ਤਿੱਥ, ਤਾਰੀਖ ਅਤੇ ਪ੍ਰਵਿਸ਼ਟਾ
ਸਰਵਜੀਤ ਸਿੰਘ ਸੈਕਰਾਮੈਂਟੋ
ਨਾਨਕਸ਼ਾਹੀ
ਕੈਲੰਡਰ ਦੀ ਭੂਮਿਕਾ ਵਿੱਚ,
ਕੈਲੰਡਰ ਕਮੇਟੀ ਵੱਲੋਂ ਵੱਖ-ਵੱਖ ਜਥੇਬੰਦੀਆਂ ਅਤੇ
ਵਿਦਵਾਨਾਂ ਦੀ ਰਾਏ ਜਾਨਣ ਤੋਂ ਪਿੱਛੋਂ, ਬਣਾਏ
ਗਏ ਵਿਧੀ ਵਿਧਾਨ ਦਾ ਵੇਰਵਾ (13 ਨੁਕਤੇ) ਦਰਜ ਹੈ। ਇਨ੍ਹਾਂ ਵਿਚ ਸਾਲ ਦੀ ਲੰਬਾਈ, ਮਹੀਨੇ ਦੇ
ਦਿਨ, ਦਿਨ ਦਾ ਆਰੰਭ, ਕੈਲੰਡਰ ਆਰੰਭ ਕਰਨ ਦੀ ਤਾਰੀਖ ਅਤੇ ਸਭ
ਤੋਂ ਮਹੱਤਵ ਪੂਰਨ ਨੁਕਤਾ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ
ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰਖਿਆ ਜਾਵੇਗਾ”, ਦਰਜ ਹੈ।
ਤਿੱਥ:- ਚੰਦ ਧਰਤੀ ਦੇ ਦੁਵਾਲੇ ਚੱਕਰ ਲਾਉਂਦਾ ਹੈ। ਇਹ ਚੱਕਰ, ਜਿਸ ਨੂੰ ਚੰਦ ਦਾ ਮਹੀਨਾ
ਮੰਨਿਆ ਜਾਂਦਾ ਹੈ, 29.53 ਸੂਰਜੀ ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਸਮੇਂ ਦੌਰਾਨ ਚੰਦ ਦੀਆਂ 30
ਤਿੱਥਾਂ ਹੁੰਦੀਆਂ ਹਨ। ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਇੱਕ ਤਿੱਥ 12° ਦੇ ਬਰਾਬਰ
ਹੁੰਦੀ ਹੈ। ਚੰਦ ਦੀ ਧਰਤੀ ਤੋਂ ਦੂਰੀ ਵੱਧਦੀ-ਘੱਟਦੀ ਰਹਿੰਦੀ ਹੈ, ਇਸ ਕਾਰਨ ਚੰਦ ਨੂੰ 12° ਦਾ ਸਫਰ
ਤਹਿ ਕਰਨ ਦਾ ਸਮਾਂ ਵੀ ਵੱਧਦਾ ਘੱਟਦਾ ਰਹਿੰਦਾ ਹੈ। ਇਹ 20.5 ਤੋਂ 26.5 ਘੰਟੇ (ਲੱਗ ਭੱਗ) ਦੇ
ਦਰਮਿਆਨ ਹੁੰਦਾ ਹੈ। ਸੂਰਜ ਚੜਨ ਵੇਲੇ ਦੀ ਤਿੱਥ, ਉਸ ਦਿਨ ਦੀ ਤਿੱਥ ਗਿਣੀ ਜਾਂਦੀ ਹੈ। ਇਹ ਹੀ
ਕਾਰਨ ਹੈ ਇਕ ਸੂਰਜੀ ਦਿਨ ਵਿੱਚ ਦੋ ਤਿੱਥਾਂ ਜਾਂ ਦੋ ਸੂਰਜੀ ਦਿਨਾਂ ਵਿਚ ਚੰਦ ਦੀ ਇਕ ਤਿੱਥ, ਅਕਸਰ
ਹੀ ਆ ਜਾਂਦੀਆਂ ਹਨ। ਸਿੱਖ ਇਤਿਹਾਸ ਦੇ ਕਈ ਦਿਹਾੜੇ ਇਸ ਅਨੁਸਾਰ ਦਰਜ ਹਨ ਜਿਵੇ ਗੁਰੂ ਗੋਬਿੰਦ
ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7।
ਤਾਰੀਖ:- ਅੰਗਰੇਜੀ ਕੈਲੰਡਰ ਦੇ ਦਿਨਾਂ ਦੀ ਗਿਣਤੀ ਤਾਰੀਖ਼ਾਂ ਵਿੱਚ ਕੀਤੀ ਜਾਂਦੀ ਹੈ।
ਅੰਗਰੇਜਾਂ ਦੇ ਆਉਣ ਤੋਂ ਪਿਛੋਂ, ਤਿੱਥਾਂ ਨੂੰ ਅੰਗਰੇਜੀ ਤਾਰੀਖ਼ਾਂ ਵਿੱਚ ਲਿਖਣ ਦਾ ਰਿਵਾਜ ਚੱਲ
ਪਿਆ ਸੀ। ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 22 ਦਸੰਬਰ।
ਪ੍ਰਵਿਸ਼ਟਾ:- ਸੂਰਜੀ ਬਿਕ੍ਰਮੀ ਕੈਲੰਡਰ ਦੇ ਦਿਨਾਂ ਦੀ ਗਿਣਤੀ ਪ੍ਰਵਿਸ਼ਟਿਆਂ ਵਿੱਚ ਕੀਤੀ
ਜਾਂਦੀ ਹੈ। ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ।
ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, 23 ਪੋਹ 22 ਦਸੰਬਰ, ਇਹ ਤਿੰਨੇ ਤਰ੍ਹਾਂ ਹੀ ਲਿਖਿਆ ਮਿਲਦਾ ਹੈ। ਕੈਲੰਡਰ ਕਮੇਟੀ ਵੱਲੋਂ
ਕੀਤੇ ਗਏ ਫੈਸਲੇ ਮੁਤਾਬਕ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ
ਬਦਲਣ ਵੇਲੇ ਅੰਗਰੇਜੀ
ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰਖਿਆ ਜਾਵੇਗਾ”, 23 ਪੋਹ ਨੂੰ ਮੁੱਖ ਰੱਖਿਆ ਗਿਆ ਹੈ। 22 ਦਸੰਬਰ ਜੂਲੀਅਨ ਕੈਲੰਡਰ
