ਜਥੇਦਾਰ ਅਵਤਾਰ ਸਿੰਘ ਦੇ ਨਾਮ ਖੁੱਲਾ
ਖੱਤ
ਜਥੇਦਾਰ
ਅਵਤਾਰ ਸਿੰਘ ਮੱਕੜ ਜੀ,
ਪ੍ਰਧਾਨ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਮਿਤੀ:- 04 ਅਗਸਤ , 2013
ਵਿਸ਼ਾ :-
ਨਾਨਕਸ਼ਾਹੀ ਕੈਲੰਡਰ
ਜਥੇਦਾਰ ਅਵਤਾਰ ਸਿੰਘ ਮੱਕੜ ਜੀ, ਸਭ ਤੋਂ ਪਹਿਲਾ ਤਾਂ ਆਪ
ਦੇ 18 ਜੁਲਾਈ ਵਾਲੇ ਅਖ਼ਬਾਰੀ ਬਿਆਨ, “ਨਾਨਕਸ਼ਾਹੀ ਕੈਲੰਡਰ ਵਿਚ ਕੋਈ ਸੋਧ ਨਹੀ ਕੀਤੀ ਜਾਵੇਗੀ”, ਲਈ ਧੰਨਵਾਦ ਕਰਦਾ ਹਾਂ ਜਿਸ
ਰਾਹੀਂ ਤੁਸੀਂ ਆਮ ਸੰਗਤਾਂ ਦਾ ਭੁਲੇਖਾ ਵੀ ਦੂਰ
ਕਰ ਦਿੱਤਾ ਹੈ ਕਿ ਅਕਾਲ ਤਖਤ ਦਾ ਮੁਖ ਸੇਵਾਦਾਰ ਸਰਬਉੱਚ ਨਹੀ ਸਗੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ ਦਾ ਪ੍ਰਧਾਨ ਹੀ ਸਰਬਉੱਚ ਹੈ। ਜਾਗਰੂਕ ਸੰਗਤਾਂ ਨੂੰ ਤਾਂ ਪਹਿਲਾ ਹੀ ਪਤਾ ਹੈ ਕਿ ਅਕਾਲ ਤਖਤ
ਦਾ ਮੁੱਖ ਸੇਵਾਦਾਰ ਸ਼੍ਰੋਮਣੀ ਕਮੇਟੀ ਦਾ ਤਨਖ਼ਾਦਾਰ ਮੁਲਾਜ਼ਮ ਹੈ ਅਤੇ ਉਹ ਪ੍ਰਧਾਨ ਦੇ ਹੁਕਮ ਤੋਂ
ਬਿਨਾ ਆਪ ਨਾ ਤਾਂ ਕੁਝ ਬੋਲ ਸਕਦਾ ਹੈ ਅਤੇ ਨਾ ਹੀ ਕੁਝ ਸੋਚ ਸਕਦਾ ਹੈ। 17 ਜੁਲਾਈ ਦੀਆਂ ਅਖ਼ਬਾਰਾਂ
`ਚ ਗਿਆਨੀ ਗੁਰਬਚਨ ਸਿੰਘ ਜੀ ਦਾ ਬਿਆਨ “ਕੈਲੰਡਰ ਕੋਈ ਗੁਰਬਾਣੀ ਨਹੀ, ਇਸ ਨੂੰ ਦੁਬਾਰਾ ਵੀ ਸੋਧਿਆ
ਜਾ ਸਕਦਾ ਹੈ” ਪਰ ਆਪ ਜੀ ਦੇ 18 ਜੁਲਾਈ ਦੇ ਬਿਆਨ ਪਿਛੋਂ ਗਿਆਨੀ ਗੁਰਬਚਨ ਸਿੰਘ ਜੀ ਕਹਿ ਰਹੇ ਹਨ
ਕਿ, “ਸੋਧੇ ਹੋਏ ਕੈਲੰਡਰ ਤੇ ਕੋਈ ਕਿੰਤੂ ਨਹੀਂ ਕਰਨਾ ਚਾਹੀਦਾ, ਇਹ ਕੈਲੰਡਰ ਸਰਵ ਪ੍ਰਵਾਨਿਤ ਹੈ”
। ਪਤਾ ਨਹੀ ਰਾਤੋਂ ਰਾਤ ਬਿਨਾ ਕਿਸੇ ਸੋਧ ਦੇ ਹੀ ਉਹ ਕੈਲੰਡਰ ਸਰਵ ਪ੍ਰਵਾਨਿਤ ਕਿਵੇਂ ਹੋ ਗਿਆ ਜਿਸ
