Wednesday, March 11, 2015

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਨਾਲ ਇਕ ਖੱਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਨਾਲ ਇਕ ਖੱਤ

ਜਥੇਦਾਰ ਅਵਤਾਰ ਸਿੰਘ ਜੀ,
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

ਮਿਤੀ-ਮਾਰਚ 9,2015
ਜਥੇਦਾਰ ਅਵਤਾਰ ਸਿੰਘ ਜੀ, ਅਖ਼ਬਾਰੀ ਖ਼ਬਰਾਂ ਰਾਹੀ ਜਾਣਕਾਰੀ ਮਿਲੀ ਹੈ ਕਿ 3 ਮਾਰਚ 2015 ਦਿਨ ਮੰਗਲਵਾਰ ਨੂੰ ਕਟਾਣਾ ਸਾਹਿਬ ਵਿਖੇ ਤੁਹਾਡੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਵਿਚ ‘ਸਤਨਾਮ ਐਜ਼ੂਕੇਸ਼ਨ ਟਰੱਸਟ’ ਸਰੀ, ਬੀ ਸੀ (ਕੈਨੇਡਾ) ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕਰਵਾਉਣ ਬਾਰੇ ਮਤਾ ਪਾਸ ਕੀਤਾ ਗਿਆ ਹੈ। ਜਿਥੋਂ ਤਾਂਈ ਇਸ ਫੈਸਲੇ ਦਾ ਸਬੰਧ ਹੈ ਇਸ ਬਾਰੇ ਤਾ ਦੋ ਰਾਵਾ ਨਹੀ ਹਨ ਕਿ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਮੰਗ ਸ਼੍ਰੋਮਣੀ ਕਮੇਟੀ ਵੱਲੋਂ, ਅੰਮ੍ਰਿਤਸਰ ਤੋਂ ਪੂਰੀ ਨਹੀ ਕੀਤੀ ਜਾ ਸਕਦੀ। ਇਸ ਲਈ ਦੁਨੀਆਂ ਦੇ ਵੱਖ-ਵੱਖ ਹਿਸਿਆਂ `ਚ ਸਰੂਪਾਂ ਦੀ ਛਪਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਪਰ ਕੀ ਦੁਨੀਆਂ ਦੇ ਇਕ ਕੋਨੇ ਵਿਚ ਹੀ ਦੋ ਥਾਈ ਛਪਾਈ ਦੇ ਪ੍ਰਬੰਧ ਕਰਨ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਫੈਸਲਾ ਸਹੀ ਫੈਸਲਾ ਹੈ?

ਜਥੇਦਾਰ ਅਵਤਾਰ ਸਿੰਘ ਜੀ, ਆਪ ਜੀ ਨੂੰ ਯਾਦ ਹੋਵੇਗਾ ਕਿ 1 ਨਵੰਬਰ 2014 ਦਿਨ ਸ਼ੁੱਕਰਵਾਰ ਨੂੰ ਤੁਸੀਂ ਆਪਣੇ ਪੂਰੇ ਜਥੇ ਸਮੇਤ (ਸ. ਸੁਖਦੇਵ ਸਿੰਘ ਭੌਰ, ਸ. ਰਘੂਜੀਤ ਸਿੰਘ ਵਿਰਕ, ਸ. ਰਜਿੰਦਰ ਸਿੰਘ ਮਹਿਤਾ ਅਤੇ ਸ. ਪਰਮਜੀਤ ਸਿੰਘ ਸਰੋਆ) ਯੁਬਾ ਸਿਟੀ, ਕੈਲੇਫੋਰਨੀਆਂ (ਅਮਰੀਕਾ) ਵਿਖੇ ‘ਇੰਟਰਨੈਸ਼ਨਲ ਸਿੱਖ ਮਿਸ਼ਨ ਸੈਂਟਰ’ ਦਾ ਨੀਂਹ ਪੱਥਰ ਰੱਖਿਆ ਸੀਉਸ ਵੇਲੇ ਵੀ ਅਖ਼ਬਾਰਾਂ `ਚ ਇਹ ਖ਼ਬਰਾਂ ਛਪੀਆਂ ਸਨ ਕਿ ਇਸ ਕੇਂਦਰ ਵਿਚ ਗੁਰੂ ਗ੍ਰੰਥ ਸਾਹਿਬ ਭਵਨ ਵੀ ਸਥਾਪਤ ਕੀਤਾ ਜਾਵੇਗਾ, ਜਿਥੇ ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਦੇ ਗੁਟਕੇ, ਪੋਥੀਆਂ-ਸੈਂਚੀਆਂ ਅਤੇ ਗੁਰਮਤਿ ਸਾਹਿਤ ਦੀ ਛਪਾਈ ਕਰਕੇ ਉੱਤਰੀ ਅਮਰੀਕਾ ਦੇ ਗੁਰੂ ਘਰਾਂ ਤੇ ਸਿੱਖ ਸੰਗਤ ਨੂੰ ਸੜਕ ਮਾਰਗ ਰਾਹੀਂ ਅਦਬ ਸਤਿਕਾਰ ਨਾਲ ਪੁਜਦਾ ਕੀਤਾ ਜਾਵੇਗਾ। ਹੁਣ ਖ਼ਬਰ ਆਈ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਰੀ, ਬੀ ਸੀ (ਕਨੇਡਾ) ਵਿਖੇ ਵੀ ਬੀੜਾਂ ਛਾਪਣ ਦਾ ਫੈਸਲਾ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਫੈਸਲਾ ਕਰਨ ਵੇਲੇ ਤੁਹਾਡੇ ਸਮੇਤ ਉਹ ਸਾਰੇ ਸੱਜਣ ਸ਼ਾਮਿਲ ਸਨ ਜੋ ਯੁਬਾ ਸਿਟੀ ‘ਇੰਟਰਨੈਸ਼ਨਲ ਸਿੱਖ ਮਿਸ਼ਨ ਸੈਂਟਰ’ ਨੀਂਹ ਪੱਥਰ ਰੱਖਣ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਪੁੱਜੇ ਸਨ।
ਜਥੇਦਾਰ ਅਵਤਾਰ ਸਿੰਘ ਜੀ, ਯੁਬਾ ਸਿਟੀ (ਕੈਲੇਫੋਰਨੀਆ) ਵਿੱਚ ਤਾਂ ਬੀੜਾਂ ਛਾਪਣ ਦੇ ਪ੍ਰਬੰਧ ਅਜੇ ਮੁਕੰਮਲ ਵੀ ਨਹੀ ਹੋਏ ਇਸ ਤੋਂ ਪਹਿਲਾ ਹੀ ਸਰੀ (ਕਨੇਡਾ) ਵਿਚ ਇਕ ਹੋਰ ਪ੍ਰਬੰਧ ਕਰਨ ਦੀ ਲੋੜ ਕਿਓ ਪੈ ਗਈ ਹੈ? ਕੀ ਇਹ ਫੈਸਲਾ ਕਰਨ ਤੋਂ ਪਹਿਲਾ ਯੁਬਾ ਸਿਟੀ ਵਿਖੇ ਪ੍ਰਬੰਧ ਮੁਕੰਮਲ ਨਹੀ ਸੀ ਕਰਨੇ ਚਾਹੀਦੇ? ਇਹ ਪ੍ਰਬੰਧ ਹੋਣ ਤੋਂ ਪਿਛੋਂ ਜੇ ਲੋੜ ਹੁੰਦੀ ਤਾਂ ਕੀ ਦੂਜੇ ਪ੍ਰਬੰਧ ਦੁਨੀਆਂ ਦੇ ਹੋਰ ਹਿਸੇ ਭਾਵ ਯੂਰਪ ਵਿੱਚ ਨਹੀ ਸੀ ਕੀਤੇ ਜਾਣੇ ਚਾਹੀਦੇ? ਯੁਬਾ ਸਿਟੀ ਤੋਂ ਲੱਗ-ਭੱਗ 825  ਮੀਲ ਦੂਰ ਹੀ ਦੂਜਾ ਪ੍ਰਬੰਧ ਕਰਨਾ ਸਹੀ ਫੈਸਲਾ ਕਿਵੇਂ ਮੰਨਿਆ ਜਾ ਸਕਦਾ ਹੈ? ਜਦੋਂ ਕਿ ਇਨ੍ਹਾਂ ਦੋਵਾਂ ਮੁਲਕਾਂ ਦਾ ਹੀ ਦੂਜਾ ਪਾਸਾ (ਪੁਰਬ) ਇਨ੍ਹਾਂ ਦੋਵਾਂ ਸ਼ਹਿਰਾਂ ਤੋਂ  ਲੱਗ-ਭੱਗ ਚਾਰ ਹਾਜ਼ਰ ਮੀਲ ਦੂਰ ਹੈ। ਜਥੇਦਾਰ ਅਵਤਾਰ ਸਿੰਘ ਜੀ, ਯੁਬਾ ਸਿਟੀ (ਕੈਲੇਫੋਰਨੀਆ) ਵਾਲਾ ਪ੍ਰੋਜੈਕਟ ‘ਇੰਟਰਨੈਸ਼ਨਲ ਸਿੱਖ ਮਿਸ਼ਨ ਸੈਂਟਰ’ ਜਿਸ ਦਾ ਨਹੀ ਪੱਥਰ ਤੁਸੀਂ ਆਪਣੇ ਕਰ ਕਮਲਾ ਨਾਲ, 1 ਨਵੰਬਰ 2014 ਦਿਨ ਸ਼ੁੱਕਰਵਾਰ ਨੂੰ ਰੱਖਿਆ ਗਿਆ ਸੀ, ਕੀ ਇਹ ਪ੍ਰੋਜੈਕਟ ਵੀ ਨਾਰਥ ਕੈਰੋਲੀਨਾ (ਅਮਰੀਕਾ) ਦੇ ਪ੍ਰੋਜੈਕਟ ਦੀ ਤਰ੍ਹਾਂ  ਬੰਦ ਹੀ ਤਾਂ ਨਹੀਂ ਕਰ ਦਿੱਤਾ ਗਿਆ? ਇਹ ਸਪੱਸ਼ਟ ਕਰਨ ਦੀ ਕ੍ਰਿਪਾਲਤਾ ਕਰੋ ਜੀ।

ਜਥੇਦਾਰ ਅਵਤਾਰ ਸਿੰਘ ਜੀ, ਜਿਵੇ ਕਿ ਆਪ ਜੀ ਭਲੀ ਭਾਂਤ ਜਾਣਦੇ ਹੀ ਕਿ ਸੰਗਤਾਂ ਦੀ ਮੰਗ ਅਨੁਸਾਰ ਪਾਵਨ ਬੀੜਾਂ ਨੂੰ ਤਿਆਰ ਕਰਨ ਦਾ ਕਾਰਜ, ਕਈ ਸਦੀਆਂ  ਸ਼ਰਧਾਲੂਆਂ ਜਾਂ ਕਿੱਤਾ ਕਰਾਂ ਵੱਲੋਂ ਹੱਥੀ ਹੀ ਕੀਤਾ ਜਾਂਦਾ ਰਿਹਾ। ਇਸ ਲੰਮੇ ਸਮੇ ਦੌਰਾਨ ਅਣਜਾਣੇ ਹੀ, ਲਿਖਾਈ ਕਰਨ ਸਮੇ ਲਿਖਾਰੀਆਂ ਕਈ ਉਕਾਈਆਂ ਵੀ ਹੋ ਜਾਦੀਆਂ ਸਨਜਿਵੇ ਕਿ ਰਾਗੁ ਆਸਾ ਵਿਚ ਮਹਲਾ ੧ ਦਾ ਪਾਵਨ ਸ਼ਬਦ, ਜੋ ਰੋਜ਼ਾਨਾ ਹੀ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਪੜ੍ਹਿਆ ਜਾਂਦਾ ਹੈ;
ਰਾਗੁ ਆਸਾ ਮਹਲਾ ੧ ॥ ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰੁ ਗੁਰੁ ਏਕੋ ਵੇਸ ਅਨੇਕ ॥੧॥ ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਇ  ੧॥ ਰਹਾਉ ॥ ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ  {ਪੰਨਾ 12}
