ਪੈਚਕਾਂ
ਸਰਵਜੀਤ
ਸਿੰਘ ਸੈਕਰਾਮੈਂਟੋ
ਪਿਛਲੇ ਦਿਨੀਂ ਪੰਜਾਬ ਤੋਂ ਛਪਦੀ ਇਕ ਰੋਜ਼ਾਨਾ
ਅਖ਼ਬਾਰ ਵਿਚ ਛੱਪੀ ਖ਼ਬਰ ਮੁਤਾਬਕ ਪਿੰਡ ਫਤਿਹਪੁਰ
ਪਿੰਡੀ (ਧੌਲਾ) ਵਿਚ ਗੁਰਦਵਾਰਾ ਸਾਹਿਬ ਦੀ ਬਣ ਰਹੀ ਨਵੀਂ ਇਮਾਰਤ ਦਾ ਲੈਟਰ ਪਾਉਣ ਤੋਂ ਇਸ ਲਈ ਰੋਕ
ਦਿੱਤਾ ਗਿਆ ਹੈ ਕਿ ਪੈਚਕਾਂ ਚਲ ਰਹੀਆਂ ਹਨ। ਗੁਰਦਵਾਰਾ, ਜਿਥੇ ਵਹਿਮਾਂ-ਭਰਮਾਂ ਦੇ ਖਿਲਾਫ਼ ਪ੍ਰਚਾਰ
ਹੋਣਾ ਹੈ ਉਸ ਦੀ ਬਣ ਰਹੀ ਇਮਾਰਤ ਦੀ ਛੱਤ ਪੈਚਕਾਂ ਵਿੱਚ ਨਹੀ ਪਾਈ ਗਈ। ਇਹ ਕਿਵੇਂ ਮੰਨ ਲਿਆ ਜਾਵੇ ਕਿ ਪ੍ਰਬੰਧਕਾਂ
ਨੇ ਕਦੇ ਗੁਰਬਾਣੀ ਪੜ੍ਹੀ/ ਸਮਝੀ ਹੋਵੇਗੀ? ਨਹੀਂ! ਇਹ ਹੋ ਹੀ ਨਹੀ ਸਕਦਾ ਕਿ ਪ੍ਰਬੰਧਕਾਂ ਨੇ ਕਦੇ
ਸ਼ਬਦ ਦੀ ਵਿਚਾਰ ਕੀਤੀ/ਸੁਣੀ ਹੋਵੇ। ਬਹੁ ਗਿਣਤੀ ਪ੍ਰਬੰਧਕ ਤਾ ਸਿਰਫ ਇਮਾਰਤ ਬਣਾਉਣ, ਕੀਮਤੀ ਪੱਥਰ
ਲਾਉਣ, ਨਿਸ਼ਾਨ ਸਾਹਿਬ ਨੂੰ ਹੋਰ ਉੱਚਾ ਕਰਨ ਅਤੇ ਚਾਰ-ਚਾਰ ਸਪੀਕਰ ਲਾਉਣ ਨੂੰ ਹੀ ਧਰਮ ਸਮਝ ਰਹੇ
ਹਨ। ਗੁਰੂ ਸਾਹਿਬ ਤਾਂ
ਗੁਰਬਾਣੀ ਵਿੱਚ ਫ਼ੁਰਮਾਉਂਦੇ ਹਨ ਕਿ-ਥਿਤੀ ਵਾਰ ਸੇਵਹਿ ਮੁਗਧ ਗਾਵਾਰ॥ ਜਿਥੇ ਇਸ ਪਾਵਨ ਪੰਗਤੀ ਦੀ
ਵਿਚਾਰ ਹੋਣੀ ਹੈ ਉਹ ਅਸਥਾਨ ਤਾ ਖ਼ੁਦ, ਪ੍ਰਬੰਧਕਾਂ ਦੀ ਬੇਅਕਲੀ ਕਾਰਨ ਪੈਚਕਾਂ ਦੇ ਮੱਕੜ ਜਾਲ ਵਿੱਚ
ਉਲਝ ਗਿਆ ਹੈ। ਪੱਕੀ ਗੱਲ ਹੈ ਕਿ ਪ੍ਰਬੰਧਕਾਂ ਵਿੱਚੋਂ ਕਿਸੇ ਨੇ ਪੰਡਤ ਜੀ ਨੂੰ ਪੁੱਛਿਆ ਹੋਵੇਗਾ
