ਬੰਦੀ ਛੋੜ ਦਿਵਸ ਤੇ ਬਿਪਰਵਾਦੀ ਜੂਲ਼ਾ
ਸਰਵਜੀਤ ਸਿੰਘ ਸੈਕਰਾਮੈਂਟੋ
ਸੰਨ 2009 ਦੇ ਬੰਦੀ ਛੋੜ ਦਿਵਸ (17 ਅਕਤੂਬਰ) ਤੇ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਨਾਲ ਅਰੰਭ ਹੋਇਆ ਵਿਵਾਦ ਖ਼ਤਮ ਨਹੀਂ ਹੋਇਆ, ਬਲਕਿ ਇਸ ਸਾਲ ਬੰਦੀ ਛੋੜ ਦਿਵਸ ਤੇ ਹੀ ਉਸ ਵਿਵਾਦ `ਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਕਿਸੇ ਸੋਚੀ-ਸਮਝੀ ਸਾਜ਼ਿਸ਼ ਅਧੀਨ ਪੈਦਾ ਕੀਤੇ ਗਏ ਵਿਵਾਦ ``ਚ ਜੋ ਅਸਲ ਤਸਵੀਰ ਉੱਭਰਦੀ ਹੈ, ਉਹ ਹੈ ਕੌਮ ਦੇ ਭਵਿਖ ਤੇ ਵੋਟਾਂ ਦੀ ਰਾਜਨੀਤੀ ਭਾਰੂ। ਸਾਡੇ ਧਾਰਮਿਕ ਮੁੱਖੀਆਂ ਵਲੋਂ ਕਿਸੇ ਮਜਬੂਰੀ ਵੱਸ ਕੀਤੇ ਗਏ ਫੈਸਲੇ ਨੇ ਕੌਮ `ਚ ਖਾਨਾਜੰਗੀ ਦੇ ਹਾਲਾਤ ਪੈਦਾ ਕਰ ਦਿੱਤੇ ਸਨ। ਪਰ ਹੁਣ ਤਾਂ ਆਪਣੇ ਹੀ 14 ਮਾਰਚ ਦੇ ਫੈਸਲੇ `ਚ 5 ਨਵੰਬਰ ਨੂੰ ਤਬਦੀਲੀ ਕਰਕੇ ਬਲ਼ਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ।
ਪਿਛਲੇ ਸਾਲ ਬੰਦੀ ਛੋੜ ਦਿਵਸ ਤੇ ਇਕ ਐਸੀ ਖਬ਼ਰ ਆਈ ਸੀ ਕਿ ਜਾਗਰੂਕ ਸਿੱਖ ਸੰਗਤ ਸੁਣਕੇ ਹੈਰਾਨ ਹੋ ਗਈ । ਉਹ ਸੀ, ਬੰਦੀ ਛੋੜ ਦਿਵਸ ਤੇ ਹੋਈ ਪੰਜ ਤਖ਼ਤ ਸਾਹਿਬਾਨ ਦੇ ਮੁਖੀਆਂ ਦੀ ਮੀਟੰਗ `ਚ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਦੀ ਸਾਜ਼ਿਸ਼ ਪਰ ਤਖ਼ਤ ਦਮਦਮਾ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਬਲਵੰਤ ਸਿੰਘ ਜੀ ਨੰਦਗੜ ਵਲੋਂ ਸਖ਼ਤ ਸ਼ਟੈਡ ਲੈਣ ਕਾਰਨ ਇਹ ਸਾਜ਼ਿਸ਼ ਸਿਰੇ ਨਹੀ ਸੀ ਚੜ੍ਹ ਸਕੀ । ਗਿਆਨੀ ਗੁਰਬਚਨ ਸਿੰਘ ਨੇ ਇਹ ਮਸਲਾ ਸ਼੍ਰੌਮਣੀ ਕਮੇਟੀ ਨੂੰ ਸੌਂਪ ਦਿੱਤਾ ਸੀ। ਫਿਰ ਸ਼ੁਰੂ ਹੋਇਆ ਕਮੇਟੀਆਂ ਬਣਾਉਣ ਅਤੇ ਮੀਟੰਗਾਂ ਦਾ ਦੌਰ। ਅਵਤਾਰ ਸਿੰਘ ਮੱਕੜ ਅਤੇ ਹਰਨਾਮ ਸਿੰਘ ਧੁੰਮਾਂ ਦੀ ਦੋ ਮੈਂਬਰੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਦਾ ਮਤਾ ਪਾਸ ਕਰਨ ਉਪ੍ਰੰਤ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਮੋਹਰ ਲਵਾਉਣ ਲਈ ਮਤਾ ਪੇਸ਼ ਕੀਤਾ ਗਿਆ। ਉਥੇ ਵੀ ਕੁਝ ਜਾਗਦੀ ਜ਼ਮੀਰ ਵਾਲੇ ਸੱਜਣਾਂ, ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ ਅਤੇ ਬੀਬੀ ਰਵਿੰਦਰ ਕੌਰ ਨੇ ਬੁਹਤ ਹੀ ਸਖ਼ਤ ਸਟੈਂਡ ਲਿਆ ਪਰ ਜਦੋਂ ਹੁਕਮ ਹੀ ਉਪਰੋਂ ਆਏ ਹੋਣ, ਉਥੇ ਜਾਗਦੀ ਜ਼ਮੀਰ ਵਾਲਿਆਂ ਦੀ ਕੌਣ ਸੁਣਦਾ ਹੈ। ਅਖੀਰ 14 ਮਾਰਚ 2010 ਨੂੰ ਨਾਨਕਸ਼ਾਹੀ ਦਾ ਵਿਗਾੜਿਆ ਹੋਇਆ ਰੂਪ ਜਾਰੀ ਕਰ ਦਿੱਤਾ ਗਿਆ। ਜੋ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ 2003 ਵਿਚ ਕੀਤਾ ਗਿਆ ਸੀ ਉਸ ਨੂੰ ਕਿਸੇ ਡੂੰਘੀ ਸਾਜ਼ਿਸ਼ ਤਹਿਤ ਗ਼ਲਤ ਸਾਬਤ ਕਰ ਦਿੱਤਾ ਗਿਆ। ਸਿੱਖ ਕੌਮ ਦੀ ਧੌਣ ਤੇ ਵਦੀ-ਸੁਦੀ ਰੂਪੀ, ਗੁਲਾਮੀ ਦਾ ਉਹ ਜੂਲ਼ਾ ਫਿਰ ਧਰ ਦਿੱਤਾ ਗਿਆ, ਜਿਸ ਨੂੰ ਉਤਾਰਨ ਲਈ ਵਿਦਵਾਨਾਂ ਨੇ ਸਾਲਾਂ-ਬੱਧੀ ਖੋਜ ਕੀਤੀ ਸੀ। ਵਿਦਵਾਨਾਂ ਦੇ ਇਸ ਉਪਰਾਲੇ ਨੂੰ ਅਕਾਲ ਤਖ਼ਤ ਸਾਹਿਬ ਜੀ ਵਲੋਂ 2003 ``ਚ ਮਾਨਤਾ ਦਿੱਤੀ ਗਈ ਸੀ। ਯਾਦ ਰਹੇ 14 ਮਾਰਚ 2010 ਨੂੰ 4 ਤਰੀਖਾਂ ਵਿਗਾੜੀਆਂ ਗਈਆਂ ਸਨ।
ਇਸ ਸਾਲ ਬੰਦੀ ਛੋੜ ਦਿਵਸ ਭਾਵ 5 ਨਵੰਬਰ, 2010 ਨੂੰ ਗਿਆਨੀ ਗੁਰਬਚਨ ਸਿੰਘ ਨੇ ਬਿਪਰਬਾਦੀ ਕੁਹਾੜੇ ਦਾ ਇਕ ਹੋਰ ਵਾਰ ਕਰਦਿਆਂ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਵੀ ਬਦਲ ਦਿੱਤੀ ਹੈ। ਅਕਾਲ ਤਖ਼ਤ ਸਾਹਿਬ ਵਲੋਂ 2003 ਵਿਚ ਪ੍ਰਵਾਨ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ 11 ਮੱਘਰ ਨੂੰ ਮਨਾਇਆ ਜਾਂਦਾ ਹੈ। 11 ਮੱਘਰ ਨਾਨਕਸ਼ਾਹੀ, ਹਰ ਸਾਲ ਗ੍ਰੈਗੋਰੀਨ ਕੈਲੰਡਰ ਦੀ 24 ਨਵੰਬਰ ਨੂੰ ਹੀ ਆਉਂਦਾ ਹੈ। ਇਸ ਸਾਲ ਇਹ ਦਿਹਾੜਾ 24 ਨਵੰਬਰ ਨੂੰ ਨਹੀਂ ਮਨਾਇਆ ਜਾਵੇਗਾ। ਹੁਣ ਇਹ 10 ਦਸੰਬਰ ਨੂੰ ਮਨਾਇਆ ਜਾਵੇਗਾ। ਕਿਉਂ?
