Wednesday, May 15, 2024

ਖ਼ਾਨਦਾਨੀ ਇਤਿਹਾਸਕਾਰ ਦਾ ਕੈਲੰਡਰ ਗਿਆਨ

 


ਖ਼ਾਨਦਾਨੀ ਇਤਿਹਾਸਕਾਰ ਦਾ ਕੈਲੰਡਰ ਗਿਆਨ

ਸਰਵਜੀਤ ਸਿੰਘ ਸੈਕਰਾਮੈਂਟੋ

ਖ਼ਾਨਦਾਨੀ ਇਤਿਹਾਸਕਾਰ (ਤਜਰਬਾ 101 ਸਾਲ), “ਗੁਰੂ ਸਾਹਿਬ ਵੱਲੋਂ ਸਥਾਪਿਤ ਕੀਤਾ ਮੂਲ ਸਿੱਖ ਕੈਲੰਡਰ” ਦੀ ਪ੍ਰਸਤਾਵਨਾ ਵਿੱਚ ਲਿਖਦਾ ਹੈ, “ਇਤਿਹਾਸ ਨੂੰ ਕਿਵੇਂ ਕਰੂਪ ਕਰਕੇ ਸਿੱਖ ਸਿਧਾਂਤ-ਗੁਰੂ ਸਾਹਿਬ ਵੱਲੋਂ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਆਪਣਾ ਉੱਤਰਾਧਿਕਾਰੀ ਥਾਪਣ ਤੋਂ ਬੇਮੁਖ ਹੋ ਕੇ ਨਵੀਨ ਇਤਿਹਾਸ ਦੇ ਨਾਮ `ਤੇ ਨਵੀਨ ਕੁਚੇਸ਼ਟਾ ਕੀਤੀ ਹੈ ਉਹ ਹੇਠਾਂ ਵਿਸਥਾਰ ਸਾਹਿਤ ਦਿੱਤਾ ਜਾ ਰਿਹਾ ਹੈ”: (ਪੰਨਾ 13)


 

ਇਥੇ ਅਨੁਰਾਗ ਸਿੰਘ ਨੇ, ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀਆਂ ਤਾਰੀਖਾਂ ਅਤੇ ਗੁਰੂ ਸਾਹਿਬ ਜੀ ਵੱਲੋਂ, ਆਪਣੇ ਉੱਤਰਾਧਿਕਾਰੀ ਨੂੰ ਗੁਰਗੱਦੀ ਸੌਂਪਣ ਦੀਆਂ ਤਾਰੀਖਾਂ ਦਾ ਜਿਕਰ ਕੀਤਾ ਹੈ। ਸਿੱਟਾ ਇਹ ਕੱਢਿਆ ਹੈ ਕਿ ਸ. ਪਾਲ ਸਿੰਘ ਪੁਰੇਵਾਲ ਨੇ ਭਾਈ ਗੁਰਦਾਸ ਜੀ ਵੱਲੋਂ ਲਿਖੇ, “ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ” ਦੀ ਅਵੱਗਿਆ ਕੀਤੀ ਹੈ।

ਖ਼ਾਨਦਾਨੀ ਇਤਿਹਾਸਕਾਰ ਲਿਖਦਾ ਹੈ, “ਗੁਰੂ ਨਾਨਕ ਦੇਵ ਜੀ 7 ਸਤੰਬਰ ਨੂੰ ਜੋਤੀ ਜੋਤਿ ਸਮਾਉਂਦੇ ਹਨ, ਪਰ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਜੋਤੀ ਜੋਤਿ ਸਮਾਵਣ ਤੋਂ 11 ਦਿਨ ਬਾਅਦ 18 ਸਤੰਬਰ ਨੂੰ ਗੱਦੀ ਤੇ ਬਿਠਾਂਦੇ ਹਨ”। (ਪੰਨਾ 13)

ਕੈਲੰਡਰ ਸਬੰਧੀ ਜਾਣਕਾਰੀ ਤੋਂ ਅਣਜਾਣ ਕੋਈ ਵੀ ਵਿਅਕਤੀ, ਸਹਿਜੇ ਹੀ ਇਸ ਖ਼ਾਨਦਾਨੀ ਇਤਿਹਾਸਕਾਰ ਦੀ ਲਿਖਤ ਨਾਲ ਸਹਿਮਤ ਹੋ ਜਾਵੇਗਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ 7 ਸਤੰਬਰ ਨੂੰ ਜੋਤੀ ਜੋਤ ਸਮਾਏ ਸਨ ਤਾਂ ਇਸ ਤੋਂ 11 ਦਿਨ ਪਿਛੋਂ ਭਾਵ 18 ਸਤੰਬਰ ਨੂੰ,  ਗੁਰੂ ਅੰਗਦ ਸਾਹਿਬ ਜੀ ਨੂੰ ਗੁਰਗੱਦੀ ਕਿਵੇਂ ਦੇ ਸਕਦੇ ਸਨ? ਜਦੋਂ ਕਿ ਇਹ ਕੋਰਾ ਝੂਠ ਹੈ। ਖ਼ਾਨਦਾਨੀ ਇਤਿਹਾਸਕਾਰ ਜਾਂ ਤਾਂ ਸਿਰੇ ਦਾ ਮੂਰਖ ਹੈ, ਜਾਂ ਸਿਰੇ ਦਾ ਕਪਟੀ।

ਆਓ ਇਨ੍ਹਾਂ ਤਾਰੀਖਾਂ ਦੀ ਅਸਲੀਅਤ ਨੂੰ ਸਮਝੀਏ;

ਗੁਰੂ ਸਾਹਿਬਾਨ ਦੇ ਜਨਮ ਦੀਆਂ ਤਾਰੀਖਾਂ ਬਾਰੇ ਭਾਵੇ ਵਿਦਵਾਨਾਂ ਵਿੱਚ ਮੱਤ ਭੇਦ ਹਨ, ਪਰ ਜੋਤੀ ਜੋਤ ਸਮਾਉਣ ਅਤੇ ਸ਼ਹੀਦੀ ਦਿਹਾੜੇ ਦੀਆਂ ਤਰੀਖਾਂ ਬਾਰੇ ਕੋਈ ਮੱਤ-ਭੇਦ ਨਹੀਂ ਹੈ। ਇਸ ਗੱਲ ਤੇ ਵੀ ਸਹਿਮਤੀ ਹੈ ਕਿ ਗੁਰੂ ਜੀ ਨੇ ਆਪਣੇ ਉੱਤਰਾਧਿਕਾਰੀ ਦੀ ਨਿਯੁਕਤੀ ਆਪ ਹੀ ਕਰ ਦਿੱਤੀ ਸੀ। ਆਪਣੇ ਖਿੱਤੇ ਵਿੱਚ ਪ੍ਰਚੱਲਤ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ, 365.2587 ਦਿਨ) ਦੇ ਮੁਤਾਬਕ ਗੁਰੂ ਨਾਨਕ ਜੀ 8 ਅੱਸੂ, ਅੱਸੂ ਵਦੀ 10 ਸੰਮਤ 1596 ਬਿਕ੍ਰਮੀ ਦਿਨ ਐਤਵਾਰ ਨੂੰ ਜੋਤੀ ਜੋਤ ਸਮਾਏ ਸਨ। ਚੰਦ ਦੇ ਕੈਲੰਡਰ ਮੁਤਾਬਕ ਲਿਖੀਆਂ ਤਾਰੀਖਾਂ ਵਿੱਚ ਵਦੀ-ਸੁਦੀ ਦਾ ਭੁਲੇਖਾ ਅਕਸਰ ਹੀ ਮਿਲਦਾ ਹੈ। ਇਸੇ ਭੁਲੇਖੇ ਕਾਰਨ, ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਸੁਦੀ 10 ਵੀ ਮਿਲਦੀ ਹੈ ਪਰ ਇਹ ਪ੍ਰਵਾਣਿਤ ਨਹੀਂ ਹੈ।