ਬਾਰੇ 17 ਜੁਲਾਈ ਨੂੰ ਗਿਆਨੀ ਗੁਰਬਚਨ ਸਿੰਘ ਜੀ ਨੇ ਆਪ ਕਿਹਾ ਸੀ, “ਨਾਨਕ ਸ਼ਾਹੀ ਕੈਲੰਡਰ `ਚ
ਸੋਧਾਂ ਕਰਨ ਸਬੰਧੀ ਮਜ਼ਬੂਰੀਆਂ ਦਾ ਖੁਲਾਸਾ ਕਰਨ ਨਾਲ ਹੋਵੇਗੀ ਸਿੱਖ ਕੌਮ ਦੀ ਬਦਨਾਮੀ”। ਖੈਰ! ਇਹ
ਤਾਂ ਅੰਦਰੂਨੀ ਗੱਲਾ ਹਨ ਜਿਨ੍ਹਾਂ ਬਾਰੇ ਤੁਸੀਂ ਵਧੇਰੇ ਜਾਣਦੇ ਹੋ। ਸੰਗਤਾਂ ਤਾਂ ਇਹ ਜਾਣਦੀਆਂ ਹਨ
ਕਿ ਜਦੋਂ ਵੀ ਕਿਸੇ ਨੇ ਕੁਝ ਸੋਚਣ/ਬੋਲਣ ਦੀ ਗਲਤੀ ਕੀਤੀ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਸਾਹਿਬ ਨੇ ‘ਪਹਿਲਾ ਅਸਤੀਫ਼ਾ ਪਾਛੇ ਇਸ਼ਨਾਨ’ ਦਾ ਸਿਧਾਂਤ ਲਾਗੂ ਕਰ ਦਿੱਤਾ ਹੈ।
17 ਜੁਲਾਈ ਦੀਆਂ ਅਖ਼ਬਾਰਾਂ `ਚ ਗਿਆਨੀ ਗੁਰਬਚਨ ਸਿੰਘ ਜੀ
ਦਾ ਬਿਆਨ “ਕੈਲੰਡਰ ਕੋਈ ਗੁਰਬਾਣੀ ਨਹੀ, ਇਸ ਨੂੰ ਦੁਬਾਰਾ ਵੀ ਸੋਧਿਆ ਜਾ ਸਕਦਾ ਹੈ” ਪੜ੍ਹ ਕੇ ਤਾਂ
ਅਜੇਹਾ ਮਹਿਸੂਸ ਹੋਇਆ ਸੀ ਕਿ ਜੇ ਅਕਾਲ ਤਖਤ ਦਾ ਮੁੱਖ ਸੇਵਾਦਾਰ ਵੀ ਮੰਨਦਾ ਹੈ ਕਿ 2010 ਵਿਚ
ਸੋਧੇ ਗਏ ਕੈਲੰਡਰ `ਚ ਮੁੜ ਸੋਧਾਂ ਕਰਨ ਦੀ ਜ਼ਰੂਰਤ ਹੈ ਤਾਂ ਹੁਣ ਆਪੂ ਸਹੇੜੇ ਇਸ ਮਸਲੇ ਦਾ ਹੱਲ ਹੋ
ਜਾਵੇਗਾ। ਤੁਹਾਡੇ
18 ਜੁਲਾਈ ਦੇ ਬਿਆਨ ਨੇ ਇਹ ਸਾਬਿਤ ਕਰ ਦਿੱਤਾ ਹੈ
ਕਿ ਅਕਾਲ ਤਖਤ ਦਾ ਮੁਖ ਸੇਵਾਦਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਤਨਖ਼ਾਦਾਰ ਮੁਲਾਜ਼ਮ ਹੈ।
ਉਂਝ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਿਖਤੀ ਤੌਰ ਤੇ ਵੀ ਮੰਨ ਚੁੱਕੀ ਹੈ ਕਿ, “ਸ੍ਰੀ ਅਕਾਲ
ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਜੀ ਦੀ ਨਿਯੁਕਤੀ ਅਤੇ ਤਨਖਾਹ ਦੇ ਅਧਿਕਾਰ ਅੰਤ੍ਰਿੰਗ ਕਮੇਟੀ
ਪਾਸ ਹਨ”। (ਪੱਤਰ ਨੂੰ 60148 ਮਿਤੀ 9-11-2011) ਆਪਣੇ ਬਿਆਨ ਰਾਹੀ ਵੀ ਇਹ ਗੱਲ ਸਪੱਸ਼ਟ ਕਰਨ
ਲਈ ਆਪ ਜੀ ਦਾ ਇਕ ਵੇਰ ਫੇਰ ਧੰਨਵਾਦ।
ਜਥੇਦਾਰ ਅਵਤਾਰ ਸਿੰਘ ਜੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ ਦਾ ਪ੍ਰਧਾਨ ਹੋਣ ਅਤੇ ਦੋ ਮੈਂਬਰੀ ਕੈਲੰਡਰ ਕਮੇਟੀ ਦਾ ਮੁਖੀ ਹੋਣ ਦੇ ਨਾਤੇ ਇਹ ਪੱਤਰ ਆਪ
ਜੀ ਨੂੰ ਸੰਬੋਧਨ ਕਰਕੇ ਲਿਖ ਰਿਹਾ ਹਾਂ। ਮੈਨੂੰ ਪੂਰੀ ਆਸ ਹੈ ਕਿ ਆਪ ਜੀ ਇਸ ਪੱਤਰ ਦਾ ਜਵਾਬ ਜਰੂਰ
ਦਿਓਗੇ ਕਿਉਂਕਿ ਹੁਣ ਤੁਸੀਂ ਇਸ ਪੱਤਰ ਦਾ ਜਵਾਬ ਦੇਣ ਦੀ ਜਿੰਮੇਵਾਰੀ ਕਿਸੇ ਹੋਰ ਤੇ ਸੁੱਟ ਹੀ ਨਹੀਂ
ਸਕਦੇ।
1. ਜਥੇਦਾਰ ਅਵਤਾਰ ਸਿੰਘ ਜੀ, 18 ਜੁਲਾਈ ਦੇ ਅਖ਼ਬਾਰੀ
ਬਿਆਨ ਮੁਤਾਬਕ ਆਪ ਨੇ ਪਿਛਲੇ 3 ਸਾਲ ਤੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਗੁਰਦਵਾਰਾ ਪ੍ਰਬੰਧਕ
ਕਮੇਟੀਆਂ ਵੱਲੋਂ ਇਤਰਾਜ਼ ਕਰਨ ਨੂੰ ਤਾਂ ਦੋ ਚਾਰ ਰੌਲਾ ਪਾਉਣ ਵਾਲੇ ਅਤੇ ਅਗਿਆਨੀ ਸਿੱਖ ਦੱਸਿਆ ਹੈ।
ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ 2010 ਵਿਚ ਕੀਤੀਆਂ ਗਈ ਸੋਧਾਂ ਕਿਸ ਦੇ ਕਹਿਣ ਤੇ ਕੀਤੀਆਂ
ਗਈਆਂ ਸਨ? ਉਹ ਕੌਣ ਸਨ ਜਿਨ੍ਹਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ, 2003 ਵਿੱਚ
ਅਕਾਲ ਤਖਤ ਸਾਹਿਬ ਵੱਲੋਂ ਜਾਰੀ ਅਤੇ ਪੰਥ ਵੱਲੋਂ ਪ੍ਰਵਾਨ ਕੀਤੇ ਗਏ ਕੈਲੰਡਰ `ਚ ਸੋਧਾ ਕਰਨ ਲਈ
ਮਜਬੂਰ ਕੀਤਾ ਸੀ?
2. ਆਪ ਜੀ ਦੇ ਬਚਨ, “ਸਿੱਖਾਂ ਦੀ ਕਿਸੇ ਵੀ ਠੋਸ ਜਥੇਬੰਦੀ
ਨੇ ਇਸ ਕੈਲੰਡਰ `ਚ ਸੋਧ ਕਰਨ ਦੀ ਮੰਗ ਨਹੀ ਕੀਤੀ”।
ਪ੍ਰਧਾਨ ਜੀ, ਜੇ ਤੁਸੀਂ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ, ਅਮੈਰਕਿਨ ਗੁਰਦਵਾਰਾ
ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਦਿ ਨੂੰ ਵੀ ਸਿੱਖਾਂ ਦੀਆ ਠੋਸ
ਜਥੇਬੰਦੀਆਂ ਨਹੀ ਮੰਨਦੇ ਤਾਂ ਆਪਣੀਆਂ ਠੋਸ ਜਥੇਬੰਦੀਆਂ ਦੀ ਸੂਚੀ ਪੇਸ਼ ਕਰਨ ਦੀ ਕ੍ਰਿਪਾਲਤਾ ਕਰੋ
ਜੀ ਤਾਂ ਜੋ ਦੇਸ ਵਿਦੇਸ਼ ਦੀਆਂ ਸੰਗਤਾਂ ਇਹ ਜਾਣ ਸਕਣ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
ਦੇ ਪ੍ਰਧਾਨ ਦੀ ਨਜ਼ਰ `ਚ ਕਿਹੜੀ-ਕਿਹੜੀ ਜਥੇਬੰਦੀ
ਸਿੱਖਾਂ ਦੀ ਠੋਸ ਜਥੇਬੰਦੀ ਹੈ।
3. ਜਥੇਦਾਰ ਜੀ, ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ 7 ਦਿਹਾੜੇ ਚੰਦ ਦੇ ਕੈਲੰਡਰ
ਮੁਤਾਬਕ (ਸਾਲ ਦੇ 354 ਦਿਨ) ਅਤੇ ਬਾਕੀ ਸੂਰਜੀ ਕੈਲੰਡਰ ਮੁਤਾਬਕ ( ਸਾਲ ਦੇ 365 ਦਿਨ) ਮਨਾਉਣ ਨਾਲ
ਇਹ ਕੈਲੰਡਰ ਸਰਵ ਪ੍ਰਵਾਨਿਤ ਕਿਵੇਂ ਹੋ ਗਿਆ? ਕੀ
ਸਾਰੇ ਦਿਹਾੜੇ ਇਕ ਸਿਸਟਮ ਅਨੁਸਾਰ ਨਹੀ ਮਨਾਏ ਜਾ ਸਕਦੇ?
4. ਜਥੇਦਾਰ ਅਵਤਾਰ ਸਿੰਘ ਜੀ, ਕੀ ਇਹ ਸੱਚ ਨਹੀ ਕਿ ਗੁਰੂ
ਕਾਲ ਵੇਲੇ ਪ੍ਰਚੱਲਤ (ਸੂਰਜੀ ਸਿਧਾਂਤ) ਕੈਲੰਡਰ `ਚ 1964 ਵਿੱਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਨੂੰ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਨ ਕੀਤਾ ਹੈ? ਇਸਦਾ ਕੀ ਕਾਰਨ ਹੈ ਕਿ 1964 ਵਿਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਨੂੰ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਵਾਨ ਕਰਦੀ ਹੈ ਪਰ 2003 `ਚ ਸਿੱਖ ਵਿਦਵਾਨਾਂ ਵੱਲੋਂ ਕੀਤੀ
ਗਈ ਸੋਧ ਨੂੰ ਰੱਦ ਕਰਦੀ ਹੈ। ਜਥੇਦਾਰ ਮੱਕੜ ਜੀ, ਇਹ ਸਪੱਸ਼ਟ ਕਰੋ ਕਿ ਹੁਣ ਜਦੋਂ ਹਿੰਦੂ ਵਿਦਵਾਨ ਆਪਣੇ
ਕੈਲੰਡਰ `ਚ ਸੋਧ ਕਰਨਗੇ ਤਾਂ ਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਵਾਨ ਕਰੇਗੀ ਜਾਂ ਨਹੀ?
5. ਜਥੇਦਾਰ ਅਵਤਾਰ ਸਿੰਘ ਜੀ, ਦੁਨੀਆਂ ਨੂੰ 1582 ਵਿੱਚ ਸਮਝ
ਆ ਗਈ ਸੀ ਕਿ ਸਾਲ ਦੀ ਲੰਬਾਈ (365.25 ਦਿਨ) ਕੁਦਰਤੀ ਸਾਲ ਦੀ ਲੰਬਾਈ (365 ਦਿਨ 5 ਘੰਟੇ 48
ਮਿੰਟ 45 ਸੈਕਿੰਡ) ਤੋਂ ਲੱਗ ਭੱਗ ਸਵਾ ਗਿਆਰਾਂ ਮਿੰਟ ਵੱਧ ਹੈ।ਹੁਣ ਤੁਸੀਂ ਇਹ ਜਾਣਕਾਰੀ ਦਿਓ ਇਹ ਗੱਲ ਸ਼੍ਰੋਮਣੀ ਕਮੇਟੀ ਨੂੰ ਕਦੋਂ ਸਮਝ ਆਵੇਗੀ, ਜਿਨ੍ਹਾਂ ਦੇ ਸਾਲ
ਦੀ ਲੰਬਾਈ (365.2563 ਦਿਨ) ਕੁਦਰਤੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ?
6. ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ
ਬਕਾਇਦਾ ਮਤੇ ਪਾਸ ਕਰ ਰਹੀਆਂ ਹਨ, ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ, ਅਮੈਰਕਿਨ ਗੁਰਦਵਾਰਾ
ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਦੁਨੀਆਂ ਭਰ ਦੀਆਂ ਸਿੱਖ
ਜਥੇਬੰਦੀਆਂ ਸਮੇਂ-ਸਮੇਂ ਪੱਤਰ ਲਿਖਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਆਪ ਨੇ ਆਪਣੇ 17 ਜੁਲਾਈ ਦੇ
ਬਿਆਨ `ਚ ਦੋ-ਚਾਰ ਰੋਲਾਂ ਪਾਉਣ ਵਾਲੇ ਅਤੇ ਅਗਿਆਨੀ ਸਿੱਖ ਦੱਸਿਆ ਹੈ। ਹੁਣ ਤਾਂ ਤਖਤ ਦਮਦਮਾ ਸਾਹਿਬ ਦਾ ਮੁੱਖ ਸੇਵਾਦਾਰ ਵੀ ਖੁਲ
ਕੇ ਕਹਿ ਰਿਹਾ ਹੈ ਕੇ “ਮੈਂ ਸੋਧੇ ਹੋਏ ਕੈਲੰਡਰ ਨੂੰ ਨਹੀਂ ਮੰਨਦਾ”, ਜਥੇਦਾਰ ਮੱਕੜ ਜੀ, ਹੁਣ ਗਿਆਨੀ
ਬਲਵੰਤ ਸਿੰਘ ਨੰਦਗੜ ਨੂੰ ਕਿਸ ਸ਼੍ਰੇਣੀ `ਚ ਸ਼ਾਮਲ ਕਰੋਗੇ?
7. ਅਕਾਲ ਤਖਤ ਸਾਹਿਬ ਤੇ ਪੰਜ ਮੁਖ ਸੇਵਾਦਾਰ ਦੀ 30
ਦਸੰਬਰ 2009 ਨੂੰ ਹੋਈ ਇਕੱਤਰਤਾ `ਚ ਪਾਸ ਕੀਤੇ ਗਏ ਮਤੇ ਨੰਬਰ 1 (ਦਫ਼ਤਰੀ ਨੰਬਰ ਅ:3/09/3570) ਮੁਤਾਬਕ ਤੁਹਾਡੀ ਪ੍ਰਧਾਨਗੀ ਵਾਲੀ ਦੋ ਮੈਂਬਰੀ ਕਮੇਟੀ
ਨੇ ਤਿੰਨ ਗੁਰਪੁਰਬ ਪੁਰਾਤਨਤਾ ਮੁਤਾਬਕ ਮਨਾਉਣ ਦੀ ਸ਼ਿਫਾਰਸ਼ ਕੀਤੀ ਸੀ ਅਤੇ ਪੰਜ ਮੁਖ ਸੇਵਾਦਾਰਾਂ
ਨੇ ਤਿੰਨ ਗੁਰਪੁਰਬ ਪੁਰਾਤਨਤਾ ਮੁਤਾਬਕ ਮਨਾਉਣ
ਨੂੰ ਪ੍ਰਵਾਨਗੀ ਦਿੱਤੀ ਸੀ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਪੁਰਾਤਨਤਾ ਮੁਤਾਬਕ
ਮਨਾਉਣ ਦੀ, ਨਾ ਤਾਂ ਦੋ ਮੈਂਬਰੀ ਕਮੇਟੀ ਨੇ ਸ਼ਿਫਾਰਸ਼ ਕੀਤੀ ਸੀ ਅਤੇ ਨਾ ਹੀ ਪੰਜ ਸਿੰਘ ਸਾਹਿਬ ਨੇ
ਪ੍ਰਵਾਨਗੀ ਦਿੱਤੀ ਸੀ। ਪ੍ਰਧਾਨ ਜੀ, ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ ਗੁਰੂ ਅਰਜਨ ਦੇਵ ਜੀ ਦੇ
ਸ਼ਹੀਦੀ ਦਿਹਾੜੇ ਦੀ ਤਾਰੀਖ਼ ਕਿਸ ਨੇ, ਕਿਓ ਅਤੇ
ਕਿਸ ਅਧਿਕਾਰ ਨਾਲ ਬਦਲੀ ਕੀਤੀ ਹੈ?
8. ਜਥੇਦਾਰ ਅਵਤਾਰ ਸਿੰਘ ਜੀ, ਤੁਹਾਡੇ ਸਮੇਤ ਗਿਆਨੀ
ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਤਰਲੋਚਨ ਸਿੰਘ ਜੀ ਨੇ 13 ਮਾਰਚ ਦੀ ਰਾਤ ਨੂੰ
ਦਿੱਲੀ ਵਿਖੇ ਕੈਲੰਡਰ ਜਾਰੀ ਕਰਨ ਸਮੇ, ਬਾਰ-ਬਾਰ ਇਹ ਕਿਹਾ ਸੀ ਕਿ “ਸਾਡੇ ਕੋਲ ਪੰਜ ਸਿੰਘ ਸਾਹਿਬ
ਦੇ ਦਸਤਖ਼ਤ ਮੌਜੂਦ ਹਨ, ਜਿਸ ਨੇ ਵੇਖਣੇ ਹੋਣ ਵੇਖ ਸਕਦਾ ਹੈ”, ਜਥੇਦਾਰ ਮੱਕੜ ਜੀ, ਬੇਨਤੀ ਹੈ ਕਿ
ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਜਾਣਕਾਰੀ ਲਈ ਉਹ ਪੱਤਰ/ਹੁਕਮਨਾਮਾ ਪੇਸ਼ ਕੀਤਾ ਜਾਵੇ ਜਿਸ ਉਪਰ, 4
ਗੁਰਪੁਰਬ ਚੰਦ ਦੇ ਸਾਲ ਮੁਤਾਬਕ (ਸਾਲ ਦੇ ਦਿਨ
354ਅਤੇ ਸੰਗਰਾਦਾਂ ਪੁਰਾਤਨਤਾ ਮੁਤਾਬਕ (ਦ੍ਰਿਕਗਿਣਤ ਸਿਧਾਂਤ ਮੁਤਾਬਕ-ਸੂਰਜ ਦੇ ਨਵੀਂ ਰਾਸ਼ੀ `ਚ
ਪ੍ਰਵੇਸ਼ ਕਰਨ ਵੇਲੇ) ਕਰਨ ਦੀ ਪ੍ਰਵਾਨਗੀ ਲਈ ਪੰਜ ਤਖਤ ਸਾਹਿਬ ਦੇ ਮੁਖ ਸੇਵਾਦਾਰਾਂ ਦੇ ਦਸਤਖ਼ਤ
ਮੌਜੂਦ ਹਨ।
ਜਥੇਦਾਰ ਅਵਤਾਰ ਸਿੰਘ ਜੀ, ਮੈਨੂੰ ਪੂਰੀ ਆਸ ਹੈ ਕਿ ਆਪ ਜੀ
ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਜਾਣਕਾਰੀ ਲਈ ਉਪ੍ਰੋਕਤ ਸਵਾਲਾਂ ਦੇ ਜਵਾਬ ਦੇ ਕੇ ਸੁਹਿਰਦਤਾ ਅਤੇ
ਜਿੰਮੇਵਾਰੀ ਦਾ ਸਬੂਤ ਦਿਓਗੇ ।
ਸਤਿਕਾਰ ਸਹਿਤ
ਸਰਵਜੀਤ
ਸਿੰਘ