Saturday, July 3, 2010

ਸਿੱਖ ਰਹਿਤ ਮਰਯਾਦਾ’ ਬਨਾਮ ‘ਦਸਤੂਰ-ਏ –ਅਮਲ’

‘ਸਿੱਖ ਰਹਿਤ ਮਰਯਾਦਾ’ ਬਨਾਮ ‘ਦਸਤੂਰ-ਏ –ਅਮਲ’
ਸਰਵਜੀਤ ਸਿੰਘ
ਦਰਬਾਰ ਸਾਹਿਬ ਵਿਚ ਬੀਬੀਆਂ ਨੂੰ ਕੀਰਤਨ ਕਰਨ ਅਤੇ ਹੋਰ ਸੇਵਾ ਕਰਨ ਦੇ ਮਾਮਲੇ ਬਾਰੇ ਜੋ ਵਾਦ-ਵਿਵਾਦ ਪਿਛਲੇ ਕਾਫੀ ਸਮੇਂ ਤੋਂ ਸੁਲਗ਼ ਰਿਹਾ ਸੀ ਉਹ ਬੀਬੀ ਜਗੀਰ ਕੌਰ ਵਲੋ ਕੀਤੇ ਗਏ ਸਪੱਸ਼ਟ ਐਲਾਨ ਨੇ ਪੂਰੀ ਤਰਾਂ ਭਖਾ ਦਿਤਾ ਹੈ। ਭਾਵੇਂ ਇਸ ਤੇ ਹਾਲੇ ਪੂਰੀ ਤਰਾਂ ਅਮਲ ਤਾਂ ਨਹੀਂ ਹੋਇਆ ਪਰ ਵਿਰੋਧੀਆਂ ਨੇ ਥੋਥੀਆਂ ਦਲੀਲਾਂ ਨਾਲ ਇਸ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ। ਇਸ ਗੰਭੀਰ ਵਿਸ਼ੇ ਤੇ ਵੀ ਸੁਹਿਰਦਤਾ ਦੀ ਥਾਂ ਸਿਆਸੀ ਰੋਟੀਆਂ ਸੇਕੀਆਂ ਜਾਂ ਰਹੀਆਂ ਹਨ। ਉਨ੍ਹਾਂ ਸੰਸਥਾਵਾਂ, ਡੇਰੇ ਜਾ ਟਕਸਾਲਾਂ ਤੋ ਤਾਂ ਵਿਰੋਧ ਦੀ ਆਸ ਕੀਤੀ ਜਾ ਸਕਦੀ ਹੈ, ਜੋ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਨਹੀ ਮਨਦੇ, ਪਰ ਸ਼ੋਮਣੀ ਕਮੇਟੀ ਦੇ ਸਾਬਕ ਸਕੱਤਰ ਮਨਜੀਤ ਸਿੰਘ ਕਲਕੱਤਾ ਵਲੋ ਇਸ ਦਾ ਵਿਰੋਧ ਕਰਨਾ ਹੈਰਾਨੀ ਯੋਗ ਹੈ।
ਸ਼੍ਰ਼ੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋ ਨਾਮਜ਼ਦ ਕੀਤੀ ਗਈ ‘ਧਰਮ ਪ੍ਰਚਾਰ ਕਮੇਟੀ’ ਵਲੋ ਪੰਥਕ ਸਰਮਾਏ ਨਾਲ ਛਾਪ ਕੇ ਭੇਟਾ ਰਹਿਤ ਵੰਡੀ ਜਾ ਰਹੀ ‘ਸਿੱਖ ਰਹਿਤ ਮਰਯਾਦਾ’ ਦੇ ਪੰਨਾ 27 ਉਪਰ ਇਹ ਦਰਜ ਹੈ: "ਅੰਮ੍ਰਿਤ ਸੰਸਕਾਰ (ਅ) ਉਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਅਰਾ-ਬਰ-ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ’ਚੋਂ ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਇਨ੍ਹਾਂ ਵਿਚ ਸਿੰਘਣੀਆਂ ਭੀ ਹੋ ਸਕਦੀਆਂ ਹਨ। ਇਨ੍ਹਾਂ ਸਾਰਿਆਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ।" ਇਨ੍ਹਾਂ ਸਪੱਸ਼ਟ ਲਿਖੇ ਹੋਣ ਤੇ ਜੇ ਸ਼੍ਰੋਮਣੀ ਕਮੇਟੀ ਦਾ ਸਾਬਕ ਸਕੱਤਰ ਇਸ ਦਾ ਵਿਰੋਧ ਕਰੇ ਤਾਂ ਉਸ ਨੂੰ ਇਮਾਨਦਾਰ ਤਾਂ ਨਹੀ ਮੰਨਿਆ ਜਾ ਸਕਦਾ। ਜੇ ਇਸ ਮਰਯਾਦਾ ਤੇ ਸ਼੍ਰੋਮਣੀ ਕਮੇਟੀ ਨੇ ਵੀ ਅਮਲ ਨਹੀ ਕਰਨਾ ਤਾ ਬਾਕੀ ਸਾਰੀ ਦੁਨੀਆ ਦੇ ਗੁਰਦਵਾਰਿਆਂ ਵਿਚ ਇਸ ਨੂੰ ਲਾਗੂ ਕਿਵੇ ਕੀਤਾ ਜਾ ਸਕਦਾ ਹੈ।
ਸ: ਮਨਜੀਤ ਸਿੰਘ ਕਲਕੱਤਾ ਦੇ ਹੋਰ ਬਚਨ, "ਬੀਬੀ ਜਗੀਰ ਕੌਰ ਨੂੰ ਸ਼ਾਇਦ ਇਹ ਹੀ ਨਹੀਂ ਪਤਾ ਕਿ ਸ੍ਰੀ ਦਰਬਾਰ ਸਾਹਿਬ ਦੀ ਰਹਿਤ-ਮਰਿਆਦਾ ਸਿੱਖ ਰਹਿਤ-ਮਰਿਆਦਾ `ਚ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਚ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਲਿਖੀ ‘ਦਸਤੂਰ-ਏ-ਅਮਲ’ ਮੁਤਾਬਿਕ ਹੀ ਮਰਿਆਦਾ ਰੱਖੀ ਜਾਂਦੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਆਮ ਗੁਰਦੁਆਰਿਆਂ ਨਾਲੋਂ ਕਈ ਤਰ੍ਹਾਂ ਵੱਖਰੀ ਹੈ"।
ਕਲਕੱਤਾ ਜੀ, ਆਪ ਦੇ ਬਿਆਨ ਤੋ ਇਹ ਸਪੱਸ਼ਟ ਹੈ ਕੇ ਅਕਾਲ ਤੱਖਤ ਤੇ ਮਰਯਾਦਾ ਹੋਰ ਹੈ ਤੇ ਦਰਬਾਰ ਸਾਹਿਬ ਵਿਚ ਹੋਰ। ‘ਸਿੱਖ ਰਹਿਤ ਮਰਯਾਦਾ’ ਦੀਆ ਤਾਂ ਲੱਖਾਂ ਕਾਪੀਆਂ ਸ੍ਰੋਮਣੀ ਕਮੇਟੀ ਅਤੇ ਸਿੱਖ ਮਿਸ਼ਨਰੀ ਕਾਲਜ ਵਲੋ ਵੰਡੀਆਂ ਜਾ ਚੁਕੀਆਂ ਹਨ। ਇਸ ਬਾਰੇ ਤਾ ਸਿੱਖ ਸੰਗਤ ਨੂੰ ਥੋੜੀ–ਬੁਹਤੀ ਜਾਣਕਾਰੀ ਹੈ। ਆਓ ‘ਦਸਤੂਰ-ਏ-ਅਮਲ’ ਵਾਰੇ ਵੀ ਵਿਚਾਰ ਸਾਝੇ ਕਰੀਏ।
ਇਕ ਕਿਤਾਬ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ: ਅਮਰਜੀਤ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ 400 ਸਾਲਾ ਪ੍ਰਾਕਸ਼ ਉਤਸਵ ਦੇ ਸਬੰਧ ਵਿੱਚ ਬੁਹਤ ਹੀ ਸਖ਼ਤ ਘਾਲਣਾ ਤੋਂ ਬਾਅਦ ਸੰਪਾਦਤ ਕੀਤੀ ਸੀ। (ਕਾਰਜ ਨੂੰ ਅਰੰਭ ਕਰਨ ਤੋਂ ਪਹਿਲਾਂ ਇਸ ਗੱਲ ਦਾ ਬਿਲਕੁਲ ਬੋਧ ਨਹੀ ਸੀ ਕਿ ਇਹ ਕੰਮ ਹਿਮਾਲਾ ਪਰਬਤ ਦੀ ਚੋਟੀ ਨੂੰ ਸਰ ਕਰਨ ਵਾਂਗ ਬੁਹਤ ਬਿਖੜਾ ਹੋਵੇਗਾ। ਪੰਨਾ 50, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ: ਅਮਰਜੀਤ ਸਿੰਘ) ਇਸ ਨੂੰ ਧਰਮ ਪ੍ਰਚਾਰ ਕਮੇਟੀ ਨੇ ਪੰਥਕ ਸਰਮਾਏ ਨਾਲ ਛਾਪਿਆ ਸੀ। ਇਸ ਵਿੱਚ ਮਨਜੀਤ ਸਿੰਘ ਕਲਕੱਤਾ ਸਮੇਤ ਪੰਥ ਦੀਆ ਹੋਰ ਵੀ ਗਿਆਰਾਂ ਮਹਾਨ ਹਸਤੀਆਂ ਨੇ ਪ੍ਰਸ਼ੰਸਾਂ ਪੱਤਰ ਲਿਖੇ ਸਨ। ਇਹ ਸਾਰੀ ਮਰਯਾਦਾ ਜਿਸ ਨੂੰ ਕਲਕੱਤਾ ਜੀ ‘ਦਸਤੁੲਰ–ਏ-ਅਮਲ’ ਕਹਿੰਦੇ ਹਨ ਉਸ ਵਿਚ ਲਿਖੀ ਹੋਈ ਹੈ
‘ਸਾਹਿਤ ਤੇ ਸਮਾਜ’ ਨਾਮੀ ਪ੍ਰਸੰਸਾ ਪੱਤਰ ਵਿਚ ਮਨਜੀਤ ਸਿੰਘ ਕਲਕੱਤਾ ਜੀ ਲਿਖਦੇ ਹਨ, "ਗੁਰਬਿਲਾਸ ਪਾਤਸ਼ਾਹੀ ਛੇਵੀਂ ਗ੍ਰੰਥ ਦੀ ਸਿਰਜਨਾ ਵਿਚ ਵੀ ਭਾਈ ਮਨੀ ਸਿੰਘ ਜੀ ਦੀ ਮੁੱਖ ਭੂਮਿਕਾ ਮੰਨੀ ਜਾ ਸਕਦੀ ਹੈ ਕਿਉਂਕਿ ਗ੍ਰੰਥ ਅੰਦਰ ਵਰਣਿਤ ਕਥਾ ਭਾਈ ਮਨੀ ਸਿੰਘ ਜੀ ਵਲੋਂ ਭਾਈ ਭਗਤ ਸਿੰਘ ਜੀ ਦੀ ਬੇਨਤੀ ਤੇ ਨਨਕਾਣਾ ਸਾਹਿਬ ਵਿਖੇ ਸੁਣਾਈ ਗਈ ਸੀ। ਸਾਲ 1995-96 ਮੀਰੀ-ਪੀਰੀ ਦੇ ਮਾਲਕ ਬੰਦੀ ਛੋੜ ਦਾਤੇ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਮੱਦੇਨਜ਼ਰ ਰਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਾਚੀਨ ਗ੍ਰੰਥ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਨੂੰ ਸੰਪਾਦਿਤ ਕਰਨ ਦੀ ਜ਼ਿੰਮੇਵਾਰੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਤੇ ਡਾ: ਅਮਰਜੀਤ ਸਿੰਘ ਪ੍ਰੋਫੈਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨੂੰ ਸੌਂਪੀ ਗਈ ਸੀ"।
ਇਸ ਪ੍ਰਸੰਸਾ ਪੱਤਰ ਬਾਰੇ ਕਲਕੱਤਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਸਭ ਤੁਸੀ ਇਸ ਗੁਰਮਤਿ ਵਿਰੋਧੀ ਪੁਸਤਕ ਨੂੰ ਪੜਨ ਤੋ ਪਿਛੋ ਆਪ ਹੀ ਲਿਖਿਆ ਸੀ ਜਾ ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਵਾਲੀ ‘ਅਦੁਤੀ ਸੇਵਾ’ ਵਾਂਗ ਵੇਦਾਤੀ ਜੀ ਨੇ ਆਪ ਹੀ ਲਿਖ ਕੇ ਤੁਹਾਡੇ ਨਾਮ ਨਾਲ ਜੋੜ ਦਿੱਤਾ ਸੀ। ਭਾਈ ਮਨਜੀਤ ਸਿੰਘ ਸਾਬਕਾ ਜਥੇਦਾਰ ਤਾਂ ਆਪਣੇ ਪ੍ਰਸੰਸਾ ਪੱਤਰ ਵਾਰੇ, ਆਪਣੇ ਪੱਤਰ (10-11-2000) ਵਿਚ ਇਉ ਲਿਖਦੇ ਹਨ।
"ਮੈਂ ਉਪਰੋਕਤ ਵਾਂਗ ਫਿਰ ਗੁਰੂ ਨੂੰ ਸਾਖਸ਼ੀ ਮੰਨ ਕੇ ਸੱਚ ਲਿਖ ਰਿਹਾਂ ਕਿ ਮੈਂ ਅੱਜ ਤੱਕ ਸਿੰਘ ਸਾਹਿਬ ਦੁਆਰਾ ਸੰਪਾਦਿਤ ਇਸ ਪੁਸਤਕ ਦਾ ਇਕ ਵੀ ਅੱਖਰ ਨਹੀਂ ਪੜ੍ਹਿਆ, ਇਹ ਵੀ ਸੱਚ ਹੈ ਕਿ ਮੈਂ ਇਕ ਵੀ ਸੱਤਰ ਉਸ ਪੁਸਤਕ ਸਬੰਧੀ ਨਹੀਂ ਲਿਖੀ। ਸਿੰਘ ਸਾਹਿਬ ਜੀ ਦੇ ਫੋਨ ਮੇਰੇ ਕੋਲ ਆਉਂਦੇ ਰਹੇ, ਪਰ ਸੁਭਾਵਕ ਹੀ ਮੈਨੂੰ ਕੁਝ ਲਿਖਣ ਦਾ ਸਮਾਂ ਹੀ ਨਹੀ ਬਣਿਆ… ਉਪਰੰਤ ਮੈਨੂੰ ਸਿੰਘ ਸਾਹਿਬ ਵੱਲੋਂ ਫੋਨ ਤੇ ਇਤਨਾ ਜ਼ਰੂਰ ਦੱਸ ਦਿਤਾ ਗਿਆ ਸੀ ਕਿ ਅਸੀਂ ਤੁਹਾਡੇ ਵੱਲੋਂ ਕੁਝ ਅੱਖਰ ਲਿਖ ਦਿਤੇ ਹਨ। ਮੈਂ ਸਤਿਕਾਰ ਤੇ ਅਪਣੱਤ ਵਿਚ ਧੰਨਵਾਦ ਕਰ ਦਿਤਾ ਸੀ। ਮੈਨੂੰ ਅੱਜ ਤੱਕ ਨਹੀਂ ਪਤਾ ਕਿ ਮੇਰੇ ਵੱਲੋਂ ਉਸ ਪੁਸਤਕ ਵਿਚ ਕੀ ਲਿਖਿਆ ਗਿਆ ਸੀ"।,
