2 ਹਾੜ ਬਨਾਮ ਜੇਠ ਸੁਦੀ 4
ਸਰਵਜੀਤ ਸਿੰਘ ਸੈਕਰਾਮੈਂਟੋ
ਸਿਖ ਇਤਿਹਾਸ ਦੇ ਪੁਰਾਤਨ ਸੋਮਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663 ਮੁਤਾਬਕ 30 ਮਈ ਸੰਨ 1606 ਯੂਲੀਅਨ ਦਿਨ ਸ਼ੁਕਰਵਾਰ ਨੂੰ ਹੋਈ ਸੀ। ਇਨ੍ਹਾਂ ਵਿਚੋਂ ਇਕ ਤਾਰੀਖ 2 ਹਾੜ, ਸੂਰਜੀ ਬ੍ਰਿਕਮੀ (Solar) ਕੈਲੰਡਰ ਦੀ ਹੈ ਅਤੇ ਦੂਜੀ ਜੇਠ ਸੁਦੀ 4, ਚੰਦ+ਸੂਰਜੀ (Lunisolar) ਬ੍ਰਿਕਮੀ ਕੈਲੰਡਰ ਦੀ ਹੈ। ਭਾਵੇ ਅੱਜ ਤੋਂ 405 ਸਾਲ ਪਹਿਲਾ, ਇਹ ਦੋਵੇ ਤਾਰੀਖਾਂ (2 ਹਾੜ ਅਤੇ ਜੇਠ ਸੁਦੀ 4) ਇਕ ਦਿਨ ਹੀ ਆਈਆ ਸਨ। ਪਰ ਹਰ ਸਾਲ ਅਜੇਹਾ ਨਹੀ ਹੁੰਦਾ। 1663 ਬਿਕ੍ਰਮੀ ਤੋਂ ਪਿਛੋਂ ਇਹ ਦੋਵੇਂ ਤਾਰੀਖਾਂ 1682 ਬਿਕ੍ਰਮੀ ਨੂੰ ਇਕੱਠੀਆਂ ਆਇਆ ਸਨ। 2010 ਵਿਚ ਵੀ ਇਹ ਦੋਵੇ ਤਾਰੀਖਾਂ ਇਕੋ ਦਿਨ, 16 ਜੂਨ ਨੂੰ ਹੀ ਸਨ। ਅੱਜ ਇਨ੍ਹਾਂ ਦੋ ਤਾਰੀਖਾਂ `ਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚਨੌਤੀ ਬਣਦੀ ਜਾਂ ਰਹੀ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।
ਕੈਲੰਡਰ ਵਿਗਿਆਨ ਦਾ ਆਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਪਤਾ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੂਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦ+ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਤ ਹੈ ਅਤੇ ਸਿੱਖ ਧਰਮ ਵਿਚ ਚੰਦ+ਸੂਰਜੀ, ਸੂਰਜੀ ਬ੍ਰਿਕਮੀ ਅਤੇ ਸੀ ਈ ਕੈਲੰਡਰ ਪ੍ਰਚੱਲਤ ਹੈ। ਭਾਂਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮੱਹਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ।
ਧਰਤੀ ਆਪਣੇ ਧੂਰੇ ਤੇ ਘੁੰਮਦੀ ਹੈ ਇਸ ਦਾ ਇਕ ਚੱਕਰ 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.242196 ਦਿਨ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦਵਾਲੇ ਘੁੰਮਦਾ ਹੈ ਇਹ ਚੱਕਰ 354.37 ਦਿਨ (354 ਦਿਨ, 8 ਘੰਟੇ, 52 ਮਿੰਟ,ਅਤੇ 48 ਸੈਕੰਡ) ਵਿਚ ਪੂਰਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਮੌਸਮੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੈ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾਂ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਵੇਗਾ ਅਤੇ 33 ਸਾਲ ਪਿਛੋਂ ਮੁੜ ੳਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾਂ। (ਸੂਰਜ ਦੇ 33 ਸਾਲ = ਚੰਦ ਦੇ 34 ਸਾਲ) ਜਿਵੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, 2010 ਵਿਚ 16 ਜੂਨ (2 ਹਾੜ) ਨੂੰ ਆਇਆ ਸੀ। ਇਸ ਸਾਲ ਉਸ ਤੋਂ 11 ਦਿਨ ਪਹਿਲਾ 5 ਜੂਨ (22 ਜੇਠ) ਨੂੰ ਅਤੇ 2012 ਵਿਚ 25 ਮਈ (12 ਜੇਠ) ਨੂੰ ਆਵੇਗਾ। ਇਸ ਹਿਸਾਬ ਨਾਲ ਤਾਂ ਇਹ 2013 ਵਿਚ ਇਹ ਦਿਹਾੜਾ 14 ਮਈ (1 ਜੇਠ) ਨੂੰ ਆਉਣਾ ਚਾਹੀਦਾ ਹੈ ਪਰ ਹੁਣ ਇਹ ਦਿਹਾੜਾ 14 ਮਈ ਨੂੰ ਨਹੀਂ ਸਗੋਂ 12 ਜੂਨ (30 ਜੇਠ) ਨੂੰ ਆਵੇਗਾ। ਅਜੇਹਾ ਕਿਓ? (ਯਾਦ ਰਹੇ 12 ਜੂਨ ਅਤੇ 13 ਜੂਨ ਦੋਵੇ ਦਿਨ ਹੀ ਜੇਠ ਸੁਦੀ 4 ਹੋਵੇਗੀ)
ਹੁਣ ਚੰਦ ਦਾ ਸਾਲ, ਜੋ ਸੂਰਜੀ ਬਿਕ੍ਰਮੀ ਸਾਲ ਨਾਲੋਂ 11 ਦਿਨ ਛੋਟਾ ਹੈ, ਦੋ ਸਾਲਾ ਵਿਚ 22 ਦਿਨ ਪਿਛੇ ਰਹਿ ਗਿਆ ਹੈ। ਇਸ ਨੂੰ ਸੂਰਜੀ ਬਿਕ੍ਰਮੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾਂ, 2012 ਵਿਚ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। (ਭਾਦੋਂ ਦੇ ਦੋ ਮਹੀਨੇ ਹੋਣਗੇ। 19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆ ਦੇ ਹੁੰਦੇ ਹਨ) ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। 2012 ਵਿਚ ਚੰਦ ਦਾ ਸਾਲ ਸੂਰਜੀ ਸਾਲ ਤੋਂ 18 ਦਿਨ ਵੱਡਾ ਹੋਵੇਗਾ ਭਾਵ ਚੰਦ ਦੇ ਸਾਲ ਦੇ 383 ਦਿਨ ਹੋਣਗੇ। ਭਾਦੋਂ ਦੇ ਮਹੀਨੇ ਤੋਂ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ ਇਕ ਮਹੀਨਾ ਪੱਛੜ ਜਾਣਗੇ। 2013 ਵਿਚ, ਜਿਹੜਾ ਦਿਹਾੜਾਂ 14 ਮਈ ਨੂੰ ਆਉਣਾ ਚਾਹੀਦਾ ਹੈ ਹੁਣ ਉਹ 12 ਜੂਨ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਸ਼ਹੀਦੀ ਦਿਹਾੜਾ 11 ਦਿਨ ਪਹਿਲਾ ਭਾਵ 1 ਜੂਨ 2014 ਨੂੰ ਆਵੇਗਾ ਅਤੇ ਉਸ ਤੋਂ ਅੱਗਲਾ 22 ਮਈ 2015 ਸੀ. ਈ. ਵਿਚ। ਇਹ ਹੈ ਚੰਦ+ਸੂਰਜੀ ਬਿਕ੍ਰਮੀ ਕੈਲੰਡਰ ਦਾ ਕਮਾਲ।
ਹੁਣ ਇਥੇ ਇਕ ਹੋਰ ਸਮੱਸਿਆ ਪੈਦਾ ਹੋ ਗਈ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 2010 ਵਿਚ ਨਾਨਕਸ਼ਾਹੀ ਕੈਲੰਡਰ ਵਿਚ ਕੀਤੀ ਗਈ ਸੋਧ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾਵਾ ਤਾਂ 2 ਹਾੜ (16 ਜੂਨ) ਤੋਂ ਬਦਲ ਕੇ (ਜੇਠ ਸੁਦੀ 4) ਪੁਰਾਤਨ ਰਵਾਇਤ (ਸੁਦੀ-ਵਦੀ) ਮੁਤਾਬਕ ਕਰ ਦਿੱਤਾ ਗਿਆ ਹੈ ਪਰ ਗੁਰੂ ਹਰਗੋਬਿੰਦ ਜੀ ਦਾ ਗੁਰਗੱਦੀ ਦਿਵਸ ਦੀ ਤਾਰੀਖ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ 28 ਜੇਠ (11 ਜੂਨ) ਸਹੀ ਮੰਨ ਲਈ ਗਈ ਹੈ। ਜਿਵੇ ਕਿ ਉਪਰ ਜਿਕਰ ਕੀਤਾ ਜਾ ਚੁੱਕਾ ਹੈ ਕਿ ਪਿਛਲੇ ਸਾਲ ਤਾ ਇਹ ਦੋਵੇ ਤਾਰੀਖਾ ਇਕੋ ਦਿਨ (16ਜੂਨ) ਨੂੰ ਹੀ ਸਨ ਤਾ ਕੋਈ ਫਰਕ ਨਹੀ ਪਿਆ ਪਰ ਇਸ ਸਾਲ ਗੁਰੂ ਹਰਗੋਬਿੰਦ ਜੀ ਦਾ ਗੁਰ ਗੱਦੀ ਦਿਵਸ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 6 ਦਿਨ ਪਿਛੋ ਭਾਵ 11 ਜੂਨ ਨੂੰ ਮਨਾਇਆ ਜਵੇਗਾ। ਇਥੇ ਜਥੇਦਾਰ ਬਲਵੰਤ ਸਿੰਘ ਨੰਦਗੜ ਵਲੋਂ ਕੀਤਾ ਗਿਆ ਸਵਾਲ ਬਹੁਤ ਹੀ ਅਹਿਮ ਹੈ, “ ਜਥੇਦਾਰ ਨੰਦਗੜ ਨੇ ਕੈਲੰਡਰ 'ਚ ਸੋਧਾਂ ਕਰਨ ਵਾਲਿਆਂ ਨੂੰ ਪੁੱਛਿਆ ਹੈ ਕਿ ਕੀ ਉਹ ਦੱਸ ਸਕਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 6 ਦਿਨ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਕਿਸ ਨੇ ਦਿੱਤੀ ਸੀ?” ਇਥੇ ਹੀ ਵੱਸ ਨਹੀ, ਗੁਰੂ ਹਰਗੋਬਿੰਦ ਜੀ ਦਾ ਗੁਰ ਗੱਦੀ ਦਿਵਸ ਜੋ ਇਸ ਸਾਲ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 6 ਦਿਨ ਪਿਛੋ ਆਵੇਗਾ , 2012 ਵਿਚ 17 ਦਿਨ ਪਿਛੋਂ ਆਵੇਗਾ ਪਰ 2013 ਵਿਚ 1 ਦਿਨ ਪਹਿਲਾ, 2014 ਵਿਚ 9 ਅਤੇ 2015 ਵਿਚ 20 ਦਿਨ ਪਿਛੋਂ ਆਵੇਗਾ। ਇਹ ਹੈ ਧੁਮੱਕੜਸ਼ਾਹੀ ਕੈਲੰਡਰ ਦਾ ਕਮਾਲ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਛਾਪੀ ਗਈ ਪੋ: ਕਰਤਾਰ ਸਿੰਘ ਜੀ ਦੀ ਕਿਤਾਬ ‘ਸਿੱਖ ਇਤਿਹਾਸ ਭਾਗ ੧’ ਵਿਚ ਦਰਜ ਹੈ, “ਬਾਦਸ਼ਾਹ ਵਲੋਂ ਸੱਦਾ ਪੁਜਣ ਤੇ ਗੁਰੂ ਜੀ ਜਾਣ ਗਏ ਸਨ ਕਿ ਸਾਡਾ ਜੋਤੀ-ਜੋਤਿ ਸਮਾਉਣ ਦਾ ਸਮਾਂ ਆ ਗਿਆ ਹੈ। ਇਸ ਕਰ ਕੇ ਲਾਹੌਰ ਵੱਲ ਤੁਰਨ ਲੱਗੇ ਆਪ ਆਗਿਆ ਕਰ ਗਏ ਸਨ ਕਿ ਸਾਡੇ ਜਾਣ ਮਗਰੋਂ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਗੁਰ-ਗੱਦੀ ਦੀ ਜ਼ੰਮੇਵਾਰੀ ਸੌਂਪ ਦਿੱਤੀ ਜਾਵੇ। ਇਹ ਰਸਮ ਜੇਠ ਵਦੀ 14 (28 ਜੇਠ) ਸੰਮਤ 1663 ਮੁਤਾਬਕ 25 ਮਈ ਸੰਮਤ 1606 ਨੂੰ ਕੀਤੀ ਗਈ”। (ਪੰਨਾ 221) ਇਸ ਲਿਖਤ ਤੋ ਸਪੱਸ਼ਟ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ, ਗੁਰੂ ਅਰਜਨ ਦੇਵ ਜੀ ਦੀ ਸ਼ਹਿਦੀ ਤੋਂ 5 ਦਿਨ ਪਹਿਲਾ ਸੌਂਪੀ ਗਈ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੈਲੰਡਰ ਵਿਚ ਸੋਧ ਕਰਨ ਲਈ ਬਣਾਈ ਗਈ ਕਮੇਟੀ ਨੂੰ ਏਨੀ ਵੀ ਜਾਣਕਾਰੀ ਨਹੀ ਸੀ ਕਿ ਜੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਤਾਰੀਖ ਬਦਲਣੀ ਹੈ ਤਾਂ ਗੁਰੂ ਹਰਗੋਬਿੰਦ ਜੀ ਦੀ ਗੁਰਗੱਦੀ ਦੀ ਤਾਰੀਖ ਵੀ ਵਦੀ-ਸੁਦੀ ਮੁਤਾਬਕ ਕਰਨੀ ਪੈਣੀ ਹੈ? ਜਾਂ ਇਸ ਦੋ ਮੈਬਰੀ ਕਮੇਟੀ (ਮੱਕੜ ਅਤੇ ਧੰਮਾ) ਨੇ ਜਾਣਬੁਝ ਕੇ ਸਿੱਖ ਇਤਿਹਾਸ ਨੂੰ ਵਿਗਾੜਨ ਦਾ ਕੋਝਾਂ ਯਤਨ ਕੀਤਾ ਹੈ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀ ਗੁਰੂ ਅਰਜਨ ਦੇਵ ਜੀ ਦਾ ਸ਼ਹਿਦੀ ਦਿਹਾੜਾ ਜੇਠ ਸੁਦੀ 4 ਦੀ ਬਜਾਏ ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਹਾੜ, ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀ ਵਦੀ-ਸੁਦੀ ਦੇ ਮੱਕੜਜਾਲ `ਚ ਨਿਕਲ ਜਾਂਦੇ ਹਾਂ। ਸਾਡਾ ਇਹ ਲਾਭ ਸ਼ਾਇਦ ਕਿਸੇ (?) ਹੋਰ ਲਈ ਨੁਕਸਾਨ ਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ (?) ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ। ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਗੀ ਦੇਣ ਉਪ੍ਰੰਤ 2003 ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ ਜਦੋਂ ਅਸੀ ਇਹ ਦਿਹਾੜਾਂ ਜੇਠ ਸੁਦੀ 4 ਦੀ ਬਜਾਏ 2 ਹਾੜ ਨੂੰ ਮਨਾਉਦੇ ਹਾਂ ਤਾਂ ਇਹ ਦਿਹਾੜਾ ਹਰ ਸਾਲ 16 ਜੂਨ ਨੂੰ ਹੀ ਆਉਂਦਾ ਹੈ। ਗੁਰੂ ਹਰ ਗੋਬਿੰਦ ਜੀ ਦਾ ਗੁਰਗੱਦੀ ਦਿਵਸ 28 ਜੇਠ (11 ਜੂਨ) ਇਸ ਤੋਂ ਠੀਕ 5 ਦਿਨ ਪਹਿਲਾ ਆਉਂਦਾ ਹੈ।
ਸ਼੍ਰੋਮਣੀ ਕਮੇਟੀ ਅਤੇ ਬਾਦਲੀ ਜਥੇਦਾਰਾਂ ਵਲੋਂ ਸਾਧ ਲਾਣੇ ਦੀ ਇੱਛਾ ਮੁਤਾਬਿਕ ਮੂਲ ਨਾਨਕਸ਼ਾਹੀ ਕੈਲੰਡਰ 'ਚ ਸੋਧਾਂ ਕਰਕੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੀਤੀ ਗਈ ਕੋਝੀ ਕੋਸ਼ਿਸ਼, ਜੋ ਸਿੱਖ ਸੰਗਤ ਸਾਹਮਣੇ ਹੁਣ ਨੰਗੀ ਹੋ ਚੁੱਕੀ ਹੈ, ਇਸੇ ਲਈ ਹੀ ਦੁਨਿਆਂ ਦੇ ਕੋਨੇ-ਕੋਨੇ `ਚ ਵਸ ਚੁੱਕੀ ਸਿੱਖ ਕੌਮ ਨੇ ‘ਧੁਮੱਕੜਸ਼ਾਹੀ ਕੈਲੰਡਰ’ ਨੂੰ ਨਕਾਰ ਦਿੱਤਾ ਹੈ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦੜ੍ਹਿਤਾ ਨਾਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਕੇ ਸਪੱਸ਼ਟ ਐਲਾਨ ਕਰ ਦਿੱਤਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ (16ਜੂਨ) ਨੂੰ ਮਨਾਇਆ ਜਾਵੇਗਾ। ਹੁਣ ਦੇਖਣਾ ਹੈ ਕਿ ਕੀ ਸ਼੍ਰੋਮਣੀ ਕਮੇਟੀ ਜੋ ਖੁਦ ਵਿਗਾੜੇ ਗਏ ਕੈਲੰਡਰ ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 (5 ਜੂਨ) ਨੂੰ ਮਨਾ ਰਹੀ ਹੈ, ਸਿੱਖ ਸਰਧਾਲੂਆਂ ਦਾ ਜਥਾ ਪਾਕਿਸਤਾਨ ਭੇਜੇ ਗੀ ਜਾਂ ਨਹੀ। ਯਾਦ ਰਹੇ ਸ਼੍ਰੋਮਣੀ ਕਮੇਟੀ ਨੇ 28 ਮਈ ਨੂੰ ਜਥਾਂ ਭੇਜਣ ਦੀ ਬੇਨਤੀ ਕੀਤੀ ਸੀ, ਤਾਂ ਜੋ ਜੇਠ ਸੁਦੀ 4 ਮੁਤਾਬਕ 5 ਜੂਨ ਨੂੰ ਪਾਕਿਸਤਾਨ `ਚ ਸਹੀਦੀ ਦਿਹਾੜਾ ਮਨਾਇਆ ਜਾ ਸਕੇ ਪਰ ਪਾਕਿਸਤਾਨ ਦੇ ਸਫਾਰਤਖਾਨੇ ਨੇ ਸ਼੍ਰੋਮਣੀ ਕਮੇਟੀ ਦੀ ਇਹ ਬੇਨਤੀ ਮਨਜੂਰ ਨਹੀ ਕੀਤੀ। ਹੁਣ ਸ਼੍ਰੋਮਣੀ ਕਮੇਟੀ ਨੇ ਸੋਚਣਾ ਹੈ ਕਿ ਕੀ ਚੰਦ ਵੋਟਾਂ ਦੀ ਖਾਤਰ ਸਾਧ ਲਾਣੇ ਪਿਛੇ ਲੱਗਣਾ ਹੈ ਜਾਂ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਹੈ।