ਤ੍ਰਿਯਾ ਚਰਿਤ੍ਰ ਦੀ ਨੂਪ ਕੁਅਰਿ
ਸਰਵਜੀਤ ਸਿੰਘ ਸੈਕਰਾਮੈਂਟੋ
ਪਿਛਲੇ ਸਾਲ ਦੇ ਆਖਰੀ ਦਿਨਾਂ (30 ਦਸੰਬਰ 2017) ਦੀ ਗੱਲ ਹੈ ਕਿ ਪੰਜਾਬੀ
ਯੂਨੀਵਰਸਿਟੀ ਦਾ ਇਕ ਵਿਦਵਾਨ, ਡਾ ਹਰਭਜਨ
ਸਿੰਘ, ਲੈਥਰੋਪ (ਕੈਲੀਫੋਰਨੀਆ) ਵਿਖੇ ਅਖੌਤੀ ਦਸਮ ਗ੍ਰੰਥ ਬਾਰੇ ਸੈਮੀਨਾਰ ਵਿੱਚ ਸ਼ਾਮਿਲ ਹੋਇਆ ਸੀ। ਭਾਸ਼ਨ ਵਿੱਚ ਉਹੀ ਪੁਰਾਣੀਆਂ ਗੱਲਾ। ਅੱਡੀਆਂ ਚੁੱਕ-ਚੁੱਕ ਕੇ ਬਾਂਹਾਂ
ਉਲਾਰ ਕੇ ਉੱਚੀ ਅਵਾਜ਼, ਅਖੇ ਗੁਰੂ
ਜੀ ਨੇ ਖੜਕ ਸਿੰਘ ਪੈਦਾ ਕਰਨਾ ਸੀ। ਹਰ ਵਾਰ ਇਹ ਵਿਦਵਾਨ, ਖੜਕ ਸਿੰਘ-ਖੜਕ ਸਿੰਘ ਹੀ ਕਰਦਾ ਰਹਿੰਦਾ
ਹੈ। ਪਰ ਜੋ ਲੱਗ-ਭੱਗ 600 ਪੰਨਿਆਂ ਵਿਚ
ਹੋਰ ਖੜਕਾ-ਦੜਕਾ ਹੈ ਉਸ ਦੀ ਕਦੇ ਗੱਲ ਨਹੀ ਕੀਤੀ। ਗੁਰੂ ਸਾਹਿਬ ਨੇ ਔਰਤ ਨੂੰ ਉੱਚਾ
ਚੱਕਣਾ ਸੀ, ਔਰਤ ਨੂੰ
ਬਰਾਬਰਤਾ ਦੇਣੀ ਸੀ। ਪਰ ਜਦੋਂ, ਇਕ ਜਾਗਰੂਕ ਬੀਬੀ
ਨੇ ਸਵਾਲ ਪੁੱਛਿਆ, ਤਾਂ ਵਿਦਵਾਨ ਜੀ ਦੀ ਵਿਦਵਤਾ ਉਬਾਲਾ ਮਾਰ ਗਈ।
ਡਾ ਹਰਭਜਨ ਸਿੰਘ ਨੇ ਆਪਣੀ ਕਿਤਾਬ, “ਸ਼੍ਰੀ
ਦਸਮ ਗ੍ਰੰਥ ਸਾਹਿਬ- ਕਰਤਾ ਸਬੰਧੀ ਵਿਵਾਦ ਦੀ ਪੁਨਰ ਸਮੀਖਿਆ” ਵਿੱਚ, ਅਖੌਤੀ ਦਸਮ ਗ੍ਰੰਥ
ਵਿੱਚ ਦਰਜ ਦੋ ਕਹਾਣੀਆਂ (ਛਜਿਯਾ ਅਤੇ ਨੂਪ ਕੌਰ)
ਨੂੰ ਗੁਰੂ ਜੀ ਦੀਆਂ ਆਪ ਬੀਤੀਆਂ ਸਾਬਿਤ ਕੀਤਾ ਹੈ। ਹੁਣ ਜਦੋਂ ਇਨ੍ਹਾਂ ਬੇਹੂਦਾ
ਕਹਾਣੀਆਂ ਸਬੰਧੀ ਸੰਗਤਾਂ ਵੱਲੋਂ ਸਵਾਲ ਪੁੱਛੇ ਜਾ ਰਹੇ ਹਨ, ਅਖੌਤੀ
ਗ੍ਰੰਥ ਦੇ ਸਮਰਥੱਕ ਅਖੌਤੀ ਵਿਦਵਾਨਾਂ ਦੀ ਅਲੋਚਨਾ ਹੋ ਰਹੀ ਹੈ, ਤਾਂ ਇਸ
ਦੇ ਕੁਝ ਹਮਾਇਤੀ ਡਾ ਹਰਭਜਨ ਸਿੰਘ ਨਾਲੋਂ ਨਾਤਾ ਤੋੜ ਰਹੇ ਹਨ। ਉਹ ਇਹ ਸਾਬਿਤ ਕਰਨ ਦੀ ਅਸਫਲ
ਕੋਸ਼ਿਸ਼ ਕਰ ਰਹੇ ਹਨ ਕਿ ਇਹ ਚਰਿਤ੍ਰ ਗੁਰੂ ਜੀ ਦੀ ਆਪ ਬੀਤੀ ਨਹੀਂ ਹੈ। ਪਰ ਹੈਰਾਨੀ ਦੀ ਗੱਲ ਹੈ ਕਿ
ਡਾ ਹਰਭਜਨ ਸਿੰਘ ਦੇ ਅਲੋਚਕ ਚਰਿਤ੍ਰ ਨੰ: 71 ਨੂੰ ਗੁਰੂ ਜੀ ਦੀ
ਆਪ ਬੀਤੀ ਮੰਨਦੇ ਹਨ। (ਚਰਿਤ੍ਰ ਨੰ 71 ਤੇ ਵੱਖਰੀ
ਵਿਚਾਰ ਕੀਤੀ ਜਾਵੇਗੀ) ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਣ ਵਾਲਿਆਂ
ਦੀ ਆਪਸੀ ਚੁੰਝ-ਚਰਚਾ ਬਹੁਤ ਨੀਵੇਂ ਪੱਧਰ ਤੇ ਪਹੁੰਚ
ਚੁੱਕੀ ਹੈ। ਖੈਰ... ਸਾਡਾ ਇਸ ਨਾਲ
ਸਿੱਧਾ ਸਬੰਧ ਨਹੀ ਹੈ। ਸਾਡਾ ਮਕਸਦ ਤਾਂ, ਕਈ ਸੱਜਣਾ
ਵੱਲੋਂ ਮੰਗ ਕਰਨ ਤੇ, ਵੱਖ-ਵੱਖ ਵਿਦਵਾਨਾਂ ਦੇ ਹਵਾਲੇ ਦੇ ਕੇ, ਇਨ੍ਹਾਂ ਕਹਾਣੀਆਂ ਦੀ ਅਸਲੀਅਤ ਸਾਹਮਣੇ ਲਿਆਉਣਾ ਹੈ। ਤਾਂ ਜੋ ਪਾਠਕ ਅਸਲੀਅਤ ਨੂੰ ਸਮਝ
ਕੇ, ਖ਼ੁਦ ਫੈਸਲਾ ਕਰ ਸਕਣ।
ਆਓ, ਪਹਿਲਾ ਇਹ
ਵੇਖੀਏ ਕਿ ਅਨੰਦਪੁਰ ਕਿਹੜਾ ਹੈ ਅਤੇ ਉਸ ਦਾ ਰਾਜਾ ਕੌਣ ਹੈ?
ਅਖੌਤੀ ਦਸਮ ਗ੍ਰੰਥ ਵਿਚ ਅਨੰਦਪੁਰ ਅਤੇ ਉਸ ਦੇ ਰਾਜੇ ਦਾ
ਹਵਾਲਾ ਕਈ ਥਾਈਂ ਮਿਲਦਾ ਹੈ। ਇਹ ਅਨੰਦਪੁਰ ਕਹਿਲੂਰ ਰਿਆਸਤ ਵਿੱਚ, ਸਤਲੁਜ
ਦਰਿਆ ਦੇ ਕੰਢੇ, ਨੈਣਾ ਦੇਵੀ ਪਰਬਤ ਦੇ ਨੇੜੇ ਹੈ।
ਤੀਰ ਸਤੁੱਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਂਉ॥ ਨੇਤ੍ਰ
ਤੁੰਗ ਕੇ ਢਿਗ ਬਸਤ ਕਾਹਲੂਰ ਕੇ ਠਾਉ॥
ਤਾਂ ਆਓ ਹੁਣ ਇਹ ਦੇਖੀਏ ਕਿ ਇਸ ਅਨੰਦਪੁਰ ਨੂੰ ਵਸਾਇਆ ਕਿਸ
ਨੇ ਸੀ। ਦਸਮ ਗ੍ਰੰਥ ਵਿੱਚ ਦਰਜ ਬਚਿਤ੍ਰ ਨਾਟਕ, ਜੋ ਇਸ ਦਾ ਅਸਲ ਨਾਮ ਹੈ ਅਤੇ ਜਿਸ ਨੂੰ
ਬਿਨਾ ਪੜ੍ਹੇ ਹੀ ਬਹੁਤਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਮੰਨ ਲਿਆ ਹੈ, ਉਸ ਦੇ ਅੱਠਵੇਂ ਅਧਿਆਇ ਵਿੱਚ ਇਹ ਦਰਜ ਹੈ।
ਇਸ ਅਧਿਆਇ ਦੇ ਅੰਤ ਵਿੱਚ ਜੋ ਲਿਖਿਆ ਹੋਇਆ ਹੈ ਉਸ ਦੇ ਵੀ ਦਰਸ਼ਨ
ਕਰੋ ਜੀ। ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਜ ਸਾਜ ਕਥਨ ਭੰਗਾਣੀ ਜੁਧ ਬਰਨਨੰ ਨਾਮ ਅਸਟਮੋ ਧਿਆਇ
ਸਮਾਪਤੰ ਸਤੁ ਸੁਭਮ ਸੁਤ॥ 8॥ ਅਫਜੂ ॥ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਅਨੰਦਪੁਰ ਅੱਜ ਵਾਲਾ
ਅਨੰਦਪੁਰ ਹੀ ਹੈ ਜਿਸ ਨੂੰ ਬਚਿਤ੍ਰ ਨਾਟਕ ਦਾ ਕਰਤਾ ਖ਼ੁਦ ਕਹਿ ਰਿਹਾ ਹੈ ਕਿ ਇਸ ਅਨੰਦਪੁਰ ਨੂੰ ਮੈਂ
ਹੀ ਵਸਾਇਆ ਸੀ।
ਡਾ. ਹਰਭਜਨ ਸਿੰਘ ਦੇ ਬਚਨ, “ਇਸ ਕਥਾ ਵਿੱਚ ਸਥਾਨ ਦੇ ਨਾਮ ਅਤੇ ਉਸ ਦੀ ਸਥਿਤੀ ਦਾ ਵਰਣਨ
ਕਰਦਿਆਂ ਲਿਖਿਆ ਹੈ। “ਤੀਰ ਸਤੁਦ੍ਰਵ ਕੇ ਹੁਤੋ ਪੁਰ ਅਨੰਦ ਇੱਕ ਗਾਉ। ਨੇਤ੍ਰ
ਤੁੰਗ ਕੇ ਢਿਗ ਬਸਤ ਕਹਲੂਰ ਕੇ ਠਾਉ”। ਅਰਥਾਤ ਸਤਲੁਜ ਨਦੀ ਦੇ ਕਿਨਾਰੇ ਆਨੰਦ ਪੁਰ ਨਾਮ ਦਾ ਇੱਕ
ਪਿੰਡ ਸੀ, ਜੋ ਕਹਿਲੂਰ ਰਿਆਸਤ ਦੇ ਖੇਤਰ
ਵਿੱਚ ਨੈਣਾਂ ਦੇਵੀ ਦੇ ਨੇੜੇ ਸੀ। ਇਹ
ਉਲੇਖ ਇਤਨਾ ਸਪਸ਼ਟ ਹੈ, ਜੋ ਸੰਦੇਹ ਨਹੀਂ ਰਹਿਣ ਦੇਂਦਾ
ਕਿ ਕਥਾ ਵਿੱਚ ਵਰਣਿਤ ‘ਆਨੰਦਪੁਰ’ ਖ਼ਾਲਸੇ ਦੀ ਜਨਮ-ਭੂਮੀ ਤੋਂ ਭਿੰਨ
ਕੋਈ ਹੋਰ ਦੂਜਾ ‘ਆਨੰਦਪੁਰ’ ਬਿਲਕੁਲ ਨਹੀਂ। ਗੁਰੂ ਤੇਗ਼ ਬਹਾਦੁਰ ਜੀ ਦੇ ਵਸਾਉਣ ਤੋਂ ਪਹਿਲਾਂ ਇਸ
ਦਾ ਪੁਰਾਤਨ ਨਾਮ ‘ਮਾਖੋਵਾਲ’ ਸੀ। ਸੋ ਇਹ ਵੀ ਸਪਸ਼ਟ ਹੋ ਗਿਆ ਕਿ ਘਟਨਾ ਗੁਰੂ ਤੇਗ਼ ਬਹਾਦਰ ਜੀ ਦੇ
ਆਨੰਦਪੁਰ ਵਸਾਉਣ ਤੋਂ ਪਿਛੇ ਨਹੀਂ ਜਾ ਸਕਦੀ, ਕਿਉਂਕਿ ਨੌਵੇਂ ਗੁਰੂ ਜੀ
ਤੋਂ ਪਹਿਲਾਂ ਆਨੰਦਪੁਰ ਨਾਮ ਦੀ ਅਣਹੋਂਦ ਸੀ। ਇਸ ਕਥਾ ਦੇ ਕਾਲ ਨੂੰ 1696 ਈ. ਵਿੱਚ ਚਰਿਤ੍ਰ ਕਥਾਵਾਂ ਦੀ
ਸੰਪੂਰਨਤਾ ਤੋਂ ਬਾਅਦ ਵੀ ਨਹੀਂ ਮੰਨਿਆ ਜਾ ਸਕਦਾ। ਸੋ ਇਹ ਸਥਿਤੀ ਇਸ ਕਥਾ ਦਾ ਕਾਲ ਨੌਵੇਂ ਅਤੇ
ਦਸਵੇਂ ਪਾਤਸ਼ਾਹ ਤਕ ਸੀਮਿਤ ਕਰ ਦੇਂਦੀ ਹੈ। ਇਸ ਤੋਂ ਸਪਸ਼ਟ ਹੈ ਕਿ ਘਟਨਾ ਉਸ ਵੇਲੇ ਦੀ ਹੈ,
ਜਦੋਂ ਆਨੰਦਪੁਰ ਸਿੱਖ ਪੰਥ ਦਾ ਕੇਂਦਰ ਸੀ। ਇਸ ਉਲੇਖ ਤੋਂ ਸਿੱਧ ਹੈ ਕਿ ਇਹ ਸਮਾਂ
ਨੌਵੇਂ ਅਤੇ ਦਸਵੇਂ ਪਾਤਸ਼ਾਹ ਦੇ ਆਨੰਦਪੁਰ ਨਿਵਾਸ ਤੋਂ ਇਧਰ-ਉਧਰ ਨਹੀਂ ਕੀਤਾ ਜਾ ਸਕਦਾ”। (ਪੰਨਾ 279)
ਹੁਣ ਜਦੋਂ ਇਸ ਗੱਲ ਦੀ
ਤਸਦੀਕ ਡਾ ਹਰਭਜਨ ਸਿੰਘ ਨੇ ਵੀ ਕਰ ਦਿੱਤੀ ਹੈ ਕਿ, ਇਹ
ਕਹਿਲੂਰ ਰਿਆਸਤ ਵਿਚ, ਨੈਣਾ ਦੇਵੀ ਪਰਬਤ ਦੇ ਨੇੜੇ, ਸਤਲੁਜ ਦਰਿਆ ਦੇ ਕੰਢੇ, ਉਹੀ ਅਨੰਦਪੁਰ ਹੈ ਜੋ ਗੁਰੂ ਜੀ ਨੇ
ਆਪ ਵਸਾਇਆ ਸੀ। ਹੁਣ ਅਗਲਾ ਸਵਾਲ ਹੈ ਕਿ ਨੂਪ ਕੌਰ ( ਨੂਪ ਕੁਅਰਿ) ਵਾਲੀ ਕਹਾਣੀ ਦਾ ਅਸਲ ਪਾਤਰ
ਰਾਜਾ, ਕੌਣ ਹੈ? ਆਓ ਇਸ ਸਵਾਲ ਦਾ ਜਵਾਬ ਵੀ ਸਬੰਧਿਤ
ਚਰਿਤ੍ਰਾਂ ਵਿੱਚੋਂ ਹੀ ਲੱਭੀਏ ਕਿ ਰਾਜਾ ਕੌਣ ਹੈ?
ਤੀਰ ਸਤੁਦ੍ਰਵ ਕੇ ਹੁਤੋ ਰਹਤ ਰਾਇ ਸੁਖ ਪਾਇ॥ ਦਰਬ ਹੇਤ ਤਿਹ ਠੌਰ ਹੀ ਰਾਮਜਨੀ ਇਕ
ਆਇ॥ 1॥
ਦਿਸਨ ਦਿਸਨ ਕੇ ਲੋਗ ਤਿਹਾਰੇ ਆਵਹੀ। ਮਨ ਬਾਛਤ ਜੋ ਬਾਤ ਉਹੈ ਬਰ ਪਾਵਹੀ।
ਖਵਨ ਅਵਗੑਯਾ ਮੋਰਿ ਨ ਤੁਮ ਕਹ ਪਾਇਯੈ। ਹੋ ਦਾਸਨ ਦਾਸੀ ਹ੍ਵੈ ਹੌ ਸੇਜ ਸੁਹਾਇਯੈ। 28।(ਚਰਿਤ੍ਰ 16)
ਦਿਸਨ ਦਿਸਨ ਕੇ ਲੋਗ ਤਿਹਾਰੇ ਆਵਹੀ। ਮਨ ਬਾਛਤ ਜੋ ਬਾਤ ਉਹੈ ਬਰ ਪਾਵਹੀ।
ਖਵਨ ਅਵਗੑਯਾ ਮੋਰਿ ਨ ਤੁਮ ਕਹ ਪਾਇਯੈ। ਹੋ ਦਾਸਨ ਦਾਸੀ ਹ੍ਵੈ ਹੌ ਸੇਜ ਸੁਹਾਇਯੈ। 28।(ਚਰਿਤ੍ਰ 16)
ਛਜਿਯਾ ਰਾਜੇ ਨੂੰ ਕਹਿ ਰਹੀ ਹੈ ਕਿ ਹਰ ਦਿਸ਼ਾ ਤੋਂ ਲੋਕ
ਆਉਂਦੇ ਹਨ ਅਤੇ ਇੱਛਾ ਪੂਰਤੀ ਦਾ ਵਰ ਮੰਗਦੇ ਹਨ। ਮੇਰੇ ਤੋਂ ਕੀ ਖੁਨਾਮੀ ਹੋਈ ਹੈ ਜੋ ਤੁਸੀਂ ਮੇਰੀ
ਇੱਛਾ ਪੂਰੀ ਨਹੀਂ ਕਰਦੇ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਅਨੰਦਪੁਰ ਵਿੱਚ ਅਜੇਹਾ ਕਿਹੜਾ ਰਾਜਾ ਸੀ
ਜਿਸ ਤੋਂ ਲੋਕੀ ਆ ਕੇ ਵਰ ਮੰਗਦੇ ਸਨ?
ਆਓ ਹੁਣ ਨੂਪ ਕੌਰ ਵਾਲੀ ਕਹਾਣੀ (ਚਰਿਤ੍ਰ 21) ਵਿੱਚੋਂ ਹੀ
ਅਨੰਦਪੁਰ ਦੇ ਰਾਜੇ ਦੀ ਪੈੜ ਕੱਢੀਏ।
ਤਹਾ ਸਿਖ ਸਾਖਾ ਬੁਹਤ ਆਵਤ ਮੋਦ ਬਢਾਇ। ਮਨ ਬਾਛਤ ਮੁਖਿ
ਮਾਗ ਬਰ ਜਾਤ ਗ੍ਰਿਹਨ ਸੁਖ ਪਾਇ॥ 4॥
ਉਥੇ ਸਿੱਖ ਫ਼ਿਰਕੇ ਦੇ ਬਹੁਤ ਲੋਕ ਖੁਸ਼ੀ-ਖੁਸ਼ੀ ਆਉਂਦੇ ਅਤੇ
ਮੂੰਹੋਂ ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤ ਜਾਂਦੇ। ਇਥੇ ਫਿਰ ਓਹੀ ਸਵਾਲ ਪੈਦਾ ਹੁੰਦਾ ਹੈ
ਕਿ ਅਨੰਦਪੁਰ ਵਿਚ ਅਜੇਹਾ ਕਿਹੜਾ ਰਾਜਾ ਸੀ ਜਿਸ ਤੋਂ ਲੋਕੀ ਆ ਕੇ ਵਰ ਮੰਗਦੇ ਸਨ? ਜਾਂ
ਅਨੰਦਪੁਰ ਵਿਚ ਉਹ ਕਿਹੜਾ ਰਾਜਾ ਸੀ ਜਿਸ ਦੀ ਪੂਜਾ ਹੁੰਦੀ ਸੀ?
