Wednesday, August 10, 2022

ਰੱਖੜੀ, ਸਾਵਣ ਦੀ ਪੁੰਨਿਆ ਜਾਂ ਸਾਵਣ ਸੁਦੀ ਚੌਦਸ ?

ਭੈਣ-ਭਰਾਂ ਦੇ ਪਿਆਰ ਦੀ ਪ੍ਰਤੀਕ ਰੱਖੜੀ ਦਾ ਤਿਉਹਾਰ ਚੰਦ ਦੇ ਕੈਲੰਡਰ ਮੁਤਾਬਕ ਸਾਵਣ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ। ਜਿਸ ਨੂੰ ਰੱਖੜ-ਪੁੰਨਿਆ ਕਿਹਾ ਜਾਂਦਾ ਹੈ। ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਬਿਲਕੁਲ ਇਸੇ ਤਰ੍ਹਾਂ ਹੀ, ਦਿਵਾਲੀ ਜੋ ਆਮ ਤੌਰ ਤੇ ਕੱਤਕ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ ਪਰ ਬਹੁਤ ਵਾਰ ਚੰਦ ਦੇ ਕੈਲੰਡਰ ਮੁਤਾਬਕ ਕੱਤਕ ਵਦੀ ਚੌਦਸ ਨੂੰ ਮਨਾਈ ਜਾਂਦੀ ਹੈ। ਇਸ ਸਾਲ, ਇਹ ਦੋਵੇਂ ਤਿਉਹਾਰ ਆਪਣੀ ਅਸਲ ਰਵਾਇਤੀ ਤਿੱਥ (ਪੁੰਨਿਆ ਅਤੇ ਮੱਸਿਆ) ਤੋਂ ਇਕ ਦਿਨ ਪਹਿਲਾ ਮਨਾਏ ਜਾਣਗੇ। ਅੱਜ (7 ਅਗਸਤ, 2022) ਇਕ ਸੱਜਣ ਨੇ, ਜੋ ਕਰਿਆਨੇ ਦੀ ਦੁਕਾਨ (Grocery store) ਕਰਦਾ ਹੈ, ਸਵਾਲ ਕੀਤਾ ਕਿ ਰੱਖੜੀ ਕਿਸ ਦਿਨ ਹੈ? ਇਸ ਦੇ ਜਵਾਬ ਵਿਚ ਮੈਂ ਮੋੜਵਾਂ ਸਵਾਲ ਕੀਤਾ ਕਿ ਪੁੰਨਿਆ ਕਿਸ ਦਿਨ ਹੈ। ਕਹਿੰਦਾ ਕਿ “ਪੁੰਨਿਆ ਤਾਂ ਸ਼ੁਕਰਵਾਰ (12 ਅਗਸਤ) ਨੂੰ ਹੈ ਪਰ ਕਹਿੰਦੇ ਐਤਕੀ ਰੱਖੜੀ ਵੀਰਵਾਰ (11 ਅਗਸਤ) ਨੂੰ ਹੈ, ਇਹ ਕੀ ਚੱਕਰ ਹੈ? ਚੰਦ ਧਰਤੀ ਦੁਵਾਲੇ ਚੱਕਰ ਲਾਉਂਦਾ ਹੈ, ਇਹ ਚੱਕਰ, ਜਿਸ ਨੂੰ ਇਕ ਮਹੀਨਾ (29.53 ਸੂਰਜੀ ਦਿਨ ) ਕਿਹਾ ਜਾਂਦਾ ਹੈ, ਦੌਰਾਨ ਚੰਦ ਦੀਆਂ 30 ਤਿੱਥਾਂ ਹੁੰਦੀਆਂ ਹਨ। ਚੰਦ ਦੇ ਸਾਲ ਵਿੱਚ ਵੀ 12 ਮਹੀਨੇ (ਚੇਤ ਤੋਂ ਫੱਗਣ) ਹੀ ਹੁੰਦੇ ਹਨ। ਚੰਦ ਦੀ ਇਕ ਤਿੱਥ 12° ਦੇ ਬਰਾਬਰ ਹੁੰਦੀ ਹੈ। ਚੰਦ ਦਾ ਧਰਤੀ ਤੋਂ ਫਾਸਲਾ ਵੱਧਦਾ-ਘੱਟਦਾ ਰਹਿੰਦਾ ਹੈ। ਇਸ ਕਾਰਨ ਚੰਦ ਦਾ 12° ਦਾ ਸਫਰ ਤਹਿ ਕਰਨ ਦਾ ਸਮਾਂ ਵੀ ਵੱਧਦਾ-ਘੱਟਦਾ ਰਹਿੰਦਾ ਹੈ। ਇਹ ਲੱਗ-ਭੱਗ 20.25 ਤੋਂ 26.75 ਘੰਟਿਆਂ ਦੇ ਦਰਮਿਆਨ ਹੁੰਦਾ ਹੈ। ਅੱਜ ਚੰਦ ਦੀ ਕਿਹੜੀ ਤਿੱਥ ਹੈ? ਸਵੇਰ ਨੂੰ ਸੂਰਜ ਚੜਨ ਵੇਲੇ ਜੋ ਤਿੱਥ ਹੋਵੇਗੀ, ਉਹ ਮੰਨੀ ਜਾਵੇਗੀ। ਕਈ ਵਾਰ ਅਜੇਹਾ ਹੁੰਦਾ ਹੈ ਕਿ ਸਵੇਰ ਨੂੰ ਸੂਰਜ ਚੜਨ ਵੇਲੇ ਜੋ ਤਿੱਥ ਹੁੰਦੀ ਹੈ (ਜੋ ਉਸ ਦਿਨ ਦੀ ਤਿੱਥ ਮੰਨੀ ਜਾਂਦੀ ਹੈ) ਉਹ ਸੂਰਜ ਚੜਨ ਤੋਂ ਕੁਝ ਸਮਾ ਪਿਛੋਂ ਹੀ ਖਤਮ ਹੋ ਜਾਂਦੀ ਹੈ ਅਤੇ ਨਵੀਂ ਤਿੱਥ ਆਰੰਭ ਹੋ ਜਾਂਦੀ ਹੈ। ਪਰ ਚੰਦ ਧਰਤੀ ਦੇ ਨੇੜੇ ਹੋਣ ਕਾਰਨ ਆਪਣਾ 12° ਦਾ ਸਫਰ ਅਗਲੇ ਦਿਨ ਦਾ ਸੂਰਜ ਚੜਨ ਤੋਂ ਪਹਿਲਾ ਹੀ ਪੂਰਾ ਕਰ ਲੈਂਦਾ ਹੈ। ਅਤੇ ਨਵੀਂ ਤਿੱਥ ਆਰੰਭ ਹੋ ਜਾਂਦੀ ਹੈ। ਅਗਲੇ ਦਿਨ ਸੂਰਜ ਚੜਨ ਵੇਲੇ ਉਹ ਨਵੀਂ ਹੀ ਮੰਨੀ ਜਾਵੇਗੀ। ਇਸ ਤਰ੍ਹਾਂ ਪਹਿਲੀ ਤਿੱਥ ਕਿਸੇ ਪਾਸੇ ਵੀ ਨਹੀਂ ਗਿਣੀ ਜਾਵੇਗੀ। ਨੱਥੀ ਕੀਤੀ ਫ਼ੋਟੋ ਨੂੰ ਧਿਆਨ ਨਾਲ ਵੇਖੋ। ਇਹ “ਦੁਸ਼ਟ ਦਮਨ ਜੰਤਰੀ” ਤਖਤ ਸ੍ਰੀ ਹਜ਼ੂਰ ਸਾਹਿਬ ਵੱਲੋਂ ਛਾਪੀ ਗਈ ਹੈ। ਇਸ ਮੁਤਾਬਕ 11 ਅਗਸਤ ਦਿਨ ਵੀਰਵਾਰ ਨੂੰ ਸਾਵਣ ਸੁਦੀ 14 ਹੈ। 