ ਨੇ ਇਹ ਸਾਬਿਤ ਕੀਤਾ ਹੈ ਕਿ
ਇਹ ਭਾਰਤ ਸਰਕਾਰ ਦੇ “ਸ਼ਕ ਸੰਮਤ” ਦੀ, ਮਾਮੂਲੀ ਫ਼ਰਕ ਨਾਲ, ਇਕ ਫ਼ੋਟੋ ਕਾਪੀ ਹੈ
।(ਵੇਖੋ: ਸੰਤ ਸਿਪਾਹੀ ਮਈ 2003
ਵਿਚ ਉਨ੍ਹਾਂ ਦਾ ‘ਅੱਖਾਂ ਖੋਲ੍ਹਣ ਵਾਲਾ’ ਲੇਖ)। ਡਾ ਦਿਲਗੀਰ ਜੀ, ਭਲਾ ਜੇ ਅਨੁਰਾਗ ਸਿੰਘ
ਨੇ ਅਗਿਆਨਤਾ ਕਾਰਨ ਅਜੇਹਾ ਲਿਖ ਹੀ ਦਿੱਤਾ ਸੀ ਤਾ ਕੀ ਤੁਹਾਡਾ ਫਰਜ਼ ਨਹੀਂ ਸੀ ਬਣਦਾ ਕਿ ਉਸ ਦੀ
ਲਿਖਤ ਨੂੰ ਆਪਣੇ ਹੱਕ `ਚ ਭੁਗਤਾਉਣ ਤੋਂ ਪਹਿਲਾ ਪੜਤਾਲ ਕਰ ਲੈਂਦੇ? ਚਲੋ! ਜੇ ਪਹਿਲਾ ਪੜਤਾਲ
ਨਹੀ ਕੀਤੀ ਤਾ ਹੁਣ ਪੜਤਾਲ ਕਰਕੇ ਇਹ ਜਾਣਕਾਰੀ ਦਿਓ ਕਿ ਸਾਕਾ ਕੈਲੰਡਰ `ਚ ਨਵੇਂ ਸਾਲ ਅਤੇ ਮਹੀਨਿਆਂ ਦਾ ਅਰੰਭ ਕਿੰਨੀ ਤਾਰੀਖ ਨੂੰ ਹੁੰਦਾ ਹੈ ਅਤੇ
ਨਾਨਕਸ਼ਾਹੀ ਕੈਲੰਡਰ ਵਿੱਚ ਕਿੰਨੀ ਤਾਰੀਖ ਨੂੰ।
ਆਪ ਜੀ ਲਿਖਦੇ ਹੋ, “ਪੁਰੇਵਾਲ ਦਾ ਕੈਲੰਡਰ ਗੁਰੂ ਹਰਿਗੋਬਿੰਦ ਸਾਹਿਬ ਦਾ ਜੋਤੀ-ਜੋਤ ਸਮਾਉਣਾ 19 ਅਪ੍ਰੈਲ ਨੂੰ ਮਨਾਇਆ ਕਰੇਗਾ ਪਰ ਅਸੀਂ ਕਿਤਾਬਾਂ ਚੋਂ 30 ਮਾਰਚ 1644 ਪੜ੍ਹਿਆ ਕਰਾਂਗੇ। ਇੰਞ ਹੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ 30 ਮਈ 1606 ਨੂੰ ਹੋਈ ਸੀ, ਪਰ ਅਸੀਂ 16 ਜੂਨ ਨੂੰ ਮਨਾਇਆ ਕਰਾਂਗੇ; ਕਿਤਾਬਾਂ ਮੁਤਾਬਿਕ ਗੁਰੂ
ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ 11 ਨਵੰਬਰ 1675 ਨੂੰ ਹੋਈ ਸੀ, ਇਹ ਅਸੀਂ 24 ਨਵੰਬਰ ਨੂੰ ਮਨਾਇਆ ਕਰਾਂਗੇ ਤੇ ਹੋਰ ਵੀ ਕਈ ਕੁਝ”। ਡਾ ਦਿਲਗੀਰ ਜੀ, ਤੁਸੀਂ ਲਿਖਿਆ ਹੈ, “ਪੁਰੇਵਾਲ ਦਾ ਕੈਲੰਡਰ
ਗੁਰੂ ਹਰਿਗੋਬਿੰਦ ਸਾਹਿਬ ਦਾ ਜੋਤੀ-ਜੋਤ ਸਮਾਉਣਾ 19 ਅਪ੍ਰੈਲ ਨੂੰ ਮਨਾਇਆ
ਕਰੇਗਾ ਪਰ ਅਸੀਂ ਕਿਤਾਬਾਂ ਚੋਂ 30 ਮਾਰਚ 1644 ਪੜ੍ਹਿਆ ਕਰਾਂਗੇ”
