ਸੂਰਜ ਦਾ ਰੱਥ
ਸਰਵਜੀਤ ਸਿੰਘ
ਸੈਕਰਾਮੈਂਟੋ
sarbjits@gmail.com
ਧਰਤੀ ਦੇ ਸੂਰਜ
ਦੁਆਲੇ ਇਕ ਚੱਕਰ, ਜਿਸ ਨੂੰ ਸਾਲ ਕਹਿੰਦੇ ਹਨ ਵਿੱਚ ਦੋ ਦਿਨ ਅਜੇਹੇ
ਆਉਂਦੇ ਹਨ ਜਦੋਂ ਧਰਤੀ ਤੇ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਸਾਲ ਵਿਚ ਦੋ ਦਿਨ ਅਜੇਹੇ ਵੀ ਆਉਂਦੇ
ਹਨ ਉੱਤਰੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ ਉਸੇ
ਵੇਲੇ ਦੱਖਣੀ ਅਰਧ ਗੋਲੇ ਵਿਚ ਰਾਤ ਵੱਡੀ ਤੋਂ ਵੱਡੀ ਅਤੇ ਦਿਨ ਛੋਟੇ ਤੋਂ ਛੋਟਾ ਹੁੰਦਾ ਹੈ। ਇਸ
ਤੋਂ ਉਲਟ ਜਦੋਂ ਉਤਰੀ ਅਰਧ ਗੋਲੇ ਵਿੱਚ ਦਿਨ ਛੋਟੇ ਤੋਂ ਛੋਟਾ ਅਤੇ ਰਾਤ ਵੱਡੀ ਤੋਂ ਵੱਡੀ ਹੁੰਦੀ
ਹੈ ਉਸ ਵੇਲੇ ਦੱਖਣੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ
ਹੈ। ਭਾਵੇਂ ਸਾਨੂੰ ਇਹ ਪੜਾਇਆ ਗਿਆ ਹੈ ਕਿ ਸੂਰਜ ਪੂਰਬ ਤੋਂ ਨਿਕਲਦਾ ਹੈ ਅਤੇ ਪੱਛਮ ਵਿੱਚ ਛਿਪ
ਜਾਂਦਾ ਹੈ। ਪਰ ਅਜੇਹਾ ਸਾਲ ਵਿੱਚ ਦੋ ਕੁ ਦਿਨ ਹੀ ਹੁੰਦਾ ਹੈ
ਜਦੋਂ ਸੂਰਜ ਪੂਰਬ ਭਾਵ 90° ਤੋਂ ਨਿਕਲਦਾ ਹੈ। ਉਸ ਤੋਂ ਅਗਲੇ ਦਿਨ ਇਹ 89°
ਜਾਂ 91° ਤੋਂ ਉਦੇ ਹੁੰਦਾ ਹੈ। ਸੂਰਜ ਦੇ ਉਦੇ ਹੋਣ ਦੀ
ਦਿਸ਼ਾ ਪੂਰਬ ਤੋਂ (90°) ਉੱਤਰ ਵੱਲ ਨੂੰ ਲੱਗਭੱਗ 28°
ਅਤੇ ਦੱਖਣ ਵੱਲ ਨੂੰ 28° ਤੱਕ ਹੁੰਦੀ ਹੈ। ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ
ਕਿ ਅੰਮ੍ਰਿਤਸਰ ਵਿਖੇ ਸੂਰਜ ਲੱਗਭੱਗ 62.15° ਤੋਂ 117.32° ਦੇ ਦਰਮਿਆਨ ਚੜਦਾ ਹੈ। ਇਸ ਨੂੰ ਸੂਰਜ ਦਾ ਰੱਥ ਫਿਰਨਾ ਕਿਹਾ ਜਾਂਦਾ ਹੈ।
“ਰਥੁ ਫਿਰੈ
ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ 1108)
ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜੀ ਹੈ। ਸੂਰਜ ਇਸ ਦੀ ਪ੍ਰਕਰਮਾ ਕਰਦਾ
ਹੈ। ਕੋਪਰਨੀਕਸ (1473-1534) ਅਤੇ ਕੈਪਲਰ (1571-1630)
