ਸ਼੍ਰੋਮਣੀ ਕਮੇਟੀ ਤੇ
ਪਾਕਿਸਤਾਨ ਕਮੇਟੀ `ਚ ਰੇੜਕਾ–ਜਿੰਮੇਵਾਰ ਕੌਣ?
ਸਰਵਜੀਤ ਸਿੰਘ ਸੈਕਰਾਮੈਂਟੋ
ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ
ਭੇਜੇ ਜਾਣ ਵਾਲੇ ਜਥੇ ਦੇ ਵੀਜ਼ੇ ਸਬੰਧੀ, ਪਿਛਲੇ ਸਾਲਾਂ ਦੀ ਤਰ੍ਹਾਂ, ਇਸ ਸਾਲ ਫੇਰ ਰੇੜਕਾ ਪੈਦਾ
ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਸੋਧੇ ਹੋਏ ਕੈਲੰਡਰ ਮੁਤਾਬਕ 12 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ
ਲਈ ਬਜ਼ਿਦ ਹੈ ਜਦੋਂ ਕਿ ਪਾਕਿਸਤਾਨ `ਚ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ
ਮੁਤਾਬਕ 2 ਹਾੜ/16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਤਿਹਾਸਕ ਵਸੀਲਿਆਂ ਮੁਤਾਬਕ ਗੁਰੂ ਅਰਜਨ
ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663 ਮੁਤਾਬਕ
30 ਮਈ ਸੰਨ 1606 ਯੂਲੀਅਨ ਦਿਨ ਸ਼ੁੱਕਰਵਾਰ ਨੂੰ ਹੋਈ ਸੀ। ਇਨ੍ਹਾਂ
ਵਿਚੋਂ ਇਕ ਤਾਰੀਖ 2 ਹਾੜ, ਸੂਰਜੀ
ਕੈਲੰਡਰ ਦੀ ਹੈ ਅਤੇ ਦੂਜੀ ਜੇਠ ਸੁਦੀ 4, ਚੰਦਰ ਸੂਰਜੀ ਕੈਲੰਡਰ ਦੀ ਹੈ। ਭਾਵੇ ਅੱਜ ਤੋਂ 407 ਸਾਲ
ਪਹਿਲਾ, ਇਹ ਦੋਵੇਂ ਤਾਰੀਖਾਂ (2
ਹਾੜ ਅਤੇ ਜੇਠ ਸੁਦੀ 4) ਇਕ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀ ਹੁੰਦਾ। 1663 ਬਿਕ੍ਰਮੀ ਤੋਂ ਪਿਛੋਂ
ਇਹ ਦੋਵੇਂ ਤਾਰੀਖਾਂ 1682 ਬਿਕ੍ਰਮੀ ਨੂੰ ਇਕੱਠੀਆਂ ਆਈਆਂ ਸਨ। 2010 ਵਿਚ ਵੀ ਇਹ ਦੋਵੇਂ ਤਾਰੀਖਾਂ ਇਕੋ ਦਿਨ, 16 ਜੂਨ ਨੂੰ ਹੀ ਸਨ। ਅੱਜ ਇਨ੍ਹਾਂ ਦੋ ਤਾਰੀਖਾਂ `ਚ ਇਕ ਤਾਰੀਖ ਦੀ ਚੋਣ ਕਰਨੀ ਸਮੱਸਿਆ ਬਣ ਗਈ ਹੈ। ਆਓ, ਦਿਨੋ-ਦਿਨ
ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।
ਧਰਤੀ ਆਪਣੇ ਧੁਰੇ ਦੁਵਾਲੇ
ਘੁੰਮਦੀ ਹੈ ਇਸ ਦਾ ਇਕ ਚੱਕਰ 24 ਘੰਟੇ ਵਿਚ ਪੂਰਾ ਹੁੰਦਾ ਹੈ। ਕੈਲੰਡਰ `ਚ ਇਸ ਨੂੰ ਇਕ
ਦਿਨ ਗਿਣਿਆ ਜਾਂਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.2422 ਦਿਨ (365 ਦਿਨ, 5 ਘੰਟੇ, 48 ਮਿੰਟ ਅਤੇ 45
ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ
ਹੈ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ। ਚੰਦ
ਦਾ ਇਹ ਚੱਕਰ ਇਹ ਚੱਕਰ 29 ਦਿਨ
12 ਘੰਟੇ 44 ਮਿੰਟ 3 ਸੈਕਿੰਡ ਵਿਚ ਪੂਰਾ ਹੁੰਦਾ ਹੈ। ਚੰਦ ਦੇ ਸਾਲ ਦੇ ਸਾਲ ਦੀ ਲੰਬਾਈ 354.37
ਦਿਨ (354 ਦਿਨ, 8 ਘੰਟੇ, 52 ਮਿੰਟ,ਅਤੇ 48 ਸੈਕੰਡ) ਹੁੰਦੀ ਹੈ। ਭਾਵ ਚੰਦ ਦਾ ਇਕ ਸਾਲ ਸੂਰਜੀ
ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ
4, 2011 ਵਿਚ 5 ਜੂਨ (22 ਜੇਠ) ਨੂੰ ਆਇਆ ਸੀ। 2012 ਵਿਚ ਉਸ ਤੋਂ 11
ਦਿਨ ਪਹਿਲਾਂ 25 ਮਈ (12 ਜੇਠ) ਆਇਆ ਸੀ। ਇਸ
ਹਿਸਾਬ ਨਾਲ ਤਾਂ ਇਹ 2013 ਵਿਚ ਇਹ ਦਿਹਾੜਾ 14 ਮਈ (1 ਜੇਠ) ਨੂੰ ਆਉਣਾ ਚਾਹੀਦਾ ਹੈ ਪਰ ਹੁਣ ਇਹ
ਦਿਹਾੜਾ 14 ਮਈ ਨੂੰ ਨਹੀਂ ਸਗੋਂ 12 ਜੂਨ (30 ਜੇਠ) ਨੂੰ ਹੈ। ਅਜੇਹਾ ਕਿਓ?
ਚੰਦ ਦਾ ਸਾਲ, ਜੋ
ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੈ, ਇਕ ਸਾਲ `ਚ 11 ਦਿਨ, ਦੋ ਸਾਲਾ
ਵਿਚ 22 ਦਿਨ ਸੂਰਜੀ ਸਾਲ ਤੋਂ ਪਿਛੇ ਰਹਿ ਗਿਆ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ
ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ, 2012 ਵਿਚ
ਚੰਦ ਦੇ ਸਾਲ ਦੇ 13 ਮਹੀਨੇ ਸਨ। (ਭਾਦੋਂ
ਦੇ ਦੋ ਮਹੀਨੇ ਸਨ) 19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ। ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ
ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ
ਜਾ ਸਕਦਾ। ਹੁਣ ਭਾਦੋਂ ਦੇ ਮਹੀਨੇ ਤੋਂ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ ਇਕ ਮਹੀਨਾ ਪੱਛੜ ਜਾਣਗੇ।
2013 ਵਿਚ, ਜਿਹੜਾ ਦਿਹਾੜਾ 14 ਮਈ ਨੂੰ ਆਉਣਾ ਚਾਹੀਦਾ ਹੈ ਹੁਣ ਉਹ 12 ਜੂਨ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਸ਼ਹੀਦੀ
ਦਿਹਾੜਾ 2014 `ਚ 11 ਦਿਨ ਪਹਿਲਾ ਭਾਵ 1 ਜੂਨ
ਨੂੰ ਆਵੇਗਾ ਅਤੇ ਉਸ ਤੋਂ ਅੱਗਲਾ 22 ਮਈ 2015 ਸੀ. ਈ.