12 ਤਾਰੀਖ ਦਿਨ ਸ਼ੁਕਰਵਾਰ ਨੂੰ ਸਾਵਣ ਦੀ ਪੁੰਨਿਆ ਹੈ ਅਤੇ 13 ਤਾਰੀਖ ਸ਼ਨਿਚਰਵਾਰ ਨੂੰ ਭਾਦੋਂ ਵਦੀ ਦੂਜ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਭਾਦੋਂ ਵਦੀ ਏਕਮ ਕਿਧਰ ਗਈ? ਭਾਦੋਂ ਵਦੀ ਏਕਮ, ਸਾਵਣ ਦੀ ਪੁੰਨਿਆ (ਸ਼ੁਕਰਵਾਰ) ਵਾਲੇ ਖ਼ਾਨੇ ਵਿੱਚ ਹੀ ਦਰਜ ਹੈ। ਭਾਵ 12 ਅਗਸਤ ਦਿਨ ਸ਼ੁਕਰਵਾਰ ਨੂੰ ਸਾਵਣ ਦੀ ਪੁੰਨਿਆ ਅਤੇ ਭਾਂਦੇ ਵਦੀ ਏਕਮ, ਦੋਵੇਂ ਇਕੋ ਦਿਨ ਹੀ ਹਨ। ਸਾਵਣ ਸੁਦੀ ਚੌਦਸ, ਜਿਸ ਦਾ ਆਰੰਭ 10 ਅਗਸਤ ਦਿਨ ਬੁਧਵਾਰ ਨੂੰ 14:16 ਵਜੇ ਹੋਵੇਗਾ, ਵੀਰਵਾਰ ਨੂੰ 10:39 ਤੇ ਖਤਮ ਹੋ ਜਾਵੇਗੀ। ਸਾਵਣ ਸੁਦੀ ਪੰਦਰਾਂ (ਪੁੰਨਿਆ) ਦਾ ਆਰੰਭ ਵੀਰਵਾਰ ਨੂੰ 10:39 ਤੇ ਹੋਵੇਗਾ, ਸ਼ੁਕਰਵਾਰ 7:06 ਖਤਮ ਹੋਵੇਗੀ। ਇਸ ਲਈ ਪੁੰਨਿਆ ਸ਼ੁਕਰਵਾਰ ਨੂੰ ਹੋਵੇਗੀ। ਹੁਣ ਸਾਵਣ ਵਦੀ ਏਕਮ ਦਾ ਆਰੰਭ ਸ਼ੁਕਰਵਾਰ ਨੂੰ ਸਵੇਰੇ 7:06 ਤੇ (ਸੂਰਜ ਚੜਨ ਤੋਂ ਪਿਛੋਂ) ਹੋਵੇਗਾ ਅਤੇ ਸ਼ਨਿਚਰਵਾਰ ਸਵੇਰੇ 3:47 ਤੇ (ਸੂਰਜ ਚੜਨ ਤੋਂ ਪਹਿਲਾ) ਹੀ ਖਤਮ ਹੋ ਜਾਵੇਗੀ ਅਤੇ ਸਾਵਣ ਵਦੀ ਦੂਜ ਆਰੰਭ ਹੋ ਜਾਵੇਗੀ। ਸ਼ਨਿਚਰਵਾਰ ਨੂੰ ਸੂਰਜ ਸਵੇਰੇ 5:54 ਤੇ ਚੜੇਗਾ। ਇਸ ਲਈ ਸ਼ਨਿਚਰਵਾਰ ਨੂੰ ਸਾਵਣ ਵਦੀ ਦੂਜ ਗਿਣੀ ਜਾਵੇਗੀ। ਇਸ ਕਾਰਨ ਸਾਵਣ ਵਦੀ ਏਕਮ ਪੁੰਨਿਆ ਵਾਲੇ ਦਿਨ ਹੀ ਬਿਨਾ ਗਿਣੇ ਲੰਘ ਜਾਵੇਗੀ। ਕਈ ਵਾਰ ਇਸ ਤੋਂ ਉਲਟ ਵੀ ਹੁੰਦਾ ਹੈ। ਨਵੀ ਤਿੱਥ ਦਾ ਆਰੰਭ ਸੂਰਜ ਚੜਨ ਤੋਂ ਕੁਝ ਸਮਾਂ ਪਹਿਲਾ ਹੁੰਦਾ ਹੈ। ਚੰਦ ਧਰਤੀ ਤੋਂ ਦੂਰ ਹੋਣ ਕਾਰਨ, 12° ਦਾ ਸਫਰ ਤਹਿ ਕਰਨ ਨੂੰ 24 ਘੰਟੇ ਤੋਂ ਵੱਧ ਸਮਾਂ ਲਗੇਗਾ ਅਤੇ ਅਗਲੇ ਦਿਨ ਦਾ ਸੂਰਜ ਚੜਨ ਤੋਂ ਪਿਛੋਂ ਤਿੱਥ ਬਦਲੀ ਹੋਏਗੀ। ਇਸ ਕਾਰਨ ਦੋਵੇਂ ਦਿਨ, ਇਕ ਤਿੱਥ ਹੀ ਗਿਣੀ ਜਾਵੇਗੀ। ਅਗਸਤ 22 ਅਤੇ 23 ਨੂੰ, ਦੋਵੇਂ ਦਿਨ ਹੀ ਭਾਦੋਂ ਵਦੀ 11 ਹੈ। ਭਾਦੋਂ ਵਦੀ 11 ਦਾ ਆਰੰਭ, ਐਤਵਾਰ ਸਵੇਰੇ 3:36 ਤੇ ਭਾਵ ਸੂਰਜ ਚੜਨ ਤੋਂ ਪਹਿਲਾ ਹੋਵੇਗਾ, ਅਤੇ ਇਹ ਮੰਗਲ ਵਾਰ ਨੂੰ ਸਵੇਰੇ 6:07 ਤੇ ਖਤਮ ਹੋਵੇਗੀ, ਜਦੋਂ ਕਿ ਮੰਗਲਵਾਰ ਨੂੰ ਸੂਰਜ 6:00 ਤੇ ਚੜ ਜਾਵੇਗਾ। ਇਸ ਲਈ ਦੋਵੇਂ ਦਿਨ ਹੀ ਭਾਵ ਸੋਮਵਾਰ ਅਤੇ ਮੰਗਲ ਵਾਰ ਨੂੰ ਭਾਦੋਂ ਵਦੀ 11 ਹੀ ਹੋਵੇਗੀ। ਇਸ ਸਾਲ ਸਾਵਣ ਦੀ ਪੁੰਨਿਆ (ਰੱਖੜ-ਪੁੰਨਿਆ) ਦਾ ਆਰੰਭ ਵੀਰਵਾਰ (11 ਅਗਸਤ) ਨੂੰ 10:39 ਤੇ ਹੋਵੇਗਾ ਅਤੇ ਇਹ ਸ਼ੁਕਰਵਾਰ ਨੂੰ 7:06 ਭਾਵ ਸੂਰਜ ਚੜਨ ਤੋਂ ਪਿਛੋਂ ਖਤਮ ਹੋਵੇਗੀ। ਇਸ ਲਈ ਪੁੰਨਿਆ ਸ਼ੁਕਰਵਾਰ ਨੂੰ ਹੋਵੇਗੀ। ਇਸ ਮੁਤਾਬਕ ਤਾਂ ਰੱਖੜੀ ਦਾ ਤਿਉਹਾਰ ਤਾਂ ਸ਼ੁਕਰਵਾਰ ਨੂੰ ਹੋਣਾ ਚਾਹੀਦਾ ਹੈ ਪਰ ਨਹੀ, ਇਥੇ ਇਕ ਹੋਰ ਸਮੱਸਿਆ ਆ ਗਈ ਹੈ। ਉਹ ਇਹ ਕਿ ਰੱਖੜੀ ਦੇ ਤਿਉਹਾਰ ਦੇ ਸ਼ੁਭ ਸਮੇਂ (9:28 ਤੋਂ 21:14) ਮੁਤਾਬਕ ਸ਼ੁਕਰਵਾਰ ਨੂੰ ਤਾਂ ਉਸ ਸਮੇਂ ਭਾਦੋਂ ਵਦੀ ਏਕਮ ਹੋਵੇਗੀ, ਇਸ ਲਈ ਵੀਰਵਾਰ ਜੋ ਅਸਲ ਵਿਚ ਭਾਦੋਂ ਸੁਦੀ 14 ਹੈ ਪਰ ਭਾਦੋਂ ਸੁਦੀ 15 ਭਾਵ ਪੁੰਨਿਆ ਦਾ ਆਰੰਭ 10:39 ਤੇ ਹੋ ਚੁੱਕਾ ਹੈ, ਇਸ ਲਈ ਰੱਖੜੀ ਦਾ ਤਿਉਹਾਰ, ਇਸੇ ਦਿਨ ਹੀ ਮਨਾਇਆ ਜਾਵੇਗਾ। ਇਹ ਹੈ ਬਿਪਰ ਵੱਲੋਂ ਬੁਣਿਆ ਗਿਆ ਮੱਕੜ ਜਾਲ! ਇਸੇ ਮੱਕੜ ਜਾਲ ਮੁਤਾਬਕ, ਹਰ ਤੀਜੇ-ਚੌਥੇ ਸਾਲ ਦਿਵਾਲੀ ਵੀ ਕੱਤਕ ਦੀ ਚੌਦਸ ਨੂੰ ਮਨਾਈ ਜਾਂਦੀ ਹੈ। ਦਿਵਾਲੀ ਜਿਸ ਨੂੰ ਸਿੱਖ ਬੰਦੀ ਛੋੜ ਦਿਵਸ ਦੇ ਨਾਮ ਨਾਲ ਮਨਾਉਂਦੇ ਹਨ, ਉਹ ਵੀ ਇਸੇ ਮੱਕੜ ਜਾਲ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਸਾਲ ਵੀ ਕੱਤਕ ਦੀ ਮੱਸਿਆ ਤਾਂ 25 ਅਕਤੂਬਰ ਨੂੰ ਆਵੇਗੀ ਪਰ ਦਿਵਾਲੀ 24 ਅਕਤੂਬਰ ਨੂੰ ਮਨਾਈ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਬੰਦੀਛੋੜ ਦਿਵਸ ਵੀ ਕੱਤਕ ਸੁਦੀ ਚੌਦਸ ਨੂੰ ਹੀ ਮਨਾਇਆ ਜਾਵੇਗਾ। (ਯਾਦ ਰਹੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਕੱਢੀ ਗਈ ਬੰਦੀ ਛੋੜ ਦਿਵਸ ਦੀ ਤਾਰੀਖ 25 ਅਕਤੂਬਰ, ਇਸ ਸਾਲ ਵੀ ਗਲਤ ਸਾਬਿਤ ਹੋਵੇਗੀ) ਇਸੇ ਤਰ੍ਹਾਂ ਹੀ ਚੜਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ ਵੀ 2019 ਈ: ਵਿੱਚ ਇਸੇ ਮੱਕੜ ਜਾਲ ਦਾ ਸ਼ਿਕਾਰ ਹੋ ਚੁੱਕਾ ਹੈ। ਸ਼੍ਰੋਮਣੀ ਕਮੇਟੀ ਨੇ ਇਹ ਦਿਹਾੜਾ 21 ਮਾਰਚ ਨੂੰ ਮਨਾਇਆ ਸੀ, ਅਤੇ ਗੁਰੂ ਦੀਆ ਲਾਡਲੀਆਂ ਫੌਜਾਂ ਨੇ 22 ਮਾਰਚ ਨੂੰ ਮਨਾਇਆ ਸੀ। ਉਸ ਸਾਲ ਫੱਗਣ ਦੀ ਪੁੰਨਿਆ ਅਤੇ ਚੇਤ ਵਦੀ ਏਕਮ, ਦੋਵੇਂ ਇਕੋ ਦਿਨ ਹੀ ਆਈਆਂ ਸਨ। ਸ਼੍ਰੋਮਣੀ ਕਮੇਟੀ ਨੇ ਹੋਲਾ-ਮਹੱਲਾ ਫੱਗਣ ਦੀ ਪੁੰਨਿਆ ਨੂੰ ਮਨਾਇਆ ਸੀ ਅਤੇ ਨਿਹੰਗ ਬਾਬਿਆਂ ਨੇ ਚੇਤ ਵਦੀ ਦੂਜ ਨੂੰ। ਇਥੇ ਮੈਂ ਇਹ ਸਪੱਸ਼ਟ ਕਰ ਦਿਆ ਕਿ ਇਸ ਮੱਕੜ ਜਾਲ ਨੂੰ ਬਿਪਰਵਾਦ ਕਿਹਾ ਜਾਂਦਾ ਹੈ। ਚੰਦ-ਸੂਰਜ ਤਾਂ ਕਿਸੇ ਵੀ ਕੈਲੰਡਰ ਦੇ ਮੁਥਾਜ ਨਹੀ ਹਨ। ਪਤਾ ਨਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ਉਹ ਇਸ ਮੱਕੜ ਜਾਲ `ਚ ਅਜ਼ਾਦ ਨਹੀਂ ਹੋਣਾ ਚਾਹੁੰਦੀ।