ਮੈਨੂੰ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੇ ਤੁਹਾਡੇ ਵਰਗੇ ਇਤਿਹਾਸਕਾਰ 3 ਮਾਰਚ (ਚੇਤ ਸੁਦੀ 5, 6 ਚੇਤ) ਨੂੰ 30 ਮਾਰਚ, ਅਤੇ ਨਾਨਕਸ਼ਾਹੀ ਕੈਲੰਡਰ ਦੀ 19 ਮਾਰਚ (6 ਚੇਤ) ਨੂੰ 19 ਅਪ੍ਰੈਲ ਲਿਖਣਗੇ ਤਾਂ ਸਾਡੇ ਵਰਗੇ ਪਾਠਕ ਤਾਂ ਇਹ ਹੀ ਪੜ੍ਹਨਗੇ। ਜੇ, 30 ਮਈ ਦੀ ਬਜਾਏ 2
ਹਾੜ ਅਤੇ 11 ਨਵੰਬਰ ਦੀ ਬਜਾਏ 11 ਮੱਘਰ ਮੰਨ ਲੈਂਦੇ ਜਾਂ
ਨਾਨਕ ਸ਼ਾਹੀ ਕੈਲੰਡਰ ਦੀ ਭੂਮਿਕਾ ਹੀ ਪੜ੍ਹ ਲੈਂਦੇ ਤਾਂ ਤੁਹਾਨੂੰ ਇਹ ਗਲਤ ਬਿਆਨੀ ਕਰਨ ਦੀ ਲੋੜ
ਨਹੀ ਸੀ ਪੈਣੀ। ਨਾਨਕਸ਼ਾਹੀ ਕੈਲੰਡਰ `ਚ ਅੱਜ ਵੀ ਏਹੀ ਤਾਰੀਖਾਂ
ਹਨ। ਨਾਨਕ ਸ਼ਾਹੀ ਕੈਲੰਡਰ ਦੀ ਭੂਮਿਕਾ `ਚ 12 ਫਰਵਰੀ 2003 ਦੀ ਮੀਟਿੰਗ `ਚ ਪਾਸ ਹੋਏ ਮਤਾ ਨੰਬਰ 10 `ਚ ਸਪੱਸ਼ਟ ਲਿਖਿਆ ਹੋਇਆ
ਹੈ, “ਤਿੱਥਾਂ ਨੂੰ ਨਾਨਕ ਸ਼ਾਹੀ ਕੈਲੰਡਰ ਵਿਚ ਬਦਲਣ ਲਈ ਅੰਗਰੇਜੀ ਤਾਰੀਖ ਨੂੰ ਨਹੀਂ
ਬਲਕਿ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਗਿਆ ਹੈ”। ਡਾ ਦਿਲਗੀਰ ਜੀ,
ਜੇ ਵੈਸਾਖੀ ਦੀ ਤਾਰੀਖ 29 ਮਾਰਚ ਪੜ੍ਹ ਕੇ 14 ਅਪ੍ਰੈਲ ਨੂੰ ਮਨਾਉਣ ਤੇ ਤੁਹਾਨੂੰ ਕੋਈ ਇਤਰਾਜ਼ ਨਹੀ ਹੈ ਤਾਂ ਬਾਕੀ ਦਿਹਾੜਿਆਂ
ਬਾਰੇ ਕਿਓ? ਤੁਸੀਂ ਪੰਨਾ 156
ਤੇ ਕੁਝ ਹੋਰ ਲਿਖਦੇ ਹੋ ਅਤੇ ਪੰਨਾ 157 ਤੇ ਉਸ ਤੋਂ ਉਲਟ। ਜੇ ਸ.
ਪਾਲ ਸਿੰਘ ਨੇ ਇਕ ਬਹੁਤ ਹੀ ਸਧਾਰਨ ਨੁਕਤੇ ਦੀ ਵਿਆਖਿਆ ਨਹੀ ਕੀਤੀ ਤਾਂ ਤੁਸੀਂ ਲਿਖ ਦਿੱਤਾ, “ਪੁਰੇਵਾਲ ਦੀ ਇਹ ਦਲੀਲ ਵੀ ਥੋਥੀ ਹੈ” ਹੁਣ ਤੁਹਾਡੇ ਵੱਲੋਂ
ਅਜੇਹੀ ਥੋਥੀ ਦਲੀਲ ਦੇਣ ਦਾ ਕੀ ਕਾਰਨ ਹੈ? ਡਾ ਦਿਲਗੀਰ ਜੀ, ਹੁਣ ਤੁਹਾਨੂੰ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦਾ ਫਰਕ ਕਿਵੇਂ ਭੁਲ ਗਿਆ?
