Monday, October 4, 2010

ਵੋਟਾਂ ਅਤੇ ਨੋਟਾਂ ਦਾ ਨਿਰਮਾਤਾ ‘ਬਾਬਾ ਵਿਸ਼ਵਕਰਮਾ’


ਵੋਟਾਂ ਅਤੇ ਨੋਟਾਂ ਦਾ ਨਿਰਮਾਤਾ ਬਾਬਾ ਵਿਸ਼ਵਕਰਮਾ
ਸਰਵਜੀਤ ਸਿੰਘ ਸੈਕਰਾਮੈਂਟੋ
20 ਕੱਤਕ, ਨਾਨਕਸ਼ਾਹੀ ਸੰਮਤ 537 ਦਿਨ ਵੀਰਵਾਰ ਦੀ ਇਕ ਰੋਜਾਨਾ ਅਖਬਾਰ ਵਿਚ ਜਿਥੇ ਮੁਖ ਪੰਨੇ ਉਪਰ ਲੁਧਿਆਣਾ ਵਿਖੇ ਵਿਸ਼ਵਕਰਮਾ ਦਿਵਸ ਦੇ ਰਾਜ ਪੱਧਰ ਤੇ ਮਨਾਏ ਜਾਣ ਦੀ ਖ਼ਬਰ ਸੀ ਉਥੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਬੁਹਤ ਹੀ ਸਰਧਾ ਭਾਵਨਾ ਨਾਲ ਮਨਾਉਣ ਦੀਆਂ ਖ਼ਬਰਾਂ ਛਪੀਆਂ ਸਨ। ਪੰਜਾਬ ਵਿਚ ਹੋਏ ਵੱਖ-ਵੱਖ ਸਮਾਗਮਾਂ ਵਿਚ ਜਿਥੇ ਕਾਗਰਸ ਵਲੋ ਕੈਪਟਨ ਅਮਰਿੰਦਰ ਸਿੰਘ, ਸ਼ਮਸ਼ੇਰ ਸਿੰਘ ਦੂਲੋ, ਸ੍ਰੀਮਤੀ ਹਰਬੰਸ ਕੌਰ ਦੂਲੋ, ਸ: ਮਲਕੀਤ ਸਿੰਘ ਬੀਰਮੀ ਆਦਿ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ ਉਥੇ ਅਕਾਲੀ ਦਲ ਵਲੋ ਸੁਖਦੇਵ ਸਿੰਘ ਢੀਂਡਸਾ, ਸ੍ਰੀਮਤੀ ਹਰਜੀਤ ਕੌਰ ਢੀਂਡਸਾ, ਜਥੇਦਾਰ ਅਜੀਤ ਸਿੰਘ ਕੋਹਾੜ, ਗੁਰਦੇਵ ਸਿੰਘ ਬਾਦਲ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਸ਼ਾਮਿਲ ਹੋਏ। ਸ਼ੋਮਣੀ ਕਮੇਟੀ ਭਲਾ ਕਿਵੇ ਪਿੱਛੇ ਰਹਿ ਸਕਦੀ ਸੀ ਇਸ ਦੇ ਮੈਬਰ ਸ: ਗੁਰਮੀਤ ਸਿੰਘ ਦਾਦੂਵਾਲ ਨਕੋਦਰ ਅਤੇ ਸਤਪਾਲ ਸਿੰਘ ਤਲਵੰਡੀ ਭਾਈ ਵਿਖੇ ਸ਼ਾਮਲ ਹੋਏ। ਭਾਜਪਾ ਵਲੋ ਡਾ: ਬਲਦੇਵ ਪ੍ਰਕਾਸ਼ ਚਾਵਲਾ ਅਤੇਂ ਸ੍ਰੀ ਅਵਿਨਾਸ਼ ਰਾਏ ਖੰਨਾ ਪੁੱਜੇ। ਹੈਰਾਨੀ ਦੀ ਗੱਲ ਹੈ ਬਾਘਾ ਪੁਰਾਣਾ ਵਿਚ ਕਾਮਰੇਡ ਬਿੱਕਰ ਸਿੰਘ ਅਤੇ ਸੁਲਤਾਨਪੁਰ ਲੋਧੀ ਵਿਖੇ ਮਾਸਟਰ ਅਜੀਤ ਸਿੰਘ ਸਕੱਤਰ ਸੀ. ਪੀ. ਐਮ. ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਇਕ ਹੋਰ ਥਾਂ ਸੀ. ਪੀ. ਐਮ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦਾ ਜਿਕਰ ਵੀ ਹੈ।