ਕਿ ਅਸੀਂ ਗੁਰਦਵਾਰਾ ਦੀ ਨਵੀਂ ਇਮਾਰਤ ਦਾ ਲੈਟਰ
ਪਾਉਣਾ ਹੈ ਪੱਤਰੀ ਵੇਖ ਕੇ ਦੱਸਿਓ ਕਿ ਕੀ ਹੁਕਮ ਹੈ? ਤਾਂ ਉਸ ਨੇ ਦੱਸਿਆ ਹੋਣਾ ਕਿ ਸੋਮਵਾਰ 7
ਮਾਰਚ ਨੂੰ 2 ਵੱਜ ਕੇ 51 ਮਿੰਟ ਤੋਂ ਪੈਚਕਾਂ ਅਰੰਭ
ਹੋਣਗੀਆਂ ਅਤੇ ਵੀਰਵਾਰ 10 ਮਾਰਚ ਨੂੰ 3 ਵੱਜ ਕੇ 42 ਮਿੰਟ ਤੇ ਖਤਮ ਹੋਣਗੀਆਂ, ਇਨ੍ਹਾਂ ਦਿਨਾਂ ਵਿੱਚ
ਲੈਟਰ ਨਾ ਪਾਇਓ।
ਬਿਪਰ ਵੱਲੋਂ ਬੁਣੇ ਗਏ ਮੱਕੜ ਜਾਲ ਵਿੱਚ ਹਰ
ਰੋਜ ਦਾਨ ਪੁੰਨ ਕਰਨ ਦਾ ਵਿਧਾਨ ਹੈ। ਪੁੰਨਿਆ, ਮੱਸਿਆ, ਸੰਗਰਾਂਦ, ਵਰਤ, ਨਰਾਤੇ, ਸਰਾਧ ਆਦਿ ਅਨੇਕਾਂ
ਹੀ ਦਿਨ ਅਜੇਹੇ ਹਨ ਜਿਨ੍ਹਾਂ ਨਾਲ ਕੋਈ ਨਾ ਕੋਈ ਵਹਿਮ ਭਰਮ ਜੋੜ ਕੇ ਦਾਨ ਦੇਣ ਦਾ ਵਿਧਾਨ ਬਣਿਆ
ਹੋਇਆ ਹੈ। ਭਾਰਤੀ ਸਮਾਜ ਵਿੱਚ ਹਰ ਕੰਮ ਅਰੰਭ ਕਰਨ ਤੋਂ ਪਹਿਲਾ ਕਿਸੇ ਸਿਆਣੇ ਨੂੰ ਪੁੱਛਣਾ ਵੀ
ਜਰੂਰੀ ਸਮਝਿਆ ਜਾਂਦਾ ਸੀ/ਹੈ। ਅੱਗੋਂ ਦੱਸਣ ਵਾਲੇ ਦੀ ਮਰਜ਼ੀ, ਉਹ ਕੀ ਦੱਸਦਾ ਹੈ। ਅੱਜ ਮੰਗਲ ਹੈ, ਅੱਜ ਸ਼ਨਿਚਰ ਹੈ ਇਹ ਅਸ਼ੁਭ ਦਿਨ ਹਨ। ਇਥੇ
ਹੀ ਵੱਸ ਨਹੀ, ਹਰ ਤੀਜੇ-ਚੌਥੇ ਸਾਲ ਇਕ ਪੂਰਾ ਮਹੀਨਾ ਹੀ ਅਸ਼ੁਭ ਕਰਾਰ ਦੇ ਦਿੱਤਾ ਜਾਂਦਾ ਹੈ। ਇਸੇ
ਤਰ੍ਹਾਂ ਹੀ ਹਰ ਮਹੀਨੇ 5 ਦਿਨ ਵੀ ਅਜੇਹੇ ਹੀ ਹਨ ਜਿਨ੍ਹਾਂ ਨੂੰ ਅਸ਼ੁਭ ਮੰਨਿਆ ਜਾਂਦਾ ਹੈ, ਉਨ੍ਹਾਂ
