ਹੁਣ ਵੈਸਾਖ
ਵਦੀ 7 ਕਿਉਂ ਨਹੀਂ?
ਸਰਵਜੀਤ ਸਿੰਘ ਸੈਕਰਾਮੈਂਟੋ
ਸਰਵਜੀਤ ਸਿੰਘ ਸੈਕਰਾਮੈਂਟੋ
ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ
ਜਨਮ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ 19 ਵੈਸਾਖ, ਵੈਸਾਖ ਵਦੀ 7 ਸੰਮਤ 1620
ਬਿਕ੍ਰਮੀ ਦਿਨ ਵੀਰਵਾਰ, 15 ਅਪ੍ਰੈਲ ਸੰਨ 1563
(ਯੂਲੀਅਨ) ਨੂੰ ਗੋਇੰਦਵਾਲ ਵਿਖੇ ਹੋਇਆ ਸੀ। ਭਾਵੇਂ ਸ਼੍ਰੋਮਣੀ ਕਮੇਟੀ ਦੀ ਵੈਬ
ਸਾਈਟ ਤੇ ਦਰਜ ਇਤਿਹਾਸ ਵਿਚ ਗੁਰੂ ਜੀ ਦੇ ਜਨਮ ਦੀ ਇਹ ਤਾਰੀਖ ਹੀ ਦਰਜ ਹੈ ਪਰ ਧਰਮ ਪ੍ਰਚਾਰ ਕਮੇਟੀ
ਵੱਲੋਂ ਛਾਪੀ ਗਈ 1991 ਦੀ ਡਾਇਰੀ ਵਿਚ ਗੁਰੂ ਅਰਜਨ ਦੇਵ ਜੀ ਦੇ ਜਨਮ ਦੀ
ਤਾਰੀਖ, ਵੈਸਾਖ ਵਦੀ 7 ਸੰਮਤ 1620 ਬਿਕ੍ਰਮੀ, 1 ਅਪ੍ਰੈਲ ਸੰਨ 1563 ਈ: ਲਿਖੀ ਹੋਈ ਹੈ। 1
ਅਪ੍ਰੈਲ ਮੁਤਾਬਕ ਤਾਂ ਇਹ ਚੇਤ ਸੁਦੀ 8, 5 ਵੈਸਾਖ
ਦਿਨ ਸ਼ੁੱਕਰਵਾਰ ਬਣਦੀ ਹੈ। ਪੋ. ਕਰਤਾਰ ਸਿੰਘ ਐਮ ਏ ਦੀ ਕਿਤਾਬ ‘ਸਿੱਖ ਇਤਿਹਾਸ ਭਾਗ 1’ ਜੋ ਸ਼੍ਰੋਮਣੀ ਕਮੇਟੀ ਵੱਲੋਂ ਹੀ ਛਾਪੀ
ਹੋਈ ਹੈ ਉਸ ਵਿਚ ਗੁਰੂ ਜੀ ਦੇ ਜਨਮ ਦੀ ਤਾਰੀਖ 19 ਵੈਸਾਖ, ਵੈਸਾਖ ਵਦੀ 7 ਸੰਮਤ 1620 ਬਿਕ੍ਰਮੀ ਦਿਨ ਵੀਰਵਾਰ, 15 ਅਪ੍ਰੈਲ 1563 ਹੀ ਦਰਜ ਹੈ। ਹੋਰ
ਵੀ ਬਹੁਤੇ ਵਿਦਵਾਨ ਇਸੇ ਤਾਰੀਖ ਨਾਲ ਹੀ ਸਹਿਮਤ ਹਨ।
ਕੈਲੰਡਰ ਵਿਗਾੜੂ ਦੋ ਮੈਂਬਰੀ ਕਮੇਟੀ ਦੇ ਇਕ ਮੈਂਬਰ ਭਾਈ ਹਰਨਾਮ ਸਿੰਘ ਧੁੰਮਾ ਦੇ
