ਗੁਰਚਰਨਜੀਤ ਸਿੰਘ ਲਾਂਬਾ ਦੇ ਨਾਮ ਖੁੱਲਾ ਖੱਤ
ਗੁਰਚਰਨਜੀਤ ਸਿੰਘ ਲਾਂਬਾ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦੇ ਸੰਪਾਦਕੀ (ਦਸੰਬਰ-ਸੰਤ ਸਿਪਾਹੀ), “ਨਾਨਕਸ਼ਾਹੀ ਕੈਲੰਡਰ-ਹੁਣ ਕੂਚੀ ਦੀ ਨਹੀ ਵਡੇ ਬੁਰਸ਼ ਦੀ ਲੋੜ ਹੈ” ਸਬੰਧੀ ਬੇਨਤੀ ਹੈ ਕਿ ਇਕ ਪਾਸੇ ਤਾਂ ਆਪ ਜੀ ਲਿਖਦੇ ਹੋ ਕਿ, “ ਅਲਬਤਾ ਹਿੰਦੂ ਰਾਜੇ ਵਿਕ੍ਰਮਾਦਿਤਯ ਵਲੋਂ ਇਹ ਸੰਮਤ ਅਰੰਭ ਕੀਤਾ ਗਿਆ। ਪਰ ਇਸ ਨਾਲ ਇਹ ਹਿੰਦੂ ਸੰਮਤ ਨਹੀਂ ਬਣ ਜਾਂਦਾ। ਆਰਯਾਭੱਟ ਵਲੋਂ ਈਜਾਦ ਕੀਤੇ ਗਏ ਸ਼ੁੰਨ ਜਾਂ ਜ਼ੀਰੋ ਦੇ ਸਿਧਾਂਤ ਨੂੰ ਹਿੰਦੂ ਸਿਧਾਂਤ, ਨਿਉਟਨ ਦੇ ਧਰਤੀ ਵਿਚਲੀ ਕਸ਼ਿਸ਼ ਗਰੁਤਵ ਆਕਰਖਣ ਦੇ ਸਿਧਾਂਤ ਨੂੰ ਇਸਾਈ ਸਿਧਾਂਤ ਜਾਂ ਆਈਨਸਟੀਨ ਦੇ ਪਰਮਾਣੂ ਸਿਧਾਂਤ ਨੂੰ ਯਹੂਦੀ ਸਿਧਾਂਤ ਨਹੀਂ ਕਿਹਾ ਜਾ ਸਕਦਾ” ਤਾਂ ਸਵਾਲ ਪੈਦਾ ਹੁੰਦਾ ਹੈ ਕਿ ਪੋਪ ਗ੍ਰੈਗਰੀ ਵਲੋਂ ਮਾਨਤਾ ਪ੍ਰਾਪਤ ਗ੍ਰੈਗੋਰੀਅਨ ਕੈਲੰਡਰ ‘ਈਸਾਈ ਕੈਲੰਡਰ’ ਕਿਵੇਂ ਹੋਇਆ ਜੀ?
ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਦਾ ਹਵਾਲਾ ਦੇ ਕਿ ਇਹ ਸਾਬਤ ਕੀਤਾ ਹੈ ਕਿ ਗੁਰੂ ਜੀ ਵੇਲੇ ਤਾਰੀਖਾਂ ਕਿਵੇਂ ਲਿਖੀਆ ਜਾਂਦੀਆ ਸਨ। ਇਹ ਸੱਚ ਹੈ ਕਿ ਉਸ ਵੇਲੇ ਵਦੀ-ਸਦੀ ਵਿਚ ਹੀ ਤਾਰੀਖਾਂ ਲਿਖੀਆ ਜਾਂਦੀਆਂ ਸਨ, ਜੇ ਆਪ ਜੀ ਇਹ ਕਹਿਣਾ ਚਹੁੰਦੇ ਹੋ ਕਿ ਸਾਨੂੰ ਅੱਜ ਵੀ ਉਵੇਂ ਹੀ ਤਾਰੀਖਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਲਾਬਾਂ ਜੀ, ਕੀ ਸਾਨੂੰ ਬਿਜਲੀ, ਸਪੀਕਰ, ਇੰਟਰਨੈਟ, ਟੈਲੀਫੂਨ, ਟੀਵੀ, ਅਤੇ ਹਵਾਈ ਜਾਹਾਜ ਆਦਿ ਵਰਤਣੇ ਚਾਹੀਦੇ ਹਨ? ਆਪ ਜੀ ਲਿਖਦੇ ਹੋ, “ਉਪਰੰਤ ਗੁਰੂ ਕਲਗੀਧਰ ਪਿਤਾ ਨੇ ਵੀ ਆਪਣੀ ਕਲਮ ਨਾਲ ਆਪਣੀ ਬਾਣੀ ਦੀ ਸੰਪੂਰਨਤਾ ਦੀ ਗਵਾਹੀ ਦਿਤੀ”।
ਸੰਬਤ ਸਤ੍ਰਹ ਸਹਸ ਭਣਿਜੈ। ਅਰਧ ਸਹਸ ਫੁਨਿ ਤੀਨਿ ਕਹਿਜੈ।
ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ। ਤੀਰ ਸਤੁਦ੍ਰਵ ਗ੍ਰੰਥ ਸੁਧਾਰਾ। 405।
