Tuesday, August 1, 2017

ਅਨੁਰਾਗ ਸਿੰਘ ਦੀਆਂ ਜੱਬਲੀਆਂ ਦਾ ਜਵਾਬ

ਅਨੁਰਾਗ ਸਿੰਘ ਦੀਆਂ ਜੱਬਲੀਆਂ ਦਾ ਜਵਾਬ
ਅਨੁਰਾਗ ਸਿੰਘ ਜੀ, ਸੱਚ ਜਾਣਿਓ! ਅੱਜ ਤੁਹਾਨੂੰ ਫਤਹਿ ਬੁਲਾਉਣ ਨੂੰ ਵੱਢੀ ਰੂਹ ਨਹੀ ਕਰਦੀ।
ਇਸ ਦੇ ਤਿੰਨ ਕਾਰਨ ਹਨ। ਅਕਾਲ ਤਖਤ ਦੇ ਹੁਕਮਨਾਮੇ ਦੀ ਅਵੱਗਿਆ, ਤੁਹਾਡੀ ਸ਼ਬਦਾਵਲੀ ਅਤੇ  ਤੁਹਾਡੇ ਵੱਲੋਂ ਲਿਖੇ ਗਏ ਝੂਠ
ਤੁਹਾਨੂੰ ਯਾਦ ਹੋਵੇਗਾ ਕਿ ਗੁਰਦਵਾਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਪ੍ਰਬੰਧਕਾਂ ਵੱਲੋਂ 10 ਨਵੰਬਰ 2006 ਨੂੰ ਇਕ ਸੈਮੀਨਾਰ ਕਰਾਇਆ ਗਿਆ ਸੀ। ਜਿਸ ਵਿੱਚ  ਤੁਸੀਂ ਅਖੌਤੀ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਅਸਿੱਧੇ ਰੂਪ ਵਿੱਚ ਕਤਲ ਕਰਨ ਦੀ ਧਮਕੀ ਦਿੱਤੀ ਸੀ। ਇਹ ਸੈਮੀਨਾਰ ਅਕਾਲ ਤਖਤ ਸਾਹਿਬ ਵੱਲੋਂ 14 ਮਈ 2000 ਈ: ਨੂੰ ਜਾਰੀ ਹੋਏ ਹੁਕਮਨਾਮੇ ਦੀ ਸਪੱਸ਼ਟ ਅਵੱਗਿਆ ਸੀ। ਅਕਾਲ ਤਖਤ ਸਾਹਿਬ ਦੇ, ਉਸ ਵੇਲੇ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 14 ਮਈ 2000 ਈ: ਨੂੰ ਇਕ ਹੁਕਮ ਰਾਹੀਂ, ਦਸਮ ਗ੍ਰੰਥ ਬਾਰੇ ਹਰ ਤਰ੍ਹਾਂ ਦੀ ਚਰਚਾ ਕਰਨ ਤੇ ਪਾਬੰਦੀ ਲਾ ਦਿੱਤੀ ਸੀ। ਕੁਝ ਵਿਦਵਾਨਾਂ ਵੱਲੋਂ ਜਦੋਂ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਨੂੰ ਸੰਗਤਾਂ ਨਾਲ ਸਾਂਝੀ ਕਰਨ ਦੇ ਮੰਤਵ ਨਾਲ ਲੇਖ ਲਿਖੇ ਗਏ ਅਤੇ ਅਖ਼ਬਾਰਾਂ ਵੱਲੋਂ ਛਾਪੇ ਗਏ ਤਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 7 ਅਗਸਤ 2000 ਈ: ਨੂੰ ਇਕ ਹੋਰ ਚੇਤਾਵਨੀ ਪੱਤਰ ਜਾਰੀ ਕੀਤਾ, “ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਅਨੁਸ਼ਾਸਨ ਹੀਣਤਾ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਸਾਰੇ ਸਿੱਖ ਵਿਦਵਾਨਾਂ ਨੂੰ ਫਿਰ ਕਰੜ੍ਹੀ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਵਿਸ਼ੇ ਸਬੰਧੀ ਕੋਈ ਲੇਖ ਅੱਗੋਂ ਤੋਂ ਅਖ਼ਬਾਰ ਵਿੱਚ ਨਾ ਦੇਣ। ਜੋ ਕੋਈ ਸਿੱਖ ਵਿਦਵਾਨ ਅੱਜ ਮਿਤੀ 7-8-2000 ਤੋਂ ਇਸ ਹਦਾਇਤ ਦੀ ਉਲੰਘਣਾ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਦੋਸ਼ੀ ਬਣਾਏਗਾ”
 
ਸਪੱਸ਼ਟ ਹੈ ਕਿ 10 ਨਵੰਬਰ 2006 ਈ: ਨੂੰ, ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ 14 ਮਈ 2000 ਵਾਲੇ ਹੁਕਮਨਾਮੇ ਦੀ ਅਤੇ ਫਿਰ 7 ਅਗਸਤ 2000 ਨੂੰ ਜਾਰੀ ਕੀਤੀ ਗਈ ਕਰੜ੍ਹੀ ਹਦਾਇਤ ਦੀ ਅਵੱਗਿਆ ਕਰਨ ਕਰਕੇ, ਤੁਸੀਂ ਅਕਾਲ ਤਖਤ ਦੇ ਦੋਸ਼ੀ ਹੋਯਾਦ ਰਹੇ 11 ਮਈ 2009 ਨੂੰ "ਸਿੱਖ ਕਲਚਰਲ ਸੁਸਾਇਟੀ ਨਿਉਯਾਰਕ" ਦੇ ਪ੍ਰਬੰਧਕਾਂ ਵੱਲੋਂ, ਅਖੌਤੀ ਦਸਮ ਗ੍ਰੰਥ ਬਾਰੇ ਰੱਖੀ ਗਈ ਵਿਚਾਰ ਚਰਚਾ ਵਿੱਚੋਂ ਆਖਰੀ ਸਮੇਂ, ਹਰੀ ਸਿੰਘ ਰੰਧਾਵਾ, ਇਸੇ ਹੁਕਮਨਾਮੇ ਦਾ ਹਵਾਲਾ ਦੇ ਕੇ ਹਰਨ ਹੋ ਗਿਆ ਸੀ। https://www.youtube.com/watch?v=nqPIpQnx29Q&t=85s

ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਦੀ ਜਾਣ ਬੁਝ ਕੇ ਕੀਤੀ ਗਈ ਅਵੱਗਿਆ ਕਾਰਨ ਦੋਸ਼ੀਆਂ ਵੱਲੋਂਅਕਾਲ ਤਖਤ ਸਾਹਿਬ ਤੇ ਪੇਸ਼ ਹੋ ਆਪਣੀ ਭੁੱਲ ਬਖਸ਼ਾਉਣਭਾਂਡੇ ਮਾਂਜਣ ਅਤੇ ਜੋੜੇ ਝਾੜਨ ਦੀ ਖ਼ਬਰ ਕਦੇ ਨਹੀਂ ਆਈ। ਜਿਸ ਕਾਰਨ ਤੁਸੀਂ ਅੱਜ ਵੀ ਦੋਸ਼ੀ ਹੋ


ਤੁਹਾਡੀ ਸ਼ਬਦਾਵਲੀ ਦੀ ਝਲਕ :-
 BLIND LEADING THE BLINDS”,  “ਪੁਰੇਵਾਲ ਦੇ ਕਾਮਰੇਡ ਸਮਰਥਕ”,  “ਪੁਰੇਵਾਲ ਦੇ ਪੇਟੀ ਬੰਦ ਦਿਮਾਗ ਸਮਰਥਕ”, “ਹੁਣ ਵਾਰੀ ਹੈ ਕਾਮਰੇਡ ਪੁਰੇਵਾਲ ਦੇ ਭਾੜੇ ਦੇ ਟੱਟੂਆਂ ਦੀ”, ਮੇਰੇ ਵੱਲੋਂ ਪਾਲ ਸਿੰਘ ਅਤੇ ਉਨ੍ਹਾਂ ਦੇ ਖਰੀਦੇ ਭਗਤਾ ਨੂੰ ਚੁਣੌਤੀ”, “ਪੁਰੇਵਾਲ ਦੇ ਪੱਕੇ ਅਤੇ ਢੀਠ ਸਮਰਥਕ”, “ਇਲਤੀ ਟੋਲਾ”, “ਸ਼ਰਾਰਤੀ ਕਾਮਰੇਡ”, “ਇਲਤੀ ਚੌਧਰੀ”, ਸਰਕਾਰੀ ਪਿੱਠੂਆਂ ਦੀ ਟੋਲੀ” ਆਦਿ

 ਝੂਠੁ ਨ ਬੋਲਿ ਪਾਡੇ :-“ਸਰਵਜੀਤ ਸਿੰਘ ਸੈਕਰਾਮੈਂਟੋ ਦੀ ਲਿਖਤ ਨੱਥੀ ਕੀਤੀ ਜਾ ਰਹੀ ਹੈ ਤਾਂ ਜੋ ਸੰਗਤਾਂ ਨੂੰ ਵੀ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ। ਇਸ ਪੋਸਟ ਨੂੰ ਪੜ੍ਹ ਕੇ ਅਤੇ ਇਸ ਦੇ ਲਿਖਣ ਦੇ ਅੰਦਾਜ਼ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਇਹ ਪਾਲ ਸਿੰਘ ਦੀ ਲਿਖੀ ਹੋਈ ਪੋਸਟ ਹੈ”
“ਕਾਮਰੇਡ ਪੁਰੇਵਾਲ ਨੇ ਆਪਣੇ ਪੇਟੀ-ਬੰਦ ਦਿਮਾਗ ਵਾਲੇ ਸਮਰਥਕਾਂ ਲਈ ਕੋਈ ਗੁਪਤ ਜੰਤਰੀ ਬਣਾਈ ਹੈ ਜਿਸ ਦੇ ਹਵਾਲੇ ਨਾਲ ਇਨ੍ਹਾਂ ਦਾ ਲੇਲਾ ਸਰਬਜੀਤ ਸਿੰਘ ਸੈਕਰਾਮੈਂਟੋ ਆਪਣੇ ਬਜਰ ਕਪਾਟ ਖੋਲੇ ਬਿਨਾਂ ਹੀ ਦੱਸ ਰਿਹਾ ਹੈ ਉਨ੍ਹਾਂ ਦੇ ਹੀ  ਕੈਲੰਡਰ ਗੁਰੂ ਵੱਲੋਂ ਦਿੱਤੀਆਂ, ਉਨ੍ਹਾਂ ਦੀ ਜੰਤਰੀ ਦੀਆਂ ਤਾਰੀਖ਼ਾਂ ਗਲਤ ਹਨ”
“ਕਾਮਰੇਡ ਪੁਰੇਵਾਲ ਦੇ ਅਖੌਤੀ ਨਾਨਕਸ਼ਾਹੀ ਕੈਲੰਡਰ: ਦੇਸੀ ਅਵਾਜ਼-ਵਲੈਤੀ ਚੀਕਾਂ, ਸਮਰਥਕ  ਸਰਵਜੀਤ ਸਿੰਘ ਸੈਕਰਾਮੈਂਟੋ ਨੇ ਖ਼ੁਦ ਖੋਲਿਆ ਇਸ ਦੇ ਨਕਲੀ ਹੋਣ ਦਾ ਰਾਜ਼”
ਸਰਵਜੀਤ ਸਿੰਘ ਸੈਕਰਾਮੈਂਟੋ ਨੂੰ ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਦੀ ਨਕਲੀ ਤਾਰੀਖ 18 ਸਤੰਬਰ (Gregorian) 3 ਸਤੰਬਰ  ( Julian) ਦੇ ਸਰੋਤ ਬਾਰੇ ਚੁੱਪੀ ਧਾਰ ਕੇ ਚਲਾਕੀ ਨਾਲ ਆਪਣੇ ਆਪ ਨੂੰ ਤੇ ਆਪਣੇ ਗੁਰੂ ਨੂੰ ਨਵੇਂ ਇਮਤਿਹਾਨ ਵਿਚ ਪਾਉਣ ਦੀ ਕ੍ਰਿਆ ਤੋਂ ਪ੍ਰਹੇਜ ਕੀਤਾ ਹੈ”
ਅਨੁਰਾਗ ਸਿੰਘ ਜੀ, ਜੇ ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਦੀ ਤਾਰੀਖ ਬਾਰੇ ਝੂਠ ਲਿਖਣਾ, ਤੁਹਾਡੀ ਕੋਈ ਮਜ਼ਬੂਰੀ ਸੀ ਤਾਂ ਘੱਟੋ-ਘੱਟ ਮੇਰੀ ਲਿਖਤ ਦੀ ਫ਼ੋਟੋ ਤਾਂ ਨੱਥੀ ਨਾ ਕਰਦੇ।











