ਝੂਠੁ
ਨ ਬੋਲਿ ਪਾਡੇ ਸਚੁ ਕਹੀਐ॥
ਲਾਂਬਾ
ਜੀ, ਆਪਣੇ ਗੁਰੂ ਨਾਲ ਧੋਖਾ ਤਾਂ ਨਾ ਕਰੋ!
ਗੁਰਚਰਨਜੀਤ ਸਿੰਘ ਲਾਬਾਂ ਜੀ, ਕਾਫੀ ਦੇਰ ਦੜ ਵੱਟਣ ਤੋਂ ਬਾਅਦ, ਆਪ ਨੇ ਮੁੜ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਆਰੰਭ ਦਿੱਤਾ ਹੈ। ਇਹ ਤੁਹਾਡੀ ਇੱਛਾ ਹੈ ਤੁਸੀ ਜੋ ਚਾਹੋ ਪ੍ਰਚਾਰ ਕਰ ਸਕਦੇ ਹੋ, ਪਰ ਬੇਨਤੀ ਹੈ ਕਿ ਜਿਸ ਨੂੰ ਤੁਸੀ ਗੁਰੂ ਜੀ ਦੀ ਲਿਖਤ ਮੰਨਦੇ ਹੋ ਉਸ ਬਾਣੀ (?) ਦੇ ਅਨਰਥ ਤਾਂ ਨਾ ਕਰੋ। ਜੇ ਉਸ ਨੂੰ ਬਾਣੀ (?) ਮੰਨਦੇ ਹੋ ਤਾਂ ਅਰਥ ਤਾਂ ਸਹੀ ਕਰੋ। ਤੁਹਾਡੇ ਵੱਲੋਂ ਗਲਤ ਅਰਥ ਕਰਨੇ, ਪਾਠਕਾਂ ਨੂੰ ਗੁਮਰਾਹ ਕਰਨ ਦੇ ਨਾਲ-ਨਾਲ ਗੁਰੂ ਨਾਲ ਵੀ ਧੋਖਾ ਹੈ। ਕੀ ਅਜੇਹਾ ਕਰਨਾ ਤੂਹਾਨੂੰ ਸ਼ੋਭਾ ਦਿੰਦਾ ਹੈ?
ਪਹਿਲਾ ਤੁਸੀਂ ਚਰਿਤ੍ਰ ਨੰ: 71 ਦੇ ਗਲਤ ਅਰਥ ਕੀਤੇ। ਇਹ ਕਹਾਣੀ ਤੁਸੀ
ਸਿਰਮੋਰ ਦੇ ਰਾਜੇ ਦੀ ਬਣਾ ਦਿੱਤੀ। ਜਦੋ ਕਿ ਪਿਆਰਾ ਸਿੰਘ ਪਦਮ ਨੇ 1969 ਵਿੱਚ ਹੀ ਸੱਚ ਲਿਖ
ਦਿੱਤਾ ਸੀ, "
ਗੁਰੂ ਸਾਹਿਬ ਨੇ ਕੁਝ ਆਪ-ਬੀਤੀਆਂ ਵੀ ਦਰਜ ਕੀਤੀਆਂ ਹਨ ਜੋ ਕਿ ਥਾਂ-ਥਾਂ ਆਏ ਹਵਾਲਿਆਂ ਤੋਂ ਸਪਸ਼ਟ
ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇਂ
16, 21, 22, 23, ਆਦਿ। 15 ਨੰਬਰ
ਕੀਰਤਪੁਰ ਦਾ ਹੈ।
ਜਿਸ ਸਮੇਂ
ਸਤਿਗੁਰੂ ਪਾਉਂਟੇ ਸਾਹਿਬ ਤੋਂ ਵਾਪਸ ਮੁੜਦੇ ਕਪਾਲ ਮੋਚਨ ਤੀਰਥ ਤੇ ਆਏ ਤਾਂ ਖਿਆਲ ਆਇਆ ਕਿ ਆਪਣੇ
