ਪੁੰਨਿਆ ਦਾ ਚੰਦ
ਸਰਵਜੀਤ ਸਿੰਘ
ਸੈਕਰਾਮੈਂਟੋ
ਧਰਤੀ ਦੇ ਸਭ ਤੋਂ ਨੇੜੇ, ਧਰਤੀ ਦਾ ਉਪ
ਗ੍ਰਹਿ ਭਾਵ ਚੰਦ, ਕਰਤੇ ਦੀ ਬਹੁਤ ਹੀ ਖ਼ੂਬਸੂਰਤ ਕਿਰਤ ਹੈ। ਸੂਰਜ ਤੋਂ ਪਿਛੋਂ, ਧਰਤੀ ਤੇ ਪਨਪੇ
ਜੀਵਨ ਵਿੱਚ ਇਸ ਦੀ ਬਹੁਤ ਹੀ ਮਹੱਤ ਪੂਰਨ ਭੂਮਿਕਾ ਹੈ। ਕੇਵਲ ਇਨਸਾਨ ਹੀ ਨਹੀਂ ਸਗੋਂ ਪਸ਼ੂ-ਪੰਛੀਆਂ
ਦੇ ਜੀਵਨ ਤੇ ਵੀ ਇਸ ਦਾ ਬਹੁਤ ਪ੍ਰਭਾਵ ਹੈ। ਗੁਰਬਾਣੀ ਵਿਚ ਵੀ ਚੰਦ ਅਤੇ ਚਕੋਰ ਦੀ ਪ੍ਰੀਤ ਦੇ
ਹਵਾਲੇ ਨਾਲ ਮਨੁੱਖ ਨੂੰ ਉਪਦੇਸ਼ ਦਿੱਤਾ ਗਿਆ ਹੈ।
ਪ੍ਰਭ
ਤੁਝ ਬਿਨਾ ਨਹੀ ਹੋਰ ॥ ਮਨਿ ਪ੍ਰੀਤਿ ਚੰਦ ਚਕੋਰ ॥
ਜਉ ਤੁਮ
ਗਿਰਿਵਰ ਤਉ ਹਮ ਮੋਰਾ ॥ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥
ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ।
ਇਸ ਦੇ ਪੰਧ ਵਿੱਚ ਤਾਰਿਆ ਦੇ 27 ਸਮੂਹ ਮੰਨੇ ਗਏ ਹਨ। ਜਿਨ੍ਹਾਂ ਨੂੰ ਨਛੱਤਰ ਕਿਹਾ ਜਾਂਦਾ ਹੈ। ਇਕ
ਦਿਨ ਦਾ ਇਕ ਨਛੱਤਰ ਮੰਨਿਆ ਗਿਆ ਹੈ। ਇਸ ਹਿਸਾਬ ਨਾਲ ਚੰਦ ਦਾ ਧਰਤੀ ਦੁਵਾਲੇ ਇਕ ਚੱਕਰ 27.32
ਦਿਨਾਂ (27 ਦਿਨ 7 ਘੰਟੇ 43 ਮਿੰਟ) ਦਾ ਮੰਨਿਆ
ਜਾਂਦਾ ਹੈ ਪਰ ਇਸੇ ਸਮੇਂ ਦੌਰਾਨ ਧਰਤੀ ਜੋ ਸੂਰਜ ਦੁਵਾਲੇ ਘੁੰਮਦੀ ਹੈ, ਲੱਗ ਭੱਗ 27° ਅੱਗੇ
ਵੱਧ ਜਾਂਦੀ ਹੈ ਤਾਂ ਇਹ ਵੱਧੇ ਹੋਏ ਫਾਸਲੇ ਸਮੇਤ ਇਕ ਚੱਕਰ ਪੂਰਾ ਕਰਨ ਲਈ ਚੰਦ ਨੂੰ 29.53 (29 ਦਿਨ
12 ਘੰਟੇ 44 ਮਿੰਟ) ਦਿਨ ਲੱਗਦੇ ਹਨ। ਚੰਦ ਦੇ ਧਰਤੀ ਦੁਵਾਲੇ ਇਕ ਚੱਕਰ ਦੇ ਸਮੇ ਨੂੰ ਵਿਦਵਾਨਾਂ
ਨੇ 30 ਭਾਗਾਂ ਵਿੱਚ ਵੰਡਿਆ ਹੋਇਆ ਹੈ। ਭਾਵ ਚੰਦ ਦੇ 30 ਦਿਨ ਜਿਸ ਨੂੰ ਤਿੱਥ ਕਿਹਾ ਜਾਂਦਾ ਹੈ।
