ਡਾ. ਅਮਰਜੀਤ ਸਿੰਘ ਜੀ ਨੂੰ ਪੱਤਰ
ਪ੍ਰਿੰਸੀਪਲ, ਡਾ. ਅਮਰਜੀਤ ਸਿੰਘ ਜੀ ਨੇ ਆਪਣੇ ਲੇਖ ਵਿੱਚ ਇਤਿਹਾਸਕ ਗ੍ਰੰਥਾ ਦਾ ਹਵਾਲਾ ਤਾਂ ਦਿੱਤਾ ਹੈ ਪਰ ਕਿਸੇ ਗ੍ਰੰਥ ਦਾ ਨਾਮ ਨਹੀ ਲਿਖਿਆ ਕੇ ਉਹਨਾ ਹਵਾਲਾ ਪੰਗਤੀਆਂ ਕਿਸ ਗ੍ਰੰਥ ਵਿਚੋ ਲਈਆਂ ਹਨ। ਪਤਾ ਨਹੀ ਕਿਉ? ਡਾ. ਅਮਰਜੀਤ ਸਿੰਘ ਜੀ ਨੂੰ ਤਾਂ ਪਤਾ ਹੀ ਹੈ ਕਿ ਇਹ ਪੰਗਤੀਆਂ ਕਿਸ ਗ੍ਰੰਥ ਵਿੱਚੋ ਹਨ, ਪਾਠਕਾ ਦੀ ਜਾਣਕਾਰੀ ਵਾਸਤੇ ਬੇਨਤੀ ਹੈ ਕਿ ਇਹ ਪੰਗਤੀਆਂ ਗੁਰ ਬਿਲਾਸ ਪਾਤਸ਼ਾਹੀ 6 ਦੇ ਅਧਿਆਇ ਪੰਜਵਾਂ ਪੰਨਾਂ 120 ਉਪੱਰ ਦਰਜ ਹਨ
ਸ੍ਰੀ ਗੁਰੂ ਨਾਨਕ ਕੋ ਨਮੋ ਤਾਹਿ ਚਰਨ ਉਰਿ ਧਾਰਿ।
ਕਥਾ ਸੁ ਪੰਚਮ ਧਿਆਇ ਕੀ ਬਰਨਨ ਕਰੋਂ ਅਪਾਰ॥ 1॥
ਕ੍ਰਿਪਾ ਸਿੰਧੁ ਸ੍ਰੀ ਸਤਿਗੁਰੂ ਗੁਰ ਅਰਜਨ ਸੁਖਖਾਨ ।
ਸਬੁ ਕੋ ਨਿਕਟਿ ਬੁਲਾਇ ਕੈ ਲਾਯੋ ਤਬੈ ਦੀਵਾਨ॥ 2 ॥
ਗੁਰਦਾਸ ਬੁੱਢਾ ਸਭ ਹੀ ਇਕਠਾਏ । ਗੁਰ ਅਰਜਨ ਤਬ ਬਚਨ ਸੁਨਾਏ।
ਕਹੋ ਵਿਚਾਰ ਸਭੈ ਅਸਥਾਨਾ । ਜਹਾਂ ਗ੍ਰਿੰਥ ਅਸਥਾਪਨ ਠਾਨਾ॥ 3॥
ਬੁੱਢੇ ਕਹਾ ਆਪਿ ਪ੍ਰਭ ਜਾਨੋ । ਤੁਝ ਤੇ ਪ੍ਰਭ ਜੀ ਕੌਨ ਸਿਆਨੋ।
ਸ੍ਰੀ ਗ੍ਰਿੰਥ ਲਾਇਕ ਦਰਬਾਰਾ। ਔਰ ਅਸਥਾਨ ਨ ਕੋਇ ਮੁਰਾਰਾ ॥4॥
ਇਹ ਸੁਨਿ ਸ੍ਰੀ ਗੁਰ ਕੀਯੋ ਅਨੰਦਾ। ਮਾਨੋ ਦਿਖਯੋ ਦੂਜ ਕੋ ਚੰਦਾ।
ਸ੍ਰੀ ਦਰਬਾਰ ਕੀ ਉਪਮ ਉਚਾਰੀ। ਇਹ ਸਮ ਨਹੀ ਤ੍ਰਿਲੋਕੀ ਸਾਰੀ॥5॥
ਸਮ ਜਹਾਜ ਬਨਿ ਹੈ ਦਰਬਾਰਾ । ਤਰੈਂ ਜੀਵ ਭਵਸਿੰਧੁ ਅਪਾਰਾ।
ਨਿਤ ਨੁਤਨ ਮੰਗਲ ਇਹਾਂ ਹੋਵੈ । ਇਹ ਦਰਸ਼ਨੁ ਅਘ ਸਗਲੇ ਖੋਵੈ॥6॥
ਭੂਮਿ ਸੈਨ ਸਭਿ ਤਹਾਂ ਬਿਰਾਜੇ । ਸ੍ਰੀ ਗ੍ਰਿੰਥ ਮੰਜੀ ਪਰਿ ਰਾਜੇ।
ਪਰੀ ਰੈਨਿ ਦਿਨਪਤਿ ਅਰ ਘਾਈ । ਨਖਯਤ੍ਰਨ ਸੋਂ ਮਿਲਿ ਸੋਭਾ ਪਾਈ॥ 10॥
ਜੁਗਲ ਘਰੀ ਨਿਸਿ ਜਬ ਰਹੀ ਉਠੇ ਗਰਿੂ ਸੁਖ ਪਾਇ।
ਸ੍ਰੀ ਮੁਖਿ ਤਬ ਆਗਯਾ ਕਰੀ ਚਲੋ ਸਭੈ ਗੁਣ ਗਾਏ ॥19॥
ਬੁੱਢੇ ਕੋ ਸ੍ਰੀ ਗੁਰੁ ਕਹਾ ਸੀਸ ਆਪਨੇ ਧਾਰਿ।
