ਨਾਨਕਸ਼ਾਹੀ ਪੋਹ ਬਨਾਮ ਧੁਮੱਕੜਸ਼ਾਹੀ ਪੋਹ
ਸਰਵਜੀਤ
ਸਿੰਘ
ਪੋਹ ਦਾ ਮਹੀਨਾ, ਸਿੱਖ ਇਤਿਹਾਸ `ਚ ਸ਼ਹੀਦੀਆਂ ਦੇ ਮਹੀਨੇ ਵਜੋ ਯਾਦ ਕੀਤਾ ਜਾਂਦਾ
ਹੈ। ਸੰਮਤ 1761 ਬਿ:/1704 ਈ: `ਚ ਵਾਪਰੀਆਂ ਘਟਨਾਵਾਂ, ਸਿਖ ਹਿਰਦਿਆਂ `ਚ ਅੱਜ ਵੀ ਉਵੇਂ ਹੀ
ਉਕਰੀਆਂ ਹੋਈਆਂ ਹਨ ਜਿਵੇ ਕੱਲ ਦੀ ਗੱਲ ਹੋਵੇ। ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ, ਪਰਵਾਰ
ਵਿਛੋੜਾ, ਚਮਕੌਰ ਦਾ ਯੁੱਧ, ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਹਾੜੇ ਭੁਲਾਏ ਵੀ
ਕਿਵੇਂ ਜਾ ਸਕਦੇ ਹਨ। 8 ਪੋਹ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ 13 ਪੋਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ
ਦਿਨ ਤਾਂ ਅੱਜ ਵੀ ਹਰ ਸਿਖ ਨੂੰ ਯਾਦ ਹਨ। ਇਨ੍ਹਾਂ ਇਤਿਹਾਸਿਕ ਘਟਨਾਵਾਂ ਦੇ ਸਾਲ ਬਾਰੇ (1704 ਜਾਂ
1705) ਭਾਵੇਂ ਇਕ-ਅੱਧਾ ਇਤਹਾਸ ਕਾਰ ਵੱਖਰੀ ਰਾਏ ਰੱਖਦਾ ਹੋਵੇ ਪਰ ਤਾਰੀਖਾਂ ਭਾਵ 8 ਪੋਹ ਅਤੇ 13
ਪੋਹ ਸਬੰਧੀ, ਸ਼੍ਰੋਮਣੀ ਕਮੇਟੀ ਸਮੇਤ ਸਾਰੇ
ਇਤਿਹਾਸਕਾਰ ਇਕ ਮੱਤ ਹਨ। ਕੈਲੰਡਰ ਕਮੇਟੀ (ਨਾਨਕਸ਼ਾਹੀ) ਨੇ ਵੀ ਇਨ੍ਹਾਂ ਦੋਵਾਂ ਤਾਰੀਖਾਂ ਨੂੰ ਹੀ
ਸਹੀ ਮੰਨਦਿਆਂ, ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕੀਤਾ ਹੈ ਜਿਸ ਮੁਤਾਬਕ ਵੱਡੇ ਸਾਹਿਬਜ਼ਾਦਿਆਂ ਦਾ
ਸ਼ਹੀਦੀ ਦਿਹਾੜਾ 8 ਪੋਹ, 21 ਦਸੰਬਰ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ, ਹਰ
ਸਾਲ 26 ਦਸੰਬਰ ਨੂੰ ਮਨਾਏ ਜਾਂਦੇ ਹਨ। ਪਰ! ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਕਈ ਸਾਲਾ ਤੋਂ ਇਨ੍ਹਾਂ ਸ਼ਹੀਦੀ ਦਿਹਾੜਿਆਂ
ਦੀਆਂ ਤਾਰੀਖਾਂ ਨਾਲ ਕਿਸੇ ਸਾਜ਼ਿਸ਼ ਅਧੀਨ ਛੇੜ-ਛਾੜ ਕੀਤੀ ਜਾਂ ਰਹੀ ਹੈ।
ਨਵੰਬਰ 11, 2014 ਦੀਆਂ ਅਖਬਾਰੀ ਖਬਰਾਂ ਅਨੁਸਾਰ ਪੰਥਕ ਹਲਕਿਆਂ `ਚ ਉਪਜੀ ਚਿੰਤਾ
ਦਾ ਹੱਲ ਤਾਂ ਭਾਵੇਂ 17 ਨਵੰਬਰ ਦੀ ਆਪਣੀ ਇਕੱਤਰਤਾ ਵਿੱਚ ਪੰਜ ਸਿਘ ਸਾਹਿਬਾਨ ਨੇ ਕਰ ਦਿੱਤਾ ਹੈ ਪਰ
ਇਸ ਡੰਗ ਟਪਾਊ ਪਹੁੰਚ ਨੂੰ ਕਿਸੇ ਵੀ ਦਲੀਲ ਨਾਲ ਜਾਇਜ਼ ਨਹੀ ਠਹਿਰਾਇਆ ਜਾ ਸਕਦਾ। ਅਖ਼ਬਾਰੀ