ਵਿਚ।
ਭਾਵੇ
ਸ਼੍ਰੋਮਣੀ ਕਮੇਟੀ ਵੱਲੋਂ ਸੋਧਾਂ ਦੇ ਨਾਮ ਦੇ ਵਿਗਾੜੇ ਗਏ ਕੈਲੰਡਰ ਨੂੰ 14 ਮਾਰਚ 2010 `ਚ ਲਾਗੂ ਕੀਤਾ
ਗਿਆ ਸੀ ਪਰ ਉਸ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪਾਕਿਸਤਾਨ
ਭੇਜੇ ਜਾਣ ਵਾਲੇ ਜਥੇ ਨੂੰ ਕੋਈ ਸਮੱਸਿਆ ਨਹੀ ਸੀ ਆਈ। ਕਿਉਂਕਿ 2010 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ, 2 ਹਾੜ/16 ਜੂਨ ਨੂੰ ਹੀ
ਮਨਾਇਆ ਗਿਆ ਸੀ।
ਸ਼੍ਰੋਮਣੀ
ਕਮੇਟੀ ਵੱਲੋਂ 2011 ਵਿਚ ਜਾਰੀ ਕੀਤੇ ਗਏ ਕੈਲੰਡਰ `ਚ ਇਹ ਦਿਹਾੜਾ 5 ਜੂਨ ਅਤੇ 2012 ਵਿਚ 25 ਮਈ ਨੂੰ ਦਰਜ ਹੋਣ ਕਰਕੇ ਦੋਵੇਂ
ਸਾਲ ਹੀ ਸ਼੍ਰੋਮਣੀ ਕਮੇਟੀ ਆਪਣਾ ਜਥਾ ਪਾਕਿਸਤਾਨ ਨਹੀ ਭੇਜ ਸਕੀ। ਪਾਕਿਸਤਾਨ `ਚ ਨਾਨਕ ਸ਼ਾਹੀ
ਕੈਲੰਡਰ ਲਾਗੂ ਹੈ। ਉਥੇ ਹਰ ਸਾਲ 2 ਹਾੜ/16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਇਸ
ਕਰਕੇ ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਕਿਸੇ ਹੋਰ ਤਾਰੀਖ ਲਈ ਵੀਜੇ
ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਦੋਂ ਕਿ ਦਿੱਲੀ
ਕਮੇਟੀ ਦੇ ਜਥੇ ਨੂੰ ਵੀਜ਼ਾ ਦੇ ਦਿੱਤਾ ਗਿਆ ਸੀ
ਕਿਉਂਕਿ ਦਿੱਲੀ ਕਮੇਟੀ ਵੱਲੋਂ ਨਾਨਕ ਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਸੀ। ਇਸ ਸਾਲ ਤੋਂ ਦਿੱਲੀ ਕਮੇਟੀ ਨੇ ਵੀ ਧੁਮੱਕੜਸ਼ਾਹੀ ਕੈਲੰਡਰ ਹੀ ਲਾਗੂ ਕਰ ਦਿੱਤਾ ਹੈ ਇਸ ਲਈ ਇਸ ਸਾਲ ਦੋਵਾਂ ਕਮੇਟੀਆਂ
ਦੇ ਜਥਿਆਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ।
ਪਾਕਿਸਤਾਨ
ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਹਾੜ/ 16 ਜੂਨ ਨੂੰ ਹੀ ਸ਼ਹੀਦੀ
ਦਿਹਾੜਾ ਮਨਾਇਆ ਜਾਣਾ ਹੈ। ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ ਵੀ ਬਾਹਰੋਂ ਆਉਣ ਵਾਲੇ ਜਥਿਆਂ ਨੂੰ 8
ਜੂਨ ਤੋਂ 18 ਜੂਨ ਤਾਈ ਵੀਜ਼ਾ ਦਿੱਤਾ ਗਿਆ ਹੈ। ਅਖ਼ਬਾਰੀ ਖ਼ਬਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਜਥਾ
ਵੀ 8 ਜੂਨ ਨੂੰ ਰਵਾਨਾ ਹੋਵੇਗਾ। ਪਰ 12 ਜੂਨ ਨੂੰ ਸ਼ਹੀਦੀ ਦਿਹਾੜਾ ਗੁਰਦਵਾਰਾ ਡੇਹਰਾ ਸਾਹਿਬ