‘ਗੁਰਬਿਲਾਸ ਪਾਤਸ਼ਾਹੀ ਛੇਵੀ’ ਵਿਚ ਦਰਜ ‘ਦਸਤੂਰ-ਏ –ਅਮਲ’
ਏਕ ਘਰੀ ਨਿਸਿ ਜਬ ਰਹੀ ਸ੍ਰੀ ਗੁਰ ਆਗਯਾ ਪਾਇ।
ਸਾਹਿਬ ਬੁੱਢੇ ਅਦਬ ਸੋਂ ਖੋਲਯੋ ਗ੍ਰਿੰਥ ਬਨਾਇ॥25॥
ਆਪਿ ਚੌਰ ਸ੍ਰੀ ਗੁਰ ਕਰਤ ਬੁੱਢੇ ਲਈ ਅਵਾਜ।
ਏਕ ਚਿਤ ਸੰਗਤਿ ਸੁਨੈ ਸਭਿ ਮਨਿ ਸ਼ਾਂਤਿ ਬਿਰਾਜ॥26॥

ਐਸ ਅਵਾਜ ਗ੍ਰਿੰਥ ਗੁਰ ਆਈ । ਸੁਨਿ ਗੁਰਸਿਖ ਮਨਿ ਅਨੰਦ ਪਾਈ।
ਸੰਤ ਕੇ ਕਾਰਜ ਆਪਿ ਖਲੋਯਾ। ਕਾਰ ਕਢਣ ਹਿਤਿ ਕਾਮਾ ਹੋਆ॥27॥
ਕਾਰ ਕਢਾਵਤ ਭਏ ਥੇ ਕਛੁਕ ਦਿਵਸ ਤਿਹ ਵਾਰ|
ਮਹਾ ਬਿਸਨ ਭਗਵੰਤ ਜੋ ਮਨ ਮੈ ਕੀਨ ਵਿਚਾਰ॥31॥
ਤਿਹ ਸੁਤ ਗੁਰ ਅਰਜਨ ਸੁਖਕਾਰੀ| ਮਮ ਸਰੂਪ ਸੋ ਪ੍ਰਗਟ ਨਿਹਾਰੀ |
ਬਨਾਵਤ ਮਮ ਮੰਦਰੁ ਹੈ ਲਾਗਾ| ਸੁਧਾ ਸਰੋਵਰ ਰਚਿ ਵਡਭਾਗਾ॥33॥
ਏਕ ਠੌਰ ਲਛਮੀ ਬੈਠਾਈ| ਕੌਤਕ ਕੀਨੁ ਆਪਿ ਜਗ ਸਾਂਈਂ|
ਕਹੀ ਕੰਧ ਕਰੀ ਸਿਰਿ ਧਾਰੇ| ਮਜੂਰ ਬਨਯੋ ਇਹ ਭਾਂਤਿ ਮੁਰਾਰੇ॥36॥
ਸ੍ਰੀ ਯੁਤ ਚਤੁਰ ਭੁਜਾ ਬੁਪ ਪਾਯੋ| ਗੁਰ ਅਰਜਨ ਕੋ ਗਰ ਮੈ ਲਾਯੋ|
ਜੁਗਤ ਸਭੀ ਭਗਵੰਤ ਸਿਖਾਈ| ਹਰਿਮੰਦਰੁ ਇਹ ਭਾਂਤਿ ਬਨਾਈ ॥43॥ ਪੰਨਾ 123
ਹਰਿਮੰਦਰ ਕੋ ਚਾਰਿ ਦਰ ਸੁੰਦਰ ਰਚੋ ਅਪਾਰ|
ਤਲਾਵ ਮਧਿ ਮੰਦਰ ਰਚੋ, ਕਰਿਹੋ ਪੁਲ ਸੁਖੁ ਧਾਰਿ॥44॥
ਤਬ ਭਗਵੰਤ ਗੁਰ ਕਰ , ਕਰ ਧਾਰੇ| ਜੁਗਤਿ ਬਤਾਵਤਿ ਫਿਰੇ ਅਪਾਰੇ|
ਹਰਿਮੰਦਰ ਮੇਰੋ ਅਸਥਾਨ| ਤੋਰ ਨਿਵਾਸ ਇਹਾਂ ਪਰਵਾਨ॥49॥
ਡੇਢ ਜਾਮ ਨਿਸਿ ਜਾਇ ਜਬ, ਸੋਹਿਲਾ ਪੜ੍ਹਿ ਚਿਤੁ ਲਾਇ|
ਗ੍ਰਿੰਥ ਵਾਸ ਜਿਹ ਠਾਂ ਕਰੋ ਸੋਈ ਸੁਨੋ ਸੁਖਦਾਇ॥65॥
ਸ੍ਰੀ ਭਗਵੰਤ ਕੀ ਅਗਿਆ ਪਾਏ| ਰਚੀ ਕੋਠੜੀ ਹਮ ਅਪਨਾਇ|
ਤਹ ਨਿਵਾਸ ਗੁਰ ਗ੍ਰਿੰਥਹ ਕਰੋ| ਪਾਛੈ ਰੀਤਿ ਐਸ ਚਿਤਿ ਧਰੋ॥ 66॥
ਸ੍ਰੀ ਦਰਬਾਰ ਕਾ ਕਰਿ ਇਸਨਾਨਾ ਨਵੀਨ ਪੁਸ਼ਾਕ ਸਿੰਘਾਸਨ ਥਾਨਾ|