ਆਪ ਜੀ ਦੇ ਬਚਨ, “ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਅਸੀਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਤਾਂ 16 ਜੂਨ ਨੂੰ ਮਨਾਇਆ ਕਰਾਂਗੇ, ਪਰ ਦਰਬਾਰ ਸਾਹਿਬ ’ਤੇ ਹਮਲੇ ਦਾ ਦਿਨ 4 ਜੂਨ ਨੂੰ ਮਨਾਇਆ
ਕਰਾਂਗੇ। ਬੂਝੜਤਾ ਦੀ ਵੀ ਹੱਦ ਹੁੰਦੀ ਹੈ” । ਡਾ ਦਿਲਗੀਰ ਜੀ,
ਦੂਜਿਆਂ ਲਈ ਅਜੇਹੇ ਸ਼ਬਦ, “ਬੂਝੜਤਾ ਦੀ ਵੀ ਹੱਦ
ਹੁੰਦੀ ਹੈ” ਵਰਤਣੇ ਆਪ ਨੂੰ ਸੋਭਾ ਨਹੀਂ ਦਿੰਦੇ। ਡਾ ਦਿਲਗੀਰ ਜੀ, 1984 `ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 4 ਜੂਨ ਨੂੰ
ਨਹੀ ਸੀ ਸਗੋਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਜੇਠ ਸੁਦੀ 4 ਨੂੰ ਮਨਾਇਆ ਗਿਆ ਸੀ ਜੋ 1984 `ਚ 3 ਜੂਨ ਆਇਆ ਸੀ। ਇਹ ਦਿਹਾੜਾ ਜੇਠ ਸੁਦੀ 4 ਮੁਤਾਬਕ 1985
`ਚ 24 ਮਈ, 1986 `ਚ 11 ਜੂਨ ਅਤੇ 1987
ਵਿਚ 31 ਮਈ ਨੂੰ ਮਨਾਇਆ ਗਿਆ ਸੀ। ਕੀ ਆਪ ਨੇ ਉਦੋਂ ਵੀ ਕੋਈ ਇਤਰਾਜ਼ ਕੀਤਾ ਸੀ ਜਾਂ ਨਹੀਂ, ਜੇ ਨਹੀ ਤਾ ਕਿਓ?
ਚਲੋ! ਜੇ ਤੁਸੀਂ 1985-86 `ਚ ਕੋਈ ਇਤਰਾਜ਼ ਨਹੀ
ਕੀਤਾ ਤਾ ਹੁਣ ਤਾ ਕਰ ਸਕਦੇ ਹੋ। ਡਾ ਦਿਲਗੀਰ ਜੀ, ਇਹ
ਦਿਹਾੜਾ 2010 `ਚ 16 ਜੂਨ, 2011 `ਚ 5 ਜੂਨ ਨੂੰ ਮਨਾਇਆ ਗਿਆ ਸੀ। 2012 `ਚ 25 ਮਈ ਨੂੰ ਮਨਾਇਆ ਜਾਵੇਗਾ। ਹੁਣ ਦੱਸੋ, ਇਸ ਸਾਲ ਇਹ ਦੋਵੇਂ
ਦਿਹਾੜੇ ਇਕੱਠੇ ਕਿਵੇਂ ਅਤੇ ਕਿਸ ਤਾਰੀਖ ਨੂੰ ਮਨਾਏ ਜਾਣ?
ਅੱਗੇ ਆਪ ਜੀ ਲਿਖਦੇ ਹੋ, “ਇਕ ਹੋਰ ਗਲਤ ਪਰਚਾਰ ਕੀਤਾ ਜਾ ਰਿਹਾ ਹੈ ਕਿ ਪੁਰੇਵਾਲ ਨੇ ਇਸ ਕੈਲੰਡਰ ਨੂੰ ਤਿਆਰ
ਕਰਨ ਵਾਸਤੇ 20 ਸਾਲ ਲਾਏ ਹਨ। ਬੀਬੀ ਕਿਰਨਜੋਤ ਕੌਰ ਨੇ ਤਾਂ 40 ਸਾਲ ਕਹਿ
ਦਿੱਤਾ ਹੈ ਜਦ ਕਿ ਬਿਕਰਮੀ ਕੈਲੰਡਰ ਦਾ ਸੂਰਜੀ-ਕਰਨ ਕਰਨ ਦਾ ਕੰਮ ਵਧ ਤੋਂ ਵਧ 8-10 ਘੰਟਿਆਂ ਦਾ ਹੈ ਤੇ ਏਨੇ ਚਿਰ ਵਿਚ ਹੀ ਇਹ ਕੈਲੰਡਰ ਬਣਿਆ ਸੀ। ਇਹ ਕੰਮ ਕੋਈ ਵੀ ਕੁਝ