ਬਹੁਰਿ ਸਭਨ ਮੈ ਬੈਠਿ ਆਪੁ ਕੋ ਪੂਜ ਕਹਾਊ॥ ਹੋ ਰਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ ਪਾਊ॥32॥
ਰਾਜੇ ਵੱਲੋਂ ਇਹ ਕਹਿਣ ਤੇ ਕਿ ਮੈਂ ਹੁਣ ਸਾਰਿਆਂ ਵਿੱਚ
ਪੂਜਣ ਯੋਗ ਹਾਂ। ਤੇਰੇ ਨਾਲ ਕਾਮ-ਕ੍ਰੀੜਾ ਕਰਕੇ ਮੈਂ ਨੀਵੀਂ ਕੁਲ ਵਿੱਚ
ਜਨਮ ਪਾਵਾਂਗਾ। ਇਹ ਸੁਣ ਕੇ ਨੂਪ ਕੌਰ ਨੇ ਕਿਹਾ, ਜਨਮ ਦੀ ਕੀ ਗੱਲ ਹੈ ਇਹ ਜਨਮ ਤਾਂ
ਤੁਹਾਡੇ ਹੀ ਬਣਾਏ ਹੋਏ ਹਨ। ਤਾਂ ਰਾਜੇ ਨੇ ਕਿਹਾ, ਜੋ ਵੀ ਇਸਤਰੀ ਮੈਨੂੰ
ਪੂਜਣ ਯੋਗ ਸਮਝ ਕੇ ਮੇਰੇ ਪਾਸ ਆਉਂਦੀ ਹੈ ਉਹ ਤਾਂ ਮੇਰੀ ਧੀ ਦੇ ਸਮਾਨ ਹੁੰਦੀ ਹੈ। ਹੁਣ ਰਾਜਾ ਨੂਪ ਕੌਰ ਨੂੰ ਉਹ ਉਪਦੇਸ ਦਿੰਦਾ ਹੈ, ਜਿਹੜੀਆਂ ਪੰਗਤੀਆਂ ਅਕਸਰ ਹੀ ਅਨੰਦ
ਕਾਰਜ ਵੇਲੇ ਸਟੇਜ ਤੋਂ ਅੱਡੀਆਂ ਚੁੱਕ-ਚੁੱਕ ਕੇ ਸਾਨੂੰ ਸੁਣਾਈਆਂ ਜਾਂਦੀਆਂ ਹਨ।
ਸੁਧਿ ਜਬ ਤੇ ਹਮ ਧਰੀ
ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।51।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।51।
ਰਾਜੇ ਨੇ ਉਸ ਔਰਤ ਨੂੰ
ਕਿਹਾ ਕਿ ਹੇ ਬਾਲਾ! ਸਾਡੇ ਕੋਲ ਤਾਂ ਦੇਸ ਦੇਸਾਂਤਰਾਂ ਤੋਂ ਨਾਰੀਆਂ ਆਉਂਦੀਆਂ ਹਨ, ਮਨ ਦੀਆਂ ਮੁਰਾਦਾਂ ਪੂਰੀਆਂ ਕਰਦੀਆਂ
ਹਨ। ਗੁਰੂ ਮੰਨਦੀਆਂ ਹੋਈਆਂ ਸੀਸ ਝੁਕਾਉਂਦੀਆਂ ਹਨ। ਮੈਂ
ਸਿੱਖਾਂ ਨੂੰ ਆਪਣੇ ਪੁੱਤਰ ਅਤੇ ਇਸਤਰੀਆਂ ਨੂੰ ਆਪਣੀਆਂ ਧੀਆਂ ਸਮਝਦਾ ਹਾਂ। ਮੈਂ ਉਨ੍ਹਾਂ ਨਾਲ ਗਵਨ
ਕਿਵੇਂ ਕਰ ਸਕਦਾ ਹਾਂ? ਵਾਰ-ਵਾਰ
ਇਕ ਹੀ ਸਵਾਲ ਸਾਹਮਣੇ ਆ ਰਿਹਾ ਹੈ ਕਿ ਅਨੰਦਪੁਰ ਵਿਚ ਅਜੇਹਾ ਕਿਹੜਾ ਰਾਜਾ ਸੀ ਜਿਸ ਅੱਗੇ ਲੋਕੀ
ਸੀਸ ਝੁਕਾਉਂਦੇ ਸਨ ਅਤੇ ਮੁੰਹੋਂ ਮੰਗੀਆਂ ਮੁਰਾਦਾਂ ਪਾਉਂਦੇ ਸਨ?
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ॥ ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਹਿ॥
ਸਿਖੑਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ॥ ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ॥54॥
ਸਿਖੑਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ॥ ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ॥54॥
ਜਦੋਂ ਮੈਂ ਇਹ ਸਵਾਲ ਪਿਆਰਾ ਸਿੰਘ ਪਦਮ ਨੂੰ ਪੁੱਛਿਆ ਤਾਂ
ਉਸ ਦਾ ਜਵਾਬ ਸੀ, “ਕੀ ਕੋਈ ਅਨੰਦਪੁਰ ਵਿਚ ਇਸ ਸਮੇਂ ਦਸਮੇਸ਼ ਜੀ ਤੋਂ ਸਿਵਾ ਹੋਰ
ਵੀ ਅਜੇਹੀ ਪ੍ਰਸਿੱਧ ਹਸਤੀ ਸੀ ਜਿਸ ਪਾਸ ਇਉਂ ਦੇਸਾਂ ਤੋਂ ਭੇਟਾ ਚੜ੍ਹਦੀਆਂ ਤੇ ਸ਼ਰਧਾਲੂ ਸੁੰਦਰੀਆਂ
ਦਰਸ਼ਨਾਂ ਲਈ ਆਉਂਦੀਆਂ ਸਨ? ਇਸ ਦਾ ਜਵਾਬ ਹੈ,
ਨਹੀਂ।” (ਦਸਮ ਗ੍ਰੰਥ ਦਰਸ਼ਨ, ਪੰਨਾ 44)
ਡਾ. ਹਰਭਜਨ ਸਿੰਘ ਜੀ ਵੀ
ਪਿਆਰਾ ਸਿੰਘ ਪਦਮ ਦੇ ਨਾਲ ਸਹਿਮਤੀ ਪ੍ਰਗਟ ਕਰਦਿਆਂ ਲਿਖਦੇ ਹਨ, “ਦਸਮ ਗ੍ਰੰਥ
ਦੇ ਪਾਠ ਤੋਂ ਸਿੱਧ ਹੁੰਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ-ਪੁਰੁਖ ਨੂੰ ਵਾਰ-ਵਾਰ
ਭਗਉਤੀ ਕਿਹਾ ਹੈ। ਗੁਰੂ ਕਾਲ ਵਿੱਚ ਆਨੰਦਪੁਰ ਰਹਿਣ ਵਾਲਾ ਅਕਾਲ-ਪੁਰੁਖ ਦੇ ਇਸ ਨਾਮ ਦਾ ਉਪਾਸ਼ਕ
ਰਾਜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹੋ ਸਕਦੇ ਹਨ ਅਤੇ ਕਥਾ ਉਨ੍ਹਾਂ ਨਾਲ ਹੀ ਸੰਬੰਧਿਤ ਹੋ
ਸਕਦੀ ਹੈ।... ਗੁਰੂ-ਕਾਲ ਵਿੱਚ ਆਨੰਦਪੁਰ ਸਾਹਿਬ ਵਿਖੇ ਪੂਜਯ ਵਿਅਕਤੀ ਕੇਵਲ ਗੁਰੂ ਮਹਾਰਾਜ ਸਨ, ਕੋਈ ਹੋਰ ਰਾਜਾ ਨਹੀਂ।... ਇਹ
ਪੜ੍ਹ ਕੇ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਇਸ ਕਥਾ ਦਾ ਨਾਇਕ ‘ਰਾਏ’ ਸ਼੍ਰੀ ਗੁਰੂ ਗੋਬਿੰਦ ਸਿੰਘ
ਜੀ ਤੋਂ ਭਿੰਨ ਵਿਅਕਤੀ ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦਾ”।
ਡਾ ਗੁਰਮੁਖ ਸਿੰਘ ਜੀ ਦੀ ਇਨ੍ਹਾਂ ਦੋਵਾਂ ਚਰਿਤ੍ਰਾਂ (ਛਜਿਯਾ
ਅਤੇ ਨੂਪ ਕੌਰ) ਅਤੇ ਅਨੰਦਪੁਰ ਬਾਰੇ ਰਾਏ, “ਇਹਨਾਂ ਦੋਵਾਂ ਕਥਾਵਾਂ ਤੋਂ ਇਹ ਨਿਸ਼ਕਰਸ਼ ਨਿਕਲਦਾ ਹੈ ਕਿ ਇਹ
ਕਿਸੇ ਹੋਰ ਰਾਜੇ ਦੀ ਕਥਾ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੀ ਹੀ ਕਥਾ
ਹੈ। ਅਨੰਦਪੁਰ
ਕੋਈ ਪੁਰਾਣਾ ਕਸਬਾ ਨਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਤੋਂ ਹੀ ਇਸ ਦਾ ਨਾਉਂ ਅਨੰਦਪੁਰ ਪਿਆ ਹੈ। ਕਿਸੇ ਹੋਰ ਰਾਜੇ ਦੇ ਹੋਣ ਦਾ ਸਵਾਲ ਹੀ ਪੈਦਾ
ਨਹੀਂ ਹੁੰਦਾ। ਉਂਜ ਇਸ
ਨਾਲ ਸਾਰੇ ਸਹਿਮਤ ਹਨ”। (ਦਸਮ
ਗ੍ਰੰਥ ਦੀ ਵਿਚਾਰ, ਪੰਨਾ
187)
ਗੁਰਦਵਾਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ
ਪ੍ਰਬੰਧਕਾਂ ਵੱਲੋਂ 10 ਨਵੰਬਰ 2006 ਨੂੰ ਇਕ ਸੈਮੀਨਾਰ
ਕਰਾਇਆ ਗਿਆ ਸੀ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਗਿਆਨੀ ਗੁਰਬਚਨ ਸਿੰਘ ਜੀ ਨੇ ਆਪਣਾ ਖੋਜ ਪੱਤਰ
ਪੜ੍ਹਦਿਆਂ ਕਿਹਾ ਸੀ, “ਦਸਮ ਗ੍ਰੰਥ ਦੀ ਪ੍ਰਮਾਣਿਕਤਾ ਬਾਰੇ ਕੁਝ ਪੜ੍ਹਨਾ ਹੋਵੇ, ਤੇ ਪਿਆਰਾ ਸਿੰਘ
ਪਦਮ ਨੇ ਵੀ ਬਹੁਤ ਸੁੰਦਰ ਬਚਨ ਲਿਖੇ ਨੇ, ਉਹ ਆਪ ਸਾਰੇ ਪੜ੍ਹ ਸਕਦੇ ਹੋ”।
ਆਓ ਆਪਾ ਗਿਆਨੀ ਗੁਰਬਚਨ ਸਿੰਘ ਜੀ ਦੇ ਕਹੇ ਮੁਤਾਬਕ, ਪਿਆਰਾ ਸਿੰਘ ਪਦਮ ਦੇ ਸੁੰਦਰ
ਬਚਨ ਵੀ ਪੜ੍ਹ ਲਈਏ, "ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀ,
ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿੱਚ ਕਿਤੇ-ਕਿਤੇ ਮਰਦਾਂ ਦੀ ਚਤੁਰਾਈ ਤੇ
ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ
ਹੋ ਕੇ ਨਿਕਲ ਜਾਣਾ ਸਿਆਣੇ ਪੁਰਸ਼ਾਂ ਦਾ ਕੰਮ ਹੈ। ਗੁਰੂ ਸਾਹਿਬ ਨੇ ਕੁਝ ਆਪ-ਬੀਤੀਆਂ ਵੀ ਦਰਜ
ਕੀਤੀਆਂ ਹਨ ਜੋ ਕਿ ਥਾਂ-ਥਾਂ ਆਏ ਹਵਾਲਿਆਂ ਤੋਂ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ
ਚਲਿਤਰ ਹਨ, ਜਿਵੇਂ 16, 21, 22, 23, ਆਦਿ। 15
ਨੰਬਰ ਕੀਰਤਪੁਰ ਦਾ ਹੈ।
ਜਿਸ ਸਮੇਂ ਸਤਿਗੁਰੂ ਪਾਉਂਟੇ ਸਾਹਿਬ
ਤੋਂ ਵਾਪਸ ਮੁੜਦੇ ਕਪਾਲ ਮੋਚਨ ਤੀਰਥ ਤੇ ਆਏ ਤਾਂ ਖਿਆਲ ਆਇਆ ਕਿ ਆਪਣੇ ਸਿੱਖਾਂ ਨੂੰ ਸਿਰੋਪਾਉ
ਵਜੋਂ ਪੱਗਾਂ ਦਿੱਤੀਆਂ ਜਾਣ ਪਰੰਤੂ ਪੱਗਾਂ ਕਿਤੋਂ ਮਿਲੀਆਂ ਨਹੀਂ, ਕੁਝ
ਸਿੱਖਾਂ ਨੂੰ ਪਾਉਂਟੇ ਤੇ ਬੂੜੀਏ ਵੀ ਭੇਜਿਆ ਗਿਆ ਪਰ ਇਤਨੀ ਮਲਮਲ ਉਥੋਂ ਨਾ ਮਿਲੀ ਅਖੀਰ ਫੈਸਲਾ
ਕੀਤਾ ਕਿ ਇਸ ਪਵਿੱਤਰ ਤੀਰਥ ਲਾਗੇ ਜੋ ਪਿਸ਼ਾਬ ਕਰਦਾ ਹੋਵੇ ਉਸਨੂੰ ਫੜ ਲਓ ਤੇ ਉਸਦੀ ਪੱਗ ਲਾਹ ਲਓ,
ਅਜੇਹਾ ਕਰਨ ਤੇ ਉਸ ਨੂੰ ਨਸੀਹਤ ਮਿਲੇਗੀ ਕਿ ਧਰਮ ਅਸਥਾਨ ਤੇ ਗੰਦ ਖਿਲਾਰਨੋਂ
ਪ੍ਰਹੇਜ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਿਪਾਹੀਆਂ ਨੂੰ ਇਹ ਹੁਕਮ ਮਿਲਣ ਦੀ ਦੇਰ ਸੀ ਕਿ
ਥੋੜੇ ਸਮੇਂ ਵਿਚ ਹੀ ਅੱਠ ਸੌ ਪੱਗਾਂ ਇਕੱਠੀਆਂ ਕਰ ਲਈਆਂ ਤੇ ਉਥੇ ਹੀ ਧੁਆ ਲਈਆਂ ਗਈਆਂ। ਇਸ
ਤਰ੍ਹਾਂ ਉਨ੍ਹਾਂ ਉੱਜਲ ਦਸਤਾਰਾਂ ਦੇ, ਆਏ ਸਿਖਾਂ ਪ੍ਰੇਮੀਆਂ ਨੂੰ ਵੰਡ
ਕੇ ਸਿਰੋਪਾਉ ਦਿੱਤੇ ਗਏ। ਇਹ ਘਟਨਾ ਗੁਰੂ ਸਾਹਿਬ ਨੇ 'ਪੁਰਖ ਚਰਿਤਰ'
ਦੇ ਰੂਪ ਵਿਚ 71 ਨੰਬਰ ਤੇ ਦਰਜ ਕੀਤੀ ਹੈ”। (ਦਸਮ ਗ੍ਰੰਥ ਦਰਸ਼ਨ ਪੰਨਾ
125)
ਪਿਆਰਾ ਸਿੰਘ ਪਦਮ ਦੇ
ਸੁੰਦਰ ਬਚਨਾਂ ਮੁਤਾਬਕ ਤਾਂ ਚਾਰ ਚਰਿਤ੍ਰ (15,16,21-23 ਅਤੇ 71) ਗੁਰੂ ਜੀ ਦੀਆਂ
ਆਪ ਬੀਤੀਆਂ ਹਨ। ਗਿਆਨੀ ਗੁਰਬਚਨ ਸਿੰਘ ਨੇ ਪਿਆਰਾ ਸਿੰਘ ਪਦਮ ਦੀ ਇਸ ਲਿਖਤ
ਨੂੰ “ਸੁੰਦਰ ਬਚਨ” ਕਹਿ ਕੇ ਇਸ ਨੂੰ ਮਾਨਤਾ ਦਿੱਤੀ ਹੈ। ਇਸ ਕਿਤਾਬ ਦਾ ਮੁੱਖ
ਬੰਦ ਗੁਰਬਚਨ ਸਿੰਘ ਤਾਲਿਬ ਨੇ ਲਿਖਿਆ ਹੈ। ਡਾ ਬਲਬੀਰ ਸਿੰਘ ਦੇ
ਪ੍ਰਸੰਸਾ ਪੱਤਰ ਤੋਂ ਇਲਾਵਾ, ਪੰਚਾਂ ਦੀ ਰਾਏ ਹੇਠ ਸਿੰਘ ਸਾਹਿਬ
ਗਿਆਨੀ ਕ੍ਰਿਪਾਲ ਸਿੰਘ, ਜੱਥੇਦਾਰ ਸੰਤਾਂ ਸਿੰਘ, ਡਾ ਖੁਸ਼ਦੇਵਾ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ
ਪ੍ਰਿੰ ਸਤਬੀਰ ਸਿੰਘ ਨੇ ਵੀ ਪਿਆਰਾ ਸਿੰਘ ਪਦਮ ਦੀ ਪ੍ਰੋੜਤਾ ਕੀਤੀ ਹੈ।
ਇਸੇ
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ: ਜੋਧ ਸਿੰਘ ਨੇ ਕਿਹਾ, “ਇਹੋ ਹੀ ਗੱਲ ਇਧਰ ਚਰਿਤ੍ਰੋ ਪਾਖਿਆਨਾ ਵਿਚ ਵੀ ਹੈ, ਔਰਤਾਂ ਦੀਆਂ ਕਹਾਣੀਆਂ ਨੇ, ਇਹ ਬਿਲਕੁਲ ਗਲਤ ਹੈ। ਸਾਰੀਆਂ ਇਸਤਰੀਆਂ ਦੀਆਂ ਕਹਾਣੀਆਂ
ਨਹੀ, ਸਗੋਂ ਘੱਟੋ-ਘੱਟੋ 20 ਕਹਾਣੀਆਂ ਮਰਦਾਂ ਦੇ ਨਾਲ ਵੀ ਸਬੰਧਿਤ ਹਨ ਕਿ ਇਹ ਵੀ ਧੂੜ
ਧੋਂਦੇ ਜੇ ਬਹੁਤ। ਇਹ ਵੀ ਮਾੜੇ ਹੁੰਦੇ ਜੇ ਕਈ। ਸਾਰੇ ਹੀ ਨਾ ਚੰਗੇ ਹੁੰਦੇ ਨਾ ਮਾੜੇ ਹੁੰਦੇ ਲੇਕਿਨ ਜਿਹੜੇ
ਮਾੜੇ ਵਿਅਕਤੀ ਨੇ, ਮਾੜੇ ਚਰਿਤ੍ਰ ਨੇ ਉਹਨਾਂ ਤੋਂ
ਬਚਣ ਦੀ ਹਦਾਇਤ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਉਹ ਥਾਂ-ਥਾਂ ਤੇ ਸਾਨੂੰ ਉਪਦੇਸ਼ ਵੀ ਦਿੱਤੇ ਹਨ।
“ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ...ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ”।
“ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ...ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ”।
ਡਾ ਹਰਭਜਨ ਸਿੰਘ ਆਪਣੀ ਕਿਤਾਬ “ਸ਼੍ਰੀ ਦਸਮ ਗ੍ਰੰਥ
ਸਾਹਿਬ-ਕਰਤਾ ਸਬੰਧੀ ਵਿਵਾਦ ਦੀ ਪੁਨਰ ਸਮੀਖਿਆ” ਵਿੱਚ ਲਿਖਦੇ ਹਨ, “ਇੱਕੀਵੇਂ
ਚਰਿਤ੍ਰ ਦਾ ਕਥਾਨਕ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਸਬੰਧਿਤ ਹੈ। ਇਸ ਦੀ ਕਥਾ ਛਜਿਆ ਵਾਲੇ
ਚਰਿਤ੍ਰ ਨਾਲ ਹੀ ਮਿਲਦੀ ਹੈ। ਇਸ ਕਥਾ ਦੇ ਸਤਾਈਵੇਂ ਪਦ
ਵਿੱਚ ਉਸ ਧਨਵਾਨ ਇਸਤ੍ਰੀ ਦਾ ਨਾਮ ਨੂਪ ਕੌਰ (ਜਾਂ ਅਨੂਪ ਕੌਰ) ਦਿੱਤਾ ਹੈ, ਜੋ ਗੁਰੂ
ਜੀ ਉਤੇ ਮੋਹਿਤ ਹੋ ਜਾਂਦੀ ਹੈ ਉਹ ਇਸਤ੍ਰੀ ਗੁਰੂ ਜੀ ਦੇ ਇਕ ਸੇਵਕ ਨੂੰ ਧੰਨ ਦਾ ਲੋਭ ਦੇ ਕੇ ਗੁਰੂ
ਜੀ ਕੋਲ ਇਹ ਸੰਦੇਸ਼ ਪਹੁੰਚਾਉਂਦੀ ਹੈ ਕਿ ਉਸ ਕੋਲ ਅਜਿਹਾ ਮੰਤ੍ਰ ਹੈ, ਜੋ
ਮੰਤ੍ਰ ਗੁਰੂ ਜੀ ਸਿੱਖਣਾ ਚਾਹੁੰਦੇ ਹਨ। ਗੁਰੂ ਜੀ ਉਸ ਕੋਲ ਜਾਂਦੇ ਹਨ। ਅਨੂਪ ਕੌਰ, ਫੁਲ, ਪਾਨ ਅਤੇ ਸ਼ਰਾਬ ਦਾ ਪ੍ਰਬੰਧ ਕਰਦੀ ਹੈ। ਚੇਤੇ ਰਹੇ ਅਜਿਹੀ ਹੀ ਸਮਗਰੀ
ਛਜਿਆ ਨੇ ਮੰਗਵਾਈ ਸੀ”। (ਪਹਿਲੀ ਛਾਪ,ਪੰਨਾ 108)
“ਇਹ ਪੜ੍ਹ ਕੇ ਬਿਲਕੁਲ ਸਪਸ਼ਟ ਹੋ
ਜਾਂਦਾ ਹੈ ਕਿ ਇਸ ਕਥਾ ਦਾ ਨਾਇਕ ‘ਰਾਏ’ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਤੋਂ ਭਿੰਨ ਵਿਅਕਤੀ ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦਾ” (ਦੂਜੀ ਛਾਪ, ਪੰਨਾ 208) ਪਹਿਲੀ ਛਾਪ ਵਿੱਚ ਤਾ ਕਹਾਣੀ ਸੰਖੇਪ ਵਿੱਚ
ਹੀ ਲਿਖੀ ਸੀ ਪਰ ਦੂਜੀ ਛਾਪ ਵਿੱਚ ਤਾਂ, ਗੁਰੂ ਜੀ ਅਤੇ ਅਨੂਪ ਕੌਰ ਦੀ ਗੱਲਬਾਤ ਨੂੰ ਸਵਾਲ-ਜਵਾਬ ਦੇ ਰੂਪ ਵਿਚ ਲਿਖਿਆ ਹੈ। ਪਰ ਹੈਰਾਨੀ ਦੀ ਗੱਲ ਹੈ ਕਿ, “ਉਕਤ ਪਦਾਂ ਵਿੱਚ ਕਾਮਾਤੁਰ ਇਸਤ੍ਰੀ ਦਾ ਹਠ ਅਤੇ ਸਚੇ
ਅਧਿਆਤਮਵਾਦੀ ਵਿਅਕਤੀ ਦੀ ਭੋਗ ਨਿਰਲਿਪਤਾ ਅਤਿ-ਉਤਮ ਰੀਤੀ ਨਾਲ ਰੂਪਮਾਨ ਹੋਏ ਹਨ। ਇਸ ਅੰਮ੍ਰਿਤ ਕਥਾ ਵਿੱਚ ਕੁਝ ਵੀ ਅਜਿਹਾ ਨਹੀਂ, ਜਿਸ ਨੂੰ ਅਸ਼ਲੀਲ ਕਿਹਾ ਜਾਵੇ ਜਾਂ ਗੁਰੂ ਜੀ ਦੇ
ਵਿਅਕਤਿਤ੍ ਨੂੰ ਛੁਟਿਆਉਣ ਵਾਲਾ ਹੋਵੇ। ਇਹ ਕਹਾਣੀ ਗੁਰੂ ਜੀ ਦੇ ਉਚ-ਆਚਾਰ ਦਾ ਉਤਕ੍ਰਿਸ਼ਟ ਨਮੂਨਾ ਹੈ” ਲਿਖਣ ਵਾਲਾ ਡਾ ਹਰਭਜਨ ਸਿੰਘ, ਪੂਰੀ ਕਹਾਣੀ ਅਤੇ ਸਹੀ ਅਰਥ ਨਹੀ ਲਿਖ ਸਕਿਆ। ਕਹਾਣੀ ਦੇ ਕਈ ਅਹਿਮ ਪੱਖ ਉਹ ਜਾਣ-ਬੁਝ ਕੇ ਨਜ਼ਰ-ਅੰਦਾਜ਼ ਕਰ ਗਿਆ, ਕਹਾਣੀ ਦਾ ਅਸਲ ਸੱਚ ਲਿਖਣ ਲੱਗਿਆ, ਉਸ ਦੀ ਹਿੰਮਤ ਜਵਾਬ ਕਿਉ ਦੇ ਗਈ, ਉਸ ਦੀ ਕਲਮ ਰੁਕ ਕਿਉ ਗਈ?
ਆਓ ਹੁਣ ਡਾ ਹਰਭਜਨ ਸਿੰਘ ਦੀ
ਕਿਤਾਬ ਨੂੰ ਪ੍ਰਮਾਣ ਪੱਤਰ ਦੇਣ ਵਾਲਿਆਂ ਦੇ ਦਰਸ਼ਨ ਕਰੀਏ; “ਤਖਤ ਪਟਨਾ ਸਾਹਿਬ ਦੀ ਆਸੀਸ” ਜੱਥੇਦਾਰ ਇਕਬਾਲ ਸਿੰਘ, “ਸੰਦੇਸ਼” ਜੱਥੇਦਾਰ ਕੁਲਵੰਤ ਸਿੰਘ, ਬਾਬਾ ਬਲਬੀਰ ਸਿੰਘ (ਬੁੱਢਾ ਦਲ), ਭਾਈ ਹਰਨਾਮ ਸਿੰਘ ਖਾਲਸਾ (ਮੁਖੀ ਦਮਦਮੀ ਟਕਸਾਲ), ਜੱਥੇਦਾਰ ਨਿਹਾਲ ਸਿੰਘ (ਹਰੀਆਂ ਵੇਲਾਂ), ਬਾਬਾ ਦਯਾ ਸਿੰਘ (ਬਾਬਾ ਬਿਧੀ ਚੰਦ ਦਲ), ਸ੍ਰੀ ਮਹੰਤ ਸਵਾਮੀ ਗਿਆਨ ਦੇਵ ਸਿੰਘ (ਨਿਰਮਲ ਅਖਾੜਾ
ਹਰਿਦੁਆਰ), ਸਵਾਮੀ ਬ੍ਰਹਮਦੇਵ ਉਦਾਸੀ ਉਰਫ਼
ਗਿਆਨੀ ਗਿਆਨ ਸਿੰਘ (ਬੱਧਨੀ ਕਲਾਂ) ਬਾਬਾ ਸਰਬਜੋਤ ਸਿੰਘ ਬੇਦੀ, ਮਹੰਤ ਚਮਕੌਰ ਸਿੰਘ (ਸੇਵਾ ਪੰਥੀ), ਬਲਜਿੰਦਰ ਸਿੰਘ (ਰਾੜਾ ਸਾਹਿਬ) ਸੰਤ ਹਰੀ ਸਿੰਘ ਰੰਧਾਵਾ
(ਜੱਥਾ ਰੰਧਾਵਾ), ਡਾ ਜੋਧ ਸਿੰਘ ਅਤੇ ਡਾ ਹਰਪਾਲ
ਸਿੰਘ ਪੰਨੂ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਇਹ ਸਾਰੇ ਸੰਤ, ਮਹੰਤ, ਜੱਥੇਦਾਰ ਅਤੇ ਵਿਦਵਾਨ, ਤਸਦੀਕ ਕਰਦੇ ਹਨ ਕਿ ਨੂਪ ਕੌਰ ਵਾਲੀ ਕਹਾਣੀ ਵਾਲਾ ਰਾਜਾ, ਗੁਰੂ ਗੋਬਿੰਦ ਸਿੰਘ ਜੀ ਹੀ ਹਨ।
ਸੈਕਰਾਮੈਂਟੋ (ਕੈਲੀਫੋਰਨੀਆ)
ਵਿਖੇ ਅਖੌਤੀ ਦਸਮ ਗ੍ਰੰਥ ਬਾਰੇ 23 ਫਰਵਰੀ 2008 ਈ: ਨੂੰ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ
ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਸ਼ਵਿੰਦਰ ਸਿੰਘ ਨੇ ਕਿਹਾ ਸੀ, “ਸੋ ਥੋੜਾ ਜੇਹਾ ਜਿਕਰ ਮੈਂ ਚਰਿਤ੍ਰਾਂ
ਦੇ ਬਾਰੇ ਕਰਾ, ਸਮਾਂ ਮੇਰਾ ਸੰਪੂਰਨ ਹੋਣ ਵਾਲਾ
ਥੋੜੇ ਜੇਹੇ ਮਿੰਟ ਰਹਿੰਦੇ ਨੇ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੇ ਚਰਿਤ੍ਰਾਂ ਦੇ ਬਾਰੇ ਗਲ ਕਰਦੇ ਨੇ ਕੇ
ਮਹਾਰਾਜ ਨੇ ਖੁੱਲੇ ਬਚਨ ਕੀਤੇ ਨੇ, ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਚਰਿਤ੍ਰ ਲਿਖੇ ਨੇ, ਉਹਦੇ ਵਿੱਚ ਮੇਰੇ ਗਰੂ ਗੋਬਿੰਦ ਸਿੰਘ ਨੇ ਆਪਣਾ ਚਰਿਤ੍ਰ
ਲਿਖਿਆ ਸਾਧ ਸੰਗਤ, ਜੇ ਕੋਈ ਕਹੇ ਕਵੀਆਂ ਨੇ ਲਿਖੇ
ਨੇ, ਗੁਰੂ ਗੋਬਿੰਦ ਸਿੰਘ ਦਾ ਅਨੂਪ
ਕੌਰ ਦਾ ਚਰਿਤ੍ਰ ਕਿੱਦਾਂ ਆ ਗਿਆ ਉਹਦੇ ਵਿਚ? ਇਸ ਕਰਕੇ ਆਪ ਲਿਖੇ ਨੇ। ਅਨੂਪ ਕੌਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛਲਣ ਦੀ ਕੋਸ਼ਿਸ਼
ਕੀਤੀ। ਕੇ ਗੁਰੂ ਮਹਾਰਾਜ ਬੜਾ ਬਲੀ ਯੋਧਾ, ਮੈਂ ਛੱਲ ਕੇ ਵਿਖਾਉਨੀ ਆ ਔਰ ਉਹ ਇੱਕ ਬੰਦੇ ਦਾ ਰੂਪ ਧਾਰ ਕੇ, ਜੋਗੀ ਬਣ ਕੇ, ਆਪਣੇ ਨਾਲ ਚੇਲੇ-ਚਾਟੜੇ ਬਣਾ ਕੇ, ਇੱਕ ਆਪਣੇ ਆਪ ਵਿੱਚ ਜੋਗੀ ਮਹਾਤਮਾ ਬਣ ਕੇ ਤੇ ਗੁਰੂ
ਗੋਬਿੰਦ ਸਿੰਘ ਮਹਾਰਾਜ ਨੂੰ ਸੁਨੇਹਾ ਭੇਜਿਆ ਕਿ ਮਹਾਰਾਜ ਸਾਡੇ ਗੁਰੂ ਨੇ ਤੁਹਾਡੇ ਨਾਲ ਬਚਨ ਬਿਲਾਸ
ਕਰਨੇ ਨੇ, ਗੁਰੂ ਜਾਣੀ ਜਾਣ ਸਨ, ਪਤਾ ਸੀ ਕੀ ਹੈ, ਛਲ ਹੈ, ਧੋਖਾ ਹੈ, ਸਭ ਕੁਝ ਜਾਣਦੇ ਨੇ, ਪਰ ਕਿਉਂਕਿ ਸਾਨੂੰ ਸਮਝਾਉਣ ਲਈ ਕੋਈ ਜਤਨ ਤਾਂ ਕਰਨਾ ਸੀ
ਨਾ।… ਇਸ ਲਈ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਉਸ ਨੇ ਜਦੋਂ ਫੇਰ ਸਾਨੂੰ ਪ੍ਰੇਰਿਆਂ, ਅਸੀਂ ਉਸ ਨੂੰ ਮਨ੍ਹਾਂ ਕੀਤਾ, ਉਸ ਨੇ ਅਨੇਕ ਪ੍ਰਕਾਰ ਦੀਆ ਟਾਂਚਾ ਕੀਤੀਆਂ, ਤਾਨ੍ਹੇ ਮਾਰੇ, ਐਸਾ ਵੀ ਲਿਖਿਆ, ਕੇ ਵੱਡਾ ਸੂਰਮਾ ਅਖਵਾਉਣਾ ਜਾਂ ਮੇਰੀ ਲੱਤ ਥੱਲੋਂ ਲੰਘ
ਜਾਹ ਨਹੀਂ ਤੇ ਮੇਰੀ ਗੱਲ ਮਨ ਲਾ।…ਸਾਧ ਸੰਗਤ ਜਿਨ੍ਹਾਂ ਦੇ ਮਨਾਂ ਦੇ ਵਿੱਚ ਕਚਿਆਈ ਹੁੰਦੀ ਆ, ਚਰਿਤ੍ਰ ਪੜ੍ਹ ਕੇ ਮਨ ਉਨ੍ਹਾਂ ਦੇ ਡੋਲਦੇ ਹਨ। ਆਹ ਸਾਡੇ
ਭੈਣ ਜੀ ਬੈਠੇ ਨੇ ਕਹਿੰਦੇ ਮੈਂ ਸਾਰਾ ਦਸਮ ਗ੍ਰੰਥ ਪੜ੍ਹਿਆ, ਕਹਿੰਦੇ ਕੇਹੜਾ ਜੇਹੜਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ
ਦੀ ਬਾਣੀ ਨਹੀਂ? ਸਾਧ ਸੰਗਤ ਅੰਦਰੋਂ ਮਹਾਰਾਜ
ਸੱਚੇ ਪਾਤਸ਼ਾਹ ਦੀ ਬਖ਼ਸ਼ਿਸ਼ ਹੋਵੇ, ਫਿਰ ਜਿਦਾਂ ਆਹ ਬਚਨ ਲਿਖੇ ਪੜ੍ਹ ਲੋ। ਬਚਨ ਕੀਤੇ ਨਾ, ਕੈਰ ਬੁਜ਼ਦਿਲ ਜਿਹੜੇ, ਉਹ ਨਹੀਂ ਬਾਣੀ ਪੜ੍ਹ ਸਕਦੇ, ਜਿਹੜੇ ਸੂਰਮੇ ਯੋਧੇ ਨੇ ਉਹੋ ਹੀ ਦਸਮ ਪਾਤਸ਼ਾਹ ਦੀ ਬਾਣੀ
ਪੜ੍ਹ ਸਕਦੇ। ਇਸ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਸ ਵੇਲੇ ਅਨੂਪ ਕੌਰ ਨੇ ਚਰਿਤ੍ਰ ਵਰਤੇ ਤੇ ਦਸਮ ਪਾਤਸ਼ਾਹ
ਹਜ਼ੂਰ ਨੇ ਕੀ ਉਪਦੇਸ ਦਿੱਤਾ, ਹੈ ਨਾ ਪੂਰਾ ਗੁਰੂ। ਇਕਾਂਤ ਹੋਵੇ, ਜਿਥੇ ਕੋਈ ਦੇਖਦਾ ਨਾ ਹੋਵੇ, ਕਿਸੇ ਦਾ ਕੋਈ ਡਰ ਨਾ ਹੋਵੇ, ਉਹਦੇ ਕੋਲ ਸਾਬਤ ਰਹਿਣਾ ਤੇ ਉਹਨੂੰ ਵੀ ਸਿੱਖਿਆ ਦੇਣੀ। ਉਥੇ ਦਸਮ ਪਾਤਸ਼ਾਹ ਜੀ ਨੇ ਕਿਹਾ:-ਸੁਧਿ ਜਬ ਤੇ ਹਮ ਧਰੀ
ਬਚਨ ਗੁਰ ਦਏ ਹਮਾਰੇ। ...ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।
ਜਰਾ ਖਿਆਲ ਕਰੋ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਅਨੂਪ ਕੌਰੇ, ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਆਹ ਗੱਲ
ਕਹੀ ਹੋਈ ਐ। ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ
ਜੀ ਨੂੰ ਕਿਹਾ ਸੀ, ਕਿ ਤੁਸੀਂ ਆਪਣੀ ਏਕਾ ਨਾਰੀ ਜਤੀ
ਵਿੱਚ ਰਹਿਣਾ, ਪਰਾਈ ਨਾਰੀ ਨੂੰ ਸੁਫਨੇ ਵਿੱਚ
ਵੀ ਨਹੀ ਦੇਖਣਾ, ਗੁਰੂ ਤੇਗ ਬਹਾਦਰ ਸਾਹਿਬ ਨੇ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਝਾਇਆ ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੰਥ ਵਾਸਤੇ ਲਿਖਤ
ਕਰ ਦਿੱਤੀ, ਮੇਰਾ ਪੰਥ ਇਸ ਤੋਂ ਸਾਵਧਾਨ ਰਹੇ
ਧੋਖਾ ਨਾ ਖਾਵੇ।”
ਭਾਈ ਰਣਧੀਰ ਸਿੰਘ, ਰੀਸਰਚ ਸਕਾਲਰ, ਸ਼ੋਮਣੀ ਗੁ: ਪ੍ਰ; ਕਮੇਟੀ, ਆਪਣੀ ਲਿਖਤ, “ਸ਼ਬਦ-ਮੂਰਤਿ” ਵਿੱਚ ਲਿਖਦੇ ਹਨ, “ਜਦੋਂ ਦਸਮੇਸ਼ ਪਿਤਾ ਜੋਗੀ, ਵੈਰਾਗੀ ਤੇ ਸੰਨਿਆਸੀ ਆਦਿ ਸੰਪਰਦਾਵਾਂ ਦੇ ਸਿੱਧਾਂ-ਸਾਧਾਂ ਦੇ ਪਰਖ-ਪ੍ਰਖਾਵੇ ਕਰ ਰਹੇ ਸਨ; ਤਾਂ ਵੈਸਾਖੀ ਤੇ ਦੀਵਾਲੀ ਦੇ ਮੌਕਿਆਂ ਪੁਰ ‘ਛਜਿਆ’
ਰਾਜਮਨੀ ਤੇ ‘ਅਨੂਪ ਕੌਰ’ ਲਾਹੌਰੀ ਖਤ੍ਰੇਟੀ ਆਦਿ ਰੂਪ-ਜੋਬਨ ਮੱਤੀਆਂ ਮੁੰਧ-ਮੁਟਿਆਰਾਂ ਭੀ
ਅਨੰਦਪੁਰਿ ਆਈਆਂ; ਅਰੁ ਸੱਚੇ ਪਾਤਿਸ਼ਾਹ ਦੀ
ਚੜ੍ਹਦੀ ਜੁਆਨੀ ਤੇ ਮਨੋਹਰ ਨੁਹਾਰ ਵੇਖ ਕੇ ਮੋਹਿਤ ਹੋ ਗਈਆਂ। ਸਤਿਗੁਰਾਂ, ਨਾਰੀ ਦੇ ਪ੍ਰਾਕ੍ਰਿਤਕ ਸੁਭਾਉ ਦੇ ਸਦਕੇ ਉਨ੍ਹਾਂ ਦੀਆਂ
ਭੁੱਲਾਂ ਬਖਸ਼ੀਆਂ ਤੇ ਸੁਮੱਤੇ ਲਾਈਆਂ”। (ਪੰਨਾ 21)
“ਸ੍ਰੀ ਦਸਮ ਗ੍ਰੰਥ ਦਰਪਣ” ਦਾ
ਲੇਖਕ, ਗਿਆਨੀ ਹਰਬੰਸ ਸਿੰਘ ਵੀ ਨੂਪ
ਕੌਰ ਵਾਲੀ ਕਹਾਣੀ (ਚਰਿਤ੍ਰ 21-23) ਨੂੰ ਗੁਰੂ ਜੀ ਦੀ ਆਪ ਬੀਤੀ ਹੀ ਸਾਬਿਤ ਕਰਦਾ ਹੈ। “ਭਾਵੇਂ ‘ਤ੍ਰੀਆ’ ਸ਼ਬਦ ਇਸਤਰੀ ਭਾਵ ਦਾ ਪ੍ਰਤੀਕ ਹੈ ਪਰ
ਇਹਨਾਂ ਚਰਿਤ੍ਰਾਂ ਵਿਚ ਕੁਝ ਪੁਰਸ਼ਾਂ ਦੇ ਵੀ ਹਨ ਅਤੇ 3 ਚਰਿਤ੍ਰ ਅਜਿਹੇ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਉੱਪਰ ਹੀ
ਢੁੱਕਦੇ ਹਨ। ਇਸ ਰਚਨਾ ਦੇ ਸੋਮੇ ਵੱਖੋ ਵੱਖ ਹਨ। ਇਨ੍ਹਾਂ ਵਿਚ ਕਈ ਇਤਿਹਾਸਕ, ਅਰਧ ਇਤਿਹਾਸਕ, ਮਿਥਿਹਾਸਕ, ਅਰਧ ਮਿਥਿਹਾਸਕ ਲੋਕ ਕਥਾਵਾਂ ਦੇ ਪਾਤਰ ਅਤੇ ਸਵੈ-ਬੀਤੀਆਂ
ਹਨ।...“ਇਸ ਤੋਂ ਅਗਲੀ ਗਵਾਹੀ ਚਰਿਤ੍ਰ 21 ਵਿਚ ਹੈ ਜਿਸ ਦੇ ਨਾਇਕ ਸਾਹਿਬ ਆਪ ਹਨ। ‘ਅਨੂਪ ਕੁਅਰਿ’
ਦੇ ਬਹੁਤ ਜੋਰ ਦੇਣ ਤੇ ਵੀ ਨਾਇਕ ਉਸ ਨਾਲ ਭੋਗ ਕਰਨ ਨੂੰ ਤਿਆਰ ਨਹੀਂ ਹੁੰਦਾ ਅਰ ਉਸ ਨੂੰ ਉਤਰ
ਦਿੰਦਾ ਹੈ:-
ਬਾਲ ਹਮਾਰੇ ਪਾਸ ਦੇਸ ਦੇਸਨ
ਤ੍ਰਿਯਾ ਆਵਹਿ। ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਇ।
ਸਿਖੑਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ। ਹੋ ਕੁਹ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ।
ਸਿਖੑਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ। ਹੋ ਕੁਹ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ।
ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ
ਤੋਂ ਬਿਨਾਂ ਹੋਰ ਕੌਣ ਲਿਖ ਸਕਦਾ ਹੈ? ਅਜਿਹੇ ਬਚਨ ਪਵਿਤਰ ਆਤਮਾ ਤੋਂ ਬਿਨਾ ਕੋਈ ਕਹਿ ਹੀ ਨਹੀਂ ਸਕਦਾ। ਉਪਰੋਕਤ ਸਾਰੀਆਂ ਦਲੀਲਾਂ
ਤੋਂ ਸਪਸ਼ਟ ਹੋ ਜਾਂਦਾ ਹੈ ਕਿ ਚਰਿਤ੍ਰਾਂ ਦੇ ਕਰਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ
ਜਿਨ੍ਹਾਂ ਨੇ ਇਕ ਵਿਸ਼ੇਸ਼ ਉਦੇਸ਼ ਸਾਹਮਣੇ ਰੱਖ ਕੇ ਇਨ੍ਹਾਂ ਚਰਿਤ੍ਰਾਂ ਦੀ ਰਚਨਾ ਕੀਤੀ।...ਜਿਥੋਂ
ਤੱਕ ਛਜਿਆ ਦਾ ਦਸ਼ਮੇਸ਼ ਦੇ ਦਰਸ਼ਨ ਕਰਕੇ ਕਾਮ ਵਸ ਹੋਣ ਵਾਲੀ ਗੱਲ ਹੈ, ਕਿਸੇ ਕਾਮੀ ਇਸਤਰੀ ਦਾ ਕਾਮ ਵਸ ਹੋਣਾ ਕੋਈ ਅਸਚਰਜ ਗਲ
ਨਹੀਂ ਹੈ।...ਹਜ਼ੂਰ ਨੂੰ ਛਜਿਆ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਸਗੋਂ ਆਪਣੀ ਦਰਿਆ ਦਿਲੀ ਨਾਲ ਉਨ੍ਹਾਂ
ਨੇ ਉਸ ਦਾ ਮਨ ਮੋੜਿਆ। ...ਜਿਥੋਂ ਤਕ ਸਿਖਾਂ ਦੀ ਕਮਾਈ ਵਿਚੋਂ ਮਾਇਆ ਦੇਣ ਦਾ ਸਬੰਧ ਹੈ, ਜਾਪਦਾ ਹੈ ਕਿ ਗਿਆਨੀ ਜੀ ਨੂੰ ਗੁਰੂ ਘਰ ਦੀ ਮਰਯਾਦਾ
ਬਾਰੇ ਵਾਕਫ਼ੀਅਤ ਨਹੀਂ। ਇਤਨੀ ਮਾਇਆ ਨੂਪ ਕੁਅਰਿ ਨੇ ਆਪ ਕਿਥੋਂ ਤਕ ਖਰਚ ਕਰ ਲੈਣੀ ਸੀ। ਇਹ ਮਾਇਆ
ਅਤੇ ਇਸੇ ਤਰ੍ਹਾਂ ਹੋਰ ਕਈ ਗੁਰਸਿੱਖਾਂ ਨੂੰ ਹਜ਼ੂਰ ਮਾਇਆ ਬਖ਼ਸ਼ਦੇ ਰਹਿੰਦੇ ਸਨ ਤਾਂ ਜੋ ਲੋਹ ਲੰਗਰ
ਤਪਦੇ ਰਹਿਣ ਤੇ ਸਿੱਖ ਸੇਵਕ ਜਿਹੜੇ ਦੂਰੋਂ-ਦੂਰੋਂ ਆਉਂਦੇ ਉਨ੍ਹਾਂ ਦੀ ਸੰਭਾਲ ਹੋਂਦੀ ਰਹੇ, ਇਤਿਹਾਸ ਗਵਾਹ ਹੈ ਕਿ ਬਹੁਤ ਸਾਰੇ ਮੁੱਖੀ ਸਿੱਖਾਂ ਦੇ
ਪ੍ਰਬੰਧ ਵਿੱਚ ਵੱਖੋ ਵੱਖ ਥਾਂਵਾਂ ਤੇ ਲੰਗਰ ਚਲਦੇ ਸਨ। ਹੋ ਸਕਦਾ ਹੈ ਕਿ ਇਸ ਤਰ੍ਹਾਂ ਹੀ ਗੁਰੂ ਜੀ
ਨੂਪ ਕੁਅਰਿ ਤੋਂ ਵੀ ਇਹ ਸੇਵਾ ਲਈ ਹੋਵੇ। ਵੀਹ ਹਜ਼ਾਰ ਦੀ ਛਿਮਾਹੀ ਉਸ ਸਮੇਂ ਦੇਣੀ ਤੇ ਇਸ ਸਬੰਧੀ
ਲਿਖਣਾ ਸਾਹਿਬਾਂ ਦਾ ਹੀ ਕੰਮ ਹੈ ਜੇ ਕੋਈ ਹੋਰ ਕਵੀ ਹੁੰਦਾ ਤਾਂ ਅਤਿ ਕਥਨੀ ਦੇ ਭੈ ਕਰਕੇ ਇਹ ਰਕਮ
ਇਤਨੀ ਕਦੇ ਨਾ ਲਿਖਦਾ। ਜਦੋਂ ਹਜ਼ੂਰ ਨੇ ਨੂਪ ਕੁਅਰਿ ਨੂੰ ਮਾਫ਼ ਕਰ ਦਿੱਤਾ। ‘ਛਿਮਾਂ ਕਰੋਂ ਅਬ
ਤ੍ਰਿਯਾ ਤੁਮੇ ਬੁਹਰ ਨਾ ਕਰੀਯਹੁ ਰਾਂਧ’ ਤਾਂ ਹਜ਼ੂਰ ਉਸ ਨਾਲ ਭਿੰਨ ਭੇਦ ਕਿਵੇਂ ਵਰਤਦੇ।” (ਪੰਨਾ 314)
ਗਿਆਨੀ ਹਰਬੰਸ ਸਿੰਘ ਨਿਰਣੈਕਾਰ
ਦੀ ਕਰਤੂਤ:- ਅਸਲ ਲਿਖਤ ਵਿਚ ਸ਼ਬਦ ‘ਤੁਮੇ’ ਨਹੀ ‘ਹਮੈ’ ਹੈ। “ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ
ਨ ਕਰਿਯਹੁ ਰਾਧਿ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ”। ਪਰ ਨਿਰਣੈਕਾਰ ਨੇ ‘ਹਮੈ’ ਦਾ ‘ਤੁਮੇ’ ਕਰ ਦਿੱਤਾ ਗਿਆ ਹੈ। ਗਿਆਨੀ ਹਰਬੰਸ
ਸਿੰਘ ਦੇ ਮੁਤਾਬਕ ਤਾਂ ਗੁਰੂ ਜੀ ਨੇ ਉਸ ਔਰਤ ਨੂੰ ਮਾਫ਼ ਕਰ ਦਿੱਤਾ ਹੈ ਜਦਕਿ ਅਸਲ ਲਿਖਤ ਵਿਚ ਤਾਂ
ਗੁਰੂ ਜੀ ਨੂਪ ਕੌਰ ਤੋਂ ਮਾਫ਼ੀ ਮੰਗਦੇ ਹਨ। ਯਾਦ ਰਹੇ ਹਰਬੰਸ ਸਿੰਘ ਨਿਰਣੈਕਾਰ ਦੀ ਇਸ ਲਿਖਤ ਦੀ ਪ੍ਰਸੰਸਾ ਵਿੱਚ ਤ੍ਰਲੋਚਨ ਸਿੰਘ ਨੇ “ਦੋ ਸ਼ਬਦ” ਦੇ ਸਿਰਲੇਖ
ਹੇਠ 10 ਪੰਨੇ ਕਾਲੇ ਕੀਤੇ ਹੋਏ ਹਨ।
ਸ਼੍ਰੋਮਣੀ ਕਮੇਟੀ ਦੇ ਮਾਸਿਕ
ਪੱਤਰ ‘ਗੁਰਮਤਿ ਪ੍ਰਕਾਸ਼‘ ਫਰਵਰੀ, 1959 ਅੰਕ ਵਿਚ, ਪ੍ਰੋ: ਰਾਮ ਪ੍ਰਕਾਸ਼ ਸਿੰਘ ਐਮ. ਏ. ਐਲ-ਐਲ. ਬੀ ਖਾਲਸਾ ਕਾਲਜ ਅੰਮ੍ਰਿਤਸਰ, ਆਪਣੇ ਲੇਖ ‘ਚਾਨਣ ਮੁਨਾਰਾ’ ਵਿਚ ਲਿਖਦੇ ਹਨ, “ਭਰ ਜੁਆਨੀ ਵਿਚ ਇਕ ਸੁਨੱਖੀ ਤੇ ਮਾਲਦਾਰ ਮੁਟਿਆਰ ਆਪ ਤੇ
ਆਸ਼ਕ ਹੋ ਜਾਂਦੀ ਹੈ। ਆਪ ਜੀ ਨੂੰ ਘਰ ਬੁਲਾ ਕੇ ਆਪਣੀ ਜੁਆਨੀ, ਆਪਣੇ ਹੁਸਨ ਤੇ ਆਪਣੇ ਮਾਲ ਦਾ ਜਾਦੂ ਪਾਉਣ ਦਾ ਪੁਰਾ ਜਤਨ
ਕਰਦੀ ਹੈ। ਪਰ ਜਦੋਂ ਆਸ ਪੂਰੀ ਨਹੀਂ ਹੁੰਦੀ ਤਾਂ ਇਕ ਹੋਰ ਬੜਾ ਖਤਰਨਾਕ ਤੀਰ ਛੱਡਦੀ ਹੈ।...ਇਸ
ਤਰ੍ਹਾਂ ਤੇਰੀ ਗੁਰਿਆਈ ਦੇ ਆਦਰ ਨੂੰ ਦੋ ਮਿੰਟਾਂ ਵਿਚ ਨਸ਼ਟ ਕਰ ਦਿਆਂਗੀ। ਜੇ ਭਲੀ ਚਾਹੁੰਦੇ ਹੋ ਤਾਂ
ਸਮਝੋ, ਹੱਠ ਨਾ ਕਰੋ। ਮਨ ਜਾਓ ਤੇ ਆਪਣੀ ਇਜ਼ਤ ਬਚਾਓ ਅਤੇ ਮੈਨੂੰ ਤਪਦੀ ਨੂੰ ਠਾਰੋ”।(ਪੰਨਾ 26)
ਗਿਆਨੀ ਈਸ਼ਰ ਸਿੰਘ ‘ਦਸਮ ਗੁਰੂ ਗ੍ਰੰਥ ਸਾਹਿਬ ਦੇ ਖੰਡਨ ਦਾ ਖੰਡਨ’ ਵਿੱਚ ਵੀ
ਇਸ ਚਰਿਤ੍ਰ ਨੂੰ ਗੁਰੂ ਜੀ ਦੀ ਆਪ ਬੀਤੀ ਹੀ ਸਾਬਿਤ ਕਰਦਾ ਹੈ। “ਇਹ ਖਾਸ ਪ੍ਰਸੰਗ ਹੈ ਜੋ ਜਾਪਦਾ ਹੈ ਕਿ ਖਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਸੰਬੰਧਿਤ ਹੈ। ਸ੍ਰੀ ਦਸਮੇਸ਼ ਜੀ ਕਿਸੇ ਮਕਾਰ
ਇਸਤ੍ਰੀ ਦੇ ਧੋਖੇ ਵਿਚ ਨਹੀਂ ਸਨ ਆ ਸਕਦੇ ਪਰ ਆਪਣੇ ਸਿੱਖਾਂ ਦੇ ਭਲੇ ਲਈ ਅਨੇਕਾਂ ਕੌਤਕ ਰਚਕੇ ਐਨ
ਪ੍ਰਤੱਖ ਚਿਤ੍ਰ ਖਿੱਚਣ ਲਈ ਕਦੇ ਸੰਕੋਚ ਭੀ ਨਹੀਂ ਸਨ ਕਰਦੇ।... ਐਨ ਇਸੇ ਤਰ੍ਹਾਂ ਸ੍ਰੀ
ਦਸਮੇਸ਼ ਜੀ ਨੇ ਨੂਪ ਕੁਅਰਿ ਦੇ ਘਰ ਪੁਜ ਕੇ ਇਹ ਕੌਤਕ ਰਚ ਕੇ ਸਿੱਖਿਆ ਦਿੱਤੀ ਹੈ...ਇਹ ਸੁਣ ਕੇ
ਵਜ਼ੀਰ ਨੇ 21ਵਾਂ ਚਰਿਤ੍ਰ ਪੇਸ਼ ਕੀਤਾ ਸੀ ਜਿਸ ਵਿਚ ਸ਼੍ਰੀ ਦਸ਼ਮੇਸ਼ ਜੀ, ਨੂਪ ਕੁਅਰਿ ਦੇ ਘਰ ਚਲੇ ਜਾਂਦੇ ਹਨ।... ਅਤੇ ਉਹ ਕਾਮਾਂਤ੍ਰ ਹੋਕੇ
ਗੁਰੂ ਜੀ ਨਾਲ ਸਨੇਹ ਕਰਨਾ ਚਾਹੁੰਦੀ ਹੈ ਅਰ ਸ੍ਰੀ ਦਸਮੇਸ਼ ਜੀ ਉਸ ਨੂੰ ਧਰਮ ਦੇ ਅਸੂਲ ਦਸਦੇ ਹਨ। ਪਰ ਕੁਅਰਿ ਆਪਣੀ ਬੇ-ਬਸੀ ਦਸਦੀ
ਹੈ ਅਤੇ ਗੁਰੂ ਜੀ ਉਪਦੇਸ਼ ਦਿੰਦੇ ਹਨ।...ਅਤੇ ਉਸ ਵੇਲੇ ਸ਼੍ਰੀ ਦਸ਼ਮੇਸ਼ ਜੀ ਨੇ ਕੁਅਰਿ ਅਤੇ ਸਾਡੇ ਲਈ ਬਲਕਿ ਸਾਰੇ ਸਮਾਜ ਦੇ ਭਲੇ ਲਈ
ਇਹ ਬਾਣੀ ਉਚਾਰਨ ਕੀਤੀ ਸੀ;- ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ॥ ...ਪਰ ਨਾਰੀ ਕੀ ਸੇਜ ਭੁਲਿ
ਸੁਪਨੇ ਹੂੰ ਨ ਜੈਯਹੁ॥ (ਪੰਨਾ 194)
“ਦਸਮ ਗੁਰ ਗਿਰਾ ਸਰਵੇਖਣ” ਦਾ
ਲਿਖਾਰੀ ਗਿਆਨੀ ਮਹਾਂ ਸਿੰਘ ਲਿਖਦਾ ਹੈ, “ਇਹ ਠੀਕ ਹੈ ਕਿ ਇਹਨਾਂ ਕਹਾਣੀਆਂ ਵਿਚ ਨੰਗੇਜ ਬੀ ਬਹੁਤ ਥਾਈ ਹੈ ਪਰ ਏਹ ਕਹਾਣੀਆਂ ਕਾਮ ਵਾਸਨਾ
ਨੂੰ ਪ੍ਰਚਲਤ ਕਰਨ ਲਈ ਨਹੀਂ ਪਰ ਐਸੇ ਛਲ, ਫਰੇਬਾਂ, ਧੋਖਿਆਂ ਤੇ ਚਲਾਕੀਆਂ ਦੇ ਕਰਤਵਾਂ
ਤੋਂ ਸੁਚੇਤ ਤੇ ਬਚਕੇ ਰਹਿਣ ਦੀ ਪ੍ਰੇਰਨਾ ਲੈਣ ਹਿਤ ਹਨ, ਇਸੇ ਹੀ ਰਚਨਾ ਵਿਚ ਕਲਗੀਧਰ ਪਾਤਸ਼ਾਹ ਜੀ ਸੰਬੰਧੀ ਵੀ ਇਕ ਵਾਰਤਾ
ਹੈ ਜਿਸ ਵਿਚ ਵਰਣਿਤ ਹੈ ਕਿ ਕਲਗੀਧਰ ਜੀ ਨੇ ਦੱਸਿਆ ਕਿ ਸਾਡੇ ਪਿਤਾ ਨੇ ਸਾਨੂੰ ਸਿਖ੍ਯਾ ਦਿਤੀ
ਸੀ:-
ਡਾ ਬਲਵੰਤ ਸਿੰਘ
ਦੀ ਰਾਏ ਜਾਣ ਲੈਣੀ ਵੀ ਜਰੂਰੀ ਹੈ, “ਇੱਕੀਵਾਂ ਚਰਿਤ੍ਰ ਜੋ ਕੁਝ ਵਿਦਵਾਨ ਗੁਰੂ ਜੀ ਨਾਲ ਖ਼ੁਦ ਵਰਤੀ
ਕਹਾਣੀ ਕਹਿੰਦੇ ਹਨ। ਉਹ ਕਹਾਣੀ
ਇਸ ਤਰ੍ਹਾਂ ਆਨੰਦਪੁਰ ਦੇ ਰਾਜੇ ਨਾਲ ਵਰਤੀ ਕੋਈ ਹੋਰ ਕਵੀ ਦੀ ਹਿੰਮਤ ਨਹੀਂ ਪੈ ਸਕਦੀ ਸੀ ਕਿ ਇਸ
ਤਰ੍ਹਾਂ ਲਿਖੇ। ਇਸ ਲਈ ਉਹ
ਆਪ ਦਸਮੇਸ਼ ਪਿਤਾ ਦੀ ਲਿਖੀ ਹੈ”। (ਦਸਮ
ਗ੍ਰੰਥ ਤੇ ਕੁਝ ਵਿਚਾਰ, ਪੰਨਾ 46)
“ਦਸਮ ਗ੍ਰੰਥ ਦਾ ਮਹੱਤਵ” ਦਾ ਕਰਤਾ ਡਾ ਗੁਰਚਰਨ ਸਿੰਘ ਵੀ
ਇਸ ਚਰਿਤ੍ਰ ਨੂੰ ਗੁਰੂ ਜੀ ਦੀ ਆਪ ਬੀਤੀ ਹੀ ਸਾਬਿਤ ਕਰਦਾ ਹੈ। “ਸੰਮਤ 1747-48 ਬਿ. (1690-91 ਈ.) ਵਿੱਚ ਜਦੋਂ
ਦਸਮ ਪਿਤਾ ਦੇ ਜੋਗੀਆਂ, ਵੈਰਾਗੀਆਂ, ਸੰਨਿਆਸੀਆਂ ਤੇ ਹੋਰਾਂ ਵੱਲੋਂ ਪਰਖ-ਪ੍ਰਤਾਵੇ ਹੋ
ਰਹੇ ਸਨ ਉਦੋਂ ਵੈਸਾਖੀ ਤੇ ਦੀਵਾਲੀ ਦੇ ਮੌਕਿਆਂ ਉਤੇ ਹੋਰ ਲੋਕਾਂ ਦੇ ਨਾਲ ਨੂਪ ਕੌਰ ਲਾਹੌਰ ਦੀ
ਖਤ੍ਰੇਟੀ ਤੇ ਹੋਰ ਸੁੰਦਰੀਆਂ ਵੀ ਆਈਆਂ ਜਿਨ੍ਹਾਂ ਆਪਣੇ ਛੱਲ-ਛਿਦ੍ਰਾਂ ਰਾਹੀਂ ਗੁਰੂ ਸਾਹਿਬ ਨੂੰ
ਚਰਿਤ੍ਰਕ ਇਮਤਿਹਾਨ ਵਿੱਚ ਪਾਣ ਦਾ ਯਤਨ ਕੀਤਾ। ਪਰ ਉਹ ਆਪਣੇ ਉੱਚ-ਆਚਰਣ ਦੀ ਪਰਤਿਗਿਆ ਵਿੱਚ
ਦ੍ਰਿੜ੍ਹ ਰਹੇ”। (ਪੰਨਾ 9)
ਆਓ ਗਿਆਨੀ ਬਿਸ਼ਨ ਸਿੰਘ ਦੇ ਵਿਚਾਰ ਵੀ ਜਾਣ ਲਈਏ, “ਇਕ ਸਤੱਦਰਵ ਦਰਿਆ ਦੇ ਕੰਢੇ
ਉਤੇ ਅਨੰਦਪੁਰ ਗ੍ਰਾਮ ਹੈ। ਉਚਿਆਂ ਭਾਵ ਚੰਗਿਆਂ ਨੈਤ੍ਰਾਂ ਵਾਲੀ ਜੇਹੜੀ ਨੈਣਾ ਦੇਵੀ ਹੈ ਉਸ ਦੇ ਪਾਸ ਹੈ
ਕਹਿਲੂਰ ਸ਼ਹਿਰ ਚੰਗੀ ਜਗਾ ਵਾਲਾ ਜਾਂ ਕਹਿਲੂਰ ਦੀ ਰਿਆਸਤ ਦੀ ਥਾਂ ਵਿਚ ਨੈਣਾ ਦੇਵੀ ਦੇ ਹੇਠਾਂ
ਅਨੰਦਪੁਰ ਵੱਸਦਾ ਹੈ। ਜਿਸ ਦੀ
