Wednesday, March 25, 2015

‘ਗੁਰਬਾਣੀ ਦੀ ਪਰਖ ਕਸਵੱਟੀ ਅਤੇ ਨਾਨਕਸ਼ਾਹੀ ਕੈਲੰਡਰ’

‘ਗੁਰਬਾਣੀ ਦੀ ਪਰਖ ਕਸਵੱਟੀ ਅਤੇ ਨਾਨਕਸ਼ਾਹੀ ਕੈਲੰਡਰ’

ਸਰਵਜੀਤ ਸਿੰਘ

'ਕੌਮਾਂਤਰੀ ਅੰਮ੍ਰਿਤਸਰ ਟਾਈਮਜ਼' ਵੱਲੋਂ ਕੈਲੰਡਰ ਵਿਵਾਦ ਸਬੰਧੀ ਆਰੰਭ ਕੀਤੀ ਗਈ ਵਿਚਾਰ ਚਰਚਾ ਦੀ ਲੜੀ ਵਿਚ ਬੀਬੀ ਅਮਰਜੀਤ ਕੌਰ ਜੀ ਦਾ ਲੇਖ, ‘ਖਗੋਲ ਵਿਗਿਆਨੀਆਂ ਦੀਆਂ ਲੱਭਤਾਂ ਉੱਤੇ ਪੂਰਾ ਨਹੀਂ ਉਤਰਦਾ ਨਾਨਕਸ਼ਾਹੀ ਕੈਲੰਡਰ’, ਪਿਛਲੇ ਹਫ਼ਤੇ ਪੜ੍ਹਨ ਨੂੰ ਮਿਲਿਆ ਇਹ ਲੇਖ, ਮੇਰੇ ਉਸ ਲੇਖ (ਮਾਰਚ 4) ਦੇ ਜਵਾਬ ਵਿੱਚ ਸੀ। ਜਿਸ ਰਾਹੀ ਮੈਂ ਬੀਬੀ ਵੱਲੋਂ ਕੀਤੇ ਗਏ 9 ਸਵਾਲਾਂ ਦੇ ਜਵਾਬ ਦੇ ਕੇ ਕੁਝ ਸਵਾਲ ਕੀਤੇ ਸਨ। ਚਾਹੀਦਾ ਤਾਂ ਇਹ ਸੀ ਕਿ ਪਹਿਲਾ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਅਤੇ ਫੇਰ ਆਪਣੇ ਸਵਾਲ ਕੀਤੇ ਜਾਂਦੇ ਪਰ ਬੀਬੀ ਨੇ ਆਪਣੀ ਆਦਤ ਮੁਤਾਬਕ ਸਵਾਲਾਂ ਦਾ ਜਵਾਬ ਦੇਣ ਦੀ ਬਿਜਾਏ, ਆਪਣੀਆਂ ਪੁਰਾਣੀਆਂ ਲਿਖਤਾਂ ਵਿੱਚੋਂ ਹੀ ਕਾਪੀ ਕਰਕੇ ਨਵਾ ਲੇਖ ਬਣਾ ਦਿੱਤਾ ਹੈ। ਖੈਰ...ਆਉ ਬੀਬੀ ਦੇ  ਇਸ ਲੇਖ ਤੇ ਵਿਚਾਰ ਕਰੀਏ

ਬੀਬੀ ਅਮਰਜੀਤ ਕੌਰ ਨੇ ਜਿਥੇ ‘ਅੰਮ੍ਰਿਤਸਰ ਟਾਈਮਜ਼' ਵੱਲੋਂ ਵਿਚਾਰ ਚਰਚਾ ਅਰੰਭ ਕਰਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਉਥੇ ਹੀ ਇਕ ਉਲਾਂਭਾ ਵੀ ਦਿੱਤਾ ਹੈ, “ਚੰਗਾ ਹੁੰਦਾ ਜੇਕਰ ਇਹ ਚਰਚਾ ਸੰਨ 2003 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਤੋਂ ਪਹਿਲਾਂ ਹੋ ਜਾਂਦੀ ਤਾਂ ਸ਼ਾਇਦ ਕੌਮ ਨੂੰ ਇਹ ਦਿਨ ਨਾ ਵੇਖਣੇ ਪੈਂਦੇ” ਇਸ ਸਬੰਧੀ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਕੋਈ ਰਾਤੋਂ-ਰਾਤ ਬਣਾ ਕੇ ਲਾਗੂ ਨਹੀਂ ਸੀ ਕਰ ਦਿੱਤਾ ਗਿਆ। 