ਕੈਲੰਡਰ ਵੀ ਕੌਮੀ ਪਹਿਚਾਣ
ਦਾ ਅੰਗ ਹੁੰਦਾ ਹੈ।
ਸਰਵਜੀਤ ਸਿੰਘ
ਸੈਕਰਾਮੈਂਟੋ
ਕੌਮਾਂਤਰੀ
ਅੰਮ੍ਰਿਤਸਰ ਟਾਈਮਜ਼ ਵੱਲੋਂ ਨਾਨਕ ਸ਼ਾਹੀ ਕੈਲੰਡਰ ਬਾਰੇ ਅਰੰਭ ਕੀਤੀ ਗਈ ਵਿਚਾਰ ਚਰਚਾ ਦੀ ਲੜੀ ਵਿੱਚ ਬੈਲਜੀਅਮ ਵਾਸੀ ਬੀਬੀ
ਅਮਰਜੀਤ ਕੌਰ ਦਾ ਲੇਖ “ਕੈਲੰਡਰ ਕਿਸੇ ਕੌਮ ਦੀ ਪਹਿਚਾਣ ਨਹੀਂ ਹੋਇਆ ਕਰਦੇ” ਪੜ੍ਹਨ ਨੂੰ ਮਿਲਿਆ।
ਬੀਬੀ ਅਮਰਜੀਤ ਕੌਰ ਨੇ ਆਪਣੇ ਲੇਖ ਦੇ ਅਖੀਰ `ਚ ਲਿਖਦੇ ਹਨ, “ਵਧੇਰੇ ਜਾਣਕਾਰੀ ਲਈ ਪੜ੍ਹੋ ਕਿਤਾਬਚਾ ਸਿੱਖ ਇਤਿਹਾਸ ਨੂੰ ਵਿਗਾੜਨ ਦੀ
ਸਾਜ਼ਿਸ਼”। ਇਹ ਲੇਖ ਵੀ ਉਸੇ ਕਿਤਾਬਚੇ ਦਾ ਹਿੱਸਾ ਹੈ। ਇਹ ਕਿਤਾਬਚਾ 2013 ਵਿੱਚ ਕੈਲੇਫੋਰਨੀਆ ਦੀ
ਇਕ ਹਫਤਾਵਾਰੀ ਅਖ਼ਬਾਰ ਵਿੱਚ ਛਪਿਆ ਸੀ ਅਤੇ ਉਸ ਦਾ ਵਿਸਥਾਰ ਸਹਿਤ ਦਲੀਲ ਨਾਲ, ਉਸੇ ਅਖ਼ਬਾਰ ਰਾਹੀ
ਜਵਾਬ ਦਿੱਤਾ ਜਾ ਚੁਕਾ ਹੈ। ਬੀਬੀ ਅਮਰਜੀਤ ਕੌਰ ਦਾ ਅਜੇਹਾ ਹੀ ਇਕ ਲੇਖ ‘ਸਸਿ
ਘਰਿ ਸੂਰੁ ਵਸੈ ਮਿਟੇ ਅੰਧਿਆਰਾ’ ਜੁਲਾਈ 2011 ਵਿਚ ‘ਸੱਚ ਕੀ ਬੇਲਾ’ (ਪੰਨਾ 35-40) ਨਾਮ ਦੇ
ਮੈਗਜ਼ੀਨ ਵਿਚ ਛਪਿਆ ਸੀ। ਉਦੋਂ ਵੀ ਉਸ ਲੇਖ ਦਾ ਦਲੀਲ ਨਾਲ ਜਵਾਬ ਦਿੱਤਾ ਸੀ। ਇਸ ਤੋਂ ਪਿਛੋਂ ਵੀ ਕਈ ਵਾਰੀ ਬੀਬੀ ਅਮਰਜੀਤ ਕੌਰ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ
ਚੁਕੇ ਹਨ ਪਰ ਬੀਬੀ ਨੇ ਮੋੜਵੇ ਸਵਾਲਾਂ ਦੇ ਜਵਾਬ ਦੇਣ ਦੀ ਕਦੇ ਖੇਚਲ ਨਹੀ ਕੀਤੀ। ਇਸ ਲੇਖ ਦੇ
ਅਖੀਰ `ਚ ਦਰਜ ਸੰਪਾਦਕੀ ਟਿੱਪਣੀ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਹ ਲੇਖ ਅੰਮ੍ਰਿਤਸਰ ਟਾਈਮਜ਼ ਨੂੰ, ਬੀਬੀ ਅਮਰਜੀਤ ਕੌਰ ਨੇ
ਨਹੀਂ ਸਗੋਂ ਸ. ਗੁਰਪਾਲ ਸਿੰਘ ਹੰਸਰਾ ਨੇ ਭੇਜਿਆ ਹੈ। ਇਸ ਲਈ ਮੈਂ ਸ. ਗੁਰਪਾਲ ਸਿੰਘ ਹੰਸਰਾ ਤੋਂ ਇਹ
ਆਸ ਕਰਦਾ ਹਾਂ ਕਿ ਮੋੜਵੇ ਸਵਾਲਾਂ ਦੇ ਜਵਾਬ, ਅੰਮ੍ਰਿਤਸਰ
ਟਾਈਮਜ਼ ਦੇ ਪਾਠਕਾਂ ਨਾਲ ਸਾਂਝੇ ਕਰਨ ਦੀ ਜਿੰਮੇਵਾਰੀ ਵੀ ਨਿਭਾਉਣਗੇ ਤਾਂ ਜੋ ਪਾਠਕ ਕਿਸੇ ਨਤੀਜੇ
ਤੇ ਪੁੱਜ ਸਕਣ।
ਕਿੰਨੀ ਹੈਰਾਨੀ ਦੀ ਗਲ ਹੈ ਕਿ ਬੀਬੀ ਅਮਰਜੀਤ ਕੌਰ ਨੇ ਆਪਣੇ ਲੇਖ ਸਿਰਲੇਖ “ਕੈਲੰਡਰ ਕਿਸੇ ਕੌਮ ਦੀ ਪਹਿਚਾਣ ਨਹੀਂ ਹੋਇਆ ਕਰਦੇ” ਨਾਲ ਸਿੱਖਾਂ ਦੇ ਆਪਣੇ ਵੱਖਰੇ ਕੈਲੰਡਰ ਦੀ ਲੋੜ ਨੂੰ ਮੁੱਢੋਂ
ਹੀ ਰੱਦ ਕਰ ਦਿੱਤਾ ਅਤੇ ਨਾਲ ਹੀ ਆਪਣੇ ਲੇਖ ਵਿੱਚ ਇਹ ਵੀ ਲਿਖ ਦਿੱਤਾ ਕਿ, “ਇਹ ਇੱਕ ਤਰ੍ਹਾਂ ਦਾ ਫ਼ਰੇਮ ਹੁੰਦਾ ਹੈ, ਜਿਸ ਵਿੱਚ ਹਰ ਦੇਸ਼ ਅਤੇ ਕੌਮ
ਦੁਆਰਾ ਆਪਣੀ ਲੋੜ,ਸੋਚ ਅਤੇ ਸਭਿਆਚਾਰ ਅਨੁਸਾਰ ਧਾਰਮਿਕ ਦਿਨ, ਤਿਉਹਾਰ, ਸਮਾਜਿਕ ਅਤੇ ਰਾਜਨੀਤਕ ਘਟਨਾਵਾਂ ਦਾ ਰੰਗ ਭਰਿਆ ਜਾਂਦਾ ਹੈ। ਇਸੇ ਰੰਗ ਦੇ ਅਧਾਰ ਤੇ ਇਸਦਾ ਨਾਮ ਪੈਂਦਾ ਹੈ। ਜਿਵੇਂ:- ਇਸਾਈ ਕੈਲੰਡਰ, ਯਹੂਦੀ ਕੈਲੰਡਰ, ਬਹਾਈਕੈਲੰਡਰ, ਜਪਾਨੀ ਕੈਲੰਡਰ, ਚੀਨੀ ਕੈਲੰਡਰ, ਬੋਧੀ ਕੈਲੰਡਰ, ਇਸਲਾਮਿਕ ਕੈਲੰਡਰ, ਬਿਕਰਮੀ ਕੈਲੰਡਰ ਅਤੇ ਨਾਨਕ ਸ਼ਾਹੀ ਕੈਲੰਡਰ ਆਦਿ”। ਹੁਣ ਬੀਬੀ ਦੀ ਕਿਸ ਗੱਲ ਤੇ ਯਕੀਨ ਕੀਤਾ
ਜਾਵੇ? ਜੇ ਸਿੱਖਾਂ ਨੇ ਵੀ ਇਕ ਫ਼ਰੇਮ ਵਿਚ ਆਪਣੀ ਮਰਜ਼ੀ ਦੇ ਰੰਗ ਭਰ ਲਏ ਤਾਂ ਇਤਰਾਜ਼ ਕਿਓ? ਬੀਬੀ ਅਮਰਜੀਤ ਕੌਰ ਜੀ, ਕੈਲੰਡਰ ਵੀ ਕੌਮੀ ਪਹਿਚਾਣ ਦਾ ਅੰਗ ਹੁੰਦਾ ਹੈ। “Today
each of the major religions has its own calendar which is used to programme its