ਨੇ ਗਣਿਤ ਰਾਹੀ ਇਹ ਸਾਬਿਤ ਕੀਤਾ ਕਿ ਧਰਤੀ ਘੁੰਮ ਰਹੀ ਹੈ। ਗੈਲੀਲੀਓ (1564-1642) ਨੇ ਪ੍ਰਯੋਗ
ਰਾਹੀ ਸਾਬਿਤ ਕੀਤਾ ਸੀ ਕਿ ਗ੍ਰਹਿ ਚਾਲ ਦਾ ਕੇਂਦਰ ਧਰਤੀ ਨਹੀਂ ਸਗੋਂ ਸੂਰਜ ਹੈ। ਧਰਤੀ ਸਮੇਤ ਸਾਰੇ
ਗ੍ਰਹਿ ਸੂਰਜ ਦੁਆਲੇ, ਇਕ ਖਾਸ ਰਫਤਾਰ ਅਤੇ ਇਕ ਖਾਸ ਦੂਰੀ ਤੇ ਰਹਿ ਕੇ
ਚੱਕਰ ਲਾਉਂਦੇ ਹਨ। ਉਸ ਵੇਲੇ ਦੇ
ਧਾਰਮਿਕ ਆਗੂਆਂ ਨੇ ਗੈਲੀਲੀਓ ਨਾਲ ਕਿਵੇਂ ਸਿੱਝਿਆ, ਉਹ ਇਤਿਹਾਸ ਦਾ ਅੰਗ ਬਣ ਚੁੱਕਾ
ਹੈ। ਅਖੀਰ ਜਦੋਂ ਉਨ੍ਹਾਂ ਦੇ ਧਾਰਮਿਕ ਆਗੂਆਂ ਨੂੰ, ਕਰਤੇ ਦੇ ਨਿਯਮ ਦੀ
ਸਮਝ ਆਈ ਤਾਂ ਉਨ੍ਹਾਂ ਨੂੰ ਆਪਣੇ ਪੂਰਵਜਾਂ ਵੱਲੋਂ ਕੀਤੀ ਗਈ ਗਲਤੀ ਦਾ ਅਹਿਸਾਸ ਹੋਇਆ ਕਿ ਗੈਲੀਲੀਓ
ਨਾਲ ਜ਼ਿਆਦਤੀ ਹੋਈ ਸੀ। ਉਨ੍ਹਾਂ ਨੇ ਸਾਢੇ ਤਿੰਨ
ਸਦੀਆਂ ਪਿਛੋਂ, 1992 ਈ: ਵਿੱਚ ਪਿਛਲਾ ਫੈਸਲਾ ਖ਼ਾਰਜ ਕਰ ਦਿੱਤਾ। ਪੋਪ ਜੌਹਨਪਾਲ (ਦੂਜਾ) ਨੇ ਗੈਲੀਲੀਓ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ “ਤੂਸੀ ਸਹੀ ਸੀ,
ਅਸੀਂ ਸਾਰੇ ਹੀ ਗਲਤ ਸੀ”। ਅੱਜ ਇਹ ਘੋੜੇ
ਚੜ੍ਹੀ ਸਚਾਈ ਹੈ ਕਿ ਧਰਤੀ ਗੋਲ ਹੈ। ਧਰਤੀ ਆਪਣੇ ਧੁਰੇ ਦੁਆਲੇ ਲੱਗ ਭੱਗ 1037 ਮੀਲ ਪ੍ਰਤੀ ਘੰਟਾ (ਭੂ ਮੱਧ ਰੇਖਾਂ ਉੱਪਰ) ਦੀ ਰਫਤਾਰ ਨਾਲ ਘੁੰਮਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਅਤੇ ਰਾਤ
ਬਣਦੇ ਹਨ। ਧਰਤੀ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉਥੇ ਸੂਰਜ ਦੀ ਰੋਸ਼ਨੀ ਪੈਣ
ਕਾਰਨ ਦਿਨ ਹੁੰਦਾ ਅਤੇ ਦੂਜੇ ਪਾਸੇ ਹਨੇਰਾ ਹੋਣ ਕਾਰਨ ਰਾਤ ਪੈ ਜਾਂਦੀ ਹੈ। ਧਰਤੀ ਸੂਰਜ ਤੋਂ
ਲੱਗਭੱਗ 92962000 ਮੀਲ ਦੂਰ ਰਹਿ ਕੇ ਸੂਰਜ ਦੀ ਪ੍ਰਕਰਮਾ ਕਰਦੀ ਹੈ। ਧਰਤੀ ਦਾ ਇਹ ਚੱਕਰ,
ਜਿਸ ਨੂੰ ਸਾਲ ਕਿਹਾ ਜਾਂਦਾ ਹੈ, 365 ਦਿਨ 5 ਘੰਟੇ 48
ਮਿੰਟ 45 ਸੈਕਿੰਡ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (Tropical year) ਕਿਹਾ ਜਾਂਦਾ ਹੈ। ਧਰਤੀ ਤੇ ਰੁੱਤਾਂ, ਸਾਲ ਦੀ ਇਸੇ ਲੰਬਾਈ ਮੁਤਾਬਕ
ਬਦਲਦੀਆਂ ਹਨ।
ਧਰਤੀ ਦੇ ਧੁਰੇ
ਦਾ ਲੱਗਭੱਗ 23.5° ਝੁਕਿਆ ਹੋਣ ਕਾਰਨ, ਜਦੋਂ
ਧਰਤੀ ਸੂਰਜ ਦਾ ਚੱਕਰ ਕੱਟਦੀ ਹੈ ਤਾਂ ਧਰਤੀ ਦੇ ਵੱਖ-ਵੱਖ ਹਿੱਸਿਆਂ ਤੇ ਸੂਰਜ ਦੀ ਰੋਸ਼ਨੀ ਅਤੇ
ਗਰਮੀ ਵੱਧਦੀ-ਘੱਟਦੀ ਰਹਿੰਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਵੱਡੇ-ਛੋਟੇ ਹੁੰਦੇ ਹਨ ਅਤੇ ਵੱਖ-ਵੱਖ
ਰੁੱਤਾਂ ਬਦਲਦੀਆਂ ਹਨ।
ਚੰਦ, ਧਰਤੀ ਦੇ ਦੁਆਲੇ ਘੁੰਮਦਾ ਹੈ। ਇਸ ਦੇ ਪੰਧ ਵਿੱਚ ਤਾਰਿਆਂ ਦੇ 27 ਸਮੂਹ ਮੰਨੇ ਗਏ ਹਨ। ਜਿਨ੍ਹਾਂ ਨੂੰ ਨਛੱਤਰ ਕਿਹਾ ਜਾਂਦਾ ਹੈ। ਇਕ ਦਿਨ ਦਾ ਇਕ ਨਛੱਤਰ
ਮੰਨਿਆ ਗਿਆ ਹੈ। ਇਸ ਹਿਸਾਬ ਨਾਲ ਚੰਦ ਦਾ ਧਰਤੀ ਦੁਆਲੇ ਇਕ ਚੱਕਰ ਦਾ 27.32 ਦਿਨ (27 ਦਿਨ 7 ਘੰਟੇ 43 ਮਿੰਟ) ਸਮਾਂ ਬਣਦਾ ਹੈ। ਪਰ ਇਸੇ ਸਮੇਂ
ਦੌਰਾਨ ਧਰਤੀ ਜੋ ਸੂਰਜ ਦੁਆਲੇ ਘੁੰਮਦੀ ਹੈ, ਲੱਗਭੱਗ 27° ਅੱਗੇ ਵੱਧ ਜਾਂਦੀ ਹੈ ਤਾਂ ਇਹ ਵੱਧੇ ਹੋਏ
ਫਾਸਲੇ ਸਮੇਤ ਇਕ ਚੱਕਰ ਪੂਰਾ ਕਰਨ ਲਈ ਚੰਦ ਨੂੰ 29.53 ਦਿਨ (29 ਦਿਨ 12 ਘੰਟੇ 44 ਮਿੰਟ) ਲੱਗਦੇ ਹਨ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਇਹ ਮੱਸਿਆ ਤੋਂ
ਮੱਸਿਆ ( ਅਮਾਂਤਾ) ਜਾਂ ਪੁੰਨਿਆ ਤੋਂ ਪੁੰਨਿਆ (ਪੂਰਨਮੰਤਾ) ਤਾਈਂ ਗਿਣਿਆ ਜਾਂਦਾ ਹੈ। ਚੰਦ ਦੇ
ਸਾਲ ਵਿੱਚ 12 ਮਹੀਨੇ ਹੁੰਦੇ ਹਨ, ਚੰਦ ਦੇ ਸਾਲ ਦੀ ਲੰਬਾਈ 354.37 ਦਿਨ
ਮੰਨੀ ਗਈ ਹੈ। ਚੰਦ ਦਾ ਇਕ ਸਾਲ ਸੂਰਜ ਦੇ ਸਾਲ ਨਾਲੋਂ ਲੱਗਭੱਗ 11 ਦਿਨ ਛੋਟਾ
ਹੁੰਦਾ ਹੈ। ਇਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਜਦੋਂ ਚੰਦ ਦਾ
ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ
ਵਿੱਚ ਤੀਜੇ ਸਾਲ (19 ਸਾਲ ਵਿੱਚ 7 ਸਾਲ) ਇਕ ਮਹੀਨਾ ਜੋੜ ਦਿੱਤਾ
ਜਾਂਦਾ ਹੈ। ਇਸ ਸਾਲ ਚੰਦ ਦੇ ਸਾਲ ਵਿੱਚ 384/85 ਦਿਨ ਹੋ ਜਾਂਦੇ ਹਨ। ਇਹ ਹੀ ਕਾਰਨ ਹੈ ਕਿ ਚੰਦ ਦੇ ਸਾਲ
ਜਾਂ ਕੈਲੰਡਰ ਦਾ ਰੁੱਤਾਂ ਨਾਲ ਸਬੰਧ ਨਹੀਂ ਰਹਿੰਦਾ। ਸੱਚ ਤਾ ਇਹ ਹੈ ਕਿ ਚੰਦ ਦੇ ਸਾਲ ਨੂੰ ਜਿਸ
ਸੂਰਜੀ ਬਿਕ੍ਰਮੀ ਸਾਲ ਦੇ ਨੇੜੇ ਤੇੜੇ ਰੱਖਿਆ ਜਾਂਦਾ ਹੈ, ਉਸ ਸਾਲ ਦਾ ਵੀ ਰੁੱਤਾਂ ਨਾਲ ਸਬੰਧ
ਨਹੀਂ ਹੈ।
ਜੂਨ ਦੇ ਮਹੀਨੇ ਉਤਰੀ ਅਰਧ ਗੋਲੇ ਵਿਚ ਗਰਮੀ ਪੂਰੇ ਜੋਬਨ ਤੇ ਹੁੰਦੀ ਹੈ ਅਤੇ ਦਿਨ ਵੱਡੇ ਹੋ
ਰਹੇ ਹੁੰਦੇ ਹਨ। ਸਵੇਰ ਵੇਲੇ ਸੂਰਜ, ਪਹਿਲੇ ਦਿਨ ਨਾਲੋਂ ਕੁਝ ਸਮਾਂ ਪਹਿਲਾ ਚੜਦਾ ਹੈ ਅਤੇ ਕੁਝ
ਸਮਾਂ ਪਿਛੋਂ ਛਿਪਦਾ ਹੈ। ਜੇ ਆਪਾਂ ਸੂਰਜ ਨੂੰ ਚੜਨ ਵੇਲੇ ਵੇਖੀਏ ਤਾਂ, ਹਰ ਰੋਜ ਸੂਰਜ ਥੋੜਾ-ਥੋੜਾ
ਉੱਤਰ ਵੱਲ ਨੂੰ ਜਾ ਰਿਹਾ ਹੁੰਦਾ ਹੈ। 21-22 ਜੂਨ ਨੂੰ ਸੂਰਜ ਵੱਧ ਤੋਂ ਵੱਧ ਉੱਤਰ ਵੱਲ ਹੁੰਦਾ ਹੈ
ਅਤੇ ਉਤਰੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ। ਜੰਤਰੀਆਂ ਦੀ ਭਾਸ਼ਾ ਵਿੱਚ ਇਸ ਨੂੰ
ਉਤਰਾਇਣ ਕਹਿੰਦੇ ਹਨ। ਇਕ ਸਮਾਂ ਅਜੇਹਾ ਆਉਂਦਾ ਹੈ ਜਦੋਂ ਸੂਰਜ ਦਾ ਉੱਤਰ ਵੱਲ ਨੂੰ ਜਾਂਦਾ-ਜਾਂਦਾ
ਰੁਕ ਜਾਂਦਾ ਹੈ ਅਤੇ ਪਿਛੇ ਮੁੜ ਪੈਦਾ ਹੈ ਭਾਵ ਦੱਖਣ ਵੱਲ ਨੂੰ ਮੁੜ ਪੈਦਾ ਹੈ, ਦਿਨ ਦੀ ਲੰਬਾਈ
ਹੋਲੀ-ਹੋਲੀ ਘਟਣੀ ਆਰੰਭ ਹੋ ਜਾਂਦੀ ਹੈ। ਜਿਸ ਨੂੰ ਦਖਰਾਇਣ ਕਿਹਾ ਜਾਂਦਾ ਹੈ। ਇਸ ਸਾਲ ਇਹ ਘਟਨਾ
21 ਜੂਨ, ਦਿਨ ਐਤਵਾਰ ਨੂੰ ਲੱਗਭੱਗ 21:45 (U T) ਮੁਤਾਬਕ
ਇੰਡੀਆ ਵਿੱਚ 22 ਜੂਨ ਸੋਮਵਾਰ ਸਵੇਰੇ 03:15 (IST) ਤੇ ਵਾਪਰੇਗੀ। ਇਸ
ਸਮੇਂ ਸੂਰਜ ਅੱਗੇ ਜਾਣ ਦੀ ਬਿਜਾਏ ਪਿਛੇ ਮੁੜ ਪਏਗਾ। ਦਿਨ ਛੋਟਾ ਹੋਣਾ ਆਰੰਭ ਹੋ ਜਾਵੇਗਾ ਅਤੇ 22
ਸਤੰਬਰ ਨੂੰ ਦਿਨ ਅਤੇ ਰਾਤ ਫਿਰ ਬਰਾਬਰ ਹੋ ਜਾਣਗੇ। ਸੂਰਜ ਦੇ ਦਖਨਾਇਣ ਤੋਂ ਉਤਰਾਇਣ ਅਤੇ ਉਤਰਾਇਣ ਤੋਂ
ਦਖਨਾਇਣ ਵੱਲ ਜਾਣ ਨੂੰ ਸੂਰਜ ਦਾ ਰੱਥ ਫਿਰਨਾ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਸਾਲ ਦੀ
ਲੰਬਾਈ ਹੈ। ਜਿਸ ਮੁਤਾਬਕ ਇਸ ਧਰਤੀ ਤੇ ਰੁੱਤਾਂ ਬਣਦੀਆਂ ਅਤੇ ਬਦਲਦੀਆਂ ਹਨ। ਇਸ ਨੂੰ ਰੁੱਤੀ ਸਾਲ
(Tropical year) ਕਹਿੰਦੇ ਹਨ। ਇਸ ਸਾਲ ਦੀ ਲੰਬਾਈ 365.2422 ਦਿਨ
ਮੰਨੀ ਗਈ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਵਨ ਪੰਗਤੀ, “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ”
(ਪੰਨਾ 1108) ਇਸ ਪੰਗਤੀ ਵਿੱਚ ਸੂਰਜ ਦੇ ਰੱਥ ਫਿਰਨ ਦਾ ਸੰਕੇਤ ਹੈ। ਇਸ ਪਾਵਨ ਪੰਗਤੀ
(ਬਾਰਹਮਾਹ, ਤੁਖਾਰੀ) ਦੇ ਅਰਥ ਫਰੀਦਕੋਟੀ ਟੀਕੇ ਮੁਤਾਬਕ,
“ਬਹੁੜੋ ਜਬ ਅਸਾੜ ਮਹੀਨੇ ਮੈਂ ਸੂਰਜ ਕਾ ਰੱਥ ਫਿਰਤਾ ਹੈ ਅਰਥਾਤ ਉਤ੍ਰਾਇਣ
ਦਖਣਾਇਣ ਕੋ ਹੋਤਾਂ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੌ ਤਕਤੀ ਹੈ ਔਰ ਉਜਾੜੋਂ ਕੇ ਬੀਚ
ਬਿੰਡੇ ਬੋਲਤੇ ਹੈ”।
“ਜਿਸ ਵੇਲੇ ਸੂਰਜ ਦਾ ਰਥ ਹਾੜ ੧੩ ਨੂੰ ਦਖਨੇਣ ਦੀ
ਤਰਫ਼ ਫਿਰ ਜਾਂਦਾ ਹੈ ਤਾਂ ਧਨ=ਇਸਤਰੀ ਤੇ ਮੁਸਾਫਰ ਬ੍ਰਿਛਾ ਦੀ ਛਾਇਆ ਤਾਕੇ-ਤੱਕਦੇ ਹਨ ਅਤੇ ਟਿਡੁ-
ਬਿੰਡੇ, ਬਾਹੇ =ਉਜਾੜ ਮੰਝਿ ਲਵੇ=ਖੋਲਦੇ ਹਨ। (ਸੰਪਰਦਾਈ ਟੀਕਾ) ਇਸੇ
ਪੰਨੇ ਦੇ ਅਖੀਰ ਤੇ ਇਕ ਨੋਟ ਹੈ:– “ਜਿਸ ਵੇਲੇ ਹਾੜ 13 ਨੂੰ ਸੂਰਜ ਦਾ ਰਥ ਦਖਨੇਣ ਹੁੰਦਾ ਹੈ ਤਾਂ ਸ੍ਵਰਗ ਦੇ
ਬੂਹੇ ਬੰਦ ਹੁੰਦੇ ਹਨ, ਜਿਸ ਵੇਲੇ ੯ ਪੋਹ ਨੂੰ ਸੂਰਜ ਦਾ ਰਥ ਉਤਰੇਣ
ਹੁੰਦਾ ਹੈ ਤਾਂ ਸ੍ਵਰਗ ਦੇ ਬੂਹੇ ਖੁਲ੍ਹ ਜਾਂਦੇ ਹੈ। ਇਸੇ ਕਾਰਨ ਕਰਕੇ ਜੋਗੀ ਸਮੇਂ ਦਾ ਵਿਚਾਰ ਕਰ
ਕੇ ਪ੍ਰਾਣ ਤਿਆਗਦੇ ਹਨ ਇਹ ਪੁਰਾਣਕ ਅਨੁਸਾਰ ਹੈ”। ਇਸ ਟਿੱਪਣੀ ਵਿਚ ਰਥ ਫਿਰਨ ਦੀਆਂ ਦੋ ਤਾਰੀਖਾਂ
(13 ਹਾੜ ਅਤੇ 9 ਪੋਹ) ਦਿੱਤੀਆਂ ਹੋਈਆਂ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਤਾਰੀਖਾਂ ਅਨੁਸਾਰ ਰੱਥ ਕਦੋਂ ਫਿਰਿਆ ਸੀ? ਕਿਹਾ ਜਾਂਦਾ ਹੈ ਸੰਪਰਦਾਈ ਟੀਕੇ ਵਿਚ ਉਹ ਦਰਜ ਅਰਥ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਨੇ
ਭਾਈ ਮਨੀ ਸਿੰਘ ਜੀ ਨੂੰ ਪੜਾਏ ਸਨ। ਇਸ ਲਈ ਇਹ ਤਾਰੀਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆ
ਹਨ।
ਉਪ੍ਰੋਕਤ ਪਾਵਨ ਪੰਗਤੀ ਦਾ ਭਾਵ ਹੈ ਕਿ ਜਦੋਂ ਸੂਰਜ ਵੱਧ
ਤੋਂ ਵੱਧ ਉਤਰ ਵੱਲ ਗਿਆ ਹੁੰਦਾ ਹੈ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ ਅਤੇ ਇਕ ਖਾਸ ਸਮੇਂ ਤੇ ਸੂਰਜ
ਵਾਪਸ ਦੱਖਣ ਨੂੰ ਮੁੜਦਾ ਹੈ ਅਤੇ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ ਇਸ ਨੂੰ ਸੂਰਜ ਦਾ ਰੱਥ
ਫਿਰਨਾ ਕਹਿੰਦੇ ਹਨ। ਪੰਜਾਬ ਵਿਚ ਇਸ ਦਿਨ ਵਰਖਾ ਰੁਤ ਦਾ ਅਰੰਭ ਮੰਨਿਆ ਜਾਂਦਾ ਹੈ। ਅੱਜ ਇਹ ਮੰਨਿਆ
ਜਾਂਦਾ ਹੈ ਕਿ ਇਹ ਘਟਨਾ 21-22 ਜੂਨ ਨੂੰ ਕਿਸੇ ਵੇਲੇ ਵਾਪਰਦੀ ਹੈ। ਸੰਪਰਦਾਈ
ਟੀਕੇ ਵਿਚ ਦਰਜ ਤਾਰੀਖਾਂ ਦੀ ਜਦੋਂ ਪੜਤਾਲ ਕੀਤੀ ਤਾਂ 13 ਹਾੜ 1756
ਬਿਕ੍ਰਮੀ ਦੀ ਤਾਰੀਖ, 11 ਜੂਨ ਜੂਲੀਅਨ ਮੁਤਾਬਕ 21
ਜੂਨ ਗਰੈਗੋਰੀਅਨ (1699 ਈ:) ਨੂੰ ਵੱਡੇ ਤੋਂ ਵੱਡਾ
ਦਿਨ ਸੀ। ਭਾਵ ਸੂਰਜ ਦਾ ਰਥ ਫਿਰਿਆ ਸੀ। ਪਰ 9 ਪੋਹ ਦੀ ਤਾਰੀਖ ਠੀਕ ਨਹੀ
ਹੈ ਉਸ ਸਾਲ 12 ਪੋਹ, 11 ਦਸੰਬਰ ਜੂਲੀਅਨ
ਮੁਤਾਬਕ 21 ਦਸੰਬਰ ਗਰੈਗੋਰੀਅਨ ਨੂੰ ਛੋਟੇ ਤੋਂ ਛੋਟਾ ਦਿਨ ਸੀ। ਖੈਰ,
ਆਪਾ ਹਾੜ ਦੀ ਤਾਰੀਖ ਦੀ ਪੜਤਾਲ ਕਰਨੀ ਹੈ। ਅੱਜ ਵੀ ਇਹ ਸਚਾਈ ਹੈ ਕਿ ਉਤਰੀ ਅਰਧ
ਗੋਲੇ ਵਿਚ 21-22 ਜੂਨ ਨੂੰ ਜਦ ਸੂਰਜ ਵੱਧ ਤੋਂ ਵੱਧ ਉਤਰ ਵੱਲ ਹੁੰਦਾ
ਹੈ ਤਾਂ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ। ਇਸ ਦਿਨ ਸੂਰਜ ਕਿਸੇ ਵੇਲੇ ਵਾਪਸ ਦੱਖਣ ਨੂੰ ਮੁੜ ਪੈਦਾ
ਹੈ ਅਤੇ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ।
ਹੁਣ ਜਦੋਂ ਇਹ ਸਪੱਸ਼ਟ ਹੈ ਕਿ ਸੂਰਜ ਦਾ ਰੱਥ 21-22 ਜੂਨ
(ਗਰੈਗੋਰੀਅਨ) ਨੂੰ ਕਿਸੇ ਵੇਲੇ ਫਿਰਦਾ ਹੈ। ਤਾਂ ਆਓ ਵੇਖੀਏ ਕਿ ਗੁਰੂ ਨਾਨਕ ਜੀ ਦੇ ਸਮੇਂ ਸੂਰਜ
ਦਾ ਰੱਥ ਕਦੋਂ ਫਿਰਿਆ ਸੀ। ਸੰਮਤ 1526 ਬਿਕ੍ਰਮੀ ਵਿਚ ਰੱਥ ਸੂਰਜ ਦਾ
ਰੱਥ 12 ਜੂਨ 1469 ਈ: (ਜੂਲੀਅਨ) ਮੁਤਾਬਕ 16 ਹਾੜ ਦਿਨ ਸੋਮਵਾਰ ਨੂੰ
ਫਿਰਿਆ ਸੀ। ਯਾਦ ਰਹੇ ਜੇ 12 ਜੂਨ ਜੂਲੀਅਨ ਨੂੰ ਗਰੈਗੋਰੀਅਨ ਵਿੱਚ ਬਦਲੀ
ਕਰੀਏ ਤਾਂ ਇਹ 21 ਜੂਨ ਹੀ ਬਣਦੀ ਹੈ। ਉਪਰ ਆਪਾਂ ਵੇਖ ਆਏ ਹਾਂ ਕਿ 1756 ਬਿਕ੍ਰਮੀ (1699 ਈ:) ਵਿਚ ਰੱਥ 13 ਹਾੜ
(11 ਜੂਨ ਜੂਲੀਅਨ/21 ਜੂਨ ਗਰੈਗੋਰੀਅਨ) ਦਿਨ
ਐਤਵਾਰ ਨੂੰ ਫਿਰਿਆ ਸੀ। ਇਸ ਸਾਲ (2020 ਈ:) 22 ਜੂਨ ਮੁਤਾਬਕ 7 ਹਾੜ ਨੂੰ ਫਿਰੇਗਾ। ਅੱਜ ਤੋਂ 500
ਸਾਲ ਭਾਵ ਸੰਮਤ 2520 ਈ: ਨੂੰ ਸੂਰਜ ਦਾ ਰੱਥ 20 ਜੂਨ 22:44 (IST) ਵਜੇ ਮੁਤਾਬਕ 29 ਜੇਠ ( ਸੂਰਜੀ ਸਿਧਾਂਤ) ਦਿਨ ਵੀਰਵਾਰ ਨੂੰ ਫਿਰੇਗਾ ਅਤੇ 3000
ਈ: 20 ਜੂਨ ਮੁਤਾਬਕ 21 ਜੇਠ ਦਿਨ ਸ਼ੁਕਰਵਾਰ ਨੂੰ ਫਿਰੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੰਮਤ 2520 ਬਿਕ੍ਰਮੀ ਤੋਂ ਪਿਛੋਂ ਇਹ ਪੰਗਤੀ ‘ਰਥੁ ਫਿਰੈ ਛਾਇਆ ਧਨ
ਤਾਕੈ ਟੀਡੁ ਲਵੈ ਮੰਝਿ ਬਾਰੇ’ ਤਾਂ ਹਾੜ ਦੇ ਮਹੀਨੇ `ਚ ਪੜੀ ਜਾਵੇਗੀ ਪਰ
ਸੂਰਜ ਦਾ ਰੱਥ ਤਾਂ ਜੇਠ ਦੇ ਮਹੀਨੇ (ਸੂਰਜੀ ਸਿਧਾਂਤ ਮੁਤਾਬਕ) ਫਿਰ ਚੁੱਕਾ ਹੋਵੇਗਾ। ਦੂਜੇ ਪਾਸੇ
ਨਾਨਕਸ਼ਾਹੀ ਕੈਲੰਡਰ ਮੁਤਾਬਕ ਨਾਨਕਸ਼ਾਹੀ ਸੰਮਤ 530 (1999 ਈ:) ਵਿਚ ਵੀ
ਰੱਥ 7 ਹਾੜ (21 ਜੂਨ ਗਰੈਗੋਰੀਅਨ) ਨੂੰ
ਫਿਰਿਆ ਸੀ। ਨਾਨਕਸ਼ਾਹੀ ਸੰਮਤ 1030 (2499-2500 ਈ:) ਵਿਚ ਵੀ ਰੱਥ 7
ਹਾੜ ਨੂੰ ਫਿਰੇਗਾ ਅਤੇ ਨਾਨਕਸ਼ਾਹੀ ਸੰਮਤ 1530 (2999-3000
ਈ:) ਵਿਚ ਵੀ ਰੱਥ 7 ਹਾੜ (21 ਜੂਨ
ਗਰੈਗੋਰੀਅਨ) ਨੂੰ ਫਿਰੇਗਾ।
ਇਸ ਦਾ ਕਾਰਨ ਇਹ ਹੈ ਕਿ ਬਿਕ੍ਰਮੀ ਸਾਲ ਦੀ ਲੰਬਾਈ
365.2587 ਦਿਨ (ਸੂਰਜੀ ਸਿਧਾਂਤ) ਹੈ ਜੋ ਅਸਲ ਸਾਲ ਦੀ ਲੰਬਾਈ ਤੋਂ ਲੱਗਭੱਗ 24 ਮਿੰਟ ਵੱਧ ਹੈ।
ਸਾਲ ਦੀ ਲੰਬਾਈ ਵੱਧ ਹੋਣ ਕਾਰਨ ਹਰ 60 ਸਾਲ ਪਿਛੋਂ (1440/24=60) ਬਿਕ੍ਰਮੀ ਸਾਲ ਦਾ ਇਕ ਦਿਨ ਦਾ
ਫਰਕ ਪੈ ਜਾਂਦਾ ਹੈ। 1964 ਈ: ਵਿੱਚ ਹਿੰਦੂ ਵਿਦਵਾਨਾਂ ਨੇ ਬਿਕ੍ਰਮੀ ਸਾਲ ਦੀ ਲੰਬਾਈ ਵਿੱਚ ਸੋਧ ਕਰਕੇ,
ਇਸ ਨੂੰ 365.2563 ਦਿਨ ਕਰ ਦਿੱਤਾ ਸੀ। ਹੁਣ ਇਸ ਨੂੰ ਦ੍ਰਿਕਗਿਣਤ ਸਿਧਾਂਤ ਕਹਿੰਦੇ ਹਨ। ਹੁਣ ਵੀ
ਇਹ ਲੰਬਾਈ ਲੱਗਭੱਗ 20 ਮਿੰਟ ਵੱਧ ਹੈ। ਇਸ ਕਾਰਨ ਹੁਣ (1440/20=72) ਸਾਲ ਪਿਛੋਂ ਇਕ ਦਿਨ ਦਾ
ਫਰਕ ਪੈ ਜਾਵੇਗਾ। ਜਿਸ ਕਾਰਨ ਬਿਕ੍ਰਮੀ ਕੈਲੰਡਰ ਵਿਚ ਰੁੱਤਾਂ
ਸਥਿਰ ਨਹੀਂ ਰਹਿੰਦੀਆਂ। 1999 ਈ: ਵਿੱਚ ਸਿੱਖ ਵਿਦਵਾਨਾਂ ਨੇ ਸਾਲ ਦੀ ਲੰਬਾਈ
ਵਿੱਚ ਸੋਧ ਕਰਕੇ 365.2425 ਦਿਨ ਕਰਕੇ ਨਾਨਕਸ਼ਾਹੀ ਕੈਲੰਡਰ ਬਣਾਇਆ ਸੀ। ਸਾਲ ਦੀ ਇਹ ਲੰਬਾਈ ਸੂਰਜ
ਦੇ ਰੱਥ ਫਿਰਨ ਦੀ ਲੰਬਾਈ 365.2422 ਦਿਨ ਦੇ ਬਹੁਤ ਨੇੜੇ ਹੈ। ਇਸ ਮੁਤਾਬਕ ਹੁਣ ਲੱਗਭੱਗ 3200
ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। ਯਾਦ ਰਹੇ ਦੁਨੀਆਂ ਦੇ ਸਾਂਝੇ ਸਾਲ ਦੀ ਲੰਬਾਈ ਵੀ ਸੂਰਜ ਦੇ
ਰੱਥ ਫਿਰਨ ਦੇ ਮੁਤਾਬਕ ਹੀ ਹੈ। ਰੋਮ ਵਾਸੀਆਂ ਨੇ ਆਪਣੇ ਕੈਲੰਡਰ (ਜੂਲੀਅਨ) ਵਿੱਚ ਇਹ ਸੋਧ 1582
ਈ: ਕਰ ਲਈ ਸੀ, ਇਸ ਸੋਧ ਨੂੰ ਇੰਗਲੈਂਡ ਨੇ 1752 ਈ: ਪ੍ਰਵਾਨ ਕੀਤਾ ਸੀ। ਆਪਣੇ ਆਪ ਨੂੰ ਸ਼੍ਰੋਮਣੀ
ਅਖਵਾਉਣ ਵਾਲੀ ਕਮੇਟੀ ਨੂੰ ਇਹ ਨੁਕਤਾ ਅੱਜ ਵੀ ਸਮਝ ਨਹੀਂ ਆ ਰਿਹਾ। ਕਿੰਨੀ ਹੈਰਾਨੀ ਦੀ ਗੱਲ ਹੈ
ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹਿੰਦੂ ਵਿਦਵਾਨਾਂ ਵੱਲੋਂ 1964 ਈ: ਵਿੱਚ, ਗੁਰੂ
ਕਾਲ ਵਾਲੇ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਵਿੱਚ ਕੀਤੀ ਗਈ ਸੋਧ ਤਾਂ ਪ੍ਰਵਾਨ ਹੈ, ਪਰ 1999
ਈ: ਵਿੱਚ ਸਿੱਖ ਵਿਦਵਾਨਾਂ ਵੱਲੋਂ ਵਿਗਿਆਨਕ ਨਜ਼ਰੀਏ
ਅਨੁਸਾਰ ਕੀਤੀ ਗਈ ਅਤੀ ਜਰੂਰੀ ਸੋਧ ਨੂੰ ਮੰਨਣ ਲਈ
ਤਿਆਰ ਨਹੀਂ ਹੈ। ਅਜੇਹਾ ਕਿਉ?