ਕਾਲੇ ਕੀਤੇ ਸਫ਼ੇ ਹਜ਼ਾਰ ਪੜ੍ਹਨ ਯੋਗ ਨਾ ਅੱਖਰ ਚਾਰ:-
ਮੈਂ ਆਪਣੇ ਲੇਖ ਦੇ ਅਖੀਰ `ਤੇ ਖਾਸ ਤੌਰ ਲਿਖਿਆ ਸੀ, “ਤੁਸੀਂ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਹੀ ਦਿੱਤਾ। ਹੁਣ ਜੇ ਉਪ੍ਰੋਕਤ ਸਵਾਲਾਂ ਦਾ ਸਪੱਸ਼ਟ ਜਵਾਬ ਨਾ ਦਿੱਤਾ ਤਾਂ ਤੁਹਾਡੀ ਕਿਸੇ ਵੀ ਜੱਬਲੀ ਦਾ ਜਵਾਬ ਦੇਣ ਦਾ ਪਾਬੰਦ ਨਹੀ ਹਾਂ” ਤੁਸੀਂ ਆਪਣੀ ਆਦਤ ਤੋਂ ਮਜਬੂਰ ਹੋਕੇ ਲੱਗ-ਭੱਗ 40 ਸਫ਼ੇ ਕਾਲੇ ਕੀਤੇ ਹਨ।  ਪਰ ਮੇਰੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਤੁਹਾਡੀ ਨੀਤੀ ਹੀ ਇਹ ਹੈ ਕਿ ਸਟੇਜ ਤੋਂ ਉੱਚੀ ਅਵਾਜ਼ ਵਿੱਚ, ਬਾਂਹਾਂ ਉਲਾਰ ਕੇ, ਅੱਡੀਆਂ ਚੁੱਕ ਕੇ ਝੂਠ ਬੋਲੋ, ਸਰੋਤਿਆਂ ਨੇ ਆਪੇ ਹੀ ਸੱਚ ਮੰਨ ਲੈਣਾ ਹੈ। ਜਿਥੇ ਲਿਖਣ ਦੀ ਗੱਲ ਹੋਵੇ ਉਥੇ ਦੱਬ ਕੇ ਝੂਠ ਲਿਖੋ, ਗੱਲ ਨੂੰ ਹੋਰ ਪਾਸੇ ਹੀ ਘੁਮਾਈ ਜਾਵੋ, ਪੁੱਠੇ-ਸਿੱਧੇ ਸਵਾਲ ਕਰੀ ਜਾਵੋ, ਅਗਲਾ ਆਪੇ ਹੀ ਅੱਕ ਕੇ ਪਿੱਛੇ ਹਟ ਜਾਵੇਗਾ। ਫੇਰ ਅਸੀ ਕਹਾਂਗੇ ਕਿ ਸਾਡੇ ਸਵਾਲਾਂ ਦੇ ਜਵਾਬ ਨਹੀ ਦੇ ਸਕਿਆ, ਭੱਜ ਗਿਆ। ਮੈਂ ਸਪੱਸ਼ਟ ਕਰ ਦਿਆਂ ਕਿ ਮੇਰੇ ਉੱਪਰ ਅਜੇਹੀਆਂ ਲਿੱਚ-ਗੜਿੱਚੀਆਂ ਦਾ ਕੋਈ ਅਸਰ ਨਹੀ ਹੋਣਾ। ਮੈਂ ਸੰਖੇਪ ਅਤੇ ਸਪੱਸ਼ਟ ਗੱਲ ਕਰਨ ਦਾ ਆਦੀ ਹਾਂ ਅਤੇ ਸਾਹਮਣੇ ਵਾਲੇ ਤੋਂ ਵੀ ਅਜੇਹੀ ਹੀ ਆਸ ਕਰਦਾ ਹਾਂ।
ਤੁਸੀਂ ਆਪਣੀ ਟੀਮ ਦੇ ਮੈਂਬਰਾਂ ਦਾ ਜਿਕਰ ਕਰਦੇ ਹੋਏ ਲਿਖਿਆ ਹੈ, “ਪਾਲ ਸਿੰਘ ਪੁਰੇਵਾਲ ਦੇ ਪਿਆਰੇ ਸ਼ਤਰੰਜ ਦੇ ਮੋਹਰੇ ਸਰਵਜੀਤ ਸਿੰਘ ਸੈਕਰਾਮੈਂਟੋ ਦੇ ਮੂੰਹੋਂ ਉਹ ਸਚਾਈ ਪ੍ਰਗਟ ਕਰ ਦਿੱਤੀ ਜਿਸ ਦਾ ਜਿਕਰ ਸ. ਸੁਰਜੀਤ ਸਿੰਘ ਨਿਸ਼ਾਨ, ਸ. ਮਲੂਕ ਸਿੰਘ, ਪ੍ਰਿ: ਸੰਤੋਖ ਸਿੰਘ, ਡਾ: ਅਮਰਜੀਤ ਕੌਰ ਅਤੇ ਦਾਸ ਨਿਰੰਤਰ ਕੋਸ਼ਿਸ਼ ਕਰ ਰਹੇ ਸਨ”।

ਤੁਹਾਡੀ ਜਾਣਕਾਰੀ ਲਈ ਬੇਨਤੀ ਹੈ ਕਿ ਬੀਬੀ ਅਮਰਜੀਤ ਕੌਰ ਦਾ ਕਿਤਾਬਚਾ, “ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜ਼ਿਸ਼, ਨਾਨਕਸ਼ਾਹੀ ਕੈਲੰਡਰ”, “Indo-American Punjabi Times”  ਵਿੱਚ (ਪਹਿਲੀ ਕਿਸ਼ਤ 6 ਨਵੰਬਰ 2013 ਈ:) ਕਈ ਕਿਸ਼ਤਾਂ ਵਿੱਚ ਛਪਿਆ ਸੀ ਜਿਸ ਦਾ ਜਵਾਬ ਮੈਂ ਉਸੇ ਅਖ਼ਬਾਰ ਵਿਚ (ਪਹਿਲੀ ਕਿਸ਼ਤ 25 ਦਸੰਬਰ 2013 ਈ:) ਦਿੱਤਾ ਸੀ। ਪਰ ਬੀਬੀ ਨੇ ਮੇਰੇ ਸਵਾਲਾਂ ਦੇ ਜਵਾਬ ਨਹੀ ਦਿੱਤੇ।  “ਅੰਮ੍ਰਿਤਸਰ ਟਾਈਮਜ਼” ਅਖ਼ਬਾਰ ਵਿੱਚ ਹੋਈ ਵਿਚਾਰ-ਚਰਚਾ (ਫਰਵਰੀ-ਮਾਰਚ 2015)  ਵਿੱਚ ਵੀ ਬੀਬੀ ਅਮਰਜੀਤ ਕੌਰ ਦਾ ਲੇਖ ਛਪਿਆ ਸੀ। ਜਿਸ ਦਾ ਜਵਾਬ ਦੇ ਕੇ, ਮੈਂ ਕੁਝ ਸਵਾਲ ਵੀ ਕੀਤੇ ਸਨ। ਬੀਬੀ ਨੇ ਵੀ ਮੇਰੇ ਸਵਾਲਾਂ ਦਾ ਜਵਾਬ ਦੇਣ ਦੀ ਬਿਜਾਏ ਤੁਹਾਡੇ ਵਾਂਗੂੰ ਜਬਲੀਆਂ ਹੀ ਮਾਰੀਆਂ ਸਨ(ਪੜ੍ਹੋ ਸੰਪਾਦਕ ਦੀ ਟਿੱਪਣੀ)


ਸ. ਸੁਰਜੀਤ ਸਿੰਘ ਦੇ ਨਿਸ਼ਾਨ ਦੇ ਸਾਰੇ ਲੇਖਾਂ ਦਾ, ਜੋ ਵੀ ਮੇਰੇ ਧਿਆਨ `ਚ ਆਇਆ, ਦਾ ਜਵਾਬ ਦਿੱਤਾ ਜਾ ਚੁੱਕਾ ਹੈ ਪਰ ਉਨ੍ਹਾਂ ਨੇ ਕਦੇ ਵੀ ਮੇਰੇ ਸਵਾਲਾਂ ਦਾ ਜਵਾਬ ਨਹੀ ਦਿੱਤਾ। ਉਨ੍ਹਾਂ ਦੀ ਕਿਤਾਬ, “ਗੁਰਪੁਰਬ ਦਰਪਣ” ਦਾ ਜਵਾਬ 15 ਜੁਲਾਈ 2017 ਈ: ਦਿਨ ਸ਼ਨਿਚਰਵਾਰ ਨੂੰ ਭਰੀ ਸਭਾ ਵਿਚ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਦੇ ਹੁੰਗਾਰੇ ਦੀ ਉਡੀਕ ਹੈ।


ਸ. ਮਲੂਕ ਸਿੰਘ ਅਤੇ ਪ੍ਰਿ. ਸੰਤੋਖ ਸਿੰਘ ਦੀ ਕੋਈ ਲਿਖਤ ਮੈਂ ਨਹੀਂ ਪੜ੍ਹੀ। ਜੇ ਤੁਹਾਡੇ ਪਾਸ ਹੋਵੇ ਤਾਂ ਭੇਜਣ ਦੀ ਖੇਚਲ ਕਰਨੀ ਜੀ, ਤਾਂ ਜੋ ਉਨ੍ਹਾਂ ਤੇ ਵੀ ਵਿਚਾਰ ਕੀਤੀ ਜਾ ਸਕੇ। ਰਹੀ ਗੱਲ 5 ਲੱਖ ਡਾਲਰ ਦੀ ਉਹ ਜੱਬਲੀਆਂ ਮਾਰਨ ਵਾਲੇ ਨੂੰ ਨਹੀ ਮਿਲਣਾ, ਉਸ ਲਈ ਠੋਸ ਸਬੂਤ ਪੇਸ਼ ਕਰਨੇ ਪੈਣੇ ਹਨ। ਜਿਵੇ ਮੈਂ ਨਿਸ਼ਾਨ ਵੱਲੋਂ ਰੱਖੇ  ਇਕ ਲੱਖ ਦੇ ਇਨਾਮ ਬਾਰੇ ਪੇਸ਼ ਕੀਤੇ ਹਨ। ਬੇਨਤੀ ਹੈ ਕਿ ਸ. ਪਾਲ ਸਿੰਘ ਪੁਰੇਵਾਲ ਦੀ, 15 ਜੁਲਾਈ ਦੀ ਵੀਡੀਓ ਨੂੰ ਧਿਆਨ ਨਾਲ ਵੇਖੋ/ਸੁਣੋ, ਫੇਰ ਜੇ ਤੁਹਾਡੇ ਵਿਚ ਸਮਰੱਥਾ ਹੈ ਤਾ ਕਰੋ ਸੱਦਾ ਪ੍ਰਵਾਨ।