ਘੰਟਿਆਂ ਵਿਚ ਕਰ ਸਕਦਾ ਹੈ”। ਡਾ ਦਿਲਗੀਰ ਜੀ 8-10 ਘੰਟੇ ਤਾ ਬਹੁਤ ਹੁੰਦੇ ਹਨ। ਜਿਹੜਾ ਕੈਲੰਡਰ ਤੁਸੀਂ ਬਣਾਇਆ ਸੀ ਉਸ ਵਰਗਾ ਤਾ ਮੈਂ
ਅੱਧੇ-ਪੌਣੇ ਘੰਟੇ `ਚ ਹੀ ਬਣਾ ਸਕਦਾ ਹਾਂ।
ਆਪ ਜੀ ਦੇ ਬਚਨ, “ਜੇ ਸਿੱਖਾਂ ਨਾਲ ਆਪਣਾ ਕੈਲੰਡਰ ਬਣਾਉਣਾ ਹੀ ਹੈ ਤਾਂ ਗਰੈਗੋਰੀਅਨ ਦਾ ਸਿੱਖ-ਰੂਪ
ਕੀਤਾ ਜਾ ਸਕਦਾ ਹੈ ਯਾਨਿ 12 ਮਹੀਨਿਆਂ ਦੇ ਨਾਂ ਗੁਰੂ ਸਾਹਿਬ ਦਾ ਨਾਂਵਾਂ ਦੇ ਨਾਂ ’ਤੇ ਰੱਖੇ ਜਾ ਸਕਦੇ ਹਨ, ਜਿਵੇਂ ਜਨਵਰੀ ਤੋਂ
ਅਕਤੂਬਰ ਤਕ 10 ਗੁਰੂਆਂ ਦੇ ਨਾਂ ਅਤੇ ਨਵੰਬਰ ‘ਗੁਰੂ ਗ੍ਰੰਥ ਮਾਹ’ ਅਤੇ ਦਸੰਬਰ ‘ਪੰਥ ਮਾਹ’”।
ਮਸਲਾ ਹੱਲ ਕਿਵੇਂ ਕੀਤਾ
ਜਾਵੇ ? ਦੇ ਸਿਰਲੇਖ ਹੇਠ ਆਪ ਜੀ ਲਿਖਦੇ ਹੋ, “ਹੁਣ ਸਵਾਲ ਹੈ ਕਿ ਸਿੱਖ ਕੈਲੰਡਰ
ਦਾ ਮਸਲਾ ਹੱਲ ਕਿਵੇਂ ਕੀਤਾ ਜਾਵੇ? ਉਂਞ ਤਾਂ ਬਿਕਰਮੀ
ਕੈਲੰਡਰ ਮੁਤਾਬਿਕ ਦਿਨ ਮਨਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਬਿਕਰਮੀ ਕੈਲੰਡਰ ਹਿੰਦੂਆਂ ਦਾ
ਨਹੀਂ। ਇਹ ਤਾਂ ਸਿਰਫ਼ ਚੰਦਰਮਾ ਦੇ ਚੜ੍ਹਾਅ-ਉਤਰਾਅ ’ਤੇ ਅਧਾਰਤ ਕੈਲੰਡਰ ਹੈ।
ਇਹ ਵੀ ਗ਼ਲਤ ਹੈ ਕਿ ਸਾਨੂੰ ਬਿਕਰਮੀ ਮੁਤਾਬਿਕ ਦਿਨ ਕੱਢਣ ਵਾਸਤੇ ਪੰਡਤਾਂ ਤੇ ਮੁਨੱਸਰ ਹੋਣਾ
ਪੈਂਦਾ ਹੈ”। ਡਾ ਦਿਲਗੀਰ ਜੀ, ਜੇ ਤੁਸੀਂ ਸਮਝਦੇ ਹੋ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀਆ ਤਾਰੀਖ਼ਾ ਲਈ
ਪੰਡਤਾਂ ਤੋਂ ਪੁੱਛਣ ਦੀ ਲੋੜ ਨਹੀਂ ਤਾਂ ਇਹ ਜਾਣਕਾਰੀ ਦਿਓ ਕਿ 13ਵਾਂ ਮਹੀਨਾ (ਇਸ ਸਾਲ 13 ਮਹੀਨੇ ਹਨ। ਭਾਦੋਂ ਦੇ
ਦੋ ਮਹੀਨੇ ਹਨ) ਕਿਓ ਅਤੇ ਕਦੋਂ ਆਉਂਦਾ ਹੈ? ਇਕ ਦਿਨ `ਚ ਦੋ ਤਰੀਖਾਂ (10
ਮਾਰਚ, 27 ਫੱਗਣ ਦਿਨ ਸ਼ਨੀਵਾਰ ਨੂੰ ਚੇਤਰ ਵਦੀ 2 ਅਤੇ 3 ਸਨ) ਅਤੇ ਦੋ ਦਿਨਾਂ `ਚ ਇਕ ਤਾਰੀਖ (27-28 ਮਾਰਚ, 14-15 ਚੇਤ, ਮੰਗਲਵਾਰ ਅਤੇ ਬੁਧਵਾਰ ਨੂੰ ਦੋਵੇਂ ਦਿਨ ਹੀ ਚੇਤਰ ਸੁਦੀ 5 ਹੋਵੇਗੀ) ਕਿਵੇਂ ਅਤੇ ਕਿਓ ਆਉਂਦੀਆਂ ਹਨ? ਤੁਹਾਡੇ ਇਹ ਲਿਖਣ, “ਉਂਞ ਤਾਂ ਬਿਕਰਮੀ ਕੈਲੰਡਰ ਮੁਤਾਬਿਕ ਦਿਨ ਮਨਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ” ਸਬੰਧੀ ਬੇਨਤੀ ਹੈ ਕਿ ਜੇ ਚੰਦ ਦੇ ਕੈਲੰਡਰ ਨੂੰ ਖਿਚ-ਧੂ ਕੇ ਸੂਰਜੀ ਕੈਲੰਡਰ ਦੇ
ਨੇੜੇ ਤੇੜੇ ਕਰਨਾ ਹੀ ਪੈਣਾ ਹੈ ਤਾ ਕਿਓ ਨਾ ਸੂਰਜੀ ਕੈਲੰਡਰ ਹੀ ਵਰਤ ਲਿਆ ਜਾਵੇ?।
ਅੱਗੇ ਆਪ ਜੀ ਨੇ
ਕੇਂਬਰਿਜ ਯੂਨੀਵਰਸਿਟੀ ਵੱਲੋਂ ਛਾਪੀ ਕਿਤਾਬ ਦਾ ਜਿਕਰ ਇਨ੍ਹਾਂ ਸ਼ਬਦਾਂ `ਚ ਕੀਤਾ ਹੈ, “ਜਿਸ ਵਿਚ 2001
ਤੋਂ 2025 ਤਕ ਦੀਆਂ ਬਿਕਰਮੀ ਤੇ ਗਰੈਗੋਰੀਅਨ ਕੈਲੰਡਰ ਆਹਮੋ ਸਾਹਮਣੇ ਦਿੱਤੀਆਂ ਹੋਈਆਂ ਹਨ।
ਪੁਰੇਵਾਲ ਵੀ ਇਹੀ ਕਿਤਾਬ ਹੀ ਵਰਤਦਾ ਰਿਹਾ ਹੈ ਤੇ ਉਹ 23 ਤਾਰੀਖ਼ ਦੀ ਮੀਟਿੰਗ ਵਿਚ
ਇਹ ਕਿਤਾਬ ਲੈ ਕੇ ਵੀ ਆਇਆ ਸੀ ਤੇ ਮੈਨੂੰ ਦਿਖਾਈ ਵੀ ਸੀ”। ਡਾ ਦਿਲਗੀਰ ਜੀ,
ਮੇਰੀ ਜਾਣਕਾਰੀ ਮੁਤਾਬਕ ਇਹ ਕਿਤਾਬ ਪਹਿਲੀ ਵਾਰ 2002 `ਚ ਛਪੀ ਸੀ। ਪਰ ਜਦੋਂ ਮੈਂ ਪਾਲ ਸਿੰਘ ਵੱਲੋਂ ਬਣਾਈ ਗਈ 500 ਸਾਲਾਂ ਦੀ ਜੰਤਰੀ ਵੇਖੀ, ਉਹ ਤਾ 1994 `ਚ ਛਪੀ ਹੋਈ ਹੈ। ਆਪਣੇ ਲੇਖ ਦੇ ਅਰੰਭ `ਚ ਹੀ ਆਪ ਜੀ ਨੇ ਇਹ ਵੀ
ਲਿਖਿਆ ਹੈ, “ਮੈਂ ਤਾਂ ਪੁਰੇਵਾਲ ਦੇ 1997 ਵਿਚ ਬਣਾਏ ਕੈਲੰਡਰ ਨੂੰ
ਪਹਿਲੋਂ ਵੀ ਰੱਦ ਕਰ ਚੁੱਕਾ ਹਾਂ”। ਹੁਣ ਆਪ ਜੀ ਦਾ ਇਹ ਦਾਵਾ ਕਿਵੇਂ ਮੰਨਿਆ ਜਾਵੇ ਕਿ “ਪੁਰੇਵਾਲ ਵੀ ਇਹੀ ਕਿਤਾਬ ਹੀ ਵਰਤਦਾ ਰਿਹਾ ਹੈ”? ਡਾ
ਦਿਲਗੀਰ ਜੀ, ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਇਹ ਕਿਤਾਬ ਨਹੀ ਪੜ੍ਹੀ। ਊਝ ਜੇ ਤੁਸੀਂ