ਅੰਗਰੇਜੀ ਰਾਜ ਵੇਲੇ, ਜਦੋਂ ਅੰਗਰੇਜੀ ਤਾਰੀਖਾਂ ਲਿਖਣ ਦਾ ਰਿਵਾਜ ਪ੍ਰਚੱਲਤ ਹੋਇਆ ਤਾਂ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ, 7 ਸਤੰਬਰ 1539 ਈ: (ਜੂਲੀਅਨ) ਲਿਖੀ ਗਈ। ਯਾਦ ਰਹੇ, ਜੂਲੀਅਨ ਕੈਲੰਡਰ ਕਦੇ ਵੀ ਆਪਣੇ ਦੇਸ਼ ਵਿੱਚ ਲਾਗੂ ਨਹੀਂ ਹੋਇਆ। ਆਪਣੇ ਦੇਸ਼ ਵਿੱਚ ਅੰਗਰੇਜਾਂ ਦੇ ਆਉਣ ਪਿਛੋਂ ਗਰੈਗੋਰੀਅਨ ਕੈਲੰਡਰ ਹੀ ਆਇਆ ਸੀ। ਜੂਲੀਅਨ ਕੈਲੰਡਰ ਦੀ ਸੋਧ (ਅਕਤੂਬਰ ,1582 ਈ:) ਨੂੰ ਇੰਗਲੈਂਡ ਨੇ ਸਤੰਬਰ 1752 ਈ: ਵਿੱਚ ਪ੍ਰਵਾਨ ਕੀਤਾ ਸੀ। ਅੰਗਰੇਜਾਂ ਨੇ ਆਪਣੇ ਦੇਸ ਦੇ ਇਤਿਹਾਸ ਨੂੰ ਸਮਝਣ ਲਈ, 2 ਸਤੰਬਰ 1752 ਈ: ਤੋਂ ਪਹਿਲੀਆਂ ਤਾਰੀਖਾਂ ਨੂੰ ਜੂਲੀਅਨ ਵਿੱਚ ਅਤੇ 14 ਸਤੰਬਰ 1752 ਈ: ਤੋਂ ਪਿਛਲੀਆਂ ਤਾਰੀਖਾਂ ਨੂੰ ਗਰੈਗੋਰੀਅਨ ਕੈਲੰਡਰ ਵਿੱਚ ਬਦਲੀ ਕਰ/ਕਰਵਾ ਲਿਆ ਸੀ।

ਚੰਦਰ-ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ) ਕੈਲੰਡਰ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ 4 ਅੱਸੂ, ਅੱਸੀ ਵਦੀ 5, ਸੰਮਤ 1596 ਬਿਕ੍ਰਮੀ, ਦਿਨ ਬੁੱਧਵਾਰ ਨੂੰ ਗੁਰਗੱਦੀ ਦੀ ਜਿੰਮੇਵਾਰੀ ਸੌਂਪ ਦਿੱਤੀ ਸੀ। ਗੁਰੂ ਨਾਨਕ ਸਾਹਿਬ ਜੀ 8 ਅੱਸੂ, ਅੱਸੂ ਵਦੀ 10 ਸੰਮਤ 1596 ਬਿਕ੍ਰਮੀ ਦਿਨ ਐਤਵਾਰ ਨੂੰ ਜੋਤੀ ਜੋਤ ਸਮਾਏ ਸਨ। ਜਦੋਂ ਇਨ੍ਹਾਂ ਤਾਰੀਖਾਂ ਨੂੰ ਜੂਲੀਅਨ ਕੈਲੰਡਰ ਵਿੱਚ ਬਦਲੀ ਕਰਕੇ ਲਿਖਿਆ ਗਿਆ ਤਾਂ ਇਹ 3 ਸਤੰਬਰ ਅਤੇ 7 ਸਤੰਬਰ ਲਿਖੀਆਂ ਗਈਆਂ। ਇਥੋਂ ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ 4 ਦਿਨ ਪਹਿਲਾ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖ਼ਸ਼ ਦਿੱਤੀ ਸੀ। ਇਥੇ ਇਕ ਹੋਰ ਸਮੱਸਿਆ ਆ ਗਈ ਹੈ। ਉਹ ਇਹ ਕਿ ਪ੍ਰਵਿਸ਼ਟਿਆਂ ਅਤੇ ਤਾਰੀਖਾਂ ਮੁਤਾਬਕ ਤਾਂ 4 ਦਿਨ ਦਾ ਅੰਤਰ ਹੈ ਪਰ ਵਦੀ-ਸੁਦੀ ਮੁਤਾਬਕ 5 ਦਿਨਾਂ ਦਾ ਅੰਤਰ ਹੈ। ਇਸ ਦਾ ਕਾਰਨ ਇਹ ਹੈ ਕਿ ਅੱਸੂ ਵਦੀ 5 ਤੋਂ ਪਿਛੋਂ ਅੱਸੂ ਵਦੀ 6 ਨਹੀਂ, ਸਗੋਂ ਅੱਸੂ ਵਦੀ 7 ਆਈ ਸੀ। ਅੱਸੂ ਵਦੀ 5 ਅਤੇ 6 ਦੋਵੇਂ, ਇਕ ਦਿਨ ਹੀ ਸਨ। ਅੱਸੂ ਵਦੀ 6 ਗਿਣੀ ਨਹੀਂ ਸੀ ਗਈ।

ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੀ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਵੇਗਾ”, ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਪ੍ਰਵਿਸ਼ਟਾ 8 ਅੱਸੂ ਅਤੇ ਗੁਰੂ ਗੱਦੀ ਗੁਰੂ ਅੰਗਦ ਦੇਵ ਜੀ, 4 ਅੱਸੂ ਮੁੱਖ ਰੱਖਿਆ ਗਿਆ ਹੈ। ਜੇ ਇਨ੍ਹਾਂ ਨੂੰ ਅੰਗਰੇਜੀ ਤਾਰੀਖਾਂ (ਜੂਲੀਅਨ) ਵਿੱਚ ਵੇਖੀਏ ਤਾਂ ਇਹ 7 ਸਤੰਬਰ ਅਤੇ 3 ਸਤੰਬਰ ਬਣਦੀਆਂ ਹਨ। ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਦਿਵਸ 4 ਅੱਸੂ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਹਾੜਾ 8 ਅੱਸੂ ਦਾ ਦਰਜ ਹੈ। ਇਸ ਦੇ ਨਾਲ ਅੰਗਰੇਜੀ ਤਾਰੀਖਾਂ ਵੀ ਦਰਜ ਹਨ। ਜੋ 18 ਸਤੰਬਰ ਅਤੇ 22 ਸਤੰਬਰ ( ਗਰੈਗੋਰੀਅਨ) ਬਣਦੀਆਂ ਹਨ। ਕਿਸੇ ਵੀ ਕੈਲੰਡਰ ਵਿੱਚ ਵੇਖੋ, ਗੁਰਤਾਗੱਦੀ ਦਿਹਾੜਾ, ਜੋਤੀ ਜੋਤ ਸਮਾਉਣ ਤੋਂ 4 ਦਿਨ ਪਹਿਲਾ ਬਣਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਹਿਸਾਬ ਖ਼ਾਨਦਾਨੀ ਇਤਿਹਾਸਕਾਰ ਨੂੰ ਕਿਉ ਨਹੀਂ ਸਮਝ ਆਇਆ, ਉਹ 4 ਅੱਸੂ ਨੂੰ 8 ਅੱਸੂ ਤੋਂ 11 ਦਿਨ ਪਿੱਛੋਂ ਕਿਵੇਂ ਮੰਨ ਰਿਹਾ ਹੈ? ਇਹ ਤਾਂ ਹੋ ਨਹੀਂ ਸਕਦਾ ਕਿ ਅਨੁਰਾਗ ਸਿੰਘ ਨੂੰ ਘਟਾਓ ਕਰਨੀ (8-4=4) ਨਹੀਂ ਆਉਂਦੀ ਹੋਵੇਗੀ ? ਜੇ ਘਟਾਓ ਆਉਂਦੀ ਹੈ ਤਾਂ ਦਾਵੇ ਨਾਲ ਕਿਹਾ ਜਾ ਸਕਦਾ ਹੈ ਕਿ ਖ਼ਾਨਦਾਨੀ ਇਤਿਹਾਸਕਾਰ ਸਿਰੇ ਦਾ ਕਪਟੀ ਹੈ। ਜਿਹੜਾ ਇਹ ਲਿਖ ਰਿਹਾ ਹੈ, “ਗੁਰੂ ਨਾਨਕ ਦੇਵ ਜੀ 7 ਸਤੰਬਰ ਨੂੰ ਜੋਤੀ-ਜੋਤਿ ਸਮਾਉਂਦੇ ਹਨ, ਪਰ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਜੋਤੀ-ਜੋਤਿ ਸਮਾਵਣ ਤੋਂ 11 ਦਿਨ ਬਾਅਦ 18 ਸਤੰਬਰ ਨੂੰ ਗੱਦੀ ਤੇ ਬਿਠਾਂਦੇ ਹਨ” (ਪੰਨਾ 13)