1992 ਤੋਂ 2003 ਤਾਈ ਵਿਦਵਾਨਾਂ ਦੀ ਮੀਟਿੰਗਾਂ ਵਿਚ ਇਸ ਦੀ ਪਰਖ-ਪੜਚੋਲ ਹੁੰਦੀ ਰਹੀ ਹੈ। ਨਾਨਕਸ਼ਾਹੀ ਕੈਲੰਡਰ 1999 ਦੀ ਭੂਮਿਕਾ ਵਿੱਚ ਛਪਿਆ ਗੁਰਚਰਨ ਸਿੰਘ ਟੋਹੜਾ ਦਾ ਸੰਦੇਸ਼ ਪੜ੍ਹੋ ਪਿਛਲੇ ਜਵਾਬਾਂ ਵਿਚ ਪੜ੍ਹੋ ਅਵਤਾਰ ਸਿੰਘ ਮੱਕੜ ਦਾ ਸੰਦੇਸ਼। (ਟਿੱਪਣੀ #6)  ਜਾਣਕਾਰੀ ਵਿੱਚ ਵਾਧਾ ਹੋਵੇਗਾ।
ਬੀਬੀ ਅਮਰਜੀਤ ਕੌਰ ਪੁੰਨਿਆ, ਮੱਸਿਆ ਅਤੇ ਸੰਗ੍ਰਾਂਦਾਂ ਬਾਰੇ ਲਿਖਦੇ  ਹਨ, “ਚਾਹੀਦਾ ਤਾਂ ਇਹ ਸੀ ਕਿ ਅਸੀਂ ਇਹਨਾਂ ਦਿਨਾਂ ਦੀ ਮਹੱਤਤਾ ਨੂੰ ਜਾਨਣ ਵਾਸਤੇ ਹੋਰ ਅਧਿਐਨ ਕਰਦੇ, ਪਰ ਅਸੀਂ ਇਹਨਾਂ ਨੂੰ ਬ੍ਰਾਹਮਣਵਾਦ ਦਾ ਨਾਮ ਦੇ ਕੇ ਇਸ ਵਿੱਦਿਆ ਤੋਂ ਦੂਰ ਹੋ ਗਏ...ਸੋ ਸੀਡਰੀਅਲ ਸਾਲ ਦੀਆਂ ਸੰਗ੍ਰਾਂਦਾਂ ਦਾ ਬਹੁਤ ਮਹੱਤਵ ਹੈ। ਇਹ ਗਣਿਤ ਵਿੱਦਿਆ ਅਨੁਸਾਰ ਆਉਂਦੀਆਂ ਹਨ, ਇਹਨਾਂ ਨੂੰ ਮਰਜ਼ੀ ਨਾਲ ਮਿਥਣਾ, ਖਗੋਲ ਵਿੱਦਿਆ ਦਾ ਮਜ਼ਾਕ ਉਡਾਉਣਾ ਹੈ” ਇਸ ਸਬੰਧੀ ਬੇਨਤੀ ਹੈ ਕਿ ਜਿਹੜੇ ਸਵਾਲ ਦਾ ਜਵਾਬ ਦਿੱਤਾ ਜਾ ਚੁਕਾ ਹੋਵੇ, ਉਸੇ ਸਵਾਲ ਨੂੰ ਸ਼ਬਦਾਂ `ਚ ਹੇਰ-ਫੇਰ ਕਰਕੇ ਦੁਹਰਾਉਣਾ, ਕਿਸੇ ਤਰ੍ਹਾਂ ਵੀ ਬੀਬੀ ਦੀ ਸੁਹਿਰਦਤਾ ਨਹੀ ਮੰਨੀ ਜਾ ਸਕਦੀ। ਇਸ ਸਵਾਲ ਦਾ ਜਵਾਬ ਪਿਛਲੇ ਲੇਖ ਵਿੱਚ ਬਹੁਤ ਵਿਸਥਾਰ ਨਾਲ ਦਿੱਤਾ ਜਾ ਚੁੱਕਾ ਹੈ। (ਟਿੱਪਣੀ #3 ਪੜ੍ਹੋ) ਹਾਂ! ਇਕ ਗੱਲ ਤਾਂ ਸਪੱਸ਼ਟ ਹੈ ਕੇ ਬੀਬੀ ਨੇ ਜਾਂ ਤਾਂ ਮੇਰਾ ਜਵਾਬ ਪੜ੍ਹਿਆ ਨਹੀ, ਜੇ ਉਸ ਨੇ ਪੜ੍ਹਿਆ ਹੈ ਤਾ ਉਸ ਨੂੰ ਸਮਝ ਨਹੀ ਆਇਆ।
ਬੀਬੀ ਅਮਰਜੀਤ ਕੌਰ ਵਿੱਕੀ ਪੀਡੀਆ ਦੇ ਹਵਾਲੇ ਨਾਲ ਲਿਖਦੀ ਹੈ, “ When Julius Caesar established his calendar in 45 BC he set 25 March as the spring equinox.[citation needed] Because a Julian year (365.25 days) is slightly longer than the tropical year the calendar drifted with respect to the equinox, such that the equinox was occurring on about 21 March in AD 300 and by AD 1500 it had reached 11 March  ਇਥੇ, ਦਿਨ ਅਤੇ ਰਾਤ ਬਰਾਬਰ ਹੋਣ ਦੀ ਘਟਨਾ 25 ਮਾਰਚ ਤੋਂ ਖਿਸਕ ਕੇ 11 ਮਾਰਚ ਹੋਣ ਜਾਣ ਨੂੰ, ਬੀਬੀ ਰੁੱਤੀ ਸਾਲ (Tropical year) ਦਾ ਦੋਸ਼ ਮੰਨਦੀ ਹੈ, ਜਦੋਂ ਕਿ ਸਚਾਈ ਕੁਝ ਹੋਰ ਹੈ।
(ਉਪ੍ਰੋਕਤ ਲਿਖਤ ਮੁਤਾਬਕ 45 ਬੀ ਸੀ ਵਿੱਚ ਦਿਨ ਅਤੇ ਰਾਤ 25 ਮਾਰਚ ਨੂੰ ਬਰਾਬਰ ਸਨ। When Julius Caesar established his calendar in 45 BC he set 25 March as the spring equinoxਜੇ ਮੈਂ ਗਲਤ ਨਾ ਹੋਵਾਂ ਤਾਂ ਉਸ ਦਿਨ 25 ਮਾਰਚ ਨਹੀਂ ਸਗੋਂ 23 ਮਾਰਚ ਸੀ।  ਮੈਂ ਦੋ ਥਾਂ ਤੋਂ ਪੜਤਾਲ ਕੀਤੀ ਹੈ 1 ਏ:ਡੀ: ਵਿਚ ਇਹ 23 ਮਾਰਚ ਸੀ। ਸਿਰਫ 45 ਸਾਲ ਪਹਿਲਾ ਇਹ 25 ਮਾਰਚ ਹੋਣੀ ਸੰਭਵ ਨਹੀ ਹੈ। ਉਸ ਦਿਨ 23 ਮਾਰਚ ਜੂਲੀਅਨ ਮੁਤਾਬਕ 21 ਮਾਰਚ ਗਰੈਗੋਰੀਅਨ ਦਿਨ ਸੋਮਵਾਰ ਸੀ)
ਜੂਲੀਅਨ ਕੈਲੰਡਰ ਵੀ ਰੁੱਤੀ ਸਾਲ (Tropical year) ਹੀ ਸੀਉਸ ਸਮੇਂ ਦੇ ਸਾਧਨਾ ਅਤੇ ਜਾਣਕਾਰੀ ਮੁਤਾਬਕ ਸਾਲ ਦੀ ਲੰਬਾਈ 365.25 ਦਿਨ ਮੰਨੀ ਗਈ ਸੀ। ਜਦੋਂ ਰੋਮ ਵਾਸੀਆਂ ਨੂੰ ਇਹ ਜਾਣਕਾਰੀ ਹੋਈ ਕਿ ਸਾਡੇ ਦਿਨ-ਤਿਉਹਾਰਾਂ ਦਾ ਸਬੰਧ ਮੌਸਮਾਂ ਨਾਲੋਂ ਟੁੱਟ ਗਿਆ ਹੈ। ਤਾਂ ਇਸ ਦੇ ਕਾਰਨਾਂ ਦੀ ਪੜਤਾਲ ਕੀਤੀ ਗਈ ਇਹ ਗੱਲ ਸਾਹਮਣੇ ਆਈ ਕਿ ਸਾਲ ਦੀ ਲੰਬਾਈ ਅਸਲ ਵਿੱਚ 365.2422 ਦਿਨ ਹੈ। ਸਾਲ ਦੀ ਲੰਬਾਈ ਦਾ ਇਸ ਅੰਤਰ (.25-.2422=.0078 ਦਿਨ) ਕਾਰਨ ਲੱਗ ਭੱਗ 128 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਰਿਹਾ ਸੀ। ਜੂਲੀਅਨ ਕੈਲੰਡਰ ਵਿੱਚ ਹਰ ਉਹ ਸਾਲ ਜੋ 4 ਨਾਲ ਤਕਸੀਮ ਹੋ ਜਾਵੇ ਉਹ ਲੀਪ ਦਾ ਸਾਲ ਹੁੰਦਾ ਸੀ। ਇਸ ਲਈ 400 ਸਾਲ ਵਿਚ 100 ਸਾਲ ਲੀਪ ਦੇ ਹੁੰਦੇ ਸਨ। ਅਤੇ ਸਾਲ ਦੀ ਲੰਬਾਈ (365*400+100/400) 365.25 ਦਿਨ ਸੀ। ਨਵੇਂ ਸਿਧਾਂਤ ਮੁਤਾਬਕ ਸਧਾਰਨ ਸਾਲ 4 ਨਾਲ ਪਰ ਸਦੀ ਸਾਲ 400 ਨਾਲ ਤਕਸੀਮ ਕੀਤਾ ਜਾਂਦਾ ਹੈ ਕਿਉਂਕਿ ਤਿੰਨ ਸਾਲ (100, 200, 300) 400 ਨਾਲ ਤਕਸੀਮ ਨਹੀ ਹੁੰਦੇ ਇਸ ਕਾਰਨ ਹੁਣ 400 ਸਾਲ ਵਿੱਚ ਲੀਪ ਦੇ ਸਾਲ 100 ਤੋਂ ਘੱਟ ਕੇ 97 ਰਹਿ ਗਏ ਹਨ ਅਤੇ ਸਾਲ ਦੀ ਲੰਬਾਈ (365*400+97/400) 365.2425 ਦਿਨ ਰਹਿ ਗਈ। ਉਹ ਵੱਧੇ ਹੋਏ ਦਿਨ, 1582 ਵਿੱਚ ਖਤਮ ਕਰਕੇ 4 ਅਕਤੂਬਰ ਤੋਂ ਪਿਛੋਂ 15 ਅਕਤੂਬਰ ਕਰ ਦਿੱਤਾ ਗਿਆ ਸੀ। ਇੰਗਲੈਂਡ ਨੇ ਇਸ ਸੋਧ ਨੂੰ ਸਤੰਬਰ 1752 ਵਿੱਚ ਲਾਗੂ ਕੀਤਾ ਸੀ। ਇਸ ਸਮੇ ਦੌਰਾਨ ਇਕ ਦਿਨ ਦਾ ਹੋਰ ਫਰਕ ਪੈ ਗਿਆ ਸੀ। ਸਪੱਸ਼ਟ ਹੈ ਕਿ ਇਹ ਰੁੱਤੀ ਸਾਲ ਦੀ ਲੰਬਾਈ ਵਿਚ ਹੋਈ ਹਿਸਾਬ-ਕਿਤਾਬ ਦੀ ਉਕਾਈ ਸੀ ਨਾ ਕਿ ਰੁੱਤੀ ਸਾਲ ਦਾ ਦੋਸ਼। ਜਿਵੇ ਬੀਬੀ ਨੇ ਸਾਬਿਤ ਕਰਨ ਦਾ ਅਸਫਲ ਯਤਨ ਕੀਤਾ ਹੈ