ਇਸ ਕਿਤਾਬ ਦੇ ਦਰਸ਼ਨ ਵੀ ਕੀਤੇ ਹੁੰਦੇ ਤਾਂ ਤੁਹਾਨੂੰ ਪਤਾ ਹੋਣਾ ਸੀ ਕਿ ਇਸ `ਚ ਕੈਲੰਡਰ ਤੁਹਾਡੇ ਲਿਖਣ ਮੁਤਾਬਕ, “ਜਿਸ ਵਿਚ 2001 ਤੋਂ 2025 ਤਕ ਦੀਆਂ ਬਿਕਰਮੀ ਤੇ ਗਰੈਗੋਰੀਅਨ ਕੈਲੰਡਰ ਆਹਮੋ ਸਾਹਮਣੇ ਦਿੱਤੀਆਂ ਹੋਈਆਂ ਹਨ” ਨਹੀਂ ਸਗੋਂ ਇਸ ਕਿਤਾਬ ਦਾ ਤਾਂ ਨਾਮ ਹੀ Calendrical Tabulations 1900-2200 ਹੈ। ਇਸ `ਚ 25 ਸਾਲ ਦਾ ਨਹੀਂ ਸਗੋਂ 300 ਸਾਲ ਦਾ ਕੈਲੰਡਰ ਹੈ।
ਕੇਂਬਰਿਜ ਯੂਨੀਵਰਸਿਟੀ
ਦੇ ਇਨ੍ਹਾਂ ਹੀ ਵਿਦਵਾਨਾਂ ਵੱਲੋਂ ਤਿਆਰ ਕੀਤੀ ਗਈ ਇਕ ਹੋਰ ਕਿਤਾਬ Calendrical Calculations ਜੋ ਪਹਿਲੀ ਵਾਰ 2001
`ਚ ਛਪੀ ਸੀ, ਜੇ ਤੁਸੀਂ
ਪੜ੍ਹੀ ਹੁੰਦੀ ਤਾ ਤੁਹਾਨੂੰ ਪਤਾ ਹੋਣਾ ਸੀ ਕਿ ਕੇਂਬਰਿਜ ਯੂਨੀਵਰਸਿਟੀ ਨੂੰ ਇਹ ਕਿਤਾਬ ਅਤੇ software ਤਿਆਰ ਕਰਨ ਲਈ ਕਿੰਨੇ ਸਾਲ ਲੱਗੇ ਸਨ ਅਤੇ ਉਨ੍ਹਾਂ ਨੇ ਕਿਸ-ਕਿਸ ਵਿਦਵਾਨ ਤੋਂ
ਸਹਿਯੋਗ ਲਿਆ ਹੈ। ਨਿਮਰਤਾ ਸਹਿਤ ਬੇਨਤੀ ਹੈ ਕਿ ਪੜ੍ਹੋ ਇਸ ਕਿਤਾਬ ਦੀ ਤੀਜੀ ਐਡੀਸ਼ਨ ਦਾ ਮੁਖਬੰਧ, ਤੁਹਾਡੀ ਜਾਣਕਾਰੀ `ਚ ਯਕੀਨਨ ਵਾਧਾ ਹੋਵੇਗਾ।
ਜੇ ਦੁਨੀਆਂ ਦੀ ਮੰਨੀ–ਪ੍ਰਮੰਨੇ ਵਿਦਵਾਨਾਂ ਨੂੰ ਯੂਨੀਵਰਸਿਟੀ ਪੱਥਰ ਤੇ ਅਜੇਹਾ ਕੰਮ ਪੂਰਾ ਕਰਨ ਲਈ ਦਹਾਕੇ
ਲੱਗ ਸਕਦੇ ਹਨ ਤਾਂ ਇਕੱਲੇ ਵਿਅਕਤੀ ਨੂੰ ਕਿੰਨਾ ਸਮਾਂ ਲੱਗਾ ਹੋਵੇਗਾ? ਇਹ ਕੋਈ ਅਲਜਬਰੇ ਦਾ ਸਵਾਲ ਨਹੀਂ ਹੈ।
ਡਾ ਦਿਲਗੀਰ ਜੀ, ਅਜੇਹੇ ਕੈਲੰਡਰ ਦਾ ਕੀ ਫਾਇਦਾ ਜਿਸ ਦੀਆਂ
ਤਾਰੀਖਾਂ ਵਿਦਵਾਨ ਵੀ ਨਾ ਦੱਸ ਸਕਣ ਜਾਂ ਤਾਰੀਖਾਂ ਨੂੰ ਪ੍ਰਚੱਲਤ ਕੈਲੰਡਰ `ਚ ਬਦਲੀ ਕਰਨ ਵੇਲੇ ਖ਼ੁਦ ਹੀ ਉਲਝ ਜਾਣ। ਕੈਲੰਡਰ ਦੇ ਇਕ ਮਾਹਿਰ ਨੂੰ ਮੈਂ ਇਕ ਸਵਾਲ, ਦੋ ਵੱਖ-ਵੱਖ ਸਮਿਆਂ ਤੇ ਪੁੱਛਿਆ ਕਿ ਅੱਜ ਧਾਰਮਿਕ ਕੈਲੰਡਰ ਦੀ ਤਾਰੀਖ ਕਿੰਨੀ ਹੈ।
ਉਹ ਵਿਦਵਾਨ ਦੋਵੇਂ ਵਾਰ ਹੀ ਨਹੀ ਦੱਸ ਸਕਿਆ ਪਰ ਵਕਾਲਤ ਉਹ ਵੀ ਤੁਹਾਡੇ ਵਾਂਗੂ ਚੰਦਰ ਸੂਰਜੀ
ਬਿਕ੍ਰਮੀ ਕੈਲੰਡਰ ਦੀ ਹੀ ਕਰੀ ਜਾਂਦਾ ਹੈ। ਤਾਰੀਖਾਂ ਨੂੰ ਬਦਲੀ ਕਰਨ ਵੇਲੇ ਉਲਝ ਜਾਣ ਦੀ ਇਕ