ਗੁਰੁ ਗ੍ਰਿੰਥ ਅਤਿ ਪ੍ਰੇਮ ਸੋਂ ਮਨ ਮੈ ਸ਼ਾਂਤਿ ਵਿਚਾਰ॥20॥
ਸਤਿ ਬਚਨ ਬੁੱਢੇ ਮੁਖਿ ਗਾਇ ਗੁਰੁ ਗ੍ਰਿੰਥ ਸਿਰਿ ਲਯੋ ਉਠਾਇ।
ਸ੍ਰੀ ਗੁਰ ਚੋਰ ਆਪ ਕਰ ਧਾਰਯੋ ਬਜੇ ਸੰਖ ਧੁਨਿ ਵਾਰ ਨ ਪਾਰਯੋ॥21॥
ਏਕ ਘਰੀ ਨਿਸਿ ਜਬ ਰਹੀ ਸ੍ਰੀ ਗੁਰ ਆਗਯਾ ਪਾਇ।
ਸਾਹਿਬ ਬੁੱਢੇ ਅਦਬ ਸੋਂ ਖੋਲਯੋ ਗ੍ਰਿੰਥ ਬਨਾਇ॥25॥
ਆਪਿ ਚੌਰ ਸ੍ਰੀ ਗੁਰ ਕਰਤ ਬੁੱਢੇ ਲਈ ਅਵਾਜ।
ਏਕ ਚਿਤ ਸੰਗਤਿ ਸੁਨੈ ਸਭਿ ਮਨਿ ਸ਼ਾਂਤਿ ਬਿਰਾਜ॥26॥
ਐਸ ਅਵਾਜ ਗ੍ਰਿੰਥ ਗੁਰ ਆਈ । ਸੁਨਿ ਗੁਰਸਿਖ ਮਨਿ ਅਨੰਦ ਪਾਈ।
ਸੰਤ ਕੇ ਕਾਰਜ ਆਪਿ ਖਲੋਯਾ। ਕਾਰ1 ਕਢਣ ਹਿਤਿ ਕਾਮਾ ਹੋਆ॥27॥
(1 ਕਿਸ ਪ੍ਰਕਾਰ ਪ੍ਰਭੂ ਮਿੱਟੀ ਕੱਢਣ ਲਈ ਆਏ)
ਡਾ. ਅਮਰਜੀਤ ਸਿੰਘ ਜੀ, ਆਪ ਜੀ ਲਿਖਦੇ ਹੋ, ਇਕ ਘੜੀ ਰਾਤ ਰਹਿੰਦਿਆਂ ਗੁਰੂ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਪ੍ਰਕਾਸ਼ ਕਰਕੇ ਉਚੀ ਆਵਾਜ਼ ਵਿਚ ਜੋ ਹੁਕਮਨਾਮਾ ਪੜ੍ਹਿਆ, ਉਸ ਦਾ ਮੂਲ ਪਾਠ ਇਹ ਹੈ :
ਸੂਹੀ ਮਹਲਾ 5 ਛੰਤ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮ ਧਿਆਇਆ॥
ਡਾ ਅਮਰਰਜੀਤ ਸਿੰਘ ਜੀ ਆਪ ਜੀ ਦੇ ਮੁਤਾਬਕ ਤਾਂ ਜੋ ਹੁਕਮਨਾਵਾ ਆਇਆ ਸੀ ਉਸ ਦੀ ਪਹਿਲੀ ਪਾਵਨ ਪੰਗਤੀ, ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਸੀ ਪਰ ਅਸਲ ਲਿਖਤ ਵਿੱਚ ਤਾਂ ਪੰਗਤੀ , "ਸੰਤ ਕੇ ਕਾਰਜ ਆਪਿ ਖਲੋਯਾ। ਕਾਰ ਕਢਣ ਹਿਤਿ ਕਾਮਾ ਹੋਆ" ਹੈ ਦੋਹਾਂ ਪੰਗਤੀਆ ਦੇ ਪਾਠ ਵਿੱਚ ਤਾਂ ਬੁਹਤ ਅੰਤਰ ਹੈ ਇਹ ਸਪੱਸ਼ਟ ਕਰੋ ਕਿ ਅਸਲ ਼ਿਲਖਤ ਦੇ ਲੇਖਕ (ਕੋਈ ਗੁੰਮ ਨਾਮ ਵਿਅਕਤੀ, ਪੰਨਾ 59) ਨੇ ਲਿਖਣ ਵਿੱਚ ਗਲਤੀ ਕੀਤੀ ਹੈ ,ਜਾਂ ਆਪ ਜੀ ਨੇ , " ਸੰਤ ਕੇ ਕਾਰਜ ਆਪਿ ਖਲੋਯਾ" ਤੋ ਇਹ ਅੰਦਾਜਾ ਲਾ ਲਿਆ ਕੇ ਉਪਰੋਕਤ ਸ਼ਬਦ ਹੀ ਹੋਵੇਗਾ ਕਿਉਕਿ ਪਹਿਲੀ ਪੰਗਤੀ ਦੇ ਕੁਝ ਅੱਖਰ ਰਲਦੇ ਮਿਲਦੇ ਹਨ। ਇਹ ਮਿੱਟੀ ਕੱਢਣ ਵਾਸਤੇ ਕੌਣ ਆਇਆ ਹੈ ਤੇ ਮਿੱਟੀ ਕਿੱਥੋ ਕੱਢੀ ਜਾ ਰਹੀ ਹੈ? ਬਾਬਿਓ ਗਲ ਤਾਂ ਹੁਕਮਨਾਵੇ ਦੀ ਚੱਲ ਰਹੀ ਹੈ।