ਲੁਧਿਆਣਾ ਵਿਖੇ ਮਨਾਏ ਗਏ ਰਾਜ ਪੱਧਰੀ ਸਮਾਗਮ ਵਿਚ ਜਿਥੇ ਮੁਖ ਮੰਤਰੀ ਜੀ ਨੇ ਵਿਸ਼ਵਕਰਮਾ ਭਵਨ ਲਈ ਜਲਦੀ ਹੀ ਜ਼ਮੀਨ ਅਲਾਟ ਕਰਨ ਦਾ ਭਰੋਸਾ ਦਿਤਾ ਉਥੇ ਸ੍ਰੀਮਤੀ ਹਰਬੰਸ ਕੌਰ ਦੂਲੋ ਵਲੋ ਦੋਰਾਹਾ ਵਿਖੇ 31000 ਦੀ ਗ੍ਰਾਟ ਦੇਣ ਦਾ ਐਲਾਨ ਵੀ ਕੀਤਾ ਗਿਆ। ਅਕਾਲੀਆਂ ਵਲੋ ਵੀ ਗੁਰਦੇਵ ਸਿੰਘ ਬਾਦਲ ਨੇ 50000 ਸਮਾਧ ਭਾਈ ਵਿਖੇ ਅਤੇ ਸੁਖਦੇਵ ਸਿੰਘ ਢੀਡਸਾ ਵਾਲੋ ਭਵਾਨੀਗੜ ਵਿਖੇ 50000 ਅਤੇ ਅਹਿਮਦਗੜ 1,00,000 ਦੀ ਗ੍ਰਾਟ ਦਾ ਐਲਾਨ ਕੀਤਾ ਗਿਆ।
ਨਕੋਦਰ ਵਿਖੇ ਅਜੀਤ ਸਿੰਘ ਕੋਹਾੜ ਨੂੰ ਜਦੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋ ਅਕਾਲੀ-ਭਾਜਪਾ ਸਰਕਾਰ ਸਮੇਂ ਨੀਂਹ-ਪੱਥਰ ਰੱਖਣ ਵੇਲੇ ਐਲਾਨੀ ਗਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਚੇਤਾ ਕਰਵਾਇਆ ਗਿਆਂ ਤਾਂ ਉਨਾ ਨੇ ਕਿਹਾ ਕਿ ਫਿਕਰ ਨਾ ਕਰੋ, ਹੁਣ ਜਦੋਂ ਸਾਡੀ ਸਰਕਾਰ ਬਣੇਗੀ ਤਾਂ ਇਸ ਅਸਥਾਨ ਲਈ 10 ਲੱਖ ਰੁਪਏ ਦਿੱਤੇ ਜਾਣਗੇ। ਇਸ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਸ: ਗੁਰਮੀਤ ਸਿੰਘ ਦਾਦੂਵਾਲ ਨੇ ਟੈਕਨੀਕਲ ਯੂਨੀਵਰਸਿਟੀ ਦਾ ਨਾਂਅ ਵਿਸ਼ਵਕਰਮਾ ਜੀ ਦੇ ਨਾਂਅ `ਤੇ ਰੱਖਣ ਦੀ ਮੰਗ ਵੀ ਕੀਤੀ।