ਖਬਰਾਂ ਮੁਤਾਬਕ ਇਸ ਸਾਲ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ
ਪ੍ਰਕਾਸ਼ ਦਿਹਾੜਾ, ਦੋਵੇ ਇਕੋ ਦਿਨ ਭਾਵ 28 ਦਸੰਬਰ ਨੂੰ
ਆ ਰਹੇ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬਾਨ ਨੂੰ ਲਿਖਤੀ
ਤੌਰ ਤੇ ਬੇਨਤੀ ਕੀਤੀ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਤਾਰੀਖ
ਬਦਲ ਦਿੱਤੀ ਜਾਵੇ ਤਾਂ ਜੋ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੀ ਸਿੱਖ ਸੰਗਤ ਇਹ ਦੋਵੇਂ ਦਿਹਾੜੇ
ਵੱਖ-ਵੱਖ ਤਾਰੀਖਾਂ ’ਤੇ ਵੱਖ-ਵੱਖ
ਮਾਹੌਲ ਵਿੱਚ ਮਨਾ ਸਕੇ। ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ
ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ ਇਸ ਸਾਲ
28 ਦਸੰਬਰ 2014 ਨੂੰ ਆ ਰਿਹਾ ਹੈ ਅਤੇ 28 ਦਸੰਬਰ ਨੂੰ ਹੀ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਸ਼ਹੀਦੀ
ਦਿਹਾੜਾ ਹੈ। 17 ਨਵੰਬਰ ਦੀ ਆਪਣੀ ਮੀਟਿੰਗ `ਚ
ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼
ਦਿਹਾੜਾ 23 ਪੋਹ/7 ਜਨਵਰੀ ਨੂੰ ਮਨਾਇਆ ਜਾਵੇਗਾ। ਅਖਬਾਰੀ ਚਰਚਾ ਦੀ ਪੜਤਾਲ ਲਈ ਜਦੋ ਸ਼੍ਰੋਮਣੀ
ਕਮੇਟੀ ਵੱਲੋ ਜਾਰੀ ਕੀਤਾ ਗਿਆ 2014 -15 ਦਾ ਕੈਲੰਡਰ ਵੇਖਿਆ ਤਾਂ ਬਹੁਤ ਹੀ ਹੈਰਾਨੀ ਹੋਈ ਕਿ
ਕੈਲਡਰ ਤਾਂ ਕੁਝ ਹੋਰ ਕਹਿ ਰਿਹਾ ਹੈ।
ਸ਼੍ਰੋਮਣੀ ਕਮੇਟੀ ਵੱਲੋ 1 ਚੇਤ/14 ਮਾਰਚ ਨੂੰ ਜਾਰੀ ਕੀਤੇ ਗਏ ਸਾਲ 2014-15 ਦੇ ਕੈਲੰਡਰ
ਵਿਚ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ 26 ਦਸੰਬਰ ਦਿਨ ਸ਼ੁਕਰਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ
ਪ੍ਰਕਾਸ਼ ਦਿਹਾੜਾ 28 ਦਸੰਬਰ ਦਿਨ ਐਤਵਾਰ ਦਰਜ ਹੈ। ਕੀ ਕੋਈ ਦੱਸ ਸਕਦਾ ਹੈ ਕਿ 26 ਦਸੰਬਰ-
ਸ਼ੁਕਰਵਾਰ ਅਤੇ 28 ਦਸੰਬਰ-ਐਤਵਾਰ ਦੋਵੇ ਇਕ ਹੀ ਦਿਨ ਕਿਵੇਂ ਹਨ? ਕਿੰਨਾ ਚੰਗਾ ਹੁੰਦਾ ਜੇ ਪੰਜ
ਸਿੰਘ ਸਾਹਿਬਾਨ ਕਾਹਲ੍ਹੀ `ਚ ਫੈਸਲਾ ਕਰਨ ਤੋਂ
ਪਹਿਲਾ, 1 ਚੇਤ/14 ਮਾਰਚ 2014 ਨੂੰ ਆਪ ਹੀ ਜਾਰੀ ਕੀਤਾ ਹੋਇਆ ਕੈਲੰਡਰ ਹੀ ਵੇਖ ਲੈਦੇ!
ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਨਵੇਂ
ਬਣਾਏ ਧੁਮੱੜਸ਼ਾਹੀ ਕੈਲੰਡਰ ਵਿੱਚ 7 ਦਿਹਾੜੇ ਤਾ ਚੰਦ ਦੇ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ
354.37 ਦਿਨ) ਕਰ ਦਿੱਤੇ ਗਏ ਹਨ ਅਤੇ ਬਾਕੀ ਇਤਿਹਾਸਕ ਦਿਹਾੜੇ ਅਤੇ ਗੁਰਪਬੁਰਬ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ
365.2563 ਦਿਨ) ਕਰ ਦਿੱਤੇ ਗਏ ਹਨ ਪਰ ਅੰਗਰੇਜੀ ਤਾਰੀਖਾਂ ਨਾਨਕਸਾਹੀ (ਸਾਲ ਦੀ ਲੰਬਾਈ 365.2425
ਦਿਨ) ਵਾਲੀਆਂ ਹੀ ਰੱਖ ਲਈਆ ਗਈਆਂ। ਇਸ ਸਾਲ (2014) ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਦਿਹਾੜਾ
(ਪੋਹ ਸੁਦੀ 7) ਚੰਦ ਦੇ ਹਿਸਾਬ ਨਾਲ 28 ਦਸੰਬਰ ਨੂੰ ਆ ਰਿਹਾ ਹੈ। (ਯਾਦ ਰਹੇ ਇਸ ਸਾਲ ਇਹ ਦਿਹਾੜਾ
7 ਜਨਵਰੀ ਨੂੰ ਵੀ ਮਨਾਇਆ ਗਿਆ ਸੀ) ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ/26 ਦਸੰਬਰ
ਜੋ ਕਿ ਨਾਨਕਸ਼ਾਹੀ ਦੀ ਤਾਰੀਖ ਹੈ, ਮੁਤਾਬਕ ਸ਼੍ਰੋਮਣੀ ਕਮੇਟੀ ਨੇ 26ਦਸੰਬਰ ਹੀ ਦਰਜ ਕਰ ਦਿੱਤੀ ਹੈ
ਪਰ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਇਸ ਸਾਲ 26 ਦਸੰਬਰ ਨੂੰ 13 ਪੋਹ ਨਹੀ ਸਗੋ 11 ਪੋਹ ਆਉਦੀਂ ਹੈ।
ਹੋਇਆ ਇਹ ਕਿ ਸ਼੍ਰੋਮਣੀ ਕਮੇਟੀ ਨੇ 26 ਦਸੰਬਰ ਤਾਂ ਨਾਨਕਸ਼ਾਹੀ ਵਾਲੀ ਰੱਖ ਲਈ ਪਰ ਪੋਹ ਮਹੀਨੇ
ਦਾ ਅਰੰਭ (ਸੰਗ੍ਰਾਦ) 14 ਦਸੰਬਰ ਨਾਨਕਸ਼ਾਹੀ ਦੀ ਥਾਂ ਸੂਰਜੀ ਬਿਕ੍ਰਮੀ ਦ੍ਰਿਕਗਿਣਤ ਸਿਧਾਤ ਅਨੁਸਾਰ
ਕਰ ਦਿੱਤੀ ਜੋ ਕਿ 16 ਦਸੰਬਰ ਬਣਦੀ ਹੈ। ਇਸ ਕਾਰਨ ਇਹ ਦਿਹਾੜਾ 26 ਦਸੰਬਰ ਅਨੁਸਾਰ 13 ਪੋਹ ਤੋਂ