14 ਮਾਰਚ 2010 ਨੂੰ ਨਾਨਕਸ਼ਾਹੀ ਕੈਲੰਡਰ `ਚ ਸੋਧਾਂ ਲਾਗੂ ਕਰਨ ਵੇਲੇ ਤਾਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ 2003 ਵਿਚ ਲਾਗੂ ਕੀਤੇ ਗਏ ਕੈਲੰਡਰ ਨੂੰ ਪੰਜਾਬ ਤੋਂ ਬਾਹਰਲੇ ਦੋ ਤਖਤਾਂ ਅਤੇ ਸੰਤ ਸਮਾਜ ਨੇ ਮਾਨਤਾ ਨਹੀ ਦਿੱਤੀ, ਇਸ ਲਈ ਸਾਰੀ ਕੌਮ `ਚ ਏਕਤਾ ਦੀ ਖਾਤਰ ਇਹ ਸੋਧਾਂ ਜ਼ਰੂਰੀ ਸਨ। ਇਸ ਵਿਵਾਦ ਸਬੰਧੀ ਪਿਛਲੇ ਸਮੇਂ `ਚ ਕਦੇ-ਕਦਾਈਂ ਚਰਚਾ ਵੀ ਸੁਣਾਈ ਦਿੰਦੀ ਰਹੀ ਹੈ, ਪਰ 14 ਮਾਰਚ 2010 ਤੋਂ 5 ਨਵੰਬਰ 2010 ਤਾਈਂ ਤਾਂ ਕੈਲੰਡਰ `ਚ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਤਬਦੀਲ ਕਰਨ ਦੀ ਮੰਗ ਕਿਸੇ ਵੀ ਧਿਰ ਵਲੋਂ ਨਹੀ ਕੀਤੀ ਗਈ, ਤਾਂ ਹੁਣ ਅਚਾਨਕ ਇਹ ਫੈਸਲਾ ਕਿਉਂ? 2003 `ਚ ਕੈਲੰਡਰ ਲਾਗੂ ਕਰਨ ਵੇਲੇ ਤਾਂ ਪ੍ਰਬੰਧਕ ਵੀ ਹੋਰ ਸਨ। ਮੰਨ ਲਓ! ਉਨ੍ਹਾਂ ਦੇ ਫੈਸਲੇ ਵਿਚ ਕੋਈ ਕਮੀ-ਪੇਸ਼ੀ ਸੀ, ਜਿਸ `ਚ ਸੋਧ ਕਰਨੀ ਜ਼ਰੂਰੀ ਸੀ ਪਰ ਪਿਛਲੇ ਅੱਠ ਮਹੀਨਿਆਂ ਵਿਚ ਤਾਂ ਪ੍ਰਬੰਧ `ਚ ਵੀ ਕੋਈ ਤਬਦੀਲੀ ਨਹੀ ਆਈ, ਤਾਂ ਹੁਣ ‘ਬਾਦਲੀ ਜਥੇਦਾਰਾਂ’ ਦੀ ਕੀ ਮਜਬੂਰੀ ਸੀ?
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ, ਮੱਘਰ ਸੁਦੀ 5, 11 ਮੱਘਰ 1732 ਬਿਕ੍ਰਮੀ ਭਾਵ 11 ਨਵੰਬਰ 1675 (ਜੂਲੀਅਨ) ਦਿਨ ਵੀਰਵਾਰ ਨੂੰ ਹੋਈ ਸੀ। ਇਸ ਤਾਰੀਖ ਸਬੰਧੀ ਕੋਈ ਵੀ ਮੱਤ-ਭੇਦ ਨਹੀ ਹੈ।
“ਸੰਮਤ 1732 ਮੱਘਰ ਸੁਦੀ 5 ਵੀਰਵਾਰ ਦੁਇ ਪਹਿਰ ਇਕ ਘੜੀ ਦਿਨ ਚੜ੍ਹੇ
ਸ੍ਰੀ ਗੁਰੂ ਤੇਗ ਬਹਾਦਰ ਜੀ ਸਮਾਏ ਦਿੱਲੀ ਵਿੱਚ; ਸਾਂਗ ਹੋਇਆ ਗੁਰੂ ਜੀ ਕੀਤਾ” (ਗੁਰ-ਪ੍ਰਣਾਲੀ, ਪੰਨਾ10)
ਸਤਾਰਾਂ ਸੈ ਬੱਤੀ ਬਰਖ ਸੰਮਤਿ ਵੀਰਵਾਰ ਕੋ ਨਾਇ।
ਮੱਘਰ ਸ਼ੁਦਿ ਥਿਤਿ ਪੰਚਮੀ ਤੇਗ ਬਹਾਦਰ ਗੁਰੂ ਸਮਾਏ॥39॥ (ਗੁਰ-ਪ੍ਰਣਾਲੀ, ਪੰਨਾ16)
ਮੱਘ੍ਰ ਪੰਚਮੀ ਸੁਦੀ ਪਛਾਨਹੁਂ ਸੁਰਗੁਰਵਾਰ ਤਬਹਿ ਪਹਿਚਾਨਹੁਂ।