ਕਿਤੇ-ਕਿਤੇ ਵਿਸ਼ਵਕਰਮਾ ਦੀ ਮੂਰਤੀ ਦੇ ਇਸ਼ਨਾਨ ਉਪ੍ਰੰਤ ਹਵਨ ਯੱਗ ਕਰਨ ਅਤੇ ਝੰਡਾ ਲਹਿਰਾਉਣ ਦਾ ਵੀ ਜਿਕਰ ਹੈ, ਭਾਦਸੋਂ ਅਤੇ ਬੱਸੀ ਪਠਾਣਾ ਵਿਖੇ ਸ਼ੋਭਾ ਯਾਤਰਾ ਦਾ ਵੀ। ਪਰ ਮੁੱਖ ਤੌਂਰ ਤੇ ਸੁਖਮਣੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦਾ ਕੀਰਤਨ ਅਤੇ ਅਖੰਡ ਪਾਠ ਦੇ ਭੋਗ ਊਪ੍ਰੰਤ ਗੁਰਬਾਣੀ ਦੇ ਮਨੋਹਰ ਕੀਰਤਨ, ਢਾਡੀ ਅਤੇ ਕਵੀਸ਼ਰੀ ਜਥਿਆਂ ਦਾ ਅਤੇ ਗੁਰੂ ਕੇ ਅਤੁੱਟ ਲੰਗਰ ਦਾ ਹੀ ਜਿਕਰ ਹੈ। ਜਿਥੇ ਜਲੰਧਰ ਵਿਖੇ ਅਖੰਡ ਪਾਠ ਦੇ ਭੋਗ ਉਪ੍ਰੰਤ ਵਿਸ਼ਵਕਰਮਾ ਪੁਰਾਣ ਦੇ ਪਾਠ ਅਤੇ ਹਵਨ ਦੀ ਖ਼ਬਰ ਹੈ। ਉਥੇ ਅਮਲੋਹ ਦੇ ਵਿਸ਼ਵਕਰਮਾ ਮੰਦਰ ਵਿਚ ਸਵੇਰ ਸਮੇਂ ਮੂਰਤੀ ਪੂਜਾ ਅਤੇ ਹਵਨ ਤੋਂ ਬਾਅਦ ਸ੍ਰੀ ਸਹਿਜ ਪਾਠ ਦੇ ਭੋਗ ਦੀ ਵੀ। ਬੁਢਲਾਡਾ ਵਿਖੇ ਗੁਰਦੁਆਰਾ ਸਾਹਿਬ ਰਾਮਗੜ੍ਹੀਆ ਸਿੰਘ ਸਭਾ ਵੱਲੋਂ ਹਫ਼ਤਾ ਭਰ ਪ੍ਰਭਾਤ ਫੇਰੀਆਂ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਦੀ ਵੀ ਖ਼ਬਰ ਹੈ ਮਾਨਸਾ ਵਿਖੇ ਦਰਸ਼ਨ ਸਿੰਘ ਦਲੇਰ ਦੇ ਢਾਡੀ ਜਥੇ ਵੱਲੋਂ ਬਾਬਾ ਵਿਸ਼ਵਕਰਮਾ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ, ਸੁਲਤਾਨਪੁਰ ਲੋਧੀ ਵਿਖੇ ਬਲਬੀਰ ਸਿੰਘ ਮੌਜੀ ਦੇ ਜਥੇ ਨੇ ਅਤੇ ਨਡਾਲਾ ਵਿਖੇ ਭਾਈ ਬਲਵੰਤ ਸਿੰਘ ਪ੍ਰੇਮੀ ਨਾਭੇ ਵਾਲੀਆਂ ਬੀਬੀਆਂਦੇ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ। ਕਿਤੇ-ਕਿਤੇ ਸੁਆਮੀ , ਸ਼ਾਸ਼ਤਰੀ ਅਤੇ ਅਖੋਤੀ ਸੰਤ ਬਾਬਿਆਂ ਨੇ ਵੀ ਹਾਜ਼ਰੀ ਲਵਾਈ ਹੈ।
ਇਹ ਹੈ ਉਹ ਅਡੰਬਰ; ਜੋ ਸਿਆਸੀ ਲੀਡਰਾਂ ਵੋਟਾਂ ਖ਼ਾਤਰ, ਗ੍ਰੰਥੀਆਂ ਅਤੇ ਰਾਗੀਆਂ-ਢਾਡੀਆਂ ਨੋਟਾਂ ਖ਼ਾਤਰ, ਪ੍ਰਬੰਧਕਾਂ ਗੋਲਕ ਦਾ ਢਿੱਡ ਭਰਨ ਖਾਤਰ ਅਤੇ ਸੰਗਤ ਨੇ ਅੰਨੀ ਸ਼ਰਧਾ ਵੱਸ ਕੀਤਾ ਹੈ।