ਪਾਠਕਾਂ ਦੀ ਜਾਣਕਾਰੀ ਵਾਸਤੇ ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਇਹ ਕਿਤਾਬ ਗੁਰਬਿਲਾਸ ਪਾਤਸ਼ਾਹੀ 6 ਨੂੰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ: ਅਮਰਜੀਤ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ 400 ਸਾਲਾ ਪ੍ਰਾਕਸ਼ ਉਤਸਵ ਦੇ ਸਬੰਧ ਵਿੱਚ ਬੁਹਤ ਹੀ ਸਖ਼ਤ ਘਾਲਣਾ ਤੋਂ ਬਾਅਦ ਸੰਪਾਦਤ ਕੀਤੀ ਸੀ (ਕਾਰਜ ਨੂੰ ਅਰੰਭ ਕਰਨ ਤੋਂ ਪਹਿਲਾਂ ਇਸ ਗੱਲ ਦਾ ਬਿਲਕੁਲ ਬੋਧ ਨਹੀ ਸੀ ਕਿ ਇਹ ਕੰਮ ਹਿਮਾਲਾ ਪਰਬਤ ਦੀ ਚੋਟੀ ਨੂੰ ਸਰ ਕਰਨ ਵਾਂਗ ਬੁਹਤ ਬਿਖੜਾ ਹੋਵੇਗਾ। ਪੰਨਾ50, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ: ਅਮਰਜੀਤ ਸਿੰਘ ) ਅਤੇ ਇਸ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ) ਨੇ ਪੰਥਕ ਸਰਮਾਏ ਨਾਲ ਛਾਪਿਆ ਸੀ । ਇਸ ਵਿੱਚ ਪੰਥ ਦੀਆ ਮਹਾਨ ਹਸਤੀਆਂ ਨੇ ਹੇਠ ਲਿਖੇ ਅਨੁਸਾਰ ਪ੍ਰਸ਼ੰਸਾਂ ਪੱਤਰ ਲਿਖੇ ਹਨ।
(1)"ਇਤਿਹਾਸਕ ਸੇਵਾ"(ਜਥੇਦਾਰ ਰਣਜੀਤ ਸਿੰਘ ਜੀ)
(2) "ਸੰਦੇਸ਼"(ਜਥੇਦਾਰ ਗੁਰਚਰਨ ਸਿੰਘ ਟੌਹੜਾ )
(3) "ਅਦੁੱਤੀ ਸੇਵਾ" (ਜਥੇਦਾਰ ਭਾਈ ਮਨਜੀਤ ਸਿੰਘ ਜੀ)1
(4) "ਗੁਰਬਿਲਾਸ ਦਾ ਸ਼ੁੱਧ ਸਰੂਪ (ਜਥੇਦਾਰ ਭਾਈ ਕੇਵਲ ਸਿੰਘ ਜੀ)
(5) "ਅਨੂਪਮ ਸੁਗਾਤ" (ਸੁਖਦੇਵ ਸਿੰਘ ਜੀ ਭੌਰ)
(6) " ਸਾਹਿਤ ਤੇ ਸਮਾਜ" (ਸ: ਮਨਜੀਤ ਸਿੰਘ ਜੀ ਕਲਕੱਤਾ )
(7) "ਦੋ ਸ਼ਬਦ" ( ਗਿ: ਸੰਤ ਸਿੰਘ ਜੀ ਮਸਕੀਨ)
(8) "ਚਮਤਕਾਰੀ ਵਿਆਖਿਆ" (ਗਿ: ਜਸਵੰਤ ਸਿੰਘ ਜੀ ਕਥਾਕਾਰ )
(9) " ਸ਼ਲਾਂਘਾ ਯੋਗ ਉਦੱਮ" (ਦਲੀਪ ਸਿੰਘ ਜੀ ਮਲੂ ਨੰਗਲ )
