ਪੁੰਨਿਆ-ਮੱਸਿਆ ਕੁਦਰਤੀ, ਪਰ ਚੰਦ ਦਾ ਕੈਲੰਡਰ?
ਸਰਵਜੀਤ ਸਿੰਘ ਸੈਕਰਾਮੈਂਟੋ
ਚੰਦ ਦੀ ਆਪਣੀ ਰੌਸ਼ਨੀ ਨਹੀਂ ਹੈ। ਸੂਰਜ ਦੀ ਰੋਸ਼ਨੀ ਚੰਦ ਉੱਪਰ ਪੈਂਦੀ ਹੈ ਤਾਂ ਹੀ ਚੰਦ ਸਾਨੂੰ
ਵਿਖਾਈ ਦਿੰਦਾ ਹੈ। ਚੰਦ ਧਰਤੀ ਦੁਵਾਲੇ ਘੁੰਮਦਾ ਹੈ।
ਘੁੰਮਦਾ-ਘੁੰਮਦਾ ਚੰਦ ਜਦੋਂ ਧਰਤੀ ਤੋਂ ਸੂਰਜ ਵਾਲੇ ਪਾਸੇ ਆ ਜਾਂਦਾ ਹੈ ਤਾਂ ਚੰਦ ਉਹ ਹਿੱਸਾ, ਜਿਸ
ਉੱਪਰ ਸੂਰਜ ਦੀ ਰੌਸ਼ਨੀ ਪੈਂਦੀ ਹੈ ਉਹ ਸਾਨੂੰ ਵਿਖਾਈ ਨਹੀਂ ਦਿੰਦਾ। ਇਸ ਨੂੰ ਮੱਸਿਆ ਕਹਿੰਦੇ ਹਨ।
ਹੋਲੀ-ਹੋਲੀ ਚੰਦ ਅੱਗੇ ਵੱਧਦਾ ਜਾਂਦਾ ਹੈ। ਅਤੇ ਉਹ ਭਾਗ ਜਿਸ ਉਪਰ ਸੂਰਜ ਦੀ ਰੌਸ਼ਨੀ ਪੈਂਦੀ ਹੈ।
ਉਹ ਸਾਨੂੰ ਵਿਖਾਈ ਦਿੰਦਾ ਹੈ। ਇਕ ਦਿਨ ਅਜੇਹਾ ਆ ਜਾਂਦਾ ਹੈ ਜਦੋਂ ਪੂਰਾ ਚੰਦ ਵਿਖਾਈ ਦਿੰਦਾ ਹੈ ਇਸ ਨੂੰ ਪੁੰਨਿਆ ਕਹਿੰਦੇ ਹਨ। ਇਹ
ਕੁਦਰਤੀ ਵਿਧਾਨ ਹੈ। ਇਨਸਾਨ ਨੇ ਕੁਦਰਤ ਦੇ ਇਸ ਨਿਯਮ ਨੂੰ ਸਮਝ ਕੇ ਹੀ ਆਪਣੀ ਸਹੂਲਤ ਲਈ ਕੈਲੰਡਰ
ਬਣਾਇਆ ਹੈ।
ਆਪਣੇ ਦੇਸ਼ ਵਿੱਚ ਚੰਦਰ-ਸੂਰਜੀ ਬਿਕ੍ਰਮੀ (Lunisolar) ਕੈਲੰਡਰ ਪ੍ਰਚੱਲਤ ਹੈ। ਇਸ ਕੈਲੰਡਰ ਵਿਚ ਚੰਦ ਦਾ ਕੈਲੰਡਰ ਅਤੇ ਸੂਰਜੀ
ਕੈਲੰਡਰ ਦੋਵੇਂ ਇਕੱਠੇ ਚਲਦੇ ਹਨ। ਦੋਵਾਂ ਦੇ ਸਾਲ ਦੇ 12 ਮਹੀਨੇ (ਚੇਤ-ਫੱਗਣ) ਹੁੰਦੇ ਹਨ। ਸੂਰਜੀ
ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਸੀ। ਹਿੰਦੂ ਵਿਦਵਾਨਾਂ ਵੱਲੋਂ