ਵੱਡ-ਵਡੇਰਿਆਂ ਵੱਲੋਂ ਲਿਖੀ ਗਈ ‘ਗੁਰਬਾਣੀ ਪਾਠ ਦਰਪਣ’ ਦੇ ਪੰਨਾ 15 ਤੇ ਗੁਰੂ ਅਰਜਨ ਦੇਵ ਜੀ ਜਨਮ
ਦੀ ਤਾਰੀਖ `1620 ਵੈਸਾਖ ਵਦੀ ਸਪਤਮੀ, ਦਿਨ ਮੰਗਲਵਾਰ, 14 ਅਪ੍ਰੈਲ 1563’ ਦਰਜ ਹੈ। ਯਾਦ ਰਹੇ
ਇਥੇ 14 ਅਪ੍ਰੈਲ ਅਤੇ ਦਿਨ ਮੰਗਲਵਾਰ ਦੋਵੇਂ ਹੀ ਗਲਤ ਹਨ। 14 ਅਪ੍ਰੈਲ 1563 ਨੂੰ ਦਿਨ ਬੁਧਵਾਰ
ਸੀ। ਜਦੋਂ ਕੇ ਗੁਰੂ ਜੀ ਦਾ ਪ੍ਰਕਾਸ਼ ਵੈਸਾਖ ਵਦੀ ਸਪਤਮੀ ਦਿਨ ਵੀਰਵਾਰ, 15
ਅਪ੍ਰੈਲ ਨੂੰ ਹੋਇਆ ਸੀ।
14 ਮਾਰਚ 2013 ਵਿਚ
ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਵਿਚ ਇਹ ਦਿਹਾੜਾ 2 ਮਈ ਦਾ ਦਰਜ ਹੈ
ਜਿਸ ਮੁਤਾਬਕ ਇਹ 20 ਵੈਸਾਖ ਬਣਦਾ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ ਭਾਵ 19
ਵੈਸਾਖ ਸਦਾ ਵਾਸਤੇ ਹੀ 2 ਮਈ ਨੂੰ ਆਉਂਦਾ ਹੈ। ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਨੇ ਗੁਰੂ ਅਰਜਨ
ਦੇਵ ਜੀ ਦਾ ਜਨਮ ਦਿਹਾੜਾ 19 ਵੈਸਾਖ ਤੋਂ ਬਦਲ ਕੇ 20 ਵੈਸਾਖ ਨੂੰ ਕਰ
ਦਿੱਤਾ ਹੈ। ਅਜੇਹਾ ਕਿਓ? ਉਹ ਸਾਧ ਬਾਬੇ ਜਿਹੜੇ ਪਿਛਲੇ ਕਈ ਸਾਲਾਂ ਤੋਂ
ਬਿਨਾਂ ਕਿਸੇ ਦਲੀਲ ਦੇ ਇਹ ਰੌਲਾ ਪਾਉਂਦੇ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖਾਂ ਬਦਲ
ਦਿੱਤੀਆਂ ਹਨ (ਜੋ ਸੱਚ ਨਹੀ ਹੈ) ਹੁਣ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦਾ ਜਨਮ
ਦਿਹਾੜਾ 19 ਵੈਸਾਖ ਤੋਂ ਬਦਲਕੇ 20 ਵੈਸਾਖ ਨੂੰ ਕਰਨ ਤੇ ਕਿਓ ਚੁੱਪ ਹਨ?
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੋ 2 ਹਾੜ/16 ਜੂਨ ਨਾਨਕ ਸ਼ਾਹੀ ਤੋਂ ਬਦਲ ਕੇ
ਜੇਠ ਸੁਦੀ 4 ਨੂੰ ਕਰਨ ਵਾਲਿਆਂ ਨੇ ਹੁਣ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਵੈਸਾਖ ਵਦੀ 7 ਨੂੰ ਕਿਓ
ਨਹੀ ਮਨਾਇਆ ਜੋ ਇਸ ਸਾਲ 1 ਮਈ ਨੂੰ ਸੀ ਹੁਣ ਇਹ ਵੈਸਾਖ ਵਦੀ 8 ਨੂੰ ਕਿਓ ਮਨਾ ਰਹੇ ਹਨ? ਜਦੋਂ ਕਿ
ਬ੍ਰਹਮ ਗਿਆਨੀਆਂ ਸਮੇਤ ਸ਼੍ਰੋਮਣੀ ਕਮੇਟੀ ਵੱਲੋਂ
ਲਿਖੇ ਇਤਿਹਾਸ `ਚ ਇਹ ਵੈਸਾਖ ਵਦੀ 7 ਦਰਜ ਹੈ? ਇਸ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਨਾ ਤਾ
ਇਹ ਦਿਹਾੜਾ ਚੰਦਰ–ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਵੈਸਾਖ ਵਦੀ 7 ਨੂੰ ਮਨਾਇਆ ਜਾ ਰਿਹਾ ਹੈ ਅਤੇ
ਨਾ ਹੀ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ 19 ਵੈਸਾਖ ਨੂੰ, ਅਜੇਹਾ ਕਿਓ? ਸ਼੍ਰੋਮਣੀ ਕਮੇਟੀ ਵੱਲੋਂ
2010 ਵਿਚ ਦੋ ਮੈਂਬਰੀ ਕਮੇਟੀ ਦੀਆ ਸ਼ਿਫਾਰਸ਼ਾ ਮੁਤਾਬਕ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ `ਚ
ਇਹ ਦਿਹਾੜਾ 2 ਮਈ/19 ਵੈਸਾਖ ਦਾ ਹੀ ਦਰਜ ਸੀ ਜੋ ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਹੈ। 2011 ਵਿੱਚ
ਇਹ 2 ਮਈ 19 ਵੈਸਾਖ ਹੀ ਦਰਜ ਸੀ ਪਰ 2012 ਵਿਚ 19 ਵੈਸਾਖ ਤੋਂ ਬਦਲ ਕੇ 20 ਵੈਸਾਖ ਕਰ ਦਿੱਤੀ ਗਈ
ਸੀ ਅਤੇ ਇਸ ਸਾਲ ਭਾਵ 2013 ਵਿਚ ਵੀ ਇਹ 20 ਵੈਸਾਖ ਹੀ ਦਰਜ ਹੈ।
ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 13 ਮਾਰਚ ਦੀ ਰਾਤ
ਧੁਮੱਕੜਸ਼ਾਹੀ ਕੈਲੰਡਰ ਨੂੰ ਜਾਰੀ ਕਰਨ ਲਈ ਇਕ ਸਮਾਗਮ ਕੀਤਾ ਗਿਆ ਸੀ। ਉਸ ਸਮਾਗਮ `ਚ ਬੋਲਦਿਆਂ ਗਿਆਨੀ ਗੁਰਬਚਨ ਸਿੰਘ ਜੀ ਨੇ ਨਵੇ ਸਾਲ ਦੀ ਵਧਾਈ ਦਿੰਦਿਆਂ ਕਿਹਾ, “ਬਹੁਤ ਉੱਚੀ ਅਵਾਜ਼ ਵਿਚ
ਰੌਲਾ ਪਾਇਆ ਗਿਆ, ਚੀਕਾਂ ਮਾਰੀਆਂ ਗਈਆਂ ਕੇ ਕੈਲੰਡਰ ਬਦਲ ਦਿੱਤਾ,
ਅਹਿ ਕਰ ਦਿੱਤਾ ਔਹ ਕਰ ਦਿੱਤਾ ਏ, ਮੈਂ ਸਪੱਸ਼ਟ ਕਰਨਾ
ਚਾਹੁੰਦਾ ਹਾਂ ਜਿਹੜਾ ਕੈਲੰਡਰ 2003 ਵਾਲਾ ਸੀ, ਜਿਹੜਾ ਨਵਾ ਬਣਾਇਆ ਗਿਆ ਸੀ, ਕਹਿ ਲਓ ਕੇ ਪੁਰੇਵਾਲ ਦੀ ਕਮੇਟੀ
ਨੇ ਬਣਾਇਆ ਸੀ, ਓਸ ਕੈਲੰਡਰ ਦੇ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼
ਪੁਰਬ, ਬੰਦੀ ਛੋੜ ਦਿਵਸ ਤੇ ਹੋਲਾਂ ਮਹੱਲਾ, ਇਨ੍ਹਾਂ
ਨੂੰ ਬਿਲਕੁਲ ਨਹੀਂ ਛੇੜਿਆ ਗਿਆ ਸੀ, ਇਹ ਬਿਲਕੁਲ ਪੁਰਾਤਨ ਰੱਖੇ ਗਏ ਸਨ,
ਉਨ੍ਹਾਂ ਨੇ ਇਹ ਤਿੰਨ ਪੁਰਾਤਨ ਰੱਖੇ ਸੀ, ਅਸੀਂ ਉਦੇ
ਵਿਚ ਸੋਧ ਕਰਕੇ ਚਾਰ ਹੋਰ ਪੁਰਾਨਤ ਕੀਤੇ ਨੇ”। ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਹੁਣ ਗੁਰੂ
ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ (ਜੋ 19 ਵੈਸਾਖ ਤੋਂ ਬਦਲ ਕੇ 20 ਵੈਸਾਖ ਕਰ ਦਿੱਤਾ ਗਿਆ ਹੈ)
ਅਤੇ ਜੋਤੀ ਜੋਤ ਦਿਹਾੜਾ 6 ਚੇਤ/19 ਮਾਰਚ (ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਮੁਤਾਬਕ) ਸੂਰਜੀ
ਬਿਕ੍ਰਮੀ ਕੈਲੰਡਰ ਮੁਤਾਬਕ, ਜਿਸ ਦੇ ਸਾਲ ਦੇ ਦਿਨ 365 ਹਨ, ਮਨਾਇਆ ਜਾਂਦਾ ਹੈ ਪਰ ਸ਼ਹੀਦੀ ਦਿਹਾੜਾ
ਜੇਠ ਸੁਦੀ 4 (ਜੋ ਇਸ ਸਾਲ 12 ਜੂਨ/30 ਜੇਠ ਨੂੰ ਆਵੇਗਾ) ਚੰਦਰ-ਸੂਰਜੀ ਕੈਲੰਡਰ ਮੁਤਾਬਕ, ਜਿਸ
ਸਾਲ ਦੇ 354 ਦਿਨ ਹਨ, ਮੁਤਾਬਕ ਮਨਾਇਆ ਜਾਣਾ ਹੈ।
ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼, ਗੁਰਗੱਦੀ
ਦਿਵਸ ਅਤੇ ਜੋਤੀ ਜੋਤ ਦਿਹਾੜਾ ਤਾਂ ਸੂਰਜੀ ਕੈਲੰਡਰ ਮੁਤਾਬਕ ਜਿਸ ਦੇ ਸਾਲ ਦੇ 365 ਦਿਨ ਅਤੇ
ਸ਼ਹੀਦੀ ਦਿਹਾੜਾ ਚੰਦਰ-ਸੂਰਜੀ ਕੈਲੰਡਰ ਮੁਤਾਬਕ, ਜਿਸ ਦੇ ਸਾਲ ਦੇ 354 ਦਿਨ ਹਨ, ਮਨਾਇਆ ਜਾਵੇਗਾ।
ਇਹ ਕੇਹੜੀ ਮਰਯਾਦਾ ਹੈ? ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾ ਬਹੁਤ ਹੈ
ਪਰ ਸਾਂਭਿਆ ਨਹੀ। ਸਿੱਖਾਂ ਦਾ ਇਤਿਹਾਸ ਗੈਰਾਂ ਨੇ ਵਿਗਾੜ ਕੇ ਲਿਖਿਆ ਹੈ। ਪਰ ਅੱਜ ਤਾ ਸਾਡੇ
ਸਾਹਮਣੇ ਹੀ ਸਾਡਾ ਇਤਿਹਾਸ ਵਿਗਾੜਿਆ ਜਾ ਰਿਹਾ ਹੈ ਉਹ ਵੀ ਆਪਣੇ ਆਪ ਨੂੰ ਸਿੱਖਾਂ ਦੀ ਸ਼੍ਰੋਮਣੀ
ਅਖਵਾਉਣ ਵਾਲੀ ਸੰਸਥਾ ਵੱਲੋਂ। ਖਾਲਸਾ ਜੀ, ਜਾਗੋ ਅਤੇ ਸੋਚੋ! ਜੇ ਇਸ ਤਰ੍ਹਾਂ ਇਤਿਹਾਸਕ
ਦਿਹਾੜਿਆਂ ਦੀਆ ਤਾਰੀਖਾਂ ਵਿਗਾੜਨ ਨੂੰ ਏਕਤਾ ਆਖਿਆ ਜਾ ਰਿਹਾ ਹੈ ਤਾਂ ਕੀ ਥੁੜਿਆਂ ਹੈ ਅਜੇਹੀ
ਏਕਤਾ ਖੁਣੋ?