ਨੂੰ ਕਹਿੰਦੇ ਹਨ ਪੈਚਕਾਂ। ਪੈਚਕਾਂ ਦੇ ਸਮੇ ਮੁਰਦੇ ਨੂੰ ਜਲਾਉਣਾ, ਮੰਜਾ- ਚੁਟਾਈ ਆਦਿ ਬੁਨਣਾ, ਦੱਖਣ ਦਿਸ਼ਾ ਦਾ
ਸਫਰ ਅਤੇ ਮਕਾਨ-ਦੁਕਾਨ ਆਦਿ ਦੀ ਛੱਤ ਪਾਉਣ ਦੀ ਮਨਾਹੀ ਹੁੰਦੀ ਹੈ।
ਪੰਚਕ. ਸੰਗ੍ਯਾ—ਪੰਜ ਦਾ ਸਮੂਹ. ਪੰਜ ਵਸਤਾਂ ਦਾ ਇਕੱਠ । ੨ ਪੰਜ ਨਛਤ੍ਰਾਂ ਦਾ ਸਮੁਦਾਯ—ਧਨਿਸ਼ਠਾ, ਸ਼ਤਭਿਖਾ, ਪੂਰਵਾਭਾਦ੍ਰਪਦ, ਉੱਤਰਾਭਾਦ੍ਰਪਦ ਅਤੇ ਰੇਵਤੀ, ਇਹ ਪੰਜ ਨਛੱਤਰ, ਜਿਨ੍ਹਾਂ ਵਿੱਚ ਕਿਸੇ ਕਾਰਜ ਦਾ ਕਰਨਾ, ਫਲਿਤ
ਜ੍ਯੋਤਿਸ਼ ਅਨੁਸਾਰ ਵਰਜਿਤ ਹੈ। (ਮਹਾਨ ਕੋਸ਼) ਜਿਵੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਪੰਜ ਦਾ ਸਮੂਹ ਹੈ। ਇਹ ਪੰਜ
ਤਿੱਥਾਂ ਹਨ ਭਾਵ ਚੰਦ ਦੇ ਕੈਲੰਡਰ ਦੇ ਪੰਜ ਦਿਨ ਅਤੇ ਪੰਜ ਨਛੱਤਰ। ਚੰਦ ਧਰਤੀ ਦੇ ਦੁਵਾਲੇ ਚੱਕਰ ਲਾਉਂਦਾ ਹੈ। ਸੂਰਜੀ
ਦਿਨਾਂ ਮੁਤਾਬਕ ਇਹ ਸਮਾਂ 29 ਦਿਨ 12 ਘੰਟੇ 44 ਮਿੰਟ 3 ਸੈਕਿੰਡ ਮੰਨਿਆ ਗਿਆ ਹੈ। ਪਰ ਇਸ ਸਮੇ ਵਿਚ ਚੰਦ ਦੀਆਂ 30 ਤਿੱਥਾਂ ਹੁੰਦੀਆਂ ਹਨ। ਭਾਵ
ਇਕ ਤਿੱਥ 12 ਡਿਗਰੀ (30*12=360) ਦੇ ਬਰਾਬਰ
ਹੁੰਦੀ ਹੈ। ਚੰਦ ਦਾ ਧਰਤੀ ਤੋਂ ਫਾਸਲਾ ਵੱਧਦਾ-ਘਟਦਾ ਰਹਿੰਦਾ ਹੈ । 10 ਮਾਰਚ ਨੂੰ ਚੰਦ
ਦੀ ਧਰਤੀ ਤੋਂ ਦੂਰੀ 359508 ਕਿਲੋਮੀਟਰ ਸੀ ਅਤੇ 25 ਮਾਰਚ ਨੂੰ 406123 ਕਿਲੋਮੀਟਰ
