ਮੁਠਾ ਆਪਿ ਮੁਹਾਏ ਸਾਥੈ
ਸਰਵਜੀਤ ਸਿੰਘ
ਮੁੱਖ ਤੌਰ ਤੇ ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੀਡਰ ਹਨ। ਇਕ ਸਿਆਸੀ ਲੀਡਰ ਤੇ ਦੂਸਰੇ ਧਾਰਮਿਕ ਅਖਵਾਉਣ ਵਾਲੇ। ਜਿਥੇ ਸਿਆਸੀ ਲੀਡਰ ਆਪਣੀ ਕੁਰਸੀ ਹਾਂਸਲ ਕਰਨ ਖਾਤਰ ਜੰਨਤਾ ਨਾਲ ਕੋਈ ਵੀ ਧੋਖਾ ਜਾਂ ਝੂਠੀ ਬਿਆਨ ਬਾਜ਼ੀ ਕਰ ਸਕਦੇ ਹਨ ਉਥੇ ਧਾਰਮਿਕ ਵਿਅਕਤੀ ਸਿਰਫ ਤੇ ਸਿਰਫ ਸੱਚ ਬੋਲਦੇ ਤੇ ਲਿਖਦੇ ਹਨ। ਜਦੋਂ ਕੋਈ ਧਾਰਮਿਕ ਅਖਵਾਉਣ ਵਾਲਾ ਵਿਅਕਤੀ ਵੀ ਸਿਆਸੀ ਲੀਡਰਾਂ ਵਾਲੇ ਕਰਮ ਕਰਦਾ ਹੈ ਤਾਂ ਉਹ ਭੇਖੀ ਜਾਂ ਬਹਿਰੂਪੀਆ ਅਖਵਾਉਂਦਾ ਹੈ। " ਭੇਖ ਦਿਖਾਵੈ ਸਚੁ ਨ ਕਮਾਵੈ" ॥(ਪੰਨਾ ੭੩੮) ਕੁਝ ਦਿਨ ਹੋਏ ਭਾਈ ਇਕਬਾਲ ਸਿੰਘ ਜੀ (ਬਾਬਾ) ਦੀ ਕਿਤਾਬ ‘ਸਿੱਖ ਸਿਧਾਂਤ’ ਇਹ ਸੋਚ ਕੇ ਖਰੀਦੀ ਕਿ ਸ਼ਾਇਦ ਕੋਈ ਨਵੀ ਖੋਜ ਬਾਰੇ ਜਾਣਕਾਰੀ ਹੀ ਮਿਲ ਜਾਵੇਗੀ। ਇਨ੍ਹਾਂ ਬਾਬਿਆਂ ਬਾਰੇ ਸੁਣਿਆ ਸੀ ਕਿ ਇਹ ਹੋਰਨਾਂ ਅਖੌਤੀ ਸੰਤਾਂ ਸਾਧਾਂ ਵਾਂਗ ਨਹੀਂ ਹਨ ਤੇ ਪੜ੍ਹੇ ਲਿਖੇ ਹਨ ਪਰ ਕਿਤਾਬ ਪੜ੍ਹਕੇ ਦੁੱਖ ਹੋਇਆ ਕਿ ਇਹ ਵੀ ਗੁਰਮਤਿ ਦੇ ਸਿਧਾਂਤ ਨੂੰ ਆਪਣੀ ਮੱਤ ਅਨੁਸਾਰ ਸਿੱਧ ਕਰਨ ਲਈ ਕਿਵੇਂ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਪੇਸ਼ ਹਨ ਇਸ ਕਿਤਾਬ ਵਿੱਚੋਂ ਕੁਝ ਅੰਸ਼ ।
ਇਸ ਕਿਤਾਬ ਵਿੱਚ ਭਾਈ ਇਕਬਾਲ ਸਿੰਘ ਜੀ ਲਿਖਦੇ ਹਨ, ‘ਇਸ ਤਰ੍ਹਾਂ ਸਿੱਖ ਰਹਿਤ ਮਰਯਾਦਾ ਅਤੇ ਰਹਿਤਨਾਮਿਆਂ ਵਿਚ ਮਾਸ ਪ੍ਰਤੀ ਆਏ ਹੁਕਮ ਕਿ ਕੁੱਠਾ ਨਹੀ ਖਾਣਾ ਤੋਂ ਭਾਵ ਹੈ ਮਾਸ ਨਹੀ ਖਾਣਾ ਭਾਵੇਂ ਉਹ ਮਾਸ ਮੁਸਲਮਾਨੀ ਤਰੀਕੇ ਨਾਲ ਬਣਿਆ ਹੋਵੇ ਜਾਂ ਹਿੰਦੂ ਤਰੀਕੇ ਨਾਲ’(291)। ਨਾਲ ਹੀ ਇਹ ਲਿਖ ਦਿੱਤਾ ਕਿ ਰਹਿਤ ਮਰਯਾਦਾ ਨੂੰ 1945 ਵਿਚ ਸੋਧਣ ਵੇਲੇ ਧਾਰਮਿਕ ਸਲਾਹਕਾਰ ਕਮੇਟੀ ਨੇ ਕੁੱਠਾ ਸ਼ਬਦ ਲਈ ਫੁਟਨੋਟ ਦੇ ਦਿੱਤਾ, ਜਿਸ ਵਿਚ ਕੁੱਠਾ ਦਾ ਅਰਥ ਹਲਾਲ ਅਥਵਾ ਮੁਸਲਮਾਨੀ ਤਰੀਕੇ ਨਾਲ ਤਿਆਰ ਪਸ਼ੂ ਪੰਛੀ ਦੇ ਮਾਰੇ ਮਾਸ ਨੂੰ ਕਿਹਾ ਗਿਆ ਹੈ।
ਭਾਈ ਇਲਬਾਲ ਸਿੰਘ ਜੀ, ਕੀ ਕੁੱਠਾ,ਹਲਾਲ ਅਤੇ ਮਾਸ ਦੇ
ਅਰਥਾਂ ਵਾਰੇ 1936 ਤੋ 1945 ਦੇ ਸਮੇ ਦੋਰਾਨ ਕਿਸੇ ਵੀ ਵਿਦਵਾਨ (ਸਮੇਤ ਪ੍ਰੋ ਤੇਜਾ ਸਿੰਘ ਜੀ) ਨੂੰ ਨਹੀ ਸੀ ਪਤਾਂ ਕਿ ਇਹਨਾ ਦੇ ਅਰਥ ਵੱਖ-ਵੱਖ ਹਨ ?
1936 ਵਿਚ ਉਹ ਸਿਰਫ ਖਰੜਾ ਸੀ ਜਿਸ ਵਿਚ ਕੁਝ ਵਾਧੇ-ਘਾਟੇ ਕਰਨ ਉਪ੍ਰੱਤ 7 -1- 1945 ਨੂੰ ਪਾਸ ਕੀਤਾ ਗਿਆ ਸੀ ਇਸ ਤੋ ਪਹਿਲਾ ਭਾਈ ਰਣਧੀਰ ਸਿੰਘ ਬਾਰੇ ਮਤਾ ਵੀ ਪਾਸ ਕੀਤਾ ਗਿਆ ਸੀ। "ਸਰਦਾਰ ਹਰਿਨਾਮ ਸਿੰਘ ਜੀ ਨੇ ਮਤਾ ਪੇਸ਼ ਕੀਤਾ ਕਿ ਭਾਈ ਰਣਧੀਰ ਸਿੰਘ ਜੀ ਝਟਕਾ ਖਾਣ ਵਾਲੇ ਅੰਮ੍ਰਿਤਧਾਰੀ ਸਿੰਘਾਂ ਨੂੰ ਪਤਿਤ ਕਰਾਰ ਦੇ ਕੇ ਉਨ੍ਹਾਂ ਨੂੰ ਨਵੇ ਸਿਰੇ ਅੰਮ੍ਰਿਤ ਛਕਣ ਲਈ ਪ੍ਰੇਰਦੇ ਹਨ। ਇਹ ਗੱਲ ਗੁਰਮਤਿ ਦੇ ਉਲਟ ਹੈ। ਇਸ ਲਈ ਉਨ੍ਹਾਂ ਵਿਰੁੱਧ ਮੁਨਾਸਿਬ ਕਾਰਵਾਈ ਹੋਣੀ ਚਾਹੀਦੀ ਹੈ। ਇਸ ਬਾਰੇ ਗਿਆਨੀ ਸ਼ੇਰ ਸਿੰਘ ਜੀ ਦੇ ਕਹਿਣ ਤੇ ਕਿ ਪਹਿਲਾਂ ਉਨ੍ਹਾਂ ਪਾਸੋਂ ਪੁਛਿਆ ਜਾਵੇ ਕਿ ਕੀ ਉਹ ਇਸ ਤਰ੍ਹਾਂ ਕਰਦੇ ਹਨ, ਫੇਰ ਯੋਗ ਫ਼ੈਸਲਾ ਕੀਤਾ ਜਾਵੇ। ਇਸ ਕਾਰਣ ਇਹ ਮਤਾ ਅੰਤ੍ਰਿੰਗ ਕਮੇਟੀ ਦੇ ਸਪੁਰਦ ਕੀਤਾ ਗਿਆ।" (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਕੱਤ੍ਰਤਾ ਮਾਰਚ 5 1944 ਦਿਨ ਐਤਵਾਰ। ਐਸ ਜੀ ਪੀ ਸੀ ਦਾ 50 ਸਾਲਾ ਇਤਿਹਾਸ,ਪੰਨਾ 212)
ਸੰਤ ਸਮਾਜ ਨੇ ਜੋ ਮਰਯਾਦਾ 1994 ਵਿਚ ਬਣਾਈ ਸੀ ਉਸ ਵਿਚ ਦਰਜ ਹੈ, (3) ਹਲਾਲ:-ਕੁੱਠਾ (ਮਾਸ) ਖਾਣਾ। (ਪੰਨਾ 23) ਕੀ ਉਹ ਸਿਰਫ ‘ਮਾਸ’ ਹੀ ਨਹੀ ਲਿਖ ਸਕਦੇ ਸਨ ?
ਰਹੀ ਰਹਿਤਨਾਮਿਆ ਦੀ ਗੱਲ ਉਸ ਬਾਰੇ ਵੀ ਆਪ ਦਾ ਦਾਅਵਾ ਸਹੀ ਨਹੀ ਹੈ, ਕਰੋ ਦਰਸ਼ਨ:
ਬਕਰਾ ਝਟਕਾ ਛਕੇ ਤਾਂ ਛਕੈ। ਔਰ ਮਾਸ ਵਲ ਕਬੀ ਨ ਤਕੈ। ਭਾਈ ਦੇਸਾ ਸਿੰਘ (ਰਹਿਤਨਾਮੇ ਪੰਨਾ 130)
ਕਠੋਰਤ, ਜੜਤ, ਕੁਚਿਲ ਅਸਉਚੰ, ਕਲਮਾ ਮਾਂਸ, ਸੁਅਭਗਤਿਮਾਨੰ
ਦਸ ਗ੍ਰਾਹਯਾ ਸਦ ਤਯਾਗੀ ਐਸੇ, ਤਾਂਹਿ ਖਾਲਸਾ ਕਬਿਤ ਸੁਜਾਨੰ
ਅਸੁ ਖਾਲਸਦ ਖਾਲਸ ਪਦ ਪ੍ਰਾਪਤ, ਨਿਰੰਕਾਰ ਸੁਵਰੂਪ ਮਹਾਨੰ।।515।।
ਸਰਬ ਲੋਹ ਵਿਚੋ (ਰਹਿਤਨਾਮੇ ਪੰਨਾ148)
"ਇਸੇ ਪ੍ਰਕਾਰ ਸ਼ਬਦ ਝਟਕਾ ਸਿੱਖ ਸਾਹਿਤ ਦਾ ਸ਼ਬਦ ਨਹੀ …ਇਸ ਦੀ ਮੂਲ ਵਰਤੋਂ ਦਾ ਪੱਕਾ ਪਤਾ ਨਹੀ ਕਿ ਪੰਥ ਵਿਚ ਕਦੋਂ ਤੋਂ ਪ੍ਰਚੱਲਤ ਹੋਇਆ ਆਪ ਜੀ ਦੀ ਖੋਜ਼ ਮੁਤਾਬਕ ਇਹ ਸ਼ਬਦ ਭਾਈ ਕਾਨ੍ਹ ਸਿੰਘ ਨਾਭਾ ਨੇ ਹੀ ਵਰਤਿਆ ਹੈ"(292) ਗੁਰਮਤ ਮਾਰਤੰਡ ਪੰਨਾ 305 ਤੇ ‘ਕੁੱਠਾਂ ਅਤੇ ਝਟਕਾ’ ਦਰਜ ਹੈ ਪਰ ਅਗਲੇ ਪੰਨੇ ਉਪਰ ਭਾਵ 306 ਉਪਰ ਹੀ ਭਾਈ ਕਾਨ੍ਹ ਸਿੰਘ ਜੀ ਨੇ 2 ਹਵਾਲੇ ਵੀ ਦਰਜ ਕੀਤੇ ਹਨ ਜਿਨ੍ਹਾਂ ਵਿਚ ਝਟਕਾ ਸ਼ਬਦ ਵਰਤਿਆ ਗਿਆ ਹੈ।
‘ਅਰ ਜੋ ਸ਼ਿਕਾਰ ਕਰ ਨ ਸਕੈ ਤਾਂ ਝਟਕੇ ਕਾ ਖਾਏ’ (ਪ੍ਰੇਮ ਸੁਮਾਰਗ)
ਆਮਿਖ ਆਨਹੁਂ ਛਾਂਗ ਇਕ, ਖਰਕੈਂ ਨਿਜ ਪਾਨਾ। ਤਬਹਿ ਗੁਲਾਬੇ ਖੋਜਿ ਕੈ, ਦੇ ਮੋਲ ਸੁ ਲਾਯੋ।
ਸ਼੍ਰੀ ਪ੍ਰਭੂ ਕੇ ਢਿਗ ਲੇ ਗਯੋ, ਤਹਿਂ ਖਰੇ ਟਿਕਾਯੋ। ਤੁਪਕ ਮਾਰਿ ਝਟਕਾ ਕਰੋ, ਭਾ ਸ਼ਬਦ ਉਚੇਰੇ। 18। (ਗੁਰ ਪ੍ਰਤਾਪ ਸੂਰਜ, ਰੁਤ 6,ਅੰਸੂ 45) ‘ਮਹਾਨ ਕੋਸ਼’ ਵਿਚ ਵੀ ਇਹ ਹਵਾਲਾ ਦਰਜ ਹੈ । ਇਹ ਕਿਵੇ ਮੰਨ ਲਿਆ ਜਾਵੇ ਕਿ ਆਪ ਨੇ ਇਸ ਨੂੰ ਨਹੀ ਪੜ੍ਹਿਆ ਹੋਵੈਗਾ ?
ਕਰ ਝਟਕੇ ਬੱਕਰਨ ਕੋ ਖੈਯੋ। ਮੁਰਦੈ ਕੁੱਠੈ ਨਿਕਟ ਨ ਜੈਯੋ।
ਕੇਸ਼ਨ ਕੀ ਕੀਜਹੁ ਪ੍ਰਿਤਪਾਲ। ਨ ਉਸਤਰਨ ਸੇ ਕਟਯੋ ਬਾਲ।18। (ਰਤਨ ਸਿੰਘ ਭੰਗੂ) –
ਬਕਰਾ ਝਟਕਾ ਬੀਚ ਨ ਕਰੇ ਅਵਰ ਮਾਸ ਨਹਿ ਲੰਗਰ ਧਰੇ। ਭਾਈ ਦੇਸਾ ਸਿੰਘ (ਰਹਿਤਨਾਮੇ ਪੰਨਾ134)
ਸਿੱਖ ਜਗਤ ਵਿੱਚ ਮਾਸ ਦੀ ਸ਼ੁਰੂਆਤ ਸਿਰਲੇਖ ਹੇਠ ਆਪ ਜੀ ਲਿਖਦੇ ਹੋ, ‘ਜੇ ਪਿਛੋਕੜ ਵਿਚ ਜਾਈਏ ਤਾਂ ਪਤਾ ਚਲਦਾ ਹੈ ਕਿ ਪੁਰਾਣੇ ਵਕਤਾਂ ਵਿਚ ਜਿੰਨੇ ਵੀ ਰਿਸ਼ੀ-ਮੁਨੀ, ਮਹਾਂਪੁਰਸ਼ ਅਤੇ ਅਧਿਆਤਮਿਕ ਮਾਰਗ ਦੇ ਪਾਂਧੀ ਹੋਏ ਹਨ, ਉਹ ਮਾਸ ਦਾ ਸੇਵਨ ਨਹੀ ਸਨ ਕਰਦੇ।’ (ਪੰਨਾ 297)
ਪੁਰਾਣੇ ਸਮੇ ਤੋ ਆਪ ਦਾ ਕੀ ਭਾਵ ਹੈ ? ਆਪ ਜੀ ਕਿੰਨੇ ਕੁ ਪੁਰਾਣੇ ਸਮੇ ਦੀ ਗੱਲ ਕਰਦੇ ਹੋ ?