ਸੰਮਤ ਸੱਤਰਾਂ ਸੈ ਬੱਤਿਸਾ ਭਾਣਾ ਵਰਤਾਯੋ ਜਗਦੀਸ਼ਾ। (ਗੁਰਪ੍ਰਤਾਪ ਸੂਰਜ, ਰਾਸਿ12)
ਉਪ੍ਰੋਕਤ ਹਵਾਂਲਿਆ ਮੁਤਾਬਿਕ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਮੱਘਰ ਸੁਦੀ 5 ਦਿਨ ਵੀਰਵਾਰ ਸੰਮਤ 1732 ਨੂੰ ਹੋਈ ਸੀ।
“13 ਮੱਘਰ, ਸੁਦੀ ਪੰਚਮੀ ਸੰਮਤ 1732 ਬਿਕ੍ਰਮੀ ਨੂੰ ਗੁਰੁਵਾਰ ਨਿਗੁਰੇ ਦੀ ਅਜੇਹੀ ਕਹਿਰ ਭਰੀ ਖੂਨਣ ਸਵੇਰ ਹੋਈ,” (ਤਵਾਰੀਖ ਗੁਰੂ ਖਾਲਸਾ, ਗਿਆਨੀ ਗਿਆਨ ਸਿੰਘ)
ਇਥੇ ਇਕ ਹੋਰ ਤਰੀਖ ਸਾਡੇ ਸਾਹਮਣੇ ਆ ਗਈ ਹੈ 13 ਮੱਘਰ, ਸੁਦੀ ਪੰਚਮੀ ਦਿਨ ਗੁਰੁਵਾਰ (ਵੀਰਵਾਰ) ਸੰਮਤ 1732 ਬਿਕ੍ਰਮੀ । ਭਾਵੇਂ 13 ਮੱਘਰ ਠੀਕ ਨਹੀ ਹੈ ਇਥੇ 11 ਮੱਘਰ ਹੋਣਾ ਚਾਹੀਦਾ ਸੀ, ਕਿਉਂਕਿ 11 ਮੱਘਰ ਅਤੇ ਮੱਘਰ ਸੁਦੀ ਪੰਚਮੀ ਨੂੰ ਹੀ ਵੀਰਵਾਰ ਸੀ, ਇਸ ਨਾਲ ਸਾਰੇ ਲੇਖਕ ਸਹਿਮਤ ਹਨ ਪਰ ਤਰੀਖ ਲਿਖਣ ਦਾ ਨਵਾ ਢੰਗ ਧਿਆਨ ਦੇਣ ਯੋਗ ਹੈ। ਭਾਈ ਸੰਤੋਖ ਸਿੰਘ ਜੀ 1840 ``ਚ “ਮੱਘ੍ਰ ਪੰਚਮੀ ਸੁਦੀ ਪਛਾਨਹੁਂ ਸੁਰਗੁਰਵਾਰ ਤਬਹਿ ਪਹਿਚਾਨਹੁਂ” ਲਿਖ ਰਹੇ ਹਨ ਪਰ ਗਿਆਨੀ ਗਿਆਨ ਸਿੰਘ ਜੀ 1891 ``ਚ 13 ਮੱਘਰ (11 ਮੱਘਰ) ਲਿਖ ਰਹੇ ਹਨ। ਇਸੇ ਹੀ ਤਾਰੀਖ ਨੂੰ ਸ਼੍ਰੋਮਣੀ ਕਮੇਟੀ 11 ਨਵੰਬਰ (ਜੂਲੀਅਨ) ਲਿਖ ਰਹੀ ਹੈ।
“ Now it was the turn of Guru Sahib who remained calm & quiet. The authorities offered three alternatives viz : (1) To show miracles, or (2) to embrace Islam, or (3) to prepare himself for death. Guru Sahib accepted the last. On seeing Guru Sahib adamant and immoveable, the authorities ordered the executioner (Jallad) to sever the head from the body. The order was implemented. The historians quote this date as November 11, 1675 AD”। (http://sgpc.net/gurus/guruteghbahadur.asp)