ਦੀ ਤਾਰੀਖ ਹੈ। ਇਹ ਕੈਲੰਡਰ ਕਦੇ ਵੀ ਆਪਣੇ ਖ਼ਿੱਤੇ ਵਿੱਚ ਲਾਗੂ ਨਹੀ ਹੋਇਆ। ਅੰਗਰੇਜਾਂ ਨੇ ਸਿੱਖ
ਇਤਿਹਾਸ ਨੂੰ ਸਮਝਣ ਲਈ ਸਤੰਬਰ 1752 ਈ: ਤੋਂ ਪਹਿਲੀਆਂ ਤਿੱਥਾਂ ਅਤੇ ਪ੍ਰਵਿਸ਼ਟਿਆਂ ਨੂੰ ਜੂਲੀਅਨ
ਅਤੇ ਇਸ ਤੋਂ ਪਿਛੋਂ ਦੀਆਂ ਤਿੱਥਾਂ ਅਤੇ ਪ੍ਰਵਿਸ਼ਟਿਆਂ ਨੂੰ ਗਰੈਗੋਰੀਅਨ ਕੈਲੰਡਰ ਵਿੱਚ ਬਦਲੀ ਕਰ
ਜਾਂ ਕਰਵਾ ਲਿਆ। ਤਿੱਥ, ਜਿਵੇ ਕਿ ਉੱਪਰ ਦੱਸਿਆ ਜਾ ਚੁੱਕਾ ਹੈ, ਇਹ ਚੰਦ ਦੇ ਕੈਲੰਡਰ ਦੀ ਹੈ। ਇਸ
ਦੀ ਲੰਬਾਈ ਵੱਧਦੀ-ਘੱਟਦੀ ਰਹਿੰਦੀ ਹੈ। ਚੰਦ ਦੇ ਸਾਲ ਦੇ 354 ਦਿਨ ਹੁੰਦੇ ਹਨ, ਜੋ ਸੂਰਜੀ ਸਾਲ
ਤੋਂ 11 ਦਿਨ ਘੱਟ ਹਨ। ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਤੀਜੇ ਚੌਥੇ ਸਾਲ ਇਸ ਵਿੱਚ
ਇਕ ਹੋਰ ਮਹੀਨਾ, ਜਿਸ ਨੂੰ ਮਲ ਮਾਸ ਕਹਿੰਦੇ ਹਨ, ਜੋੜ ਦਿੱਤਾ ਜਾਂਦਾ ਹੈ। ਉਸ ਸਾਲ ਇਸ ਦੇ 384-85
ਦਿਨ ਹੋ ਜਾਂਦੇ ਹਨ। ਪ੍ਰਵਿਸ਼ਟਾ, ਇਹ ਸੂਰਜੀ ਕੈਲੰਡਰ ਦੀ ਤਾਰੀਖ ਹੈ। ਸੂਰਜੀ ਸਾਲ ਦੇ 365 ਦਿਨ
ਹੁੰਦੇ ਹਨ। ਇਸ ਧਰਤੀ ਤੇ ਰੁੱਤਾਂ ਵੀ ਸੂਰਜੀ ਸਾਲ ਮੁਤਾਬਕ ਹੀ ਬਣਦੀਆਂ/ਬਦਲਦੀਆਂ ਹਨ। ਹਰ
ਇਤਿਹਾਸਕ ਦਿਹਾੜਾ, ਹਰ ਸਾਲ ਮੁੜ ਉਸੇ ਪ੍ਰਵਿਸ਼ਟੇ ਨੂੰ ਹੀ ਆਉਂਦਾ ਹੈ। ਜਿਵੇਂ ਵੈਸਾਖੀ ਹਰ ਸਾਲ 1
ਵੈਸਾਖ ਨੂੰ ਹੀ ਆਉਂਦੀ ਹੈ। ਇਸ ਲਈ ਹੀ ਕੈਲੰਡਰ ਕਮੇਟੀ ਨੇ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਹੈ।
ਇਸ ਤੋਂ ਪਹਿਲਾ ਕਿ ਇਤਿਹਾਸਿਕ ਤਾਰੀਖ਼ਾਂ ਦੀ ਪੜਤਾਲ ਕੀਤੀ ਜਾਵੇ, ਸੂਰਜੀ ਕੈਲੰਡਰ ਦੇ ਸਾਲ ਦੀ
ਲੰਬਾਈ ਬਾਰੇ ਵਿਚਾਰ ਕਰਨੀ ਵੀ ਬਹੁਤ ਜਰੂਰੀ ਹੈ। ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਪੂਰਾ ਕਰਨ
ਨੂੰ ਸਾਲ ਕਹਿੰਦੇ ਹਨ। ਇਸ ਮੁਤਾਬਕ ਸਾਲ ਦੀ ਲੰਬਾਈ 365.2422 ਦਿਨ ਮੰਨੀ ਗਈ ਹੈ। ਇਸ ਧਰਤੀ ਤੇ
ਰੁੱਤਾਂ ਇਸੇ ਮੁਤਾਬਕ ਬਣਦੀਆਂ ਹਨ। ਇਸ ਨੂੰ ਰੁੱਤੀ ਸਾਲ (Tropical Year) ਕਹਿੰਦੇ ਹਨ। ਕੈਲੰਡਰ ਦੇ ਸਾਲ ਦੀ ਲੰਬਾਈ ਜੇ ਇਸ ਅਨੁਸਾਰ ਹੋਵੇਗੀ
ਤਾਂ ਰੁੱਤਾਂ ਦਾ ਸਬੰਧ ਮਹੀਨਿਆਂ ਨਾਲ ਸਥਿਰ ਰਹੇਗਾ। ਜੇ ਸਾਲ ਦੀ ਲੰਬਾਈ ਰੁੱਤੀ ਸਾਲ ਤੋਂ ਵੱਧ
ਹੋਵੇਗੀ ਤਾਂ ਰੁੱਤਾਂ ਦਾ ਸਬੰਧ ਮਹੀਨਿਆਂ ਨਾਲ ਸਥਿਰ ਨਹੀਂ ਰਹੇਗਾ। ਦੁਨੀਆਂ ਵਿੱਚ ਵਰਤੇ ਜਾਣ
ਵਾਲੇ ਸਾਂਝੇ ਕੈਲੰਡਰ, ਜਿਸ ਨੂੰ ਗਰੈਗੋਰੀਅਨ ਜਾਂ ਸੀ ਈ: ਕੈਲੰਡਰ ਕਹਿੰਦੇ ਹਨ ਦੀ ਲੰਬਾਈ 365.2425
ਦਿਨ, ਰੁੱਤੀ ਸਾਲ ਦੇ ਬਹੁਤ ਹੀ ਨੇੜੇ ਹੈ। ਗੁਰੂ ਕਾਲ ਵੇਲੇ ਵਰਤੇ ਜਾਂਦੇ ਸੂਰਜੀ ਬਿਕ੍ਰਮੀ
ਕੈਲੰਡਰ (ਸੂਰਜੀ ਸਿਧਾਂਤ) ਦੇ ਸਾਲ ਦੀ ਲੰਬਾਈ 365.2587 ਦਿਨ ਸੀ। ਜੋ ਸਾਲ ਦੀ ਅਸਲ ਲੰਬਾਈ ਤੋਂ
24 ਮਿੰਟ (ਲੱਗ ਭੱਗ) ਵੱਧ ਸੀ। ਇਸ ਕਾਰਨ (1440/24=60) 60 ਸਾਲ ਪਿਛੋਂ 1 ਦਿਨ ਦਾ ਫਰਕ ਪੈ
ਜਾਂਦਾ ਸੀ। 1964 ਈ: ਵਿੱਚ ਵਿਦਵਾਨਾਂ ਵੱਲੋਂ ਇਸ ਵਿੱਚ ਸੋਧ ਕੀਤੀ ਗਈ ਸੀ, ਹੁਣ ਇਸ ਦੀ ਲੰਬਾਈ