ਬਦਲ ਕੇ ਆਪਣੇ ਆਪ ਹੀ 11 ਪੋਹ ਦਾ ਹੋ ਗਿਆ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾ ਨੂੰ ਇਹ ਵੀ ਨਹੀ ਪਤਾ ਕਿ ਜੇ ਪੋਹ ਦਾ ਅਰੰਭ 14
ਦਸੰਬਰ ਦੀ ਬਿਜਾਏ 16 ਦਸੰਬਰ ਨੂੰ ਹੋਵੇ ਤਾਂ 13 ਪੋਹ 26 ਦਸੰਬਰ ਨੂੰ ਨਹੀ 28 ਦਸੰਬਰ ਨੂੰ ਆਵੇਗੀ,
ਉਹ ਸਾਡੇ ਤੇ ਕੈਲੰਡਰ ਠੋਸ ਰਹੇ ਹਨ ਅਤੇ ਬਹੁ ਗਿਣਤੀ ਗੁਰਦਵਾਰਿਆਂ ਦੇ ਪ੍ਰਬੰਧਕ ਅਗਿਆਨਤਾ ਜਾਂ ਅੰਨੀ
ਸ਼ਰਧਾ ਵੱਸ ‘ਅਕਾਲ ਤਖਤ ਸਾਹਿਬ ਦਾ ਹੁਕਮ’ ਸਮਝ ਕੇ ਭਾਣਾ ਮੰਨ ਰਹੇ ਹਨ।
ਸ਼੍ਰੋਮਣੀ ਕਮੇਟੀ ਵੱਲੋ ਪਿਛਲੇ ਪੰਜ ਸਾਲਾਂ ਤੋਂ ਜਾਰੀ ਕੀਤੇ ਜਾ ਰਹੇ ਧੁਮੱਕਸ਼ਾਹੀ
ਕੈਲੰਡਰ ਵਿੱਚ, ਹਰ ਸਾਲ ਇਹ ਦਿਹਾੜਾ 26 ਦਸੰਬਰ ਦਾ ਹੀ ਦਰਜ ਹੈ। 2010 ਅਤੇ 11 ਵਿੱਚ ਪੋਹ ਦੀ ਸੰਗਰਾਦ
16 ਦਸੰਬਰ ਨੂੰ ਹੋਣ ਕਰਨ ਇਹ 11 ਪੋਹ ਸੀ। ਪਰ 2012-13 ਵਿੱਚ ਪੋਹ ਦੀ ਸੰਗਰਾਦ 15 ਦਸੰਬਰ ਨੂੰ
ਹੋਣ ਕਰਨ ਇਹ 12 ਪੋਹ ਬਣਦੀ ਸੀ। ਇਸ ਸਾਲ ਪੋਹ ਦੀ ਸੰਗਰਾਦ 16 ਦਸੰਬਰ ਨੂੰ ਹੋਣ ਕਾਰਨ 26 ਦਸੰਬਰ
ਨੂੰ 11 ਪੋਹ ਬਣਦੀ ਹੈ ਪਰ ਇਹ ਦਿਹਾੜਾ ਹਰ ਸਾਲ ਮਨਾਇਆ 13 ਪੋਹ ਨੂੰ ਹੀ ਜਾਂਦਾ ਹੈ। ਜੋ ਇਸ ਸਾਲ
28 ਦਸੰਬਰ ਨੂੰ ਆਉਦਾ ਹੈ। ਜੇ ਸ਼੍ਰੋਮਣੀ ਕਮੇਟੀ ਅਜੇ ਵੀ ਨਾ ਸਮਝੀ ਤਾਂ ਧੁਮੱਕੜਸ਼ਾਹੀ ਕੈਲੰਡਰ `ਚ
ਇਹ ਦਿਹਾੜਾਂ 2015 ਵਿੱਚ 11 ਪੋਹ ,16 ਵਿੱਚ 12 ਅਤੇ 17 ਵਿੱਚ 12 ਪੋਹ ਅਤੇ 2018 ਵਿੱਚ 11 ਪੋਹ
ਦਾ ਹੀ ਦਰਜ ਹੋਵੇਗਾ। 13 ਪੋਹ ਦੇ ਇਤਹਾਸਿਕ ਦਿਹਾੜੇ ਨੂੰ ਧੁਮੱਕੜਸ਼ਾਹੀ ਕੈਲੰਡਰ ਵਿੱਚ 11 ਪੋਹ
ਜਾਂ 12 ਪੋਹ ਦਾ ਦਰਜ ਕਰਨਾ ਅਗਿਆਨਤਾ ਹੈ ਜਾਂ ਸਾਜਿਸ਼?