ਉਪ੍ਰੋਕਤ ਪੁਰਾਤਨ ਹਵਾਲਿਆ ਤੋਂ ਗੁਰੂ ਜੀ ਦੀ ਸ਼ਹੀਦੀ ਦੀ ਇਕ ਹੀ ਸਾਂਝੀ ਤਰੀਖ ਮਿਲਦੀ ਹੈ ਉਹ ਹੈ ਮੱਘਰ ਸੁਦੀ ਪੰਜ, 11 ਮੱਘਰ, ਸੰਮਤ 1732, ਦਿਨ ਵੀਰਵਾਰ। ਯਾਦ ਰਹੇ ਪੁਰਾਣੇ ਸਮੇਂ ``ਚ ਜੋ ਕੈਲੰਡਰ ਬਣਾਏ ਗਏ ਸਨ ਉਹ ਚੰਦ ਤੇ ਆਧਾਰਤ ਸਨ। ਜਿਸ ਮੁਤਾਬਕ ਗੁਰੂ ਜੀ ਦੀ ਸ਼ਹੀਦੀ ਦੀ ਤਾਰੀਖ ਮੱਘਰ ਸੁਦੀ ਪੰਜ ਲਿਖੀ ਗਈ, ਇਸ ਪਿਛੋਂ ਸੂਰਜ ਆਧਾਰਤ ਕੈਲੰਡਰ ਹੋਂਦ ਵਿੱਚ ਆਏ। ਉਸ ਮੁਤਾਬਿਕ ਗੁਰੂ ਜੀ ਦੀ ਸ਼ਹੀਦੀ 11 ਮੱਘਰ ਦਿਨ ਵੀਰਵਾਰ ਨੂੰ ਹੋਈ ਸੀ। ਹਿੰਦੋਸਤਾਨ ``ਚ ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਇਹ ਕੈਲੰਡਰ ਹੀ ਪ੍ਰਚੱਲਤ ਸਨ। ਹੁਣ ਜਦੋਂ 11 ਮੱਘਰ ਬਿਕ੍ਰਮੀ 1732 ਨੂੰ ਜੂਲੀਅਨ ਕੈਲੰਡਰ ``ਚ ਲਿਖਿਆ ਗਿਆ ਤਾਂ ਇਸ ਨੂੰ 11 ਨਵੰਬਰ 1675 ਦਿਨ ਵੀਰਵਾਰ ਲਿਖਿਆ ਗਿਆ। ਇਹ ਤਾਰੀਖ ਹੀ ਸ਼੍ਰੋਮਣੀ ਕਮੇਟੀ ਦੀਆਂ ਲਿਖਤਾ ``ਚ ਮਿਲਦੀ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਜਿਸ ਦਿਨ ਚਾਂਦਨੀ ਚੌਕ ਵਿਚ ਕਾਜ਼ੀ ਅਬਦੁਲ ਵਹਾਬ ਦੇ ਫ਼ਤਵਾ ਜਾਰੀ ਕਰਨ ਤੇ ਜਲਾਦ ਜਲਾਲੁਦੀਨ ਨੇ ਗੁਰੂ ਜੀ ਦੇ ਸੀਸ ਤੇ ਤਲਵਾਰ ਚਲਾਈ ਸੀ, ਉਹ ਦਿਨ ਵੀਰਵਾਰ, ਮੱਘਰ ਸੁਦੀ 5, ਮੱਘਰ 11, ਸੰਮਤ ਬਿਕ੍ਰਮੀ 1732, ਅਤੇ 11 ਨਵੰਬਰ 1675 ਜੂਲੀਅਨ ਸੀ। ਇਸ ਦਾ ਭਾਵ ਹੈ ਕਿ ਉਸ ਦਿਨ ਤਿੰਨ ਤਰੀਕਾਂ ਸਨ। ਹੁਣ ਇਹ ਤਿੰਨੇ ਤਰੀਖਾਂ ਕਦੇ ਵੀ ਇਕੱਠੀਆਂ ਨਹੀ ਆਉਣਗੀਆਂ। ਪਤਾਂ ਨਹੀ ਗਿਆਨੀ ਗੁਰਬਚਨ ਸਿੰਘ ਜੀ ਦੀ ਕੀ ਮਜਬੂਰੀ ਹੈ ਕਿ ਉਹ ਹਰ ਸਾਲ ਸੀ: ਈ: ਕੈਲੰਡਰ ਦੀ 24 ਨਵੰਬਰ ਨੂੰ ਹੀ ਆਉਣ ਵਾਲੀ 11 ਮੱਘਰ ਨਾਲੋਂ ਮੱਘਰ ਸੁਦੀ 5 ਨੂੰ ਜਿਆਦਾ ਮਹੱਤਵ ਪੂਰਨ ਸਮਝ ਰਹੇ ਹਨ?
ਅੱਜ ਦਿਨ ਐਤਵਾਰ ਨੂੰ ਵੀ ਤਿੰਨ ਤਰੀਖਾਂ ਹਨ। ਕੱਤਕ ਸੁਦੀ 8, ਮੱਘਰ 1 (ਨਾਨਕਸ਼ਾਹੀ) ਅਤੇ 14 ਨਵੰਬਰ ਸੀ: ਈ:। ਚੰਦ ਦੇ ਕੈਲੰਡਰ ਦੀ ਇਕ ਖਾਸ ਵਿਸ਼ੇਸ਼ਤਾਈ ਇਹ ਵੀ ਹੈ, ਇਸ ``ਚ ਇਕ ਦਿਨ ਵਿਚ ਦੋ ਤਰੀਖਾਂ ਜਾਂ ਦੋ ਦਿਨਾਂ `ਚ ਇਕ ਤਾਰੀਖ ਅਕਸਰ ਹੀ ਆਉਂਦੀ ਰਹਿੰਦੀ ਹੈ। 1 ਦਸੰਬਰ 2010 ਦਿਨ ਬੁੱਧਵਾਰ ਨੂੰ ਮੱਘਰ ਵਦੀ 10 ਅਤੇ 11 ਹੋਵੇਗੀ ਭਾਵ ਇਕ ਦਿਨ ਹੀ ਦੋ ਤਾਰੀਖਾਂ। ਦਸੰਬਰ 14 ਅਤੇ 15 ਨੂੰ ਮੱਘਰ ਸੁਦੀ 8 ਹੋਵੇਗੀ ਭਾਵ ਦੋ ਦਿਨਾਂ `ਚ ਇਕ ਤਰੀਖ ਅਤੇ 24 ਦਸੰਬਰ ਦਿਨ ਸ਼ੁਕਰਵਾਰ ਨੂੰ ਚੰਦ ਦੀਆਂ ਦੋ ਤਾਰੀਖਾਂ, ਪੋਹ ਵਦੀ 3 ਅਤੇ 4 ਆਉਣਗੀਆਂ । ਸਾਲ 2010 `ਚ ਅਜੇਹਾ 26 ਵੇਰਾਂ ਵਾਪਰਿਆਂ ਹੈ। ਹਰ ਮਹੀਨੇ ਵਿਚ ਘੱਟੋ-ਘੱਟ ਇਕ ਵਾਰ ਅਤੇ ਵੱਧ ਤੋਂ ਵੱਧ ਜੁਲਾਈ ਮਹੀਨੇ ਵਿਚ ਚਾਰ ਵਾਰ ਅਜੇਹਾ ਹੋਇਆ ਹੈ। ਹੋਰ ਕਮਾਲ ਵੇਖੋ! ਹਰ ਤੀਜੇ ਜਾਂ ਚੌਥੇ ਸਾਲ ਚੰਦ ਦੇ ਸਾਲ ਦੇ 13 ਮਹੀਨੇ ਵੀ ਹੁੰਦੇ ਹਨ। 2010 ਵਿਚ ਚੰਦ ਦੇ ਸਾਲ ਦੇ 13 ਮਹੀਨੇ ਹਨ। ਵੈਸਾਖ ਦੇ ਦੋ ਮਹੀਨੇ ਹਨ। 2012 `ਚ ਵੀ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। ਭਾਦੋਂ ਦੇ ਦੋ ਮਹੀਨੇ।
ਚੰਦ ਦਾ ਇੱਕ ਸਾਲ 354.37 ਦਿਨਾਂ ਦਾ ਹੁੰਦਾ ਹੈ। ਸੂਰਜੀ ਸਾਲ 365. 2422 ਦਿਨਾਂ ਦਾ। ਚੰਦ ਦਾ ਇੱਕ ਸਾਲ ਸੂਰਜੀ ਸਾਲ ਨਾਲੋਂ ਲੱਗਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਅਸੀਂ ਚੰਦ ਆਧਾਰਤ ਬਿਕਰਮੀ ਕੈਲੰਡਰ ਦੀ ਵਰਤੋਂ ਕਰਦੇ ਹਾਂ ਤਾਂ ਕੋਈ ਵੀ ਗੁਰਪੁਰਬ ਸੁਦੀ-ਵਦੀ ਅਨੁਸਾਰ ਪਿਛਲੇ ਸਾਲ ਨਾਲੋਂ ਤਕਰੀਬਨ 11 ਦਿਨ ਪਹਿਲਾਂ ਆ ਜਾਂਦਾ ਹੈ। ਅੱਗਲੇ ਸਾਲ ਉਹ ਪੁਰਬ ਹੋਰ 11 ਦਿਨ ਪਹਿਲਾਂ ਹੋ ਜਾਵੇਗਾ। ਭਾਵ ਚੰਦ ਦੇ ਸਾਲ ਅਤੇ ਸੂਰਜ ਦੇ ਸਾਲ ਵਿਚ, 2 ਸਾਲਾਂ ਵਿੱਚ ਹੀ ਲੱਗਭੱਗ 