(10) "ਇਤਿਹਾਸਕ ਪੁਸਤਕਾਂ ਦੀ ਪ੍ਰਕਾਸ਼ਨਾ ਸੰਬੰਧੀ ਸਾਡੀ ਜਿੰਮੇਵਾਰੀ" (ਗਿ: ਜੋਗਿਦੰਰ ਸਿੰਘ ਤਲਵਾੜਾ )
(11) "ਚਾਰ ਸ਼ਬਦ" ( ਸ: ਨਰਿੰਦਰ ਸਿੰਘ ਜੀ ਸੋਚ )
(12) " ਗੁਰ ਬਿਲਾਸ ਦੇ ਸ਼ੁੱਧ ਸਰੂਪ ਦਾ ਸਵਾਗਤ"(ਗਿ: ਬਲਵੰਤ ਸਿੰਘ ਜੀ )
"ਆਪਦਾ ਮੇਰੇ ਸਬੰਧੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਦੀ ਸੰਪਾਦਿਤ ਕਿਤਾਬ ਬਾਰੇ ਇਲਜ਼ਾਮਾਂ ਭਰਪੂਰ ਇਕ ਹੋਰ ਪੱਤਰ ਅੱਜ ਪ੍ਰਾਪਤ ਹੋ ਗਿਆ। ਅਹੋਭਾਗ! ਗੁਰਮਤਿ ਦੇ ਸੱਚ ਦੇ ਮਾਰਗ ਤੋਂ ਸੰਸਾਰ ਨੂੰ ਜਾਣੂੰ ਕਰਾੳਣ ਦਾ ਦਾਅਵਾ ਕਰਨ ਵਾਲੇ ਵਿਦਵਾਨ ਨੂੰ ਕਰਤਾ ਪੁਰਖ ਨੇ ਐਸੇ ਪੱਤਰ ਲਿਖਣ ਦੀ ਸਮਰੱਥਾ ਬਖਸ਼ੀ ਹੋਈ ਹੈ। ਸੱਚ ਦੇ ਮਾਰਗ ਦਾ ਗਿਆਨ ਰੱਖਣ ਵਾਲੇ ਵਿਦਵਾਨ ਜੀਓ! ਮੈਂ ਉਪਰੋਕਤ ਵਾਂਗ ਫਿਰ ਗੁਰੂ ਨੂੰ ਸਾਖਸ਼ੀ ਮੰਨ ਕੇ ਸੱਚ ਲਿਖ ਰਿਹਾਂ ਕਿ ਮੈਂ ਅੱਜ ਤੱਕ ਸਿੰਘ ਸਾਹਿਬ ਦੁਆਰਾ ਸੰਪਾਦਿਤ ਇਸ ਪੁਸਤਕ ਦਾ ਇਕ ਵੀ ਅੱਖਰ ਨਹੀਂ ਪੜ੍ਹਿਆ, ਇਹ ਵੀ ਸੱਚ ਹੈ ਕਿ ਮੈਂ ਇਕ ਵੀ ਸੱਤਰ ਉਸ ਪੁਸਤਕ ਸਬੰਧੀ ਨਹੀਂ ਲਿਖੀ। ਸਿੰਘ ਸਾਹਿਬ ਜੀ ਦੇ ਫੋਨ ਮੇਰੇ ਕੋਲ ਆਉਂਦੇ ਰਹੇ, ਪਰ ਸੁਭਾਵਕ ਹੀ ਮੈਨੂੰ ਕੁਝ ਲਿਖਣ ਦਾ ਸਮਾਂ ਹੀ ਨਹੀ ਬਣਿਆ, ਭਾਵੇਂ ਗੁਰੂ ਪਾਤਸ਼ਾਹ ਨੇ ਬਹੁਤ ਸਾਰੀਆਂ ਪੁਸਤਕਾਂ ਬਾਰੇ ਮੁਖਬੰਧ ਜਾਂ ਆਪਣੀ ਰਾਇ ਲਿਖਣ ਦਾ ਮੌਕਾ ਬਖਸ਼ਿਆ ਤੇ ਗੁਰੂ ਦੀ ਬਖਸ਼ਿਸ਼ ਕੀਤੀ ਤੁਛ ਜਿਹੀ ਬੁੱਧੀ ਰਾਹੀਂ ਆਪਣੇ ਵੱਲੋਂ ਲਿਖਦਾ ਵੀ ਰਿਹਾ ਹਾਂ, ਪਰ ਇਸ ਵਾਰ ਐਸਾ ਸੰਭਵ ਨਹੀ ਸੀ ਹੋ ਸਕਿਆ। ਮੈਂ ਇਸ ਪੱਖੋਂ ਸਿੰਘ ਸਾਹਿਬ ਜੀ ਕੋਲੋਂ ਖਿੰਮਾ ਜਾਚਨਾ ਕਰ ਲਈ ਸੀ। ਉਪਰੰਤ ਮੈਨੂੰ ਸਿੰਘ ਸਾਹਿਬ ਵੱਲੋਂ ਫੋਨ ਤੇ ਇਤਨਾ ਜ਼ਰੂਰ ਦੱਸ ਦਿਤਾ ਗਿਆ ਸੀ ਕਿ ਅਸੀਂ ਤੁਹਾਡੇ ਵੱਲੋਂ ਕੁਝ ਅੱਖਰ ਲਿਖ ਦਿਤੇ ਹਨ। ਮੈਂ ਸਤਿਕਾਰ ਤੇ ਅਪਣੱਤ ਵਿਚ ਧੰਨਵਾਦ ਕਰ ਦਿਤਾ ਸੀ। ਮੈਨੂੰ ਅੱਜ ਤੱਕ ਨਹੀਂ ਪਤਾ ਕਿ ਮੇਰੇ ਵੱਲੋਂ ਉਸ ਪੁਸਤਕ ਵਿਚ ਕੀ ਲਿਖਿਆ ਗਿਆ ਸੀ"। (ਮਨਜੀਤ ਸਿੰਘ ਜਥੇਦਾਰ 10-11-2000 )
(ਬਾਕੀ ਪ੍ਰਸੰਸਾ ਪੱਤਰਾ ਵਾਰੇ ਪਾਠਕ ਜੀ ਆਪ ਹੀ ਅੰਦਾਜਾ ਲਗਾ ਲੈਣਾ)
"ਕੁਝ ਆਪਣੇ ਵਲੋ" ਦੇ ਸਿਰਲੇਖ ਹੇਠ ਲਿਖੇ (ਪੰਨਾ52) , ਅੰਤ ਵਿੱਚ ਇਕ ਵਾਰ ਮੁੜ ਗ੍ਰੰਥ ਅੰਦਰ ਹੋਈਆਂ ਗਲਤੀਆਂ ਨੂੰ ਆਪਣੇ ਜ਼ਿੰਮੇ ਲੈਂਦੇ ਹਾਂ ਕਿਉਕਿ "ਭੁਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰ।" ਇਸ ਲਈ ਸਮੂਹ ਸੰਗਤ ਤੇ ਵਿਦਵਾਨਾਂ ਪ੍ਰਤੀ ਬੇਨਤੀ ਹੈ ਕਿ ਰਹਿ ਗਈਆ ਉਣਤਾਈਆਂ ਨੂੰ ਧਿਆਨ ਵਿਚ ਲਿਆਉਣ ਵਾਲੇ ਸੱਜਣਾ ਦਾ ਧੰਨਵਾਦ ਕੀਤਾ ਜਾਵੇਗਾ। ਜੇਕਰ ਇਸ ਗ੍ਰੰਥ ਦੀ ਗੁਰਦੁਆਰਿਆਂ ਵਿਚ ਮੁੜ ਕਥਾ ਆਰੰਭ ਹੋ ਸਕੇ ਤਾਂ ਅਸੀ ਸਮਝਾਂਗੇ ਕਿ ਕੀਤਾ ਕਾਰਜ ਸਾਰਥਕ ਹੋ ਨਿਬੜਿਆ ਹੈ।
ਹਸਤਾਖਰ-ਗਿ:ਜੋਗਿੰਦਰ ਸਿੰਘ ਵੇਦਾਂਤੀ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ
ਡਾ: ਅਮਰਜੀਤ ਸਿੰਘ ਪ੍ਰੋ: ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ
ਗਿ:ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ: ਅਮਰਜੀਤ ਸਿੰਘ ਉਪ੍ਰੋਕਤ ਲਿਖੇ ਅਨੁਸਾਰ , ਇਸ ਗ੍ਰੰਥ ਵਿਚਲੀਆਂ ਬੇਅੰਤ ਗੁਰਮਿਤ ਵਿਰੋਧੀ ਸਾਖੀਆਂ ਨੂੰ ਜਦੋ ਗੁਰਬਖਸ਼ ਸਿੰਘ ਕਾਲਾਅਗਾਨਾ ਨੇ ਪੰਥ ਦੇ ਧਿਆਨ ਵਿਚ ਲਿਆਦਾ ਤਾਂ ਉਸ ਦਾ ਜੋ ਧੰਨਵਾਦ ਵੇਦਾਂਤੀ ਜੀ ਨੇ ਕੀਤਾ ਹੈ ਉਹ ਸਾਡੇ ਇਤਹਾਸ ਦਾ ਕਾਲਾ ਪੰਨਾ ਬਣ ਚੁੱਕਾ ਹੈ।
ਡਾ: ਅਮਰਜੀਤ ਸਿੰਘ ਜੀ ਜਦ ਸ਼੍ਰੋਮਣੀ ਕਮੇਟੀ ਆਪਣੀ ਕੀਤੀ ਹੋਈ ਭੁੱਲ ਨੂੰ ਮੰਨਦੀ ਹੋਈ ਤੁਹਾਡੇ ਸੰਪਾਦਤ ਕੀਤੇ ਹੋਏ ਗ੍ਰੰਥ ਨੰ ਵਾਪਸ ਲੈ ਚੁਕੀ ਹੈ ਤਾਂ ਇਸ ਗੁਰਮਿਤ ਵਿਰੋਧੀ ਗ੍ਰੰਥ ਵਿਚੋ ਹਵਾਲੇ ਕਿਸ ਦਲੀਲ ਨਾਲ? ਜਦ ਇਹ ਗ੍ਰੰਥ ਵਾਪਸ ਹੀ ਲੈ ਲਿਆ ਗਿਆ ਹੈ ਤਾਂ ਇਸ ਵਿਚ ਲਿਖੇ ਇਤਹਾਸ ਦੀ ਪ੍ਰਮਾਣਕਤਾ ਕੀ ਹੈ?