ਸਿੱਖਾਂ ਨੂੰ ਸਿਰੋਪਾਉ ਵਜੋਂ ਪੱਗਾਂ ਦਿੱਤੀਆਂ ਜਾਣ ਪਰੰਤੂ ਪੱਗਾਂ ਕਿਤੋਂ ਮਿਲੀਆਂ ਨਹੀਂ,
ਕੁਝ ਸਿੱਖਾਂ ਨੂੰ ਪਾਉਂਟੇ ਤੇ ਬੂੜੀਏ ਵੀ ਭੇਜਿਆ ਗਿਆ ਪਰ ਇਤਨੀ ਮਲਮਲ ਉਥੋਂ ਨਾ
ਮਿਲੀ ਅਖੀਰ ਫੈਸਲਾ ਕੀਤਾ ਕਿ ਇਸ ਪਵਿੱਤਰ ਤੀਰਥ ਲਾਗੇ ਜੋ ਪਿਸ਼ਾਬ ਕਰਦਾ ਹੋਵੇ ਉਸਨੂੰ ਫੜ ਲਓ ਤੇ
ਉਸਦੀ ਪੱਗ ਲਾਹ ਲਓ, ਅਜੇਹਾ ਕਰਨ ਤੇ ਉਸ ਨੂੰ ਨਸੀਹਤ ਮਿਲੇਗੀ ਕਿ
ਧਰਮ ਅਸਥਾਨ ਤੇ ਗੰਦ ਖਿਲਾਰਨੋਂ ਪ੍ਰਹੇਜ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਿਪਾਹੀਆਂ ਨੂੰ ਇਹ
ਹੁਕਮ ਮਿਲਣ ਦੀ ਦੇਰ ਸੀ ਕਿ ਥੋੜੇ ਸਮੇਂ ਵਿਚ ਹੀ ਅੱਠ ਸੌ ਪੱਗਾਂ ਇਕੱਠੀਆਂ ਕਰ ਲਈਆਂ ਤੇ ਉਥੇ ਹੀ
ਧੁਆ ਲਈਆਂ ਗਈਆਂ। ਇਸ ਤਰ੍ਹਾਂ ਉਨ੍ਹਾਂ ਉੱਜਲ ਦਸਤਾਰਾਂ ਦੇ, ਆਏ
ਸਿਖਾਂ ਪ੍ਰੇਮੀਆਂ ਨੂੰ ਵੰਡ ਕੇ ਸਿਰੋਪਾਉ ਦਿੱਤੇ ਗਏ। ਇਹ ਘਟਨਾ ਗੁਰੂ ਸਾਹਿਬ ਨੇ 'ਪੁਰਖ ਚਰਿਤਰ' ਦੇ ਰੂਪ ਵਿਚ 71 ਨੰਬਰ
ਤੇ ਦਰਜ ਕੀਤੀ ਹੈ"। (ਦਸਮ ਗ੍ਰੰਥ ਦਰਸ਼ਨ ਪੰਨਾ 125)
ਇਸ ਕਿਤਾਬ ਦਾ
ਮੁੱਖ ਬੰਦ ਗੁਰਬਚਨ ਸਿੰਘ ਤਾਲਿਬ ਨੇ ਲਿਖਿਆ ਹੈ। ਡਾ ਬਲਬੀਰ ਸਿੰਘ ਦੇ ਪ੍ਰਸੰਸਾ ਪੱਤਰ ਤੋਂ ਇਲਾਵਾ,
ਪੰਚਾਂ ਦੀ ਰਾਏ ਹੇਠ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ, ਜੱਥੇਦਾਰ ਸੰਤਾਂ ਸਿੰਘ, ਡਾ ਖੁਸ਼ਦੇਵਾ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਪ੍ਰਿੰ ਸਤਬੀਰ ਸਿੰਘ ਨੇ ਵੀ ਪਿਆਰਾ ਸਿੰਘ