religious ceremonies, and it is almost as true to say that each calendar has
its religion.” (E.G.Richards, Mapping
Time: The Calendar and Its History)
ਬੀਬੀ ਅਮਰਜੀਤ ਕੌਰ ਨੇ ਆਪਣੇ ਲੇਖ ਦਾ ਤੱਤ ਸਾਰ 9
ਸਵਾਲ ਰਾਹੀ ਪਾਠਕਾਂ ਦੇ ਸਾਹਮਣੇ ਰੱਖਿਆ ਹੈ। ਆਓ ਕ੍ਰਮਵਾਰ ਇਨ੍ਹਾਂ ਤੇ ਵਿਚਾਰ ਕਰੀਏ;
1. ਬਿਕਰਮੀ ਕੈਲੰਡਰ ਦੇ ਮਹੀਨੇ
ਮੌਸਮ ਦਾ ਸਾਥ ਛੱਡ ਰਹੇ ਹਨ ਦਾ ਝੂਠਾ ਡਰ ਕਿਉਂ ਪੈਦਾ ਕੀਤਾ ਗਿਆ?
ਟਿੱਪਣੀ:- ਕੈਲੰਡਰ ਦੀ ਮੁਢਲੀ ਜਾਣਕਾਰੀ ਰੱਖਣ ਵਾਲੇ ਸਾਰੇ ਸੱਜਣ ਇਸ ਗੱਲ ਨਾਲ ਸਹਿਮਤ ਹਨ
ਕਿ ਬਿਕ੍ਰਮੀ ਸਾਲ (ਸੂਰਜੀ ਸਿਧਾਂਤ) ਅਤੇ ਰੁੱਤੀ ਸਾਲ ਦੀ ਲੰਬਾਈ ਵਿਚ ਲੱਗ ਭੱਗ 24 ਮਿੰਟ ਦਾ ਫਰਕ ਹੈ।
ਜਿਸ ਕਾਰਨ ਇਕ ਕੈਲੰਡਰ ਵਿਚ ਰੁੱਤਾ ਸਥਿਰ ਨਹੀ ਰਹਿੰਦਿਆਂ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਦਾ ਮਤ ਹੈ ਕਿ
ਨਾਨਕਸ਼ਾਹੀ ਕੈਲੰਡਰ ਵਿੱਚ ਰੁੱਤਾ ਸਥਿਰ ਨਹੀ ਰਹਿਣੀਆਂ। ਬੀਬੀ ਅਮਰਜੀਤ ਕੌਰ ਲਿਖਦੇ ਹਨ, “ਜੋ ਡਰ ਪੈਦਾ ਕੀਤਾ ਗਿਆ ਹੈ ਕਿ
ਬਿਕਰਮੀ ਕੈਲੰਡਰ, ਰੁੱਤਾ ਦਾ ਸਾਥ ਛੱਡ ਰਿਹਾ ਹੈ, ਬਿਲਕੁਲ ਗਲਤ ਹੈ, ਟਰੌਪੀਕਲ ਕੈਲੰਡਰ ਭਾਵ ਨਾਨਕਸ਼ਾਹੀ ਛੱਡ ਰਿਹਾ ਹੈ”। ਜਦੋਂ ਕਿ ਸਚਾਈ ਇਸ ਦੇ ਉਲਟ ਹੈ ਆਓ ਵੇਖੀਏ ਕਿਵੇਂ;
“ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ
1108) ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪਾਵਨ ਪੰਗਤੀ (ਬਾਰਹਮਾਹ, ਤੁਖਾਰੀ) ਦੇ ਅਰਥ ਫਰੀਦਕੋਟੀ ਟੀਕੇ ਮੁਤਾਬਕ,
“ਬਹੁੜੋ ਜਬ ਅਸਾੜ ਮਹੀਨੇ ਮੈਂ ਸੂਰਜ ਕਾ ਰੱਥ ਫਿਰਤਾ ਹੈ ਅਰਥਾਤ ਉਤ੍ਰਾਇਣ
ਦਖਣਾਇਣ ਕੋ ਹੋਤਾਂ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੌ ਤਕਤੀ ਹੈ ਔਰ ਉਜਾੜੋਂ ਕੇ ਬੀਚ
ਬਿੰਡੇ ਬੋਲਤੇ ਹੈ”।
“ਜਿਸ ਵੇਲੇ ਸੂਰਜ ਦਾ ਰਥ ਹਾੜ ੧੩ ਨੂੰ ਦਖਨੇਣ ਦੀ ਤਰਫ਼ ਫਿਰ ਜਾਂਦਾ ਹੈ ਤਾਂ ਧਨ=ਇਸਤਰੀ
ਤੇ ਮੁਸਾਫਰ ਬ੍ਰਿਛਾ ਦੀ ਛਾਇਆ ਤਾਕੇ-ਤੱਕਦੇ ਹਨ ਅਤੇ ਟਿਡੁ- ਬਿੰਡੇ, ਬਾਹੇ
=ਉਜਾੜ ਮੰਝਿ ਲਵੇ=ਖੋਲਦੇ ਹਨ। (ਸੰਪਰਦਾਈ ਟੀਕਾ) ਇਸੇ ਪੰਨੇ ਦੇ ਅਖੀਰ ਤੇ ਇਕ ਨੋਟ ਹੈ:– “ਜਿਸ ਵੇਲੇ ਹਾੜ 13 ਨੂੰ
ਸੂਰਜ ਦਾ ਰਥ ਦਖਨੇਣ ਹੁੰਦਾ ਹੈ ਤਾਂ ਸ੍ਵਰਗ ਦੇ ਬੂਹੇ ਬੰਦ ਹੁੰਦੇ ਹਨ, ਜਿਸ
ਵੇਲੇ ੯ ਪੋਹ ਨੂੰ ਸੂਰਜ ਦਾ ਰਥ ਉਤਰੇਣ ਹੁੰਦਾ ਹੈ ਤਾਂ ਸ੍ਵਰਗ ਦੇ ਬੂਹੇ ਖੁਲ੍ਹ ਜਾਂਦੇ ਹੈ। ਇਸੇ
ਕਾਰਨ ਕਰਕੇ ਜੋਗੀ ਸਮੇਂ ਦਾ ਵਿਚਾਰ ਕਰ ਕੇ ਪ੍ਰਾਣ ਤਿਆਗਦੇ ਹਨ ਇਹ ਪੁਰਾਣਕ ਅਨੁਸਾਰ ਹੈ”। ਇਸ
ਟਿੱਪਣੀ ਵਿਚ ਰਥ ਫਿਰਨ ਦੀਆਂ ਦੋ ਤਾਰੀਖਾਂ (13 ਹਾੜ ਅਤੇ 9 ਪੋਹ) ਦਿੱਤੀਆਂ ਹੋਈਆਂ ਹਨ। ਹੁਣ
ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਤਾਰੀਖਾਂ ਅਨੁਸਾਰ ਰੱਥ ਕਦੋਂ ਫਿਰਿਆ ਸੀ? ਕਿਹਾ ਜਾਂਦਾ ਹੈ ਸੰਪਰਦਾਈ ਟੀਕੇ ਵਿਚ ਉਹ ਦਰਜ ਅਰਥ ਹਨ
ਜੋ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਪੜਾਏ ਸਨ। ਇਸ ਲਈ ਇਹ ਤਾਰੀਖਾਂ ਗੁਰੂ
ਗੋਬਿੰਦ ਸਿੰਘ ਜੀ ਦੇ ਵੇਲੇ ਦੀਆ ਹਨ।
ਉਪ੍ਰੋਕਤ ਪਾਵਨ ਪੰਗਤੀ ਦਾ ਭਾਵ ਹੈ ਕਿ ਜਦੋਂ ਸੂਰਜ ਵੱਧ ਤੋਂ ਵੱਧ ਉਤਰ