ਆਸਾ ਮਹਲਾ ੧ ॥ ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰ ਗੁਰੁ ਏਕੋ ਵੇਸ ਅਨੇਕ ॥੧॥
 ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਇ ੧॥ ਰਹਾਉ ॥ ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੩੦॥ {ਪੰਨਾ 357} (www.sgpc.net)
ਗੁਰੂ ਨਾਨਕ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 12 ਅਤੇ 357 ਤੇ ਦਰਜ ਹੈ। ਇਸ ਵਿੱਚ ਪਾਠ ਭੇਦ ਵੇਖੇ ਜਾ ਸਕਦੇ ਹਨ। ਪਾਠ ਭੇਦਾਂ ਦੀ ਸੂਚੀ ਵਿੱਚ ਵਿਦਵਾਨਾਂ ਵੱਲੋਂ ਦਿੱਤੇ ਗਏ ਸ਼ੁੱਧ ਪਾਠ ਅਨੁਸਾਰ ਇਸ  ਸ਼ਬਦ ਦਾ ਸ਼ੁੱਧ ਪਾਠ ਇਓ ਹੋ ਸਕਦਾ ਹੈ।
ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰ ਗੁਰ ਏਕੋ ਵੇਸ ਅਨੇਕ ॥੧॥ ਬਾਬਾ  ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਹਿ ੧॥ ਰਹਾਉ ॥ ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥ (ਪਾਠ ਭੇਦਾਂ ਦੀ ਸੂਚੀ 14, 107)
ਚਾਹੀਦਾ ਤਾਂ ਇਹ ਸੀ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ, 1952 ਵਿਚ ਬੀੜਾਂ ਛਾਪਣ ਦਾ ਕਾਰਜ ਅਰੰਭ ਕੀਤਾ ਸੀ ਉਸ ਵੇਲੇ ਹੀ ਇਸ ਪਾਸੇ ਧਿਆਨ ਦਿੱਤਾ ਜਾਂਦਾ। ਕਿਉਂਕਿ ਇਸ ਤੋਂ ਦੋ ਦਹਾਕੇ ਪਹਿਲਾ ਹੀ ਭਾਈ ਜੋਧ ਸਿੰਘ ਜੀ  ਵੱਲੋਂ ਆਪਣੀ ਲਿਖਤਾਂ ਰਾਹੀ ਇਸ ਪਾਸੇ ਧਿਆਨ ਦਿਵਾਇਆ ਜਾਂ ਚੁਕਾ ਸੀ, “ਵਾਹ ਲਗਦੀ ਗੁਰਬਾਣੀ ਨੂੰ ਸ਼ੁੱਧ ਛਾਪਣ ਦਾ ਯਤਨ ਕੀਤਾ ਗਿਆ ਹੈ ਅਤੇ ਇਸ ਵਿੱਚ ਬਹੁਤ ਸਾਰੀ ਸਹਾਇਤਾ ਮੈਨੂੰ ਆਪਣੇ ਨੌਜਵਾਨ ਮਿੱਤਰ ਭਾਈ ਸਾਹਿਬ ਸਿੰਘ ਜੀ, ਲੈਕਚਰਾਰ  ਪੰਜਾਬੀ ਤੇ ਧਰਮ ਵਿੱਦਿਆ ਖਾਲਸਾ ਕਾਲਜ, ਸ਼੍ਰੀ ਅੰਮ੍ਰਿਤਸਰ ਜੀ ਪਾਸੋਂ ਪ੍ਰਾਪਤ ਹੋਈ ਹੈ ਪਰ ਇਸ ਸੋਧ ਵਿੱਚ ਇਕ ਖ਼ਤਰਾ ਜੋ ਮੈਨੂੰ ਪ੍ਰਤੀਤ ਹੋਇਆ ਹੈ ਉਸ ਵੱਲ ਪੰਥ ਦੇ ਮੁਖੀ ਜੱਥਿਆਂ ਦਾ ਖਿਆਲ ਦਿਵਾਏ ਬਿਨਾਂ ਨਹੀਂ ਰਹਿ ਸਕਦਾ।  