ਦੂਜੇ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਕ ਤਿੱਥ 12% ਬਰਾਬਰ ਹੁੰਦੀ ਹੈ। ਚੰਦ ਦੇ
ਧਰਤੀ ਦੁਵਾਲੇ ਇਸ ਚੱਕਰ ਦੇ ਅੱਗੋਂ ਦੋ ਪੱਖ ਹਨ। ਇਕ ਹਨੇਰਾ ਪੱਖ ਅਤੇ ਦੂਜਾ ਚਾਨਣਾ ਪੱਖ। ਚੰਦ ਦੀ
ਆਪਣੀ ਕੋਈ ਰੋਸ਼ਨੀ ਨਹੀਂ ਹੈ। ਸੂਰਜ ਦੀ ਰੋਸ਼ਨੀ ਜਦੋਂ ਚੰਦ ਪੈਂਦੀ ਹੈ ਉਹ ਸਾਨੂੰ ਚਮਕਾ ਵਿਖਾਈ
ਦਿੰਦਾ ਹੈ ਇਸੇ ਚੱਕਰ ਵਿਚ ਜਦੋਂ ਚੰਦ ਧਰਤੀ ਅਤੇ ਸੂਰਜ ਦੇ ਦਰਮਿਆਨ ਹੁੰਦਾ ਹੈ ਤਾਂ ਉਸ ਦਾ ਉਹ
ਪਾਸਾ ਜਿਸ ਤੇ ਸੂਰਜ ਦੀ ਰੋਸ਼ਨੀ ਪੈਣ ਕਰਨਾ ਚਮਕ ਰਿਹਾ ਹੈ, ਸਾਨੂੰ ਵਿਖਾਈ ਨਹੀਂ ਦਿੰਦਾ, ਉਸ ਦਿਨ
ਨੂੰ ਮੱਸਿਆ ਕਹਿੰਦੇ ਹਨ ਅਤੇ ਇਸ ਤੋਂ ਉਲਟ ਜਦੋਂ ਚੰਦ ਧਰਤੀ ਤੋਂ ਦੂਜੇ ਪਾਸੇ ਹੁੰਦਾ ਹੈ ਤਾਂ
ਸੂਰਜ ਦੀ ਰੋਸ਼ਨੀ ਵੱਧ ਤੋਂ ਵੱਧ ਹਿੱਸੇ ਤੇ ਪੈਂਦੀ ਹੈ ਤਾਂ ਸਾਨੂੰ ਪੂਰਾ ਚੰਦ ਵਿਖਾਈ ਦਿੰਦਾ ਹੈ। ਇਸ ਨੂੰ ਪੁੰਨਿਆ ਕਹਿੰਦੇ ਹੈ।
ਚੰਦ ਦੀ ਧਰਤੀ ਤੋਂ ਔਸਤ ਦੂਰੀ 384000 ਕਿਲੋ
ਮੀਟਰ ਮੰਨੀ ਜਾਂਦੀ ਹੈ। ਪਰ ਚੰਦ ਧਰਤੀ ਦੁਵਾਲੇ ਗੋਲ ਚਕਰ `ਚ ਨਹੀਂ ਘੁੰਮਦਾ ਇਸ ਕਾਰਨ ਇਹ ਦੂਰੀ
ਵੱਧਦੀ-ਘਟਦੀ ਰਹਿੰਦੀ ਹੈ। ਚੰਦ ਦੀ ਧਰਤੀ ਤੋਂ ਵੱਧ ਤੋਂ ਵੱਧ ਦੂਰੀ ਲੱਗ ਭੱਗ 406700 ਕਿਲੋ ਮੀਟਰ
ਅਤੇ ਘੱਟ ਤੋਂ ਘੱਟ ਦੂਰੀ ਲੱਗ ਭੱਗ 356400 ਕਿਲੋ ਮੀਟਰ ਮੰਨੀ ਗਈ ਹੈ। ਜਨਵਰੀ 14, 1930 ਈ: ਵਿੱਚ ਚੰਦ ਧਰਤੀ ਦੇ ਬਹੁਤ ਨੇੜੇ ਆਇਆ ਸੀ। ਉਸ ਸਮੇ ਇਹ
ਦੂਰੀ ਸਿਰਫ 356397 ਕਿਲੋ ਮੀਟਰ ਸੀ। ਅਗਲੀ ਵਾਰ
1 ਜਨਵਰੀ 2257 ਈ: ਨੂੰ ਚੰਦ ਧਰਤੀ ਤੋਂ ਸਿਰਫ
356371 ਕਿਲੋ ਮੀਟਰ ਦੂਰ ਹੋਵੇਗਾ। ਇਹ ਦੂਰੀ ਵੱਧਣ ਘੱਟਣ