ਸਦਾ ਘ੍ਰਿਤ ਕੀ ਜੋਤਿ ਜਗਾਵੋ| ਇਹ ਬਿਧਿ ਕਰਿ ਸੇਵਾ ਫਲੁ ਪਾਵੋ॥67॥
ਏਕੁ ਜਾਮ ਨਿਸਿ ਜਬੈ ਰਹਾਇ| ਰਾਗੀ ਆਇ ਵਾਰ ਈਹਾਂ ਲਾਏ|
ਜੁਗਲ ਘੜੀ ਜਬੈ ਰਹਾਵੈ| ਗੁਰੂ ਗ੍ਰਿੰਥ ਜੀ ਪੁਨਿ ਇਹਾਂ ਆਵੈ॥68॥ ਪੰਨਾ 126
ਰਹਰਾਸਿ ਭੋਗ ਪਾਛੇ ਚੜ੍ਹੇ ਅਰਧ ਜਾਮ ਨਿਸਿ ਜਾਇ|
ਪਰਿਕ੍ਰਮਾ ਕਰਿ ਦੀਰਘ ਲਘੂ ਦਰਬਾਰ ਭੋਗ ਪੁਨਿ ਪਾਇ॥ 264॥
ਅਰਦਾਸਿ ਸਮੈ ਦੇਵਨ ਸੁਖ ਪਾਈ| ਭਲੀ ਰੀਤਿ ਬੁੱਢੇ ਠਹਰਾਈ|
ਰਹੈ ਅਚਲ ਰੀਤਿ ਇਹ ਭਾਰੀ| ਇਹ ਦਰਸ਼ਨ ਅਘ ਸੰਕਟ ਟਾਰੀ॥ 265॥ ਪੰਨਾ 333
ਪਾਠਕਾ ਦੀ ਜਾਣਕਾਰੀ ਵਾਸਤੇ ਗੁਰ ਬਿਲਾਸ ਪਾਤਸ਼ਾਹੀ ਦੀ ਹੋਰ ਵੰਨਗੀ! ਮਨਜੀਤ ਸਿੰਘ ਕਲਕੱਤਾ ਜੀ ਹੇਠ ਲਿਖੇ ਵਾਰੇ ਆਪ ਜੀ ਦੇ ਕੀ ਵਿਚਾਰ ਹਨ ਕੀ ਇਹ ਸੱਚ ਨਹੀ ਹੈ ?।
ਬੀਬੀ ਕੌਲਾਂ ਦੀ ਪੁਤ੍ਰ ਪ੍ਰਾਪਤੀ ਦੀ ਕਾਮਨਾ!
ਜਾਹਿ ਕੇ ਪੁਤ੍ਰ ਨਹੀ ਜਗ ਮੈ, ਸ੍ਰਮ ਪਾਇ ਘਨੋ ਸਮ ਬੰਝ ਅਧੀਨੀ|
ਭੋਗ ਬਿਨਾ ਸੁਤ ਹੋਤ ਨਹੀ, ਇਹ ਜੀਵਨ ਤੇ ਮ੍ਰਿਤੁ ਉੱਤਮ ਕੀਨੀ॥712॥
ਜੇ ਕਹ ਭੋਗ ਨਹੀਂ ਕਰਤੇ ਗੁਰ, ਕਾਹੇ ਤੇ ਪੁਤ੍ਰ ਸੁ ਚਾਰਿ ਉਪਾਇ|
ਔਰ ਸੁਤਾ ਸਸਿ ਸੀ ਉਪਜੀ, ਮਨਿ ਐਸ ਚਿਤਾਰ ਘਨੀ ਮੁਰਝਾਈ॥713॥
ਦਾਸੀ ਬੁਲਾਇ ਨ ਬੋਲਤ ਬੈਨ, ਕਿਸੀ ਬਿਰਥਾ ਚਿੱਤ ਨਾਹਿ ਸੁਨਾਵੈ|
ਕਾਹੂ ਤੇ ਖੇਦ ਮਿਟਾਤ ਨਹੀ, ਸੁਖਸਿੰਧ ਪ੍ਰਭੂ ਦੁਖ ਆਨਿ ਮਿਟਾਵੈ॥714॥ ਪੰਨਾ 376
ਦੋਹਰਾ॥ ਬਿਰਹ ਤਪਤ ਕੌਲਾਂ ਭਈ, ਰਹੀ ਨ ਦੇਹ ਸੰਭਾਰ|
ਭਗਤ ਸਿੰਘ ਸ੍ਰੀ ਗੁਰ ਕੀ ਗਾਥਾ ਸੁਨੋ ਅਪਾਰ॥715॥
ਪਾਠਕ ਨੋਟ ਕਰਨ ਉਪ੍ਰੋਕਤ ਵਾਰਤਾ , ਕਲਕੱਤਾ ਜੀ ਦੇ ਲਿਖਣ ਮੁਤਾਬਕ ਭਾਈ ਭਗਤ ਸਿੰਘ ਜੀ ਨੂੰ ਭਾਈ ਮਨੀ ਸਿੰਘ ਜੀ ਸੁਣਾ ਰਹੇ ਹਨ। ਹੋਰ ਦਰਸ਼ਨ ਕਰੋ!