1964 ਈ: ਵਿੱਚ ਸੋਧ ਕਰਕੇ ਇਸ ਸਾਲ ਦੀ ਲੰਬਾਈ 365.2563 ਦਿਨ (ਦ੍ਰਿਕ ਗਿਣਤ ਸਿਧਾਂਤ) ਕਰ ਦਿੱਤੀ
ਗਈ ਸੀ। ਸੂਰਜੀ ਕੈਲੰਡਰ ਵਿਚ ਮਹੀਨੇ ਦਾ ਆਰੰਭ ਸੂਰਜ ਦੇ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਵੇਲੇ ਮੰਨਿਆ
ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਹਰ ਸਾਲ, ਕਈ ਮਹੀਨਿਆਂ ਦੇ ਆਰੰਭ ਦੀ ਤਾਰੀਖ ਅਤੇ ਮਹੀਨੇ ਦੇ ਦਿਨ
ਬਦਲ ਜਾਂਦੇ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਕੈਲੰਡਰ ਛਾਪਿਆ
ਜਾਂਦਾ ਹੈ, ਜਿਸ ਦੇ ਸਾਲ ਦਾ ਆਰੰਭ 1 ਚੇਤ ਤੋਂ ਹੁੰਦਾ ਹੈ।
ਚੰਦ ਧਰਤੀ ਦੁਵਾਲੇ ਘੁੰਮਦਾ ਹੈ। ਇਹ ਚੱਕਰ 29.53 ਦਿਨਾਂ (ਸੂਰਜੀ ਦਿਨ) ਵਿੱਚ ਪੂਰਾ ਹੁੰਦਾ
ਹੈ। ਇਸ ਚੱਕਰ ਨੂੰ ਪੁੰਨਿਆ ਤੋਂ ਪੁੰਨਿਆ (ਪੂਰਨਮੰਤਾ) ਅਤੇ ਮੱਸਿਆ ਤੋਂ ਮੱਸਿਆ (ਅਮੰਤਾ), ਦੋਵੇਂ ਤਰ੍ਹਾਂ ਹੀ
ਗਿਣਿਆ ਜਾਂਦਾ ਹੈ। ਚੰਦ ਦੇ ਸਾਲ ਦੇ 354.37 ਦਿਨ ਮੰਨੇ ਗਏ ਹਨ ਜੋ ਕਿ ਸੂਰਜੀ ਸਾਲ ਤੋਂ 11 ਦਿਨ
ਘੱਟ ਹਨ। ਚੰਦ ਦੇ ਸਾਲ ਦਾ ਆਰੰਭ ਚੇਤ ਸੁਦੀ ਏਕਮ ਤੋਂ ਹੁੰਦਾ ਹੈ। ਇਥੇ ਇਕ ਹੋਰ ਜਾਣਕਾਰੀ ਸਾਂਝੀ
ਕਰਨੀ ਵੀ ਜਰੂਰੀ ਹੈ ਕਿ ਉਤਰੀ ਭਾਰਤ ਵਿੱਚ ਮਹੀਨਾ ਤਾਂ ਪੁੰਨਿਆ ਤੋਂ ਪੁੰਨਿਆ (ਪੂਰਨਮੰਤਾ) ਗਿਣਿਆ
ਜਾਂਦਾ ਹੈ। ਭਾਵ ਨਵੇ ਮਹੀਨੇ ਦਾ ਆਰੰਭ ਪੁੰਨਿਆ ਤੋਂ ਅਗਲੇ ਦਿਨ ਭਾਵ ਵਦੀ ਏਕਮ ਤੋਂ ਹੁੰਦਾ ਹੈ ਪਰ
ਸਾਲ ਦਾ ਆਰੰਭ ਮੱਸਿਆ ਤੋਂ ਅਗਲੇ ਦਿਨ ਭਾਵ ਚੇਤ ਸੁਦੀ ਏਕਮ ਤੋਂ ਹੁੰਦਾ ਹੈ। ਇਸ ਕਾਰਨ ਚੇਤ ਦਾ
ਅੱਧਾ ਮਹੀਨਾ (ਵਦੀ ਪੱਖ) ਪਿਛਲੇ ਸਾਲ ਵਿੱਚ ਅਤੇ ਅੱਧਾ ਮਹੀਨਾ (ਸੁਦੀ ਪੱਖ) ਨਵੇਂ ਸਾਲ ਵਿਚ ਆਉਂਦਾ
ਹੈ। ਚੰਦ ਦੇ ਧਰਤੀ ਦੁਵਾਲੇ ਇਕ ਚੱਕਰ ਨੂੰ 30 ਹਿਸਿਆ ਵਿਚ ਵੰਡਿਆ ਗਿਆ ਹੈ। ਭਾਵ ਚੰਦ ਦੇ ਮਹੀਨੇ
ਵਿੱਚ 30 ਤਿੱਥਾਂ ਹੁੰਦੀਆਂ ਹਨ। ਚੰਦ ਦੀ ਇਕ
ਤਿੱਥ 12° ਦੇ ਬਰਾਬਰ ਹੁੰਦੀ ਹੈ। ਚੰਦ ਦਾ ਧਰਤੀ ਤੋਂ ਫਾਸਲਾ 356500 ਕਿਲੋ ਮੀਟਰ ਤੋਂ 406500
ਕਿਲੋ ਮੀਟਰ (ਲੱਗ-ਭੱਗ) ਦੇ ਦਰਮਿਆਨ
ਵੱਧਦਾ-ਘੱਟਦਾ ਰਹਿੰਦਾ ਹੈ। ਇਸ ਕਾਰਨ ਚੰਦ ਦਾ 12° ਦਾ ਸਫਰ ਤਹਿ ਕਰਨ ਦਾ ਸਮਾਂ ਵੀ
ਵੱਧਦਾ-ਘੱਟਾ ਰਹਿੰਦਾ ਹੈ। ਇਹ ਸਮਾਂ 20.5 ਘੰਟੇ ਤੋਂ 26.5 ਘੰਟੇ (ਲੱਗ-ਭੱਗ) ਦੇ ਦਰਮਿਆਨ ਹੋ
ਸਕਦਾ ਹੈ। ਇਹੀ ਕਾਰਨ ਹੈ ਕਿ ਇਕ ਦਿਨ ਵਿੱਚ ਚੰਦ ਦੀਆਂ ਦੋ ਤਿੱਥਾਂ ਜਾਂ ਦੋ ਦਿਨਾਂ ਵਿਚ ਚੰਦ ਦੀ
ਇਕ ਤਿੱਥ ਅਕਸਰ ਹੀ ਆ ਜਾਂਦੀ ਹੈ। ਫਰਵਰੀ (2022 ਈ:) ਮਹੀਨੇ ਦੀ ਪਹਿਲੀ ਫ਼ੋਟੋ ਨੂੰ ਧਿਆਨ ਨਾਲ
ਵੇਖੋ। ਇਕ ਫਰਵਰੀ ਨੂੰ ਮਾਘ ਦੀ ਮੱਸਿਆ ਹੈ। ਦੋ ਫਰਵਰੀ ਨੂੰ ਮਾਘ ਸੁਦੀ 1 ਅਤੇ 2 ਹਨ। ਇਸੇ ਤਰ੍ਹਾਂ
ਹੀ 27 ਫਰਵਰੀ ਨੂੰ ਫਗਣ ਵਦੀ 11 ਅਤੇ 12 ਹਨ। ਇਸ ਤੋਂ ਉਲਟ ਫਰਵਰੀ 8 ਅਤੇ 9 ਨੂੰ ਦੋਵੇਂ ਦਿਨ ਹੀ
ਮਾਘ ਵਦੀ 8 ਹੈ। ਇਸ ਦਾ ਕਾਰਨ ਇਹ ਹੈ ਕਿ ਬਿਕ੍ਰਮੀ ਕੈਲੰਡਰ ਵਿਚ ਦਿਨ ਦਾ ਆਰੰਭ ਸੂਰਜ ਚੜਨ ਵੇਲੇ
ਤੋਂ ਮੰਨਿਆ ਗਿਆ ਹੈ। 2 ਫਰਵਰੀ ਨੂੰ (ਅੰਮ੍ਰਿਤਸਰ ਦੇ ਸਮੇਂ ਮੁਤਾਬਕ) ਸੂਰਜ 7:23 AM ਤੇ ਚੜਿਆ ਸੀ। ਮਾਘ ਸੁਦੀ ਏਕਮ ਦਾ ਆਰੰਭ 1 ਫਰਵਰੀ ਨੂੰ 11:16AM ਅਤੇ ਸਮਾਪਤੀ 2 ਫਰਵਰੀ ਨੂੰ
8:32 ਤੇ ਹੋਈ ਸੀ। 2 ਫਰਵਰੀ ਨੂੰ ਸੂਰਜ ਚੜਨ ਵੇਲੇ ਮਾਘ ਸੁਦੀ ਏਕਮ ਸੀ ਇਸ ਲਈ ਬੁਧਵਾਰ
ਦੀ ਤਿਥ ਗਿਣੀ ਗਈ। ਮਾਘ ਸੁਦੀ ਦੂਜ ਦਾ ਆਰੰਭ ਬੁਧਵਾਰ ਨੂੰ 8:32 AM ਤੇ ਹੋਇਆ ਅਤੇ ਵੀਰਵਾਰ ਸਵੇਰੇ 6:16 AM ਤੇ ਹੀ ਖਤਮ ਹੋ ਗਈ। ਅਤੇ ਮਾਘ ਸੁਦੀ ਤੀਜ ਆਰੰਭ ਹੋ ਗਈ। ਸੂਰਜ,
ਵੀਰਵਾਰ ਨੂੰ ਸਵੇਰੇ 7:23 AM ਤੇ ਚੜਿਆ ਸੀ,
ਇਸ ਲਈ ਵੀਰਵਾਰ ਨੂੰ ਮਾਘ ਸੁਦੀ ਤੀਜ ਗਿਣੀ। ਇਸ ਤੋਂ ਉਲਟ ਮਾਘ ਸੁਦੀ ਅੱਠਵੀਂ ਦਾ ਆਰੰਭ 8 ਫਰਵਰੀ
ਮੰਗਲ ਵਾਰ ਨੂੰ 6:16 AM ਤੇ ਹੋਇਆ ਸੀ
ਅਤੇ ਇਸ ਦਿਨ ਸੂਰਜ 7:20 AM ਤੇ ਚੜਿਆ ਸੀ,
ਇਸ ਲਈ ਮੰਗਲਵਾਰ ਦੀ ਤਿੱਥ ਗਿਣੀ ਗਈ। ਚੰਦ ਧਰਤੀ ਤੋਂ ਦੂਰ ਹੋਣ ਕਾਰਨ, ਇਸ ਦੀ ਸਮਾਪਤੀ ਬੁਧਵਾਰ
ਨੂੰ 8:31 AM ਤੇ ਹੋਈ ਸੀ। ਜਦੋਂ ਕਿ ਬੁਧਵਾਰ ਨੂੰ ਸੂਰਜ 7:19 AM ਤੇ ਚੜਿਆ ਸੀ ਇਸ ਮਈ ਬੁਧਵਾਰ ਨੂੰ ਵੀ ਮਾਘ ਸੁਦੀ ਅੱਠਵੀਂ ਗਿਣੀ
ਜਾਵੇਗੀ।
ਹੁਣ ਦੂਜੀ ਫ਼ੋਟੋ ਵੇਖੋ (ਦੁਸ਼ਟ ਦਮਨ ਜੰਤਰੀ), ਜੋ ਤਖਤ ਸੱਚਖੰਡ ਸ਼੍ਰੀ ਅਬਚਲ ਨਗਰ ਸਾਹਿਬ ਨੰਦੇੜ ਵੱਲੋਂ ਛਾਪੀ ਗਈ ਹੈ। ਇਸ ਮੁਤਾਬਕ ਫਰਵਰੀ 9 ਅਤੇ 10 ਨੂੰ ਦੋਵੇਂ ਦਿਨ ਮਾਘ ਸੁਦੀ 9 ਹੈ। ਮੰਨ ਲਓ ਕਿ ਕੋਈ ਇਤਿਹਾਸ ਦਿਹਾੜਾ ਮਾਘ ਸੁਦੀ 9 ਦਾ ਹੋਵੇ ਤਾਂ ਉਹ ਤਖਤ ਸ਼੍ਰੀ ਅਬਚਲ ਨਗਰ ਨੰਦੇੜ ਵਿਖੇ 9 ਫਰਵਰੀ ਦਿਨ ਬੁਧਵਾਰ ਨੂੰ ਮਨਾਇਆ ਜਾਵੇਗਾ, ਅਤੇ ਅਕਾਲ ਤਖਤ ਸਾਹਿਬ ਵਿਖੇ ਤਾਂ 10 ਫਰਵਰੀ ਦਿਨ ਵੀਰਵਾਰ ਨੂੰ ਮਨਾਇਆ ਜਾਵੇਗਾ।
ਹਿਜਰੀ ਕੈਲੰਡਰ ਦੇ ਰਜਬ ਮਹੀਨੇ (ਫਰਵਰੀ 2022) ਦੀ ਫੋਟੋ ਨੂੰ ਵੇਖੋ।
ਇਹ ਵੀ ਚੰਦ ਦਾ ਕੈਲੰਡਰ ਹੈ। ਇਸ ਦੇ ਨਵੇਂ ਮਹੀਨੇ ਦਾ ਆਰੰਭ 2 ਫਰਵਰੀ ਨੂੰ ਹੁੰਦਾ ਹੈ। ਇਸ ਵਿੱਚ
ਕੋਈ ਸਮੱਸਿਆ ਨਹੀਂ ਹੈ। ਨਾ ਹੀ ਹਿਜਰੀ ਕੈਲੰਡਰ
ਵਿਚ ਮਲਮਾਸ ਅਤੇ ਕਸ਼ੈ ਮਾਸ ਵਾਲੀ ਕੋਈ ਸਮੱਸਿਆ ਹੈ। ਇਹ ਸੂਰਜੀ ਸਾਲ ਤੋਂ 11 ਦਿਨ ਛੋਟਾ
ਹੈ। ਇਸ ਹਰ ਦਿਨ-ਤਿਉਹਾਰ ਪਿਛਲੇ ਸਾਲ ਤੋਂ 11 ਦਿਨ ਪਹਿਲਾ ਆ ਜਾਦਾ ਹੈ। ਪਰ ਆਪਣੇ ਅਜੇਹਾ ਨਹੀਂ
ਹੁੰਦਾ। ਬਿਕ੍ਰਮੀ ਕੈਲੰਡਰ, ਇਕ ਸਾਲ ਵਿੱਚ 11 ਦਿਨ, ਦੋ ਸਾਲ ਵਿਚ 22 ਤੀਜੇ ਸਾਲ 33 ਦਿਨ ਪਿਛੇ
ਰਹਿ ਜਾਂਦਾ ਹੈ ਤਾਂ ਇਸ ਨੂੰ ਸੂਜਰੀ ਸਾਲ ਦੇ ਨੇੜੇ ਰੱਖਣ ਲਈ ਇਸ ਵਿਚ ਇਕ ਵਾਧੂ ਮਹੀਨਾ ਜਿਸ ਨੂੰ ਮਲ
ਮਾਸ ਕਹਿੰਦੇ ਹਨ, ਪਾ ਦਿੱਤਾ ਜਾਂਦਾ ਹੈ। ਜਿਸ ਕਾਰਨ ਸਾਲ ਦੇ ਦਿਨ 354 ਤੋਂ ਵੱਧ ਕੇ 384 ਹੋ
ਜਾਂਦੇ ਹਨ। ਮਲ ਮਾਸ ਕਦੋਂ ਅਤੇ ਕਿਹੜਾ ਹੋਵੇਗਾ? ਜਦੋਂ ਮੱਸਿਆ ਤੋਂ ਮੱਸਿਆ ਦੇ ਦਰਮਿਆਨ
ਸੂਰਜ ਰਾਸ਼ੀ ਨਾ ਬਦਲੇ ਭਾਵ ਸੰਗਰਾਂਦ ਨਾ ਆਵੇ ਤਾਂ ਉਹ ਮਹੀਨਾ ਮਲ ਮਾਸ ਹੋਵੇਗਾ। ਇਕ ਨਾਮ ਦੇ ਦੋ
ਮਹੀਨੇ ਹੋਣਗੇ। ਇਸ ਤੋਂ ਉਲਟ ਜੇ ਮੱਸਿਆ ਤੋਂ ਮੱਸਿਆ ਦੇ ਦਰਮਿਆਨ, ਸੂਰਜ ਦੋ ਵਾਰੀ ਰਾਸ਼ੀ ਬਦਲ ਲਵੇ
ਤਾਂ ਉਹ ਮਹੀਨਾ ਕਸ਼ੈ ਹੋਵੇਗਾ। ਭਾਵ ਉਸ ਨੂੰ ਗਿਣਿਆ ਹੀ ਨਹੀਂ ਜਾਵੇਗਾ। ਉਤਰੀ ਭਾਰਤ ਦੇ ਵਿਦਵਾਨਾਂ
ਨੇ ਹੁਣ ਇਸ ਵਿਚ ਸੋਧ ਕਰ ਦਿੱਤੀ ਹੈ। ਜਦੋਂ ਕਸ਼ੈ ਮਾਸ ਆਉਂਦਾ ਹੈ, ਉਸ ਦੇ ਨੇੜੇ-ਤੇੜੇ ਮਲ ਮਾਸ ਵੀ
ਆ ਜਾਂਦਾ ਹੈ। ਨਵੀ ਸੋਧ ਮੁਤਾਬਕ ਅਜੇਹੇ ਹਾਲਤ ਵਿਚ ਦੋਨਾਂ ਮਹੀਨਿਆਂ ਨੂੰ ਹੀ ਨਹੀਂ ਗਿਣਿਆ
ਜਾਂਦਾ। ਉਪ੍ਰੋਕਤ ਵਿਚਾਰ ਚਰਚਾ ਤੋਂ ਅਸੀਂ ਸਹਿਜੇ ਹੀ ਕਹਿ ਸਕਦੇ ਹਾਂ ਕਿ ਪੁੰਨਿਆ ਅਤੇ ਮੱਸਿਆ
ਤਾਂ ਕੁਦਰਤ ਦੇ ਨਿਯਮ ਮੁਤਾਬਕ ਹਨ, ਪਰ ਕੈਲੰਡਰ ਮਨੁੱਖ ਨੇ ਆਪਣੀ ਲੋੜ ਲਈ ਬਣਾਇਆ ਹੈ ਅਤੇ
ਸਮੇਂ-ਸਮੇ ਇਸ ਸੋਧਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਚੰਦ ਦੇ ਸਾਲ ਨੂੰ ਵੀ ਖਿੱਚ ਧੂਹ ਕੇ ਸੂਰਜੀ ਸਾਲ ਦੇ ਨੇੜੇ
ਹੀ ਰੱਖਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਅਪਨਾ ਲਿਆ ਜਾਵੇ?