ਕਾਰਨ ਚੰਦ ਨੂੰ 12% ਦਾ ਸਫਰ ਤਹਿ ਕਰਨ ਲਈ ਵੀ ਵੱਖ-ਵੱਖ ਸਮਾ ਲਗਦਾ ਹੈ। ਜਦੋਂ ਚੰਦ ਧਰਤੀ
ਦੇ ਨੇੜੇ ਹੁੰਦਾ ਹੈ ਉਸ ਵੇਲੇ ਇਹ ਸਮਾ ਲੱਗ ਭੱਗ 20 ਘੰਟੇ ਅਤੇ ਜਦੋਂ ਚੰਦ ਧਰਤੀ ਤੋਂ ਵੱਧ ਤੋਂ
ਦੁਰ ਹੁੰਦਾ ਹੈ ਉਸ ਵੇਲੇ ਇਹ ਸਮਾ ਲੱਗ ਭੱਗ 26.75 ਘੰਟੇ ਲਗਦਾ ਹੈ। ਇਸ ਕਾਰਨ ਹੀ ਕਈ ਵਾਰੀ ਇਕ
ਦਿਨ ਵਿਚ ਚੰਦ ਦੀਆਂ ਦੋ ਤਿੱਥਾਂ ਆ ਜਾਂਦੀਆਂ ਹਨ। ਜਿਵੇ 11 ਨਵੰਬਰ ਨੂੰ ਕੱਤਕ ਸੁਦੀ 11 ਅਤੇ 12
ਜਾਂ 17 ਨਵੰਬਰ ਨੂੰ ਮੱਘਰ ਵਦੀ 3 ਅਤੇ 4 ਭਾਵ ਦੋ ਤਿੱਥਾਂ ਇਕ ਦਿਨ ਵਿੱਤ ਹਨ। ਇਸ ਤੋਂ ਉਲਟ ਦੋ
ਦਿਨਾਂ ਵਿਚ ਚੰਦ ਦੀ ਇਕ ਤਿੱਥ ਵੀ ਆਉਂਦੀ ਹੈ। ਜਿਵੇ ਨਵੰਬਰ 3 ਅਤੇ 4 ਨੂੰ ਦੋਵੇਂ ਦਿਨ ਕੱਤਕ
ਸੁਦੀ 4 ਸੀ। ਇਸੇ ਤਰ੍ਹਾਂ ਹੀ ਅਤੇ ਨਵੰਬਰ 24 ਅਤੇ 25 ਨੂੰ ਦੋਵੇਂ ਦਿਨ ਹੀ ਚੰਦ ਦੀ ਇਕ ਤਿੱਥ
ਭਾਵ ਮੱਘਰ ਵਦੀ 11 ਹੋਵੇਗੀ।
ਭਾਵੇ ਚੰਦ ਆਪਣੇ ਹਰ ਚੱਕਰ ਸਮੇਂ ਧਰਤੀ ਦੇ
ਨੇੜੇ ਆਉਂਦਾ ਹੈ ਪਰ ਇਹ ਜਰੂਰੀ ਨਹੀ ਹੈ ਕਿ ਉਸ ਦਿਨ ਪੁੰਨਿਆ ਵੀ ਹੋਵੇ। 2016 ਈ: ਵਿੱਚ ਚੰਦ ਕੁਲ
13 ਵਾਰੀ ਧਰਤੀ ਦੇ ਨੇੜਿਉਂ ਹੋ ਕੇ ਗੁਜ਼ਰੇਗਾ। ਜੁਲਾਈ ਮਹੀਨੇ ਵਿਚ ਚੰਦ ਦੋ ਵਾਰ ਧਰਤੀ ਦੇ ਨੇੜਿਓਂ
(ਜੁਲਾਈ 1 ਅਤੇ 27) ਲੰਗਿਆਂ ਸੀ। 2017 ਈ: ਵਿੱਚ 13 ਵਾਰੀ ਅਤੇ 2018 ਈ:
ਵਿੱਚ 14 ਵਾਰੀ ਚੰਦ ਧਰਤੀ ਦੇ ਨੇੜੇ ਆਵੇਗਾ। ਪੁੰਨਿਆ ਵਾਲੇ ਦਿਨ ਜਦੋਂ ਚੰਦ ਧਰਤੀ ਦੇ ਨੇੜੇ ਹੋਵੇ
ਤਾਂ ਉਸ ਦਿਨ ਚੰਦ ਦੀ ਚਮਕ ਅਤੇ ਅਕਾਰ ਬਹੁਤ ਵੱਧ ਜਾਂਦੇ ਹਨ। ਇਸ ਨੂੰ ਮਹਾ ਚੰਦ ਜਾਂ ਸੁਪਰਮੂਨ (Super moon) ਕਹਿੰਦੇ ਹਨ। ਹਰ ਮਹਾ ਚੰਦ