ਉਦਾਹਰਣ; ਤੁਸੀਂ ਆਪਣੀ ਕਿਤਾਬ, ‘ਅਕਾਲ ਤਖਤ ਸਾਹਿਬ–ਫ਼ਲਸਫਾ ਅਤੇ ਤਵਾਰੀਖ਼’ `ਚ ਲਿਖਦੇ ਹੋ, “ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਲੇਖਕ ਮੁਤਾਬਿਕ ਗੁਰੂ ਜੀ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਨੂੰ ਹਾੜ ਸੁਦੀ ਪੰਜ,1663 ਬਿਕ੍ਰਮੀ, ਵੀਰਵਾਰ ਦੇ ਦਿਨ ਪ੍ਰਗਟ ਕੀਤਾ। ਬਿਕ੍ਰਮੀ ਦੀ ਇਹ ਤਾਰੀਖ ਕੌਮਾਂਤਰੀ (ਗਰੈਗੋਰੀਅਨ)
ਕੈਲੰਡਰ ਮੁਤਾਬਿਕ 15 ਜੂਨ 1606 ਬਣਦੀ ਹੈ। ਪਰ ਇਹ ਤਾਰੀਖ ਸਹੀ ਨਹੀ ਜਾਪਦੀ, ਕਿਉਂਕਿ
ਹਾੜ ਸੁਦੀ 5 ਸੰਮਤ 1663 ਦੇ ਦਿਨ ਐਤਵਾਰ ਸੀ ਵੀਰਵਾਰ ਨਹੀਂ”।(ਪੰਨਾ 20)
ਡਾ ਦਿਲਗੀਰ ਜੀ, ਪਹਿਲੀ ਬੇਨਤੀ ਤਾਂ ਇਹ ਕਿ ਅਸਲ ਲਿਖਤ `ਚ ਦਿਨ ਨਹੀ ਹੈ। “ਹਾੜ ਪੰਚ ਪੰਚਮੀ ਜਾਨੁ। ਸ੍ਰੀ ਗੁਰ ਉਦਮ ਕੀਨ ਮਹਾਨੁ’। ਤੁਸੀਂ ਵੀਰਵਾਰ ਆਪ ਹੀ ਲਿਖ ਦਿੱਤਾ ਹੈ। ਫੇਰ ਤੁਸੀਂ ਆਪ ਹੀ ਹਾੜ ‘ਸੁਦੀ 5 ਸੰਮਤ 1663’ ਦੀ ਅੰਗਰੇਜੀ ਤਾਰੀਖ 15 ਜੂਨ 1606 ਲਿਖੀ ਹੈ ਨਾਲ ਹੀ ਤੁਸੀਂ ਇਹ ਵੀ ਲਿਖ ਦਿੱਤਾ ਕਿ ਇਹ ਤਾਰੀਖ ਸਹੀ ਨਹੀ ਜਾਪਦੀ, ਕਿਉਂਕਿ ਹਾੜ ਸੁਦੀ 5 ਸੰਮਤ 1663 ਦੇ ਦਿਨ ਐਤਵਾਰ ਸੀ ਵੀਰਵਾਰ ਨਹੀਂ”। ਆਪ ਹੀ ਤੁਸੀਂ ‘ਹਾੜ ਸੁਦੀ 5 ਸੰਮਤ 1663’ ਨੂੰ 15 ਜੂਨ 1606 ਲਿਖਿਆ ਹੈ, ਆਪ ਹੀ ਇਸ ਨੂੰ ਗਲਤ ਸਾਬਿਤ ਕਰ ਦਿੱਤਾ ਹੈ ਅਜੇਹਾ ਕਿਉਂ? ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਤੁਹਾਡੇ ਵੱਲੋਂ ਕੱਢੀ ਗਈ ਤਾਰੀਖ ਗਲਤ
ਹੈ ਤਾਂ ਉਸ ਨੂੰ ਲਿਖਣ ਦੀ ਕੀ ਲੋੜ ਸੀ? ਹੁਣ ਪਾਠਕ ਕੀ ਸਮਝੇ? ਤੁਹਾਡੇ ਵੱਲੋਂ ਇਹ ਲਿਖਣਾ, “ਇਹ ਤਾਰੀਖ ਕੌਮਾਂਤਰੀ
(ਗਰੈਗੋਰੀਅਨ) ਕੈਲੰਡਰ ਮੁਤਾਬਿਕ 15 ਜੂਨ 1606 ਬਣਦੀ ਹੈ”, ਵੀ ਸਹੀ ਨਹੀਂ ਹੈ ਕਿਉਂਕਿ ਗੁਰੂ ਕਾਲ ਵੇਲੇ ਗਰੈਗੋਰੀਅਨ ਕੈਲੰਡਰ ਲਾਗੂ ਹੀ ਨਹੀ ਸੀ, ਉਸ ਵੇਲੇ ਤਾਂ ਜੂਲੀਅਨ ਕੈਲੰਡਰ ਹੀ ਲਾਗੂ ਸੀ। ਉਪਰ ਤੁਸੀਂ ਆਪ ਹੀ ਮੰਨਿਆ ਹੈ ਕਿ