365.2563 ਦਿਨ ਹੈ (ਦ੍ਰਿਕਗਿਣਤ ਸਿਧਾਂਤ) ਇਹ ਵੀ ਲੱਗ ਭੱਗ 20 ਮਿੰਟ ਵੱਧ ਹੋਣ ਕਾਰਨ ਹੁਣ 72
ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਰਿਹਾ ਹੈ। ਰੁੱਤਾਂ ਨੂੰ ਸਥਿਰ ਰੱਖਣ ਲਈ ਸਾਲ ਦੀ ਲੰਬਾਈ ਦਾ
ਰੁੱਤੀ ਸਾਲ ਦੇ ਬਰਾਬਰ ਕਰਨਾ ਬਹੁਤ ਜਰੂਰੀ ਹੈ। ਜੂਲੀਅਨ ਕੈਲੰਡਰ, ਜਿਸ ਦੇ ਸਾਲ ਦੀ ਲੰਬਾਈ
365.25 ਦਿਨ ਸੀ, ਅਕਤੂਬਰ 1582 ਈ: ਵਿਚ 10 ਤਾਰੀਖ਼ਾਂ ਦੀ ਸੋਧ ਕਰਕੇ ਰੁੱਤੀ ਸਾਲ ਦੇ ਬਰਾਬਰ ਕਰ
ਲਿਆ ਗਿਆ ਸੀ। ਇੰਗਲੈਂਡ ਨੇ ਇਸ ਸੋਧ ਨੂੰ ਸਤੰਬਰ 1752 ਈ: ਵਿੱਚ ਮਾਨਤਾ ਦਿੱਤੀ ਸੀ। ਉਸ ਵੇਲੇ 11
ਤਾਰੀਖ਼ਾਂ ਦੀ ਸੋਧ ਲਾਈ ਗਈ ਸੀ।
ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸੂਰਜ ਦਾ ਰੱਥ (ਵੱਡੇ ਤੋਂ ਵੱਡਾ ਦਿਨ) 16 ਹਾੜ ਨੂੰ ਫਿਰਿਆ
ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ 13 ਹਾੜ ਅਤੇ ਅੱਜ ਕੱਲ 7 ਹਾੜ ਨੂੰ ਫਿਰਦਾ ਹੈ। ਜੇ
ਸਾਲ ਦੀ ਲੰਬਾਈ ਵਿੱਚ ਸੋਧ ਨਾ ਕੀਤੀ ਗਈ ਤਾਂ 500 ਸਾਲ ਪਿਛੋਂ ਇਹ ਜੇਠ ਵਿੱਚ ਚਲੇ ਜਾਵੇਗਾ। ਇਸੇ
ਲਈ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਬਰਾਬਰ (365.2425 ਦਿਨ) ਰੱਖੀ ਗਈ
ਹੈ। ਇਸ ਦੇ ਦੋ ਫਾਇਦੇ ਹਨ। ਇਕ ਤਾਂ ਮਹੀਨਿਆਂ ਅਤੇ ਰੁੱਤਾਂ ਦਾ ਸਬੰਧ ਜਿਸ ਵਿਚ ਗੁਰੂ ਨਾਨਕ
ਸਾਹਿਬ ਜੀ ਦੇ ਸਮੇਂ ਤੋਂ ਹੁਣ ਤਾਈ 9 ਦਿਨ ਦਾ
ਫਰਕ ਪੈ ਚੁੱਕਾ ਹੈ, ਹੋਰ ਨਹੀ ਵੱਧੇਗਾ। ਦੂਜਾ ਪ੍ਰਵਿਸ਼ਟਾ ਅਤੇ ਸਾਂਝੇ ਸਾਲ ਦੀ ਤਾਰੀਖ, ਸਦਾ
ਵਾਸਤੇ ਇਕੋ ਹੀ ਰਹੇਗੀ। ਜਿਸ ਦਿਨ ਨਾਨਕਸ਼ਾਹੀ ਕੈਲੰਡਰ ਦੇ ਸਾਲ ਦਾ ਆਰੰਭ ਭਾਵ ਚੇਤ ਦਾ ਪਹਿਲਾ
ਪ੍ਰਵਿਸ਼ਟਾ ਹੋਵੇਗਾ, ਹਰ ਸਾਲ ਉਸ ਦਿਨ 14 ਮਾਰਚ ਹੀ ਹੋਇਆ ਕਰੇਗੀ।
ਆਓ ਹੁਣ ਇਤਿਹਾਸਿਕ ਤਾਰੀਖ਼ਾਂ ਦੀ ਪੜਤਾਲ ਕਰੀਏ;
ਅਨੁਰਾਗ ਸਿੰਘ, ਜੋ ਪਿਛਲੇ ਦੋ ਦਹਾਕਿਆਂ ਤੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਿਹਾ ਹੈ।
ਉਸ ਦਾ ਕਹਿਣਾ ਹੈ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸਾਰੀਆਂ ਤਾਰੀਖ਼ਾਂ ਹੀ ਗਲਤ ਹਨ। ਉਹ ਤਾਂ ਇਹ ਵੀ
ਲਿਖਦਾ ਹੈ ਕਿ 23 ਮਾਰਚ 2003 ਈ: ਨੂੰ ਮੇਰੇ ਘਰ ਬੈਠ ਕੇ ਜੋ ਸਹੀ ਤਾਰੀਖ਼ਾਂ ਨਿਸ਼ਚਿਤ ਕੀਤੀਆਂ
ਗਈਆਂ ਸਨ, ਉਹ ਪਿਛੋਂ ਬਦਲ ਦਿੱਤੀਆਂ ਗਈਆਂ। “ਇਹ ਉਹੀ ਤਿਥਾਂ ਸਨ ਜੋ ਕੈਲੰਡਰ
ਕਮੇਟੀ ਨੇ ਮੇਰੇ ਘੱਰ ਬੈਠ ਕੇ ੨੩.੩.੨੦੦੩ ਨੂੰ ਪਾਲ ਸਿੰਘ ਪੂਰੇਵਾਲ ਨੂੰ ਦਿੱਤੀਆਂ ਪਰ ਮੈਂ
ਰੁਝੇਵਿਆਂ ਕਾਰਨ ੨੮.੩.੨੦੦੩ (ਬੈਂਕ ਦੀ Closing) ਨਹੀਂ ਜਾ ਸਕਿਆ
ਅਤੇ ਪਾਲ ਸਿੰਘ ਪੂਰੇਵਾਲ ਨੂੰ ਮੋਕਾਂ ਮਿੱਲ ਗਿਆ ਤਾਰੀਖ਼ਾਂ ਬੱਦਲਨ ਦਾ”।(28/11/2019) ਸਵਾਲ ਪੈਦਾ ਹੁੰਦਾ ਹੈ ਕਿ ਉਸ ਦੇ ਘਰ ਬੈਠ ਕੇ ਨਿਰਧਾਰਤ ਕੀਤੀਆਂ
ਤਾਰੀਖ਼ਾਂ, ਜੇ ਬਦਲ ਦਿੱਤੀਆਂ ਗਈਆਂ ਸਨ ਤਾਂ ਉਸ ਨੇ ਕੋਠੇ ਚੜ ਕੇ ਰੌਲਾ ਕਿਉ ਨਹੀਂ ਪਾਇਆ?