ਅੰਚਰ ਪਕਰ ਲੀਯੋ ਮਮ ਤੋਰਾ| ਭਯੋ ਨ ਕਾਜ ਕਛੂ ਜਗਿ ਮੋਰਾ|
ਜਾਨਿ ਤੁਰਕਨੀ ਮੋਹਿ ਭੁਲਾਇ| ਕਬੀ ਨ ਸ਼ਿਵ ਅਰਿ ਤੇਜ ਮਿਟਾਇ॥722॥ ਪੰਨਾ 377
ਦਸਮ ਰੂਪ ਤਕ ਹੌਂ ਸੁਨੋ ਮੈਥੁਨ ਨਾਰਿ ਤਿਆਗਿ|
ਸਾਹਿਬ ਬੁੱਢੇ ਅੰਸ ਜੋ ਤਜੇ ਸੋਇ ਵਡਭਾਗ॥729॥ਪਨਾੰ 378
ਸਪਤ ਰੂਪ ਇਹੁ ਭੋਗ ਨ ਕਰੈਂ| ਸਤਿਨਾਮ ਮੰਤ੍ਰ ਮੁਖਿ ਧਰੈਂ|
ਆਗੇ ਸ਼ੰਕਰ ਬਰਨ ਉਪਾਵੈ| ਕਲਿ ਕੇ ਜੀਵ ਸਾਥਿ ਮਿਲਿ ਜਾਵੈਂ॥737॥
ਪੁਨਿ ਦਸਮ ਰੂਪ ਜੋ ਹਮਰੀ ਹੋਈ| ਕਰੇ ਨ ਭੋਗ ਅਗਰ ਮਿਲਿ ਸੋਈ॥
ਤਾ ਤੇ ਭੋਗ ਇੱਛ ਤੁਮ ਤਿਆਗੋ। ਉਠਹੁ ਗਰਿੀ ਨਗਨਕ ਰਸਿ ਪਾਗੋ ॥738॥ ਪੰਨਾ 379
ਇਸ ਦੇ ਰਚਨਾ ਕਾਲ ਵਾਰੇ ਵੇਦਾਂਤੀ ਜੀ ਲਿਖਦੇ ਹਨ, "ਗੁਰਬਿਲਾਸ ਦੇ ਰਚਨਾ ਕਾਲ ਸਬੰਧੀ ਅਸੀ ਆਖ ਸਕਦੇ ਹਾਂ ਕਿ ਅਸਲ ਵਿਚ ਇਸ ਦੀ ਰਚਨਾ 1775 ਬਿ: ਨੂੰ ਹੋਈ ਸੀ" (ਪੰਨਾ69-ਭੂਮਿਕਾ)। "ਲੇਖਕ ਕੋਈ ਗੁਮਨਾਮ ਵਿਅਕਤੀ ਹੈ"। (ਪੰਨਾ 56) ਲਿਖਿਆ ਜਾ ਰਿਹਾ ਹੈ ਇੱਕ ਸਦੀ ਤੋ ਵੀ ਵੱਧ ਪਹਿਲਾ ਵਾਪਰੀਆ ਘਟਨਾਵਾ ਵਾਰੇ, ਹੋਈ ਮਿਲਾਵਟ ਵਾਰੇ ਵੇਦਾਤੀ ਜੀ ਭੂਮਿਕਾ ਵਿਚ ਮੰਨ ਚੁਕੇ ਹਨ, ਤਾਂ ਫਿਰ ਇਹ ਗ੍ਰੰਥ ‘ਸਹਿਤ ਤੇ ਸਮਾਜ’ਦੀ ਸੇਵਾ ਕਿਵੇ ਹੋਇਆ। ਜਦ ਸ਼੍ਰੋਮਣੀ ਕਮੇਟੀ ਆਪਣੀ ਕੀਤੀ ਹੋਈ ਭੁੱਲ ਨੂੰ ਮੰਨਦੀ ਹੋਈ ਇਸ ਗ੍ਰੰਥ ਨੂੰ ਵਾਪਸ ਲੈ ਚੁਕੀ ਹੈ ਤਾਂ ਇਸ ਗੁਰਮਿਤ ਵਿਰੋਧੀ ਗ੍ਰੰਥ ਵਿਚ ਲਿਖੀ ਮਰਯਾਦਾ ਦੀ ਪ੍ਰਮਾਣਕਤਾ ਕੀ ਹੈ?
SGPC stops sale of book edited by Vedanti
Tribune News Service AMRITSAR, Jan 6 — The Shiromani Gurdwara Parbandhak Committee has stopped the sale of controversial book "Gur Bilas Patshahi 6", edited by Giani Joginder Singh Vedanti, Jathedar Akal Takht, and an eminent Sikh scholar, Dr Amarjit Singh… The book carries information on the life of the sixth Guru, however, many Sikh scholars raised eyebrows over certain ‘distorted’ facts regarding the life of Guru Hargobind… It is for the first time that the SGPC has stopped the sale of a book edited by any Jathedar. …Giani Joginder Singh Vedanti has also confirmed that the sale of the book had been stopped for the time being after it was discussed by other Sikh high priests. He, however, said that the objections raised by some Sikh intellectuals were unsavory as he himself had pointed out that there were certain distorted historical facts which needed to be researched as per the Sikh maryada… However, Jathedar Vedanti said that he had already pointed out that many contents of the book were not as per the Sikh maryada.
ਮਨਜੀਤ ਸਿੰਘ ਕਲਕੱਤਾ ਜੀ, ਕਿਉਕਿ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਨੂੰ ਸ਼ੋ: ਗੁ: ਪ੍ਰੰ: ਕਮੇਟੀ ਨੇ 2001 ਵਿਚ ਵਾਪਸ ਲੈ ਲਿਆ ਸੀ, ਇਸ ਵਿਚ ਲਿਖੇ ਇਤਹਾਸ ਦੀ ਤਾਂ ਕੋਈ ਮਹੱਤਤਾ ਨਹੀ ਰਹਿ ਗਈ, ਇਹ ਤਾਂ ਹੋ ਗਿਆ ਸ਼ੱਕੀ! ਇਸ ਤੋ ਇਲਾਵਾ ਸਾਡੇ ਕੋਲ ਹੋਰ ਕਿਹੜਾ ਇਤਹਾਸਕ ਵਸੀਲਾ ਹੈ ਜੋ ਇਹ ਸਾਬਤ ਕਰੇ ਕਿ ਜਿਹੜੀ ਮਰਯਾਦਾ ਅੱਜ ਪ੍ਰੱਚਲਤ ਹੈ, ਜਿਸ ਨੂੰ ‘ਅਮਲ-ਏ-ਦਸਤੂਰ’ ਕਿਹਾ ਜਾ ਰਿਹਾ, ਹੈ ਭਾਈ ਮਨੀ ਸਿੰਘ ਜੀ ਨੇ ਹੀ ਚਲਾਇਆ ਸੀ? ਬਾਕੀ ਇਤਿਹਾਸਕ ਗ੍ਰੰਥ ਤਾਂ ਇਸ ਤੋਂ ਪਿਛੋ (ਇਸ ਦੀ ਨਕਲ ਮਾਰ ਕੇ) ਹੀ ਲਿਖੇ ਗਏ ਹਨ, ਕੀ ਕੋਈ ਗ੍ਰੰਥ ਇਸ ਤੋ ਪਹਿਲਾ ਦਾ ਲਿਖਿਆ ਹੋਇਆ ਵੀ ਹੈ ਜੋ ਆਪ ਜੀ ਦੇ ਉਪ੍ਰੋਕਤ ਬਿਆਨ ਵਿਚਲੀ ਮਨਮੱਤ ਦੀ ਪ੍ਰੜੋਤਾ ਕਰਦਾ ਹੋਵੈ।