ਵੱਲ ਗਿਆ ਹੁੰਦਾ ਹੈ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ ਅਤੇ ਇਕ ਖਾਸ ਸਮੇਂ ਤੇ ਸੂਰਜ ਵਾਪਸ ਦੱਖਣ
ਨੂੰ ਮੁੜਦਾ ਹੈ ਅਤੇ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ ਇਸ ਨੂੰ ਸੂਰਜ ਦਾ ਰੱਥ ਫਿਰਨਾ ਕਹਿੰਦੇ
ਹਨ। ਪੰਜਾਬ ਵਿਚ ਇਸ ਦਿਨ ਵਰਖਾ ਰੁਤ ਦਾ ਅਰੰਭ ਮੰਨਿਆ ਜਾਂਦਾ ਹੈ। ਅੱਜ ਇਹ ਮੰਨਿਆ ਜਾਂਦਾ ਹੈ ਕਿ
ਇਹ ਘਟਨਾ 21 ਜੂਨ ਨੂੰ ਕਿਸੇ (ਇਹ ਸਮਾ 21 ਜੂਨ ਦੇ ਅਰੰਭ ਹੋਣ ਤੋਂ ਕੁਝ ਸਮਾ ਪਹਿਲਾ ਜਾਂ ਖਤਮ
ਹੋਣ ਤੋਂ ਕੁਝ ਸਮਾ ਪਿਛੋਂ ਵੀ ਹੋ ਸਕਦਾ ਹੈ) ਵੇਲੇ ਵਾਪਰਦੀ ਹੈ। ਸੰਪਰਦਾਈ ਟੀਕੇ ਵਿਚ ਦਰਜ
ਤਾਰੀਖਾਂ ਦੀ ਜਦੋਂ ਪੜਤਾਲ ਕੀਤੀ ਤਾਂ 13 ਹਾੜ 1756 ਬਿਕ੍ਰਮੀ ਦੀ ਤਾਰੀਖ, 11 ਜੂਨ ਜੂਲੀਅਨ ਮੁਤਾਬਕ 21 ਜੂਨ ਗਰੈਗੋਰੀਅਨ (1699
ਈ) ਨੂੰ ਵੱਡੇ ਤੋਂ ਵੱਡਾ ਦਿਨ ਸੀ। ਭਾਵ ਰਥ ਫਿਰਿਆ ਸੀ। ਪਰ 9 ਪੋਹ ਦੀ ਤਾਰੀਖ ਠੀਕ ਨਹੀ ਹੈ ਉਸ
ਸਾਲ 12 ਪੋਹ, 11 ਦਸੰਬਰ ਜੂਲੀਅਨ ਮੁਤਾਬਕ 21 ਦਸੰਬਰ ਗਰੈਗੋਰੀਅਨ ਨੂੰ
ਛੋਟੇ ਤੋਂ ਛੋਟਾ ਦਿਨ ਸੀ। ਖੈਰ, ਆਪਾ ਹਾੜ ਦੀ ਤਾਰੀਖ ਦੀ ਪੜਤਾਲ ਕਰਨੀ
ਹੈ। ਅੱਜ ਵੀ ਇਹ ਸਚਾਈ ਹੈ ਕਿ ਉਤਰੀ ਅਰਧ ਗੋਲੇ ਵਿਚ 21 ਜੂਨ ਨੂੰ ਜਦ ਸੂਰਜ ਵੱਧ ਤੋਂ ਵੱਧ ਉਤਰ
ਵੱਲ ਹੁੰਦਾ ਹੈ ਤਾਂ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ। ਇਸ ਦਿਨ ਸੂਰਜ ਕਿਸੇ ਵੇਲੇ ਵਾਪਸ ਦੱਖਣ
ਨੂੰ ਮੁੜ ਪੈਦਾ ਹੈ ਅਤੇ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ। ਬੀਬੀ ਅਮਰਜੀਤ ਕੌਰ ਵੀ ਇਸ ਤਾਰੀਖ ਨਾਲ ਸਹਿਮਤ ਹੈ।
ਸੰਮਤ 1526 ਬਿਕ੍ਰਮੀ (1469ਈ:) ਵਿਚ ਰੱਥ 16 ਹਾੜ (12 ਜੂਨ ਜੂਲੀਅਨ/21
ਜੂਨ ਗਰੈਗੋਰੀਅਨ) ਦਿਨ ਸੋਮਵਾਰ ਨੂੰ ਫਿਰਿਆ ਸੀ। ਉਪਰ ਆਪਾ ਵੇਖ ਆਏ ਹਾਂ ਕਿ 1756 ਬਿਕ੍ਰਮੀ
(1699 ਈ:) ਵਿਚ ਰੱਥ 13 ਹਾੜ (11 ਜੂਨ ਜੂਲੀਅਨ/21 ਜੂਨ ਗਰੈਗੋਰੀਅਨ) ਦਿਨ ਐਤਵਾਰ ਨੂੰ ਫਿਰਿਆ
ਸੀ। ਸੰਮਤ 2056 ਬਿਕ੍ਰਮੀ (1999ਈ:) ਵਿਚ ਰੱਥ 7 ਹਾੜ (21 ਜੂਨ ਗਰੈਗੋਰੀਅਨ) ਦਿਨ ਸੋਮਵਾਰ ਨੂੰ
ਫਿਰਿਆ ਸੀ। ਅੱਜ ਤੋਂ 500 ਸਾਲ ਭਾਵ ਸੰਮਤ 2572 ਬਿ: (2515 ਈ:) ਨੂੰ ਰੱਥ 30 ਜੇਠ ਦਿਨ ਸ਼ੁੱਕਰਵਾਰ ਨੂੰ ਫਿਰੇਗਾ ਅਤੇ 3057
ਬਿ: (3000 ਈ:) ਰੱਥ 22 ਜੇਠ ਦਿਨ ਸ਼ਨਿਚਰਵਾਰ ਨੂੰ ਫਿਰੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੰਮਤ
2575 ਬਿਕ੍ਰਮੀ ਤੋਂ ਪਿਛੋਂ ਇਹ ਪੰਗਤੀ ‘ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ’ ਤਾਂ ਹਾੜ
ਦੇ ਮਹੀਨੇ `ਚ ਪੜੀ ਜਾਵੇਗੀ ਪਰ ਰੱਥ ਤਾਂ ਜੇਠ ਦੇ ਮਹੀਨੇ (ਸੂਰਜੀ ਸਿਧਾਂਤ ਮੁਤਾਬਕ)
ਫਿਰ ਚੁਕਾ ਹੋਵੇਗਾ। ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਾਨਕਸ਼ਾਹੀ ਸੰਮਤ 530 (1999 ਈ:)
ਵਿਚ ਵੀ ਰੱਥ 7 ਹਾੜ (21 ਜੂਨ ਗਰੈਗੋਰੀਅਨ) ਨੂੰ ਫਿਰਿਆ ਸੀ। ਨਾਨਕਸ਼ਾਹੀ ਸੰਮਤ 1030 (2499 ਈ:)
ਵਿਚ ਵੀ ਰੱਥ 7 ਹਾੜ ਨੂੰ ਫਿਰੇਗਾ ਅਤੇ ਨਾਨਕਸ਼ਾਹੀ ਸੰਮਤ 1530 (2999 ਈ:) ਵਿਚ ਵੀ ਰੱਥ 7 ਹਾੜ (21
ਜੂਨ ਗਰੈਗੋਰੀਅਨ) ਨੂੰ ਫਿਰੇਗਾ। ਬੀਬੀ ਅਮਰਜੀਤ ਕੌਰ ਜੀ ਹੁਣ ਤੁਸੀਂ ਇਹ ਜਾਣਕਾਰੀ ਦਿਓ ਕਿ ਰੁੱਤਾ ਕਿਸ ਕੈਲੰਡਰ`ਚ ਸਥਿਰ ਰਹਿਣਗੀਆਂ, ਨਾਨਕ ਸ਼ਾਹੀ ਵਿੱਚ ਜਾਂ ਬਿਕ੍ਰਮੀ ਵਿਚ?