ਸਸਤਾ ਵੇਚਣ ਦੀ ਦੌੜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਲਗ, ਕੰਨੇ ਆਦਿ ਦੀਆਂ ਬਹੁਤ ਅਸ਼ੁੱਧੀਆਂ ਆ ਗਈਆਂ ਹਨ। ਜੇ ਕਿਸੇ ਜ਼ੁਮੇਵਾਰ ਜੱਥੇ ਨੇ ਇਹ ਬੀੜਾਂ ਪ੍ਰਕਾਸ਼ਿਤ ਕਰਨ ਦਾ ਕੰਮ ਆਪਣੇ ਜ਼ੁੰਮੇ ਨਾ ਲਿਆ ਤਾਂ ਥੋੜੇ ਚਿਰ ਮਗਰੋਂ ਸ਼ੁੱਧ ਪਾਠ ਕਰਨਾ ਅਤਿ ਕਠਿਨ ਹੋ ਜਾਵੇਗਾ(ਗੁਰਮਤਿ ਨਿਰਣਯ ਪੰਨਾ 7, ਨਵੰਬਰ 1932)
ਹੁਣ ਜਦੋਂ ਸਿੱਖ ਧਰਮ ਵਿਸ਼ਵ ਵਿਚ ਆਪਣੀ ਮਹੱਤਵਪੂਰਨ ਸਥਾਨ ਬਣਾ ਚੁੱਕਾ ਹੈ ਤਾ ਉਤਾਰੇ ਕਰਨ ਵਾਲਿਆਂ ਵੱਲੋਂ ਜਾਣੇ-ਅਣਜਾਣੇ ਕੀਤੀਆਂ ਗਈਆਂ ਉਕਾਈਆਂ ਵਿਸ਼ਵ ਦੇ ਵਿਦਵਾਨਾਂ ਨੂੰ ਦੁਬਿਧਾ ਵਿਚ ਪਾਉਣ ਦਾ ਕਾਰਨ ਬਣ ਰਹੀਆਂ ਹਨ। ਇੰਟਰਨੈਟ ਦੁਆਰਾ ਅਧਿਆਤਮਿਕ ਗਿਆਨ ਦਾ ਸੋਮਾ ਹਰ ਥਾਂ, ਧਾਰਮਿਕ ਰੁਚੀ ਵਾਲੇ ਵਿਦਵਾਨਾਂ ਅਤੇ ਸ਼ਰਧਾਲੂਆਂ ਨੂੰ ਉਪਲੱਬਧ ਹੈ। ਇਸ ਲਈ ਗ੍ਰੰਥ ਸਾਹਿਬ ਜੀ ਵਿਚ ਕਾਤਬਾਂ ਵੱਲੋਂ ਹੋਈਆਂ ਭੁੱਲਾਂ ਅਤੇ ਅਸ਼ੁੱਧੀਆਂ ਦਾ ਹੋਣਾ ਚਿੰਤਾਜਨਕ ਹੈ
ਪਾਠ ਭੇਦਾਂ ਦੀ ਸੂਚੀ, 890 ਪੰਨੇ ਦੀ ਪੁਸਤਕ ਤਿਆਰ ਕਰਨ ਲਈ ਵਿਦਵਾਨਾਂ ਨੇ ਅਤੇ ਖੋਜ ਕਰਵਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਸੀ। ਇਸ ਦੇ ਮੁਖ ਬੰਦ ਵਿੱਚ ਜਥੇਦਾਰ ਕਿਰਪਾਲ ਸਿੰਘ ਜੀ ਲਿਖਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਬਾਕੀ ਧਰਮ ਗ੍ਰੰਥਾਂ ਤੋਂ ਵਿਲੱਖਣ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂਹਨ ਅਤੇ ਹਜ਼ੂਰ ਦੀ ਗੁਰਤਾ ਜੁਗੋਂ-ਜੁਗ ਅਟੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਉਕਾਈਆਂ ਜੋ ਲਿਖਾਰੀਆਂ ਜਾਂ ਛਾਪੇ ਵਾਲਿਆਂ ਦੀ ਅਣਗਹਿਲੀ ਕਾਰਨ ਆ ਗਈਆਂ ਹਨ ਦੀ ਪਰਖ- ਪੜਤਾਲ ਕੀਤੀ ਜਾਣੀ ਅਤਿ ਜਰੂਰੀ ਭਾਸਦੀ ਹੈ। ਗੁਰੂ ਕਰਤਾਰ ਤਾਂ ਅਭੁੱਲ ਹੈ, ਪਰ ਲਿਖਾਰੀਆਂ ਕੋਲੋਂ ਏਡੇ ਵੱਡੇ ਅਕਾਰ ਦੇ ਗ੍ਰੰਥ ਦਾ ਉਤਾਰਾ ਕਰਨ ਵਿੱਚ ਉਕਾਇਆਂ ਜਰੂਰ ਰਹੀਆਂ ਹਨ ਤੇ ਸੋਧ-ਸੁਧਾਈ ਅਜਿਹੀਆਂ ਉਕਾਈਆਂ ਦੀ ਹੀ ਲੋੜਦੀ ਹੈ(ਪਾਠ ਭੇਦਾਂ ਦੀ ਸੂਚੀ, ਪੰਨਾ ਸ, ਜਨਵਰੀ 1977)  
ਦਮਦਮੀ ਟਕਸਾਲ ਦੇ ਮੁਖੀ ਵੀ ਪਾਠ ਭੇਦਾਂ ਬਾਰੇ ਆਪਣੀ ਫਿਕਰਮੰਦੀ ਲਿਖਤੀ ਰੂਪ ਵਿੱਚ ਕਈ ਦਹਾਕੇ ਪਹਿਲਾ ਹੀ ਜਾਹਿਰ ਕਰ ਚੁਕੇ ਹਨ, ਇਤਿਆਦਿਕ ਕ੍ਰੀਬਨ ਪੰਦ੍ਰਾਂ ਸੌ ਪਾਠ ਹਨ ਜੋ ਸ੍ਰੀ ਦਮਦਮੀ ਬੀੜ ਦੇ ਪਾਠਾਂ ਨਾਲ ਨਹੀਂ ਮਿਲਦੇ(ਗੁਰਬਾਣੀ ਪਾਠ ਦਰਸ਼ਨ- ਪੰਨਾ ਝ, ਜੁਲਾਈ 1960)
ਅਖੰਡ ਕੀਰਤਨੀ ਜਥੇ ਨਾਲ ਸਬੰਧਿਤ ਖੋਜੀ ਵਿਦਵਾਨ ਭਾਈ  ਜੋਗਿੰਦਰ ਸਿੰਘ ਜੀ ਤਲਵਾੜਾ ਜਿਨ੍ਹਾਂ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਦੇ ਸਹਿਯੋਗ ਨਾਲ ਇਸ ਵਿਸ਼ੇ ਤੇ ਬਹੁਤ ਹੀ ਮਹੱਤਵਪੂਰਨ ਕੰਮ ਕੀਤਾ ਹੈ, ਲਿਖਦੇ ਹਨ, “ਬੀੜਾਂ ਦੀ ਛਪਾਈ ਦਾ ਪ੍ਰਬੰਧ ਬੜਾ ਨਾਕਸ ਹੈ। ਵਪਾਰੀ-ਪ੍ਰਕਾਸ਼ਕਾਂ ਦੀ ਬੇਸਮਝੀ ਅਤੇ ਅਣਗਹਿਲੀ ਕਾਰਨ ਵੱਖ-ਵੱਖ ਵਪਾਰੀ-ਪ੍ਰਕਾਸ਼ਕਾਂ ਵੱਲੋਂ ਛਾਪੀਆਂ ਜਾਂ ਰਹਿਆ ਬੀੜਾਂ ਵਿੱਚ ਅੱਖਰਾਂ, ਲਗਾਂ, ਮਾਤ੍ਰਾਂ, ਆਦਿ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਭੇਦ ਹਨ। ਇਹ ਤੱਥ  ਵੱਖ-ਵੱਖ ਵਪਾਰੀ-ਪ੍ਰਕਾਸ਼ਕਾਂ ਵੱਲੋਂ ਛਾਪੀਆਂ ਜਾਂ ਰਹਿਆ ਬੀੜਾਂ ਦੇ ਪਰਸਪਰ ਮੇਲਾਨ ਕਰਨ ਨਾਲ ਸਾਮ੍ਹਣੇ ਆਏ ਹਨ। ਜਿਸ ਦਾ ਪੁਰਾ ਵੇਰਵਾ ਲੇਖਕ ਪਾਸ ਮੋਜੂਦ ਹੈ। ਇਸ ਅਣਗਹਿਲੀ ਦਾ ਦੋਸ਼ ਵਪਾਰੀ-ਪ੍ਰਕਾਸ਼ਕਾਂ `ਤੇ ਤਾਂ ਆਉਂਦਾ ਹੀ ਹੈ, ਪਰ ਇਹ ਦੋਸ਼ ਸਮੁੱਚੀ ਕੌਮ ਉਤੇ ਅਤੇ ਖਾਸ ਕਰਕੇ ਸਾਡੀਆਂ ਪ੍ਰਮੁੱਖ ਸੰਸਥਾਵਾਂ ਉਤੇ ਵੀ ਆਉਂਦਾ ਹੈ। (ਸ਼੍ਰੀ ਗੁਰੂ ਗ੍ਰੰਥ ਸਾਹਿਬ ਬੋਧ ਭਾਗ ੨ ਪੰਨਾ  74,  1996)