ਪੰਜ ਸਿੰਘ ਸਾਹਿਬਾਨ ਨੇ 17 ਨਵੰਬਰ ਦੀ ਆਪਣੀ ਮੀਟਿੰਗ ਵਿੱਚ ਗੁਰੂ ਗੋਬਿੰਦ ਸਿੰਘ
ਜੀ ਦਾ ਪ੍ਰਕਾਸ਼ ਦਿਹਾੜਾ, ਜੋ ਧੁਮੱਕੜਸ਼ਾਹੀ ਕੈਲੰਡਰ ਵਿੱਚ ਪੋਹ ਸੁਦੀ 7 ਮੁਤਾਬਕ 28 ਦਸੰਬਰ ਦਾ
ਦਰਜ ਹੈ, ਨੂੰ ਬਦਲ ਕੇ 23 ਪੋਹ ਕਰ ਦਿੱਤਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਦਿਹਾੜਾ ਇਸ
ਸਾਲ 23 ਪੋਹ ਨੂੰ ਮਨਾਇਆ ਜਾ ਸਕਦਾ ਹੈ ਤਾਂ ਹਰ ਸਾਲ ਕਿਉਂ ਨਹੀਂ? 2010 ਵਿਚ ਕੀ ਮਜਬੂਰੀ ਸੀ ਕਿ
23 ਪੋਹ (ਸੂਰਜੀ ਤਾਰੀਖ) ਤੋਂ ਬਦਲ ਕੇ ਪੋਹ ਸੁਦੀ 7 (ਚੰਦ ਦੀ ਤਾਰੀਖ) ਮੁਤਾਬਕ ਕਰ ਦਿੱਤਾ ਗਿਆ ਸੀ?
23 ਪੋਹ/5 ਜਨਵਰੀ ਨਾਨਕਸ਼ਾਹੀ ਦੀ ਤਾਰੀਖ ਹੈ ਜੋ ਸਦਾ ਵਾਸਤੇ ਪੱਕੀ ਹੈ। ਪਰ ਧੁਮੱਕੜਸ਼ਾਹੀ ਮੁਤਾਬਕ
ਪੋਹ ਦਾ ਅਰੰਭ 16 ਦਸੰਬਰ ਨੂੰ ਹੋਣ ਕਾਰਨ 23 ਪੋਹ, 7 ਜਨਵਰੀ 2015 ਨੂੰ ਆਵੇਗੀ। ਉਂਝ ਚੰਦ ਦੇ ਸਾਲ ਮੁਤਾਬਕ 2015 ਵਿੱਚ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੀ ਨਹੀਂ। 2016 ਵਿੱਚ ਇਹ ਦਿਹਾੜਾ ਪੋਹ ਸੁਦੀ 7 ਮੁਤਾਬਕ 16 ਜਨਵਰੀ ਅਤੇ 23 ਪੋਹ ਮੁਤਾਬਕ 7
ਜਨਵਰੀ ਨੂੰ ਆਵੇਗਾ। 2017 ਵਿੱਚ ਇਹ ਦਿਹਾੜਾ ਪੋਹ ਸੁਦੀ 7 ਮੁਤਾਬਕ 5 ਜਨਵਰੀ ਅਤੇ 23 ਪੋਹ
ਮੁਤਾਬਕ 6 ਜਨਵਰੀ ਨੂੰ ਆਵੇਗਾ। ਇਹ ਮਨਾਇਆ ਕਦੋਂ ਜਾਵੇਗਾ? ਸਿੰਘ ਸਾਹਿਬਾਨ ਦੇ ਹੁਕਮ ਦੀ ਉਡੀਕ