ਅਨੁਰਾਗ ਸਿੰਘ ਨੇ, ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 7 ਸਤੰਬਰ ਤਾਂ ਜੂਲੀਅਨ ਕੈਲੰਡਰ ਮੁਤਾਬਕ  ਲੈ ਲਈ ਅਤੇ ਗੁਰੂ ਅੰਗਦ ਸਾਹਿਬ ਦੇ ਗੁਰਗੱਦੀ ਦਿਹਾੜੇ ਦੀ ਤਾਰੀਖ 18 ਸਤੰਬਰ, ਗਰੈਗੋਰੀਅਨ ਕੈਲੰਡਰ ਦੀ ਲੈ ਕੇ ਇਸ ਨਤੀਜੇ ਤੇ ਪੁੱਜ ਗਿਆ (18-7=11) ਕਿ, ਸ. ਪਾਲ ਸਿੰਘ ਪੁਰੇਵਾਲ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ 11 ਦਿਨ ਪਿਛੋਂ, ਗੁਰੂ ਅੰਗਦ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਿੱਖ ਇਤਿਹਾਸ ਨੂੰ ਵਿਗਾੜ ਦਿੱਤਾ ਹੈ। ਵਾਹ, ਅੰਧੇ ਕੋ ਅੰਧੇਰੇ ਮੇਂ ਬੜੀ ਦੂਰ ਕੀ ਸੂਝੀ।

ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਦਿਵਸ 4 ਅੱਸੂ (18 ਸਤੰਬਰ) ਅਤੇ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਹਾੜਾ 8 ਅੱਸੂ (22 ਸਤੰਬਰ) ਦਰਜ ਹੈ। ਦੋਵਾਂ ਦਿਹਾੜਿਆਂ ਵਿੱਚ 4 ਦਿਨਾਂ ਦਾ ਅੰਤਰ ਹੈ । ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ 4 ਦਿਨ ਪਹਿਲਾ, ਭਾਈ ਲਹਿਣਾ ਜੀ ਨੂੰ ਗੁਰਗੱਦੀ ਦੀ ਜਿੰਮੇਵਾਰੀ ਸੌਂਪ ਦਿੱਤੀ ਸੀ। ਇਸ ਲਈ ਖ਼ਾਨਦਾਨੀ ਇਤਿਹਾਸਕਾਰ (ਅਨੁਰਾਗ ਸਿੰਘ ) ਦਾ ਲਿਖਤੀ ਦਾਅਵਾ, “ਗੁਰੂ ਅੰਗਦ ਦੇਵ ਜੀ ਨੂੰ ਆਪਣੇ ਜੋਤੀ ਜੋਤਿ ਸਮਾਵਣ ਤੋਂ 11 ਦਿਨ ਬਾਅਦ, ਗੱਦੀ ਤੇ ਬਿਠਾਂਦੇ ਹਨ”  ਕੋਰਾ ਝੂਠ ਹੈ।