ਜਥੇਦਾਰ ਅਵਤਾਰ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਹੋਰ ਬੀੜਾਂ ਛਾਪਣ ਤੋਂ ਪਹਿਲਾ, ਵਿਦਵਾਨਾਂ ਵੱਲੋਂ ਪਾਠ-ਭੇਦਾਂ ਸਬੰਧੀ ਦਿੱਤੀਆਂ ਗਈਆਂ ਚੇਤਾਵਨੀਆਂ ਨੂੰ ਮੁਖ ਰੱਖਦੇ ਹੋਏ, ਗੁਰਬਾਣੀ ਅਤੇ ਵਿਆਕਰਣ ਦੇ ਮਾਹਿਰ ਵਿਦਵਾਨਾਂ ਦੀ ਕਮੇਟੀ ਬਣਾ ਕੇ ਪਾਠ ਭੇਦਾਂ ਦੀ ਸੁਧਾਈ ਕਰਨ ਦਾ ਉਪਰਾਲਾ ਕੀਤਾ ਜਾਵੇ। ਤਾਂ ਜੋ ਉਤਾਰੇ ਕਰਨ ਵਾਲਿਆਂ ਵੱਲੋਂ ਜਾਣੇ-ਅਣਜਾਣੇ `ਚ ਹੋਈਆਂ ਉਕਾਈਆਂ ਦੀ ਸੁਧਾਈ ਕਰਕੇ ਅੰਮ੍ਰਿਤ ਮਈ ਬਾਣੀਦੀ ਸ਼ੁਧਤਾ ਨੂੰ ਸਦੀਵ ਕਾਲ ਤਾਈ ਕਾਇਮ ਰੱਖਿਆ ਜਾ ਸਕੇ। ਅੱਜ ਕੰਪਿਊਟਰ ਦਾ ਜ਼ਮਾਨਾ ਹੋਣ ਕਰਕੇ ਅੱਗੋਂ ਤੋਂ ਛਪਾਈ ਵੇਲੇ ਕਿਸੇ ਕਿਸਮ ਦੀ ਉਕਾਈ ਹੋਣ ਦੀ ਸੰਭਾਵਨਾ ਨਾਂ ਦੇ ਬਰਾਬਰ ਹੈ। ਇਕ ਮਿਆਰੀ ਬੀੜ ਤਿਆਰ ਕਰਕੇ ਅੱਗੋਂ ਤੋਂ ਉਸੇ ਮੁਤਾਬਕ ਹੀ ਛਪਾਈ ਕਰਨ ਨੂੰ ਯਕੀਨੀ ਬਣਾਇਆ ਜਾਵੇ ਜੀਅਸੀਂ ਇਨ੍ਹਾਂ ਅਟੱਲ ਸੱਚਾਈਆਂ ਬਾਰੇ ਕਾਫੀ ਦੇਰ ਤੋਂ ਵਿਦਵਾਨਾਂ ਅਤੇ ਸੰਗਤਾਂ ਨੂੰ ਸੁਚੇਤ ਕਰਦੇ ਆ ਰਹੇ ਹਾਂ ਤਾਂ ਕੇ ਸਾਡੇ ਗੁਰੂ ਸਾਹਿਬਾਨ ਜੀ ਦੀ ਦੂਰ ਅੰਦੇਸ਼ੀ ਸੋਚ ਤੇ ਕੋਈ ਉਂਗਲ ਉਠਾਉਣ ਤੋਂ ਪਹਿਲਾਂ ਸੌ ਵਾਰੀ ਸੋਚੇ। ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀਆਂ ਆਪਣੀਆਂ ਕੀਤੀਆਂ ਬੇਹੁਦਰੀਆਂ ਅਤੇ ਬੇਪਰਵਾਈਆਂ ਅਭੁੱਲ ਗੁਰੂ ਸਾਹਿਬਾਨ ਜੀ ਦੇ ਨਾਮ ਨਾਲ ਜੋੜੀਆਂ ਜਾਣ। ਆਸ ਕਰਦੇ ਹਾਂ ਕਿ ਆਪ ਜੀ ਆਪਣੇ ਰੁਝੇਵਿਆਂ `ਚ ਕੁਝ ਸਮਾ ਇਸ ਬਹੁਤ ਹੀ ਜਰੂਰੀ ਕਾਰਜ ਨੂੰ ਵੀ ਦਿਓਗੇ।
ਸਤਿਕਾਰ ਸਹਿਤ
ਸਰਵਜੀਤ ਸਿੰਘ