ਬ੍ਰਿਖਾ ਕਪਾਈ ਨੇ ਕਿਹਾ, " ਹੇ ਧਨਵਾਨ ,ਸੁੰਦਰ ਪੁੱਤਾਂ ਤੇ ਨੂੰਹਾਂ ਵਾਲੀ ਇੰਦਰਾਣੀ! ਤੇਰਾ ਪਤੀ ਦੇਵ ਇੰਦਰ ਸਾਂਢਾਂ ਦਾ ਮਾਸ ਛੇਤੀ ਖਾਵੇ ਜਿਹੜਾ ਸੁਖਦਾਇਕ ਹੈ ਤੇ ਉਸ ਨੂੰ ਬੁਹਤ ਪਸੰਦ ਹੈ ਤੇ ਤੁਸੀਂ ਉਸ ਮਾਸ ਨੂੰ ਰਿੰਨ੍ਹੋ।"
ਇੰਦਰਾਣੀ ਦਾ ਉੱਤਰ :ਇਸੇ ਕਰਕੇ ਮੇਰਾ ਪਤੀ ਦੇਵ-ਰਾਜ ਇੰਦਰ ਸਾਰੇ ਪੁਰਸ਼ਾਂ ਤੋਂ ਬਲ, ਰੂਪ ਤੇ ਬੁੱਧੀ ਵਿਚ ਉੱਚਾ ਹੈ। (13)
ਇੰਦਰ ਨੇ ਕਿਹਾ: ਮੇਰੀ ਪਤਨੀ ਮੇਰੇ ਲਈ ਪੰਦਰਾਂ-ਵੀਹ ਸਾਂਢਾਂ ਦਾ ਮਾਸ ਰਿੰਨ੍ਹਦੀ ਹੈ, ਮੈ ਉਹ ਮਾਸ ਖਾਂਦਾ ਹਾਂ, ਤਾਂਹੀਓ ਮੈ ਸਾਂਢ ਜਿਹਾ ਨਿੱਗਰ, ਨਰੋਆ ਤੇ ਦਰਸ਼ਨੀ ਹੋ ਗਿਆ ਹਾਂ। ਮੇਰੀਆਂ ਦੋਵੇ ਕੁੱਖਾਂ ਮਾਸ ਤੇ ਸ਼ਰਾਬ ਨਾਲ ਡੱਕੀਆ ਰਹਿੰਦੀਆਂ ਹਨ।
ਇੰਦਰਾਣੀ ਦਾ ਉੱਤਰ :ਇਸੇ ਕਰਕੇ ਮੇਰਾ ਪਤੀ ਦੇਵ-ਰਾਜ ਇੰਦਰ ਸਾਰੇ ਪੁਰਸ਼ਾਂ ਤੋਂ ਬਲ, ਰੂਪ ਤੇ ਬੁੱਧੀ ਵਿਚ ਉੱਚਾ ਹੈ। (14) (ਰਿਗਵੇਦ, ਮੰਡਲ 10,ਸੂਕਤ 86,ਮੰਤਰ 13 ਅਤੇ 14 ਦਾ ਅਨੁਵਾਦ)
(ਸਰਵੋਤਮ ਧਰਮ ਗ੍ਰੰਥ ਆਦਿ ਸ੍ਰੀ ਗੁਰੁ ਗ੍ਰੰਥ ਸਾਹਿਬ ,ਕ੍ਰਿਤ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ, ਪੰਨਾ 19)
ਅੱਗੇ ਆਪ ਜੀ ਲਿਖਦੇ ਹੋ, ਬਾਰਾਂ ਮਿਸਲਾਂ ਬਣੀਆਂ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਆਇਆ । ਰਾਜ ਦੇ ਨਸ਼ੇ ਵਿਚ ਕੱਚੇ-ਪਿੱਲੇ ਸਿੱਖਾਂ ਦੀ ਬਿਰਤੀ ਅੰਤਰਮੁਖੀ ਗੁਰੂ ਵੱਲੋ ਟੁੱਟ ਕੇ ਬਾਹਰਮੁਖੀ ਦ੍ਰਿਸ਼ਟਮਾਨ ਦੇ ਸੁੱਖਾਂ ਅਤੇ ਐਸ਼ੋ ਇਸ਼ਰਤ ਦੇ ਵਿਸ਼ੇ-ਵਿਕਾਰਾਂ ਵੱਲ ਚਲੀ ਗਈ। ਉਹਨਾਂ ਨੇ ਹਿੰਦੂ ਰਾਜੇ-ਮਹਾਰਾਜਿਆਂ, ਮੁਸਲਮਾਨ ਨਵਾਬਾਂ ਅਤੇ ਧਨਾਢਾਂ ਨੂੰ ਦੇਖਾ-ਦੇਖੀ ਮਾਸ ਦਾ ਸੇਵਨ ਸ਼ੁਰੂ ਕਰ ਦਿੱਤਾ। (298)
ਭਾਈ ਇਕਬਾਲ ਸਿੰਘ ਜੀ, ਜੱਸਾ ਸਿੰਘ ਆਹਲੂਵਾਲੀਆ (1718-1783) ਛਾਹ ਵੇਲੇ ਇਕ ਸੇਰ ਮੱਖਣ ਬੁਹਤ ਸਾਰੀ ਸੱਕਰ ਨਾਲ ਛਕਦਾ ਸੀ ਅਤੇ ਰੋਟੀ ਵੇਲੇ ਅੱਧਾ ਬਕਰਾ ਖਾ ਜਾਂਦਾ ਸੀ । (ਸਿੱਖ ਇਤਿਹਾਸ 1736-1799, ਪੰਨਾ 42) ਗਊ ਮਾਸ ਤੋ ਬਿਨਾਂ ਸਿੱਖਾਂ ਨੂੰ ਜਾਨਵਰ, ਪੰਛੀ ਜਾ ਮੱਛੀ-ਕਿਸੇ ਕਿਸਮ ਦੇ ਮਾਸ ਤੋਂ ਪਰਹੇਜ ਨਹੀ ਸੀ। ਇਹ ਜਰੂਰੀ ਸੀ ਕਿ ਜਾਨਵਰ ਨੂੰ ਝਟਕੇ ਦੇ ਤਰੀਕੇ ਨਾਲ ਮਾਰਿਆ ਜਾਵੇ। ਜਦ ਸ਼ਿਕਾਰ ਵਿਚ ਜਾਨਵਰ ਮਾਰਿਆ ਜਾਵੇ ਤਾਂ ਝਟਕਾ ਜਰੂਰੀ ਨਹੀ ਸੀ। ਪੰਛੀਆਂ ਦੀ ਗਰਦਣ ਮਰੋੜ ਦਿੱਤੀ ਜਾਂਦੀ ਸੀ ਪਰ ਸ਼ਿਕਾਰ ਵਿਚ ਮਰੇ ਪੰਛੀਆਂ ਲਈ ਇਹ ਵੀ ਜਰੂਰੀ ਨਹੀ ਸੀ। (ਪੰਨਾ 250, ਸਿੱਖ ਇਤਿਹਾਸ 1736-1799 ,ਪ੍ਰੋ: ਹਰੀ ਰਾਮ ਗੁਪਤਾ)
ਜਦੋ ਕਿ ਰਣਜੀਤ ਸਿੰਘ ਦਾ ਸਮਾ1780 ਤੋ 1839 ਤੱਕ ਦਾ ਸੀ।
ਗਯੋ ਸਾਧ ਕਿਤ ਅਪਰ ਸਥਾਨਾ। ਹੇਰਿ ਛਾਂਗ ਤਿਸ ਪੁਸ਼ਟ ਮਹਾਨਾ।
ਕਰਿ ਝਟਕਾ ਰਿੰਧਵਾਇ ਸੁ ਖਾਯਾ। ਬੈਠ ਰਹੇ ਸਘਨ ਤੁਰ ਛਾਯਾ।।9।।
(ਗੁਰ ਪ੍ਰਤਾਪ ਸੂਰਜ ਐਨ ਦੂਜਾ ,ਅੰਸੂ 5 ‘ਬੰਦਾ ਮਿਲਾਪ’)
ਪ੍ਰਭੂ ਜੀ ! ਸਿੱਧ ਅਹਾਰ ਹਰਿ ਸੁਨਿ ਉਠੇ ਕ੍ਰਿਪਾਲਾ। ਬੁੱਢੇ ਆਦਿਕ ਸਿੱਖ ਸਭਿ ਆਏ ਤਿਸ ਕਾਲਾ।
ਪੰਗਿਤ ਬੈਠੀ ਮਿਲਿ ਤਬਹਿ, ਹੁਰ ਬੀਚ ਸੁਹਾਏ। ਮਿਲਿ ਸੰਗਿਤ ਮਹਿਂ ਅਮਰ ਜੀ, ਬੈਠੇ ਤਿਸ ਥਾਏਂ।।27।।
ਪਹਿਰ ਭਾਤ ਬਰਤਯੋ ਪ੍ਰਥਮ, ਪੁਨ ਆਮਿਖ ਆਵਾ। ਇਕ ਦਿਸ਼ ਪੰਕਿਤ ਮਹਿਂ ਦਯੋ ਤਬ ਇਨ ਦਰਸਾਵਾ।
ਭੁਹ ਗਿਲਾਨ ਠਾਈ ਰਿਦੈ, ਇਮਿ ਕਰਤਿ ਬਿਚਾਰਾ। ਮੈਂ ਆਮਿਖ ਖਾਯੋ ਨ ਕਬਿ, ਕਰਿ ਅੰਨ ਅਹਾਰਾ।। 28।।
ਇਮਿ ਕੀਨੋ ਸੰਕਲਪ ਕੋ, ਸ਼੍ਰੀ ਗੁਰੁ ਨੈ ਜਾਨਾ। ਸੂਪਕਾਰ ਕੋ ਬਰਜਿਓ, ਮੁਖ ਬਾਕ ਬਖਾਨਾ।
ਪੰਗਤ ਮਹਿ ਜੋ ਨਵੋ ਨਰ, ਤਿਸ ਦੇ ਅਹਾਰਾ। ਆਮਿਖ ਨਾਂਹਿ ਪਰੋਸੀਏ, ਤਿਨ ਧਰਮ ਬਿਚਾਰਾ।।31।।
ਨਹੀ ਦਯੋ ਤਬਿ ਮਾਸ ਕੋ, ਸਭਿ ਸਮਗਤ ਖਾਯੋ। ਤ੍ਰਿਪਤ ਭਏ ਪੰਕਤਿ ਉਠੀ, ਜਲ ਪਾਨ ਕਰਾਯੋ।