ਪਿਛਲੇ ਢਾਈ ਸਾਲ ਤੋਂ ਤਾਂ ਮੈਂ ਲਿਖਤੀ ਬੇਨਤੀਆਂ ਕਰ ਰਿਹਾ ਹਾਂ ਕੇ, “ਉਹ ਸੂਚੀ, ਜੋ ਤੁਹਾਡੇ
ਘਰ ਬੈਠ ਕੇ ਬਣਾਈ ਗਈ ਸੀ ਅਤੇ ਤੁਹਾਡੇ ਲਿਖਣ ਮੁਤਾਬਕ ਪਿਛੋਂ ਬਦਲ ਦਿੱਤੀ ਗਈ ਸੀ, ਨੂੰ ਜੰਤਕ ਕਰੋ
ਤਾਂ ਜੋ ਸਾਰੀਆਂ ਇਤਿਹਾਸਿਕ ਤਰੀਖਾਂ ਤੇ ਵਿਚਾਰ ਕਰਕੇ ਕਿਸੇ ਨਤੀਜੇ ਤੇ ਪੁੱਜਿਆ ਜਾ ਸਕੇ”। ਪਰ ਉਸ
ਨੇ ਕੋਈ ਹੁੰਗਾਰਾ ਨਹੀਂ ਭਰਿਆ। ਮੈਂ ਆਪਣੇ ਪਿਛਲੇ ਪੱਤਰ ਵਿੱਚ ਵੀ ਲਿਖਿਆ ਸੀ ਕਿ ਜੇ ਅਨੁਰਾਗ
ਸਿੰਘ ਨੇ ਸਾਰੀਆਂ ਤਾਰੀਖ਼ਾਂ ਦੀ ਸੂਚੀ ਨਾ ਭੇਜੀ ਤਾਂ ਉਸ ਵੱਲੋਂ ਜੋਤੀ ਜੋਤ ਸਮਾਉਣ ਦੀਆਂ ਤਾਰੀਖ਼ਾਂ
ਦੀ ਭੇਜੀ ਸੂਚੀ ਤੇ ਹੀ ਵਿਚਾਰ ਕਰਕੇ ਉਸ ਦੇ ਝੂਠ ਨੂੰ ਨੰਗਾ ਕਰ ਦਿੱਤਾ ਜਾਵੇਗਾ।
ਅਨੁਰਾਗ ਸਿੰਘ ਵੱਲੋਂ ਬਣਾਈ ਗਈ ਸੂਚੀ ਵਿਚ ਸਾਰੇ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ
ਦੀਆਂ ਤਾਰੀਖ਼ਾਂ, ਵਦੀ-ਸੁਦੀ ਵਿੱਚ ਦਰਜ ਹਨ। ਆਓ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਸਮਾਉਣ ਦੀ
ਤਾਰੀਖ ਤੇ ਵਿਚਾਰ ਕਰਦੇ ਹਾਂ।
ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਸੰਮਤ 1596 ਬਿਕ੍ਰਮੀ ਹੈ।
ਇਸ ਤੇ ਕੋਈ ਮੱਤ ਭੇਦ ਨਹੀਂ ਹੈ। ਅੰਗਰੇਜਾਂ ਦੇ ਆਉਣ ਤੋਂ ਪਿਛੋਂ ਜਦੋਂ ਅੰਗਰੇਜੀ ਤਾਰੀਖਾਂ ਲਿਖਣ
ਦਾ ਰਿਵਾਜ ਪਿਆ ਤਾਂ ਇਹ 7 ਸਤੰਬਰ 1539 ਈ: (ਜੂਲੀਅਨ) ਲਿਖੀ ਗਈ। ਜੇ ਕਿਸੇ ਇਤਿਹਾਸਕਾਰ ਨੇ ਇਸ
ਤਾਰੀਖ ਨੂੰ ਹਿਜਰੀ ਕੈਲੰਡਰ ਵਿੱਚ ਲਿਖਿਆ ਹੋਵੇ ਤਾਂ ਉਸ ਨੇ 23 ਰਬੀ ਉਲ ਸਾਨੀ ਲਿਖੀ ਹੋਵੇਗੀ। ਇਹ
ਸਾਰੀਆਂ ਤਾਰੀਖ਼ਾ ਇਕ ਦਿਨ ਦੀਆਂ ਹੀ ਹਨ ਭਾਵ ਇਸ ਦਿਨ ਐਤਵਾਰ ਸੀ। ਵਦੀ-ਸੁਦੀ ਭਾਵ ਚੰਦ ਦੇ ਕੈਲੰਡਰ
ਦੀਆਂ ਸਮੱਸਿਆਵਾਂ ਬਾਰੇ ਪਾਠਕ ਪੜ੍ਹ ਚੁੱਕੇ ਹਨ। ਜੂਲੀਅਨ ਕੈਲੰਡਰ (7 ਸਤੰਬਰ) ਸਾਡੇ ਖ਼ਿੱਤੇ ਵਿਚ
ਕਦੇ ਲਾਗੂ ਹੀ ਨਹੀਂ ਹੋਇਆ। ਇਸ ਲਈ ਕੈਲੰਡਰ ਕਮੇਟੀ ਵੱਲੋਂ ਕੀਤੇ ਫੈਸਲੇ ਮੁਤਾਬਕ ਇਸ ਦਿਨ ਦੇ
ਪ੍ਰਵਿਸ਼ਟੇ ਨੂੰ ਮੁੱਖ ਰੱਖਿਆ ਗਿਆ ਹੈ ਜੋ 8 ਅੱਸੂ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਨਾਨਕ ਜੀ
ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 8 ਅੱਸੂ ਦਰਜ ਹੈ। ਇਸੇ ਤਰ੍ਹਾਂ ਹੀ ਸੂਚੀ ਵਿਚ ਦਰਜ ਬਾਕੀ ਗੁਰੂ
ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਜਾਂ ਸ਼ਹੀਦੀ ਦਿਹਾੜੇ ਦੇ ਪ੍ਰਵਿਸ਼ਟੇ, ਸਾਰੇ ਸਹੀ ਹਨ। ਅਨੁਰਾਗ