ਹੋਵੇਗੀ। ਚੰਦ ਜਦੋ ਧਰਤੀ ਦੇ ਨੇੜੇ ਹੁੰਦਾ ਹੈ
ਉਦੋਂ 12 ਡਿਗਰੀ ਦਾ ਫਾਸਲਾ ਲੱਗਭਗ 20.30 ਘੰਟੇ ਵਿਚ ਪੂਰਾ ਕਰ ਲੈਂਦਾ ਹੈ ਪਰ ਜਦੋ ਧਰਤੀ ਤੋਂ
ਦੂਰ ਹੁੰਦਾ ਹੈ ਉਦੋਂ ਇਹ ਸਫਰ ਲੱਗਭਗ 26.30 ਘੰਟੇ ਵਿੱਚ ਪੂਰਾ ਹੁੰਦਾ ਹੈ।
ਨਛੱਤਰ :- ਚੰਦ ਦੇ ਧਰਤੀ
ਦੁਵਾਲੇ ਚੱਕਰ ਲਾਉਣ ਦੇ ਪੰਥ `ਚ ਤਾਰਿਆ ਦੇ 27
ਸਮੂਹ ਮੰਨੇ ਗਏ ਹਨ ਇਨ੍ਹਾਂ ਨੂੰ ਨਛੱਤਰ ਕਹਿੰਦੇ ਹਨ। ਭਾਵ ਜਦੋ ਚੰਦ 13.33 ਡਿਗਰੀ
(360/27=13.33333) ਸਫਰ ਤੈਅ ਕਰ ਲਏ ਤਾਂ ਇਕ ਨਛੱਤਰ ਗਿਣਿਆ ਜਾਂਦਾ ਹੈ। ਚੰਦ ਇਕ ਨਛੱਤਰ ਵਿੱਚ
ਇਕ ਦਿਨ ਰਹਿੰਦਾ ਹੈ। ਇਸ ਹਿਸਾਬ ਨਾਲ ਚੰਦ ਧਰਤੀ ਦੁਵਾਲੇ 27 ਦਿਨ 7 ਘੰਟੇ 43 ਮਿੰਟ 11 ਸੈਕਿੰਡ
`ਚ ਚੱਕਰ ਪੂਰਾ ਕਰਦਾ ਹੈ। ਇਸੇ ਦੌਰਾਨ ਧਰਤੀ ਖ਼ੁਦ ਸੂਰਜ ਦੁਵਾਲੇ ਵੀ ਘੁੰਮਦੀ ਹੈ। ਧਰਤੀ ਇਕ
ਮਹੀਨੇ `ਚ (360/12=30) 30 ਡਿਗਰੀ ਦਾ ਸਫਰ ਤੈਅ ਕਰਦੀ ਹੈ। ਇਸ ਵੱਧੇ ਹੋਏ ਫਾਸਲੇ ਕਾਰਨ ਚੰਦ
ਨੂੰ ਆਪਣਾ ਚੱਕਰ ਪੂਰਾ ਕਰਨ ਲਈ 29 ਦਿਨ 12 ਘੰਟੇ 44 ਮਿੰਟ 3 ਸੈਕਿੰਡ ਲਗਦੇ ਹਨ।
ਰਾਸ਼ੀ:- ਭਾਵੇ ਸਚਾਈ ਇਹ ਹੈ ਕਿ ਧਰਤੀ
ਸੂਰਜ ਦੇ ਦੁਵਾਲੇ ਘੁੰਮਦੀ ਹੈ ਪਰ ਮੰਨ ਕੇ ਇਹ ਚਲਿਆ ਜਾਂਦਾ ਹੈ ਕਿ ਸੂਰਜ ਧਰਤੀ ਦੁਵਾਲੇ ਘੁੰਮਦਾ
ਹੈ। ਸੂਰਜ ਦੇ ਪੰਥ ਵਿੱਚ ਤਾਰਿਆਂ ਦੇ 12 ਸਮੂਹ ਮੰਨੇ ਗਏ ਹਨ।
ਇਨ੍ਹਾਂ ਨੂੰ ਰਾਸ਼ੀਆਂ ਕਿਹਾ ਜਾਂਦਾ ਹੈ। 12 ਰਾਸ਼ੀਆਂ ਇਹ ਹਨ; ਮੇਖ, ਬ੍ਰਿਖ, ਮਿਥੁਨ, ਕਰਕ, ਸਿੰਘ,
ਕੰਨਿਆ, ਤੁਲਾ, ਬ੍ਰਿਕਸ਼ਚਕ, ਧੁਨ, ਮਕਰ, ਕੁੰਭ,
ਮੀਨ। ਸੂਰਜ ਜਦੋ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ
ਉਸ ਦਿਨ ਨੂੰ ਸੰਗਰਾਂਦ ਕਿਹਾ ਜਾਂਦਾ ਹੈ।
ਸੰਗ੍ਰਾਂਦ; ਲਫਜ
ਸੰਗ੍ਰਾਦ ਸੰਸਕ੍ਰਿਤ ਦੇ ਸਾਂਕ੍ਰਾਂਤ ਦਾ ਵਿਗਾੜ ਹੈ, ਇਸ ਦਾ ਅਰਥ ਹੈ‘ਸੂਰਜ ਦਾ ਇਕ ਰਾਸਿ ਤੋਂ ਦੂਜੀ ਰਾਸਿ ਵਿਚ ਲੰਘਣਾ’। (ਬੁਰਾਈ
ਦਾ ਟਾਕਰਾ, ਪੰਨਾ 125)
ਕਰਤੇ ਦੇ ਨਿਯਮ ਮੁਤਾਬਕ ਚੰਦ ਧਰਤੀ ਦੇ ਦੁਵਾਲੇ ਚੱਕਰ ਲਾਉਂਦਾ
ਹੈ ਤਾਂ ਨਛੱਤਰ ਅਤੇ ਰਾਸ਼ੀ ਦੋਵੇਂ ਹੀ ਇਸ ਦੇ ਪੰਥ ਵਿੱਚ ਆਉਂਦੇ ਹਨ। ਹੁਣ ਜਦੋ ਚੰਦ 25 ਤਿੱਥਾਂ (25*12=300 ਡਿਗਰੀ) ਅਤੇ 22 ਨਛੱਤਰਾਂ (22*13.33=
293.26 ਡਿਗਰੀ) ਦਾ ਸਫਰ ਤੈਅ ਕਰਕੇ ਗਿਆਰਵੀਂ ਰਾਸ਼ੀ (ਕੁੰਭ) ਵਿੱਚ ਦਾਖਲ ਹੁੰਦਾ ਹੈ ਤਾਂ ਪੈਚਕਾਂ
ਅਰੰਭ ਹੁੰਦੀਆਂ ਹਨ। ਚੰਦ, ਜਦੋ ਦੋ ਰਾਸ਼ੀਆਂ (ਕੁੰਭ ਅਤੇ ਮੀਨ) ਭਾਵ 60 ਡਿਗਰੀ ਅਤੇ
ਆਖਰੀ 5 ਨਛੱਤਰਾਂ (ਧਨਿਸ਼ਠਾ, ਸ਼ਤਭਿਖਾ, ਪੂਰਬਾਭਾਦ੍ਰਪਦ, ਉਤ੍ਰਾਭਾਦ੍ਰਪਦ ਅਤੇ ਰੇਵਤੀ ) ਦਾ ਸਫਰ ਤੈਅ
ਕਰਕੇ ਮੇਖ ਰਾਸ਼ੀ ਵਿੱਚ ਅਤੇ ਦਾਖਲ ਹੁੰਦਾ ਹੈ ਤਾਂ ਪੈਚਕਾਂ ਖਤਮ ਹੋ ਜਾਦੀਆਂ ਹਨ। ਪੈਚਕਾਂ ਸਾਲ
