Friday, March 6, 2015

ਆਪਣੀਆਂ ਦਲੀਲਾਂ ਨੂੰ ਆਪ ਹੀ ਤਾਂ ਨਾ ਝੁਠਲਾਓ ਕਰਨਲ ਨਿਸ਼ਾਨ ਜੀ

                           ਆਪਣੀਆਂ ਦਲੀਲਾਂ ਨੂੰ ਆਪ ਹੀ ਤਾਂ ਨਾ ਝੁਠਲਾਓ ਕਰਨਲ ਨਿਸ਼ਾਨ ਜੀ                                                                                                                                                    ਸਰਵਜੀਤ ਸਿੰਘ ਸੈਕਰਾਮੈਂਟੋ

ਸਭ ਤੋਂ ਪਹਿਲਾ ਤਾਂ ਅੰਮ੍ਰਿਤਸਰ ਟਾਈਮਜ਼ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਨਾ ਬਣਦਾ ਹੈ ਜਿਨ੍ਹਾਂ ਨੇ ਇਕ ਬਹੁਤ ਹੀ ਅਹਿਮ ਮੁੱਦੇ, ਨਾਨਕਸ਼ਾਹੀ ਕੈਲੰਡਰ ਤੇ ਸੰਵਾਦ ਰਚਾਉਣ ਲਈ ਮੰਚ ਮੁਹੱਈਆ ਕੀਤਾ ਹੈ। ਇਸੇ ਸਬੰਧ ਵਿਚ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਦੀ ਲਿਖਤ “ਅਟਕਲਬਾਜੀ ਉੱਤੇ ਆਧਾਰਿਤ ਹੈ ਪਾਲ ਸਿੰਘ ਪੁਰੇਵਾਲ ਵਾਲਾ ਨਾਨਕ ਸ਼ਾਹੀ ਕੈਲੰਡਰ” ਪਾਠਕਾਂ ਅੱਗੇ ਪੇਸ਼ ਕਰਕੇ ਵਿਚਾਰ ਚਰਚਾ ਕਰਨ ਲਈ ਪਾਠਕਾਂ ਨੂੰ ਖੁੱਲਾਂ ਸੱਦਾ ਦਿੱਤਾ ਹੈ।   
ਕਰਨਲ ਨਿਸ਼ਾਨ ਜੀ ਦੀ ਸਾਰੀ ਲਿਖਤ ਨੂੰ ਧਿਆਨ ਨਾਲ ਪੜ੍ਹਨ ਉਪ੍ਰੰਤ  ਜੋ ਨੁਕਤਾ ਮੁਖ ਰੂਪ ਵਿੱਚ ਸਾਹਮਣੇ ਆਉਂਦਾ ਹੈ ਉਹ ਹੈ ਇਤਿਹਾਸਕ ਦਿਹਾੜਿਆਂ ਦੀਆਂ ਗਲਤ ਤਾਰੀਖਾਂ। ਸੰਤ ਸਮਾਜ ਵੱਲੋਂ ਕਲੇਰਾਂ (ਜਗਰਾਂਉ) ਵਿਖੇ ਇਕ ਡੇਰੇ ਤੇ 5 ਜਨਵਰੀ 2015 ਨੂੰ ਸੱਦੀ ਗਈ ਇਕ ਇਕੱਤਰਤਾ ਵਿਚ ਕਰਨਲ ਨਿਸ਼ਾਨ ਨੇ ਕਿਹਾ ਸੀ ਕਿ “ਨਾਨਕਸ਼ਾਹੀ ਕੈਲੰਡਰ ਵਿਚ ਜਿੰਨੀਆਂ ਵੀ ਗੁਰਪੁਰਬਾਂ ਦੀਆਂ ਤਾਰੀਖਾਂ ਹਨ ਸਾਰੀਆਂ ਹੀ 100% ਗਲਤ ਹਨ ਅਸੀਂ ਗਲਤ ਤਾਰੀਖਾਂ ਤੇ, ਸਾਹਿਬ ਗੁਰੂ ਗ੍ਰੰਥ ਸਾਹਿਬ ਅੱਗੇ ਖੜੇ ਹੋ ਕੇ ਅਰਦਾਸਾਂ ਕਰ ਰਹੇ ਹਾਂ ਮੈਂ ਏਸ ਕੈਲੰਡਰ ਦੀਆਂ ਜਿੰਨੀਆਂ ਵੀ ਤਾਰੀਖਾਂ ਗੁਰੂ ਸਾਹਿਬ ਨਾਲ ਤੁਅਲੱਕ ਰੱਖਦੀਆਂ ਹਨ, ਉਨ੍ਹਾਂ ਨੂੰ ਏ ਤੋਂ ਜੈਡ ਤੱਕ ਗਲਤ ਸਾਬਿਤ ਕਰ ਸਕਦਾ ਹਾਂ” ਇਸੇ ਸਬੰਧ ਵਿਚ ਮੈਂ ਇਕ ਪੱਤਰ ਲਿਖਿਆ ਸੀ ਜੋ ਈ ਮੇਲ ਰਾਹੀ 15 ਜਨਵਰੀ ਨੂੰ ਕਰਨਲ ਨਿਸ਼ਾਨ ਨੂੰ ਭੇਜਿਆ ਸੀ ਅਤੇ ਅੰਮ੍ਰਿਤਸਰ ਟਾਈਮਜ਼ ਵਿਚ (21-27 ਜਨਵਰੀ ਪੰਨਾ 30) ਵੀ ਛਪਿਆ ਸੀ। ਕਰਨਲ ਨਿਸ਼ਾਨ ਨੇ ਮੇਰੇ ਪੱਤਰ ਦਾ ਜਵਾਬ ਦੇਣ ਦੀ ਬਿਜਾਏ ਆਪਣੇ ਇਤਰਾਜ਼ ਮੁੜ ਲਿਖ ਭੇਜੇ ਹਨ। ਆਓ ਇਨ੍ਹਾਂ ਤੇ ਵਿਚਾਰ ਕਰੀਏ!
1. ਇਤਿਹਾਸ ਮੁਤਾਬਕ ਕੈਲੰਡਰ ਬਣਦੇ ਹਨ ਨਾ ਕਿ ਕੈਲੰਡਰਾਂ ਮੁਤਾਬਕ ਇਤਿਹਾਸ। ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿਚ ਗਲਤ ਤਾਰੀਖ਼ਾਂ ਮਿਥ ਕੇ ਸਿੱਖ ਇਤਿਹਾਸ ਨਾਲ ਖਿਲਵਾੜ ਕੀਤਾ ਹੈ
ਟਿੱਪਣੀ:- ਜਿਥੇ ਮੈਂ ਕਰਨਲ ਨਿਸ਼ਾਨ ਦੀ ਇਸ ਗੱਲ ਨਾਲ ਪੁਰੀ ਤਰ੍ਹਾਂ ਸਹਿਮਤੀ ਪ੍ਰਗਟ ਕਰਦਾ ਹਾਂ ਉਥੇ ਇਹ ਕਹਿਣ ਦੀ ਖੁਲ ਵੀ ਲੈਂਦਾ ਹਾਂ ਕਿ ਨਾਨਕਸ਼ਾਹੀ ਕੈਲੰਡਰ ਵੀ ਬਿਲਕੁਲ ਇਸੇ ਤਰ੍ਹਾਂ ਹੀ ਬਣਿਆ ਹੈ। ਸਿੱਖ ਇਤਹਾਸ 1469 ਤੋਂ ਅਰੰਭ ਹੁੰਦਾ ਹੈ ਅਤੇ ਨਾਨਕਸ਼ਾਹੀ ਕੈਲੰਡਰ 1999 ਵਿੱਚ ਬਣਿਆ ਸੀ ਪਰ ਕੁਝ ਹੋਰ ਵਿਚਾਰਾਂ ਉਪ੍ਰੰਤ 2003 ਵਿੱਚ ਲਾਗੂ ਹੋਇਆ ਸੀ। ਰਹੀ ਗੱਲ ਗਲਤ ਤਾਰੀਖਾਂ ਦੀ, ਨਿਸ਼ਾਨ ਜੀ ਤੁਸੀਂ ਇਹ ਗੱਲ ਪਿਛਲੇ 15 ਸਾਲਾਂ ਤੋਂ ਦੁਹਰਾ  ਰਹੇ ਹੋ ਪਰ ਵਾਰ-ਵਾਰ ਮੰਗ ਕਰਨ ਤੇ ਵੀ ਸਬੂਤ ਪੇਸ਼ ਨਹੀ ਕੀਤੇ। ਮੈਂ ਤੁਹਾਨੂੰ 15 ਜਨਵਰੀ ਨੂੰ ਪੱਤਰ ਲਿਖ ਕੇ ਗਲਤ ਤਾਰੀਖਾਂ ਦੀ ਸੂਚੀ ਭੇਜਣ ਲਈ ਕਿਹਾ ਸੀ ਜਿਸ ਦਾ ਅੱਜ ਤੱਕ ਤੁਸੀਂ ਕੋਈ ਜਵਾਬ ਨਹੀਂ ਦਿੱਤਾ।  
2. ਕਰਨਲ ਨਿਸ਼ਾਨ ਮੁਤਾਬਕ ਗੁਰੂ ਅੰਗਦ ਦੇਵ ਜੀ ਵੈਸਾਖ ਸੁਦੀ 4, 3 ਵੈਸਾਖ ਨੂੰ ਜੋਤੀ ਜੋਤ ਸਮਾਏ ਅਤੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਚੇਤ ਸੁਦੀ 1, 30 ਚੇਤ ਨੂੰ ਦਿੱਤੀ ਗਈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਵਿਚ 3 ਵੈਸਾਖ ਦਰਜ ਹੈ, ਜੋ ਗਲਤ ਹੈ।
ਟਿੱਪਣੀ:- ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 3 ਵੈਸਾਖ ਦਰਜ ਹੈ ਜਿਸ ਨਾਲ ਕਰਨਲ ਨਿਸ਼ਾਨ ਜੀ ਵੀ ਸਹਿਮਤ ਹਨ ਇਸ ਲਈ ਇਨ੍ਹਾਂ ਦਾ ਧੰਨਵਾਦ ਕਰਦਾ ਹਾਂ ਪਰ ਨਾਲ ਹੀ ਮੈਂ ਇਹ ਲਿਖਣ ਤੋਂ ਵੀ ਸੰਕੋਚ ਨਹੀ ਕਰਾਂਗਾ ਕਿ ਕਰਨਲ ਨਿਸ਼ਾਨ ਨੇ ਇਸ ਤਾਰੀਖ ਨੂੰ ਸਹੀ ਮੰਨ ਕੇ ਆਪਣੇ ਦਾਵੇ (100% ਅਤੇ A to Z ਤਾਰੀਖਾਂ ਗਲਤ ਹਨ) ਦਾ ਆਪ ਹੀ ਖੰਡਨ ਕਰ ਦਿੱਤਾ ਹੈ। ਗੁਰੂ ਅਮਰਦਾਸ ਜੀ  ਦੀ ਗੁਰਗੱਦੀ ਤਾਰੀਖ ਸਬੰਧੀ ਬੇਨਤੀ ਹੈ ਕਿ ਕੈਲੰਡਰ ਕਮੇਟੀ ਦੇ ਮੈਂਬਰ ਵਿਦਵਾਨਾਂ ਨੇ ਵੀ ਤਾਂ ਪੜਤਾਲ ਕਰਕੇ ਹੀ ਸਾਰੀਆਂ ਤਾਰੀਖਾਂ ਨਿਰਧਾਰਤ ਕੀਤੀਆਂ ਸਨ। ਫੇਰ ਵੀ ਜੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਵੱਲੋਂ ਖੋਜੀ ਗਈ ਤਾਰੀਖ 30 ਚੇਤ ਤੇ ਵਿਚਾਰ ਹੋਣੀ ਚਾਹੀਦੀ ਦੀ ਹੈ ਇਹ ਵਿਚਾਰ ਵੱਖਰੇ ਤੌਰ ਕੀਤੀ ਜਾ ਸਕਦੀ ਹੈ।
3. ਗੁਰੂ ਅਮਰਦਾਸ ਜੀ ਭਾਂਦੋ ਸੁਦੀ ਪੂਰਨਮਾਸ਼ੀ,  2 ਅੱਸੂ  ਨੂੰ ਜੋਤੀ ਜੋਤ ਸਮਾਏ ਅਤੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਭਾਦੋਂ ਸੁਦੀ 13, 31 ਭਾਂਦੋ ਨੂੰ ਦਿੱਤੀ ਗਈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਵਿਚ 2 ਅੱਸੂ  ਦਰਜ ਹੈ, ਜੋ ਗਲਤ ਹੈ।
ਟਿੱਪਣੀ:- ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅਮਰਦਾਸ ਜੀ ਦੇ  ਜੋਤੀ ਜੋਤ ਸਮਾਉਣ ਦੀ ਤਾਰੀਖ 2 ਅੱਸੂ ਦਰਜ ਹੈ ਜਿਸ ਨਾਲ ਕਰਨਲ ਨਿਸ਼ਾਨ ਜੀ ਵੀ ਸਹਿਮਤ ਹਨ। ਕਰਨਲ ਨਿਸ਼ਾਨ ਨੇ ਇਕ ਵਾਰ ਫੇਰ ਆਪਣੇ ਦਾਵੇ (100% ਅਤੇ A to Z ਤਾਰੀਖਾਂ ਗਲਤ ਹਨ) ਦਾ ਆਪ ਹੀ ਖੰਡਨ ਕਰ ਦਿੱਤਾ ਹੈ।  ਗੁਰਗੱਦੀ ਦੀ ਤਾਰੀਖ ਸਬੰਧੀ ਜਵਾਬ ਉਪਰ ਪੜ੍ਹ ਚੁਕੇ ਹੋ।
4. ਇਤਿਹਾਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਦਾ ਹੈ ਜੋ 22 ਦਸੰਬਰ 1666 ਮੁਤਾਬਕ 1 ਜਨਵਰੀ 1667 ਬਣਦਾ ਹੈ ਪਰ ਨਾਨਕਸ਼ਾਹੀ ਵਿੱਚ 5 ਜਨਵਰੀ ਦਾ ਮਿਥ ਲਿਆ ਗਿਆ ਹੈ। ਇਹ  ਅਸਲ ਤਾਰੀਖ ਤੋਂ 4 ਦਿਨ ਦਾ ਫਰਕ ਹੈ ਇਸੇ ਤਰ੍ਹਾਂ ਹੀ ਬਾਕੀ ਗੁਰਪੁਰਬਾਂ ਵਿਚ ਵੀ 4,5,6,7 ਦਿਨਾਂ ਦੀ ਗਲਤੀ ਹੈ।
ਟਿੱਪਣੀ:- ਨਾਨਕਸ਼ਾਹੀ ਕੈਲੰਡਰ ਵਿਚ  ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਦਾ ਦਰਜ ਹੈ ਜਿਸ ਨਾਲ ਨਿਸ਼ਾਨ ਜੀ ਵੀ ਸਹਿਮਤ ਹਨ। ਇਕ ਵੇਰ ਫੇਰ ਧੰਨਵਾਦ। ਨਿਸ਼ਾਨ ਜੀ ਤੁਹਾਡੇ ਸ਼ੰਕੇ ਸਬੰਧੀ ਬੇਨਤੀ ਹੈ ਕਿ ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਧਿਆਨ ਨਾਲ ਪੜ੍ਹੀ ਹੁੰਦੀ ਤਾਂ ਤੂਹਾਨੂੰ ਇਹ ਸਵਾਲ ਕਰਨ ਦੀ ਲੋੜ ਹੀ ਨਹੀ ਸੀ ਪੈਣੀ।
5. ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸਬੰਧੀ ਇਹ ਭੁਲੇਖਾ ਪਾਇਆ ਜਾਂਦਾ ਹੈ ਕਿ ਇਹ ਕਦੇ ਸਾਲ ਵਿੱਚ ਦੋ ਵਾਰੀ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਹੀ ਨਹੀ। ਇਹ ਭੁਲੇਖਾ ਪਾਉਣ ਲਈ ਅੰਗਰੇਜੀ ਤਾਰੀਖਾਂ ਨੂੰ  ਸੰਮਤ ਨਾਲ ਰਲਗੱਡ ਕੀਤਾ ਜਾਂਦਾ ਹੈ। ਜਦ ਕਿ ਅਸਲੀਅਤ ਇਹ ਹੈ ਕਿ ਪੋਹ ਸੁਦੀ ਸਾਲ ਵਿੱਚ ਇਕ ਵਾਰ ਹੀ ਆਉਂਦੀ ਹੈ। ਪਰ ਬੜੀ ਅਜੀਬ ਗੱਲ ਹੈ 2003 ਵਿੱਚ ਬਣਾਏ ਨਾਨਕਸ਼ਾਹੀ ਕੈਲੰਡਰ ਵਿਚ ਹੀ ਹੋਲਾ 2 ਵਾਰ ਆ ਰਿਹਾ ਹੈ ਅਤੇ ਅਗਲੇ ਕੈਲੰਡਰ ਵਿੱਚ ਆਵੇਗਾ ਹੀ ਨਹੀ। ਐਸਾ ਦੁਨੀਆਂ ਦੇ ਕਿਸੇ ਕੈਲੰਡਰ ਵਿੱਚ ਨਹੀ ਹੁੰਦਾ।
ਟਿੱਪਣੀ:- ਕਰਨਲ ਨਿਸ਼ਾਨ ਜੀ, ਕਿਸੇ ਹੱਦ ਤਾਈ ਤੁਹਾਡਾ ਇਹ ਇਤਰਾਜ਼ ਜਾਇਜ਼ ਹੈ ਕਿ ਕਈ ਸੱਜਣਾ ਵੱਲੋਂ ਜਾਣੇ-ਅਣਜਾਣੇ ਅਜੇਹਾ ਕਿਹਾ ਜਾਂਦਾ ਹੈ। ਆਮ ਤੌਰ ਤੇ ਜਦੋਂ ਸਾਲ ਦਾ ਜਿਕਰ ਹੁੰਦਾ ਹੈ ਤਾ ਉਹ 1 ਜਨਵਰੀ ਤੋਂ 31 ਦਸੰਬਰ ਦਾ ਹੀ ਹੁੰਦਾ ਹੈ। ਕਦੇ ਵੀ 354 ਦਿਨਾਂ ਵਾਲੇ ਸਾਲ ਦਾ ਜਿਕਰ ਨਹੀ ਹੁੰਦਾ। ਜਿਸ ਦੇ ਆਰੰਭ ਚੇਤ ਸੁਦੀ ਇਕ ਤੇ ਅੰਤ ਚੇਤ ਵਦੀ ਪੰਦਰਾਂ ਦਾ ਆਮ ਲੋਕਾਂ ਨੂੰ ਤਾਂ ਕੀ  ਵਿਦਵਾਨਾਂ ਨੂੰ ਵੀ ਨਹੀ ਪਤਾ। ਪਰ ਨਿਸ਼ਾਨ ਜੀ, ਬੜੀ ਅਜੀਬ ਗੱਲ ਹੈ ਜਿਹੜੀ ਭੁਲੇਖਾ ਪਾਊ ਗੱਲ ਲਈ ਤੁਸੀਂ ਦੂਜਿਆਂ ਤੇ (ਜੋ ਇਸ ਤਕਨੀਕੀ ਨੁਕਤੇ ਨੂੰ ਨਹੀਂ ਸਮਝਦੇ) ਇਤਰਾਜ਼ ਕੀਤਾ ਹੈ ਉਹ ਭੁਲੇਖਾ ਪਾਊ ਲਿਖਤੀ ਬਿਆਨ ਤੁਸੀਂ ਖ਼ੁਦ ਦੇ ਰਹੇ ਹੋ। ਮੇਰੇ ਪਾਸ  2003 ਵਾਲਾ ਕੈਲੰਡਰ ਹੈ ਉਸ ਦੀ ਭੂਮਿਕਾ ਵਿੱਚ ਹੋਲੇ ਦੀਆਂ 2003 ਤੋਂ 2020 ਤਾਂਈ ਤਾਰੀਖਾਂ ਦਰਜ ਹਨ। ਦੱਸੋ ਹੋਲਾ ਕਿਹੜੇ ਸਾਲ ਦੋ ਵਾਰੀ ਆਉਂਦਾ ਹੈ? ਨਿਸ਼ਾਨ ਜੀ, ਜੇ ਪੋਹ ਸੁਦੀ 7 ਸਾਲ ਵਿਚ ਸਿਰਫ ਇਕ ਵਾਰ ਹੀ ਆਉਂਦੀ ਹੈ ਤਾਂ ਚੇਤ ਵਦੀ 1 ਸਾਲ ਵਿਚ ਦੋ ਵਾਰੀ ਕਿਵੇਂ ਆ ਸਕਦੀ ਹੈ? ਤੁਹਾਡਾ ਇਹ ਲਿਖਣਾ ਵੀ ਝੂਠ ਹੈ “ਕਿ ਐਸਾ ਦੁਨੀਆਂ ਦੇ ਕਿਸੇ ਕੈਲੰਡਰ ਵਿੱਚ ਨਹੀ ਹੁੰਦਾ”। ਨਿਸ਼ਾਨ ਜੀ ਅਜੇਹਾ ਹੁੰਦਾ ਹੈ ਉਹ ਵੀ ਤੁਹਾਡੇ ਬਿਕ੍ਰਮੀ ਕੈਲੰਡਰ ਵਿੱਚ। ਉਨ੍ਹਾਂ ਪਾਠਕਾਂ ਤੋਂ ਖਿਮਾ ਚਾਹੁੰਦਾ ਹਾਂ ਜਿਨ੍ਹਾਂ ਨੂੰ  ਇਹ ਗੱਲ ਸਮਝ ਨਾ ਆਈ ਹੋਵੇ, ਪਰ ਕਰਨਲ ਨਿਸ਼ਾਨ ਨੂੰ ਬੇਨਤੀ ਹੈ ਕਿ ਜੇ ਚਾਹੋਂ ਤਾਂ ਹੋਲੇ ਦੀਆਂ ਤਾਰੀਖਾਂ ਸਬੰਧੀ ਵੱਖਰੀ ਵਿਚਾਰ ਕਰ ਸਕਦੇ ਹੋ।
6. ਸਿੱਖ ਧਰਮ ਦੀ ਪਹਿਚਾਣ ਦੇ 5 ਅੰਗ ਲਿਖੇ ਹਨ ।
ਟਿੱਪਣੀ:- ਨਿਸ਼ਾਨ ਜੀ,  ਇਥੇ ਤਾਈ ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਬੇਨਤੀ ਹੈ ਕਿ ਜੇ ਕੈਲੰਡਰ ਵੀ ਕੌਮੀ ਪਹਿਚਾਣ ਦਾ ਅੰਗ ਬਣ ਜਾਵੇ ਜਿਵੇ ਕਿ ਹਿਜਰੀ ਕੈਲੰਡਰ ਹੈ, ਤਾਂ ਕੀ ਸਾਡੀ ਧਾਰਮਿਕ ਪਹਿਚਾਣ ਨੂੰ ਕਿਸੇ ਕਿਸਮ ਦੇ ਨੁਕਸਾਨ ਦੀ ਸੰਭਾਵਨਾ  ਹੈ?
7. ਪੰਜਾਬ ਤੋਂ ਬਾਹਰਲੇ ਦੋ ਤਖ਼ਤਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਨਾ ਮਿਲਣਾ।
ਟਿੱਪਣੀ:- ਪੰਜਾਬ ਤੋਂ ਬਾਹਰਲੇ ਦੋ ਤਖ਼ਤਾਂ ਵੱਲੋਂ ਕੀਤੇ ਜਾਂਦੇ ਵਿਰੋਧ ਦਾ ਕਾਰਨ, ਜੋ ਅੱਜ ਤੋਂ ਇਕ ਦਹਾਕਾ ਪਹਿਲਾ ਕੁਝ ਇਕ ਸਿਆਣਿਆ ਨੂੰ ਹੀ ਪਤਾ ਸੀ। ਅੱਜ ਉਨ੍ਹਾਂ ਕਾਰਨਾਂ ਨੂੰ ਪੂਰੀ ਸਿਖ ਕੌਮ ਜਾਣਦੀ ਹੈ।
8. 28 ਮਾਰਚ 2003 ਨੂੰ ਕੁਲਦੀਪ ਸਿੰਘ ਵਡਾਲੇ ਨੂੰ ਕੈਲੰਡਰ ਨਹੀ ਵਿਖਾਇਆ ਗਿਆ।
ਟਿੱਪਣੀ:- ਨਿਸ਼ਾਨ ਜੀ, ਤੁਹਾਡਾ ਇਹ ਬਿਆਨ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਦਰਜ 28 ਮਾਰਚ ਦੇ ਹਵਾਲੇ ਨਾਲ ਮੇਲ ਨਹੀ ਖਾਂਦਾ। ਚਲੋ! ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਨਹੀ ਪੜ੍ਹੀ ਤਾਂ ਵੀ ਇਹ ਦੋਸ਼ ਕੈਲੰਡਰ ਦਾ ਕਿਵੇਂ ਹੈ? ਇਸ ਲਈ ਤਾਂ  ਸ਼੍ਰੋਮਣੀ ਕਮੇਟੀ ਨੂੰ ਜਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
9. 29 ਮਾਰਚ ਨੂੰ ਜਨਰਲ ਇਜਲਾਸ ਵਿਚ, ਮੈਂਬਰਾਂ ਨੂੰ ਵਿਖਾਏ ਬਿਨਾ ਪਾਸ ਕਰਨਾ 
ਟਿੱਪਣੀ:- ਇਸ ਦਾ ਜਵਾਬ ਉਪਰ ਪੜ੍ਹ ਚੁਕੇ ਹੋ।
10. ਵੈਸਾਖੀ 1 ਵੈਸਾਖ ਨੂੰ ਆਖਦੇ ਹਨ  ਅਤੇ 1 ਵੈਸਾਖ ਨੂੰ ਹੀ ਆਵੇਗੀ। ਅੰਗਰੇਜੀ ਤਾਰੀਖਾਂ ਬਦਲ ਰਹੀਆਂ ਹਨ।
ਟਿੱਪਣੀ:- ਨਿਸ਼ਾਨ ਜੀ, ਜੇ 27 ਮਾਰਚ ਤੋਂ 14 ਅਪ੍ਰੈਲ ਹੋ ਜਾਣ ਨਾਲ ਵੀ 1 ਵੈਸਾਖ 1 ਵੈਸਾਖ ਹੀ ਰਹਿੰਦਾ ਹੈ ਤਾਂ 23 ਪੋਹ ਵੀ ਤਾਂ 23 ਪੋਹ ਹੀ ਰਹਿੰਦੀ ਹੈ। 22 ਦਸੰਬਰ ਤੋਂ 5 ਜਨਵਰੀ ਹੋ ਜਾਣ ਤੇ ਹੋ ਹੱਲਾ ਕਿਓ? ਦੂਜੇ ਪਾਸੇ ਤੁਹਾਡੇ ਫਾਰਮੂਲੇ ਮੁਤਾਬਕ ਤਾ ਵੈਸਾਖੀ 5 ਅਪ੍ਰੈਲ ਨੂੰ ਚਾਹੀਦੀ ਹੈ ਜੋ ਕਿ ਅੱਜ 14 ਅਪ੍ਰੈਲ ਨੂੰ ਆਉਂਦੀ ਹੈ ਜਿਸ ਤੇ ਤੁਸੀਂ ਕਦੇ ਇਤਰਾਜ਼ ਨਹੀ ਕੀਤਾ, ਇਹ ਦੋਗ਼ਲੀ ਨੀਤੀ ਕਿਓ? ਉਂਝ ਜੇ ਇਜਾਜ਼ਤ ਦਿਓ ਤਾ ਇਕ ਸਵਾਲ ਹੋਰ ਕਰਾਂ, ਨਿਸ਼ਾਨ ਜੀ, 17 ਨਵੰਬਰ 2014 ਨੂੰ ਸ਼੍ਰੋਮਣੀ ਕਮੇਟੀ ਦੀ ਮੰਗ ਤੇ ਪੰਜ ਸਿੰਘ ਸਾਹਿਬਾਨ  ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ ਨੂੰ ਮਨਾਉਣ ਦਾ ਹੁਕਮ ਸਰਬਸੰਮਤੀ ਨਾਲ ਕੀਤਾ ਸੀ ਜੋ 24 ਨਵੰਬਰ ਨੂੰ ਗਿਆਨੀ ਗੁਰਬਚਨ ਸਿੰਘ ਜੀ ਨੇ ਇਕੱਲੇ ਹੀ ਵਾਪਸ ਲੈ ਲਿਆ ਸੀ। ਧੁਮੱਕੜਸ਼ਾਹੀ ਕੈਲੰਡਰ ਮੁਤਾਬਕ 23 ਪੋਹ 7 ਜਨਵਰੀ ਨੂੰ ਸੀ। ਜੇ ਅਜੇਹਾ ਹੋ ਜਾਂਦਾ ਤਾਂ ਇਤਿਹਾਸ ਨੂੰ ਬਿਗਾੜਨ ਦਾ ਜਿੰਮੇਵਾਰ ਕਿਸ ਨੂੰ ਗਰਦਾਨਦੇ? ਇਸ ਬਾਰੇ ਆਪਣੀ ਕੀਮਤੀ ਰਾਏ ਅੰਮ੍ਰਿਤਸਰ ਟਾਈਮਜ਼ ਦੇ ਪਾਠਕਾਂ ਨਾਲ ਜਰੂਰ ਸਾਂਝੀ ਕਰਨੀ ਜੀ।
11. ਨਾਨਕ ਸ਼ਾਹੀ ਕੈਲੰਡਰ  ਅੰਗਰੇਜੀ ਕੈਲੰਡਰ ਦਾ ਗੁਲਾਮ।
ਟਿੱਪਣੀ:-  ਨਿਸ਼ਾਨ ਜੀ, ਤੁਸੀਂ ਸੱਚੀ ਅਣਜਾਣ ਹੋ ਜਾਂ ਆਮ ਸੰਗਤਾਂ ਦੀ ਕੈਲੰਡਰ ਪ੍ਰਤੀ ਅਗਿਆਨਤਾ ਦਾ ਲਾਭ  ਉਠਾ ਹਰੇ ਹੋ? ਨਾਨਕਸ਼ਾਹੀ ਕੈਲੰਡਰ ਦੇ ਨਵੇਂ ਸਾਲ ਦਾ ਆਰੰਭ 1 ਚੇਤ ਤੋਂ ਹੁੰਦਾ ਹੈ ਉਸ ਦਿਨ ਅੰਗਰੇਜੀ ਕੈਲੰਡਰ ਦੀ 14 ਮਾਰਚ ਹੋਵੇਗੀ।
12. ਦੁਨੀਆ ਦੇ ਪੰਜ ਧਰਮਾਂ ਦੇ ਕੁਝ ਦਿਹਾੜੇ ਚੰਦ ਦੇ ਸਾਲ ਮੁਤਾਬਕ ਹਨ।
ਟਿੱਪਣੀ:- ਨਿਸ਼ਾਨ ਜੀ, ਜੇ ਦੂਜਿਆਂ ਧਰਮਾਂ ਵੱਲ ਹੀ ਵੇਖਣਾ ਹੈ ਤਾ ਜਿਹੜੀ ਗੱਲ ਉਨ੍ਹਾਂ ਨੂੰ 1582 ਈ: ਵਿੱਚ ਸਮਝ ਆ ਗਈ ਸੀ ਉਹ ਕਿਓ ਨਹੀ ਮੰਨਦੇ। ਉਂਝ ਜੇ ਆਪਣੀ ਵੈਸਾਖੀ ਅਤੇ ਗੋਰਿਆਂ ਦੀ ਕ੍ਰਿਸਮਿਸ ਦੀ ਤਾਰੀਖ ਬਾਰੇ ਜਾਣਕਾਰੀ ਸਾਂਝੀ ਕਰੋ ਤਾਂ ਧੰਨਵਾਦੀ ਹੋਵਾਂਗਾ
13. ਈਸਾ ਦਾ ਜਨਮ ਦਿਨ 25 ਦਸੰਬਰ ਦਾ ਮਿਥ ਲਿਆ ਗਿਆ ਹੈ, ਗੁਡਫਰਾਈਡੇ ਅਤੇ ਈਸਟਰ ਚੰਦ ਅਧਾਰਿਤ ਹਨ। ਜੇ 2003 ਵਾਲਾ ਕੈਲੰਡਰ ਠੀਕ ਬਣਿਆ ਹੁੰਦਾ ਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 1 ਜਨਵਰੀ ਦਾ ਨਿਸ਼ਚਿਤ ਹੋਣਾ ਸੀ।
ਟਿੱਪਣੀ:- ਨਿਸ਼ਾਨ ਜੀ ਇਕ ਵੇਰ ਫੇਰ ਧੰਨਵਾਦ। ਤੇਰਵੇਂ ਸਵਾਲ ਵਿਚ ਈਸਾ ਦੇ ਜਨਮ ਦੀ ਸੂਰਜੀ ਤਾਰੀਖ ਲਿਖ ਕੇ ਆਪਣੇ ਬਾਰਵੇਂ  ਸਵਾਲ ਦਾ ਆਪ ਹੀ ਖੰਡਨ ਕਰਨ ਲਈ। ਗੁਡਫਰਾਈਡੇ ਅਤੇ ਈਸਟਰ,  21 ਮਾਰਚ (Equinox) ਤੋਂ ਪਿਛੋਂ ਆਉਣ ਵਾਲੀ ਪੁਨਿਆਂ ਤੋਂ ਪਿਛੋਂ ਆਉਣ ਵਾਲਾ ਪਹਿਲਾ ਸ਼ੁੱਕਰਵਾਰ ਅਤੇ ਐਤਵਾਰ ਹੁੰਦੇ ਹਨ, ਜਿਸ ਕਾਰਨ ਇਹ ਕਦੇ ਵੀ ਇਕ ਖਾਸ ਮੌਸਮ ਤੋਂ  ਬਾਹਰ ਨਹੀ ਜਾਣਗੇ। ਕੀ ਤੁਹਾਡੇ ਬਿਕ੍ਰਮੀ ਕੈਲੰਡਰ ਵਿੱਚ ਵੀ ਪੋਹ ਸੁਦੀ ਸੱਤਵੀਂ ਤੇ ਕੋਈ ਅਜੇਹੀ ਪਾਬੰਦੀ ਹੈ। ਉਂਝ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਹ ਦਿਨ ਪੱਕੇ ਕਰਨ ਲਈ 1928 ਵਿੱਚ ਬਿਲ ਪੇਸ਼ ਕੀਤਾ ਗਿਆ ਸੀ। ਜੋ ਉਨ੍ਹਾਂ ਦੇ ਬਾਬਿਆਂ ਦੀ ਕ੍ਰਿਪਾ ਸਦਕਾ ਅਜੇ ਤਾਂਈ ਕਿਸੇ ਤਣ ਪੱਤਣ ਨਹੀ ਲੱਗਾ। ਨਿਸ਼ਾਨ ਜੀ, ਕਿੰਨੀ ਸਮਾਨਤਾ ਹੈ ਆਪਣੇ ਅਤੇ ਗੋਰਿਆਂ ਦੇ ਬਾਬਿਆਂ ਵਿਚ! ਨਾਨਕਸ਼ਾਹੀ ਕੈਲੰਡਰ ਦਾ ਤੁਹਾਡੇ ਵੱਲੋਂ ਵਿਰੋਧ ਕਰਨ ਦਾ ਕਾਰਨ ਤੁਹਾਡੀ ਇਸ ਪੰਗਤੀ ਤੋਂ ਸਪੱਸ਼ਟ ਹੋ ਗਿਆ ਹੈ, “2003 ਵਾਲਾ ਕੈਲੰਡਰ ਠੀਕ ਬਣਿਆ ਹੁੰਦਾ ਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 1 ਜਨਵਰੀ ਦਾ ਨਿਸ਼ਚਿਤ ਹੋਣਾ ਸੀ”। ਤੁਹਾਡੀ ਸਮੱਸਿਆ ਜਨਵਰੀ 5 ਹੈ ਜੇ ਇਹ 1 ਜਨਵਰੀ ਮੰਨ ਲਈ ਜਾਵੇ ਤਾ ਤੁਸੀਂ ਪੋਹ ਸੁਦੀ 7 ਨੂੰ ਛੱਡਣ ਲਈ ਤਿਆਰ ਹੋ, ਫਿਰ ਤੁਹਾਡੇ ਬਾਰਵੇਂ ਸਵਾਲ ਦਾ ਕੀ ਬਣੇਗਾ? 
14. ਪਿਛਲੇ 300 ਸਾਲ ਤੋਂ ਗੁਰਪੁਰਬਾਂ ਅਤੇ ਨਗਰ ਕੀਰਤਨਾਂ ਵਾਲੀ ਰੌਣਕ ਨਾਨਕ ਸ਼ਾਹੀ ਕੈਲੰਡਰ ਦੇ ਲਾਗੂ ਹੋਣ ਨਾਲ ਨਹੀ ਰਹੀ।
ਟਿੱਪਣੀ:- ਨਿਸ਼ਾਨ ਜੀ, ਇਹ ਤੁਹਾਡਾ ਭਰਮ ਹੈ। ਉਂਝ ਵੀ ਇਹ ਇਕ ਤਕਨੀਕੀ ਮਸਲਾ ਹੈ ਜਿਸ ਨੂੰ ਰੌਣਕਾਂ  ਨਾਲ ਮੇਲ ਕੇ ਨਹੀ ਵੇਖਿਆ ਜਾ ਸਕਦਾ। ਇਸ ਮਸਲੇ ਦਾ ਹਲ ਵਿਗਿਆਨਕ ਤਰੀਕੇ ਨਾਲ ਹੀ ਹੋਣਾ ਹੈ ਨਾ ਕਿ ਭੀੜ ਨੂੰ ਵੇਖ ਕੇ।
15. ਕੈਲੰਡਰ ਦੀਆ ਸਾਰੀਆਂ ਤਾਰੀਖਾਂ ਅਟਕਲਪੱਚੂ ਹਨ ਜਿਨ੍ਹਾਂ ਦਾ ਇਤਿਹਾਸ ਨਾਲ ਕੋਈ ਮੇਲ ਨਹੀਂ।
ਟਿੱਪਣੀ:- ਨਿਸ਼ਾਨ ਜੀ ਇਕ ਵੇਰ ਫੇਰ ਬਹੁਤ-ਬਹੁਤ ਧੰਨਵਾਦ। ਆਪਣੇ ਪਹਿਲੇ ਬਿਆਨ ਦਾ ਖੰਡਨ ਕਰਨ ਲਈ। ਜੇ ਤੁਹਾਨੂੰ ਯਾਦ ਹੋਵੇ ਤਾਂ ਤੁਸੀਂ 3 ਵੈਸਾਖ, 2 ਅੱਸੂ 23 ਪੋਹ ਅਤੇ 1 ਵੈਸਾਖ ਨੂੰ ਲਿਖਤੀ ਤੌਰ ਤੇ ਸਹੀ ਮੰਨ ਚੁਕੇ ਹੋ।