ਅਨੁਰਾਗ ਸਿੰਘ ਜੀ, ਇਸ ਗੱਲ ਲਈ ਮੈਂ ਆਪ ਦਾ ਧੰਨਵਾਦੀ ਹਾਂ, ਜੋ ਤੁਸੀਂ ਲਿਖਿਆ ਹੈ ਕਿ ਮੇਰੀ ਲਿਖਤ ਵਿੱਚੋਂ ਤੁਹਾਨੂੰ, ਸ. ਪਾਲ ਸਿੰਘ ਪੁਰੇਵਾਲ, ਡਾ ਦਰਸ਼ਨ ਸਿੰਘ ਅਤੇ ਭਾਈ ਅਸ਼ੋਕ ਸਿੰਘ ਬਾਗੜੀਆਂ ਜੀ ਵਰਗੇ ਵਿਦਵਾਨਾਂ ਦੀ ਲਿਖਤ ਦਾ ਝਲਕਾਰਾ ਪਿਆ ਹੈ। ਮੇਰਾ ਹੌਸਲਾ ਵਧਾਉਣ ਲਈ ਆਪ ਦਾ ਬਹੁਤ-ਬਹੁਤ ਧੰਨਵਾਦ
ਆਪਣੇ ਲੇਖਾਂ ਵਿਚ ਤੁਸੀਂ ਕਈ ਤਾਰੀਖ਼ਾਂ ਦਾ ਜਿਕਰ ਕੀਤਾ ਹੈ । ਉਨ੍ਹਾਂ ਚੋਂ ਬਹੁਤੀਆਂ ਦਾ ਜਵਾਬ ਮੈਂ ਦੇ ਚੁੱਕਾ ਹਾਂ। ਅੱਜ ਆਪਾਂ ਜਿਕਰ ਕਰਾਂਗੇ ਗੁਰੂ ਗੋਬਿੰਦ ਸਿੰਘ ਦੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਦਾ।
ਦਸ਼ਮੇਸ਼ ਜੀ ਦੇ ਜਨਮ ਵੇਲੇ ਆਪਣੇ ਦੇਸ਼ ਵਿਚ ਦੋ ਕੈਲੰਡਰ ਪ੍ਰਚੱਲਤ ਸਨ। ਇਕ ਸੂਰਜੀ ਅਤੇ ਦੂਜਾ ਚੰਦਰ-ਸੂਰਜੀ ਇਨ੍ਹਾਂ ਕੈਲੰਡਰਾਂ ਮੁਤਾਬਕ ਗੁਰੂ ਜੀ ਦੇ ਜਨਮ ਦੀ ਤਾਰੀਖ 23 ਪੋਹ, ਪੋਹ ਸੁਦੀ 7 ਸੰਮਤ 1723 ਬਿਕ੍ਰਮੀ, ਦਿਨ ਸ਼ਨਿਚਰਵਾਰ ਸੀ। ਇਸ ਤਾਰੀਖ ਬਾਰੇ ਕੋਈ ਵੀ ਮਤ ਭੇਦ ਨਹੀਂ ਹੈ। ਅੰਗਰੇਜਾਂ ਦੇ ਆਉਣ ਤੋਂ ਪਿਛੋਂ, ਜਦੋਂ ਉਨ੍ਹਾਂ ਨੇ ਸਾਡੇ ਇਤਿਹਾਸ ਨੂੰ ਸਮਝਣ ਲਈ ਸਤੰਬਰ 1752 ਤੋਂ ਪਹਿਲੀਆਂ ਤਾਰੀਖ਼ਾਂ ਨੂੰ ਜੂਲੀਅਨ ਕੈਲੰਡਰ ਵਿਚ ਬਦਲੀ ਕੀਤਾ ਜਾਂ ਕਰਵਾਇਆ ਤਾਂ ਇਹ 22 ਦਸੰਬਰ 1666 ਈ: (ਜੂਲੀਅਨ) ਲਿਖੀ ਗਈ। ਜੇ ਕਿਸੇ ਸੱਜਣ ਨੇ ਇਸ ਤਾਰੀਖ ਨੂੰ ਹਿਜਰੀ ਕੈਲੰਡਰ ਵਿੱਚ ਲਿਖਿਆ ਹੋਵੇ ਤਾਂ ਉਥੇ ਇਹ 5 ਰਜ਼ਬ 1077 ਹਿਜਰੀ ਹੋਵੇਗੀ। ਇਸੇ ਤਾਰੀਖ ਸਬੰਧੀ ਡਾ ਤ੍ਰਿਲੋਚਨ ਸਿੰਘ ਜੀ ਲਿਖਦੇ ਹਨ,  “ਗੁਰੂ ਗੋਬਿੰਦ ਸਿੰਘ ਜੀ ਦਾ 26 ਜਨਵਰੀ 1666 ਈ: (ਪੋਹ ਸੁਦੀ ਸਪਤਮੀ 1723 ਬਿ:)  ਵਾਲੇ ਸ਼ੁਭ ਦਿਹਾੜੇ ਜਨਮ ਹੋਇਆ”। (ਸੰਖੇਪ ਜੀਵਨ ਗੁਰੂ ਗੋਬਿੰਦ ਸਿੰਘ, ਪਹਿਲੀ ਵਾਰ 1964 ਈ:, ਪੰਨਾ 13)


ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਇਹ ਗੱਲ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਲਿਖੀ ਹੋਈ ਹੈ ਕਿ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰਖਿਆ ਜਾਵੇਗਾ”। ਇਸ ਮੁਤਾਬਕ ਗੁਰੂ ਜੀ ਦੇ ਜਨਮ ਦੀ ਤਾਰੀਖ 23 ਪੋਹ ਹੈ। ਇਹ ਤਾਰੀਖ ਹੀ ਨਾਨਕਸ਼ਾਹੀ ਕੈਲੰਡਰ ਵਿਚ ਦਰਜ ਹੈ। ਜਦੋਂ ਇਹ ਤਾਰੀਖ ਜੂਲੀਅਨ ਕੈਲੰਡਰ ਵਿੱਚ ਲਿਖੀ ਗਈ ਤਾਂ ਇਹ 22 ਦਸੰਬਰ ਲਿਖੀ ਗਈ। ਫਰਜ਼ ਕਰੋ, ਇੰਗਲੈਂਡ ਵੀ ਜੂਲੀਅਨ ਕੈਲੰਡਰ ਦੀ ਸੋਧ ਨੂੰ  ਅਕਤੂਬਰ 1582 ਈ: ਵਿਚ ਹੀ ਲਾਗੂ ਕਰ ਦਿੰਦਾ ਤਾਂ ਇਹ ਤਾਰੀਖ 1 ਜਨਵਰੀ 1667 ਈ: (ਗਰੈਗੋਰੀਅਨ) ਲਿਖੀ ਜਾਣੀ ਸੀ। ਸ. ਸੁਰਜੀਤ ਸਿੰਘ ਨਿਸ਼ਾਨ ਨੇ ਆਪਣੀ ਕਿਤਾਬ “ਗੁਰਪੁਰਬ ਦਰਪਣ” ਵਿੱਚ ਇਹ ਤਾਰੀਖ 1 ਜਨਵਰੀ 1667 ਈ:  ਲਿਖੀ ਹੈ।