(ਲਾਹੌਰ) ਵਿਖੇ ਮਨਾਉਣ ਉਪ੍ਰੰਤ 13 ਜੂਨ ਨੂੰ ਵਾਪਸ ਆ ਜਾਵੇਗਾ। ਜਦੋਂ ਕੇ ਬਾਕੀ ਜਥੇ 18 ਜੂਨ ਨੂੰ ਵਾਪਸ ਆਉਣਗੇ। ਇਸ ਸਾਲ ਤਾਂ 4 ਦਿਨਾਂ ਦਾ ਫਰਕ ਹੋਣ ਕਰਕੇ ਅਜੇਹਾ ਸੰਭਵ ਹੋ ਸਕਿਆ
ਹੈ ਪਰ ਅਗਲੇ ਸਾਲ ਕੀ ਹੋਵੇਗਾ? 2014 `ਚ ਇਹ ਦਿਹਾੜਾ 2013 ਨਾਲੋਂ 11
ਦਿਨ ਪਹਿਲਾ ਭਾਵ 1 ਜੂਨ ਅਤੇ 2015 `ਚ 22 ਮਈ ਨੂੰ ਆਵੇਗਾ। ਹਰ ਸਾਲ ਸ਼੍ਰੋਮਣੀ ਕਮੇਟੀ ਨੂੰ ਇਸ ਸਮੱਸਿਆ
ਦਾ ਸਾਹਮਣਾ ਕਰਨਾ ਪਵੇਗਾ। ਪਾਕਿਸਤਾਨ ਕਮੇਟੀ ਵੱਲੋਂ ਨਾਨਕ
ਸ਼ਾਹੀ ਕੈਲੰਡਰ ਦੇ ਹੱਕ `ਚ ਲਏ ਗਏ ਸਪੱਸ਼ਟ ਫੈਸਲੇ ਕਾਰਨ ਆਉਣ ਵਾਲੇ ਸਾਲਾਂ ਸ਼੍ਰੋਮਣੀ
ਕਮੇਟੀ ਤੇ ਪਾਕਿਸਤਾਨ ਕਮੇਟੀ `ਚ ਰੇੜਕਾ ਇਸੇ ਤਰ੍ਹਾਂ ਹੀ ਚਲਦਾ
ਰਹੇਗਾ। ਹੁਣ
ਜਾਂ ਤਾਂ ਸ਼੍ਰੋਮਣੀ ਕਮੇਟੀ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਕ ਜਥਾ 2 ਹਾੜ/16 ਜੂਨ ਨੂੰ ਭੇਜ ਸਕੇਗੀ
ਜਾਂ 2029 ਤਾਈ ਸਬਰ ਕਰਨਾ ਪੈਣਾ ਹੈ। ਧੁਮੱਕੜਸ਼ਾਹੀ
ਕੈਲੰਡਰ ਮੁਤਾਬਕ, ਸ਼੍ਰੋਮਣੀ ਕਮੇਟੀ 2029 `ਚ ਹੀ ਪਾਕਿਸਤਾਨ ਜਥਾ ਭੇਜ ਸਕੇਗੀ ਕਿਉਂਕਿ ਹੁਣ 2029
ਵਿੱਚ ਹੀ 2 ਹਾੜ ਅਤੇ ਜੇਠ ਸੁਦੀ 4 ਇਕੱਠਿਆਂ
ਆਉਣਗੀਆਂ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਚੰਦਰ ਸੂਰਜੀ
ਬਿਕ੍ਰਮੀ ਕੈਲੰਡਰ ਦੇ ਮੁਤਾਬਕ ਜੇਠ ਸੁਦੀ 4 ਨੂੰ ਮਨਾਉਣ ਦੀ ਕੀ ਸਮੱਸਿਆ ਹੈ ਇਹ ਆਪਾ ਉਪਰ
ਵੇਖ ਚੁੱਕੇ ਹਾਂ। ਆਉ ਵੇਖੀਏ ਕਿ ਜੇ ਅਸੀਂ 2 ਹਾੜ ਨੂੰ ਮੁਖ ਰੱਖੀਏ ਤਾਂ
ਕੀ ਹੋਵੇਗਾ। 2 ਹਾੜ ਸੂਰਜੀ ਬਿਕ੍ਰਮੀ ਦੀ ਤਾਰੀਖ ਹੈ। ਇਸ ਸਾਲ ਦੇ 365
ਦਿਨ ਹੀ ਹਨ। ਸਾਲ ਦੇ ਦਿਨ ਬਰਾਬਰ ਹੋਣ ਕਾਰਨ 2 ਹਾੜ
ਹਰ ਸਾਲ ਸੀ. ਈ ਕੈਲੰਡਰ ਦੀ ਇਕੋ ਤਾਰੀਖ ਨੂੰ ਹੀ ਆਵੇਗਾ। ਇਥੇ ਇਕ ਹੋਰ ਸਮੱਸਿਆ ਹੈ ਉਹ ਹੈ ਸੂਰਜੀ
ਬਿਕ੍ਰਮੀ ਸਾਲ ਦੀ ਲੰਬਾਈ `ਚ ਲੱਗ ਭੱਗ 20 ਮਿੰਟ ਦਾ ਫਰਕ। ਜਿਸ ਕਾਰਨ
ਇਹ 72 ਸਾਲਾ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਸ
ਸਮੱਸਿਆ ਦਾ ਹੱਲ ਹੈ ਨਾਨਕਸ਼ਾਹੀ ਕੈਲੰਡਰ।
ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਹੈ 365.2425 ਦਿਨ ਜੋ ਮੌਸਮੀ ਸਾਲ ਦੀ ਲੰਬਾਈ (365.2422) ਦੇ ਬਹੁਤ ਹੀ ਨੇੜੇ ਹੈ। ਇਸ ਲੰਬਾਈ ਮੁਤਾਬਕ ਨਾਨਕਸ਼ਾਹੀ ਕੈਲੰਡਰ ਦਾ ਮੌਸਮੀ ਸਾਲ ਨਾਲ 3300 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। ਹੁਣ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ 2 ਹਾੜ ਨੂੰ ਮਨਾਉਂਦੇ ਹਾਂ ਤਾਂ ਇਹ ਸਦਾ ਵਾਸਤੇ ਹੀ 16 ਜੂਨ ਨੂੰ ਆਵੇਗਾ। ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 2003 `ਚ ਲਾਗੂ ਕੀਤਾ ਗਿਆ ਸੀ। ਪਾਕਿਸਤਾਨ ਸਰਕਾਰ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਸਾਰੀ ਦੁਨੀਆਂ `ਚ ਇਹ ਕੈਲੰਡਰ ਲਾਗੂ ਹੈ। 17 ਅਕਤੂਬਰ 2009 ਨੂੰ ਅਚਾਨਕ ਇਹ ਖ਼ਬਰ ਆਈ ਇਸ ਕੈਲੰਡਰ `ਚ ਸੋਧ ਕੀਤੀ ਜਾ ਹਰੀ ਹੈ। ਕੈਲੰਡਰ ਵਿਗਿਆਨ ਦੇ ਦੋ ਮਹਾਨ ਵਿਦਵਾਨਾਂ (?) ਭਾਈ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਦੀ ਦੋ ਮੈਂਬਰੀ ਕਮੇਟੀ ਬਣਾ ਦਿੱਤੀ ਗਈ। ਇਸ ਕਮੇਟੀ ਨੇ ਸਿਰਫ 3 ਤਾਰੀਖਾਂ ਨੂੰ (ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਕੱਤਕ ਸੁਦੀ 2 ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਹਾੜਾ ਕੱਤਕ ਸੁਦੀ 5) ਸੋਧਾ ਲਾਉਣ ਦੀ ਸਿਫ਼ਾਰਿਸ਼ ਕਰ ਦਿੱਤੀ। ਦੋ ਮੈਂਬਰੀ ਕਮੇਟੀ ਦੀਆਂ ਸ਼ਿਫਾਰਸ਼ਾ ਨੂੰ ਪੰਜ ਸਿੰਘ ਸਾਹਿਬਾਨ ਨੇ ਆਪਣੀ 30 ਦਸੰਬਰ 2009 ਦੀ ਇਕੱਤਰਤਾ `ਚ ਪ੍ਰਵਾਨ ਕਰ ਲਿਆ ਗਿਆ।
ਉਪਰ ਦਿੱਤੇ ਗਏ ਮਤਾ ਨੰ 1 (ਨੰਬਰ ਅ:3/09/3570) `ਚ
ਸਪੱਸ਼ਟ ਲਿਖਿਆ ਹੋਇਆ ਹੈ ਕਿ, ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਗੁਰਪੁਰਬ ਪੁਰਾਤਨ ਮਰਯਾਦਾ
ਅਨੁਸਾਰ ਪੋਹ ਸੁਦੀ ਸੱਤਮੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਬਿਰਾਜਮਾਨ ਹੋਣ ਦਾ
ਗੁਰਪੁਰਬ ਕੱਤਕ ਸੁਦੀ ਦੂਜ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ
ਪੁਰਾਤਨ ਮਰਯਾਦਾ ਅਨੁਸਾਰ ਕੱਤਕ ਸੁਦੀ ਪੰਚਮੀ ਨੂੰ ਮਨਾਇਆ ਜਾਵੇਗਾ। ਇਸ ਮਤੇ ਮੁਤਾਬਕ ਨਾ ਤਾ
ਦੋ ਮੈਂਬਰੀ ਕਮੇਟੀ ਨੇ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਪੁਰਾਤਨਤਾ ਅਨੁਸਾਰ
ਜੇਠ ਸੁਦੀ 4 ਕਰਨ ਦੀ ਸਿਫ਼ਾਰਿਸ਼ ਕੀਤੀ ਹੈ ਅਤੇ ਨਾ ਹੀ ਪੰਜ ਸਿੰਘ ਸਾਹਿਬ ਨੇ ਆਪਣੀ 30 ਦਸੰਬਰ ਦੀ
ਮੀਟਿੰਗ `ਚ ਪ੍ਰਵਾਨ ਕੀਤੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ
ਸ਼ਹੀਦੀ ਦਿਹਾੜੇ ਦੀ ਤਾਰੀਖ 2 ਹਾੜ ਤੋਂ ਬਦਲ ਕੇ ਜੇਠ ਸੁਦੀ 4 ਕਿਸ ਨੇ ਅਤੇ ਕਦੋਂ ਕੀਤੀ ਹੈ? ਵਾਰ-ਵਾਰ
ਬੇਨਤੀਆਂ ਕਰਨ ਤੇ ਵੀ ਸ਼੍ਰੋਮਣੀ ਕਮੇਟੀ ਨੇ ਇਸ ਸਵਾਲ ਦਾ ਜਵਾਬ ਨਹੀ ਦਿੱਤਾ। ਹੁਣ, ਜਿੰਨਾ ਚਿਰ
ਸ਼੍ਰੋਮਣੀ ਕਮੇਟੀ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰਦੀ, ਉਨ੍ਹਾਂ ਚਿਰ ਸਾਡਾ ਇਹ ਦਾਵਾ ਕਾਇਮ ਰਹੇਗਾ
ਕਿ ਇਹ ਸੋਧ 2011 ਵਿੱਚ ਕੈਲੰਡਰ ਛਾਪਣ ਵੇਲੇ ਚੁਪ-ਚੁਪੀਤੇ ਹੀ ਕੀਤੀ ਗਈ ਹੈ।
ਜੇ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ 19
ਵੈਸਾਖ/2 ਮਈ, ਗੁਰਗੱਦੀ ਦਿਵਸ 2 ਅੱਸੂ/16 ਸਤੰਬਰ ਅਤੇ ਗੁਰੂ ਹਰਿਗੋਬਿੰਦ ਜੀ ਦਾ ਗੁਰਗੱਦੀ ਦਿਵਸ
28 ਜੇਠ/11 ਜੂਨ, ਨਾਨਕ ਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਜਾ ਸਕਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ
ਸ਼ਹੀਦੀ ਦਿਹਾੜਾ 2 ਹਾੜ/16 ਜੂਨ ਨੂੰ ਕਿਓ ਨਹੀ ਮਨਾਇਆ ਜਾ ਸਕਦਾ? ਜੇ ਹੋਰ
ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਸੂਰਜੀ ਕੈਲੰਡਰ ਜਿਸ ਦੇ ਸਾਲ ਦੇ 365 ਦਿਨ ਹੁੰਦੇ ਹਨ, ਮੁਤਾਬਕ
ਮਨਾਏ ਜਾ ਸਕਦੇ ਹਨ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੰਦ ਦੇ ਕੈਲੰਡਰ ਮੁਤਾਬਕ, ਜਿਸ
ਦੇ ਸਾਲ `ਚ 354 ਦਿਨ ਹੁੰਦੇ ਹਨ, ਮੁਤਾਬਕ ਮਨਾਉਣ ਦੇ ਪਿਛੇ ਕੀ ਕਾਰਨ ਹੋ ਸਕਦੇ ਹਨ? ਇਹ ਸਮਝਣ ਦੀ
ਲੋੜ ਹੈ। ਅਜੇਹਾ ਕੈਲੰਡਰ, ਜਿਸ ਦੀਆ ਤਾਰੀਖਾਂ ਵੀ ਅਸੀਂ ਆਪ ਨਹੀ ਪਤਾ ਕਰ ਸਕਦੇ, ਇਸ ਲਈ
ਸਾਨੂੰ ਯੰਤਰੀਆਂ ਤੇ ਹੀ ਨਿਰਭਰ ਹੋਣਾ ਪੈਂਦਾ ਹੈ। ਇਹ
ਯੰਤਰੀਆਂ ਕੁਝ ਖਾਸ ਵਿਅਕਤੀਆਂ ਵੱਲੋਂ ਹੀ ਬਣਾਈਆਂ ਜਾਂਦੀਆਂ ਹਨ। ਖਾਲਸਾ ਜੀ ਜਾਗੋ! ਨਾਨਕਸ਼ਾਹੀ
ਕੈਲੰਡਰ ਨੂੰ ਸੋਧਾ ਲਾਉਣ ਦੇ ਪਿਛੇ ਕੰਮ ਕਰਦੀ ਮੰਦ ਭਾਵਨਾ ਨੂੰ ਸਮਝੋ।