ਦਸਮ ਗ੍ਰੰਥ ਵਿਚ ਦਰਜ ਚਿਰਤ੍ਰੋਪਾਖਿਆਨ ਦੇ ਆਖਰੀ ਚਰਿਤ੍ਰ ਨੰ: 404 (ਪੰਨਾ 1388) ਦੇ ਅਖੀਰ ਤੇ ਦਰਜ ਉਪ੍ਰੋਤਕ ਪੰਗਤੀਆਂ ਦਾ ਭਾਵ ਹੈ ਕਿ ਸੰਮਤ 1753 ਭਾਦੋਂ ਸੁਦੀ ਅੱਠ ਦਿਨ ਐਤਵਾਰ ਨੂੰ ਸਤਲੁਜ ਦੇ ਕੰਢੇ ਇਹ ਗ੍ਰੰਥ ਪੂਰਾ ਹੋਇਆ ਸੀ। ਲਾਂਬਾ ਜੀ, ਸੰਮਤ 1753 ਭਾਦੋਂ ਸੁਦੀ ਅੱਠ, 25 ਭਾਦੋਂ, 25 ਅਗਸਤ 1696 ਨੂੰ ਦਿਨ ਐਤਵਾਰ ਨਹੀ ਮੰਗਲਵਾਰ ਸੀ। ਐਤਵਾਰ ਨੂੰ ਭਾਦੋਂ ਸੁਦੀ 8 ਨਹੀਂ ਸਗੋਂ ਭਾਦੋਂ ਸੁਦੀ 6 ਸੀ। ਸੋ ਸਪੱਸ਼ਟ ਹੈ ਕਿ ਉਪ੍ਰੋਕਤ ਪੰਗਤੀਆਂ ਦੇ ਲੇਖਕ ਨੂੰ ਸਹੀ ਦਿਨ ਅਤੇ ਤਾਰੀਖ ਦੀ ਜਾਣਕਾਰੀ ਨਹੀ ਸੀ। ਲਾਂਬਾ ਜੀ, ਹੁਣ ਤੁਸੀਂ ਇਹ ਜਾਣਕਾਰੀ ਦਿਓ ਕਿ ਉਪ੍ਰੋਕਤ ਪੰਗਤੀਆਂ ਦਾ ਲੇਖਕ ਕੌਣ ਹੋ ਸਕਦਾ ਹੈ?
ਆਪ ਜੀ ਨੇ ਆਪਣੇ ਲੇਖ ਵਿਚ ਇਹ ਸਾਬਤ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਸੰਗਰਾਦਾਂ ਬਦਲ ਦਿੱਤੀਆਂ ਗਈਆ ਹਨ। ਆਪ ਜੀ ਲਿਖਦੇ ਹੋ, “ਇੱਥੇ ਸੰਗਰਾਂਦ ਦੀ ਅਰੰਭਤਾ ਕੁਦਰਤ ਦੇ ਉਸ ਨਿਯਮ ਤੇ ਨਿਸਚਤ ਕੀਤੀ ਗਈ ਸੀ ਜਦੋਂ ਸੂਰਜ ਇਕ ਰਾਸ਼ੀ ਚੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ। ਪਰ ਪੁਰੇਵਾਲ ਸਾਹਿਬ ਦੇ ਇਸ ਤਥਾਕਥਿਤ ਨਾਨਕਸ਼ਾਹੀ ਕੈਲੰਡਰ ਵਿਚ ਸੰਗਰਾਂਦ ਤੈਅ ਕਰਣ ਦਾ ਆਧਾਰ ਗੁਰਬਾਣੀ, ਪੁਰਾਤਨ ਸ੍ਰੋਤ ਜਾਂ ਖਗੋਲ ਸ਼ਾਸਤ੍ਰ ਦਾ ਕੋਈ ਨਿਯਮ ਨਹੀਂ ਸੀ ਬਲਕਿ ਇਹ ਆਪਣੇ ਆਪ ਹੀ ਤੈ ਕਰ ਦਿੱਤੀ ਗਈ”। ਲਾਂਬਾ ਜੀ, ਤੁਹਾਡਾ ਇਹ ਲਿਖਣਾ ਤਾਂ ਠੀਕ ਹੈ ਕਿ ਸੰਗਰਾਦ (ਸਾਂਕ੍ਰਾਂਤ) ਵਾਲੇ ਦਿਨ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ `ਚ ਪ੍ਰਵੇਸ਼ ਕਰਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਸੰਗਰਾਦ ਕੁਦਰਤ ਦੇ ਕਿਸ ਨਿਯਮ ਮੁਤਾਬਕ ਨਿਰਧਾਰਤ ਹੁੰਦੀ ਹੈ? ਲਾਂਬਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸੰਗਰਾਦ ਸ਼ਬਦ ਕਿੰਨੀ ਵਾਰੀ ਆਉਂਦਾ ਹੈ? ਕੀ 12 ਰਾਸ਼ੀਆਂ ਦਾ ਸਿੱਖ ਧਰਮ ਵਿਚ ਕੋਈ ਮਹੱਤਵ ਹੈ?
ਜਦੋਂ ਹਿੰਦੂ ਰਾਜੇ ਵਿਕ੍ਰਮਾਦਿਤਯ ਵਲੋਂ ਇਹ ਰਾਸ਼ੀ ਅਧਾਰਤ ਕੈਲੰਡਰ ਅਰੰਭ ਕੀਤਾ ਗਿਆ ਉਸ ਵੇਲੇ ਤਾਂ ਧਰਤੀ ਚਪਟੀ ਅਤੇ ਖੜੀ ਸੀ, ਸੂਰਜ ਧਰਤੀ ਦਵਾਲੇ ਘੁੰਮਦਾ ਸੀ ਪਰ ਅੱਜ ਧਰਤੀ ਗੋਲ ਹੈ ਅਤੇ ਸੂਰਜ ਦਵਾਲੇ ਘੁੰਮਦੀ ਹੈ। ਅੱਜ ਤਾਂ ਤੁਹਾਡੀਆਂ ਰਾਸ਼ੀਆਂ ਦੀ ਬੁਨਿਆਦ ਹੀ ਗਲਤ ਸਾਬਤ ਹੋ ਚੁੱਕੀ ਹੈ। ਲਾਂਬਾ ਜੀ ਤਾਂ ਜਾਣੀਜਾਣ ਹਨ ਪਰ ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਸਾਰੇ ਭਾਰਤ ਵਿਚ ਪਹਿਲਾ ਸੰਗਰਾਦ‘ਸੂਰਜੀ ਸਿਧਾਂਤ’ ਮੂਤਾਬਕ ਨਿਰਧਾਰਤ ਕੀਤੀ ਜਾਂਦੀ ਸੀ। ਪਰ 1960 ਤੋਂ ਪਿਛੋਂ ਉਤਰੀ ਭਾਰਤ ਵਿਚ ਸੰਗਰਾਦ ‘ਦ੍ਰਿਗਗਿਣਤ ਸਿਧਾਂਤ’ ਨਾਲ ਨਿਰਧਾਰਤ ਕੀਤੀ ਜਾਂਦੀ ਹੈ। ਇਸ ਸਾਲ ‘ਸੂਰਜੀ ਸਿਧਾਂਤ’ ਮੁਤਬਾਕ ਜੇਠ ਦੀ ਸੰਗਰਾਦ 15 ਮਈ, ਸਾਵਣ 17 ਜੁਲਾਈ, ਭਾਦੋਂ 17 ਅਗਸਤ,ਅੱਸੂ 17 ਸਤੰਬਰ ਅਤੇ ਕੱਤਕ ਦੀ ਸੰਗਰਾਦ 18 ਅਕਤੂਬਰ ਨੂੰ ਸੀ ਜਦੋਂ ਕਿ ‘ਦ੍ਰਿਗਗਿਣਤ ਸਿਧਾਂਤ’ਮੁਤਾਬਕ ਜੇਠ ਦੀ ਸੰਗਰਾਦ 14 ਮਈ, ਸਾਵਣ 16 ਜੁਲਾਈ, ਭਾਦੋਂ 16 ਅਗਸਤ, ਅੱਸੂ 16 ਸਤੰਬਰ ਅਤੇ ਕੱਤਕ ਦੀ ਸੰਗਰਾਦ 17 ਅਕਤੂਬਰ ਨੂੰ ਸੀ। ਹੁਣ ਜਦੋਂ 5 ਸੰਗਰਾਦਾਂ ਤਾਂ ਰਾਸ਼ੀਆਂ ਨੂੰ ਮੰਨਣ ਵਾਲਿਆਂ ਦੀਆਂ ਹੀ ਵੱਖ-ਵੱਖ ਹਨ ਤਾਂ ਸਾਨੂੰ ਫਿਰਕ ਕਰਨ ਦੀ ਕੀ ਲੋੜ ਹੈ? ਲਾਂਬਾ ਜੀ, ਤੁਸੀ ਹੁਣ ਇਹ ਜਾਣਕਾਰੀ ਦਿਓ ਕਿ ਕੁਦਰਤੀ ਸਿਧਾਂਤ ਦਾ ਕੀ ਬਣਿਆ? ਇਥੇ ਇਹ ਵੀ ਧਿਆਨ ਰਹੇ ਕਿ ਜਿਹੜੇ ਵਿਦਵਾਨ ਰਾਸ਼ੀ ਫਲ ਲਿਖਦੇ ਹਨ ਉਨ੍ਹਾਂ ਮੁਤਾਬਕ ਸੂਰਜ 14, 15 ਜਾਂ 16 ਤਰੀਖ ਨੂੰ ਨਹੀ ਸਗੋਂ 21, 22 ਜਾਂ 23 ਤਾਰੀਖ ਨੂੰ ਰਾਸ਼ੀ ਬਦਲਦਾ ਹੈ। (ਪੜ੍ਹੋ ਪੰਜਾਬੀ ਦੀਆਂ ਹਫਤਾਵਾਰੀ ਅਖਬਾਰਾਂ `ਚ ਰਾਸ਼ੀਫਲ) ਅੱਜ-ਕੱਲ ਸੂਰਜ ਧਨ ਰਾਸ਼ੀ ``ਚ ਹੈ । ਇਕ ਅਖਬਾਰ ਮੁਤਾਬਕ ਧਨ ਰਾਸ਼ੀ `ਚ ਸੂਰਜ ਦਾ ਸਮਾਂ 23 ਨਵੰਬਰ ਤੋਂ 20 ਦਸੰਬਰ ਹੈ ਅਤੇ ਦੂਜੀ ਅਖਬਾਰ ਮੁਤਾਬਕ ਇਹ ਸਮਾਂ 22 ਨਵੰਬਰ ਤੋਂ 21 ਦਸੰਬਰ। ਲਾਂਬਾ ਜੀ, ਇਹ ਹੈ ਤੁਹਾਡਾ ‘ਚੰਦ੍ਰਾਇਣੀ ਕੈਲੰਡਰ ਵਿਗਿਆਨ’। ਹੁਣ ਤਾਂ ਤੇਰਵੀਂ ਰਾਸ਼ੀ Ophiuchus ਦੀ ਚਰਚਾ ਵੀ ਚਲ ਪਈ ਹੈ।
ਆਪ ਦੇ ਬਚਨ, “ਇਸ ਤੋਂ ਇਲਾਵਾ ਇਸ ਕੈਲੰਡਰ ਵਿਚ ਬਾਕੀ ਮਿਤੀਆਂ ਵੀ ਮਨਮਰਜ਼ੀ ਨਾਲ ਹੀ ਸਮਝੌਤੇ ਅਧੀਨ ਤੈਅ ਕਰ ਦਿਤੀਆਂ ਗਈਆਂ ਹਨ। ਇਹ ਵਿਰਸੇ ਤੇ ਸਿਧਾ ਹਮਲਾ ਸੀ”। ਲਾਂਬਾ ਜੀ ਤੁਸੀ ਅਤੇ ਤੁਹਾਡੇ ਸਾਥੀ ਪਿਛਲੇ ਕਈ ਸਾਲਾਂ ਤੋਂ ਪਾਲ ਸਿੰਘ ਪੁਰੇਵਾਲ ਵਲੋਂ ਬਣਾਏ ਗਏ ਅਤੇ ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਤੇ ਕੂਚੀ ਫੇਰਨ ਦਾ ਹੀ ਯਤਨ ਕਰ ਰਹੇ ਹੋਂ, ਕੀ ਕਾਰਨ ਹੈ ਕੀ ਤੁਸੀ ਨਾਨਕਸ਼ਾਹੀ ਕੈਲੰਡਰ ਤੋਂ ਵਧੀਆਂ ਕੈਲੰਡਰ ਨਹੀ ਪੇਸ਼ ਕਰ ਸਕੇ? ਲਾਂਬਾ ਜੀ, ਤੁਹਾਡੇ ਚੰਦ੍ਰਾਇਣੀ ਕੈਲੰਡਰ `ਚ 1 ਦਸੰਬਰ 2010 ਦਿਨ ਬੁੱਧਵਾਰ ਨੂੰ ਮੱਘਰ ਵਦੀ 10 ਅਤੇ 11 ਸੀ ਭਾਵ ਇਕ ਦਿਨ ਹੀ ਦੋ ਤਾਰੀਖਾਂ, ਦਸੰਬਰ 13 ਅਤੇ 14 ਨੂੰ ਮੱਘਰ ਸੁਦੀ 8 ਭਾਵ ਦੋ ਦਿਨਾਂ `ਚ ਇਕ ਤਰੀਖ ਦ੍ਰਿਗਗਿਣਤ ਸਿਧਾਂਤ ਮੁਤਾਬਕ, ਦਸੰਬਰ 14 ਅਤੇ 15 ਨੂੰ ਮੱਘਰ ਸੁਦੀ 9 ਭਾਵ ਦੋ ਦਿਨਾਂ `ਚ ਇਕ ਤਰੀਖ ਸੂਰਜ ਸਿਧਾਂਤ ਮੁਤਾਬਕ ਅਤੇ 24 ਦਸੰਬਰ ਦਿਨ ਸ਼ੁਕਰਵਾਰ ਨੂੰ ਚੰਦ ਦੀਆਂ ਦੋ ਤਾਰੀਖਾਂ, ਪੋਹ ਵਦੀ 3 ਅਤੇ 4 ਆਉਣਗੀਆਂ । ਲਾਂਬਾ ਜੀ, 2010 ਵਿਚ ਤੁਹਾਡੇ ਚੰਦ੍ਰਾਇਣੀ ਸੰਮਤ ਦੇ 13 ਮਹੀਨੇ (ਵੈਸਾਖ ਦੇ ਦੋ ਮਹੀਨੇ) ਹਨ ਅਤੇ 2012 ਵੀ 13 ਮਹੀਨੇ (ਭਾਦੋਂ ਦੇ ਦੋ ਮਹੀਨੇ) ਹੀ ਹੋਣਗੇ। ਕੀ ਹੁਣ ਇਸ ਸਿਧਾਂਤ ਨੂੰ ‘ਕੁਦਰਤੀ ਸਿਧਾਂਤ’ ਦੀ ਬਜਾਏ ‘ਲੁੱਟ ਦਾ ਸਿਧਾਂਤ’ਨਹੀ ਕਹਿਣਾ ਚਾਹੀਂਦਾ? ਲਾਂਬਾ ਜੀ, ਜੇ ਚੰਦ੍ਰਾਇਣੀ ਕੈਲੰਡਰ ਨੂੰ ਵੀ ਖਿਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੈ-ਤੇੜੇ ਹੀ ਲਿਆਉਣਾ ਪੈਣਾ ਹੈ ਤਾਂ ਸੂਰਜੀ ਕੈਲੰਡਰ ਤੇ ਅਧਾਰਤ ਨਾਨਕਸ਼ਾਹੀ ਕੈਲੰਡਰ ਤੇ ਇਤਰਾਜ ਕਿਓ? ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ 23 ਪੋਹ,3012 ਸੀ ਈ ਵਿਚ ਵੀ 5 ਜਨਵਰੀ ਨੂੰ ਹੀ ਆਵੇਗਾ। ਲਾਂਬਾ ਜੀ, ਕੂਚੀ ਛੱਡੋ ਅਤੇ ਕੈਲਕੂਲੇਟਰ ਫੜੋ, ਹੁਣ ਇਹ ਜਾਣਕਾਰੀ ਦਿਉ ਕਿ ਤੁਹਾਡੇ ਚੰਦ੍ਰਾਇਣੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, 2012 ਸੀ ਈ ਵਿਚ ਕਿੰਨੀ ਤਾਰੀਖ ਨੂੰ ਆਵੇਗਾ, ਆਵੇਗਾ ਵੀ ਜਾਂ ਨਹੀ, ਜੇ ਨਹੀ ਤਾਂ ਕਿਓ?
ਆਪ ਦੇ ਪੱਤਰ ਦੀ ਉਡੀਕ ਵਿਚ
ਸਰਵਜੀਤ ਸਿੰਘ