ਰਚਨਾ ਕਾਲ ਵਾਰੇ ਆਪ ਜੀ ਲਿਖਦੇ ਹੋ , " ਗੁਰਬਿਲਾਸ ਦੇ ਰਚਨਾ ਕਾਲ ਸਬੰਧੀ ਅਸੀ ਆਖ ਸਕਦੇ ਹਾਂ ਕਿ ਅਸਲ ਵਿਚ ਇਸ ਦੀ ਰਚਨਾ 1775 ਬਿ: ਨੂੰ ਹੋਈ ਸੀ"( ਪੰਨਾ69-ਭੂਮਿਕਾ) ਡਾ: ਅਮਰਜੀਤ ਸਿੰਘ ਜੀ ਇਸ ਗ੍ਰੰਥ ਰਚਨਾ ਕਾਲ 1775-57=1718 ਹੈ ਲੇਖਕ ਕੋਈ ਗੁਮਨਾਮ ਵਿਅਕਤੀ ਹੈ । ਲਿਖਿਆ ਜਾ ਰਿਹਾ ਹੈ ਇੱਕ ਸਦੀ ਤੋ ਵੀ ਵੱਧ ਪਹਿਲਾ ਵਾਪਰੀਆ ਘਟਨਾਵਾ ਵਾਰੇ, ਹੋਈ ਮਿਲਾਵਟ ਵਾਰੇ ਤੁਸੀ ਆਪ ਹੀ ਭੂਮਿਕਾ ਵਿਚ ਮੰਨ ਚੁਕੇ ਹੋ, ਤਾਂ ਫਿਰ ਇਹ ਪੰਥ ਲਈ ਅਨੂਪਮ ਸੁਗਾਤ ਅਤੇ ਤੁਹਾਡੇ ਵਲੋ ਕੀਤਾ ਗਿਆ ਕੁਕਾਰਜ ਸ਼ਲਾਂਘਾਯੋਗ ਉਦਮ, ਇਤਹਾਸਕ ਅਤੇ ਅਦੁਤੀ ਸੇਵਾ ਕਿਵੇ ਹੋਇਆ?
ਅੱਜ ਅਸੀ ਇਸ ਗ੍ਰੰਥ ਵਿੱਚ ਲਿਖੇ ਇਤਹਾਸ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਂ ਰਹੇ ਹਾ, ਪਰ ਗੁਰੂ ਅਰਜਨ ਸਾਹਿਬ ਜੀ ਆਪਣੀ ਬਾਣੀ ਵਿਚ ਇਸ ਨੂੰ ਪੋਥੀ ਲਿਖਦੇ ਹਨ
ਸਾਰਗ ਮਹਲਾ 5 ॥ ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥1॥ ਰਹਾਉ ॥
ਇਹ ਵੀ ਸਚਾਈ ਹੈ ਕਿ ਇਸ ਪੋਥੀ ਨੂੰ ਗੁਰੂ ਗੋਬਿਦ ਸਿੰਘ ਜੀ ਨੇ 1708 ਵਿਚ ਗੁਰੂ ਦਾ ਦਰਜਾ ਦਿਤਾ ਸੀ ਪ੍ਰਿਸੀਪਲ ਜੀ ਜੇ ਕੋਈ ਤੁਹਾਡਾ ਵਿਦਿਆਰਥੀ ਘਟਾਓ ਦੇ ਸਵਾਲ ਨੂੰ ਇਸ ਤਰਾਂ ਹਲ ਕਰੇ ਕਿ 2004-1708 = 400 ਤਾਂ ਤੁਸੀ ਉਸ ਨੂੰ ਪਾਸ ਕਰੋ ਗੇ ਜਾਂ ਫੇਲ ? ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਗ੍ਰੰਥ ਸ਼ਬਦ ਨਹੀ ਲੱਭਦਾ, ਸਿਰਫ ਇੱਕ ਵਾਰੀ ਗਰੰਥ ਸ਼ਬਦ ਲੱਭਦਾ ਹੈ "ਅਸੰਖ ਗਰੰਥ ਮੁਖਿ ਵੇਦ ਪਾਠ ॥" ਡਾ: ਅਮਰਜੀਤ ਸਿੰਘ ਜੀ ਇਸ ਸਾਰੇ ਅਡੰਬਰ ਵਿੱਚੋਂ ਬਾਦਲ ਦੀ ਹਊਮੇ ਨੂੰ ਪੱਠੇ ਪਾੳਣ ਤੋਂ ਇਲਾਵਾ ਕੋਈ ਹੋਰ ਠੋਸ ਪ੍ਰਾਪਤੀ ਹੋਈ ਹੋਵੇ ਤਾਂ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ
ਪਾਠਕਾ ਦੀ ਜਾਣਕਾਰੀ ਵਾਸਤੇ ਗੁਰ ਬਿਲਾਸ ਪਾਤਸ਼ਾਹੀ 6 ਦੀ ਇਕ ਹੋਰ ਵੰਨਗੀ!
ਡਾ: ਅਮਰਜੀਤ ਸਿੰਘ ਜੀ ਹੇਠ ਲਿਖੇ ਵਾਰੇ ਆਪ ਜੀ ਦੇ ਕੀ ਵਿਚਾਰ ਹਨ ਕੀ ਇਹ ਸੱਚ ਨਹੀ ਹੈ ?। ਮਾਤਾ ਗੰਗਾ ਜੀ ਦਾ ਬਾਬਾ ਬੁੱਢਾ ਜੀ ਦੀ ਬੀੜ ਤੋਂ ਗਰਭਵਤੀ ਹੋ ਕੇ ਆਉਣਾ ਅਤੇ ਆਉਣ ਤੇ ਗੁਰੂ ਅਰਜਨ ਦੇਵ ਵਲੋ ਧਨ ਦੌਲਤ ਦੀ ਵਰਖਾ ਕਰਨਾ ,ਦਸਾਂ ਮਹੀਨਿਆਂ ਪਿਛੋਂ ਚਤ੍ਰਭੁਜੀ ਰੱਬ ਜੀ ਦਾ ਗੁਰੂ ਹਰਿਗੋਬਿੰਦ ਸਾਹਿਬ ਦੇ ਰੂਪ ਵਿਚ ਜਨਮ ਲੈਣਾ, ਭਾਵ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਬਿੰਦੀ ਉਲਾਦ ਨਹੀ ਸਨ।
ਤਿਸੀ ਛਿਨਕ ਮਾਤਾ ਉਦਰਿ ਕੀਨੋ ਪਉਨ ਨਿਵਾਸ।
ਮਾਤਾ ਮਨਿ ਹਰਖਤ ਭਈ ਚਿਤ ਮੈ ਬਢਿਓ ਹੁਲਾਸ॥138 (ਪੰਨਾ15)
ਤਿਹ ਅਵਸਰ ਅਰਜਨ ਗੁਰ , ਸੁਨਿ ਮਨਿ ਭਏ ਕ੍ਰਿਪਾਲ।
ਬਾਦਰ ਥਿਤ ਬਰਖਾ ਕਰੀ, ਦੀਨਨ ਕੀਯੋ ਨਿਹਾਲ। 145(ਪੰਨਾ16)
ਦਸਮ ਮਾਸ ਬੀਤਯੋ ਜਬੈ ਸੁਭ ਗ੍ਰਹ ਅਵਸਰ ਪਾਇ।
ਛੁਤਰ ਭੁਜ ਰੂਪ ਬਨਾਇ ਪ੍ਰਭ ਬੈਠ ਮਾਤ ਨਿਕਟਟਾਇ॥174॥
ਸੰਮਤ ਸੋਹਰ ਸੈ ਸੁ ਬਵੰਜਾ ਹਾੜ ਇੱਕੀ ਨਿਸਿ ਆਧੀ ਮੰਝਾ।
ਪੁਖ ਨਿਛਤ੍ਰ ਸੁਭ ਗ੍ਰਹ ਸੁਖਦਾਈ ਕ੍ਰਿਸ਼ਨ ਪੱਕ ਪ੍ਰਗਟੇ ਪ੍ਰਭ ਆਈ॥175॥(ਪੰਨਾ19)
ਵੇਦਾਤੀ ਜੀ, ਇਸ ਗ੍ਰੰਥ ਦੀ ਕਥਾ ਗੁਰਦੁਵਾਰਿਆ ਵਿਚ ਕਰਵਾਉਣੀ ਚਾਉਦੇ ਹਨ , ਦਲੀਪ ਸਿੰਘ ਮੱਲੂ ਨੰਗਲ ਸੀਨੀਅਰ ਮੀਤ ਪ੍ਰਧਾਨ ਸ਼ੋ: ਗੁ: ਪ੍ਰ: ਕਮੇਟੀ ਪੰਨਾ 37 ਤੇ ਲਿਖਦੇ ਹਨ , "ਆਸ ਹੈ ਵਿਦਿਆਰਥੀਆਂ ਤੇ ਖੋਜਆਰਥੀਆਂ ਲਈ ਲਾਹੇਬੰਦ ਸਾਬਤ ਹੋਵੇਗਾ। ਪਰ ਹੈਰਾਨੀ ਹੋਈ ਜਦੋ ਵੇਦਾਤੀ ਜੀ ਵਲੋ ਡਾ: ਗੁਰਿਦੰਰ ਸਿੰਘ ਮਾਨ ਨੂੰ ਜਾਰੀ ਕੀਤਾ ਤਾੜ੍ਹਨਾ ਪੱਤਰ ਪੱੜ੍ਹਿਆ , "ਇਸ ਤੋ ਇਲਾਵਾ ਵਿਦਿਆਰਥੀਆ ਤੇ ਪਾਠਕਾ ਨੂੰ ਅਜੇਹੀ ਕਿਤਾਬ ਪ੍ਹੜਨ ਦੀ ਸ਼ਿਫਾਰਸ਼ ਕਰਨਾ ਜਿਸ ਵਿੱਚ ਬਾਬਾ ਬੁੱਢਾ ਜੀ ਤੇ ਗੁਰੁ ਅਰਜਨ ਦੇਵ ਜੀ ਦੀ ਪਤਨੀ ਮਾਤਾ ਗੰਗਾ ਉਪਰ ਨਿਯੋਗ ਦਾ ਇਲਜਾਮ ਲਾਇਆ ਹੋਵੇ, ਅਤਿ ਘਿਰਣਾਜਨਕ ਅਤੇ ਨਿੰਦਨਿਯ ਕਾਰਜ ਹੈ"