ਸਭ ਤੋਂ ਅਹਿਮ ਨੁਕਤਾ, ਜੋ ਬੀਬੀ ਅਮਰਜੀਤ ਕੌਰ ਵਾਰ-ਵਾਰ ਪੇਸ਼ ਕਰਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਹੀ ਹੈ ਉਹ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਵੱਲੋਂ ਇਹ ਝੂਠਾ ਡਰ ਪੈਦਾ ਕੀਤਾ ਜਾ ਰਿਹਾ ਹੈ ਕਿ ਬਿਕ੍ਰਮੀ ਕੈਲੰਡਰ ਮੁਤਾਬਕ ਬਾਣੀ ਵਿੱਚ ਦਰਜ ਰੁੱਤਾ ਦਾ ਸਬੰਧ ਮਹੀਨਿਆਂ ਨਾਲੋਂ ਟੁੱਟ ਰਿਹਾ ਹੈ। ਬੀਬੀ ਦਾ ਮੰਨਣਾ ਹੈ ਕਿ ਬਿਕਰਮੀ ਕੈਲੰਡਰ (sidereal year) ਅਨੁਸਾਰ ਮੌਸਮ ਗੁਰੂ ਸਾਹਿਬ ਦੇ ਦੁਆਰਾ ਰਚਿਤ ਬਾਰਾਮਾਂਹ ਅਨੁਸਾਰ ਹੀ ਰਹਿਣਗੇ ਨਾਨਕਸ਼ਾਹੀ ਕੈਲੰਡਰ ਰੁੱਤੀ ਸਾਲ (Tropical year)  ਅਧਾਰਿਤ ਹੋਣ ਕਾਰਨ ਇਸ ਵਿੱਚ ਰੁੱਤਾ ਸਥਿਰ ਨਹੀ ਰਹਿਣ ਗੀਆਂ। ਇਸ ਸ਼ੰਕੇ ਦਾ ਜਵਾਬ ਵੀ ਪਿਛਲੇ ਲੇਖ ਵਿੱਚ ਬਹੁਤ ਵਿਸਥਾਰ ਨਾ ਦਿੱਤਾ ਜਾਂ ਚੁਕਾ ਹੈ(ਪੜ੍ਹੋ ਟਿੱਪਣੀ # 1) ਪਰ ਬੀਬੀ ਉਸ ਨਾਲ ਸਹਿਮਤੀ ਪ੍ਰਗਟ ਕਰਨ ਜਾਂ ਦਲੀਲ ਨਾਲ ਅਸਹਿਮਤੀ ਪ੍ਰਗਟ ਕਰਨ  ਦੀ ਥਾਂ ਨਵੇ ਸਿਰੇ ਤੋਂ ਉਹੀ ਸ਼ੰਕਾ ਕਰਕੇ, ਆਪਣੇ ਹੱਕ ਵਿੱਚ ਕਿਸੇ ਵਿਦਵਾਨ ਦੀ ਲਿਖਤ ਪੇਸ਼ ਕਰਦੀ ਹੋਈ ਲਿਖਦੀ ਹੈ, “ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਅਤੇ ਹਮਾਇਤੀ ਬਿਕਰਮੀ ਕੈਲੰਡਰ ਦੀ ਵਿਰੋਧਤਾ ਇਸ ਕਰਕੇ ਕਰ ਰਹੇ ਹਨ ਕਿ ਇੱਕ ਸਮਾਂ ਆਏਗਾ ਜਦੋਂ ