ਦਮਦਮੀ ਟਕਸਾਲ ਦਾ ਕੈਲੰਡਰ ਵਿਗਿਆਨ
ਪਿਛਲੇ ਹਫ਼ਤੇ ਕਈ ਸੱਜਣਾਂ ਵੱਲੋਂ, ਭਾਈ ਹਰਨਾਮ ਸਿੰਘ ਦੀ ਇਕ ਵੀਡੀਓ ਵੇਖਣ ਲਈ ਸੁਨੇਹੇ ਅਤੇ
ਇਸ ਬਾਰੇ ਸਵਾਲ ਆਏ ਸਨ। ਇਸ ਵੀਡੀਓ ਵਿਚੋਂ ਕੁਝ ਨੁਕਤੇ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ।
ਹੈਰਾਨੀ ਹੋਈ ਇਹ ਵੀਡੀਓ ਵੇਖ/ਸੁਣਕੇ ਕਿ ਇਕ ਧਾਰਮਿਕ ਸੰਸਥਾ ਦਾ ਮੁਖੀ, ਗੁਰੂ ਗ੍ਰੰਥ ਸਾਹਿਬ ਜੀ
ਦੀ ਹਜ਼ੂਰੀ ਵਿੱਚ ਸੰਗਤਾਂ ਨੂੰ ਕਿਵੇਂ ਗੁੰਮਰਾਹ ਕਰ ਰਿਹਾ ਹੈ।
ਅਖੇ ਨਾਨਕਸ਼ਾਹੀ ਕੈਲੰਡਰ ਵਿੱਚ 101% ਤਰੀਖਾਂ ਗਲਤ ਹਨ। ਪਾਠਕ ਵੇਖ ਸਕਦੇ ਹਨ ਕਿ ਦਮਦਮੀ ਟਕਸਾਲ ਦੀ
ਰਹਿਤ ਮਰਯਾਦਾ, ‘ਗੁਰਮਤਿ ਰਹਿਤ ਮਰਯਾਦਾ’ (ਪੰਨਾ 37) ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ
ਪ੍ਰਕਾਸ਼ ਦਿਹਾੜਾ “ਸੰਗਰਾਂਦੀ 21 ਹਾੜ” ਦਾ ਦਰਜ ਹੈ। ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ (sgpc.net) ਉੱਪਰ ਵੀ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ 21 ਹਾੜ ਦਾ ਦਰਜ ਹੈ, “Harh vadi 7, 21
Harh samvat 1652, 19th June 1595”. ਨਾਨਕਸ਼ਾਹੀ ਕੈਲੰਡਰ ਵਿੱਚ ਵੀ
ਇਹ ਦਿਹਾੜਾ 21 ਹਾੜ ਦਾ ਹੀ ਦਰਜ ਹੈ। ਹੁਣ “101% ਤਰੀਖਾਂ ਗਲਤ ਹਨ” ਦਾ ਕੀ ਬਣਿਆ? ਕੀ ਦਮਦਮੀ ਟਕਸਾਲ ਦੇ ਮੁਖੀ ਨੇ ਆਪਣੀਆਂ ਕਿਤਾਬਾਂ (ਗੁਰਮਤਿ ਰਹਿਤ
ਮਰਯਾਦਾ ਪੰਨਾ-37, ਅਤੇ ਗੁਰਬਾਣੀ ਪਾਠ ਦਰਪਣ ਪੰਨਾ-16) ਵੀ ਨਹੀਂ ਪੜ੍ਹੀਆਂ?
ਦੂਜਾ ਅਹਿਮ ਨੁਕਤਾ ਜੋ ਪਾਠਕਾਂ ਦੇ ਧਿਆਨ ਵਿਚ ਲਿਆਉਣਾ ਜਰੂਰੀ ਹੈ, ਉਹ ਇਹ ਹੈ ਕਿ ਇਸ ਵੀਡੀਓ
ਵਿੱਚ ਕਿਹਾ ਗਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਤਾਰੀਖ 16
ਜੂਨ ਮਿਥੀ ਗਈ ਹੈ। ਤਾਂ ਜੋ ਭਾਰਤ ਸਰਕਾਰ ਨੂੰ ਬਰੀ ਕੀਤਾ ਜਾ ਸਕੇ ਕਿ ਅਕਾਲ ਤਖਤ ਸਾਹਿਬ ਤੇ ਹਮਲਾ
ਗੁਰੂ ਜੀ ਦੇ ਸ਼ਹੀਦੀ ਦਿਹਾੜੇ ਤੇ ਨਹੀਂ ਸਗੋਂ ਉਸ ਤੋਂ ਕਈ ਦਿਨ ਪਹਿਲਾਂ ਕੀਤਾ ਗਿਆ ਸੀ। ਇਥੇ ਇਹ
ਦੱਸਣਾ ਜਰੂਰੀ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਮਹੀਨੇ ਜਨਵਰੀ-ਫਰਵਰੀ ਨਹੀਂ ਸਗੋਂ ਚੇਤ-ਵੈਸਾਖ ਹਨ।
ਇਸ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 16 ਜੂਨ ਨਹੀਂ ਸਗੋਂ ਪ੍ਰਵਿਸ਼ਟਿਆਂ
ਮੁਤਾਬਕ 2 ਹਾੜ ਦਰਜ ਹੈ। ਹਾਂ, 2 ਹਾੜ ਨੂੰ 16 ਜੂਨ ਜਰੂਰ ਹੁੰਦੀ ਹੈ।
‘ਗੁਰਮਤਿ ਰਹਿਤ ਮਰਯਾਦਾ’ ਵਿੱਚ ਗੁਰੂ ਅਰਜਨ
ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ, “1663 ਬਿ: ਜੇਠ ਸੁਦੀ ਚੌਥ, 25 ਮਈ 1606 ਈ:” ਦਰਜ ਹੈ
(ਪੰਨਾ 35) ‘ਗੁਰਬਾਣੀ ਪਾਠ ਦਰਪਣ’ ਵਿੱਚ “ਜੋਤੀ-ਜੋਤ ਸਮਾਉਣਾ-1663 ਬਿ: ਜੇਠ ਸੁਦੀ ਚੌਥ, 25 ਮਈ
1605 ਈ:” ਦਰਜ ਹੈ (ਪੰਨਾ 15)
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਤਾਰੀਖ ਬਾਰੇ ਕੋਈ ਮੱਤ ਭੇਦ ਨਹੀਂ ਹਨ। ਸਾਰੇ ਇਤਿਹਾਸਿਕ
ਵਸੀਲੇ 2 ਹਾੜ, ਜੇਠ ਸੁਦੀ 4 ਸੰਮਤ 1663 ਬਿ: ਦਿਨ ਸ਼ੁਕਰਵਾਰ (30 ਮਈ 1606 ਈ: ਜੂਲੀਅਨ) ਨਾਲ
ਸਹਿਮਤ ਹਨ। ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਉੱਪਰ ਵੀ, “Thus Guru Sahib embraced
martyrdom on Jeth Sudi 4th (1st Harh) Samvat 1663, May
30, 1606” ਦਰਜ ਹੈ। (ਜੇਠ ਸੁਦੀ 4, 30 ਮਈ
ਨੂੰ 2 ਹਾੜ ਸੀ ਇਕ ਹਾੜ ਠੀਕ ਨਹੀਂ ਹੈ) ਦਮਦਮੀ
ਟਕਸਾਲ ਦੀ ਤਾਰੀਖ “ਜੋਤੀ-ਜੋਤ ਸਮਾਉਣਾ-1663 ਬਿ: ਜੇਠ ਸੁਦੀ ਚੌਥ ਸੰਮਤ 1663 ਬਿ: ਤਾਂ ਠੀਕ ਹੈ
ਪਰ 25 ਮਈ 1606 ਈ: ਗਲਤ ਹੈ। 25 ਮਈ ਦਿਨ ਐਤਵਾਰ ਨੂੰ ਤਾਂ ਜੇਠ ਵਦੀ 14 ਸੀ। ਦਮਦਮੀ ਟਕਸਾਲ
ਦੀਆਂ ਬਹੁਤੀਆਂ ਤਾਰੀਖਾਂ (ਦਿਨ, ਵਦੀ-ਸੁਦੀ, ਪ੍ਰਵਿਸ਼ਟਾ, ਨਛੱਤਰ ਅਤੇ ਅੰਗਰੇਜੀ ਤਾਰੀਖ) ਦਾ ਆਪਸੀ
ਕੋਈ ਮੇਲ ਨਹੀਂ ਹੈ। ਸਵਾਲ ਇਹ ਵੀ ਹੈ ਕਿ ਦਮਦਮੀ ਟਕਸਾਲ ਵੱਲੋਂ ਲਿਖੀ ਗਈ 25 ਮਈ ਜੋ ਅਸਲ ਵਿਚ 30 ਮਈ ਹੈ, ਕਿਹੜੇ ਕੈਲੰਡਰ ਦੀ ਤਾਰੀਖ
ਹੈ? ਕੀ ਇਹ ਕੈਲੰਡਰ ਆਪਣੇ ਦੇਸ਼ ਵਿੱਚ ਲਾਗੂ ਸੀ? ਜਿਹੜਾ ਕੈਲੰਡਰ (ਜੂਲੀਅਨ ਕੈਲੰਡਰ) ਕਦੇ ਆਪਣੇ
ਦੇਸ਼ ਵਿਚ ਲਾਗੂ ਹੀ ਨਹੀਂ ਹੋਇਆ ਉਸ ਵਿਚ ਤਾਂ ਦਮਦਮੀ ਟਕਸਾਲ ਤਾਰੀਖਾਂ ਲਿਖ ਰਹੀ ਹੈ ਪਰ ਜਿਹੜਾ ਕੈਲੰਡਰ
(ਚੰਦਰ-ਸੂਰਜੀ ਬਿਕ੍ਰਮੀ) ਲਾਗੂ ਸੀ, ਉਸ ਦੀਆਂ ਤਾਰੀਖਾਂ ਨੂੰ 101% ਗਲਤ ਕਹਿੰਦੀ ਹੈ। ਭਾਈ ਹਰਨਾਮ ਸਿੰਘ
ਜੀ, ਕੀ ਇਹ ਸੱਚ ਨਹੀਂ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ, ਸੰਗਰਾਂਦੀ 2 ਹਾੜ ਸੀ?
ਇਹ ਠੀਕ ਹੈ ਕਿ 1984 ਈ: ਵਿੱਚ ਭਾਰਤ ਸਰਕਾਰ ਵੱਲੋਂ ਕੀਤੀ ਗਈ ਅੱਤ ਨਿੰਦਕਯੋਗ ਕਰਤੂਤ ਨੂੰ
ਕਦੇ ਵੀ ਭੁਲਾਇਆ ਜਾਂ ਮਾਫ਼ ਨਹੀਂ ਕੀਤਾ ਜਾ ਸਕਦਾ। ਪਰ ਨਾਨਕਸ਼ਾਹੀ ਕੈਲੰਡਰ ਬਾਰੇ ਭਾਈ ਹਰਨਾਮ ਸਿੰਘ
ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਝੂਠ
ਬੋਲਣਾ ਵੀ ਸ਼ੋਭਾ ਨਹੀਂ ਦਿੰਦਾ। 1984 ਵਿਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 3 ਜੂਨ ਦਿਨ
ਐਤਵਾਰ ਨੂੰ ਮਨਾਇਆ ਗਿਆ ਸੀ। ਛੁੱਟੀ ਦਾ ਦਿਨ ਹੋਣ ਕਾਰਨ ਸੰਗਤਾਂ ਭਾਰੀ ਗਿਣਤੀ ਵਿੱਚ ਦਰਬਾਰ
ਸਾਹਿਬ ਵਿਖੇ ਪੁੱਜੀਆਂ ਸਨ ਇਸ ਦਿਨ ਹੀ ਗੋਲੀ-ਬਾਰੀ ਆਰੰਭ ਹੋ ਗਈ ਸੀ। ਇਨ੍ਹਾਂ ਦਿਨਾਂ ਨੂੰ ਹਰ
ਸਾਲ ਘੱਲੂਘਾਰਾ ਦਿਵਸ ਵੱਜੋਂ ਯਾਦ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਆਪਣੇ ਕੈਲੰਡਰ ਵਿੱਚ
ਘੱਲੂਘਾਰਾ ਦਿਵਸ 4 ਜੂਨ ਦਾ ਦਰਜ ਕਰਦੀ ਹੈ। ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਦਰਜ ਹੈ
ਇਤਿਹਾਸਕ ਦਿਹਾੜਿਆਂ ਦੀ ਵਦੀ-ਸੁਦੀ ਜਾਂ ਅੰਗਰੇਜੀ ਤਾਰੀਖ ਨੂੰ ਨਹੀਂ ਸਗੋਂ ਪ੍ਰਵਿਸ਼ਟੇ ਨੂੰ ਮੁੱਖ
ਰੱਖਿਆ ਜਾਵੇਗਾ। ਇਸ ਲਈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਪ੍ਰਵਿਸ਼ਟੇ (2 ਹਾੜ, ਜੇਠ
ਸੁਦੀ 4 ਸੰਮਤ 1663 ਬਿ:, 30 ਮਈ 1606 ਈ: ਜੂਲੀਅਨ) ਦੋ ਹਾੜ ਨੂੰ ਮੁੱਖ ਰੱਖਿਆ ਗਿਆ ਹੈ। ਇਸ ਲਈ
ਇਹ ਕਹਿਣਾ ਕਿ 2 ਹਾੜ ਭਾਰਤ ਸਰਕਾਰ ਨੂੰ ਬਰੀ ਕਰਨ
ਲਈ ਮਿਥੀ ਗਈ ਹੈ, 101% ਝੂਠ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ 1985 ਈ: ਵਿੱਚ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਨੇ
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਘੱਲੂਘਾਰਾ ਵਾਲੇ ਦਿਨ ਹੀ ਮਨਾਇਆ ਸੀ? ਨਹੀਂ! 1985 ਈ:
ਵਿੱਚ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਵੱਲੋਂ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 24
ਮਈ ਨੂੰ ਮਨਾਇਆ ਗਿਆ ਸੀ। ਤਾਂ ਕੀ ਦਮਦਮੀ ਟਕਸਾਲ ਨੇ 1985 ਈ: ਵਿੱਚ ਹੀ ਭਾਰਤ ਸਰਕਾਰ ਨੂੰ ਬਰੀ ਨਹੀਂ
ਕਰ ਦਿੱਤਾ ਸੀ? 1986 ਵਿੱਚ ਇਹ ਦਿਹਾੜਾ 11 ਜੂਨ ਅਤੇ 1987 ਈ: ਵਿੱਚ 31 ਮਈ ਨੂੰ ਕਿਉਂ ਮਨਾਇਆ
ਗਿਆ ਸੀ? ਇਹ ਭਾਰਤ ਸਰਕਾਰ ਨੂੰ ਬਰੀ ਕਰਨਾ ਕਿਵੇਂ ਨਹੀਂ ਸੀ? ਉਸ ਵੇਲੇ ਤਾਂ ਨਾਨਕਸ਼ਾਹੀ ਕੈਲੰਡਰ
ਦਾ ਨਾਮ-ਨਿਸ਼ਾਨ ਵੀ ਨਹੀਂ ਸੀ। ਜੇ ਨਾਨਕਸ਼ਾਹੀ ਕੈਲੰਡਰ ਵਿੱਚ 2 ਹਾੜ ਦਾ ਸ਼ਹੀਦੀ ਦਿਹਾੜਾ,
ਘੱਲੂਘਾਰਾ ਦਿਵਸ ਤੋਂ ਪਿਛੋਂ ਆਉਣ ਕਰਕੇ ਭਾਰਤ ਸਰਕਾਰ ਨੂੰ ਬਰੀ ਕਰਦਾ ਹੈ ਤਾਂ ਇਹ ਕੰਮ ਤਾਂ ਦਮਦਮੀ
ਟਕਸਾਲ ਨੇ 1985-86 ਵਿੱਚ ਹੀ ਕਰ ਦਿੱਤਾ ਸੀ। ਹੁਣ ਨਾਨਕਸ਼ਾਹੀ ਕੈਲੰਡਰ ਨੂੰ ਦੋਸ਼ ਕਿਉਂ?
ਭਾਈ ਹਰਨਾਮ ਸਿੰਘ
ਦਾ ਇਹ ਕਹਿਣਾ ਕੇ ਸਾਡਾ ਕੈਲੰਡਰ ਗੁਰੂ ਸਾਹਿਬ ਨੇ ਪ੍ਰਚਲਤ ਕੀਤਾ, ਸੰਗਰਾਂਦਾਂ, ਪੁੰਨਿਆ-ਮੱਸਿਆ
ਗੁਰੂ ਸਾਹਿਬ ਨੇ ਨਿਰਧਾਰਤ ਕੀਤੀਆਂ ਸਨ, ਵੀ 101% ਝੂਠ ਹੈ। ਗੁਰੂ ਨਾਨਕ ਜੀ ਦੇ ਜਨਮ ਦਾ ਸਾਲ
1526 ਬਿਕ੍ਮੀ ਹੈ। ਇਸ ਤੋਂ ਸਪੱਸ਼ਟ ਹੈ ਕਿ ਬਿਕ੍ਰਮੀ ਕੈਲੰਡਰ, ਗੁਰੂ ਜੀ ਦੇ ਜਨਮ ਤੋਂ 15 ਸਦੀਆਂ
ਪਹਿਲਾਂ ਹੋਂਦ ਵਿਚ ਆ ਚੁੱਕਾ ਸੀ। ਪੁੰਨਿਆ-ਮੱਸਿਆ ਕੁਦਰਤੀ ਵਿਧਾਨ ਹੈ। ਸੰਗਰਾਂਦ ਕਦੋਂ ਹੋਵੇਗੀ,
ਇਹ ਫਾਰਮੂਲੇ ਹਿੰਦੂ ਵਿਦਵਾਨਾਂ ਵੱਲੋਂ ਗੁਰੂ ਕਾਲ ਤੋਂ ਸਦੀਆਂ ਪਹਿਲਾ ਤਿਆਰ ਕੀਤੀਆਂ ਕਿਤਾਬ ਵਿੱਚ
ਦਰਜ ਹਨ। ਧਿਆਨ ਦੇਣ ਵਾਲੀ ਜਿਹੜੀ ਗੱਲ ਹੈ, ਉਹ ਇਹ ਹੈ ਕਿ ਗੁਰੂ ਕਾਲ ਵੇਲੇ ਜਿਹੜਾ ਬਿਕ੍ਮੀ
ਕੈਲੰਡਰ ਪ੍ਰਚੱਲਤ ਸੀ ਉਸ ਨੂੰ ‘ਸੂਰਜੀ ਸਿਧਾਂਤ’ ਕਹਿੰਦੇ ਸਨ। ਜਿਸ ਦੇ ਸਾਲ ਦੀ ਲੰਬਾਈ 365.2587
ਦਿਨ ਸੀ। 1964 ਈ: ਵਿੱਚ ਹਿੰਦੂ ਵਿਦਵਾਨਾਂ ਵੱਲੋਂ ਸਾਲ ਦੀ ਲੰਬਾਈ ਵਿੱਚ ਸੋਧ ਕਰਕੇ 365.2563
ਦਿਨ ਕਰ ਦਿੱਤੀ ਗਈ ਸੀ। ਹੁਣ ਇਸ ਨੂੰ ਦ੍ਰਿਕਗਿਣਤ ਸਿਧਾਂਤ ਕਹਿੰਦੇ ਹਨ। ਜਿਸ ਨੂੰ ਦਮਦਮੀ ਟਕਸਾਲ
ਨੇ ਬਿਨਾ ਕਿਸੇ ਹੀਲ-ਹੁੱਜਤ ਦੇ ਪ੍ਰਵਾਨ ਕਰ ਲਿਆ ਸੀ। ਹੁਣ ਜਦੋਂ ਸਿੱਖ ਵਿਦਵਾਨਾਂ ਨੇ ਸਾਲ ਦੀ
ਲੰਬਾਈ, ਬਾਣੀ ਦੀ ਪਾਵਨ ਪੰਗਤੀ “ਰੱਥ ਫਿਰੈ ਛਾਇਆ” ਮੁਤਾਬਕ 365.2425 ਦਿਨ ਰੱਖੀ ਗਈ ਹੈ ਤਾਂ
ਇਤਰਾਜ਼ ਕਿਉ? ਕੀ ਭਾਈ ਹਰਨਾਮ ਸਿੰਘ ਜੀ, ਸੰਗਤਾਂ ਦੀ ਜਾਣਕਾਰੀ ਲਈ ਇਸ ਸਵਾਲ ਦਾ ਜਵਾਬ ਦੇਣਗੇ ਕਿ,
ਗੁਰੂ ਕਾਲ ਵਾਲੇ ਕੈਲੰਡਰ (ਸੂਰਜੀ ਸਿਧਾਂਤ) ਨੂੰ, ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ 1964 ਈ: ਵਾਲੀ
ਸੋਧ ਨੂੰ ਪ੍ਰਵਾਨ ਕਰਕੇ, ਕਿਉਂ ਛੱਡਿਆ ਗਿਆ?