ਵੇਦਾਤੀ ਜੀ ਨੂੰ ਤਾਂ ਖੁਸ਼ੀ ਹੋਣੀ ਚਾਹੀ ਦੀ ਸੀ ਕਿ ਜੋ ਕਥਾ ਉਹ ਗੁਰਦਵਾਰਿਆ ਵਿਚ ਕਰਵਾਉਣੀ ਚਾਉਦੇ ਹਨ ਉਹ ਕਥਾ ਤਾਂ ਹੁਣ ਬਦੇਸ਼ੀ ਯੂਨੀਵਰਸਟੀਆ ਵਿਚ ਸ਼ਰੂ ਹੋ ਗਈ ਹੈ । ਕਿਨੀ ਹਨੇਰ ਗਰਦੀ ਹੈ! ਕਿ ਜੇ ਗੁਰਬਖਸ ਸਿੰਘ ਕਾਲਾਅਫਗਾਨਾ ਤੁਹਡੇ ਲਿਖੇ ਹੋਏ ਨੂੰ ,ਤੁਹਡੇ ਲਿਖੇ ਮੁਤਾਬਕ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕੱਸਵੱਟੀ ਤੇਂ ਪਰਖ ਕਰਕੇ ਗੁਰਮਿਤ ਵਿਰੋਧੀ ਸਾਬਤ ਕਰਦਾ ਹੈ ਤਾਂ ਉਹ ਦੋਸ਼ੀ, ਜੇ ਡਾ: ਗੁਰਿਦੰਰ ਸਿੰਘ ਮਾਨ ਤੁਹਡੇ ਲਿਖੇ ਮੁਤਾਬਕ ਤੁਹਾਡੀ ਲਿਖਤ ਦੀ ਬਦੇਸ਼ੀ ਯੂਨੀਵਰਸਟੀਆਂ ਵਿਚ ਕਥਾ ਕਰਦਾ ਹੈ ਤਾਂ ਉਹ ਵੀ ਦੋਸ਼ੀ!। ਜਿਹੜਾ ਤੁਹਾਡੀ ਲਿਖਤ ਦਾ ਖੰਡਨ ਕਰੇ ਉਹ ਵੀ ਦੋਸ਼ੀ ਅਤੇ ਜਿਹੜ ਤੁਹਾਡੀ ਲਿਖਤ ਦਾ ਮੰਡਨ ਕਰੇ ਉਹ ਵੀ ਦੋਸ਼ੀ ? ਪਰ ਵੇਦਾਂਤੀ ਜੀ ਸੱਚਿਆਂ ਦੇ ਸੱਚੇ। ਇਹਨੂੰ ਕਹਿਦੇ ਨੇ ਡਾਢੇ ਦਾ ਸੱਤੀ ਵੀਹੀ ਸੌ।
ਡਾ: ਅਮਰਜੀਤ ਸਿੰਘ ਜੀ, ਕਿਉਕਿ ਗੁਰ ਬਿਲਾਸ ਪਾਤਸ਼ਾਹੀ 6 ਨੂੰ ਸ਼ੋ: ਗੁ: ਪ੍ਰੰ: ਕਮੇਟੀ ਨੇ ਵਾਪਸ ਲੈ ਲਿਆ ਹੈ ਇਸ ਲਈ ਇਸ ਵਿਚ ਲਿਖੇ ਇਤਹਾਸ ਦੀ ਤਾਂ ਕੋਈ ਮਹੱਤਤਾ ਨਹੀ ਰਹਿ ਗਈ ,ਇਹ ਤਾਂ ਹੋ ਗਿਆ ਸ਼ੱਕੀ! ਇਸ ਤੋ ਇਲਾਵਾ ਸਾਡੇ ਕੋਲ ਕਿਹੜਾ ਇਤਹਾਸਕ ਵਸੀਲਾ ਹੈ ਜੋ ਇਹ ਸਾਬਤ ਕਰੇ ਕਿ ਜਿਹੜੀ ਮਰਯਾਦਾ ਅੱਜ ਚੱਲਦੀ ਹੈ ਅਤੇ ਜਿਸ ਨੂੰ ਪੁਰਾਤਨ ਮਰਯਾਦਾ ਕਿਹਾ ਜਾਦਾ ਹੈ ਇਸ ਨੂੰ ਗੁਰੁ ਅਰਜਨ ਸਾਹਿਬ ਜੀ ਨੇ ਹੀ ਚਲਾਇਆ ਸੀ? ਬਾਕੀ ਇਤਿਹਾਸਕ ਗ੍ਰੰਥ ਤਾਂ ਇਸ ਤੋਂ ਪਿਛੋ (ਇਸ ਦੀ ਨਕਲ ਮਾਰ ਕੇ )ਹੀ ਲਿਖੇ ਗਏ ਹਨ , ਕੀ ਕੋਈ ਗ੍ਰੰਥ ਇਸ ਤੋ ਪਹਿਲਾ ਦਾ ਲਿਖਿਆ ਹੋਇਆ ਵੀ ਹੈ ਜੋ ਪ੍ਰਚਲਤ ਪੁਰਾਤਨ ਮਰਯਾਦਾ ਨੂੰ ਠੀਕ ਸਾਬਤ ਕਰਦਾ ਹੋਵੈ? ਹੁਣ ਤੱਕ ਤੁਹਾਡਾ ਸੰਪਾਦਤ ਕੀਤਾ ਗ੍ਰੰਥ ਜਿੰਨਾ ਕੁ ਮੈ ਪੜ੍ਹਿਆਂ ਹੈ ਇਸ ਵਿਚੋ ਤਾਂ ਕੋਈ ਸਾਖੀ ਗੁਰਮਿਤ ਅਨੂੰਸਾਰ ਨਹੀ ਲੱਭੀ, ਜੇ ਆਪ ਜੀ ਕਿਸੇ ਸਾਖੀ ਦੀ ਜਾਣਕਾਰੀ ਦੇ ਸਕੋ ਕਿ ਇਹ ਗੁਰਮਿਤ ਅਨੁੰਸਾਰ ਹੈ ਤਾਂ ਆਪ ਜੀ ਦਾ ਬੁਹਤ ਧੰਵਾਦੀ ਹੋਵਾਗਾ ।
ਹੋਈਆ ਭੁਲਾ ਲਈ ਖਿਮਾ ਕਰਨਾ ਜੀ
ਆਦਰ ਸਹਿਤ
ਆਪ ਜੀ ਦੇ ਪੱਤਰ ਦੀ ਉਡੀਕ ਵਿਚ
ਸਰਵਜੀਤ ਸਿੰਘ ਸੈਕਰਾਮੈਂਟੋ