ਪਦਮ ਦੀ ਪ੍ਰੋੜਤਾ ਕੀਤੀ ਹੈ।
ਹੁਣ ਤੁਸੀਂ ਨੂਪ
ਕੁਆਰ (21-23) ਵਾਲੀ ਕਹਾਣੀ ਦੇ ਅਨਰਥ ਕਰ ਹਰੇ ਹੋ। ਇਹ ਕਿਵੇ ਮੰਨ ਲਿਆ ਜਾਵੇ ਕਿ ਤੁਸੀ ਆਪਣੇ
ਸਾਥੀ ਡਾ ਹਰਭਜਨ ਸਿੰਘ (ਦੇਹਰਾਦੂਨ) ਦੀ 12 ਦਸੰਬਰ 2009 ਈ: ਨੂੰ ਰਲੀਜ਼ ਹੋਈ ਕਿਤਾਬ "ਸ਼੍ਰੀ ਦਸਮ ਗ੍ਰੰਥ ਸਾਹਿਬ-ਕਰਤਾ ਸਬੰਧੀ ਵਿਵਾਦ ਦੀ ਪੁਨਰ ਸਮੀਖਿਆ" ਨਹੀਂ
ਪੜ੍ਹ ਹੋਵੇਗੀ, ਜਿਸ ਵਿੱਚ ਉਹ ਲਿਖਦੇ ਹਨ, "ਇਹ ਪੜ੍ਹ ਕੇ
ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਇਸ ਕਥਾ ਦਾ ਨਾਇਕ ‘ਰਾਏ’ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ
ਭਿੰਨ ਵਿਅਕਤੀ ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦਾ"। ਡਾ ਹਰਭਜਨ ਸਿੰਘ ਨੇ ਤਾਂ ਗੁਰੂ ਜੀ ਅਤੇ
ਅਨੂਪ ਕੌਰ ਵਿਚਕਾਰ ਹੋਈ ਗੱਲਬਾਤ ਨੂੰ ਬੜੇ ਰੌਚਕ ਢੰਗ ਨਾਲ, ਸਵਾਲ-ਜਵਾਬ (ਗੁਰੂ ਜੀ-ਅਨੁਪ ਕੌਰ,
ਗੁਰੂ ਜੀ -ਅਨੂਪ ਕੌਰ) ਦੇ ਰੂਪ ਵਿੱਚ ਦਰਜ ਕਰਨ ਲਈ ਕਈ ਪੰਨੇ ਕਾਲੇ ਕੀਤੇ ਹੋਏ ਹਨ। ਚਲੋਂ ਇਸ ਨੂੰ
ਵੀ ਛੱਡੋ।
ਲਾਂਬਾ ਜੀ ਆਪ ਨੂੰ
ਯਾਦ ਹੋਵੇਗਾ ਕਿ , ਤੁਸੀਂ 2008 ਈ: ਵਿੱਚ ਕੈਲੇਫੋਰਨੀਆ ਵਿੱਚ ਅਖੌਤੀ ਦਸਮ ਗ੍ਰੰਥ ਦੇ ਪ੍ਰਚਾਰ ਲਈ
ਸੈਮੀਨਾਰਾਂ ਦਾ ਲੜੀ ਚਲਾਉਣ ਦਾ ਪ੍ਰੋਗਰਾਮ ਬਣਾਇਆ ਸੀ। ਇਸ ਲੜੀ ਦਾ ਪਹਿਲਾ ਸੈਮੀਨਾਰ ਸੈਕਰਾਮੈਂਟੋ