2. ਗੁਰਪੁਰਬਾਂ ਦੀਆਂ ਸਾਰੀਆਂ
ਮਿਤੀਆਂ ਗਲਤ ਕਿਉਂ ਮਿਥੀਆਂ ਗਈਆਂ?
ਟਿੱਪਣੀ:- ਬੀਬੀ ਅਮਰਜੀਤ ਕੌਰ ਜੀ, ਜੇ ਤੁਸੀਂ ਨਾਨਕ ਸ਼ਾਹੀ ਕੈਲੰਡਰ ਦੀ ਭੂਮਿਕਾ ਨੂੰ ਧਿਆਨ ਨਾਲ ਪੜ੍ਹਿਆ ਹੁੰਦਾ
ਤਾਂ ਤੁਹਾਨੂੰ ਇਹ ਸਵਾਲ ਕਰਨ ਦੀ ਲੋੜ ਨਹੀ ਸੀ ਪੈਣੀ। ਪਹਿਲਾ
ਵੀ ਬੇਨਤੀ ਕੀਤੀ ਜਾ ਚੁਕੀ ਹੈ ਕਿ ਜੇ ਤੁਸੀਂ ਗੁਰਪੁਰਬਾਂ ਦੀਆਂ
ਤਾਰੀਖਾਂ ਨਾਲ ਸਹਿਮਤ ਨਹੀ ਤਾਂ ਸਹੀ ਤਾਰੀਖਾਂ ਦੀ ਸੂਚੀ ਪੇਸ਼ ਕਰੋ
ਤਾਂ ਜੋ ਉਸ ਤੇ ਵਿਚਾਰ ਕੀਤੀ ਜਾ ਸਕੇ। ਪਰ ਤੁਸੀਂ ਵਾਰ-ਵਾਰ ਇਕ ਗੱਲ ਹੀ ਦੁਹਰਾਈ ਜਾ ਰਹੇ ਕਿ
ਤਾਰੀਖਾਂ ਗਲਤ ਹਨ-ਤਾਰੀਖਾਂ ਗਲਤ ਹਨ। ਅਜੇਹਾ ਕਿਓ? ਕੀ ਕਾਰਨ ਹੈ ਕਿ ਤੁਸੀਂ ਵਾਰ-ਵਾਰ ਬੇਨਤੀਆਂ
ਕਰਨ ਤੇ ਵੀ ਸਹੀ ਤਾਰੀਖਾਂ ਦੀ ਸੂਚੀ ਪੇਸ਼ ਕਰਕੇ, ਵਿਚਾਰ ਕਰਨ ਦਾ ਸੱਦਾ ਪ੍ਰਵਾਨ ਨਹੀਂ ਕੀਤਾ?
3. ਸੰਗਰਾਂਦਾਂ ਝੂਠੀਆਂ ਕਿਉਂ
ਮਿਥੀਆਂ ਗਈਆਂ ਜਦੋਂ ਕਿ ਅਜਿਹਾ ਕਰਨਾਂ ਕਿਸੇ ਵਿਦਿਆ ਦਾ ਘੋਰ ਅਪਮਾਨ ਕਰਨ ਦੇ ਤੁੱਲ ਹੈ?
ਟਿੱਪਣੀ:- ਸੰਕ੍ਰਾਂਤਿ: ਸੰ. ਸੰਗ੍ਯਾ- ਉਹ ਦਿਨ, ਜਿਸ ਦਿਨ ਸੂਰਜ ਨਵੀਂ ਰਾਸ਼ਿ ਪੁਰ
ਸੰਕ੍ਰਮਣ ਕਰੇ. ਸੂਰਜ ਮਹੀਨੇ ਦਾ ਪਹਿਲਾ ਦਿਨ. ਪਹਿਲਾ ਪ੍ਰਵਿਸ਼ਟਾ। (ਮਹਾਨ ਕੋਸ਼)
“ਸੰਗ੍ਰਾਂਦ; ਲਫ਼ਜ਼ ਸੰਗ੍ਰਾਂਦ
ਸੰਸਕ੍ਰਿਤ ਦੇ ਸਾਂਕ੍ਰਾਂਤ ਦਾ ਵਿਗਾੜ ਹੈ, ਇਸ ਦਾ ਅਰਥ ਹੈ, ‘ਸੂਰਜ ਦਾ ਇਕ ਰਾਸਿ ਤੋਂ ਦੂਜੀ ਰਾਸਿ ਵਿਚ ਲੰਘਣਾ’।...“ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰਾਂ ਮਹੀਨਿਆਂ ਦਾ ਸੰਬੰਧ
ਸੂਰਜ ਦੀ ਚਾਲ ਦੇ ਨਾਲ ਹੈ। ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੂਰਜ ਇਕ‘ਰਾਸਿ’ ਨੂੰ ਛੱਡ ਕੇ ਦੂਜੀ ‘ਰਾਸਿ’ ਵਿਚ ਪੈਰ ਧਰਦਾ ਹੈ। ਬਾਰਾਂ ਮਹੀਨੇ ਹਨ ਤੇ ਬਾਰਾਂ ਹੀ ਰਾਸਾਂ ਹਨ। ਜੋ ਲੋਕ ਸੂਰਜ ਦੇਵਤੇ
ਦੇ ਉਪਾਸ਼ਕ ਹਨ, ਉਹਨਾਂ ਲਈ ਹਰੇਕ ‘ਸੰਗ੍ਰਾਂਦ’
ਦਾ ਦਿਨ ਪਵਿੱਤਰ ਹੈ ਕਿਉਂਕਿ ਉਸ ਦਿਨ ਸੂਰਜ-ਦੇਵਤਾ ਇਕ ‘ਰਾਸਿ’ ਨੂੰ ਛੱਡ ਕੇ ਦੂਜੀ ਵਿਚ ਆਉਂਦਾ ਹੈ। ਉਸ ਦਿਨ ਖ਼ਾਸ ਉਚੇਚਾ ਪੂਜਾ-ਪਾਠ ਕੀਤਾ ਜਾਂਦਾ ਹੈ ਤਾਂ
ਜੋ ਸੂਰਜ-ਦੇਵਤਾ ਉਸ ਨਵੀਂ ‘ਰਾਸਿ’ ਵਿਚ ਰਹਿ
ਕੇ ਉਪਾਸ਼ਕ ਲਈ ਸਾਰਾ ਮਹੀਨਾ ਚੰਗਾ ਲੰਘਾਏ”। (ਪੋ: ਸਾਹਿਬ ਸਿੰਘ, ਬੁਰਾਈ ਦਾ ਟਾਕਰਾ, ਪੰਨਾ 125)
ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਵਿਚ 12 ਮਹੀਨੇ ਹਨ (ਚੇਤ, ਵੈਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ ਪੋਹ, ਮਾਘ, ਫੱਗਣ) ਅਤੇ 12 ਹੀ ਰਾਸ਼ੀਆਂ ਹਨ। (ਮੀਨ, ਮੇਖ,
ਬ੍ਰਿਖ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾਂ, ਬ੍ਰਿਸ਼ਚਕ, ਧਨ, ਮਕਰ, ਕੁੰਭ) ਸੂਰਜ ਇਕ ਰਾਸ਼ੀ
ਵਿਚ ਇਕ ਮਹੀਨਾ ਰਹਿੰਦਾ ਹੈ। ਜਿਸ ਦਿਨ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ‘ਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗ੍ਰਾਂਦ ਹੁੰਦੀ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ
ਰਾਸ਼ੀਆਂ ਕੁਦਰਤ ਨੇ ਬਣਾਈਆਂ ਹਨ ਜਾਂ ਇਹ ਕਿਸੇ ਸ਼ਾਤਰ ਦਿਮਾਗ ਦੀ ਕਾਢ ਹੈ? ਹੁਣ ਤਾਂ ਤੇਰਵੀਂ ਰਾਸ਼ੀ ‘ਆਫਿਓਕਸ’
ਦੀ ਚਰਚਾ ਵੀ ਚਲ ਪਈ ਹੈ। ਸੋ ਸਪੱਸ਼ਟ ਹੈ ਕਿ ਰਾਸ਼ੀਆਂ ਵਾਲਾ ‘ਮੱਕੜ ਜਾਲ’ ਕੁਦਰਤੀ ਨਹੀਂ ਹੈ।
ਗੁਰੂ ਕਾਲ ਵੇਲੇ ਇੰਡੀਆ ਵਿਚ ਬਿਕ੍ਰਮੀ ਕੈਲੰਡਰ (ਸੂਰਜੀ
ਸਿਧਾਂਤ) ਪ੍ਰਚੱਲਤ ਸੀ। ਵਿਦਵਾਨਾਂ ਵੱਲੋਂ ਇਸ ਸਾਲ ਦੀ ਲੰਬਾਈ 365 ਦਿਨ 6 ਘੰਟੇ 12 ਮਿੰਟ 36
ਸੈਕਿੰਡ (365.2587
ਦਿਨ) ਮੰਨੀ ਗਈ ਹੈ। ਨਵੰਬਰ 1964 ਵਿਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ
ਇਕ ਇਕੱਤਰਤਾ ਹੋਈ ਜਿਸ ਵਿਚ ਸਾਲ ਦੀ ਲੰਬਾਈ ‘ਚ ਸੋਧ ਕਰਨ ਬਾਰੇ ਚਰਚਾ
ਕੀਤੀ ਗਈ ਸੀ। ਇਸ ਸੰਮੇਲਨ ‘ਚ ਸਾਲ ਦੀ ਲੰਬਾਈ 365 ਦਿਨ 6 ਘੰਟੇ 12 ਮਿੰਟ 36 ਸੈਕਿੰਡ
ਤੋਂ ਘਟਾ ਕੇ 365 ਦਿਨ 6 ਘੰਟੇ 9 ਮਿੰਟ 10 ਸੈਕਿੰਡ (365.2563 ਦਿਨ)
ਮੰਨ ਲਈ ਗਈ ਅਤੇ ਹੁਣ ਇਸ ਨੂੰ ‘ਦ੍ਰਿਕਗਿਣਤ ਸਿਧਾਂਤ’ ਕਿਹਾ ਜਾਂਦਾ ਹੈ।
ਅੱਜ ਵੀ ਇੰਡੀਆ ਵਿਚ ਇਹ ਦੋਵੇਂ ਸਿਧਾਂਤ ਪ੍ਰਚੱਲਤ ਹਨ। ਦੋਵਾਂ ਸਿਧਾਂਤਾਂ ਅਨੁਸਾਰ ਬਣੇ ਕੈਲੰਡਰਾਂ
ਵਿੱਚ, ਸਾਲ ਦੀ ਲੰਬਾਈ `ਚ ਕੁਝ ਮਿੰਟਾਂ ਦਾ
ਅੰਤਰ ਹੋਣ ਕਾਰਨ ਪਿਛਲੇ 50 ਸਾਲਾਂ ਵਿੱਚ ਤਿੰਨ-ਚਾਰ ਸੰਗਰਾਦਾਂ `ਚ ਇਕ
ਦਿਨ ਦਾ ਫਰਕ ਪੈ ਚੁੱਕਾ ਹੈ। ਬਿਕ੍ਰਮੀ 2072 ਸੰਮਤ ਵਿੱਚ ਤਿੰਨ ਸੰਗਰਾਦਾਂ (ਚੇਤ, ਕੱਤਕ ਅਤੇ ਮੱਘਰ) ਵਿੱਚ ਇਕ ਦਿਨ ਦਾ ਫਰਕ ਹੈ। ਉਹ ਦਿਨ ਦੂਰ ਨਹੀਂ ਜਦੋਂ ਬਾਰਾਂ ਦੀਆ
ਬਾਰਾਂ ਸੰਗਰਾਦਾਂ ਹੀ ਵੱਖ ਹੋ ਜਾਣਗੀਆਂ ਤਾਂ ਸੱਚੀ ਸੰਗਰਾਦ ਅਤੇ ਝੂਠੀ ਸੰਗਰਾਦ ਦੀ ਪਰਖ ਕਿਵੇਂ
ਕੀਤੀ ਜਾਵੇਗੀ? ਦ੍ਰਿਕਗਿਣਤ ਸਿਧਾਂਤ ਮੁਤਾਬਕ ਚੇਤ ਦੀ ਸੰਗਰਾਂਦ 14
ਮਾਰਚ ਨੂੰ ਪਰ ਸੂਰਜੀ ਸਿਧਾਂਤ ਮੁਤਾਬਕ ਚੇਤ ਦੀ ਸੰਗਰਾਦ 15 ਮਾਰਚ ਨੂੰ ਹੋਵੇਗੀ। ਹੁਣ ਇਨ੍ਹਾਂ `ਚ ਸੱਚੀ ਸੰਗਰਾਦ ਕਿਹੜੀ ਅਤੇ ਕਿਵੇਂ ਹੈ? ਇਥੇ ਹੀ ਵੱਸ ਨਹੀ, ਆਓ ਸੱਚੀ ਸੰਗਰਾਂਦ ਦਾ ਇਕ ਹੋਰ ਨਮੂਨਾ
ਵੇਖੀਏ। ‘ਬਿਕ੍ਰਮੀ ਤਿੱਥ ਪੱਤ੍ਰਕਾ’ ਮੁਤਾਬਕ ਚੇਤ ਦੀ ਸੰਗਰਾਦ ਭਾਵ ਸੂਰਜ ਮੀਨ ਰਾਸ਼ੀ ਵਿਚ 4.33
ਵਜੇ ਦਾਖਲ ਹੋਵੇਗਾ ਪਰ ‘ਮੁਫੀਦ ਆਲਮ ਜੰਤਰੀ’ ਮੁਤਾਬਕ 5.18 ਵਜੇ। ਦੋਵਾਂ ਜੰਤਰੀਆਂ ਵਿੱਚ ਬਾਰਾਂ
ਦੀਆਂ ਬਾਰਾਂ ਰਾਸ਼ੀਆਂ ਵਿੱਚ ਸੂਰਜ ਦੇ ਪ੍ਰਵੇਸ਼ ਕਰਨ ਦਾ ਸਮਾ ਵੱਖ-ਵੱਖ ਹੈ। ਹੁਣ ਸੱਚੀ-ਝੂਠੀ
ਸੰਗਰਾਦ ਦਾ ਨਿਰਨਾ ਕਿਵੇਂ ਕਰੋਗੇ? ਅੱਜ ਸ਼੍ਰੋਮਣੀ ਕਮੇਟੀ ਵੱਲੋਂ 1964
ਦੀ ਸੋਧ ਮੁਤਾਬਕ ਆਪਣੇ ਕੈਲੰਡਰ ਵਿੱਚ ਸੱਚੀਆਂ ਸੰਗਰਾਦਾਂ (?) ਦਰਜ
ਕੀਤੀਆਂ ਜਾਂਦੀਆਂ ਹਨ। ਬੀਬੀ ਅਮਰਜੀਤ ਕੌਰ ਜੀ, ਤੁਹਾਨੂੰ 1964 ਵਿੱਚ
ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਤਾ ਪ੍ਰਵਾਨ ਹੈ ਪਰ 2003 ਵਿੱਚ ਸਿੱਖ ਵਿਦਵਾਨਾਂ ਵੱਲੋਂ
ਕੀਤੀ ਗਈ ਸੋਧ ਤੇ ਇਤਰਾਜ਼! ਅਜੇਹਾ ਕਿਓ ?
4. ਇਤਿਹਾਸ ਦੇ ਉਲਟ, ਜੋਤੀ ਜੋਤ ਅਤੇ ਗੁਰ ਗੱਦੀ ਦੇ ਗੁਰਪੁਰਬ ਇੱਕੋ ਦਿਨ ਕਿਉਂ ਮਿਥੇ ਗਏ?
ਟਿੱਪਣੀ:- ਜਵਾਬ ਉਪਰ ਪੜ੍ਹ ਚੁਕੇ ਹੋ। (ਸਵਾਲ ਨੰਬਰ 4, ਸਵਾਲ ਨੰਬਰ 2 ਦਾ ਹੀ ਦੁਹਰਾਓ ਹੈ) ਉਂਝ!
ਜੇ ਬੀਬੀ ਅਮਰਜੀਤ ਕੌਰ ਨੇ ਕਿਸੇ ਪੁਰਾਣੀ ਜੰਤਰੀ ਜਾਂ ਕੈਲੰਡਰ ਦੇ ਦਰਸ਼ਨ ਕੀਤੇ ਹੁੰਦੇ ਤਾਂ ਬੀਬੀ
ਨੂੰ ਇਹ ਸਵਾਲ ਨਹੀਂ ਸੀ ਕਰਨਾ ਪੈਣਾ। ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ 1991 ਦੀ ‘ਸ਼੍ਰੋਮਣੀ
ਡਾਇਰੀ’ ਵਿਚ ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤ ਅਤੇ ਗੁਰੂ ਅਮਰਦਾਸ ਜੀ ਦਾ ਗੁਰ ਗੱਦੀ ਦਿਵਸ ਚੇਤ
ਸੁਦੀ 4 ਸੰਮਤ 1609 ਦਰਜ ਹੈ। ਗੁਰੂ ਅਮਰਦਾਸ ਜੀ
ਦਾ ਜੋਤੀ ਜੋਤ ਅਤੇ ਗੁਰੂ ਰਾਮਦਾਸ ਜੀ ਦਾ ਗੁਰ ਗੱਦੀ ਦਿਵਸ ਭਾਦੋਂ ਸੁਦੀ 15 ਸੰਮਤ 1631 ਦਰਜ ਹੈ।
ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਅਤੇ ਗੁਰੂ ਅਰਜਨ ਦੇਵ ਜੀ ਦਾ ਗੁਰ ਗੱਦੀ ਦਿਵਸ ਭਾਦੋਂ ਸੁਦੀ 3
ਸੰਮਤ 1638 ਦਰਜ ਹੈ। ਗੁਰੂ ਹਰ ਕ੍ਰਿਸ਼ਨ ਜੀ ਦਾ ਜੋਤੀ ਜੋਤ ਅਤੇ ਗੁਰੂ ਤੇਗ ਬਹਾਦਰ ਜੀ ਦਾ ਗੁਰ
ਗੱਦੀ ਦਿਵਸ ਕੱਤਕ ਵਦੀ 10 ਸੰਮਤ 1721 ਦਰਜ ਹੈ। ਅਤੇ ਗੁਰੂ ਤੇਗ ਬਹਾਦਰ ਜੀ ਦਾ ਜੋਤੀ ਜੋਤ ਅਤੇ
ਗੁਰੂ ਗੋਬਿੰਦ ਸਿੰਘ ਜੀ ਦਾ ਗੁਰ ਗੱਦੀ ਦਿਵਸ ਮੱਘਰ ਸੁਦੀ 5 ਸੰਮਤ 1732 ਦਰਜ ਹੈ।
5. ਬਿਕਰਮੀ ਕੈਲੰਡਰ ਬਾਰੇ ਝੂਠੀ
ਜਾਣਕਾਰੀ ਕਿਉਂ ਦਿੱਤੀ ਗਈ?
ਟਿੱਪਣੀ:- ਬਿਕ੍ਰਮੀ ਕੈਲੰਡਰ ਸਬੰਧੀ ਦਿੱਤੀ ਗਈ ਜਾਣਕਾਰੀ ਸੱਚੀ ਹੈ। ਜਵਾਬ ਉਪਰ
ਪੜ੍ਹ ਚੁਕੇ ਹੋ। ਜੇ ਤੁਸੀਂ ਸਹਿਮਤ ਨਹੀ ਤਾਂ ਆਪਣੇ ਇਤਰਾਜ਼ ਲਿਖ ਭੇਜਣੇ ਤਾ ਜੋ ਉਨ੍ਹਾਂ ਤੇ ਵਿਚਾਰ
ਕੀਤੀ ਜਾ ਸਕੇ। ਹੁਣ ਤੁਸੀਂ ਇਹ ਸਾਬਿਤ ਕਰੋ ਕਿ ਰੁੱਤਾ ਬਿਕ੍ਰਮੀ ਕੈਲੰਡਰ ਵਿੱਚ ਕਿਵੇਂ ਸਥਿਰ
ਰਹਿਣਗੀਆਂ। (ਪਾਠਕ ਨੋਟ ਕਰਨ ਕਿ ਸਵਾਲ ਨੰਬਰ 1, 5 ਅਤੇ 7 ਇਕੋ ਸਵਾਲ ਹੀ ਹੈ)
6. ਨਾਨਕ ਸ਼ਾਹੀ ਕੈਲੰਡਰ ਨੂੰ
ਸਿੱਖਾਂ ਦੀ ਵੱਖਰੀ ਹਸਤੀ ਦਾ ਪ੍ਰਤੀਕ ਕਿਉਂ ਦੱਸਿਆ ਗਿਆ, ਜਦੋਂ ਕਿ ਕਿਸੇ ਕੌਮ ਦੀ ਵੱਖਰੀ ਹਸਤੀ ਉਸਦਾ ਕਿਰਦਾਰ ਹੁੰਦਾ ਹੈ ਜਾਂ ਉਸਦਾ ਇਤਿਹਾਸ ਹੁੰਦਾਹੈ।
ਟਿੱਪਣੀ:- ਜੇ ਸਿੱਖ ਕੌਮ ਦੇ ਵਿਲੱਖਣ ਕਿਰਦਾਰ ਅਤੇ ਇਤਿਹਾਸ ਦੇ ਨਾਲ-ਨਾਲ ਆਪਣਾ ਵੱਖਰਾ ਕੈਲੰਡਰ ਵੀ ਹੋਵੇ ਤਾਂ
ਤੁਹਾਨੂੰ ਕੀ ਇਤਰਾਜ਼ ਹੈ?
ਖ਼ਬਰਨਾਮਾ:- “ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਅਤੇ ਨਾਨਕਸ਼ਾਹੀ
ਟੇਬਲ ਕੈਲੰਡਰ ਸੰਮਤ ੫੪੦ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਮੂਹ ਸਿੱਖ ਪੰਥ ਅਤੇ ਸੰਸਾਰ ਵਿੱਚ ਵਸਦੀ ਲੋਕਾਈ ਦੇ
ਉਪਯੋਗ ਹਿੱਤ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਨਾਮਵਰ ਸਿੱਖ ਵਿਦਵਾਨਾਂ ਦੀ ਲੰਮੀ ਖੋਜ ਮਿਹਨਤ
ਉਪ੍ਰੰਤ ਅਤੇ ਸਮੁੱਚੇ ਸਿੱਖ ਜਗਤ ਵੱਲੋਂ ਪ੍ਰਵਾਨ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਵੱਖਰੀ ਹੋਂਦ
ਤੇ ਨਿਆਰੀ ਹਸਤੀ ਦਾ ਪ੍ਰਤੀਕ ਹੈ”। (ਗੁਰਮਤਿ ਪ੍ਰਕਾਸ਼, ਮਾਰਚ ੨੦੦੮, ਪੰਨਾ ੧੫੬)
7. ਟਰੋਪੀਕਲ ਕੈਲੰਡਰ ਦੀਆਂ ਖ਼ਾਮੀਆਂ
ਨੂੰ ਬਿਕਰਮੀ ਕੈਲੰਡਰ ਦੇ ਸਿਰ ਕਿਉਂ ਮੜ੍ਹਿਆ ਗਿਆ?
ਟਿੱਪਣੀ:-ਖ਼ਾਮੀ ਟਰੋਪੀਕਲ ਕੈਲੰਡਰ ਵਿੱਚ
ਨਹੀ ਸਗੋਂ ਬਿਕਰਮੀ ਵਿੱਚ ਹੈ। ਸਵਾਲ ਇਹ ਹੈ ਕਿ ਕੀ ਸਿੱਖਾਂ ਨੇ ਰਾਸ਼ੀਆਂ ਨੂੰ ਮੁਖ
ਰੱਖਕੇ ਆਪਣਾ ਕੈਲੰਡਰ ਬਣਾਉਣਾ ਹੈ ਜਾਂ ਰੁੱਤਾ ਨੂੰ ਮੁਖ ਰੱਖਣਾ ਹੈ? ਜੇ ਰਾਸ਼ੀਆਂ ਨੂੰ ਮੁਖ ਰੱਖਣਾ
ਹੈ ਤਾਂ ਬਾਣੀ ਵਿਚ ਦਰਜ ਰੁੱਤਾ ਦਾ ਸਬੰਧ ਮਹੀਨਿਆਂ ਨਾਲੋਂ ਟੁੱਟ ਜਾਵੇਗਾ। ਵਿਸਥਾਰ ਉਪਰ ਪੜ੍ਹ ਚੁਕੇ ਹੋ।
8. ਜੇਕਰ ਗਰੀਗੌਰੀਅਨ ਕੈਲੰਡਰ
ਵਿੱਚ ਲੀਪ ਦੇ ਸਾਲ ਦੇ ਨਾਮ ਹੇਠ ਦਿਨਾਂ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ ਤਾਂ ਕੋਈ ਸਮੱਸਿਆਂ ਨਹੀਂ ਭਾਵੇਂ ਇਹ ਚਾਰ ਸਾਲ ਬਾਦ ਹੋਵੇ ਜਾਂ ਫਿਰ ਅੱਠ ਸਾਲ ਬਾਦ,ਪਰ ਜੇਕਰ ਬਿਕਰਮੀ ਕੈਲੰਡਰ ਵਿੱਚ ਹਰ
ਚੌਥੇ ਸਾਲ ਕਿਸੇ ਵਿੱਦਿਆ ਦੇ ਅਧਾਰ ਤੇ ਮਲਮਾਸ ਜਾਂ ਅਧਿਕ ਮਹੀਨਾ ਅਤੇ ਇਸੇ ਤਰ੍ਹਾਂ ਕਸਿਆ ਮਹੀਨਾ
ਦੱਸ ਕੇ ਚੰਦਰ ਕੈਲੰਡਰ ਦਾ ਸੂਰਜੀ ਕੈਲੰਡਰ ਨਾਲ ਲੇਖਾ ਜੋਖਾ ਕਰਕੇ ਮਿਤੀਆਂ ਨੂੰ ਠੀਕ ਕਰ ਲਿਆ ਜਾਂਦਾ
ਹੈ ਤਾਂ ਬ੍ਰਾਹਮਣਵਾਦ ਦਾ ਰੌਲਾ ਪਾਇਆ ਜਾਂਦਾ ਹੈ,ਕਿਉਂ?
ਟਿੱਪਣੀ:- ਗਰੈਗੋਰੀਅਨ ਕੈਲੰਡਰ ਵਿੱਚ
ਲੀਪ ਦੇ ਸਾਲ ਦਾ ਲੇਖਾ ਜੋਖਾ ਇਕ ਵਿਗਿਆਨਿਕ ਨਿਯਮ ਮੁਤਾਬਕ ਕੀਤਾ ਜਾਂਦਾ ਹੈ। ਕੀ
ਤੁਸੀਂ ਅੰਮ੍ਰਿਤਸਰ ਟਾਈਮਜ਼ ਦੇ ਪਾਠਕਾਂ
ਨਾਲ ਇਹ ਜਾਣਕਾਰੀ ਸਾਂਝੀ ਕਰੋਗੇ ਕਿ ਬਿਕ੍ਰਮੀ ਕੈਲਮਡਰ ਵਿਚ 11, 12 ਜਾਂ 13 ਮਹੀਨੇ ਅਤੇ ਇਕ ਦਿਨ
ਵਿਚ ਚੰਦ ਦੇ ਦੋ ਦਿਨ (ਤਿਥ) ਜਾਂ ਦੋ ਦਿਨਾਂ ਵਿਚ ਚੰਦ ਦਾ ਇਕ ਦਿਨ, ਕਿਸ ਵਿਗਿਆਨ ਜਾਂ ਕੁਦਰਤੀ ਨਿਯਮ
ਮੁਤਾਬਕ ਨਿਰਧਾਰਤ ਕੀਤੇ ਜਾਂਦੇ ਹਨ? ਇਕ ਪੂਰਾ ਮਹੀਨਾ (ਤੇਰਵਾਂ ਮਹੀਨਾ) ਜਿਸ ਨੂੰ ਮਲ ਮਾਸ ਕਿਹਾ
ਜਾਂਦਾ ਹੈ, ਮਾੜਾ ਮੰਨਿਆ ਜਾਂਦਾ ਹੈ। ਕੀ ਇਹ ਧਾਰਣਾ ਗੁਰਬਾਣੀ ਦੀ ਪਰਖ ਕਸਵੱਟੀ ਤੇ ਪੂਰੀ ਢੁੱਕਦੀ
ਹੈ? ਬੀਬੀ ਅਮਰਜੀਤ ਕੌਰ ਜੀ, ਇਸ ਰੋਲ-ਘਚੋਲੇ ਨੂੰ ਹੀ ਬ੍ਰਾਹਮਣਵਾਦ ਕਿਹਾ ਜਾਂਦਾ ਹੈ।
9. ਪੁੰਨਿਆਂ ਮੱਸਿਆਂ ਅਤੇ ਸੰਗਰਾਂਦਾਂ ਬਿਕਰਮੀ ਕੈਲੰਡਰ
ਦੇ ਅਧਾਰ ਦਿਨ ਹਨ, ਉਹਨਾਂ ਨੂੰ ਹਿੰਦੂਆਂ ਦੇ ਦਿਨ ਕਹਿ ਕੇ ਛੁਟਿਆਇਆ ਕਿਉਂ ਗਿਆ ਜਦੋਂ ਕਿ ਇਹਨਾਂ ਦਿਨਾਂ ਨੂੰ ਬਣਾਉਣ ਵਾਲਾ ਪ੍ਰਮਾਤਮਾਂ ਹੈ, ਨਾਂ ਕਿ ਕੋਈ ਹਿੰਦੂ?