ਜਗਾ ਬਹੁਤ ਸੁੰਦਰ ਹੈ। ਉਥੇ ਸਿੱਖ
ਤੇ ਗੁਰੂ ਦੇ ਪਿਆਰੇ ਬਹੁਤ ਅਨੰਦ ਵਧਾਕੇ ਔਨਦੇ ਹਨ। ਮਨ ਭਾਂਦੇ ਮੂੰਹੋਂ ਵਰ ਮੰਗ ਕੇ ਸੁਖ ਪਾ ਕੇ ਘਰਾਂ
ਨੂੰ ਜਾਂਦੇ ਹਨ।... ਜੇਹੜੀ
ਇਸਤਰੀ ਮੈਨੂੰ ਪੂਜ ਜਾਣਕੇ ਮੇਰੇ ਵੱਲ ਮੇਰੀ ਪੂਜਾ ਕਰਨ ਵਾਸਤੇ ਔਂਦੀ ਹੈ। ਉਹ ਇਸਤਰੀ ਮੇਰੇ ਵਰਗੇ ਗੁਰੂ ਦੀ ਧੀ ਬਰਾਬਰ ਲਗਦੀ
ਹੈ। ਭਾਵ ਸਿੱਖ ਮੇਰੇ ਪੁਤ੍ਰ ਹਨ ਉਨਾਂ ਦੀਆਂ ਇਸਤ੍ਰੀਆਂ
ਮੇਰੀਆਂ ਧੀਆਂ ਹਨ। (ਪੋਥੀ
ਛੇਵੀਂ, ਪੰਨਾ 32)
ਸ. ਅਨੁਰਾਗ ਸਿੰਘ ਦੇ ਵੱਲੋਂ ਲਿਖੇ ਗਏ ਟਰੈਕਟ, “ਸ੍ਰੀ ਦਸਮ ਗ੍ਰੰਥ ਸਬੰਧੀ ਸ਼ੰਕਿਆਂ ਦੇ ਉੱਤਰ” ਜਿਸ ਨੂੰ “ਖਾਲਸਾ ਪ੍ਰਬੰਧਕ ਜਥਾ
ਗੁਰਦੁਵਾਰਾ ਅਖੰਡ ਪ੍ਰਕਾਸ਼ ਭਿੰਡਰਾ (ਮੋਗਾ) ਵੱਲੋਂ ਛਾਪਿਆ ਅਤੇ ਵੰਡਿਆ ਜਾ ਰਿਹਾ ਹੈ। ਇਸ ਦੇ ਆਰੰਭ ਵਿੱਚ ਗਿਆਨੀ
ਮੋਹਣ ਸਿੰਘ ਜੀ (ਭਿੰਡਰਾ) ਦਾ ਸੰਦੇਸ਼ ਦਰਜ ਹੈ। ਜਿਸ ਵਿਚ ਗਿਆਨੀ ਜੀ ਲਿਖਦੇ ਹਨ, “ ਜਿਵੇ ਕਿ ‘ਚਰਿਤ੍ਰਕ ਗ੍ਰੰਥ’ ਦਾ ਅਨੁਵਾਦ ਕਰਕੇ ਗੁਰੂ
ਮਹਾਰਾਜ ਜੀ ਨੇ ਗੁਰਸਿੱਖਾਂ ਦੇ ਤਾਈ ਚੇਤਨ ਮਾਇਆ ਦੇ ਛਲਾ-ਛਿਦ੍ਰਾਂ ਤੋਂ ਬਚਣ ਵਾਸਤੇ ਬਹੁਤ ਕੁਝ
ਲਿਖਿਆ ਹੈ ...ਉਂਝ ਗੁਰੂ ਮਹਾਰਾਜ ਚਰਿਤ੍ਰਾਂ ਦੇ ਅਨੁਵਾਦ ਦੇ ਨਾਲ-ਨਾਲ ਕਿਤੇ-ਕਿਤੇ ਆਪਣੇ ਵੱਲੋਂ
ਗੁਰਮਤਿ ਸਿਧਾਂਤ ਭੀ ਦਰਸਾਉਂਦੇ ਰਹੇ ਹਨ। ਜੋ ਆਪ ਹੀ ਸਿਆਣੇ ਗੁਰਸਿੱਖ ਸਮਝ ਜਾਂਦੇ ਹਨ। ਜਿਵੇ ਇੱਕੀਵੇਂ ਚਰਿਤ੍ਰ ਵਿੱਚ, ਜੋ ਆਪਣਾ ਹੀ ਸਤਿਗੁਰੂ ਸਾਹਿਬ
ਦਾ ਪੁਰਖ ਚਰਿਤ੍ਰ ਉਚਾਰਣ ਕੀਤਾ ਹੋਇਆ ਹੈ, ਉਸਦੇ ਇਕਵੰਜਵੇਂ ਛੰਦ ਵਿਚ ਦੱਸਿਆ ਹੈ। ਯਥਾਂ:-ਸੁਧਿ ਜਬ ਤੇ ਹਮ ਧਰੀ
ਬਚਨ ਗੁਰ ਦਏ ਹਮਾਰੇ॥ ...ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ॥51॥ ਤੋਂ 54ਵੇਂ ਛੰਦ ਤੱਕ ਲਿਖ ਕੇ ਅੱਗੇ 22ਵੇਂ ਅਤੇ 23ਵੇਂ ਚਰਿਤ੍ਰ
ਤੱਕ ਸਮਾਪਤ ਕੀਤਾ ਹੈ। ਇਹ ਤਾਂ ਗੁਰਸਿੱਖਾਂ
ਵਾਸਤੇ ਸਾਰ ਸਿਧਾਂਤ ਗ੍ਰਹਿਣ ਲਈ ਚਰਿਤ੍ਰਾਂ ਦੀ ਰਚਨਾ ਕਰਕੇ ਸਿੱਖਿਆ ਦਿੱਤੀ ਹੈ”।
ਆਓ ਹੁਣ ਡਾ ਰਤਨ ਸਿੰਘ ਜੱਗੀ
ਵੱਲੋਂ ਚਰਿਤ੍ਰ 22 ਦੇ ਕੀਤੇ ਹੋਏ ਅਰਥ ਪੜ੍ਹੀਏ।
‘ਚੋਰ-ਚੋਰ’ ਦੇ ਬੋਲ ਕੰਨਾਂ ਨਾਲ ਸੁਣ ਕੇ ਰਾਜਾ ਡਰ ਕੇ ਉਠਿਆ ਅਤੇ ਜੁੱਤੀ ਤੇ ਪਾਮਰੀ ਨੂੰ ਛੱਡ
ਕੇ ਮਨ ਵਿੱਚ ਡਰਦਾ ਹੋਇਆ ਭਜ ਗਿਆ।1। ‘ਚੋਰ-ਚੋਰ’ (ਦੀ ਅਵਾਜ਼) ਸੁਣ ਕੇ
ਸਾਰੇ (ਸੇਵਕ) ਜਾਗ ਪਏ ਅਤੇ (ਉਨ੍ਹਾਂ ਨੇ) ਰਾਜੇ ਨੂੰ ਭੱਜਣ ਨ ਦਿੱਤਾ ਅਤੇ ਪੰਜ-ਸੱਤ ਕਦਮਾਂ ਉਤੇ
ਜਲਦੀ ਹੀ ਆ ਮਿਲੇ।2। ‘ਚੋਰ-ਚੋਰ’ ਦੇ ਬੋਲ ਸੁਣ ਕੇ
ਸਾਰੇ ਭਜ ਪਏ ਅਤੇ ਤਲਵਾਰਾਂ ਕਢ ਕੇ ਰਾਜੇ ਪ੍ਰਤੀ ਵਧੇ। ਲਲਕਾਰ ਕੇ ਕਹਿਣ ਲੱਗੇ ਕਿ ਤੈਨੂੰ ਜਾਣ
ਨਹੀਂ ਦੇਵਾਂਗੇ ਅਤੇ ਹੇ ਚੋਰ! ਤੈਨੂੰ ਯਮਲੋਕ ਭੇਜਾਂਗੇ।3। (ਰਾਜੇ ਨੂੰ) ਅਗੇ, ਪਿਛੇ, ਸਜੇ ਆਦਿ ਦਸਾਂ ਪਾਸਿਆਂ ਤੋਂ ਘੇਰ ਲਿਆ। ਰਾਜੇ ਨੂੰ
(ਜਦ) ਭਜਣ ਲਈ ਕੋਈ ਰਸਤਾ ਨ ਰਿਹਾ (ਤਦ) ਰਾਜੇ ਨੇ ਇਸ ਤਰ੍ਹਾਂ ਯਤਨ ਕੀਤਾ।4। ਉਸ
(ਦੇ ਭਰਾ) ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ ਲਈ। ਚੋਰ-ਚੋਰ ਕਹਿ ਕੇ ਅਤੇ ਦੋ ਕੁ
ਸੋਟੇ ਮਾਰ ਕੇ ਉਸ ਨੂੰ ਪਕੜ ਲਿਆ।5। ਸੋਟੇ ਵਜਣ ਨਾਲ (ਉਹ) ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ। ਕਿਸੇ ਵਿਅਕਤੀ ਨੇ ਵੀ ਭੇਦ ਨ
ਸਮਝਿਆ ਅਤੇ (ਉਸ ਦੀਆਂ) ਮੁਸ਼ਕਾਂ ਕਸ ਦਿੱਤੀਆਂ।6। ਲੱਤਾਂ ਅਤੇ ਮੁੱਕੇ ਵਜਣ ਲੱਗੇ
ਅਤੇ (ਇੰਨੇ ਤਕ ਹੋਰ) ਸੇਵਕ ਵੀ ਪਹੁੰਚ ਗਏ। (ਉਹ) ਇਸਤਰੀ ਭਰਾ-ਭਰਾ ਕਹਿ ਥਕੀ, ਪਰ ਕੋਈ ਵੀ (ਉਸ ਨੂੰ ਸੇਵਕਾਂ
ਤੋਂ) ਛੁਡਾ ਨ ਸਕਿਆ।7। ਉਸ ਦੇ ਸਿਰ ਉਤੇ ਬਹੁਤ ਜੁੱਤੀਆਂ ਮਾਰੀਆਂ ਅਤੇ ਉਸ ਦੀਆਂ
ਮੁਸ਼ਕਾਂ ਕੱਸ ਦਿੱਤੀਆਂ। ਉਸ ਨੂੰ ਬੰਦੀਖ਼ਾਨੇ ਭੇਜ ਦਿੱਤਾ ਅਤੇ (ਇਸਤਰੀ) ਆਪਣੀ ਸੇਜ ਉਪਰ ਆ ਗਈ।8। ਇਸ ਤਰ੍ਹਾਂ ਦਾ ਛਲ ਕਰ ਕੇ
ਰਾਜਾ (ਉਥੋਂ) ਭੱਜ ਆਇਆ। ਬੰਦੀਖ਼ਾਨੇ ਵਿੱਚ ਉਸ ਇਸਤਰੀ ਦਾ ਭਰਾ ਭੇਜ ਦਿੱਤਾ ਗਿਆ। (ਕੋਈ ਵੀ) ਸੇਵਕ
ਭੇਦ ਨੂੰ ਨ ਸਮਝ ਸਕਿਆ ਅਤੇ ਉਸ ਨੂੰ ਚੋਰ ਸਮਝ ਲਿਆ।9।
ਗਿਆਨੀ ਨਰੈਣ ਸਿੰਘ ਵੱਲੋਂ ਕੀਤੇ
ਗਏ ਅਰਥ ਵੀ ਵੇਖ ਲਈਏ।
ਕੰਨਾ ਨਾਲ ਚੋਰ ਦੀ ਗੱਲ ਸੁਣਕੇ
ਰਾਜਾ ਡਰ ਕੇ ਉਠਿਆ ਅਤੇ ਜੁੱਤੀ ਤੇ ਰੇਸ਼ਮੀ ਫ਼ਰਦ ਛੱਡ ਕੇ ਦੌੜਨ ਲਗਾ।1। ਚੋਰ ਦੀ ਪੁਕਾਰ ਸੁਣਕੇ ਸਾਰੇ ਜਾਗ ਪਏ ਅਤੇ
ਲੋਕਾਂ ਨੇ ਰਾਜੇ ਨੂੰ ਭੱਜਣ ਨਹੀਂ ਦਿੱਤਾ। ਪੰਜ-ਸੱਤ ਕਦਮਾਂ ਤੇ ਜਾ ਕੇ ਛੇਤੀਂ ਨਾਲ ਰਾਜੇ ਨੂੰ ਜਾ
ਮਿਲੇ।2। ਚੋਰ ਦੀ
ਪੁਕਾਰ ਸੁਣਕੇ ਸਾਰੇ ਭੱਜੇ ਅਤੇ ਉਸ ਰਾਜੇ ਦੇ ਖਿਲਾਫ਼ ਤਲਵਾਰਾਂ ਕੱਢ ਲਈਆਂ। ਉਹ ਲੋਕ ਪੁਕਾਰਨ ਲਗੇ
ਕਿ ਤੈਨੂੰ ਜਾਣ ਨਹੀ ਦਿਆਂਗੇ। ਹੇ ਚੋਰ! ਤੈਨੂੰ ਜਮਲੋਕ ਭੇਜਾਂਗੇ।3। ਅਗੇ-ਪਿਛੇ ਸੱਜੇ-ਖੱਬੇ ਸਾਰੇ ਪਾਸਿਆਂ ਤੋਂ ਉਹਨੂੰ ਘੇਰ ਲਿਆ। ਰਾਜੇ ਜਤਨ ਤਾਂ ਬਹੁਤ ਕੀਤਾ, ਪਰ ਦੌੜਨ ਲਈ ਕੋਈ ਰਾਹ ਨਾ ਰਿਹਾ।4। ਲੋਕਾਂ
ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ ਉਹਦੀ ਪੱਗ ਵੀ ਲਾਹ ਦਿੱਤੀ। ਉਹਨੂੰ ਚੋਰ-ਚੋਰ ਆਖ ਕੇ
ਦੋ-ਤਿੰਨ ਸੋਟੇ ਮਾਰਕੇ ਫੜ ਲਿਆ।5। ਸੋਟੇ ਲਗਣ ਨਾਲ ਰਾਜਾ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਲੋਕਾਂ ਨੇ ਕਿਸੇ ਭੀ ਭੇਦ
ਨੂੰ ਨਾ ਸਮਝਿਆ ਅਤੇ ਉਹਨਾਂ ਨੇ ਰਾਜੇ ਦੇ ਹੱਥ ਬੰਨ੍ਹ ਦਿੱਤੇ।6। ਲੱਤਾਂ ਮੁੱਕੀਆਂ ਚਲਣ ਲਗੀਆਂ ਤੇ ਹੋਰ ਸਿਖ-ਸੇਵਕ ਭੀ ਆ
ਪਹੁੰਚੇ। ਇਸਤਰੀ ਭਰਾ-ਭਰਾ ਆਖ ਰਹੀ ਸੀ, ਉਹਨੂੰ ਕੋਈ ਭੀ ਨਾ ਛੁਡਾ ਸਕਿਆ।7। ਉਹਦੇ ਮੂੰਹ ਤੇ ਬਹੁਤ ਜੁੱਤੀਆਂ ਮਾਰੀਆਂ ਅਤੇ ਉਹਦੇ ਹੱਥ ਖਿੱਚ ਕੇ ਬੰਨ੍ਹ ਲਏ। ਉਹਨੂੰ ਜੇਹਲ
ਭੇਜ ਦਿੱਤਾ ਅਤੇ ਉਹ ਇਸਤ੍ਰੀ ਭੀ ਆ ਕੇ ਆਪਣੀ ਸੇਜ ਉਤੇ ਸੌਂ ਗਈ।8। ਇਸ ਤਰ੍ਹਾਂ ਇਹ ਨਾਟਕ ਖੇਡ ਕੇ ਰਾਜਾ ਦੌੜ ਆਇਆ ਅਤੇ ਜੇਹਲ ਵਿੱਚ ਉਸ ਇਸਤ੍ਰੀ ਦਾ ਭਰਾ ਭੇਜ ਦਿੱਤਾ
ਗਿਆ। ਕੋਈ ਭੀ ਸੇਵਕ ਇਸ ਭੇਦ ਨੂੰ ਨਾ ਸਮਝ ਸਕਿਆ ਅਤੇ ਉਸ ਦੇ ਭਰਾ ਨੂੰ ਹੀ ਸਾਰਿਆਂ ਨੇ ਚੋਰ
ਠਹਿਰਾ ਦਿੱਤਾ।9।
ਚੋਰ ਕੀ ਬਾਤ ਸੁਨਕਰ ਰਾਜਾ ਡਰਕਰ
ਉਠਾ ਔਰ ਜੁਤਾ ਭੀ ਭੁਲਕਰ ਭਾਗਨੇ ਲਗਾ।1। ਚੋਰ ਕੀ ਪੁਕਾਰ ਸੁਨਕਰ ਸਭੀ ਜਗ ਗਏ ਔਰ ਲੋਗੋਂ ਨੇ ਰਾਜਾ
ਕੋ ਭਾਗਨੇ ਨਹੀਂ ਦਿਆ ਤਥਾ ਪਾਚ-ਸਾਤ ਕਦਮ ਕੇ ਬਾਦ ਹੀ ਉਸੇ ਜਾ ਮਿਲੇ।2। ਚੋਰ ਕੀ ਪੁਕਾਰ ਸੁਨਕਰ ਸਭੀ
ਭਾਗੇ ਔਰ ਉਸ ਰਾਜਾ ਕੇ ਖਿਲਾਫ ਤਲਵਾਰੇ ਨਿਕਾਲ ਲੀ। ਵੇ ਲੋਕ ਚਿਲਾਨੇ ਲਗੇ ਕਿ ਜਾਨੇ
ਨਹੀਂ ਦੇਗੇ ਔਰ ਹੇ ਤਸਕਰ! ਤੁਮੇਂ ਯਮਲੋਕ ਭੇਜੇਂਗੇ।3। ਆਗੇ ਪੀਛੇ, ਦਾਏ ਬਾਏ ਸਭੀ ਦਿਸ਼ਾਓ ਸੇ ਉਸੇ
ਘੇਰ ਲਿਆ। ਰਾਜਾ ਨੇ ਯਤਨ ਤੋਂ ਕੀਆ ਪਰ ਭਾਗਨੇ ਕੇ ਲੀਏ ਕੋਈ ਰਾਸਤਾ ਨਹੀਂ ਬਚਾ॥4॥ ਲੋਗੋ ਨੇ ਹਾਥ ਪਕੜ ਕਰ ਉਸਕੀ ਦਾੜੀ ਪਕੜ ਲੀ ਔਰ ਉਸਕੀ ਪਗੜੀ ਉਤਾਰ ਲੀ। ਉਸੇ ਚੋਰ ਚੋਰ ਕਹ ਕਰ
ਦੋ ਤੀਨ ਡੰਡੇ ਮਾਰਕਰ ਪਕੜ ਲੀਆ॥5॥ ਡੰਡਾ ਲਗਨੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੂਰਸ਼ਤ ਹੋ ਗਿਆ। ਲੋਗੋ ਮੇਂ ਕੋਈ ਭੀ ਰਹਸਯ ਕੋ
ਨ ਸਮਝਾ ਔਰ ਉਨੇ ਰਾਜਾ ਕੇ ਹਾਥ ਬਾਂਧ ਲੀਏ॥6॥ ਲਾਤ ਔਰ ਮੁਕੇ ਚਲਨੇ ਲਗੇ ਤਥਾ ਅਨਿਆਂ ਸ਼ਿਸ਼ ਵੀ ਆ ਪਹੁਚੇ। ਇਸਤ੍ਰੀ ਭਾਈ-ਭਾਈ ਚਿਲਾ ਰਹੀ
ਥੀ। (ਤੋ ਲੋਗੋ ਨੇ ਸਮਝਾ ਕਿ ਉਸ ਕੇ ਭਾਈ ਨੇ
ਚੋਰੀ ਕੀ ਹੈ ਅੰਤ: ਉਸਕੇ ਬਾਈ ਨਕੋ ਪਕੜ ਲਿਆ) ਔਰ ਉਸੇ ਕੋਈ ਨਾ ਛੁਡਾ ਸਕਾ।7। ਉਸ ਕੇ ਮੁਹ ਪਰ ਬਹੁਤ ਸੇ ਜੁਤੇ ਮਾਰੇ ਗਏ ਅਰ ਉਸਕੇ ਹਾਥ ਬਾਧ ਲਿਏ ਗਏ। ਉਸੇ ਬੰਦੀ ਗ੍ਰਿਹ ਭੇਜ ਦਿਆ ਔਰ
ਵਹ ਇਸਤ੍ਰੀ ਭੀ ਅੰਤਤ ਅਪਨੇ ਪਲੰਗ ਪਰ ਸੋ ਗਈ।8। ਇਸ ਪ੍ਰਕਾਰ ਜਹ ਪ੍ਰਪੰਚ ਖੇਲਕਰ ਰਾਜਾ ਭਾਗ ਕਰ ਆ ਗਯਾ। ਔਰ ਬੰਦੀ ਗ੍ਰਿਹ ਮੇਂ ਉਸ ਇਸਤ੍ਰੀ ਕਾ ਬਾਈ ਭੇਜ ਦਿਆ ਗਯਾ। ਔਰ ਕੋਈ ਸ਼ਿਸ਼ ਰਹਸਯ ਕੋ ਨਾ ਜਾਨ
ਸਕਾ। ਔਰ ਉਸ ਕੇ ਬਾਈ ਕੋ ਹੀ ਸਬਨੇ ਚੋਰ ਠਹਰਾ ਦਿਆ।9।
ਪਹਿਲੇ ਚਾਰ ਛੰਦਾਂ ਦੇ ਅਰਥ ਤਾਂ
ਤਿੰਨਾਂ ਵਿਦਵਾਨਾਂ ਨੇ ਤਕਰੀਬਨ ਇਕੋ ਜੇਹੇ ਹੀ
ਕੀਤੇ ਹਨ। ਪੰਜਵੇਂ ਛੰਦ ਵਿਚ, ਡਾ ਰਤਨ ਸਿੰਘ ਜੱਗੀ ਮੁਤਾਬਕ “ਉਸ (ਦੇ ਭਰਾ) ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ
ਲਈ”। ਪੰਡਿਤ ਨਰੈਣ ਸਿੰਘ ਮੁਤਾਬਕ “ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ ਉਹਦੀ ਪੱਗ ਵੀ
ਲਾਹ ਦਿੱਤੀ”। ਡਾ ਜੋਧ ਸਿੰਘ ਮੁਤਾਬਕ, “ ਲੋਗੋ ਨੇ ਹਾਥ ਪਕੜ ਕਰ ਉਸਕੀ ਦਾੜੀ ਪਕੜ ਲੀ ਔਰ ਉਸਕੀ ਪਗੜੀ ਉਤਾਰ ਲੀ”। ਡਾ ਜੱਗੀ ‘ਉਸ’ ਦੇ ਅਰਥ ਇਸਤ੍ਰੀ ਦਾ ਭਰਾ ਕਰਦਾ ਹੈ। ਨਰੈਣ ਸਿੰਘ ਅਤੇ ਡਾ ਜੋਧ ਸਿੰਘ ‘ਉਹਦੀ ਅਤੇ ‘ਉਸਕੀ’ ਹੀ ਲਿਖਦੇ ਹਨ। ਉਹ ਕੌਣ ਹੈ? ਇਹ ਨਹੀ ਦੱਸਦੇ। ਪਰ ਦੋਵੇਂ ਹੀ ਅਰਥ ਬਹੁ ਬਚਨ ‘ਲੋਕਾਂ ਨੇ’ ਅਤੇ ‘ਲੋਗੋ ਨੇ’ ਕਰਦੇ ਹਨ। ਜਦੋਂ ਕਿ ਰਾਜਾ ਇਕ ਬਚਨ ਹੈ। ਛੇਵੇਂ ਛੰਦ ਦੇ ਅਰਥ ਡਾ ਜੱਗੀ
ਤਾਂ, “ਸੋਟੇ ਵਜਣ ਨਾਲ (ਉਹ) ਬੇਹੋਸ਼
ਹੋ ਕੇ ਧਰਤੀ ਉਤੇ ਡਿਗ ਪਿਆ। ਕਿਸੇ ਵਿਅਕਤੀ ਨੇ ਵੀ ਭੇਦ ਨ ਸਮਝਿਆ ਅਤੇ (ਉਸ ਦੀਆਂ) ਮੁਸ਼ਕਾਂ ਕਸ ਦਿੱਤੀਆਂ” ਕਰਦਾ ਹੈ। ਜਦੋਂ ਕਿ ਨਰੈਣ ਸਿੰਘ ਇਸੇ
ਪੰਗਤੀ ਦੇ ਅਰਥ “ਸੋਟੇ ਲਗਣ ਨਾਲ ਰਾਜਾ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼
ਹੋ ਗਿਆ। ਲੋਕਾਂ ਨੇ ਕਿਸੇ ਭੀ ਭੇਦ ਨੂੰ ਨਾ ਸਮਝਿਆ ਅਤੇ ਉਹਨਾਂ ਨੇ ਰਾਜੇ ਦੇ ਹੱਥ ਬੰਨ੍ਹ ਦਿੱਤੇ”
ਕਰਦਾ ਹੈ। ਡਾ ਜੋਧ ਸਿੰਘ ਵੀ ਇਸ ਪੰਗਤੀ ਦੇ ਅਰਥ, “ਡੰਡਾ ਲਗਨੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੂਰਸ਼ਤ ਹੋ ਗਿਆ। ਲੋਗੋ ਮੇਂ ਕੋਈ ਭੀ ਰਹਸਯ
ਕੋ ਨ ਸਮਝਾ ਔਰ ਉਨੇ ਰਾਜਾ ਕੇ ਹਾਥ ਬਾਂਧ ਲੀਏ”, ਲਿਖਦੇ ਹਨ। ਭਾਵੇਂ ਡਾ ਰਤਨ ਸਿੰਘ ਜੱਗੀ
ਪੰਜਵੇਂ ਅਤੇ ਛੇਵੇਂ ਛੰਦਾਂ ਦੇ ਅਰਥ ਗੋਲ-ਮੋਲ ਕਰਦਾ ਹੈ, ਪਰ ਗਿਆਨੀ ਨਰੈਣ ਸਿੰਘ ਅਤੇ
ਡਾ: ਜੋਧ ਸਿੰਘ ਬੜੇ ਸਪੱਸ਼ਟ ਸ਼ਬਦਾਂ ਵਿੱਚ ਲਿਖਦੇ ਹਨ ਕਿ ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ
ਅਤੇ ਉਹਦੀ ਪੱਗ ਵੀ ਲਾਹ ਦਿੱਤੀ। ਉਹਨੂੰ ਚੋਰ-ਚੋਰ ਆਖ ਕੇ ਦੋ-ਤਿੰਨ ਸੋਟੇ ਮਾਰਕੇ ਫੜ ਲਿਆ।5। ਸੋਟੇ ਲਗਣ ਨਾਲ ਰਾਜਾ ਧਰਤੀ ਤੇ
ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਲੋਕਾਂ ਨੇ ਕਿਸੇ ਭੀ ਭੇਦ ਨੂੰ ਨਾ ਸਮਝਿਆ ਅਤੇ ਉਹਨਾਂ ਨੇ ਰਾਜੇ
ਦੇ ਹੱਥ ਬੰਨ੍ਹ ਦਿੱਤੇ।6।
ਡਾ ਹਰਭਜਨ ਸਿੰਘ,
ਕਹਾਣੀ ਦੇ ਇਸ ਹਿਸੇ ਨੂੰ ਸੰਖੇਪ ਵਿਚ ਲਿਖਦਾ ਹੈ, “ਰਾਜੇ ਅਤੇ ਅਨੂਪ ਕੌਰ ਦੇ ਵਾਰਤਾਲਾਪ ਦੇ ਕੀਮਤੀ ਅੰਸ਼ ਮੈਂ
ਮਗਰੋਂ ਪ੍ਰਸਤੁਤ ਕਰਾਂਗਾ। ਰਾਜੇ ਦਾ ਹਠ ਵੇਖ ਕੇ ਉਸ ਇਸਤ੍ਰੀ ਨੇ ਡਰਾਉਣ ਵਾਸਤੇ ਚੋਰ-ਚੋਰ ਕਹਿ ਕੇ
ਸ਼ੋਰ ਮਚਾਇਆ। ਉਸ ਇਸਤ੍ਰੀ ਦੇ ਸੇਵਕ ਅਤੇ ਆਸ-ਪਾਸ ਦੇ ਲੋਕ ਜਾਗ ਪਏ ਅਤੇ ਉਨ੍ਹਾਂ ਨੇ ਰਾਜੇ ਨੂੰ
ਚਾਰੇ ਪਾਸਿਓਂ ਘੇਰ ਲਿਆ। ਉਨ੍ਹਾਂ ਵਿਚੋਂ ਕੁਝ ਨੇ ਤਲਵਾਰਾਂ ਸੂਤ ਲਈਆਂ ਅਤੇ ਲਲਕਾਰ ਕੇ ਕਿਹਾ
“ਤੈਨੂੰ ਭਜਣ ਨਹੀਂ ਦੇਵਾਂਗੇ।” ਜਦੋਂ ਘਿਰੇ ਹੋਏ ਰਾਜੇ ਨੂੰ ਬਚਾਓ
ਦਾ ਕੋਈ ਤਰੀਕਾ ਨਾ ਦਿਸਿਆ, ਤਾਂ ਉਸ ਨੇ ਅਨੂਪ ਕੌਰ ਦੇ ਭਾਈ
ਦੇ ਸਿਰ ਉਤੋਂ ਪਗੜੀ ਲਾਹ ਦਿੱਤੀ ਅਤੇ ਉਸ ਨੂੰ ਪਕੜ ਕੇ ਸ਼ੋਰ ਮਚਾਇਆ ਕਿ ਚੋਰ ਇਹ ਹੈ। ਲੋਕਾਂ ਨੇ
ਉਸ ਨੂੰ ਚੋਰ ਜਾਣ ਕੇ ਪਕੜ ਲਿਆ ਅਤੇ ਮਾਰ-ਕੁਟਾਈ ਕਰ ਕੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਉਸ ਨੂੰ ਜੇਲ੍ਹ ਭੇਜ ਦਿੱਤਾ”।
ਡਾ ਜੋਧ ਸਿੰਘ ਅਤੇ ਪੰਡਿਤ ਨਰੈਣ
ਸਿੰਘ ਬੜੇ ਸਪੱਸ਼ਟ ਸ਼ਬਦਾਂ ਵਿੱਚ ਲਿਖਦੇ ਹਨ ਕਿ ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ
ਉਹਦੀ ਪੱਗ ਵੀ ਲਾਹ ਦਿੱਤੀ। ਸੋਟੇ ਲਗਣ ਨਾਲ ਰਾਜਾ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ ਅਤੇ ਉਹਨਾਂ ਨੇ ਰਾਜੇ ਦੇ
ਹੱਥ ਬੰਨ੍ਹ ਦਿੱਤੇ। ਡਾ ਰਤਨ ਸਿੰਘ ਜੱਗੀ ਅਤੇ ਡਾ ਹਰਭਜਨ ਸਿੰਘ ਵੀ ਮੰਨਦੇ ਹਨ
ਕਿ ਜੁੱਤੀ ਅਤੇ ਚਾਦਰ ਛੱਡ ਕੇ ਭਜਦਾ ਤਾਂ ਰਾਜਾ ਹੀ ਹੈ ਅਤੇ ਲੋਕਾਂ ਵੱਲੋਂ ਘੇਰਿਆ ਵੀ ਰਾਜੇ ਨੂੰ
ਹੀ ਜਾਂਦਾ ਹੈ। ਪਰ ਅੱਗੋਂ ਕਹਾਣੀ ਨੂੰ ਹੋਰ ਮੋੜ ਦੇ ਦਿੰਦੇ ਹਨ। ਦਾੜ੍ਹੀ ਕਿਸ ਦੀ ਫੜੀ ਗਈ, ਪੱਗ ਕਿਸ ਦੀ ਉਤਾਰੀ ਗਈ? ਜੇ ਅਸੀਂ ਇਸ ਵਿਵਾਦ ਵਿੱਚ ਨਾ ਵੀ ਪਈਏ ਤਾਂ ਵੀ ਇਹ ਤਾਂ ਸਪੱਸ਼ਟ ਹੈ ਕਿ ਕਹਿਲੂਰ ਰਿਆਸਤ ਵਿੱਚ ਨੈਣਾਂ ਦੇਵੀ ਦੇ ਨੇੜੇ, ਸਤਲੁਜ ਨਦੀ ਕੰਢੇ ਵਸੇ ਆਨੰਦਪੁਰ ਦਾ ਰਾਜਾ ਭੇਸ ਬਦਲ ਕੇ (ਚਲਿਯੋ ਧਾਰਿ ਆਤੀਤ ਕੋ ਭੇਸ ਰਾਈ) ਨੂਪ ਕੌਰ ਦੇ ਘਰ ਗਿਆ ਹੈ। ਜੋ ਅੱਗੇ ਘਟਨਾ ਵਾਪਰਦੀ ਹੈ, ਉਸ ਦਾ ਡਾ ਹਰਭਜਨ ਸਿੰਘ ਨੇ ਬਹੁਤ ਹੀ ਰੌਚਿਕਤਾ ਭਰਪੂਰ, ਸਵਾਲ–ਜਵਾਬ ਦੇ ਰੂਪ ਵਿਚ ਸ਼ਬਦ ਚਿੱਤਰ ਉੱਕਰਿਆ ਹੈ, ਕਰੋ ਦਰਸ਼ਨ!
ਅਨੂਪ ਕੌਰ: ਮੈਂ ਸ਼ਿਵ ਦੇ ਵੈਰੀ ਕਾਮਦੇਵ ਤੋਂ ਪੀੜਿਤ ਹਾਂ।
ਤੁਹਾਡੇ ਤੋਂ ਵਿਕ ਚੁਕੀ ਹਾਂ। ਮੇਰੇ ਨਾਲ ਕਾਮ-ਭੋਗ ਕਰੋ। ਪੂਜਣ ਯੋਗ ਹੋ ਗਏ ਤਾਂ ਕੀ ਹੋਇਆ? ਧਨਵਾਨ (ਗੁਣਵੰਤ) ਹੋ,
ਤਾਂ ਨਿਰਧਨਾਂ (ਔਗੁਣਵੰਤਿਆਂ) ਨੂੰ ਕਿਉਂ ਸਤਾਉਂਦੇ ਹੋ? ਇਹ ਠੀਕ ਹੈ, ਤੁਸੀਂ ਰੂਪਵੰਤ ਹੋ, ਪਰ
ਅਭਿਮਾਨ ਕਿਉਂ ਕਰਦੇ ਹੋ? ਧਨ, ਜੋਬਨ ਆਖ਼ਿਰ
ਚਾਰ ਦਿਨਾਂ ਦਾ ਪ੍ਰਾਹੁਣਾ ਹੈ।
ਗੁਰੂ ਜੀ: ਧਰਮ-ਕਰਮ ਨਾਲ ਪਵਿਤ੍ਰ ਜੀਵਨ ਮਿਲਦਾ ਹੈ। ਧਰਮ ਤੋਂ ਹੀ ਸੁੰਦਰਤਾ ਮਿਲਦੀ ਹੈ। ਧਨ-ਧਾਮ ਧਰਮ ਤੋਂ ਮਿਲਦੇ ਹਨ। ਧਰਮ ਹੀ ਰਾਜ ਦੀ ਸ਼ੋਭਾ ਹੈ। ਤੇਰਾ ਕਿਹਾ ਮੰਨ ਕੇ ਧਰਮ ਦਾ ਤਿਆਗ ਕਿਉਂ ਕਰਾਂ? ਕਿਉਂ ਇਸ ਪਵਿਤ੍ਰ ਕਾਇਆ ਨੂੰ (ਕਾਮ ਦੇ) ਨਰਕ ਵਿੱਚ ਸੁੱਟਾਂ। ਤੇਰਾ ਕਿਹਾ ਮੰਨ ਕੇ ਕਦੇ ਕਾਮ-ਭੋਗ ਨਹੀਂ ਕਰਾਂਗਾ। ਮੈਂ ਆਪਣੀ ਕੁਲ ਨੂੰ ਕਿਉਂ ਦਾਗ਼ ਲਗਾਵਾਂ? ਮੈਂ ਵਿਆਹੁਤਾ ਪਤਨੀ ਨੂੰ ਤਿਆਗ ਕੇ ਤੇਰੇ ਨਾਲ ਕਦੇ ਵੀ ਭੋਗ ਨਹੀਂ ਕਰਾਂਗਾ। ਭੋਗ-ਵਿਲਾਸ ਕਰ ਕੇ ਮੈਂ ਧਰਮਰਾਜ ਦੀ ਸਭਾ ਵਿੱਚ ਕਿਵੇਂ ਸ਼ੋਭਾ ਪਾ ਸਕਾਂਗਾ?
ਗੁਰੂ ਜੀ: ਧਰਮ-ਕਰਮ ਨਾਲ ਪਵਿਤ੍ਰ ਜੀਵਨ ਮਿਲਦਾ ਹੈ। ਧਰਮ ਤੋਂ ਹੀ ਸੁੰਦਰਤਾ ਮਿਲਦੀ ਹੈ। ਧਨ-ਧਾਮ ਧਰਮ ਤੋਂ ਮਿਲਦੇ ਹਨ। ਧਰਮ ਹੀ ਰਾਜ ਦੀ ਸ਼ੋਭਾ ਹੈ। ਤੇਰਾ ਕਿਹਾ ਮੰਨ ਕੇ ਧਰਮ ਦਾ ਤਿਆਗ ਕਿਉਂ ਕਰਾਂ? ਕਿਉਂ ਇਸ ਪਵਿਤ੍ਰ ਕਾਇਆ ਨੂੰ (ਕਾਮ ਦੇ) ਨਰਕ ਵਿੱਚ ਸੁੱਟਾਂ। ਤੇਰਾ ਕਿਹਾ ਮੰਨ ਕੇ ਕਦੇ ਕਾਮ-ਭੋਗ ਨਹੀਂ ਕਰਾਂਗਾ। ਮੈਂ ਆਪਣੀ ਕੁਲ ਨੂੰ ਕਿਉਂ ਦਾਗ਼ ਲਗਾਵਾਂ? ਮੈਂ ਵਿਆਹੁਤਾ ਪਤਨੀ ਨੂੰ ਤਿਆਗ ਕੇ ਤੇਰੇ ਨਾਲ ਕਦੇ ਵੀ ਭੋਗ ਨਹੀਂ ਕਰਾਂਗਾ। ਭੋਗ-ਵਿਲਾਸ ਕਰ ਕੇ ਮੈਂ ਧਰਮਰਾਜ ਦੀ ਸਭਾ ਵਿੱਚ ਕਿਵੇਂ ਸ਼ੋਭਾ ਪਾ ਸਕਾਂਗਾ?
ਅਨੂਪ ਕੌਰ: ਕਾਮਤੁਰ ਇਸਤ੍ਰੀ ਜੇ ਮਰਦ ਕੋਲ ਜਾਵੇ। ਉਹ ਉਸ
ਨੂੰ ਨਿਰਾਸ਼ ਜਾਣ ਦੇਵੇ, ਤਾਂ ਉਸ ਨੂੰ ਮਹਾਨ ਨਰਕ ਵਿੱਚ ਹੀ ਸੁੱਟਣਾ ਚਾਹੀਦਾ ਹੈ।
ਗੁਰੂ ਜੀ: ਤੂੰ ਹਮੇਸ਼ਾ ਮੇਰੇ ਪੈਰੀਂ ਪੈਂਦੀ ਹੈਂ, ਮੇਰੀ ਪੂਜਾ ਕਰਦੀ ਹੈਂ। ਮੇਰੇ
ਨਾਲ ਭੋਗ ਕਰਦਿਆਂ ਤੈਨੂੰ ਸ਼ਰਮ ਨਹੀਂ ਆਵੇਗੀ।
ਅਨੂਪ ਕੌਰ: ਸ਼੍ਰੀ ਕ੍ਰਿਸ਼ਨ ਵੀ ਜਗਤ ਵਿੱਚ ਪੂਜੇ ਜਾਂਦੇ ਸਨ, ਫਿਰ ਵੀ ਰਾਸ-ਲੀਲਾ ਰਚਦੇ ਸਨ।
ਰਾਧਾ ਨਾਲ ਭੋਗ ਕਰ ਕੇ, ਉਹ ਤਾਂ ਨਹੀਂ ਨਰਕ ਵਿੱਚ ਚਲੇ ਗਏ। ਰੱਬ ਨੇ
ਇਨਸਾਨ ਦੀ ਦੇਹੀ ਪੰਜ ਤਤਾਂ ਤੋਂ ਬਣਾਈ ਹੈ। ਕਾਮ-ਭੋਗਣ ਨਾਲ ਕੀ ਫ਼ਰਕ ਪੈਂਦਾ ਹੈ? ਇਸਤ੍ਰੀ-ਪੁਰੁਖ ਦੀ ਪ੍ਰੀਤ ਉਸੇ ਨੇ ਬਣਾਈ ਹੈ। ਮੇਰੇ ਸਰੀਰ ਵਿੱਚ ਕਾਮ-ਅਗਨੀ ਹੈ,
ਉਸ ਨੂੰ ਤ੍ਰਿਪਤ ਕਰੋ। ਤੁਹਾਡੇ ਸੰਜੋਗ ਬਿਨਾ ਮੈਂ ਵਿਜੋਗ ਵਿੱਚ ਸੜ ਮਰਾਂਗੀ।
ਗੁਰੂ ਜੀ: ਹੇ ਜੋਬਨਵੰਤੀ! ਮਨ ਵਿੱਚ ਧੀਰਜ ਕਰ, ਕਾਮਦੇਵ ਤੇਰਾ ਕੀ ਵਿਗਾੜੇਗਾ?