ਜੂਲੀਅਨ ਤੋਂ ਗਰੈਗੋਰੀਅਨ 1752
`ਚ ਬਣਿਆ ਸੀ, ਜੋ ਸਹੀ
ਹੈ। ਉਂਝ ਜੇ ‘ ਹਾੜ ਸੁਦੀ 5 ਸੰਮਤ 1663’ ਦੀ ਗਰੈਗੋਰੀਅਨ ਬਣਾਉਣੀ ਹੋਵੇ ਤਾਂ ਇਹ 10 ਜੁਲਾਈ 1606 ਦਿਨ ਸੋਮਵਾਰ ਬਣਦੀ ਹੈ। ਤੁਹਾਡੇ ਵੱਲੋਂ ਲਿਖੀ ਗਈ
15 ਜੂਨ 1606 ਵੀ ਠੀਕ ਨਹੀ ਹੈ। 15 ਜੂਨ ਨੂੰ ਹਾੜ ਸੁਦੀ 5 ਨਹੀਂ ਸਗੋਂ ਹਾੜ ਵਦੀ 5 ਸੀ ਅਤੇ ਦਿਨ ਐਤਵਾਰ ਸੀ।
ਹਾੜ ਸੁਦੀ 5 ਨੂੰ ਤਾਂ 30 ਮਈ ਜੂਲੀਅਨ ਅਤੇ ਦਿਨ ਸੀ ਸੋਮਵਾਰ। ਤੁਹਾਡੀਆਂ ਲਿਖਤਾਂ `ਚ ਇਹ ਤਾਂ ਇਕ ਉਦਾਹਰਣ ਹੈ, ਇਹ ਪੇਸ਼ ਕਰਨ ਤੋਂ ਮੇਰਾ
ਭਾਵ ਇਹ ਹੈ ਕਿ ਅਜੇਹੇ ਕੈਲੰਡਰ ਦਾ ਕੀ ਫਾਇਦਾ ਜਿਸ ਦੀਆ ਤਾਰੀਖਾਂ ਨੂੰ ਪ੍ਰਚੱਲਤ ਕੈਲੰਡਰ ਦੀਆਂ ਤਾਰੀਖਾਂ `ਚ ਬਦਲਣ ਵੇਲੇ ਆਪ ਜੀ
ਵਰਗਾ ਦਿਗਜ ਵਿਦਵਾਨ ਵੀ
ਉਲਝ ਜਾਵੇ। ਡਾ ਦਿਲਗੀਰ ਜੀ, ਹੁਣ ਇਹ ਜਾਣਕਾਰੀ ਦਿਓ ਕਿ ਕੀ ਇਸ ਕੈਲੰਡਰ ਦੀਆਂ ਤਾਰੀਖਾਂ ਦਾ ਪਤਾ ਕਰਨ ਲਈ ਆਮ ਵਿਅਕਤੀ
ਨੂੰ ਪੰਡਤਾਂ ਤੇ ਨਿਰਭਰ ਹੋਣਾ ਪਵੇਗਾ ਜਾਂ ਨਹੀਂ? ਆਪ ਜੀ ਦੇ ਬਚਨ, “ਇਹ ਵੀ ਗ਼ਲਤ ਹੈ ਕਿ ਸਾਨੂੰ ਬਿਕਰਮੀ ਮੁਤਾਬਿਕ ਦਿਨ ਕੱਢਣ ਵਾਸਤੇ ਪੰਡਤਾਂ ਤੇ
ਮੁਨੱਸਰ ਹੋਣਾ ਪੈਂਦਾ ਹੈ”।
ਡਾ ਦਿਲਗੀਰ ਜੀ, ਜੇ ਇਜਾਜ਼ਤ ਦਿਓ ਤਾ ਇਕ ਹੋਰ ਸਵਾਲ ਕਰਾ? ਬੇਨਤੀ ਹੈ ਕਿ ਇਹ
ਜਾਣਕਾਰੀ ਦਿਓ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਜਿਸ ਦੀ ਤੁਸੀਂ ਵਕਾਲਤ ਕਰਦੇ ਹੋ ਅਤੇ ਲਿਖਦੇ
ਹੋ, “ਉਂਞ ਤਾਂ ਬਿਕਰਮੀ ਕੈਲੰਡਰ ਮੁਤਾਬਿਕ ਦਿਨ ਮਨਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ”। ਮੁਤਾਬਕ ਬਿਕ੍ਰਮੀ ਸੰਮਤ 2085 (2029 ਸੀ ਈ) `ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ (ਪੋਹ ਸੁਦੀ 7) ਗਰੈਗੋਰੀਅਨ ਕੈਲੰਡਰ `ਚ ਕਿੰਨੀ ਤਾਰੀਖ ਨੂੰ
ਆਵੇਗਾ?
ਆਪ ਜੀ ਦੇ ਹੁੰਗਾਰੇ ਦੀ
ਉਡੀਕ `ਚ
ਸਰਵਜੀਤ ਸਿੰਘ ਸੈਕਰਾਮੈਂਟੋ