ਟਿੱਪਣੀ:- ਹਾਂ! ਇਹ ਸੱਚ ਹੈ ਕਿ ਪੁੰਨਿਆ ਅਤੇ ਮੱਸਿਆ ਨੂੰ
ਬਣਾਉਣ ਵਾਲ ਪ੍ਰਮਾਤਮਾਂ ਹੈ ਪਰ ਸੰਗ੍ਰਾਂਦ ਪ੍ਰਮਾਤਮਾਂ ਨੇ ਨਹੀ, ਮਨੁੱਖ ਨੇ ਬਣਾਈ ਹੈ। ਬੀਬੀ
ਅਮਰਜੀਤ ਕੌਰ ਜੀ, ਕੀ ਤੁਸੀਂ ਇਹ ਸਾਬਿਤ ਕਰ ਸਕਦੇ ਹੋ ਕਿ ਸੰਗ੍ਰਾਂਦ ਵੀ ਪ੍ਰਮਾਤਮਾਂ ਨੇ ਹੀ ਬਣਾਈ
ਹੈ? ਪੁੰਨਿਆ ਅਤੇ ਮੱਸਿਆ ਮੁਤਾਬਕ ਬਣੇ ਕੈਲੰਡਰ ਭਾਵ ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਹੁੰਦੀ
ਹਨ। ਇਸ ਧਰਤੀ ਤੇ ਰੁੱਤਾ ਸੂਰਜੀ ਸਾਲ ਮੁਤਾਬਕ ਬਣਦੀਆਂ ਹਨ ਜਿਸ ਦੇ ਸਾਲ ਦੀ ਲੰਬਾਈ 365.2422
ਦਿਨ ਹੈ। ਜਿਵੇ ਪੁੰਨਿਆ ਅਤੇ ਮੱਸਿਆ ਕੁਦਰਤੀ ਵਿਧਾਨ ਹੈ ਇਵੇਂ ਹੀ ਇਸ ਧਰਤੀ ਤੇ ਦਿਨ ਅਤੇ ਰਾਤ ਦਾ
ਬਰਾਬਰ ਹੋਣਾ ਜਾਂ ਦਿਨ ਦਾ ਵੱਡੇ ਤੋਂ ਵੱਡਾ ਅਤੇ ਰਾਤ ਦਾ ਛੋਟੀ ਤੋਂ ਛੋਟੀ ਹੋਣਾ ਕੁਦਰਤੀ ਵਿਧਾਨ
ਹੈ। ਗੁਰਬਾਣੀ ਵਿਚ ਦਰਜ 6 ਰੁੱਤਾਂ, ਜਿਨ੍ਹਾਂ ਦਾ ਤੁਸੀਂ ਆਪਣੇ ਲੇਖ ਵਿੱਚ ਹਵਾਲਾ ਦਿੱਤਾ ਹੈ,
ਇਸੇ ਕੁਦਰਤੀ ਵਿਧਾਨ ਮੁਤਾਬਕ ਹੀ ਬਣਦੀਆਂ ਹਨ। ਕੁਦਰਤ ਦੇ ਇਸ ਵਿਧਾਨ ਮੁਤਾਬਕ ਬਣਾਏ ਗਏ ਨਾਨਕਸ਼ਾਹੀ
ਕੈਲੰਡਰ ਤੇ ਇਤਰਾਜ਼ ਕਿਓ?
ਬੀਬੀ ਅਮਰਜੀਤ ਕੌਰ ਜੀ, ਤੁਹਾਡੀਆਂ
ਲਿਖਤਾਂ ਤੋਂ ਇਹ ਸਪੱਸ਼ਟ ਹੈ ਕਿ ਤੁਸੀਂ ਨਹੀਂ ਚਾਹੁੰਦੇ ਕਿ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ
ਹੋਵੇ। ਤੁਸੀਂ ਪਿਛਲੇ ਕਈ ਸਾਲਾਂ ਤੋਂ ਨਾਨਕਸ਼ਾਹੀ ਕੈਲੰਡਰ ਦਾ ਅੰਨਾ ਵਿਰੋਧ ਅਤੇ ਬਿਕ੍ਰਮੀ ਕੈਲੰਡਰ
ਦੀ ਵਕਾਲਤ ਕਰ ਰਹੇ ਹੋ।ਆਪ ਜੀ ਲਿਖਦੇ ਹੋ, “ਪਹਿਲਾ ਰਵਾਇਤੀ ਬਿਕਰਮੀ
ਕੈਲੰਡਰ ਜਿਸ ਵਿੱਚ ਕੋਈ ਊਣਤਾਈ ਵੀ ਨਹੀਂ ਹੈ, ਜੋ ਖਗੋਲ
ਭੂਗੋਲ ਦੋਨਾਂ ਦੀਆਂ ਲੋੜਾਂ ਤੇ ਪੂਰਾ ਉਤਰਦਾ ਹੈ, ਨੂੰ ਵਰਤਣਾ
ਹੀ ਸਿਆਣਪ ਵਾਲੀ ਗੱਲ ਹੈ”। ਹੁਣ ਤੁਸੀਂ ਅੰਮ੍ਰਿਤਸਰ ਟਾਈਮਜ਼ ਦੇ ਪਾਠਕਾਂ ਨਾਲ ਇਹ ਜਾਣਕਾਰੀ ਸਾਂਝੀ ਕਰੋ ਕਿ ਪਹਿਲੇ ਰਵਾਇਤੀ ਬਿਕ੍ਰਮੀ
ਕੈਲੰਡਰ ਤੋਂ ਤੁਹਾਡਾ ਕੀ ਭਾਵ ਹੈ? ਤੁਸੀਂ ਕਿਹੜੇ
ਬਿਕ੍ਰਮੀ ਕੈਲੰਡਰ ਦੇ ਹਮਾਇਤੀ ਹੋ? ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਜੋ ਗੁਰੂ ਕਾਲ ਵੇਲੇ
ਲਾਗੂ ਸੀ ਜਾਂ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਭਾਵ 1964 ਵਿੱਚ, ਹਿੰਦੂ ਵਿਦਵਾਨਾਂ
ਵੱਲੋਂ ਸੋਧੇ ਹੋਏ ਕੈਲੰਡਰ ਦੇ ਹਮਾਇਤੀ ਹੋ?