ਮਨ ਵਿੱਚ ਮਹਾ ਰੁਦ੍ਰ (ਪ੍ਰਭੂ) ਦਾ ਧਿਆਨ ਕਰ, ਤੇਰਾ
ਕਾਮ ਦਾ ਸੰਤਾਪ ਨਸ਼ਟ ਹੋ ਜਾਵੇਗਾ। ਮੈਂ ਆਪਣੀ ਧਰਮ-ਪਤਨੀ ਤਿਆਗ ਕੇ ਨਾ ਤੈਨੂੰ ਪ੍ਰਣਾਵਾਂਗਾ,
ਨਾ ਤੇਰੇ ਨਾਲ ਪ੍ਰੀਤ ਸਹਿਤ ਭੋਗ ਕਰਾਂਗਾ। ਤੇਰਾ ਕਿਹਾ ਮੰਨ ਕੇ ਕਾਮ-ਭੋਗ ਕਿਉਂ
ਕਰਾਂ? ਕਿਉਂ ਨਰਕ ਵਿੱਚ ਜਾਵਾਂ? ਮੈਂ ਧਰਮ ਦੇ
ਵੈਰੀ ਕਾਮ ਨੂੰ ਕਦੇ ਗ੍ਰਹਿਣ ਨਹੀਂ ਕਰ ਸਕਦਾ। ਕਾਮ ਵਿੱਚ (ਦੁਨੀਆਂ ਅੰਦਰ) ਮੇਰੇ ਅਪਜਸ ਦੀ ਕਥਾ
ਚਲ ਪਵੇਗੀ। ਮੈਂ ਲੋਕਾਂ ਨੂੰ ਮੂੰਹ ਕਿਵੇਂ ਵਿਖਾਵਾਂਗਾ? ਧਰਮ ਰਾਜ ਨੂੰ
ਜਵਾਬ ਕਿਵੇਂ ਦੇਵਾਂਗਾ? ਹੇ ਸੁੰਦਰੀ! ਮੇਰੇ ਨਾਲ ਇਸ਼ਕ ਦੇ ਵਿਚਾਰ ਛਡ
ਦੇ। ਜੋ ਤੂੰ ਕਹਿ ਦਿਤਾ ਸੋ ਕਹਿ ਦਿਤਾ, ਫਿਰ ਅਜਿਹਾ ਕਹਿਣ ਦਾ ਕਦੇ
ਸਾਹਸ ਨਾ ਕਰਨਾ।
ਅਨੂਪ ਕੌਰ: ਹੇ ਪ੍ਰੀਤਮ! ਮੇਰੇ ਨਾਲ ਭੋਗ ਕਰ ਕੇ ਨਰਕ
ਵਿੱਚ ਨਹੀਂ ਜਾਓਗੇ। ਤੁਸੀਂ ਮਨ ਵਿਚੋਂ ਇਹ ਡਰ ਤਿਆਗ ਦਿਓ। ਲੋਕ ਤੁਹਾਡੀ ਨਿੰਦਾ ਨਹੀਂ ਕਰ ਸਕਦੇ, ਉਹ ਤੁਹਾਡੇ ਤੋਂ ਡਰਦੇ ਹਨ।
ਫਿਰ ਜੇ ਕਿਸੇ ਨੂੰ ਪਤਾ ਲਗੇਗਾ, ਤਾਂ ਹੀ ਨਿੰਦਾ ਕਰੇਗਾ। ਜੇ ਕੋਈ ਜਾਣ
ਵੀ ਲਵੇ, ਤੁਹਾਡੇ ਤੋਂ ਡਰ ਕੇ ਚੁਪ ਰਹੇਗਾ। ਭੋਗ ਨਾ ਕਰੋਗੇ, ਤਾਂ ਲੱਤ ਹੇਠੋਂ ਨਿਕਲਣਾ ਹੋਵੇਗਾ।
ਗੁਰੂ ਜੀ: ਲੱਤਾਂ ਹੇਠੋਂ ਉਹ ਨਿਕਲੇਗਾ, ਜੋ ਕਾਮ ਦੇ ਅਸਮਰਥ ਹੋਵੇ।
ਨਪੁੰਸਕ ਹੋਵੇ। ਮੈਂ ਧਰਮ ਦਾ ਬੰਨ੍ਹਿਆ, ਲੋਕ ਮਰਯਾਦਾ ਦਾ ਬੰਨ੍ਹਿਆ
ਕਾਮ-ਭੋਗ ਤੋਂ ਨਿਰਲਿਪਤ ਰਹਿੰਦਾ ਹਾਂ। ਕਿਸੇ ਸਰੀਰਿਕ ਹੀਣਤਾ ਕਾਰਨ ਨਹੀਂ॥
ਅਨੂਪ ਕੌਰ: ਤੁਸੀਂ ਅਨੇਕ ਯਤਨ ਕਰ ਕੇ ਵੀ ਇਥੋਂ
ਭੋਗ-ਵਿਲਾਸ ਕੀਤੇ ਬਿਨਾ ਜਾ ਨਹੀਂ ਸਕਦੇ। ਅਜ ਰਾਤ ਕਾਮ-ਕ੍ਰੀੜਾ ਕਰਨੀ ਹੋਵੇਗੀ। ਤੁਹਾਡੇ ਲਈ ਮੈਂ
ਕਾਸ਼ੀ ਵਿੱਚ ਆਰੇ ਨਾਲ ਚੀਰੇ ਜਾਣ ਵਾਸਤੇ ਤਿਆਰ ਹਾਂ। ਧਰਮਰਾਜ ਦੀ ਸਭਾ ਵਿੱਚ ਡਟ ਕੇ ਉਤਰ ਦੇ ਸਕਦੀ
ਹਾਂ। ਅਜ ਦੀ ਰਾਤ ਮੈਂ ਰੁਚੀ ਪੂਰਵਕ ਤੁਹਾਡੇ ਨਾਲ ਕਾਮ-ਆਨੰਦ ਮਾਣਾਂਗੀ। ਤੁਹਾਡੇ ਸੰਜੋਗ ਨਾਲ ਮੈਂ
ਅਜ ਸ਼ਿਵ ਦੇ ਵੈਰੀ ਕਾਮਦੇਵ ਦਾ ਅਹੰਕਾਰ ਤੋੜ ਦੇਵਾਂਗੀ।
ਗੁਰੂ ਜੀ: ਪਹਿਲਾਂ ਤਾਂ ਅਕਾਲ-ਪੁਰੁਖ ਨੇ ਮੈਨੂੰ ਖਤਰੀਆਂ
ਦੀ ਸ਼੍ਰੇਸ਼ਠ ਕੁਲ ਵਿੱਚ ਪੈਦਾ ਕੀਤਾ ਹੈ। ਫਿਰ (ਗੁਰੁਗਦੀ ਤੇ ਵਿਰਾਜਮਾਨ ਕਰ ਕੇ) ਸਾਡੀ ਕੁਲ ਨੂੰ
ਜਗਤ ਵਿੱਚ ਸਨਮਾਨ ਦਿਤਾ ਹੈ। ਮੈਂ ਸਾਰਿਆਂ ਵਿੱਚ ਬੈਠ ਕੇ ਪੂਜਣਯੋਗ ਅਖਵਾਉਂਦਾ ਹਾਂ। ਤੇਰੇ ਨਾਲ
ਕਾਮ ਭੋਗ ਕੇ ਨੀਚ ਕੁਲ ਵਿੱਚ ਜਾਵਾਂਗਾ।
ਅਨੂਪ ਕੌਰ: ਜਨਮ ਦੀ ਕੀ ਗੱਲ ਹੈ? ਜਨਮ ਤਾਂ ਤੁਹਾਡੇ ਹੀ ਅਧੀਨ
ਹਨ। ਜੇ ਅਜ ਮੇਰਾ ਸੰਗ ਨਾ ਕਰੋਗੇ, ਤਾਂ ਮੈਂ ਆਪਣੀ ਬਦਨਸੀਬੀ ਸਮਝਾਂਗੀ।
ਤੁਹਾਡੇ ਵਿਜੋਗ ਵਿੱਚ ਸੜ ਮਰਾਂਗੀ, ਜ਼ਹਿਰ ਪੀ ਲਵਾਂਗੀ। ਮੇਰੇ ਨਾਲ
ਸੰਜੋਗ ਕਰੋ, ਤਾਂ ਕਿ ਦਿਲ ਦਾ ਰੋਗ ਦੂਰ ਹੋਵੇ। ਤੁਹਾਡਾ ਸੰਗ ਨਹੀਂ ਮਿਲ
ਰਿਹਾ, ਮੇਰੀ ਕਾਮ-ਅਗਨੀ ਭੜਕ ਰਹੀ ਹੈ।
ਗੁਰੂ ਜੀ: ਭਾਂਵੇਂ ਤੂੰ ਕਿਤਨੀ ਕਾਮਾਤੁਰ ਹੋ ਜਾਵੇਂ? ਮੈਂ ਇਹ ਪਾਪ ਨਹੀਂ ਕਰਾਂਗਾ।
ਅਨੂਪ ਕੌਰ: ਪਰਮੇਸ਼ਰ ਨੇ ਤੁਹਾਨੂੰ ਜਵਾਨੀ ਦਿਤੀ ਹੈ। ਮੈ
ਵੀ ਜਵਾਨ ਹਾਂ। ਤੁਹਾਡੀ ਜਵਾਨੀ ਅਤੇ ਸੁੰਦਰਤਾ ਨੇ ਮਨ ਵਿੱਚ ਅਗ ਲਾ ਦਿਤੀ ਹੈ। ਸਭ ਸ਼ੰਕੇ ਛਡ ਕੇ
ਮੇਰਾ ਸੰਗ ਮਾਣੋ।
ਗੁਰੂ ਜੀ: ਜੋ ਸੁੰਦਰੀ ਮੈਨੂੰ ਪੂਜਣ ਯੋਗ ਮੰਨ ਕੇ ਮੇਰੇ
ਦਰਬਾਰ ਵਿੱਚ ਆਉਂਦੀ ਹੈ, ਉਹ ਮੇਰੀ ਪੁਤਰੀ ਸਮਾਨ ਹੈ। ਕਾਮ-ਅੰਧੀਨ ਇਸਤ੍ਰੀ ਦੀ ਪ੍ਰੀਤ ਝੂਠੀ ਹੈ, ਕਦੇ ਓੜਕ ਨਹੀਂ ਨਿਭਦੀ। ਇੱਕ ਮਰਦ ਛਡਿਆ, ਦੂਜਾ ਗ੍ਰਹਿਣ ਕਰ
ਲਿਆ। ਇਹ ਕਾਹਦੀ ਪ੍ਰੀਤ ਹੈ, ਕੇਵਲ ਨੰਗਾ ਸਰੀਰ ਦੂਜੇ ਦੇ ਹਵਾਲੇ ਕਰਨ
ਵਾਲਾ ਕਰਮ ਹੈ।
ਅਨੂਪ ਕੌਰ: ਕੀ ਕਰਾਂ? ਕਾਮ ਤੋਂ ਕਿਵੇਂ ਬਚਾਂ? ਮਨ ਸ਼ਾਂਤ ਨਹੀਂ ਹੁੰਦਾ। ਤੈਨੂੰ ਮਾਰ ਕੇ ਕਿਵੇਂ ਜੀਵਾਂ? ਤੇਰੇ ਬੋਲ ਬਹੁਤ ਰਸੀਲੇ ਲਗਦੇ ਹਨ।
ਗੁਰੂ ਜੀ: ਹੇ ਇਸਤ੍ਰੀ! ਤੇਰਾ ਰੂਪ ਧੰਨ ਹੈ। ਤੇਰੇ
ਜਨਮ-ਦਾਤੇ ਧੰਨ ਹਨ। ਤੇਰਾ ਦੇਸ਼ ਧੰਨ ਹੈ। ਧੰਨ ਹੈ ਉਹ, ਜਿਸ ਨੇ ਤੇਰੀ ਪਾਲਣਾ ਕੀਤੀ। ਤੇਰਾ ਮੁਖੜਾ ਧੰਨ ਹੈ, ਜਿਸ ਦੀ
ਸ਼ੋਭਾ ਵੇਖ ਕੇ ਕਮਲ, ਸੂਰਜ, ਚੰਦ੍ਰਮਾ ਅਤੇ
ਕਾਮਦੇਵ ਦਾ ਅਹੰਕਾਰ ਚੂਰ ਹੋ ਜਾਂਦਾ ਹੈ। ਤੇਰਾ ਸੁੰਦਰ ਸਰੀਰ ਸੌਭਾਗਸ਼ਾਲੀ ਹੈ। ਤੇਰੇ ਸੋਹਣੇ ਚੰਚਲ
ਨੈਣ ਸਜੀਲੇ ਹਨ। ਇਹ ਪੰਛੀਆਂ, ਹਿਰਣਾਂ, ਯਕਸ਼ਾਂ,
ਸਪਾਂ, ਦੈਤਾਂ, ਦੇਵਤਿਆਂ,
ਮੁਨੀਆਂ ਅਤੇ ਪੁਰਖਾਂ ਦਾ ਮਨ ਮੋਹ ਲੈਂਦੇ ਹਨ। ਸ਼ਿਵ ਅਤੇ ਬ੍ਰਹਮਾ ਦੇ ਚਾਰ ਪੁਤਰ
ਤੇਰੇ ਨੈਣਾਂ ਨੂੰ ਵੇਖ ਕੇ ਥਕ ਗਏ ਹਨ। ਪਰ ਮੈਂ ਹੈਰਾਨ ਹਾਂ ਕਿ ਮੇਰੇ ਹਿਰਦੇ ਵਿੱਚ ਨਹੀਂ ਚੁਭਦੇ।
ਅਨੂਪ ਕੌਰ: ਮੈਂ ਤੁਹਾਡੇ ਨਾਲ ਬਿਸਤਰ ਉਤੇ ਲੇਟ ਕੇ ਵੀ
ਕਿਸੇ ਨੂੰ ਕੁੱਝ ਨਹੀਂ ਦਸਾਂਗੀ। ਕਾਮ-ਲਿਪਤ ਹੋਇਆਂ ਸਾਰੀ ਰਾਤ ਇਉਂ ਪਲਾਂ ਵਿੱਚ ਗ਼ੁਜ਼ਰ ਜਾਵੇਗੀ।
ਇਸ ਭੋਗ ਦਾ ਸਵਾਦ ਇਤਨਾ ਵੀ ਫਿਕਾ ਨਹੀਂ ਹੁੰਦਾ। ਹੇ ਸਜਣੀ! ਜਾਗਣ ਤੇ ਲਾਜ ਲਗਦੀ ਹੈ। ਜਾਗਣ
ਨਾਲੋਂ ਬਸ ਅਜਿਹਾ ਸੌਣ ਹੀ ਚੰਗਾ ਹੈ। ਅਜ ਜਾਂ ਤੁਹਾਡਾ ਸੰਗ ਮਾਣਾਂਗੀ, ਜਾਂ ਜ਼ਹਿਰ ਖਾ ਕੇ ਮਰ
ਜਾਵਾਂਗੀ।
ਗੁਰੂ ਜੀ: ਤੇਰੇ ਨੈਣ ਤੀਰ ਵਰਗੇ ਹਨ, ਪਰ ਮੇਰਾ ਕਵਚ ਹਯਾ ਹੈ। ਤੇਰੇ
ਨੈਣ ਬਹੁਤ ਸਜੇ ਹਨ। ਵੇਖਦਿਆਂ ਹੀ ਗਿਆਨ ਹਰ ਲੈਂਦੇ ਹਨ। ਪਰ ਇਹ ਤੀਰ ਮੇਰੇ ਦਿਲ ਵਿੱਚ ਨਹੀਂ ਖੁਭ
ਸਕਦੇ। ਗਲਘੋਟੂ ਬੇਰਾਂ ਵਾਂਗ ਇਨ੍ਹਾਂ ਵਿੱਚ ਕੋਈ ਖਿਚ ਨਹੀਂ।
ਅਨੂਪ ਕੌਰ: ਤੁਹਾਡੇ ਤੋਂ ਤਾਂ ਬੇਰੀ ਹੀ ਧੰਨ ਹੈ। ਰਾਹੀਆਂ
ਨੂੰ ਬੇਰ ਖੁਆ ਕੇ ਘਰ ਜਾਣ ਦੇਂਦੀ ਹੈ।
ਗੁਰੂ ਜੀ: ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ, ਮੇਰੇ ਗੁਰੁਦੇਵ ਪਿਤਾ ਨੇ ਇਕੋ
ਪ੍ਰਤਿਗਿਆ ਦ੍ਰਿੜ੍ਹ ਕਰਵਾਈ ਹੈ ਕਿ ਜਦੋਂ ਤਕ ਸਰੀਰ ਵਿੱਚ ਪ੍ਰਾਣ ਹਨ, ਆਪਣੀ
ਇਸਤ੍ਰੀ ਨਾਲ ਪ੍ਰੀਤ ਵਧਾਉਂਦੇ ਰਹਿਣਾ, ਪਰ ਪਰਾਈ ਨਾਰੀ ਦੀ ਸੇਜ ਉਤੇ
ਸੁਪਨੇ ਵਿੱਚ ਵੀ ਨਾ ਜਾਣਾ। ਪਰਨਾਰੀ ਦੇ ਸੰਜੋਗ ਕਾਰਨ ਇੰਦ੍ਰ ਸਹਸ-ਭਗਾਂ ਦੇ ਨਿਸ਼ਾਨ ਨਾਲ ਕੁਰੂਪ
ਹੋਇਆ। ਪਰਨਾਰੀ ਦੇ ਸੰਗ ਕਾਰਨ ਚੰਦ੍ਰਮਾ ਕਲੰਕਿਤ ਹੋਇਆ। ਪਰਨਾਰੀ ਕਾਰਨ ਰਾਵਣ ਮਾਰਿਆ ਗਿਆ।
ਪਰਨਾਰੀ ਕਾਰਨ ਕੌਰਵਾਂ ਦੀ ਵਿਸ਼ਾਲ ਸੈਨਾ ਨਸ਼ਟ ਹੋ ਗਈ। ਪਰਨਾਰੀ ਦੀ ਪ੍ਰੀਤ ਤਿਖੀ ਛੁਰੀ ਸਮਝੋ।
ਪਰਨਾਰੀ ਦਾ ਸੰਗ ਸਰੀਰਿਕ ਮੌਤ ਸਮਝੋ। ਪਰਨਾਰੀ ਭੋਗਣ ਵਲਾ ਮਕਾਰ ਹੁੰਦਾ ਹੈ। ਉਹ ਚੰਡਾਲ ਹਥੋਂ
ਕੁਤੇ ਦੀ ਮੌਤ ਮਰਦਾ ਹੈ। ਮੇਰੇ ਪਿਤਾ ਨੇ ਕਿਹਾ ਸੀ- ਹੇ ਬਾਲਕ! ਸਾਡੇ ਕੋਲ ਦੂਰ ਦੇਸ਼ਾਂ ਤੋਂ ਨਾਰੀਆਂ
ਆਉਂਦੀਆਂ ਹਨ। ਸਾਨੂੰ ਗੁਰੂ ਜਾਣ ਕੇ, ਸੀਸ ਝੁਕਾ ਕੇ ਮਨ-ਬਾਂਛਤ ਵਰਦਾਨ ਪਾਉਂਦੀਆਂ ਹਨ। ਤੂੰ ਹਮੇਸ਼ਾ ਸਿਖਾਂ ਨੂੰ ਪੁਤਰ ਅਤੇ
ਇਸਤ੍ਰੀਆਂ ਨੂੰ ਪੁਤਰੀਆਂ ਸਮਝਣਾ। ਹੁਣ ਪਿਤਾ ਜੀ ਦੀ ਪੁਨੀਤ ਸਿਖਿਆ ਵਿਰੁਧ ਮੈਂ ਉਨ੍ਹਾਂ ਪੁਤਰੀਆਂ
ਨਾਲ ਕਿਵੇਂ ਕਾਮਭੋਗ ਕਰ ਸਕਦਾ ਹਾਂ?
ਅਨੂਪ ਕੌਰ: ਤੁਸੀਂ ਹਸਦੇ ਖੇਡਦੇ ਸੁਖ ਪੂਰਵਕ ਮੇਰੇ ਨਾਲ
ਆਨੰਦੇ ਮਾਣੋ, ਕਿਉਂ
ਅਜਾਈਂ ਰੋਸ ਕਰਦੇ ਹੋ? ਕਿਉਂ ਫ਼ਜ਼ੂਲ ਵਿਚਾਰਾਂ ਵਿੱਚ ਪਏ ਹੋ? ਮੇਰੀਆਂ ਅਖਾਂ ਨੀਵੀਆਂ ਹੋ ਗਈਆਂ ਹਨ? ਇਨ੍ਹਾਂ ਨੂੰ ਲੱਜਿਤ ਕਰ
ਕੇ ਤੁਹਾਨੂੰ ਕੋਈ ਪਾਪ ਨਹੀਂ ਲਗੇਗਾ?
ਗੁਰੂ ਜੀ: ਮੈਂ ਇਸੇ ਕਰ ਕੇ ਇਨ੍ਹਾਂ ਵਲ ਵੇਖਦਾ ਨਹੀਂ।
ਕਿਤੇ ਵਿਜੋਗੇ ਨੈਣਾਂ ਵਿੱਚ ਮੇਰਾ ਵੀ ਚਿਤ ਨਾ ਲਗ ਜਾਵੇ? ਮੇਰੇ ਸਿਖਿਆ ਭਰੇ ਬਚਨ ਸੁਣ
‘ਬ੍ਰਾਹਮਣਾਂ ਅਰਥਾਤ ਗ਼ਰੀਬਾਂ ਨੂੰ ਦਾਨ ਦਿਓ। ਦੁਸ਼ਟਾਂ ਨੂੰ ਤਾੜ ਕੇ ਰਖੋ। ਸੇਵਕ-ਸਿਖਾਂ ਨੂੰ ਸੁਖੀ
ਰਖੋ, ਵੈਰੀਆਂ ਦੇ ਸਿਰ ਤੇ ਤਲਵਾਰ ਖੜਕਾਉਂਦੇ ਰਹੋ। ਲੋਕ-ਲਾਜ ਦਾ ਤਿਆਗ
ਕਰ ਕੇ ਬੁਰੇ ਕੰਮ ਨਾ ਕਰੋ। ਪਰ ਨਾਰੀ ਦੀ ਸੇਜ ਭੁਲ ਕੇ ਸੁਪਨੇ ਵਿੱਚ ਨਾ ਜਾਓ।’ ਮੇਰੇ ਤੋਂ ਜਦੋਂ
ਦਾ ਗੁਰੂ-ਪਿਤਾ ਜੀ ਨੇ ਪ੍ਰਣ ਲਿਆ ਹੈ, ਮੇਰੇ ਲਈ ਪਰਾਇਆ ਧਨ ਪਥਰ ਸਮਾਨ
ਹੈ ਅਤੇ ਪਰਾਈ ਇਸਤ੍ਰੀ ਮਾਤਾ ਸਮਾਨ। (ਇਸ ਲੰਬੇ ਸੰਵਾਦ ਤੋਂ ਬਾਅਦ ਅਨੂਪ ਕੌਰ ਚੋਰ-ਚੋਰ ਦਾ ਸ਼ੋਰ
ਮਚਾਉਂਦੀ ਹੈ ਅਤੇ ਗੁਰੂ ਜੀ ਚਤੁਰਾਈ ਨਾਲ ਸਾਰੀਆਂ ਸਥਿਤੀਆਂ ਨੂੰ ਭੇਦ ਕੇ ਉਥੋਂ ਚਲੇ ਜਾਂਦੇ ਹਨ)।
ਅੱਗਲੇ ਦਿਨ ਸਵੇਰੇ ਅਨੂਪ ਕੌਰ ਨੇ ਇੱਕ ਹੋਰ ਚਾਲ ਚਲੀ। ਉਸ
ਨੇ ਰਾਜੇ ਦੀ ਜੁਤੀ ਅਤੇ ਵਿਸ਼ੇਸ਼ ਚੋਲਾ ਵਿਖਾ ਕੇ ਲੋਕਾਂ ਨੂੰ ਕਹਿ ਦਿਤਾ ਕਿ ਅਸਲ ਵਿੱਚ ਰਾਜਾ ਹੀ
ਮੇਰੇ ਘਰ ਚੋਰੀ ਕਰਨ ਆਇਆ ਸੀ, ਮੇਰਾ ਭਰਾ ਨਿਰਦੋਸ਼ ਹੈ। ਪਰ ਰਾਜੇ ਨੇ ਉਸ ਦੀ ਇਸ ਮਕਾਰੀ ਦਾ ਜਵਾਬ ਦੇਣ ਵਾਸਤੇ ਆਪਣੇ
ਸਿਖ-ਸੇਵਕਾਂ ਨੂੰ ਕਿਹਾ ਕਿ ਸਾਡੀ ਜੁਤੀ ਅਤੇ ਵਿਸ਼ੇਸ਼ ਚੋਲਾ ਕਿਸੇ ਨੇ ਚੁਰਾ ਲਿਆ ਹੈ। ਸਿਖਾਂ ਨੇ ਅਨੂਪ
ਕੌਰ ਨੂੰ ਪਕੜ ਕੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ। ਰਾਏ ਨੇ ਆਪਣੇ ਸਿਖਾਂ ਨੂੰ ਨਸੀਹਤ ਦਿਤੀ ਕਿ
ਉਸ ਇਸਤ੍ਰੀ ਨਾਲ ਦੁਰ-ਵਿਵਹਾਰ
ਬਿਲਕੁਲ ਨਹੀਂ ਕਰਨਾ। ਇਸਤ੍ਰੀ ਨੂੰ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ, ਤਾਂ ਉਸ ਦੀਆਂ ਅਖਾਂ ਨੀਵੀਆਂ
ਹੋ ਗਈਆਂ। ਉਹ ਬਹੁਤ ਸ਼ਰਮਸਾਰ ਹੋਈ। ਰਾਏ ਨੇ ਸਿਖਾਂ ਨੂੰ ਕਿਹਾ ‘ਇਸ ਨੂੰ ਕੁੱਝ ਨਹੀਂ ਕਹਿਣਾ।
ਕੇਵਲ ਇਸ ਦੇ ਘਰ ਵਿੱਚ ਹੀ ਇਸ ਨੂੰ ਨਜ਼ਰ ਬੰਦ ਕਰ ਦਿਓ। ਅਸੀਂ ਇਸ ਨੂੰ ਫਿਰ ਕਿਸੇ ਵਿਹਲੇ ਸਮੇਂ
ਬੁਲਾ ਕੇ ਗਲ ਕਰਾਂਗੇ।’ ਅਗਲੀ ਸਵੇਰ ਇਸਤ੍ਰੀ ਨੂੰ ਬੁਲਾ ਕੇ ਰਾਏ ਨੇ ਕਿਹਾ ਤੂੰ ਕਾਮ-ਵਸ ਹੋ ਕੇ
ਸਾਡੇ ਉਤੇ ਚਰਿਤ੍ਰ ਕੀਤਾ ਸੀ, ਇਸ ਲਈ ਸਾਨੂੰ ਵੀ ਚਰਿਤ੍ਰ ਕਰਨਾ ਪਿਆ।
ਉਸ ਇਸਤ੍ਰੀ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਅਗੇ ਤੋਂ ਕਦੇ ਵੀ ਉਹ ਅਜਿਹੀ ਗੱਲ ਆਪਣੇ ਮਨ ਵਿੱਚ
ਨਹੀਂ ਲਿਆਵੇਗੀ। ਉਸ ਦਾ ਦੋਸ਼ ਮੁਆਫ਼ ਕਰ ਦਿਤਾ ਜਾਵੇ। ਰਾਏ ਨੇ ਉਸ ਦੇ ਭਰਾ ਨੂੰ ਰਿਹਾ ਕਰਵਾ ਦਿਤਾ
ਅਤੇ ਅਨੂਪ ਕੌਰ ਦੇ ਵਲ-ਛਲ ਤੋਂ ਬਚਾਓ ਹਿਤ ਜੋ ਕੌਤੁਕ ਕੀਤਾ, ਉਸ ਲਈ
ਖਿਮਾ ਵੀ ਮੰਗੀ। ਅਨੂਪ ਕੌਰ ਰਾਜੇ ਦੀ ਸਿਖ ਹੋ ਗਈ ਅਤੇ ਰਾਜੇ ਵਲੋਂ ਉਸ ਦੇ ਗ਼ੁਜ਼ਰਾਨ ਵਾਸਤੇ ਹਰ ਛੇ
ਮਹੀਨਿਆਂ ਬਾਅਦ ਵੀਹ ਹਜ਼ਾਰ ਟਕੇ ਦੇਣ ਦਾ ਪ੍ਰਬੰਧ ਕਰਵਾ ਦਿਤਾ”।
ਇਹ ਹੈ
ਪੂਰੀ ਕਹਾਣੀ ਜਿਸ ਵਿਚ ਡਾ ਹਰਭਜਨ ਸਿੰਘ ਨੂੰ ਕੁਝ ਵੀ ਗੁਰੂ ਜੀ ਦੀ ਸ਼ਾਨ ਦੇ ਖਿਲਾਫ਼ ਨਹੀ ਦਿਸਦਾ, “ਉਕਤ ਪਦਾਂ ਵਿੱਚ ਕਾਮਾਤੁਰ ਇਸਤ੍ਰੀ
ਦਾ ਹਠ ਅਤੇ ਸਚੇ ਅਧਿਆਤਮਵਾਦੀ ਵਿਅਕਤੀ ਦੀ ਭੋਗ ਨਿਰਲਿਪਤਾ ਅਤਿ-ਉਤਮ ਰੀਤੀ ਨਾਲ ਰੂਪਮਾਨ ਹੋਏ ਹਨ।
ਇਸ ਅਮ੍ਰਿਤ ਕਥਾ ਵਿੱਚ ਕੁਝ ਵੀ ਅਜਿਹਾ ਨਹੀਂ, ਜਿਸ ਨੂੰ ਅਸ਼ਲੀਲ ਕਿਹਾ
ਜਾਵੇ ਜਾਂ ਗੁਰੂ ਜੀ ਦੇ ਵਿਅਕਤਿਤ੍ਵ ਨੂੰ ਛੁਟਿਆਉਣ ਵਾਲਾ ਹੋਵੇ। ਇਹ ਕਹਾਣੀ ਗੁਰੂ ਜੀ ਦੇ
ਉਚ-ਆਚਾਰ ਦਾ ਉਤਕ੍ਰਿਸ਼ਟ ਨਮੂਨਾ ਹੈ”।
ਹੁਣ ਜਦੋਂ ਅਖੌਤੀ ਗ੍ਰੰਥ ਦੇ
ਸਮਰਥੱਕ ਆਪਣੇ ਹੀ ਬੁਣੇ ਜਾਲ ਵਿੱਚ ਬਹੁਤ ਬੁਰੀ ਤਰ੍ਹਾਂ ਘਿਰ ਚੁੱਕੇ ਹਨ, ਸਵਾਲ ਪੁੱਛਣ ਤੇ ਉੱਚੀ-ਉੱਚੀ ਬੋਲ ਕੇ ਡਰਾਉਣ ਦਾ ਅਸਫਲ
ਯਤਨ ਕਰਦੇ ਹਨ, ਸਵਾਲ ਦਾ ਦਲੀਲ ਨਾਲ ਜਵਾਬ ਦੇਣ ਦੀ
ਬਿਜਾਏ ਕਹਿਣਾ ਪੈਦਾ ਹੈ ਕਿ “ਮੈਂ ਇਥੇ ਲੈਕਚਰ ਕਰਨ ਆਇਆ ਹਾਂ ਨਾਕਿ ਤੁਹਾਡੇ ਨਾਲ ਬਹਿਸ ਕਰਨ (ਭਾਵ
ਸਵਾਲ ਦੇ ਜਵਾਬ ਦੇਣ) ਨਹੀ ਆਇਆ। ਤਾਂ ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲੇ, ਅਨੁਰਾਗ ਸਿੰਘ ਅਤੇ ਉਸ ਦੀ ਭਜਨ ਮੰਡਲੀ ਹੁਣ ਇਸ ਕਹਾਣੀ
ਨੂੰ ਗੁਰੂ ਜੀ ਦੀ ਆਪ ਬੀਤੀ ਮੰਨਣ ਤੋਂ ਇਨਕਾਰੀ ਹੋ ਰਹੇ ਹਨ। ਅਖੈਂ ਕਹਾਣੀ ਵਿੱਚ ਕਿਤੇ ਵੀ ਸ਼੍ਰੀ ਗੁਰੂ ਜੀ ਦਾ ਨਾਮ ਨਹੀਂ ਆਇਆ, ਇਸ ਲਈ ਇਸ ਕਹਾਣੀ ਨਾਲ ਸ਼੍ਰੀ ਗੁਰੂ ਜੀ ਦਾ ਕੋਈ ਸੰਬੰਧ ਨਹੀਂ
ਹੈ।
ਵੱਖ-ਵੱਖ ਲਿਖਤਾਂ ਦੇ ਹਵਾਲੇ ਦੇਣ
ਦਾ ਮਕਸਦ ਇਹ ਹੀ ਹੈ ਕਿ ਵੇਖੋ ਕਿੰਨੇ ਵਿਦਵਾਨ ਇਸ ਕਹਾਣੀ ਨੂੰ ਗੁਰੂ ਜੀ ਦੀ ਆਪ ਬੀਤੀ ਮੰਨਦੇ ਅਤੇ
ਉਨ੍ਹਾਂ ਦੀਆਂ ਲਿਖਤਾਂ ਨੂੰ ਕਿੰਨੇ ਸੰਤਾਂ, ਮਹੰਤਾਂ, ਡੇਰੇਦਾਰਾਂ ਅਤੇ ਜਥੇਦਾਰਾਂ ਨੇ ਪ੍ਰਮਾਣਿਤ ਕੀਤਾ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਰਬੰਸ ਸਿੰਘ ਨਿਰਣੈਕਾਰ ਇਸ
ਕਹਾਣੀ ਨੂੰ ਗੁਰੂ ਜੀ ਦੀ ਆਪ ਬੀਤੀ ਮੰਨਦਾ ਹੈ, ਅਤੇ ਡਾ ਤ੍ਰਲੋਚਨ ਸਿੰਘ “ਦੋ ਸ਼ਬਦ” ਦੇ
ਸਿਰਲੇਖ ਹੇਠ ਉਸ ਨੂੰ ਤਸਦੀਕ ਕਰਦਾ ਹੈ। ਅਨੁਰਾਗ ਸਿੰਘ ਵੱਲੋਂ ਲਿਖੇ ਗਏ
ਟਰੈਕਟ, “ਸ੍ਰੀ ਦਸਮ ਗ੍ਰੰਥ ਸਬੰਧੀ ਸ਼ੰਕਿਆਂ ਦੇ ਉੱਤਰ” ਦੇ ਆਰੰਭ ਵਿੱਚ ਗਿਆਨੀ ਮੋਹਣ ਸਿੰਘ ਜੀ
(ਭਿੰਡਰਾ) ਦਾ ਸੰਦੇਸ਼ ਦਰਜ ਹੈ। ਜਿਸ ਵਿਚ ਗਿਆਨੀ ਜੀ ਵੀ ਇਸ ਨੂੰ
ਗੁਰੂ ਜੀ ਦੀ ਆਪ ਬੀਤੀ ਹੀ ਮੰਨਦੇ ਹਨ ਤਾਂ ਅਨੁਰਾਗ ਸਿੰਘ ਡਾ ਹਰਭਜਨ ਸਿੰਘ ਦਾ ਇਸ ਕਰਕੇ ਵਿਰੋਧ
ਕਰਦਾ ਹੈ ਕਿ ਉਸ ਨੇ, ਇਸ ਕਹਾਣੀ ਨੂੰ ਗੁਰੂ ਜੀ ਦੀ ਆਪ ਬੀਤੀ ਮੰਨਿਆ ਹੈ। ਅਨੁਰਾਗ ਸਿੰਘ ਤਾ ਬੇਸ਼ਰਮੀ ਦੀਆਂ
ਹੱਦਾਂ ਵੀ ਪਾਰ ਕਰ ਗਿਆ। ਜਿਸ ਲੇਖ, “ਚਰਿਤਰੋ ਪਾਖਿਆਨ ਦੀ ਅਨੂਪ ਕੌਰ
ਅਸਲ ਕਹਾਣੀ-ਅਸਲ ਸੰਦੇਸ਼” ਨੂੰ ਅਧਾਰ ਬਣਾ ਕੇ ਅੱਜ ਡਾ ਹਰਭਜਨ ਸਿੰਘ ਨੂੰ ਚੰਗਾ-ਮੰਦਾ ਲਿਖ ਰਿਹਾ
ਹੈ। ਉਹ ਲੇਖ ਤਾਂ ਡਾ ਹਰਭਜਨ ਸਿੰਘ ਦੀ ਕਿਤਾਬ, “ਸ਼੍ਰੀ ਦਸਮ ਗ੍ਰੰਥ ਸਾਹਿਬ-ਕਰਤਾ ਸਬੰਧੀ ਵਿਵਾਦ ਦੀ ਪੁਨਰ
ਸਮੀਖਿਆ” ਵਿੱਚ ਦਰਜ ਹੈ। ਇਹ ਕਿਤਾਬ 12 ਦਸੰਬਰ 2009 ਈ: ਦਿਨ ਸ਼ਨਿਚਰਵਾਰ ਨੂੰ ਗੁਰੂ ਨਾਨਕ
ਭਵਨ ਅੰਮ੍ਰਿਤਸਰ ਵਿਖੇ ਰਿਲੀਜ਼ ਕੀਤੀ ਗਈ ਸੀ। ਅਨੁਰਾਗ ਸਿੰਘ ਉਸ ਸਮਾਗਮ ਵਿਚ ਬੁਲਾਰਾ ਸੀ। ਕੀ ਅਨੁਰਾਗ ਸਿੰਘ ਕਿਤਾਬ ਪੜ੍ਹਨ ਤੋਂ ਬਿਨਾ ਹੀ ਰਿਲੀਜ਼ ਕਰਨ
ਤੁਰ ਪਿਆ ਸੀ? 10 ਅਪ੍ਰੈਲ 2016 ਈ: ਨੂੰ ਕੈਲੀਫੋਰਨੀਆ ਵਿਚ ਹੋਏ ਸੈਮੀਨਾਰ ਵਿੱਚ ਡਾ ਹਰਭਜਨ ਸਿੰਘ
ਅਤੇ ਅਨੁਰਾਗ ਸਿੰਘ ਦੋਵੇਂ ਸ਼ਾਮਿਲ ਸਨ। ਕੀ ਉਸ ਵੇਲੇ ਵੀ ਅਨੁਰਾਗ ਸਿੰਘ ਨੂੰ ਨਹੀਂ ਸੀ ਪਤਾ ਕਿ ਡਾ
ਹਰਭਜਨ ਸਿੰਘ ਛਜਿਆ ਅਤੇ ਨੂਪ ਕੌਰ ਵਾਲੀ ਕਹਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਬੀਤੀ ਮੰਨਣ
ਕਰਕੇ ਪੰਥ ਦੋਖੀ ਹੈ? ਅੱਜ, ਅਨੁਰਾਗ ਸਿੰਘ ਅਤੇ ਉਸ ਦੀ ਭਜਨ
ਮੰਡਲੀ, ਇਸ ਗੱਲ ਤੋਂ ਇਨਕਾਰੀ ਹੋ ਰਹੇ ਹਨ ਕਿ ਇਹ ਗੁਰੂ ਜੀ ਦੀ ਆਪ ਬੀਤੀ ਨਹੀਂ ਹੈ।
ਸਤਿਕਾਰ ਯੋਗ ਪਾਠਕੋਂ, ਇਹ ਹੈ ਅਖੌਤੀ ਗ੍ਰੰਥ ਦੇ ਅਖੌਤੀ ਵਿਦਵਾਨਾਂ ਦੀ ਅਸਲੀਅਤ, ਜੋ ਦੁਨੀਆ ਭਰ ਦੇ ਗੰਦ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਦੇ ਪਵਿੱਤਰ ਨਾਮ ਨਾਲ ਨੱਥੀ ਕਰਨ ਦਾ ਕੋਝਾ ਯਤਨ ਵੀ ਕਰ ਰਹੇ ਹਨ ਅਤੇ ਜਾਗਰੂਕ ਸੰਗਤਾਂ ਦੇ
ਸਵਾਲਾਂ ਤੋਂ ਬਚਣ ਦਾ ਰਾਹ ਵੀ ਭਾਲਦੇ ਹਨ। ਉਪਰ ਪੜ੍ਹ ਆਏ ਹਾਂ ਕਿ ਛਜਿਆ ਅਤੇ ਨੂਪ ਕੁਅਰਿ ਵਾਲੇ
ਚਰਿਤ੍ਰਾਂ ਦੇ ਵਿੱਚ ਜੋ ਭੂਗੋਲਿਕ ਜਾਣਕਾਰੀ ਅਨੰਦਪੁਰ ਬਾਰੇ ਦਿੱਤੀ ਹੈ ਉਸ ਮੁਤਾਬਕ ਤਾਂ ਉਹੀ
ਅਨੰਦਪੁਰ ਹੈ ਜਿਹੜਾ ਕਿ ਗੁਰੂ ਜੀ ਨੇ ਵਸਾਇਆ ਸੀ। ਅਜੇ ਵੀ ਜੇ ਅਨੁਰਾਗ ਸਿੰਘ ਇਹ ਸਮਝਦਾ ਹੈ ਕਿ
ਇਹ ਕਹਾਣੀ ਗੁਰੂ ਜੀ ਦੀ ਆਪ ਬੀਤੀ ਨਹੀ ਤਾਂ ਉਹ ਇਸ ਚਰਿਤ੍ਰ (21, 22 ਅਤੇ 23) ਦੇ ਅਰਥ ਲਿਖਤੀ ਰੂਪ ਵਿੱਚ ਸਾਂਝੇ ਕਰੇ ਤਾਂ ਜੋ ਉਨ੍ਹਾਂ ਤੇ ਵਿਚਾਰ ਕੀਤੀ ਜਾ
ਸਕੇ।