ਸਿੰਘ ਨੂੰ ਮੇਰਾ ਸੱਦਾ ਹੈ ਕਿ ਜੇ ਤੇਰੇ ਵਿੱਚ ਸਮਰੱਥਾ ਹੈ ਤਾਂ ਇਨ੍ਹਾਂ ਵਿੱਚੋਂ ਕਿਸੇ ਪ੍ਰਵਿਸ਼ਟੇ
ਨੂੰ ਗਲਤ ਸਾਬਿਤ ਕਰਕੇ ਵਿਖਾ। ਇਹ ਬਹੁਤ ਹੀ ਸਧਾਰਨ ਨੁਕਤਾ, ਉਸ ਹਰ ਵਿਅਕਤੀ ਨੂੰ ਸਮਝ ਆਇਆ ਹੈ
ਜਿਸ ਨੇ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਨੂੰ ਧਿਆਨ ਨਾਲ ਪੜਿਆ ਹੈ। ਪਰ ਅਨੁਰਾਗ ਸਿੰਘ ਨੂੰ ਇਹ
ਗੱਲ ਪਿਛਲੇ ਦੋ ਦਹਾਕਿਆਂ ਵਿਚ ਵੀ ਸਮਝ ਨਹੀ ਆਈ। ਆਪਣੇ ਆਪ ਨੂੰ ਕਦੇ ਡਾ, ਕਦੇ ਪ੍ਰੋ: ਲਿਖਣ ਵਾਲਾ,
ਪੰਜਾਬ ਐਡ ਸਿੰਧ ਬੈਂਕ ਦਾ ਸਾਬਕਾ ਮੁਲਾਜ਼ਮ ਅਨਪੜ੍ਹ ਤਾਂ ਹੋ ਨਹੀ ਸਕਦਾ। ਹੁਣ ਇਸ ਨੂੰ ਕੀ ਕਿਹਾ
ਜਾਵੇ?
ਆਓ, ਹੁਣ ਅਗਲੇ ਨੁਕਤੇ ਤੇ ਵਿਚਾਰ ਕਰੀਏ;
ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਦਾ ਦੂਜਾ ਇਤਰਾਜ਼ ਇਹ ਹੈ ਕੇ ਨਾਨਕਸ਼ਾਹੀ ਕੈਲੰਡਰ ਦੀ ਦਰਜ ਅੰਗਰੇਜੀ
ਤਾਰੀਖਾਂ ਵਿੱਚ 4-7 ਦਿਨਾਂ ਦੀ ਗਲਤੀ ਹੈ। ਜਿਵੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ
ਤਾਰੀਖ 5 ਜਨਵਰੀ ਨਹੀਂ 1 ਜਨਵਰੀ ਬਣਦੀ ਹੈ। ਕਰਨਲ ਸੁਰਜੀਤ ਸਿੰਘ ਨਿਸ਼ਾਨ ਤੋਂ ਸੁਣ ਕੇ ਅਨੁਰਾਗ
ਸਿੰਘ ਸਮੇਤ ਹੋਰ ਵੀ ਕਈਆਂ ਨੇ ਇਹ ਦਲੀਲ ਪੇਸ਼ ਕੀਤੀ ਹੈ। ਕੈਲੰਡਰ ਵਿਰੋਧੀਆਂ ਨਾਲ ਤਾਂ ਇਸ ਬਾਰੇ
ਕਈ ਵਾਰ ਵਿਚਾਰ ਹੋ ਚੁੱਕੀ ਹੈ ਪਰ ਇਹ ਮੰਨਣ/ਸਮਝਣ ਨੂੰ ਤਿਆਰ ਨਹੀਂ ਹਨ। ਅੱਜ ਪਾਠਕਾਂ ਨਾਲ ਇਹ
ਵਿਚਾਰ ਸਾਂਝੀ ਕਰਦੇ ਹਾਂ।
ਕੈਲੰਡਰ ਵਿਰੋਧੀ ਧੜੇ ਦਾ ਮੰਨਣਾ ਹੈ ਕਿ ਜੇ ਅਸੀਂ 22 ਦਸੰਬਰ ਜੂਲੀਅਨ ਨੂੰ ਗਰੈਗੋਰੀਅਨ
ਕੈਲੰਡਰ ਵਿਚ ਬਦਲੀ ਕਰੀਏ ਤਾਂ ਇਹ 1 ਜਨਵਰੀ ਬਣਦੀ ਹੈ। ਇਸੇ ਤਰ੍ਹਾਂ ਹੀ ਇਹ ਬਾਕੀ ਤਾਰੀਖਾਂ ਨੂੰ
ਜੂਲੀਅਨ ਤੋਂ ਗਰੈਗੋਰੀਅਨ ਵਿਚ ਬਦਲੀ ਕਰਕੇ ਨਾਨਕਸ਼ਾਹੀ ਕੈਲੰਡਰ ਦੀਆਂ ਕਈ ਤਾਰੀਖਾਂ ਨੂੰ 4-7
ਦਿਨਾਂ ਦੇ ਫਰਕ ਨਾਲ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕਰਕੇ, ਸੰਗਤਾਂ ਨੂੰ ਗੁੰਮਰਾਹ ਕਰਨ ਦਾ ਅਸਫਲ ਯਤਨ
ਕਰ ਰਹੇ ਹਨ। ਪਰ ਮੇਰੇ ਇਕ ਸਵਾਲ, ਜੋ ਮੈਂ ਕਈ ਵਾਰ ਪੁੱਛ ਚੁੱਕਾ ਹਾਂ, ਦਾ ਜਵਾਬ ਦੇਣ ਦੀ ਹਿੰਮਤ
ਕਿਸੇ ਨੇ ਨਹੀਂ ਕੀਤੀ ਕਿ, ਜਿਸ ਫਾਰਮੂਲੇ ਨਾਲ ਤੁਸੀਂ 1 ਜਨਵਰੀ ਦੀ ਤਾਰੀਖ ਕੱਢਦੇ ਹੋ ਉਸੇ
ਫਾਰਮੂਲੇ ਨਾਲ ਵੈਸਾਖੀ ਦੀ ਤਾਰੀਖ ਵੀ ਦੱਸੋ ਕਿ ਕਿੰਨੀ ਬਣਦੀ ਹੈ? ਪਾਠਕਾਂ ਦੀ ਜਾਣਕਾਰੀ ਲਈ
ਬੇਨਤੀ ਹੈ ਕਿ ਜੇ 29 ਮਾਰਚ 1699 ਜੂਲੀਅਨ ਨੂੰ , ਗਰੈਗੋਰੀਅਨ ਵਿੱਚ ਬਦਲੀ ਕਰੀਏ ਤਾਂ 8 ਅਪ੍ਰੈਲ
ਬਣਦੀ ਹੈ। ਨਾਨਕਸ਼ਾਹੀ ਕੈਲੰਡਰ ਵਿੱਚ 1 ਵੈਸਾਖ-14 ਅਪ੍ਰੈਲ ਦਰਜ ਹੈ। ਫੇਰ ਤਾਂ ਇਹ ਤਾਰੀਖ ਵੀ 6
ਦਿਨਾਂ ਦੇ ਫਰਕ ਨਾਲ ਗਲਤ ਹੋਈ। ਪਰ ਇਨ੍ਹਾਂ ਨੇ ਇਸ ਸਵਾਲ ਦਾ ਜਵਾਬ ਦੇਣ ਦਾ ਹੌਸਲਾ ਨਹੀਂ ਕੀਤਾ। ਆਓ
ਇਸ ਤਕਨੀਕੀ ਘੁੰਡੀ ਨੂੰ ਸਮਝੀਏ।
ਕੈਲੰਡਰ ਕਮੇਟੀ ਵੱਲੋਂ ਬਣਾਏ ਗਏ ਮਾਪਦੰਡ ਮੁਤਾਬਕ, ਕੈਲੰਡਰ ਦਾ ਅਧਾਰ 1 ਵੈਸਾਖ (14
ਅਪ੍ਰੈਲ) ਹੈ। ਪਹਿਲੇ 5 ਮਹੀਨਿਆਂ ਦੇ ਦਿਨ 31-31 ਹਨ ਅਤੇ ਪਿਛਲੇ 7 ਮਹੀਨਿਆਂ ਦੇ 30-30 ਦਿਨ ਹਨ।
ਗੁਰਬਾਣੀ ਵਿੱਚ ਦਰਜ ਬਾਰਾ-ਮਾਂਹ ਮੁਤਾਬਕ ਚੇਤ ਪਹਿਲਾ ਮਹੀਨਾ ਹੈ ਅਤੇ ਫੱਗਣ ਆਖਰੀ। ਚੇਤ ਮਹੀਨੇ
ਦੇ 31 ਦਿਨ ਪੂਰੇ ਕਰਨ ਲਈ ਇਸ ਦਾ ਆਰੰਭ 14 ਮਾਰਚ ਨੂੰ ਕੀਤਾ ਗਿਆ ਹੈ। ਚੇਤ ਦੇ 31 ਦਿਨ 13
ਅਪ੍ਰੈਲ ਨੂੰ ਪੂਰੇ ਹੋ ਜਾਂਦੇ ਹਨ ਅਤੇ 1 ਵੈਸਾਖ 14 ਅਪ੍ਰੈਲ ਤੋਂ ਆਰੰਭ ਹੁੰਦਾ ਹੈ, ਇਸ ਦੇ 31
ਦਿਨ 14 ਮਈ ਨੂੰ ਪੂਰੇ ਹੁੰਦੇ ਹਨ। 1 ਜੇਠ 15 ਮਈ, 1 ਹਾੜ 15 ਜੂਨ, 1 ਸਾਵਣ 16 ਜੁਲਾਈ, 1
ਭਾਦੋਂ 16 ਅਗਸਤ, 1 ਅੱਸੂ 15 ਸਤੰਬਰ, 1 ਕੱਤਕ 15 ਅਕਤੂਬਰ, 1 ਮੱਘਰ 14 ਨਵੰਬਰ, 1 ਪੋਹ 14
ਦਸੰਬਰ, 1 ਮਾਘ 13 ਜਨਵਰੀ ਅਤੇ 1 ਫੱਗਣ 12 ਫਰਵਰੀ ਨੂੰ ਆਰੰਭ ਹੁੰਦਾ ਹੈ। ਫੱਗਣ ਦੇ 30 ਦਿਨ 13
ਮਾਰਚ ਨੂੰ ਪੂਰੇ ਜੋ ਜਾਂਦੇ ਹਨ ਅਤੇ ਨਵਾਂ ਸਾਲ ਭਾਵ 1 ਚੇਤ, ਮੁੜ 14 ਮਾਰਚ ਨੂੰ ਆਰੰਭ ਹੋ ਜਾਂਦਾ
ਹੈ। ਜਦੋਂ ਸਾਨੂੰ ਪਤਾ ਹੈ ਕਿ ਹਰ ਸਾਲ ਪੋਹ ਦੇ ਮਹੀਨੇ ਦਾ ਆਰੰਭ ਭਾਵ 1 ਪੋਹ 14 ਦਸੰਬਰ ਨੂੰ ਹੋਵੇਗਾ
ਤਾਂ 23 ਪੋਹ ਨੂੰ ਹਰ ਸਾਲ 5 ਜਨਵਰੀ ਹੀ ਆਵੇਗੀ। ਮੈਂ ਪਹਿਲਾਂ ਵੀ ਇਹ ਵਿਸਥਾਰ ਨਾਲ ਲਿਖ ਚੁੱਕਾ
ਹਾਂ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਪ੍ਰਵਿਸ਼ਟਿਆਂ ਦੀਆਂ ਅੰਗਰੇਜੀ ਤਾਰੀਖਾਂ, ਜੂਲੀਅਨ ਅਤੇ
ਗਰੈਗੋਰੀਅਨ ਦੇ ਆਪਸੀ ਅੰਤਰ ਮੁਤਾਬਕ 10-11 ਦਿਨਾਂ ਨੂੰ ਦੀ ਜੋੜ ਕੇ ਨਹੀਂ ਕੱਢੀਆਂ ਗਈਆਂ। ਮੈਂ
ਇਹ ਸਾਰੀ ਜਾਣਕਾਰੀ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਦੇ ਹਵਾਲੇ ਨਾਲ ਸਾਂਝੀ ਕਰ ਰਿਹਾ ਹਾਂ। ਕੀ 1
ਜਨਵਰੀ ਦੱਸ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਵਾਲਿਆਂ ਨੇ, ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਨਹੀਂ ਪੜ੍ਹੀ? ਨਹੀਂ! ਇਹ ਅਨਪੜ੍ਹ ਨਹੀਂ ਹਨ।