ਮਮ ਮਨ ਕੀ ਗਤਿ ਗੁਰ ਲਖੀ, ਹਰਖਯੋ ਉਰ ਭਾਰੀ, ਭਏ ਪੁੰਨ ਮੇਰੇ ਉਦੇ, ਬੁਹ ਕਰਤ ਬਿਚਾਰੀ।।32।। (ਗੁਰ ਪਰਤਾਪ ਸੂਰਜ ਰਾਸਿ ਪਹਿਲੀ ਅੰਸੂ 15)
ਬਾਬਾ ਜੀ, ਆਪ ਵਲੋ ਦਰਜ ਕੀਤੀਆਂ ਤਰੀਕਾ ਦੇ ਹਿਸਾਬ ਨਾਲ (ਗੁਰੂ) ਅਮਰ ਦਾਸ ਜੀ ਗੁਰੁ ਅੰਗਦ ਦੇਵ ਜੀ ਨੂੰ 1540 ਵਿਚ ਮਿਲੇ ਸਨ ਪਰ ਆਪ ਜੀ ਨੇ ਗੁਰੁ ਅਮਰ ਦਾਸ ਜੀ ਦੇ ਜੀਵਨ ਵੇਰਵਾ ਲਿਖਣ ਵੇਲੇ (ਪੰਨਾ 171) ਇਸ ਲੰਗਰ ਵਾਲੀ ਸਾਖੀ ਦਾ ਜਿਕਰ ਨਹੀ ਕੀਤਾ। ਕੀ ਭਾਈ ਸਤੋਖ ਸਿੰਘ ਨੇ ਝੂਠ ਲਿਖਿਆ ਹੈ ਜਾ ਆਪ ਨੇ ਜਾਣ ਬੁਝ ਕੇ ਅਜੇਹਾ ਕੀਤਾ ਹੈ ? ਕੀ ਇਸ ਤਰਾਂ ਅਧੂਰੀ ਜਾਣਕਾਰੀ ਦੇਣਾ ਆਪ ਜੀ ਵਰਗੇ ਵਿਦਵਾਨਾ ਨੂੰ ਸ਼ੋਭਾ ਦਿੰਦਾ ਹੈ ? ਆਪ ਜੀ ਲਿਖਦੇ ਹੋ, "ਗੁਰੂ ਸਾਹਿਬ ਨੇ ਸਾਰੇ ਰਸਾਂ-ਕਸਾਂ ਵਿਚੋਂ ਮਾਸ ਖਾਣ ਨੂੰ ਇੱਕ ਭਿਆਨਕ ਅਤੇ ਵੱਡਾ ਰਸ ਦੱਸਿਆ ਹੈ"(ਪੰਨਾ 300) ਬਾਬਿਓ, ਇਹ ਜਾਣਕਾਰੀ ਦਿਉ ਕਿ ਮਾਸ ਦੇ ਰਸੁ ਨੂੰ ‘ਭਿਆਨਕ ਅਤੇ ਵੱਡਾ’ ਕਿਸ ਅਧਾਰ ਤੇ ਲਿਖ ਰਹੇ ਹੋ ? ਰਸੁ ਸੁਇਨਾ, ਰਸੁ ਰੁਪਾ ਕਾਮਣਿ, ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ, ਰਸੁ ਸੇਜਾ ਮੰਦਰ, ਰਸੁ ਮੀਠਾ, ਰਸੁ ਮਾਸੁ ॥ ਏਤੇ ਰਸ ਸਰੀਰ ਕੇ, ਕੈ ਘਟਿ ਨਾਮ ਨਿਵਾਸੁ ॥੨॥ (15)
ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ, ਤੇ ਮਾਸ (ਖਾਣ) ਦਾ ਚਸਕਾ—ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ ?੨।
ਨੋਟ :—ਸ਼ਬਦ ਦੇ ਅੰਕ ਨੰ: ੨ ਨੂੰ ਧਿਆਨ ਨਾਲ ਵੇਖਣਾ । ਚਸਕਾ ਕੋਈ ਭੀ ਹੋਵੇ, ਮਾੜਾ ਹੈ । ਮਨੁੱਖ ਤਦੋਂ ਹੀ ਕੁਰਾਹੇ ਪੈਂਦਾ ਹੈ ਜਦੋਂ ਸਰੀਰਕ ਲੋੜਾਂ ਤੋਂ ਲੰਘ ਕੇ ਚਸਕੇ ਵਿਚ ਫਸ ਜਾਂਦਾ ਹੈ । ਇਹ ਚਸਕਾ ਚਾਹੇ ਧਨ ਜੋੜਨ ਦਾ ਹੈ, ਚਾਹੇ ਕਾਮ-ਵਾਸ਼ਨਾ ਦਾ ਹੈ, ਚਾਹੇ ਸੋਹਣੇ ਘਰ ਬਨਾਣ ਦਾ ਹੈ, ਚਾਹੇ ਮਿਠਿਆਈਆਂ ਖਾਣ ਦਾ ਹੈ ਤੇ ਚਾਹੇ ਮਾਸ ਖਾਣ ਦਾ ਹੈ । ਸੋ, ਬਾਕੀ ਚਸਕਿਆਂ ਵਾਂਗ ਮਾਸ ਖਾਣਾ ਭੀ ਤਦੋਂ ਹੀ ਕੁਚੱਜੀ ਕਰਤੂਤ ਹੈ ਜਦੋਂ ਇਹ ਚਸਕਾ ਬਣ ਜਾਂਦਾ ਹੈ ।(ਟੀਕਾਕਾਰ: ਪ੍ਰੋ ਸਾਹਿਬ ਸਿੰਘ) ਸੋਨੇ ਰੁਪ ਕੇ ਪਹਿਰਣ ਕਾ ਜੋ ਰਸੁ ਹੈ ਪੁਨ: (ਕਾਮਣਿ) ਇਸਤ੍ਰੀ ਕੇ ਭੋਗਣੇ ਕਾ ਜੋ ਰਸੁ ਹੈ ਔਰੁ (ਪਰਮਲ) ਚੰਦਨ ਕੀ ਸੁਗੰਧੀ ਕੇ ਲਗਾਉਣੇ ਕਾ ਜੋ ਰਸੁ ਹੈ। ਔਰੁ ਘੋੜੇ ਪਰ ਚੜਨੇ ਕਾ ਜੋ ਰਸੁ ਹੈ ਪੁਨ: ਸੇਜਾ ਪਰ ਸੋਨੇ ਔਰੁ ਮੰਦਰੋਂ ਮੈ ਰਹਿਨੇ ਕਾ ਜੋ ਰਸੁ ਹੈ ਔਰ ਮੀਠੇ ਖਾਣੇ ਕਾ ਜੋ ਰਸੁ ਹੈ ਪੁਨ: ਮਾਸਕੇ ਭੋਜਨ ਕਰਨੇ ਕਾ ਜੋ ਰਸੁ ਹੈ॥ (ਏਤੇ) ਇਹ ਜਿਤਨੇ ਪ੍ਰਿਥਮ ਕਥਨ ਕੀਏ ਹੈਂ ਸੰਪੂਰਨ (ਰਸ) ਅਨੰਦ ਸਰੀਰ ਕੇ ਵਿਖੇ ਧਸ ਰਹੇ ਹੈਂ ਪਰਮੇਸ੍ਵਰ ਕਾ ਨਾਮ ਅੰਤਸਕਰਨ ਮੈ ਕਿਸ ਸਥਾਨ ਮੈਂ ਨਿਵਾਸੁ ਕਰੇ॥੨॥( ਫਰੀਦ ਕੋਟੀ ਟੀਕਾ)
ਕਿਸ ਦਿਲ ਵਿੱਚ ਨਾਮ ਵਾਸਾ ਕਰੇ (ਜਦ ਇੰਨੇ ਰਸਾਂ ਨੇ ਥਾਂ ਮੱਲਿਆ ਹੋਇਆ ਹੈ)? (ਸ਼ਬਦਾਰਥ) ਹੋਰ ਤਾਂ ਕਿਸੇ ਵਿਦਵਾਨ ਨੇ ਅਜੇਹੇ ਅਰਥ ਨਹੀ ਕੀਤੇ। ਇਹ ਤਾਂ ਰਸਾਂ ਦੀ ਗੱਲ ਹੋ ਰਹੀ ਹੈ ਸਾਰੇ ਹੀ ਰਸੁ ਬਰਾਬਰ ਹਨ। ਪਰ ਆਪ ਜੀ ਇਕ ਹੀ ਰਸੁ ਨੂੰ ‘ਭਿਆਨਕ ਅਤੇ ਵੱਡਾ’ ਦੱਸ ਰਹੇ ਹੋ । ਬਾਕੀ ਰਸਾਂ ਵਾਰੇ ਆਪ ਜੀ ਦੇ ਕੀ ਵਿਚਾਰ ਹੈ? ਆਪ ਜੀ ਨੇ ਉਪ੍ਰੋਕਤ ਰਸਾਂ ਵਿਚੋ ਹੋਰ ਕਿਸ-ਕਿਸ ਰਸੁ ਦਾ ਤਿਆਗ ਕੀਤਾ ਹੈ ? ਸਿੱਖ ਰਹਿਤ ਮਰਯਾਦਾ ਵਿਚ ਕੜਾਹ ਪ੍ਰਸ਼ਾਦਿ ਦੇ ਸਿਰਲੇਖ ਹੇਠ ਦਰਜ ਹੈ । (ਅ) ਕੜਾਹ ਪ੍ਰਸ਼ਾਦਿ ਤਿਆਰ ਕਰਨ ਦੀ ਵਿਧੀ ਇਹ ਹੈ- ਸੁਅੱਛ ਭਾਂਡੇ `ਚ ਤ੍ਰਿਭਾਵਲੀ ( ਆਟਾ, ਉਤਮ ਮਿੱਠਾ ਤੇ ਘੀ ਇਕੋ ਜਿਹੇ ਪਾ ਕੇ ) ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਵੇ (ਪੰਨਾ 15) (ਅ) ਕੜਾਹ ਪ੍ਰਸ਼ਾਦਿ ਤਿਆਰ ਕਰਨ ਦੀ ਵਿਧੀ ਇਹ ਹੈ- ਸੁਅੱਛ ਭਾਂਡੇ `ਚ ਤ੍ਰਿਭਾਵਲੀ ( ਆਟਾ, ਉਤਮ ਮਿੱਠਾ ਤੇ ਦੇਸੀ ਘਿਉ) ਬਰਾਬਰ ਤੋਲ ਦਾ ਲਵੇ। ਜਲ ਉਬਾਲ ਕੇ ਚਾਸ ਬਣਾ ਕੇ ਪੁਣ ਕੇ ਰੱਖੇ ਅਤੇ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਵੇ।( ਸੰਤ ਸਮਾਜ ਦੀ ਮਰਯਾਦਾ ਪੰਨਾ 14) ਪਾਵਨ ਤਨ ਪਾਵਨ ਕਰਿ ਥਾਨ । ਘ੍ਰਿਤ ਮੈਦਾ ਕੈ ਖੰਡ ਸਮਾਨ।। ਕਰਿ ਕੜਾਹ ਜਪੁ ਪਾਠ ਸੁ ਠਾਨੇ। ਗੁਰ ਪ੍ਰਸਾਦਿ ਅਰਦਾਸ ਬਖਾਨੇ।। ( ਗੁਰਪ੍ਰਤਾਪ ਸੂਰਜ) ਜਿਵੇ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਅਤੇ ਉਪ੍ਰੋਕਤ ਹਵਾਲਿਆਂ ਤੋ ਵੀ ਸੱਪਸ਼ਟ ਹੈ ਕਿ ਕੜਾਹ ਪ੍ਰਸ਼ਾਦ ਨੂੰ ਤਿਆਰ ਕਰਨ ਲਈ ਘਿਉ, ਆਟਾ ਅਤੇ ਮਿੱਠਾ ਬਰਾਬਰ ਵਜ਼ਨ ਦੇ ਹੁੰਦੇ ਹਨ ਅਤੇ ਜਲ, ਜੋ ਚਾਰ ਗੁਣਾਂ ਹੁੰਦਾ ਹੈ । ਇਨ੍ਹਾਂ ਵਸਤੂਆਂ ਬਾਰੇ ਆਪ ਜੀ ਦੇ ਕੀ ਵਿਚਾਰ ਹਨ ? ਕਿਆ ਮੇਵਾ, ਕਿਆ ਘਿਉ ਗੁੜੁ ਮਿਠਾ, ਕਿਆ ਮੈਦਾ, ਕਿਆ ਮਾਸੁ ॥ ( ਮ:1,ਪੰਨਾ ੧੪੨) ਹੁਣ ਆਪ ਜੀ ਉਪ੍ਰੋਕਤ ਪੰਗਤੀ ਦੀ ਵਿਆਖਿਆ ਕਰੋ ਇਹ ਜਾਣਕਾਰੀ ਦਿਉ ਕਿ ਕੇਹੜੀ ਵਸਤੂ ਉਤਮ ਹੈ ਅਤੇ ਕਿਵੇ ? ਅਨਪ੍ਹੜ ਬਾਬਿਆ ਦੀ ਤਾਂ ਮਜਬੂਰੀ ਸਮਝ ਆਉਂਦੀ ਹੈ ਕਿ ਉਹ ਬਾਣੀ ਦੀ ਸਹੀ ਵਿਆਖਿਆ ਨਹੀ ਕਰ ਸਕਦੇ। ਆਪ ਜੀ ਦੀ ਕੀ ਮਜਬੂਰੀ ਹੈ ਕਿ ਆਪ ਜੀ ਵੀ ਉਹੋ ਜੇਹੀਆਂ ਥੋਥੀਆਂ ਦਲੀਲਾਂ ਹੀ ਦੇ ਰਹੇ ਹੋ। ਕੀ ਪਾਲਕ ਦੇ ਪਕੋੜੇ ਖਾਣ ਯੋਗ ਹਨ ? ਕੀ ਸਰੋ ਦਾ ਸਾਗ ਖਾਣਾ ਚਾਹੀਦਾ ਹੈ ? ਸਲਾਦ ਬਾਰੇ ਆਪ ਜੀ ਦੇ ਕੀ ਵਿਚਾਰ ਹਨ ? ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ ਜੀਉ ॥(ਪੰਨਾ 479); ਕੀ ਦੁੱਧ ਅਤੇ ਦਹੀਂ ਦੀ ਵਰਤੋ ਕਰਨੀ ਸਹੀ ਹੈ ? ਕੀ Streptococcus salivarius ssp thermophilus and Lactobacillus bulgaricus bacteria ਅਖੌਤੀ 84 ਲੱਖ ਦੀ ਗਿਣਤੀ ਵਿਚ ਸ਼ਾਮਲ ਨਹੀ ਹੈ ? ਆਪ ਜੀ ਇਹ ਜਾਣਕਾਰੀ ਦਿਉ ਕਿ ਕਿਹੜਾ-ਕਿਹੜਾ ਅਨਾਜ ਅਤੇ ਦਾਲਾਂ ਖਾਣੀਆਂ ਚਾਹੀਦੀਆ ਹਨ ਤਾਂ ਜੋ ਜੀਵ ਹੱਤਿਆ ਦੇ ਦੋਸ਼ ਤੋ ਬਚਿਆ ਜਾ ਸਕੇ ? ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ( ਮ:1, ਪੰਨਾ 472) ਅਗੇ ਆਪ ਜੀ ਲਿਖਦੇ ਹੋ, ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਦਇਆ ਸਿੰਘ ਜੀ ਨੂੰ ਜੋ ਉਪਦੇਸ਼ ਦਿੱਤਾ ਉਹ ‘ਸੁਧਰਦ ਮਾਰਗ ਗ੍ਰੰਥ’ ਅਤੇ ਕੁਝ ਪੁਰਾਤਨ ਹਸਤ ਲਿਖਤ ਗ੍ਰੰਥਾਂ ਵਿਚ ਇਸ ਪ੍ਰਕਾਰ ਮਿਲਦਾ ਹੈ …ਮਧ ਮਾਸ ਖਾਯ ਨਾਹੀ ।( ਪੰਨਾ 316) ਬਾਬਿਓ ! ਮੰਨ ਗਏ ਤੁਹਾਡੀ ਸਕੀਮ ਨੂੰ, ਇੱਕ ਤੋ ਵੱਧ ਗ੍ਰੰਥਾਂ ਦਾ ਹਵਾਲਾ ਦੇ ਕੇ ਲਿਖੀ ਅੱਧੀ ਪੰਗਤੀ ‘ਮਧ ਮਾਸ ਖਾਯ ਨਾਹੀ’ । ਹੁਣ ਇਸ ਅੱਧੀ ਪੰਗਤੀ ਦੀ ਪੈੜ ਕਿਵੇ ਨੱਪੀਏ? ਆਓ ਤੁਹਾਡੀ ਅਗਲੀ ਪੰਗਤੀ ਤੇ ਵਿਚਾਰ ਕਰੀਏ। (4) ਰਹਿਤ ਨਾਮਾ ਭਾਈ ਦਇਆ ਸਿੰਘ
ਜੂਆ ਖੇਲੈ ,ਮਦ ਪੀਐ ਸੋ ਨਰਕ ਮਹਿ ਜਾਵੈ…ਮਦਰਾ, ਮਾਸ ਕਉ ਛੁਹੈ ਨਾਹੀ।। (316)
ਭਾਈ ਦਇਆ ਸਿੰਘ ਜੀ ਦੇ ਰਹਿਤ ਨਾਮੇ ਵਿਚ ‘ਜੂਆ ਖੇਲੈ, ਮਦ ਪੀਐ ਸੋ ਨਰਕ ਮਹਿ ਜਾਵੈ’ ਤਾਂ ਹੈ (ਰਹਿਤਨਾਮੇ ਪੰਨਾ 70) ਪਰ ਦੂਜੀ ਪੰਗਤੀ ‘ਮਦਰਾ, ਮਾਸ ਕਉ ਛੁਹੈ ਨਾਹੀ’ ਨਹੀ ਲੱਭ ਸਕਿਆਂ ਪਰ ਇਸ ਪੰਗਤੀ ਨੂੰ ਲੱਭਦੇ- ਲੱਭਦੇ ਹੋਰ ਪੰਗਤੀਆਂ ਜਰੂਰ ਲੱਭ ਗਈਆਂ ਕਰੋ ਦਰਸ਼ਨ।
ਤੁਰਕ ਕਾ ਮਾਸ ਖਾਇ ਔ ਬੇਸਯਾ ਭੋਗੇ, ਸੋ ਦੋਨੋਂ ਨਰਕ ਕੋ ਜਾਇ। (ਪੰਨਾ 71)
ਜੋ ਤੁਰਕ ਸੇ ਮਾਸ ਲੈਇਕੇ ਖਾਵੇ ਸੋ ਬੜਾ ਤਨਖਾਹੀਆ। ਅਤੇ ਜਿਨ੍ਹੋ ਅਪਕਰਮ-ਬੇਸਵਾ, ਮਦਰਾ, ਤੁਰਕ ਕਾ ਮਾਸ, ਜੂਆ ਕੀਆ ਹੈ ਸੋ ਤੋਂ ਅੰਤ ਕਾਲ ਮੈਂ ਅਤਿ ਦੁਖ ਪਾਵਤੇ ਹੈ। (ਪੰਨਾ 72)
ਖੰਡੇ ਪਾਹੁਲੀਆ, ਚਰਨ ਪਾਹੁਲੀਆ, ਕੁੱਠਾ ਔਰ ਸੂਰ ਪਾਲਿਆ ਨ ਖਾਇ। (ਪੰਨਾ 73)