16. ਜਿਆਦਾਤਰ ਲੋਕ ਨਾਨਕਸ਼ਾਹੀ ਨਾਮ ਕਰਕੇ ਭਾਵੁਕ ਹੋ ਕੇ ਇਸ ਕੈਲੰਡਰ ਨਾਲ ਜੁੜੇ ਹਨ ਜਦੋਂ ਕਿ ਨਾਨਕ ਨਾਮ ਦੇ ਬਹਾਨੇ ਇਤਿਹਾਸ ਨਾਲ ਕੀਤੇ ਗਏ ਖਿਲਵਾੜ  ਬਾਰੇ ਜੰਤਾ ਨੂੰ ਕੋਈ ਜਾਣਕਾਰੀ ਨਹੀਂ ਹੈ।
ਟਿੱਪਣੀ:- ਨਿਸ਼ਾਨ ਜੀ, ਸੰਗਤਾਂ ਭਾਵਕ ਹੋ ਕਿ ਨਹੀ ਸਗੋਂ ਅਸਲੀਅਤ ਨੂੰ ਸਮਝ ਕੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰ ਰਹੀਆਂ ਹਨ। ਰਹੀ ਗੱਲ ਇਤਿਹਾਸ ਨਾਲ ਖਿਲਵਾੜ ਦੀ, ਮੈਂ ਆਪਣੇ 15 ਜਨਵਰੀ ਵਾਲੇ ਪੱਤਰ ਰਾਹੀ  ਤੁਹਾਨੂੰ  ਬੇਨਤੀ ਕਰ ਚੁੱਕਾ ਹਾਂ ਕਿ ਗਲਤ ਤਾਰੀਖਾਂ ਦੀ ਸੂਚੀ ਪੇਸ਼਼ ਕਰੋ ਤਾ ਜੋ ਉਨ੍ਹਾਂ ਤੇ ਵਿਚਾਰ ਕੀਤੀ ਜਾ ਸਕੇ। ਪਰ ਆਪ ਜੀ ਨੇ ਮੇਰੀ ਬੇਨਤੀ ਪ੍ਰਵਾਨ ਨਹੀਂ ਕੀਤੀ।
ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ, ਤੁਹਾਡੇ ਦੱਸਣ ਮੁਤਾਬਕ, ਤੁਸੀਂ 1999 ਤੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹੋ ਕੀ ਕਾਰਨ ਹੈ ਕਿ ਤੁਸੀਂ, ਇਕ ਕੈਲੰਡਰ ਦੀਆਂ ਤਾਰੀਖਾਂ ਨੂੰ ਵਿਗਿਆਨਿਕ ਤਰੀਕੇ ਨਾਲ ਦੂਜੇ ਕੈਲੰਡਰ ਵਿੱਚ ਬਦਲ ਕੇ ਭਾਵ  1469 ਤੋਂ ਆਰੰਭ ਕਰਕੇ, ਸਹੀ ਤਰੀਖਾਂ ਵਾਲਾ ਕੈਲੰਡਰ ਬਣਾ ਕੇ ਅਜੇ ਤੱਕ ਕੌਮ ਦੇ ਸਾਹਮਣੇ ਪੇਸ਼ ਨਹੀ ਕਰ ਸਕੇ? ਤੁਸੀਂ ਆਪਣਾ ਟੀਚਾ ਕੇਵਲ ਤੇ ਕੇਵਲ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨਾ ਹੀ ਕਿਓ ਮਿੱਥ ਲਿਆ ਹੈ? ਜੇ ਤੁਸੀਂ ਸਮਝਦੇ ਹੋ ਕਿ ਤੁਸੀਂ ਵੀ ਇਸ ਵਿਸ਼ੇ ਦੇ ਮਾਹਿਰ ਹੋ ਤਾਂ ਤੁਸੀਂ ਆਪਣੀ ਵਿਦਵਤਾ ਨੂੰ ਹੁਣ ਤਾਈ ਕੌਮ ਦੀ ਭਲਾਈ ਲਈ ਕਿਓ ਨਹੀ ਵਰਤਿਆ? ਕੀ 15 ਸਾਲ ਦਾ ਸਮਾਂ ਕਾਫੀ ਨਹੀ ਹੈ ਇਕ ਕੈਲੰਡਰ ਬਣਾਉਣ ਲਈ? ਨਿਸ਼ਾਨ ਜੀ, ਸਿਆਣਿਆ ਦਾ ਕਥਨ ਹੈ ਕਿ ਕਿਸੇ ਦੀ ਖਿਚੀ ਹੋਈ ਲਕੀਰ ਨੂੰ ਮਿਟਾਉਣ ਨਾਲੋਂ ਉਸ ਦੇ ਬਰਾਬਰ ਵੱਡੀ ਲਕੀਰ ਖਿੱਚ  ਦੇਣ ਨਾਲ ਪਹਿਲੀ ਲਕੀਰ ਆਪਣੇ ਆਪ ਹੀ ਛੋਟੀ ਹੋ ਜਾਂਦੀ ਹੈ।