ਵਿਖੇ 23 ਫਰਵਰੀ ਨੂੰ ਕੀਤਾ ਗਿਆ ਸੀ। ਇਸ ਸੈਮੀਨਾਰ ਵਿੱਚ ਸਾਬਕਾ
ਜੱਥੇਦਾਰ ਸਿੰਘ ਸਾਹਿਬ ਗਿਆਨੀ ਸ਼ਵਿੰਦਰ ਸਿੰਘ ਨੇ, ਇਸ ਚਰਿਤ੍ਰ ਨੂੰ ਦਲੀਲਾ ਨਾਲ ਗੁਰੂ ਜੀ ਦੀ ਹੱਡ
ਬੀਤੀ ਸਾਬਿਤ ਕੀਤਾ ਸੀ। ਤੁਹਾਡੇ ਸਮੇਤ ਕਿਸੇ ਨੇ ਵੀ ਇਤਰਾਜ ਨਹੀਂ ਸੀ ਕੀਤਾ। ਇਹ ਵੀਡੀਓ ਅੱਜ ਵੀ
ਵੇਖੀ/ਸੁਣੀ ਜਾ ਸਕਦੀ ਹੈ। ਇਹ ਗੱਲ ਵੱਖਰੀ ਹੈ ਕਿ ਅਖਬਾਰਾਂ ਰਾਹੀ ਬੇਨਤੀ ਕਰਨ ਕਿ, ਆਏ ਵਿਦਵਾਨਾਂ
ਤੋਂ ਕੁਝ ਸ਼ਬਦਾ ਦੇ ਅਰਥ ਕਰਵਾਏ ਜਾਣ ਤਾਂ ਜੋ ਸੰਗਤਾਂ ਇਸ ਦੀ ਅਸਲੀਅਤ ਨੂੰ ਸਮਝ ਸਕਣ, ਸਾਡੀ
ਬੇਨਤੀ ਪ੍ਰਵਾਨ ਨਹੀਂ ਸੀ ਕੀਤੀ ਗਈ। ਪਰ ਇਸ ਦਾ ਇਹ ਪ੍ਰਭਾਵ ਪਿਆ ਕਿ ਤੁਹਾਡਾ ਸੈਕਰਾਮੈਂਟੋ ਵਾਲਾ
ਸੈਮੀਨਾਰ, ਪਹਿਲਾ ਤੇ ਆਖਰੀ ਹੋ ਨਿਬੜਿਆ।
ਗੁਰਚਰਨਜੀਤ ਸਿੰਘ
ਲਾਂਬਾ ਜੀ, ਅੱਜ ਸੰਤ ਫਤਿਹ ਸਿੰਘ ਵਾਲਾ ਸਮਾਂ ਨਹੀਂ ਹੈ, “ਸ਼ਾਧ ਸੰਗਤ ਜੀ, ਕਾਗਰਸ ਨੇ ਭਾਖੜੇ,
ਪਾਣੀ ਵਿੱਚੋਂ ਬਿਜਲੀ ਕੱਢ ਲਈ ਫੇਰ ਨੰਗਲ ਫੈਕਟਰੀ ਲਾ ਕੇ ਪਾਣੀ `ਚ ਸਾਰੀ ਖਾਦ ਕੱਢ ਲਈ, ਫੋਕਾ
ਪਾਣੀ ਨਹਿਰਾ ਰਾਹੀ ਜੱਟਾਂ ਨੂੰ ਦੇ ਰਹੇ ਹਨ। ਇਸ ਲਈ ਕਾਗਰਸ ਨੂੰ ਵੋਟਾ ਨਾ ਪਾਇਓ”। ਅੱਜ ਤਾਂ
ਪੰਜਾਬੀ ਦੇ ਨਾਲ ਨਾਲ ਹਿੰਦੀ ਵਿੱਚ (ਡਾ ਜੋਧ ਸਿੰਘ) ਵੀ ਟੀਕਾ ਉਪਲੱਭਦ ਹੈ। ਇਸ ਲਈ ਹੁਣ ਤੁਹਾਡੇ
ਵੱਲੋ ਕੀਤੇ ਗਏ ਗੋਲ-ਮੋਲ ਅਰਥ ਨਹੀਂ ਚੱਲਣੇ। ਜੇ ਇਸ ਗ੍ਰੰਥ ਦਾ ਪ੍ਰਚਾਰ ਕਰਨਾ ਤੁਹਾਡੀ ਕੋਈ
ਮਜਬੂਰੀ ਹੈ ਤਾਂ ਸੱਚ ਬੋਲਣ/ਲਿਖਣ ਦਾ ਹੌਸਲਾ ਵੀ
ਕਰੋ।