22 ਇਨਾਂ ਦਾ ਅੰਤਰ ਹੋ ਗਿਆ। ਹੁਣ ਚੰਦ ਦੇ ਸਾਲ ਵਿਚ ਤੀਜੇ ਜਾਂ ਚੌਥੇ ਸਾਲ ਇੱਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ ਤਾਂ ਜੋ ਉਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਕੀਤਾ ਜਾ ਸਕੇ। ਇਹ ਤੇਰ੍ਹਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ, ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਲੌਂਦ ਦੇ ਮਹੀਨੇ ਤੋਂ ਪਿਛੋ ਆਉਣ ਵਾਲੇ ਦਿਹਾੜੇ 18/19 ਦਿਨ ਸੂਰਜੀ ਕੈਲੰਡਰ ਵਿਚ ਪਛੜ ਜਾਂਦੇ ਹਨ। ਮਿਸਾਲ ਵਜੋ, 5 ਨਵੰਬਰ ਨੂੰ ਕੀਤੀ ਗਈ ਨਵੀ ਸੋਧ ਉਪ੍ਰੰਤ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 2010 ਵਿਚ 10 ਦਸੰਬਰ ਨੂੰ ਮਨਾਇਆ ਜਾਵੇਗਾ। 2011 ਵਿਚ ਇਹ ਦਿਹਾੜਾ 29 ਨਵੰਬਰ ਨੂੰ, 2012 ਵਿਚ 17 ਦਸੰਬਰ ਅਤੇ 2013 ਵਿਚ 7 ਦਸੰਬਰ ਨੂੰ ਮਨਾਇਆ ਜਾਵੇਗਾ। ਇਸ ਗੁੰਝਲਦਾਰ ਕੈਲੰਡਰ ਦੀਆਂ ਤਰੀਖਾਂ ਹਰ ਸਾਲ ਸੂਰਜੀ ਕੈਲੰਡਰ ਵਿਚ ਬਦਲ ਜਾਂਦੀਆਂ ਹਨ। ਇਸੇ ਕਰਕੇ ਹੀ ਇਹ ਸਾਨੂੰ ਯਾਦ ਨਹੀ ਰਹਿ ਸਕਦੀਆਂ ਅਤੇ ਨਾਂ ਹੀ ਅਸੀ ਆਪ ਇਨ੍ਹਾਂ ਦਾ ਹਿਸਾਬ-ਕਿਤਾਬ ਕਰ ਸਕਦੇ ਹਾਂ । ਸਾਨੂੰ ਜੰਤਰੀਆਂ ਤੇ ਹੀ ਨਿਰਭਰ ਹੋਣਾ ਪੈਣਾ ਹੈ ਅਤੇ ਜੰਤਰੀਆਂ ਨੂੰ ਬਣਾਉਦੇ ਹਨ ‘ਪੰਡਿਤ ਜੀ ਮਹਾਰਾਜ’।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਚੰਦ ਆਧਾਰਤ ਬਿਕ੍ਰਮੀ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ-ਤੇੜੇ ਹੀ ਕਰਨਾ ਪੈਣਾ ਹੈ, ਤਾਂ ਕਿਓਂ ਨਾ ਸੂਰਜੀ ਕੈਲੰਡਰ ਹੀ ਅਪਣਾ ਲਿਆ ਜਾਵੇ? ਨਾਨਕਸ਼ਾਹੀ ਕੈਲੰਡਰ ਸੂਰਜ ਦੀ ਚਾਲ ਨਾਲ ਚਲਦਾ ਹੈ। ਇਸ ਮੁਤਾਬਕ 11 ਮੱਘਰ ਹਰ ਸਾਲ ਗ੍ਰੈਗੋਰੀਅਨ ਜਾਂ ਸੀ:ਈ: ਕੈਲੰਡਰ ਦੀ 24 ਨਵੰਬਰ ਨੂੰ ਹੀ ਆਵੇਗਾ। ਨਾਨਕਸ਼ਾਂਹੀ ਕੈਲੰਡਰ ਵਿੱਚ ਕਨੇਡਾ ਨਿਵਾਸੀ ਸ. ਪਾਲ ਸਿੰਘ ਪੁਰੇਵਾਲ ਜੀ ਨੇ ਹਰ ਤਾਰੀਖ ਪੱਕੀ ਕਰ ਦਿੱਤੀ ਸੀ। ਸਾਧ ਬਾਬੇ ਇਹ ਰੌਲ੍ਹਾਂ ਪਾਕੇ ਕਿ ਤਾਰੀਖਾਂ ਬਦਲ ਦਿੱਤੀਆਂ ਗਈਆਂ ਹਨ, ਸੰਗਤਾਂ ਨੂੰ ਗੁਮਰਾਹ ਕਰਨ ਦਾ ਅਸਫ਼ਲ ਯਤਨ ਕਰ ਰਹੇ ਹਨ। ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡਾ ਸੀ: ਈ: ਕੈਲੰਡਰ ਬਿਨਾਂ ਗੁਜਾਰਾ ਹੋ ਜਾਵੇਗਾਂ? ਇਹ ਸਵਾਲ ਸਾਰੇ ਪਾਠਕ ਆਪਣੇ ਆਪ ਨੂੰ ਪੁੱਛਣ। ਅੱਜ (ਦਿਨ ਐਤਵਾਰ) ਕਿੰਨੀ ਤਰੀਖ ਹੈ? ਜੇ ਤੁਹਾਡਾ ਜੁਵਾਬ 14 ਨਵੰਬਰ ਹੈ ਤਾਂ ਸਾਨੂੰ ਸੀ ਈ ਕੈਲੰਡਰ ਦੀ ਲੋੜ ਹੈ ਪਰ ਜੇ ਤੁਹਾਡਾ ਜੁਵਾਬ ਕੱਤਕ ਸੁਦੀ 8 ਹੈ ਤਾਂ ਸਾਨੂੰ ਸੀ ਈ ਕੈਲੰਡਰ ਦੀ ਕੋਈ ਲੋੜ ਨਹੀ।
ਬੰਦੀਛੋੜ ਦਿਵਸ ਤਾਂ ਸਿੱਖ ਕੌਮ ਲਈ ਉਨ੍ਹਾਂ ਸਾਰੇ ਬੰਧਨਾਂ ਤੋਂ ਮੁਕਤ ਹੋਣ ਲਈ ਪ੍ਰਣ ਕਰਨ ਦਾ ਦਿਹਾੜਾ ਹੈ ਜੋ ਬਿਪਰਵਾਦੀ ਅਤੇ ਡੇਰਾਵਾਦੀ ਸਾਡੇ ਤੇ ਠੋਸਣਾ ਚਹੁੰਦੇ ਹਨ। ਇਕ ਪਾਸੇ ਤਾਂ ਸਾਨੂੰ ਸਟੇਜਾਂ ਤੋਂ ਅੱਡੀਆਂ ਚੁੱਕ-ਚੁੱਕ ਕੇ ਇਹ ਦੱਸਿਆ ਜਾਂਦਾ ਹੈ ਕਿ ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿਚੋਂ 52 ਹਿੰਦੂ ਰਾਜਿਆਂ ਨੂੰ ਅਜ਼ਾਦ ਕਰਵਾਇਆ ਸੀ। ਦੂਜੇ ਪਾਸੇ, ਉਸੇ ਹੀ ਦਿਨ, ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਸਾਜੇ ਗਏ ਅਕਾਲ ਤਖਤ ਸਾਹਿਬ ਦਾ ਮੁਖ ਸੇਵਾਦਾਰ, ਜੋ ਆਪਣੇ ਆਪ ਨੂੰ ਜਥੇਦਾਰ ਅਤੇ ਸਿੰਘ ਸਾਹਿਬ ਅਖਵਾ ਕੇ ਜਿਆਦਾ ਖੁਸ਼ ਹੁੰਦਾ ਹੈ, ਉਸੇ ਹੀ ਤਖਤ ਤੋ, ਸਿਖ ਕੌਮ ਦੀ ਵੱਖਰੀ ਅਤੇ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ `ਚ ਬੇਲੋੜੀਆਂ ਅਤੇ ਅਣਵਿਗਿਆਨਿਕ ਤਬਦੀਲੀਆਂ ਕਰਕੇ, ਬਿਪਰਵਾਦੀ ਜੂਲ਼ਾ ਸਾਡੀ ਧੌਣ ਤੇ ਰੱਖਣ ਦਾ ਐਲਾਨ ਕਰਦਾ ਹੈ। ਖਾਲਸਾ ਜੀ ਜਾਗੋ!