ਇਕ ਵੇਰ ਫੇਰ ਇਹ ਸਪੱਸ਼ਟ ਕਰ ਦਿਆਂ ਕਿ, ਗੁਰੂ ਜੀ ਦੇ ਜਨਮ ਦੀ ਤਾਰੀਖ 23 ਪੋਹ ਹੈ। ਇਹ ਨਾ ਤਾਂ 22 ਦਸੰਬਰ 1666ਈ ਹੈ, ਨਾ ਹੀ 1 ਜਨਵਰੀ 1667 ਈ: ਅਤੇ ਨਾ ਹੀ 5 ਜਨਵਰੀ 2003 ਈ:। 23 ਪੋਹ ਹੀ ਨਾਨਕਸ਼ਾਹੀ ਕੈਲੰਡਰ ਵਿਚ ਦਰਜ ਹੈ। ਜਿਸ ਦਿਨ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ (23 ਪੋਹ) ਹੋਵੇਗਾ ਉਸ ਦਿਨ ਗਰੈਗੋਰੀਅਨ, ਜਿਸ ਨੂੰ ਅੱਜ-ਕੱਲ ਸੀ: ਈ: ਵੀ ਕਿਹਾ ਜਾਂਦਾ ਹੈ, ਦੀ 5 ਜਨਵਰੀ ਹੋਵੇਗੀ।
ਤੁਹਾਡੀ ਸਮੱਸਿਆ ਇਹ ਹੈ ਕਿ ਕਿਤਾਬਾਂ ਵਿਚ ਇਹ ਤਾਰੀਖ 22 ਦਸੰਬਰ ਲਿਖੀ ਹੋਈ ਹੈ। ਤਾਂ ਇਹ 14 ਦਿਨਾਂ ਦੇ ਫਰਕ ਨਾਲ 5 ਜਨਵਰੀ ਕਿਵੇਂ ਹੋ ਗਈ, ਤੁਸੀਂ 5 ਜਨਵਰੀ ਦਾ, ਇਤਿਹਾਸਿਕ ਲਿਖਤਾਂ `ਚੋ ਸਬੂਤ ਮੰਗਦੇ ਹੋ।
ਮੇਰਾ ਸਵਾਲ ਇਹ ਹੈ ਕਿ 22 ਦਸੰਬਰ ਕਿਹੜੇ ਕੈਲੰਡਰ ਦੀ ਤਾਰੀਖ ਹੈ? ਕੀ ਇਹ ਕੈਲੰਡਰ 1666 ਈ: ਵਿੱਚ, ਆਪਣੇ ਦੇਸ ਵਿੱਚ ਲਾਗੂ ਸੀ?  
ਚਲੋ! ਮੈਂ ਤੁਹਾਡੇ ਨਾਲ ਸਹਿਮਤ ਹੋ ਜਾਂਦਾ ਹਾਂ ਕਿ ਗੁਰੂ ਜੀ ਦੇ ਜਨਮ ਦੀ ਤਾਰੀਖ 22 ਦਸੰਬਰ (ਜੂਲੀਅਨ) ਹੈ। ਹੁਣ ਇਹ ਦੱਸੇ ਕਿ ਅੱਜ ਇਹ ਦਿਹਾੜਾ ਕਿੰਨੀ ਤਾਰੀਖ ਨੂੰ ਮਨਾਇਆ ਜਾਣਾ ਚਾਹੀਦਾ ਹੈ?

ਗੁਰੂ ਜੀ ਨੇ 29 ਮਾਰਚ 1699 ਈ: ਨੂੰ ਖਾਲਸਾ ਪ੍ਰਗਟ ਕੀਤਾ ਸੀ। ਅੱਜ-ਕੱਲ ਇਹ ਦਿਹਾੜਾ 13-14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈਇਸ ਦਾ ਕੀ ਕਾਰਨ ਹੈ ਕਿ ਤੁਸੀਂ ਇਸ ਤਾਰੀਖ ਬਾਰੇ ਕਦੇ ਇਤਰਾਜ਼ ਨਹੀਂ ਕੀਤਾ? ਡਾ. ਤ੍ਰਿਲੋਚਨ ਸਿੰਘ ਜੀ ਨੇ ਆਪਣੀ ਕਿਤਾਬ ਇਹ ਤਾਰੀਖ 30 ਮਾਰਚ ਲਿਖੀ ਹੈ। ਕੀ ਇਹ ਦਿਹਾੜਾ ਵੀ 29 ਮਾਰਚ ਜਾਂ 30 ਮਾਰਚ ਨੂੰ ਨਹੀ ਮਨਾਇਆ ਜਾਣਾ ਚਾਹੀਦਾ? (ਵੈਸਾਖੀ 29 ਮਾਰਚ ਨੂੰ ਸੀ ਜਾਂ 30 ਮਾਰਚ ਨੂੰ, ਇਸ ਸਬੰਧੀ ਤੁਹਾਡੇ ਲੇਖ ਦੀ ਉਡੀਕ ਰਹੇਗੀ)
 