ਲਾਖ ਅਡੰਬਰ ਬਹੁਤੁ ਬਿਸਥਾਰਾ ॥ ਨਾਮ ਬਿਨਾ ਝੂਠੇ ਪਾਸਾਰਾ ॥੭॥(240)
ਆਉ ਹੁਣ ਤਸਵੀਰ ਦੇ ਦੂਜੇ ਪਾਸੇ ਦੇ ਵੀ ਦਰਸ਼ਨ ਕਰੀਏ।
ਵਿਸ਼੍ਵਕਰਮਾ:- ਸੰਸਾਰ ਰਚਣ ਵਾਲਾ ਕਰਤਾਰ। ਰਿਗਵੇਦ ਦੇ ਦੋ ਮੰਤ੍ਰਾਂ ਵਿੱਚ ਵਿਸ਼੍ਵਵਕਰਮਾ ਦਾ ਵਰਣਨ ਹੈ ਕਿ ਇਸ ਦੇ ਹਰ ਪਾਸੇ ਮੂੰਹ ਬਾਹਾਂ ਅਤੇ ਪੈਰ ਹਨ। ਸੰਸਾਰ ਰਚਣ ਵੇਲੇ ਇਹ ਆਪਣਆਿਂ ਬਾਹਾਂ ਤੋਂ ਕੰਮ ਲੈਦਾ ਹੈ ਅਰ ਇਸ ਨੂੰ ਸਾਰੇ ਲੋਕਾਂ ਦਾ ਗਿਆਨ ਹੈ। 2 ਬ੍ਰਹਮਾ। 3 ਇੱਕ ਦੇਵਤਾ, ਜਿਸ ਨੂੰ ਮਹਾਭਾਰਤ ਅਤੇ ਪੁਰਾਣਾਂ ਵਿਚ ਦੇਵਤਿਆਂ ਦਾ ਚੀਫ ਇੰਜਨੀਅਰ ਦੱਸਿਆ ਹੈ। ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀ ਰਚਦਾ ਕਿੰਤੁ ਦੇਵਤਿਆਂ ਦੇ ਸ਼ਸਤ੍ਰਾਂ ਅਸਤ੍ਰਾਂ ਨੂੰ ਭੀ ਇਹੀ ਬਣਾਉਦਾ ਹੈ। ਸਥਾਪਤ੍ਯ ਉਪਵੇਦ, ਜਿਸ ਵਿੱਚ ਦਸ੍ਤਕਾਰੀ ਦੇ ਹੁਨਰ ਦੱਸੇ ਹਨ, ਉਹ ਇਸੇ ਦਾ ਰਚਿਆ ਹੋਇਆ ਹੈ। ਮਹਾਭਾਰਤ ਵਿੱਚ ਇਸ ਬਾਬਤ ਇਉਂ ਲਿਖਿਆ ਹੈ-"ਦੇਵਤਿਆਂ ਦਾ ਪਤਿ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਕਿ ਦੇਵਤਿਆਂ ਦੇ ਰਥ ਬਣਾਏ ਹਨ, ਜਿਸ ਦੇ ਹੁਨਰ ਤੇ ਪ੍ਰਿਥਿਵੀ ਖੜੀ ਹੈ ਅਤੇ ਜਿਸ ਦੀ ਸਦੀਵੀ ਪੂਜਾ ਕੀਤੀ ਜਾਦੀ ਹੈ"
ਰਾਮਾਯਣ ਵਿੱਚ ਲਿਖਿਆ ਹੈ ਕਿ ਵਿਸ਼੍ਵਕਰਮਾ ਅੱਠਵੇਂ ਵਾਸੁ ਪ੍ਰਭਾਸ ਦਾ ਪੁਤ੍ਰ ਲਾਵਨ੍ਯਮਤੀ ( ਯੋਗ-ਸਿੱਧਾ) ਦੇ ਪੇਟੋਂ ਹੋਇਆ। ਇਸ ਦੀ ਪੁਤ੍ਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ ਸਹਾਰ ਨ ਸਕੀ, ਤਾਂ ਵਿਸ਼੍ਵਕਰਮਾ ਨੇ ਸੂਰਯ ਨੂੰ ਆਪਣੇ ਖਰਾਦ ਤੇ ਚਾੜ੍ਹ ਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਯ ਦੀ ਤਪਤ ਕਮ ਹੋ ਗਈ। ਸੂਰਯ ਦੇ ਛਿੱਲੜ ਤੋਂ ਵਿਸ਼੍ਵਕਰਮਾ ਨੇ ਵਿਸ਼ਨੂ ਦਾ ਚਕ੍ਰ, ਸ਼ਿਵ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤ੍ਰ ਬਣਾਏ। ਜਗੰਨਾਥ ਦਾ ਬੁਤ ਭੀ ਇਸੇ ਕਾਰੀਗਰ ਦੀ ਦਸ੍ਤਕਾਰੀ ਦਾ ਕਮਾਲ ਹੈ। ਵਿਸ਼੍ਵਕਰਮਾ ਦੀ ਪੂਜਾ ਦਾ ਦਿਨ ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਭਾਦੋਂ ਦੀ ਸੰਕ੍ਰਾਂਤਿ ਹੈ। (ਮਹਾਨ ਕੋਸ਼ ਪੰਨਾ 1095)
ਉਤਰੀ ਭਾਰਤ ਵਿਚ ਵਿਸ਼ਵਕਾਰਮਾ ਜੈਨਤੀ ਦੀਵਾਲੀ ਤੋਂ ਅਗਲੇ ਦਿਨ ਮਨਾਈ ਜਾਂਦੀ ਹੈ। ਉਸ ਦਿਨ ਚੰਨ ਵਰ੍ਹੇ ਦੇ ਚਾਨਣੇ ਪਖ ਦੀ ਏਕਸ ਹੁੰਦੀ ਹੈ। ਮਹਾਰਾਸ਼ਟਰ ਦੇ ਕੁਝ ਹਿਸਿਆਂ ਵਿਚ ਇਹ ਤਿਉਹਾਰ ਭਾਦੋਂ ਦੀ ਮਸਿਆ ਨੂੰ ਮਨਾਇਆ ਜਾਂਦਾ ਹੈ। ਉਸੇ ਦਿਨ ਆਖਰੀ ਸ਼ਰਾਧ ਹੁੰਦਾ ਹੈ ਜਿਸ ਨੂੰ ਹਿੰਦੂ ਧਾਰਮਿਕ ਸ਼ਬਦਾਵਲੀ ਵਿਚ ਪਿਤਰ ਵਿਸਰਜਣ ਦਾ ਦਿਨ ਵੀ ਆਖਿਆ ਜਾਂਦਾ ਹੈ। ਦੱਖਣ ਭਾਰਤ ਵਿਚ ਵਿਸ਼ਵਕਾਰਮਾ ਜਨੈਤੀ ਬਹੁਤੀਆਂ ਥਾਵਾਂ ਤੇ ਮਾਘ ਮਹੀਨੇ ਦੇ ਚਾਨਣੇ ਪਖ ਦੀ ਤਰੋਦਸ਼ੀ ਨੂੰ ਮਨਾਈ ਜਾਂਦੀ ਹੈ।
ਹਿੰਦੂ ਮਿਥਿਹਾਸ ਕੋਸ਼ਵਿਚ ਮਹਾਨ ਕੋਸ਼ ਵਾਲੀ ਉਪ੍ਰੋਕਤ ਵਾਰਤਾ ਦੇ ਨਾਲ ਇਹ ਵੀ ਦਰਜ ਹੈ, ਇਹ ਸਾਰਿਆਂ ਦਾ ਪਿਤਾ, ਜਨਮ ਦੇਣ ਵਾਲਾ, ਨਾਸ਼ ਕਰਨ ਵਾਲਾ, ਦੇਵਤਿਆਂ ਨੂੰ ਉਨ੍ਹਾਂ ਦੇ ਨਾਂ ਪ੍ਰਦਾਨ ਕਰਦਾ ਹੈ ਅਤੇ ਮਰਨਹਾਰਾਂ ਦੀ ਸਮਜ ਤੋ ਬਾਹਰ ਹੈ। ਰਿਗਵੇਦ ਦੀ ਇਕ ਰਿਚਾ ਅਨੂਸਾਰ, "ਵਿਸ਼ਵਕਰਮਾ ਨੇ, ਜਿਹੜਾ ਭੁਵਨ ਦਾ ਪੁੱਤਰ ਸੀ , ਸਰਵ ਮੇਧ (ਆਮ ਕੁਰਬਾਨੀ) ਨਾਂ ਦੇ ਯੱਗ ਵਿਚ ਸਭ ਤੋਂ ਪਹਿਲਾ ਸਾਰੇ ਸੰਸਾਰ ਨੂੰ ਪੇਸ਼ ਕੀਤਾ ਅਤੇ ਅਖੀਰ ਆਪਣੀ ਕੁਰਬਾਨੀ ਦੇਕੇ ਆਪਣੇ ਆਪ ਨੂੰ ਖਤਮ ਕਰ ਲਿਆ। ਇਸ ਨੇ ਹੀ ਦੇਵਤਿਆਂ ਦੇ ਅਕਾਸ਼ੀ ਰੱਥ ਬਣਾਏ ਸਨ। ਰਾਮਾਇਣ ਵਿਚ ਲਿਖਿਆ ਹੈ ਕਿ ਇਸ ਨੇ ਹੀ ਰਾਕਸ਼ਾਂ ਲਈ ਲੰਕਾ ਸ਼ਹਿਰ ਬਣਾਇਆ ਸੀ ਅਤੇ ਨਲ ਬਾਨਰ ਦੀ ,ਜਿਸ ਨੇ ਮਹਾਂਦੀਪ ਤੋਂ ਲੰਕਾ ਤਕ ਰਾਮ ਦਾ ਪੁਲ ਬਣਾਇਆ ਸੀ, ਉਤਪਤੀ ਕੀਤੀ ਸੀ। ਇਸ ਦੀ ਸਿਰਜਨਾ ਸ਼ਕਤੀ ਨੂੰ ਮੁਖ ਰਖਦਿਆਂ ਹੋਇਆਂ ਇਸ ਨੂੰ ਕਈ ਵਾਰੀ ਪ੍ਰਜਾਪਤੀ ਵੀ ਕਿਹਾ ਜਾਦਾ ਹੈ। ਇਸ ਨੂੰ ਹੋਰ ਨਾਵਾਂ ਨਾਲ ਵੀ ਸੱਦਿਆਂ ਜਾਦਾ ਹੈ, ਕਿਵੇ ਕਾਰੂ, ‘ਕਾਮਾ’; ਤਕਸ਼ਕ, ‘ਤਰਖਾਣ’: ਦੇਵਵਰਧਿਕ, ‘ਦੇਵਤਿਆਂ ਨੂੰ ਬਣਾਉਣ ਵਾਲਾ’; ਸੁਧਨਵਨ, ‘ਚੰਗਾ ਧਧਨੁਸ਼ ਰਖਣ ਵਾਲਾਵੀ ਕਿਹਾ ਜਾਦਾ ਹੈ। (ਪੰਨਾ 520)
ਯਮਰਾਜ ਅਤੇ ਜਮਨਾ ਦੋਵੇ ਸੂਰਜ ਦੀ ਔਲਾਦ ਅਥਵਾ ਵਿਸ਼ਵਕਰਮਾ ਦੇ ਦੋਹਤਾ ਅਤੇ ਦੋਹਤੀ ਹਨ। ਜਿਹੜਾ ਪ੍ਰਾਣੀ ਜਮਨਾ ਵਿਚ ਇਸ਼ਨਾਨ ਕਰਦਾ ਹੈ ਉਸ ਨੁੰ ਜਮਾਂ ਦਾ ਕੋਈ ਡਰ ਨਹੀ ਰਹਿੰਦਾ ਕਿਉਕਿ ਜਮਨਾ ਯਮਰਾਜ ਦੀ ਭੈਣ ਹੈ। ਭਾਗਵਤ ਪੁਰਾਣ ਦੀ ਸਾਖੀ ਅਨੁਸਾਰ, ਅਰਜਨ ਦੀ ਵਿਚੋਲਗੀ ਨਾਲ ਜਮਨਾ ਨੇ ਕ੍ਰਿਸ਼ਨ ਨਾਲ ਸ਼ਾਦੀ ਕਰ ਲਈ ਸੀ ਅਤੇ 10 ਕਾਕੇ ਅਤੇ ਇਕ ਕਾਕੀ ਨੁੰ ਜਨਮ ਦਿੱਤਾ ਸੀ।
ਇਕ ਪਾਸੇ ਤਾਂ ਸੰਸਾਰ ਰਚਣ ਵਾਲਾ ਸਾਰਿਆਂ ਦਾ ਪਿਤਾ, ਜਨਮ ਦੇਣ ਵਾਲਾ, ਨਾਸ਼ ਕਰਨ ਵਾਲਾਂ ਵਿਸ਼ਵਕਰਮਾ ਹੈ ਜਿਸ ਦੇ ਹਰ ਪਾਸੇ ਮੂੰਹ ਬਾਹਾਂ ਅਤੇ ਪੈਰ ਹਨ ਅਤੇ ਦੂਜੇ ਪਾਸੇ ਸਦੀਵੀ ਸੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੁਰਮਾਨ ਹੈ
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭੁ ਭਿੰਨ॥ (283)
ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ॥
ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰੁ ਨ ਦੂਜਾ ਕੀਆ ॥ (551)
ਵਿਸ਼ਵਕਰਮਾ ਜੀ ਦਾ ਜਨਮ ਦਿਨ ਮਨਾਉਣਾ ਉਹਨ੍ਹਾਂ ਨੂੰ ਤਾਂ ਮੁਬਾਰਕ ਹੈ ਜੋ ਇਸ ਦੇ ਸਿਧਾਂਤ ਨੂੰ ਮੰਨਦੇ ਹਨ, ਪਰ ਗੁਰੁ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲਿਆਂ ਵਲੋ ਉਸ ਦੇ ਜਨਮ ਦਿਨ ਗੁਰਦੁਆਰਿਆਂ ਵਿਚ ਮਨਾਉਣ ਦਾ ਕੀ ਸੰਬਧ? ਕੀ ਅਸੀ ਸੱਚ ਦੇ ਦਰਬਾਰ ਵਿਚ ਅਜੇਹੇ ਮਨੋਕਲਪਤ ਦੇਵਤੇ ਦਾ ਪੁਰਬ ਮਨਾ ਕੇ ਕੋਈ ਭੁੱਲ ਤਾ ਨਹੀ ਕਰ ਰਹੇ? ਕੀ ਇਹੋ ਜਿਹੀਆਂ ਭੁਲਾਂ ਕਾਰਨ ਹੀ ਅੱਜ ਸਾਡੇ ਪੱਲੇ ਨਿਰਾਸ਼ਾ ਤਾ ਨਹੀ ਪੈ ਰਹੀ ? ਕੀ ਅਸੀ ਬਿੱਪ੍ਰ ਵਲੋ ਫੈਲਾਏ ਜਾਲ ਵਿਚ ਫੱਸ ਤਾਂ ਨਹੀ ਰਹੇ? ਕੀ ਕੋਈ ਵਿਸ਼੍ਵਵਕਰਮਾ ਭਗਤ ਇਹ ਜਾਣਕਾਰੀ ਦੇਵੇਗਾ ਕੇ ਜਿਸ ਖਰਾਦ ਤੇ ਸੂਰਜ ਨੂੰ ਖਰਾਦਿਆ ਗਿਆ ਸੀ ਉਸ ਨੂੰ ਕਿਸ ਧਰਤੀ ਤੇ ਰੱਖਿਆ ਗਿਆ ਸੀ ? ਸੂਰਜ ਦੇ ਅੱਠਵੇ ਹਿੱਸੇ ਦਾ ਬੂਰਾ ਕਿੰਨਾ ਹੋਵੇਗਾ?
ਅੰਤ ਵਿਚ, ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦੇ ਹਾ ਕਿ ਗੁਰੂ ਨਾਨਕ ਦੇ ਮਿਸ਼ਨ ਨੂੰ ਪੁੱਠਾ ਗੇੜਾ ਦੇਣ ਵਾਲਿਆਂ ਨੂੰ, ਅੰਨੀ ਸ਼ਰਧਾ ਵੱਸ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਾਇਆ ਤੇ ਦੁਨਿਆਵੀ ਵਸਤਾਂ ਭੇਟ ਕਰਕੇ ਸਿਰਫ ਰਸਮੀ ਤੌਰ ਤੇ ਮੱਥਾ ਟੇਕਣ ਦੀ ਬਜਾਏ ਇਸ ਵਿਚ ਲਿਖੇ ਸਦੀਵੀ ਸੱਚ ਨੂੰ ਪੜਨ੍ਹ ਅਤੇ ਸਮਝਣ ਦੀ ਬਿਬੇਕ ਬੁੱਧੀ ਦੀ ਬਖ਼ਸ਼ਿਸ਼ ਕਰੋ ਜੀ।
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ (641)