ਇਹ ਪੜ੍ਹੇ ਲਿਖੇ ਹਨ। ਇਹ ਸਭ ਕੁਝ ਜਾਣਦੇ-ਬੁਝਦੇ ਹੋਏ ਹੀ ਕਰ ਰਹੇ ਹਨ। ਇਹ ਸਧਾਰਨ ਵਿਅਕਤੀ ਨਹੀਂ
ਹਨ। ਇਹ ਬੇਈਮਾਨ ਅਤੇ ਮਕਾਰ ਹਨ।
ਅਨੁਰਾਗ ਸਿੰਘ ਦੀ ਮਕਾਰੀ ਦੀ ਸਪੱਸ਼ਟ ਉਦਾਹਰਣ;
ਜੂਲੀਅਨ
ਕੈਲੰਡਰ ਨੂੰ ਅਕਤੂਬਰ 1582 ਈ: ਵਿੱਚ ਸੋਧ ਕੇ ਗਰੈਗੋਰੀਅਨ ਬਣਾ ਦਿੱਤਾ ਗਿਆ ਸੀ।
ਕੈਲੰਡਰ ਨੂੰ ਧਿਆਨ ਨਾਲ ਵੇਖੋ, ਹਫ਼ਤੇ
ਦੇ 7 ਦਿਨਾਂ ਦੀ ਤਰਤੀਬ ਵਿੱਚ ਤਾਂ ਕੋਈ ਫਰਕ ਨਹੀਂ ਪਿਆ।
ਵੀਰਵਾਰ ਤੋਂ ਪਿਛੋਂ ਸ਼ੁੱਕਰਵਾਰ ਹੀ ਹੈ। ਇਸੇ ਤਰ੍ਹਾਂ ਹੀ
ਜਦੋਂ ਇੰਗਲੈਂਡ ਨੇ ਸਤੰਬਰ 1752 ਈ: ਵਿੱਚ ਆਪਣਾ ਕੈਲੰਡਰ ਬਦਲੀ ਕੀਤਾ ਤਾਂ ਵੀ ਬੁੱਧਵਾਰ ਤੋਂ
ਪਿਛੋਂ ਵੀਰਵਾਰ ਹੀ ਹੈ।
ਅਨੁਰਾਗ ਸਿੰਘ ਲਿਖਦਾ ਹੈ, "(੨) ਆਪਣੀ ਜੰਤਰੀ JANTRI
500 YEARS ਵਿੱਚ ਗਰੈਗੋਰੀਅਨ ਕੈਲੰਡਰ ਦੀ ਸ਼ੋਧ ੧੭੫੨ ਵਿੱਚ ਲਗਾਈ ,ਕਾਪੀ ਨੰਥੀ ਹੈ। ਦੇਖ ਲਵੋਂ ਕਿ ੨ ਸਤੰਬਰ,੧੭੫੨ ਬੁੱਧਵਾਰ ਹੈ। ਇਸ ਵਿੱਚ ੧੩ ਦਿਨ ਦੀ ਸੋਧ ਲਗਾ ਕੇ ੧੪ ਸਤੰਬਰ,੧੭੫੨ ਈ: ਵੀਰਵਾਰ ਦਿਖਾਇਆ ਹੈ। ਹੁਣ ਧਿਆਨ ਨਾਲ
ਗਿਣੋ ਅਤੇ ਦੱਸੋ ਕਿ ੧੪ ਸਤੰਬਰ,੧੭੫੨ ਸੋਮਵਾਰ ਹੋਣਾ ਚਾਹੀਦਾ ਸੀ ਕਿ ਵੀਰਵਾਰ (੩ ਦਿਨ) ਦਾ
ਫਰਕ ਕਿਵੇਂ ਰਿਹਾ? (ਪਾਲ ਸਿੰਘ ਪੁਰੇਵਾਲ, ਸਤਪਾਲ ਸਿੰਘ
ਪੂਰੇਵਾਲ ਅਤੇ ਉਨ੍ਹਾਂ ਦੇ ਮਿਸ਼ਨਰੀ ਜੁੰਡਲ਼ੀ ਨੂੰ ਸਵਾਲਾਂ ਦੀ ਕਿਸ਼ਤ.੪। ੨੭.੧੧.੨੦੧੯)
ਉਪਰਲੀ ਫ਼ੋਟੋ ਨੂੰ ਧਿਆਨ ਨਾਲ ਵੇਖੋ। 2
ਸਤੰਬਰ ਬੁੱਧਵਾਰ ਨੂੰ ਭਾਦੋਂ ਸੁਦੀ 6, 2 ਅੱਸੂ, 4 ਜ਼ੁਲਕਿਦਾਹ ਹੈ। ਅਤੇ ਵੀਰਵਾਰ ਨੂੰ ਭਾਦੋਂ ਸੁਦੀ 7, 2 ਅੱਸੂ, 5 ਜ਼ੁਲਕਿਦਾਹ ਹੈ। ਬੁੱਧਵਾਰ ਨੂੰ 2 ਸਤੰਬਰ 1752 ਈ:
ਜੂਲੀਅਨ ਹੈ। ਕਿਉਂਕਿ ਸਾਲ ਦੀ ਲੰਬਾਈ ਵੱਧ (11.25 ਮਿੰਟ) ਹੋਣ ਕਾਰਨ ਗੋਰਿਆਂ ਦੇ ਦਿਨ-ਤਿਉਹਾਰਾਂ
ਦਾ ਸਬੰਧ ਮੌਸਮ ਨਾਲੋਂ ਟੁੱਟ ਚੁੱਕਾ ਸੀ। ਇਸ ਲਈ ਉਨ੍ਹਾਂ ਨੇ ਵੀਰਵਾਰ ਨੂੰ 3 ਸਤੰਬਰ ਕਰਨ ਦੀ ਥਾਂ
14 ਸਤੰਬਰ ਕਰ ਲਈ, ਅਤੇ ਅੱਗੋਂ ਤੋਂ ਰੁੱਤਾਂ ਨੂੰ ਮਹੀਨਿਆਂ ਵਿੱਚ ਸਥਿਰ ਕਰ ਲਿਆ। ਅਖੌਤੀ ਵਿਦਵਾਨ, ਜਿਸ ਨੂੰ ਕੰਧ ਤੇ
ਟੰਗਿਆ ਕੈਲੰਡਰ ਵੇਖਣਾ ਨਹੀਂ ਆਉਂਦਾ, ਉਹ ਕਹਿੰਦਾ 14 ਸਤੰਬਰ ਨੂੰ ਵੀਰਵਾਰ ਗਲਤ ਹੈ, ਸੋਮਵਾਰ
ਚਾਹੀਦਾ ਸੀ।।
ਇਹ ਸੋਧ
ਤਾਂ ਦੂਜੀਆਂ ਕੌਮਾਂ ਨੇ ਆਪਣੇ ਕੈਲੰਡਰ ਵਿੱਚ ਕੀਤੀ ਹੈ। ਆਪਣੇ
ਖਿੱਤੇ ਵਿੱਚ ਪ੍ਰਚੱਲਤ ਕੈਲੰਡਰਾਂ ਦਾ ਤਾਂ ਇਸ ਸੋਧ ਨਾਲ ਦੂਰ ਦਾ ਵੀ ਸਬੰਧ ਨਹੀ ਹੈ। ਤੁਸੀਂ, ਸ.
ਪਾਲ ਸਿੰਘ ਪੁਰੇਵਾਲ ਵੱਲੋਂ ਬਣਾਈ ਗਈ 500 ਸਾਲਾਂ ਜੰਤਰੀ ਦੇ ਪੰਨਾ ਨੰਬਰ 284 ਦੀ ਫ਼ੋਟੋ ਨੱਥੀ
ਕੀਤੀ ਹੈ ਉਸ ਵਿਚ ਵੀ ਬੁੱਧਵਾਰ
ਤੋਂ ਪਿਛੋਂ ਵੀਰਵਾਰ ਹੀ ਦਰਜ ਹੈ। ਤੁਸੀਂ ਉਸ ਵਿੱਚ
ਹੱਥ ਨਾਲ ਲਿਖ ਕੇ ਜੋ ਸੋਮਵਾਰ ਬਣਾਇਆ ਹੈ, ਦੱਸੋ ਇਸ ਦਾ ਕੀ ਅਧਾਰ ਹੈ?
ਜੂਲੀਅਨ ਕੈਲੰਡਰ ਦੀ ਸੋਧ ਦਾ ਦੂਜਿਆਂ ਕੈਲੰਡਰਾਂ ਨਾਲ ਕੀ ਸਬੰਧ ਹੈ? ਇਹ ਨੁਕਤਾ ਮੈਂ ਆਪਣੇ 12/10/2017 ਦੇ ਪੱਤਰ ਵਿਚ ਵੀ ਸਪੱਸ਼ਟ ਕੀਤਾ ਸੀ। ਪਰ! ਗੱਲ ਨੂੰ ਸਮਝੇ ਜਾਂ ਮੰਨੇ
ਤਾਂ ਉਹ ਜਿਹੜਾ ਇਮਾਨਦਾਰ ਹੋਵੇ। ਵਿਕਾਊ ਕਲਮਾਂ ਨੂੰ ਦਲੀਲਾਂ ਨਾਲ ਕੋਈ ਫਰਕ ਨਹੀਂ ਪੈਂਦਾ।
ਅਨੁਰਾਗ ਸਿੰਘ ਦੇ ਬਚਨ, “ਪਾਲ ਸਿੰਘ ਪੁਰੇਵਾਲ ਸਿਰਫ
ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਇਸ ਵਿਗਿਆਨਿਕ ਢੰਗ ਨਾਲ ਕੱਢ ਕੇ ਦਿਖਾਵੇ ਅਤੇ ਜੇ ਇਹ ੫
ਜਨਵਰੀ ਨਿਕਲਿਆ ਤਾਂ ਮੈਂ ਲਿੱਖਣਾ ਛੱਡ ਦੇਵਾਂਗਾ ਨਹੀ ਤਾਂ ਉਹ ਆਪਣੀ ਭਜਨ ਮੰਡਲੀ ਨਾਲ ਨਾਨਕਸ਼ਾਹੀ
ਜੰਤਰੀ ਦਾ ਰਾਗ ਗਾਉਣਾ ਬੰਦ ਕਰ ਦੇਣਗੇ”। ( 29/11/2019)
ਅਨੁਰਾਗ ਸਿੰਘ, ਮੈਂ 23 ਪੋਹ (5 ਜਨਵਰੀ) ਨੂੰ ਸਹੀ ਸਾਬਿਤ
ਕਰ ਦਿੱਤਾ ਹੈ। ਕੀ ਹੁਣ ਆਪਣੇ ਲਿਖੇ “ਮੈਂ ਲਿੱਖਣਾ ਛੱਡ ਦੇਵਾਂਗਾ” ਤੇ ਅਮਲ ਕਰੇਗਾਂ? ਹੁਣ ਕਰ ਮੇਰਾ ਸੱਦਾ ਪ੍ਰਵਾਨ। 14
ਸਤੰਬਰ 1752 ਈ: ਨੂੰ ਵੀਰਵਾਰ ਸੀ। ਜੇ ਤੁਸੀਂ ਇਸ ਨੂੰ ਸੋਮਵਾਰ ਸਾਬਿਤ ਕਰ ਦਿਓ ਤਾਂ ਵਦੀ-ਸੁਦੀ, ਤਾਰੀਖਾਂ
ਅਤੇ ਪ੍ਰਵਿਸ਼ਟਿਆਂ ਭਾਵ ਕੈਲੰਡਰ ਬਾਰੇ, ਇਹ ਮੇਰਾ ਆਖਰੀ ਲੇਖ ਹੋਵੇਗਾ। ਜੇ ਨਾ ਕਰ ਸਕੇ ਤਾਂ ਤੁਹਾਨੂੰ
ਆਪਣੇ ਲਿਖੇ, “ਮੈਂ ਲਿੱਖਣਾ ਛੱਡ ਦੇਵਾਂਗਾ” ਅਮਲ ਕਰਨਾ ਪਵੇਗਾ।