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, (8 ਪੋਹ, ਪੋਹ ਵਦੀ 7) 7 ਦਸੰਬਰ, ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, (13 ਪੋਹ, ਪੋਹ ਵਦੀ 12) 12 ਦਸੰਬਰ ਨੂੰ ਸੀ, ਇਸ ਸਾਲ ਇਹ ਦਿਹਾੜੇ 22 ਦਸੰਬਰ ਅਤੇ 27 ਦਸੰਬਰ ਨੂੰ ਮਨਾਏ ਜਾਣੇ ਹਨ। ਕੀ ਇਹ ਵੀ 7 ਅਤੇ 12 ਦਸੰਬਰ ਨੂੰ ਨਹੀਂ ਮਨਾਏ ਜਾਣੇ ਚਾਹੀਦੇ?  
ਜੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਰ ਸਾਲ ਸੂਰਜੀ ਤਾਰੀਖ, 8 ਪੋਹ ਅਤੇ 13 ਪੋਹ ਨੂੰ ਮਨਾਏ ਜਾ ਸਕਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, 23 ਪੋਹ ਨੂੰ ਮਨਾਉਣ ਤੇ ਤੂਹਾਨੂੰ ਕੀ ਇਤਰਾਜ਼ ਹੈ? 

ਅਨੁਰਾਗ ਸਿੰਘ ਜੀ , ਤੁਸੀਂ ਲਿਖਿਆ ਹੋ, “ਸਰਵਜੀਤ ਸਿੰਘ ਜੀ ਤੁਹਾਡੇ ਗਿਆਤ ਲਈ ਮੈਂ ਦੱਸ ਦੇਵਾਂ ਕਿ ਸੋਧੇ ਹੋਏ ਸੂਰਜੀ ਕੈਲੰਡਰ ਬਾਰੇ ਤੁਹਾਡੀ ਪੈਦਾਇਸ਼ ਤੋਂ ਪਹਿਲਾ ਦੀ ਜਾਣਕਾਰੀ ਰੱਖਦਾ ਹਾਂ”। ਆਪਣੇ ਹੁਣ ਵਾਲੇ ਲੇਖਾਂ ਵਿੱਚ ਵੀ ਤੁਸੀਂ 1995 ਵਾਲੀ ਮੀਟਿੰਗ ਦਾ ਜਿਕਰ ਕੀਤਾ ਹੈ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਤੁਸੀਂ ਪਿਛਲੇ ਦੋ ਦਹਾਕਿਆਂ ਤੋਂ ਸ. ਪਾਲ ਸਿੰਘ ਪੁਰੇਵਾਲ ਵੱਲੋਂ ਖਿੱਚੀ ਗਈ ਲਕੀਰ ਨੂੰ ਮਿਟਾਉਣ ਦਾ ਅਸਫਲ ਯਤਨ ਕਰ ਰਹੇ ਹੋ। ਕਿੰਨਾ ਚੰਗਾ ਹੁੰਦਾ ਜੇ ਤੁਸੀਂ ਪੁਰੇਵਾਲ ਵੱਲੋਂ ਖਿੱਚੀ ਲਕੀਰ ਤੋਂ ਲੰਮੀ ਲਕੀਰ ਖਿੱਚ ਦਿੰਦੇ। ਪੁਰੇਵਾਲ ਵਾਲੀ ਲਕੀਰ ਆਪਣੇ ਆਪ ਹੀ ਛੋਟੀ ਰਹਿ ਜਾਣੀ ਸੀ। ਮੈਂ ਅੱਜ ਤੋਂ ਦੋ ਸਾਲ
ਪਹਿਲਾ, ਤੁਹਾਡੇ ਇਕ ਲੇਖ ਦੇ ਜਵਾਬ ਵਿੱਚ ਵੀ ਲਿਖਿਆ ਸੀ, ਅੱਜ ਫੇਰ ਲਿਖ ਰਿਹਾ ਹਾਂ ਕਿ ਕਰੋ ਚੁਣੌਤੀ ਪ੍ਰਵਾਨ, ਜੇ ਤੁਹਾਡੇ ਵਿੱਚ ਸਮਰਥਾ ਹੈ ਤਾਂ ਬਣਾਓ ਕੌਮ ਲਈ ਕੈਲੰਡਰ, ਫੇਰ ਉਸ ਤੇ ਵਿਚਾਰ ਕਰਾਂਗੇ।
ਹਲਫ਼ੀਆ ਬਿਆਨ :- ਮੈਂ, ਸਰਵਜੀਤ ਸਿੰਘ ਸੈਕਰਾਮੈਂਟੋ, ਆਪਣੇ Computer  ਦੀ ਸੌਂਹ ਖਾ ਕੇ ਬਿਆਨ ਕਰਦਾ ਹਾਂ ਕਿ ਉਪ੍ਰੋਕਤ ਲਿਖਤ ਦਾ ਅੱਖਰ-ਅੱਖਰ ਮੈਂ ਖੁਦ ਟਾਈਪ ਕੀਤਾ ਹੈ।
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ

8/1/2018