ਵਿੱਚ ਬਾਰਾਂ ਵਾਰੀ ਆਉਂਦੀਆਂ ਹਨ। 3 ਅਪ੍ਰੈਲ ਐਤਵਾਰ ਤੋਂ ਪੈਚਕਾਂ ਫੇਰ ਅਰੰਭ ਹੋਣਗੀਆਂ ਅਤੇ ਵੀਰਵਾਰ
7 ਅਪ੍ਰੈਲ ਦੇਰ ਰਾਤ ਖਤਮ ਹੋਣਗੀਆਂ। ਇਨਸਾਨ ਨੇ ਆਪਣੀ ਸਹੂਲਤ ਲਈ ਸਮੇ ਦੀ ਵੰਡ ਕੀਤੀ, ਆਪ ਹੀ
ਤਾਰਿਆ ਦੇ ਨਾਮ ਰੱਖੇ, ਤਾਰਿਆ ਦੇ ਇਕ ਸਮੂਹ ਨੂੰ ਰਾਸ਼ੀਆਂ ਅਤੇ ਦੂਜੇ ਨੂੰ ਨਛੱਤਰਾਂ ਦਾ ਨਾਮ
ਦਿੱਤਾ। ਆਪ ਹੀ ਉਨ੍ਹਾਂ ਤੋਂ ਡਰਣ ਜਾਂ ਦੂਜੇ ਨੂੰ ਡਰਾਉਣ ਲੱਗ ਪਿਆ। ਵਾਹ! ਇਸ ਨੂੰ ਵਿਪਰ ਵਾਦ
ਕਹਿੰਦੇ ਹਨ। ਬਿਨਾ ਕਿਸੇ ਦਲੀਲ ਦੇ ਵਿਪਰ ਨੇ 60 ਦਿਨਾਂ ਨੂੰ ਅਸ਼ੁਭ ਦੱਸ ਕੇ ਆਪਣੇ ਤੋਰੀ-ਫੁਲਕੇ
ਦਾ ਪ੍ਰਬੰਧ ਪੱਕਾ ਕਰ ਲਿਆ। ਗੁਰੂ ਸਾਹਿਬ ਨੇ ਅੱਜ ਤੋਂ ਪੰਜ ਸਦੀਆਂ ਪਹਿਲਾ ਵਿਪਰ ਦੀ ਲੁੱਟ ਨੀਤੀ
ਦਾ ਖੰਡਨ ਕਰਕੇ, ਸਾਰੇ ਵਹਿਮਾਂ ਭਰਮਾ ਤੋਂ ਛੁਟਕਾਰਾ ਦਿਵਾ, ਸਾਨੂੰ ਇਕ ਅਕਾਲ ਪੁਰਖ ਦੇ ਲੜ ਲਾਇਆ
ਸੀ। ਪਰ ਧਨ ਗੁਰੂ ਸਿੱਖ ਅਕਲ ਦੇ ਪੱਕੇ ਵੈਰੀ। ਲੱਖ ਲਾਹਣਤ ਹੈ ਅਜੇਹੇ ਪ੍ਰਬੰਧਕਾਂ ਦੇ। ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ
ਕਾਸ਼! ਕਦੇ ਪ੍ਰਬੰਧਕਾਂ ਨੇ ਕਬੀਰ ਜੀ ਦੇ ਇਸ ਸ਼ਬਦ ਦੀ
ਵਿਚਾਰ ਕੀਤੀ, ਪੜ੍ਹੀ ਜਾਂ ਸੁਣੀ ਹੁੰਦੀ ਤਾਂ ਅੱਜ ਸਾਨੂੰ ਇਹ ਖ਼ਬਰ ਪੜ੍ਹਨ ਨੂੰ ਨਾ ਮਿਲਦੀ।