ਕਰਨੀ ਪਵੇਗੀ। ਕੀ ਹਰ ਸਾਲ ਗੁਰਪੁਰਬਾਂ ਦੀਆਂ ਤਾਰੀਖਾਂ ਜਾਨਣ ਲਈ ਸਿੱਖਾਂ ਨੂੰ ਸਿੰਘ ਸਾਹਿਬਾਨ ਦੇ
ਦੀ ਉਡੀਕ ਹੀ ਕਰਨੀ ਪਿਆ ਕਰੇਗੀ? ਕੀ ਇਹ ਬਿਪਰਵਾਦ ਨਹੀ ਹੈ? ਬਿਪਰ ਵੀ ਤਾਂ ਅਜੇਹਾ ਹੀ ਕਰਦਾ ਸੀ
ਕਿ ਹਰ ਕੰਮ ਮੇਰੇ ਤੋਂ ਪੁਛ ਕੇ ਹੀ ਕੀਤਾ ਜਾਵੇ। ਇਹ ਕੰਮ ਹੀ ਸਾਡੇ ਸਿੰਘ ਸਾਹਿਬਾਨ (?) ਕਰ ਰਹੇ
ਹਨ ਕਿ ਆਹ ਦਿਹਾੜਾ ਐਨੀ ਤਾਰੀਖ ਨੂੰ ਮਨਾਉਣਾ ਹੈ। ਕੀ ਇਹ ਬਿਪਰਵਾਦ ਦਾ ਨਵਾ ਰੂਪ ਹੀ ਤਾਂ ਨਹੀਂ? ਇਕ
ਪਾਸੇ ਤਾ ਧੁਮੱਕੜਸ਼ਾਹੀ ਕੈਲੰਡਰ ਰਾਹੀ ਇਹ ਬਿਪਰੀ ਚਾਲਾਂ ਚੱਲੀਆਂ ਜਾ ਰਹੀਆ ਹਨ ਜਦੋਂ ਕਿ ਦੂਜੇ
ਪਾਸੇ ਮੂਲ ਨਾਨਕਹਾਸ਼ੀ ਕੈਲੰਡਰ ਮੁਤਾਬਕ ਇਹ ਦਿਹਾੜੇ ਸਦਾ ਵਾਸਤੇ ਨਿਸਚਤ ਦਿਨਾਂ, ਵੱਡੇ ਸਾਹਿਬਜਾਦਿਆਂ
ਦੀ ਸ਼ਹੀਦੀ 8 ਪੋਹ/21 ਦਸੰਬਰ ਨੂੰ, ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ 13 ਪੋਹ/ 26 ਦਸੰਬਰ ਅਤੇ ਗੁਰੂ
ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ/5 ਜਨਵਰੀ ਨੂੰ ਹੀ ਆਉਣਗੇ। ਖਾਲਸਾ ਜੀ, ਜਰਾ ਸੋਚੋ! ਕਿ ਅੱਜ ਦੁਨੀਆਂ ਭਰ `ਚ ਫੈਲ ਚੁੱਕੀ ਸਿੱਖ ਕੌਮ ਨੂੰ ਸਮੇਂ ਦਾ ਹਾਣੀ ਬਨਣ ਲਈ
ਕਿਹੜਾ ਕੈਲੰਡਰ ਚਾਹੀਦਾ ਹੈ, ਹਰ ਸਾਲ ਬਦਲਵੀਂਆਂ ਤਾਰੀਖਾਂ ਵਾਲਾ ਧੁਮੱਕੜਸ਼ਾਹੀ ਜਾਂ ਸਦਾ ਵਾਸਤੇ ਪੱਕੀਆਂ
ਤਾਰੀਖਾਂ ਵਾਲਾ ਮੂਲ ਨਾਨਕਸ਼ਾਹੀ?