ਆਪ ਜੀ ਲਿਖਦੇ ਹੋ ,ਬਾਲ ਅਵਸਥਾ ਸਮੇਂ ਗੁਰੂ ਸਾਹਿਬ ਨੇ ਜਨੇਊ ਪਹਿਨਣ ਤੋਂ ਸਾਫ਼ ਇਨਕਾਰ ਕਰਕੇ, ਜਨੇਊ ਬਾਰੇ ਕਪਾਹ ਦੇ ਧਾਗੇ ਦੀ ਮਹੱਤਤਾ ਅਤੇ ਉਸ ਅਡੰਬਰ ਸਮੇਂ ਪਕਾਏ ਮਾਸ ਨੂੰ ਸਿੱਧੀ ਚੁਨੌਤੀ ਦਿੱਤੀ। (ਪੰਨਾ 319) ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ ॥ ਕੁਹਿ ਬਕਰਾ ਰਿੰਨੑਿ ਖਾਇਆ ਸਭੁ ਕੋ ਆਖੈ ਪਾਇ ॥( ਮ:1,ਪੰਨਾ 471) ਆਓ ਇਸ ਪੰਗਤੀ ਦੇ ਅਰਥ ਦੇਖੀਏ:
ਕਪਾਹ ਤੋਂ (ਭਾਵ, ਕਪਾਹ ਲਿਆ ਕੇ) ਧਾਗਾ ਕੱਤਿਆ ਜਾਂਦਾ ਹੈ ਅਤੇ ਬ੍ਰਾਹਮਣ (ਜਜਮਾਨ ਦੇ ਘਰ) ਆ ਕੇ (ਉਸ ਧਾਗੇ ਨੂੰ) ਵੱਟ ਦੇਂਦਾ ਹੈ । (ਘਰ ਆਏ ਹੋਏ ਸਾਰੇ ਅੰਗ-ਸਾਕਾਂ ਨੂੰ) ਬੱਕਰਾ ਮਾਰ ਕੇ ਤੇ ਰਿੰਨ੍ਹ ਕੇ ਖੁਆਇਆ ਜਾਂਦਾ ਹੈ; (ਘਰ ਦਾ) ਹਰੇਕ ਪ੍ਰਾਣੀ ਆਖਦਾ ਹੈ ‘ਜਨੇਊ ਪਾਇਆ ਗਿਆ ਹੈ; ਜਨੇਊ ਪਾਇਆ ਗਿਆ ਹੈ’। (ਟੀਕਾਕਾਰ: ਪ੍ਰੋ ਸਾਹਿਬ ਸਿੰਘ) ਇਹ ਤਾਂ ਉਸ ਵੇਲੇ ਦੇ ਹਲਾਤ ਦਾ ਵਰਨਣ ਹੈ । ਜਿਸ ਤੋ ਸਾਫ ਜਾਹਰ ਹੈ ਕਿ ਉਸ ਸਮੇ ਮਹਿਤਾ ਕਾਲੂ ਜੀ ਦੇ ਘਰ ਕਾਫੀ ਰੌਣਕ ਸੀ ਅਤੇ ਹੋਰ ਪਦਾਰਥਾਂ ਦੇ ਨਾਲ-ਨਾਲ ਮਾਸ ਵੀ ਰਿੰਨਿਆ ਹੋਇਆ ਸੀ।
ਭੋਜਨ ਹੇਤ ਅੰਨ ਇਕਠਾਈ। ਆਮਿਖ ਕਾਰਨ ਛਾਂਗ ਮੰਗਾਈ।
ਜੋ ਛੱਤ੍ਰੀ ਕਾਲੂ ਕੇ ਗਾਤੀ। ਸਭਿਨਿ ਅਮੰਤੂ ਦੀਨੋ ਖਾਤੀ।।5।।(ਸ੍ਰੀ ਨਾਨਕ ਪ੍ਰਕਾਸ਼ ‘ਸੱਚਾ ਜੰਵੂ’)
ਜਨੇਊ ਦਾ ਖੰਡਨ ਤਾਂ ਅਗਲੀ ਪੰਗਤੀ ਵਿਚ ਕੀਤਾ ਗਿਆ ਹੈ।
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥
ਪੰਨਾ 322ਦੇ ਅਰੰਭ ਵਿਚ ਤਾਂ ਆਪ ਜੀ ਆਪਣੇ ਪਹਿਲੇ ਵਿਚਾਰ ਦਾ ਹੀ ਦੁਹਰਾਉ ਕਰਦੇ ਹੋ, ‘ਕਿ ਸਿਰੀਰਾਗੁ ਮਹਲਾ 1 ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 15 ਵਿਖੇ ਸਪੱਸ਼ਟ ਕਰਦੇ ਹਨ ਕਿ ਮਾਸ ਇੱਕ ਸਭ ਤੋਂ ਵੱਡਾ ਰਸ ਹੈ। ਇਸ ਸ਼ਬਦ ਵਿਚ ਸਾਰੇ ਸਰੀਰਕ ਰਸ ਬਿਆਨ ਕਰਨ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਖਾਣ ਵਾਲੇ ਪਦਾਰਥ ਮਾਸ ਨੂੰ ਇੱਕ ਵੱਡਾ ਰਸ ਮੰਨਿਆ ਹੈ ਜੋ ਅਧਿਆਤਮਿਕ ਮਾਰਗ ਦੇ ਪਾਂਧੀ ਲਈ ਨਾਮ ਸਿਮਰਨ ਕਰਨ ਵਿਚ ਇੱਕ ਬੁਹਤ ਵੱਡਾ ਵਿਘਨ ਹੈ’।
ਰਸੁ ਸੁਇਨਾ, ਰਸੁ ਰੁਪਾ ਕਾਮਣਿ, ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ, ਰਸੁ ਸੇਜਾ ਮੰਦਰ, ਰਸੁ ਮੀਠਾ, ਰਸੁ ਮਾਸੁ ॥ ਏਤੇ ਰਸ ਸਰੀਰ ਕੇ, ਕੈ ਘਟਿ ਨਾਮ ਨਿਵਾਸੁ ॥੨॥ (ਮ:1, ਪੰਨਾ 15)
ਪਦ ਅਰਥ: ਰਸੁ—ਚਸਕਾ । ਰੁਪਾ—ਚਾਂਦੀ । ਕਾਮਣਿ—ਇਸਤ੍ਰੀ । ਪਰਮਲ—ਸੁਗੰਧੀ । ਪਰਮਲ ਕੀ ਵਾਸ—ਸੁਗੰਧੀ ਸੁੰਘਣੀ । ਮੰਦਰ—ਸੋਹਣੇ ਘਰ । ਏਤੇ—ਇਤਨੇ, ਕਈ। ਕੈ ਘਟਿ—ਕਿਸ ਹਿਰਦੇ ਵਿਚ ੨।
ਬਾਬਾ ਇਕਬਾਲ ਸਿੰਘ ਜੀ ,ਇਹ ਜਾਣਕਾਰੀ ਦਿਉ ਕਿ ‘ਮਾਸ ਇੱਕ ਭਿਆਨਕ ਅਤੇ ਸਭ ਤੋਂ ਵੱਡਾ ਰਸ ਹੈ’ ਆਪ ਜੀ, ਇਹ ਅਰਥ ਕਿਸ ਪਦ ਦਾ ਕਰ ਰਹੇ ਹੋ ? ਇਸੇ ਪੰਨੇ ਦੇ ਅਖੀਰ ਵਿਚ ਹੇਠ ਲਿਖੀਆਂ ਪੰਗਤੀਆਂ ਦਾ ਹਵਾਲਾ ਦੇ ਕੇ, ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥( ਮ: 1, ਪੰਨਾ 1228)
ਫਿਰ ਤੁਸੀਂ ਪੰਨਾ 323 ਦੇ ਅਰੰਭ ਵਿਚ ਲਿਖਦੇ ਹੋ, ‘ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਵਿਚ ਦੱਸਿਆ ਹੈ ਕਿ ਮਾਸ ਦਾ ਝਗੜਾ ਮੂਰਖ ਹੀ ਕਰਦੇ ਹਨ । ਜੋ ਆਤਮ-ਦਰਸ਼ੀ ਅਤੇ ਬ੍ਰਹਮਗਿਆਨੀ ਹੁੰਦੇ ਹਨ, ਉਹ ਅਜਿਹਾ ਨਹੀਂ ਕਰਦੇ ਕਿਉਕਿ ਉਹ ਤਾਂ ਨਿਰੰਕਾਰ ਦੇ ਦੇਸ ਦੇ ਵਾਸੀ ਹੁੰਦੇ ਹਨ। ਉਹਨਾਂ ਦੀ ਅਵਸਥਾ ਵਿਚ ਮਾਸ ਅਤੇ ਸਾਗ ਇੱਕ ਸਮਾਨ ਹੁੰਦੇ ਹਨ ਅਤੇ ਉਹਨਾਂ ਨੂੰ ਕੋਈ ਪਾਪ ਨਹੀ ਲੱਗਦਾ।
ਜੇ ਆਪ ਜੀ ਨੇ ਵੀ ਇਸ ਹੀ ਸਿੱਟੇ ਤੇ ਪਹੁੰਚਣਾ ਸੀ ਤਾਂ ਬੇ-ਲੋੜੀਆਂ ਅਤੇ ਸਿਆਣਪ ਤੋ ਸੱਖਣੀਆਂ ਦਲੀਲਾਂ ਨਾਲ 90 ਸਫੇ ਕਾਲ਼ੇ ਕਰਨ ਦੀ ਕੀ ਲੋੜ ਸੀ ?
ਕਾਲੇ ਹੋਏ ਸਫ਼ੇ ਹਜ਼ਾਰ, ਪੜ੍ਹਨਯੋਗ ਨਾ ਮਿਲਦੇ ਚਾਰ
334 ਪੰਨਾ ਤੇ ਆਪ ਜੀ ਲਿਖਦੇ ਹੋ, ‘ਸਿੱਖ ਜਗਤ ਵਿਚ ਜਿੰਨੇ ਵੀ ਆਤਮ-ਦਰਸੀ ਮਹਾਂਪੁਰਸ਼ ,ਗੁਰਮੁਖ ਅਤੇ ਗੁਰਸਿੱਖ ਹੋਏ ਹਨ, ਉਨ੍ਹਾਂ ਨੇ ਆਪ ਮਾਸ ਦਾ ਸੇਵਨ ਨਹੀ ਕੀਤਾ ਅਤੇ ਦੂਸਰਿਆਂ ਨੂੰ ਵੀ ਇਸ ਦੇ ਸੇਵਨ ਤੋਂ ਵਰਜਿਆ ਹੈ ਇਨ੍ਹਾਂ ਵਿਚੋਂ ਕੁਝ ਕੁ ਉਦਾਹਰਣ ਇਸ ਪ੍ਰਕਾਰ ਹੈ: ਆਪ ਨੇ 30 ਆਤਮ ਦਰਸ਼ੀ ਮਹਾਂਪੁਰਸ ਅਤੇ ਸੰਪ੍ਰਦਾਵਾਂ ਦੀ ਲਿਸਟ ਦਿੱਤੀ ਹੈ। ਪੰਨਾ 323 ਤੇ ਆਪ ਨੇ ਲਿਖਿਆਂ ਹੈ ਕਿ ‘ਮਾਸ ਦਾ ਝਗੜਾ ਮੂਰਖ ਹੀ ਕਰਦੇ ਹਨ’ ਅਤੇ ਹੁਣ ਲਿਖਦੇ ਹੋ ਕਿ ਇਹ ਆਤਮ ਦਰਸ਼ੀ ਦੂਸਰਿਆਂ ਨੂੰ ਵੀ ਇਸ ਦੇ ਸੇਵਨ ਤੋਂ ਵਰਜਦੇ ਸਨ ਤਾਂ ਫਿਰ ਇਹ ਮੂਰਖ ਕੋਣ ਹੋਏ ? ਆਪ ਨੇ ਜੋ ਲਿਸਟ ਦਿੱਤੀ ਹੈ ਉਸ ਵਿਚ ਨੰ:1 ਭਾਈ ਨੰਦ ਲਾਲ ਜੀ, ਨੰ:2 ਪੰਜ ਪਿਆਰੇ ਅਤੇ ਨੰ: 26 ਤੇ ਗਿ: ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜੀ ਦਾ ਨਾਮ ਦਰਜ ਹੈ।
(1) ਲੈ ਤੁਰਕਨ ਤੇ ਮਾਸ ਜੁ ਖਾਵਹਿ। ਬਿਨ ਗੁਰ ਸ਼ਬਦ ਬਚਨ ਜੋ ਗਾਵਹਿ। ਤਨਖਾਹਨਾਮਾ ਭਾਈ ਨੰਦ ਲਾਲ (ਰਹਿਤਨਾਮੇ ਪੰਨਾ 58)
‘ਲੈ ਤੁਰਕਨ ਤੇ ਮਾਸ ਜੁ ਖਾਵਹਿ’ ਤੋ ਭਾਵ ਕੁੱਠੇ ਤੋ ਹੈ ਨਾਕਿ ਮਾਸ ਖਾਣ ਦੀ ਮਨਾਹੀ।
(2) ਤੁਰਕ ਕਾ ਮਾਸ ਖਾਇ ਔ ਬੇਸਯਾ ਭੋਗੇ, ਸੋ ਦੋਨੋਂ ਨਰਕ ਕੋ ਜਾਇ। , ਜੋ ਤੁਰਕ ਸੇ ਮਾਸ ਲੈਇਕੇ ਖਾਵੇ ਸੋ ਬੜਾ ਤਨਖਾਹੀਆ। ਅਤੇ ਖੰਡੇ ਪਾਹੁਲੀਆ, ਚਰਨ ਪਾਹੁਲੀਆ,ਕੁੱਠਾ ਔਰ ਸੂਰ ਪਾਲਿਆ ਨ ਖਾਇ। ਰਹਿਤ ਨਾਮਾ ਭਾਈ ਦਯਾ ਸਿੰਘ(ਰਹਿਤਨਾਮੇ ਪੰਨਾ 72)
ਕੁਸਿਆ ਮਾਸ ਨ ਖਾਈਐ , ਪਾਲਿਆ ਖਾਇ ਨ ਸੂਰ। ਭਾਈ ਸਾਹਿਬ ਸਿੰਘ (ਰਹਿਤਨਾਮੇ ਪੰਨਾ 142)
(26) ਕੁੱਠਾ-ਮੁਸਲਮਾਨ ਦੇ ਕਲਮੇ ਵਾਲਾ ਜਿਬ੍ਹਾ ਕੀਤਾ ਮਾਸ ਨਹੀ ਖਾਣਾ ਚਾਹੀਦਾ…ਮੁਸਲਮਾਨਾਂ ਦੀ ਏਨੀ ਪੋਠੋਹਾਰ ਵਿਚ ਸ਼ਰ੍ਹਾ ਸੀ ਜੇ ਕਿਸੇ ਕੁੱਕੜੀ ਮਰਵਾਉਣੀ ਹੋਵੇ, ਬੱਕਰਾ ਮਰਵਾਉਣਾ ਹੋਵੇ ਮੁਸਲਮਾਨ ਹਲਾਲ ਕਰਦੇ ਸਨ ਕਲਮਾਂ ਪੜ੍ਹਕੇ ਤੇ ਫਿਰ ਊਹ ਖਾਂਦੇ ਸੀ। ਸਤਿਗਰੂ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਸ ਗੱਲ ਤੋਂ ਬਿਵਰਤਿਜ ਕੀਤਾ ਹੈ । ਸਿੱਖਾਂ ਨੇ ਉਸ ਦਾ ਉਤਰ ਦੇਣ ਵਾਸਤੇ ਝਟਕਾ ਬਣਾਇਆ ਹੈ…ਰਹਿਤਨਾਮਿਆਂ ਦੀ ਰੀਤੀ ਅਨੁਸਾਰ ‘ਕੁੱਠਾ’ ਮੁਸਲਮਾਨਾਂ ਦੇ ਕਲਮੇ ਵਾਲਾ ਤੇ ਕਿਸੇ ਹਿੰਦੂ ਦਾ ਮਾਰਿਆ ਹੋਇਆ, ਜੋ ਸਿੱਖ ਨੇ ਝਟਕਾ ਨਹੀ ਕੀਤਾ ਭਾਵ ਆਪਣੇ ਹੱਥੀ ਨਹੀ ਮਾਰਿਆ ਉਸ ਮਾਸ ਨੂੰ ਖਾਣ ਵਾਲਾ, ਚੌਥੀ ਬੱਜਰ ਕੁਰਹਿਤ ਵਾਲਾ ਤਨਖ਼ਾਹੀਆ ਹੈ…ਜੇ ਕਿਤੇ ਧਰਮ ਦੀ ਰਖਿਆ ਕਰਦੇ ਹੋਏ ਜੰਗ ਦੇ ਕਾਰਨ ਅੰਨ ਆਦਿ ਨਾ ਮਿਲੇ ਤੇ ਪ੍ਰਾਣ ਰੱਖਿਆ ਵਾਸਤੇ ਖਾਣਾ ਪਵੇ ਤਾਂ ਹੱਥੀ ਝਟਕਾ ਕਰ ਕੇ ਪ੍ਰਾਣ ਬਚਾਏ। ਉਹ ਭੀ ਜੇ ਕਰਕੇ ਚਿਤ ਚਾਹੇ ਤਾਂ ਜਾਂ ਜਿਸ ਨੇ ਉਞ ਵੀ ਛਕਣਾ ਹੋਵੇ ਤਾਂ ਵੀ ਹੱਥੀ ਝਟਕਾ ਕਰਕੇ। (ਗੁਰਬਾਣੀ ਪਾਠ ਦਰਪਣ ਪੰਨਾ 66, ਕਰਤਾ; ਸ੍ਰੀ ਮਾਨ ਪੰਥ ਰਤਨ ਗਿ: ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ)
ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥(904)
ਮੁੱਖ ਬੰਦ ਵਿਚ ਆਪ ਜੀ ਨੇ ਹੋਰਨਾ ਤੋ ਇਲਾਵਾ ਡਾ: ਗੁਰਬਖਸ਼ ਸਿੰਘ (ਸਾਬਕਾ ਡੀਨ ਪੀ ਏ ਯੂ) ਦਾ ਧੰਨਵਾਦ ਵੀ ਕੀਤਾ ਹੈ। ਆਓ ਡਾ: ਗੁਰਬਖਸ਼ ਸਿੰਘ ਜੀ ਦੇ ਮੀਟ ਬਾਰੇ ਵਿਚਾਰ ਵੀ ਜਾਣ ਲਈਏ।