ਜਾਂ ਸੁਪਰਮੂਨ ਦਾ ਅਕਾਰ ਅਤੇ ਚਮਕ ਵੀ ਬਰਾਬਰ ਨਹੀ ਹੁੰਦੇ। 16 ਅਕਤੂਬਰ ਨੂੰ ਚੰਦ, ਅੱਸੂ ਦੀ
ਪੁੰਨਿਆ ਜਿਸ ਨੂੰ ਸਰਦ ਪੁੰਨਿਆ ਕਹਿੰਦੇ ਹਨ, ਵਾਲੇ ਦਿਨ ਵੀ ਧਰਤੀ ਦੇ ਨੇੜੇ ਸੀ (357859 ਕਿਲੋ
ਮੀਟਰ) ਪਰ ਉਹ ਚਰਚਾ ਦਾ ਵਿਸ਼ਾ ਨਹੀ ਬਣਿਆ। ਮੱਘਰ ਸੁਦੀ 13 ਭਾਵ ਮੱਘਰ ਦੀ ਪੁੰਨਿਆ ਤੋਂ ਦੋ ਪਹਿਲਾ
12 ਦਸੰਬਰ ਨੂੰ ਵੀ ਚੰਦ ਧਰਤੀ ਦੇ ਨੇੜਿਉਂ ਗੁਜ਼ਰੇਗਾ। ਉਸ ਦਿਨ ਚੰਦ ਦੀ ਧਰਤੀ ਤੋਂ 358462 ਕਿਲੋ
ਮੀਟਰ ਹੋਵੇਗੀ। ਮਹਾ ਚੰਦ ਦਾ ਚੱਕਰ, ਚੰਦ ਦੇ 14
ਮਹੀਨਿਆਂ ਪਿਛੋਂ ਆਉਂਦਾ ਹੈ। ਕੱਤਕ ਦੀ ਪੁੰਨਿਆ ਜੋ ਇਸ ਸਾਲ 14 ਨਵੰਬਰ ਨੂੰ ਹੈ, ਇਸ ਦਿਨ ਚੰਦ
ਧਰਤੀ ਦੇ ਬਹੁਤ ਨੇੜੇ ਹੋਵੇਗਾ। 14 ਨਵੰਬਰ ਨੂੰ ਇਹ ਦੂਰੀ 355611 ਕਿਲੋ ਮੀਟਰ ਹੋਵੇਗੀ। ਇਸ ਕਾਰਨ ਚੰਦ
ਆਮ ਨਾਲੋਂ ਲੱਗ ਭੱਗ 14% ਅਕਾਰ ਵਿਚ ਵਿੱਚ ਵੱਡਾ ਅਤੇ ਲੱਗ ਭੱਗ 30% ਵੱਧ ਚਮਕਦਾਰ ਹੋਵੇਗਾ ਜੋ
ਬਹੁਤ ਹੀ ਅਦਭੁਤ ਨਜ਼ਾਰਾ ਪੇਸ਼ ਕਰੇਗਾ। ਇਸ ਤੋਂ ਪਹਿਲਾ ਅਜੇਹਾ ਨਜ਼ਾਰਾ 26 ਜਨਵਰੀ 1948 ਈ: ਵਿੱਚ
ਵੇਖਿਆ ਗਿਆ ਸੀ। ਵਿਦਵਾਨਾਂ ਦਾ ਮੱਤ ਹੈ ਕਿ ਅਗਲੀ ਵਾਰ ਅਜੇਹਾ ਦ੍ਰਿਸ਼ 25 ਨਵੰਬਰ 2034 ਈ: ਨੂੰ
ਹੀ ਵੇਖਿਆ ਜਾ ਸਕੇਗਾ। ਉਤਰੀ ਅਮਰੀਕਾ ਵਿੱਚ ਸੋਮਵਾਰ 14 ਨਵੰਬਰ ਦੀ ਸਵੇਰ ਵੇਲੇ, ਚੰਦ ਧਰਤੀ ਦੇ
ਵੱਧ ਤੋਂ ਵੱਧ ਨੇੜੇ ਹੋਵੇਗਾ, ਇਸ ਲਈ 13 ਨਵੰਬਰ, ਐਤਵਾਰ ਰਾਤ ਅਤੇ 14 ਨਵੰਬਰ, ਸੋਮਵਾਰ ਦੀ ਰਾਤ ਨੂੰ
ਇਹ ਖ਼ੂਬਸੂਰਤ ਨਜ਼ਾਰਾ ਵੇਖਣ ਯੋਗ ਹੋਵੇਗਾ। ਖਿਆਲ ਰਹੇ ਇਹ ਇਕ ਕੁਦਰਤੀ ਵਰਤਾਰਾ ਹੈ।
ਇਸ ਨੂੰ ਕਿਸੇ ਵਹਿਮ-ਭਰਮ ਜਾਂ, ਧਰਮ-ਕਰਮ ਨਾਲ ਜੋੜਨਾ ਸਿਰਫ ਤੇ ਸਿਰਫ ਅਗਿਆਨਤਾ
ਹੈ।