Gurbani tells us that the claim of vegetarians to be superior or holier persons than nonvegetarians does nopt stand the test of logic. A vegetarian eats grains and all grains have life. The grains grow to multiply their species like other living beings. We drink water which is the cause of all life on this earth and contains many living organisms. Drinking of waterto be given up by those who claim that they are perfect vegetarians. People consume milk which is not a vegetarian product; it comes from animals therefore such persons cannot claim to be strictly vegetarian. The futility of arguing over this issue is mentioned in Gurbani in the following words:
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥(1228)
The Sikh Faith Questions and Answers p. 139
ਆਪ ਜੀ ਨੇ ਭਾਈ ਵੀਰ ਸਿੰਘ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਬਾਬਾ ਫਰੀਦ ਜੀ ਨੇ ਬਾਰਾਂ-ਬਾਰਾਂ ਸਾਲ ਜੰਗਲਾਂ ਵਿੱਚ ਤਪ ਕੀਤੇ (ਪੰਨਾ 348) ਕਰੋ ਬਾਬਾ ਫਰੀਦ ਜੀ ਦੀ ਬਾਣੀ ਦੇ ਦਰਸ਼ਨ :
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ ॥੧੯॥(ਪੰਨਾ ੧੩੭੮)
ਸਿੱਖ ਇਤਿਹਾਸ ਦੇ ਪਿਛਲੇ ਸਮੇਂ ਵੱਲ ਝਾਤ ਮਰੀਏ ਤਾਂ ਪਤਾ ਲਗੱਦਾ ਹੈ ਕਿ ਬਹੁਤ ਸਾਰੇ ਮਾਸ ਖਾਣ ਵਾਲਿਆਂ ਤੇ ਨਾਂ ਖਾਣ ਵਾਲਿਆਂ ਸਿੱਖਾਂ ਨੇ ਕੌਮ ਵਾਸਤੇ ਬਹੁਤ ਹੀ ਸ਼ਲਾਘਾ ਯੋਗ ਕੰਮ ਕੀਤੇ ਹਨ । ਸਿੱਖ ਧਰਮ ਵਿੱਚ ਮਾਸ ਖਾਣ ਜਾਂ ਨਾਂ ਖਾਣ ਦਾ ਕੋਈ ਮਸਲਾ ਹੀ ਨਹੀਂ ਹੈ। ਇਹ ਤਾਂ ਕੁਝ ਗੁਰਮਤਿ ਸਿਧਾਂਤ ਤੋਂ ਅਨਜਾਣ ਲੋਕਾਂ ਨੇ ਬੇਫਜ਼ੂਲ ਦਾ ਵਾਦ-ਵਿਵਾਦ ਖੜਾ ਕੀਤਾ ਹੋਇਆ ਹੈ। ਅਜਿਹੇ ਫਜ਼ੂਲ ਦੇ ਵਿਸ਼ਿਆਂ ਵਿੱਚ ਸਿੱਖਾਂ ਨੂੰ ਉਲਝਾਅ ਕੇ ਅਜਿਹੇ ਬਾਬੇ ਆਪ ਸਿੱਖਾਂ ਦੀ ਕਮਾਈ ‘ਤੇ ਡੇਰਿਆਂ ਤੇ ਠਾਠਾਂ ਵਿੱਚ ਠਾਠਾਂ ਮਾਰ ਰਹੇ ਹਨ ਪਰ ਸਿੱਖਾਂ ਨੂੰ ਮਾਸ ਖਾਣ ਜਾਂ ਨਾਂ ਖਾਣ ਦੇ ਚੱਕਰ ਵਿੱਚ ਪਾਇਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਦਾ ਖਾਣਾ ਖਾਣ ਬਾਰੇ ਬੜਾ ਸਿਧਾ ਸਾਧਾ ਸਿਧਾਂਤ ਹੈ:ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥(ਮ:੧,ਪੰਨਾ ੧੬) ਪਰ ਝੂਠ ਬੋਲਣ ਨੂੰ ਗੁਰੂ ਸਾਹਿਬ ਜੀ ਨੇ ਹੱਡਾ-ਰੋੜੀ ਵਿੱਚ ਮਰੇ ਹੋਏ ਡੰਗਰ ਨੂੰ ਖਾਣ ਦੇ ਬਰਾਬਰ ਆਖਿਆ ਹੈ। ਗੁਰਸ਼ਬਦ ਹੈ :
ਸਲੋਕੁ ॥ ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥
ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ ॥੧॥ (ਮ:੧,ਪੰਨਾ ੧੪੦) ।
ਹੈਰਾਨੀ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੈਠ ਕੇ ਗੁਰਮਤਿ ਸਿਧਾਂਤ ਦਾ ਗਲਤ ਪ੍ਰਚਾਰ ਕਰਨ ਅਤੇ ਹਿੰਦੂ ਮਿਥਿਹਾਸਿਕ ਅਖੌਤੀ ਕਰਾਮਾਤੀ ਸਾਖੀਆਂ ਸੁਣਾਉਣ ਵਾਲੇ ਅਤੇ ਮਾਸ ਖਾਣ ਜਾਂ ਨਾ ਖਾਣ ਦੇ ਵਿਵਾਦ ਵਿੱਚ ਸਿੱਖਾਂ ਨੂੰ ਉਲਝਾਉਣ ਵਾਲੇ ਬਾਬੇ ਗੁਰਮਤਿ ਦੇ ਨਾਂਅ ਹੇਠ ਵਿਦਿਅਕ ਅਦਾਰੇ ਵੀ ਚਲਾ ਰਹੇ ਹਨ । ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਅਦਾਰਿਆਂ ‘ਚ ਸਿਖਿਆ ਪ੍ਰਾਪਤ ਕਰਕੇ ਆਉਣ ਵਾਲੇ ਵਿਦਆਰਥੀ ਕੀ ਉਹ ਸਿੱਖ ਵਿਚਾਰਧਾਰਾ ਦੇ ਹੋਣਗੇ ਜਾਂ ਕਾਂਸ਼ੀ, ਬਨਾਰਸ ਦੇ ਕੇਸਾਧਾਰੀ ਹਿੰਦੂ ਵਿਚਾਰਧਾਰਾ ਦੇ ? ਕਾਸ਼ ! ਸਿੱਖਾਂ ਵਿੱਚ ਇਹ ਚੇਤਨਾ ਛੇਤੀ ਆਵੇ ਕਿ ਉਹ ਧਾਰਮਿਕ ਪਹਿਰਾਵੇ ਹੇਠ ਝੂਠ ਬੋਲਣ ਵਾਲਿਆਂ ਬਾਬਿਆਂ, ਅਸੰਤਾਂ ਦੀ ਪਹਿਚਾਣ ਕਰਨ ਵੱਲ ਧਿਆਨ ਦੇਣ ।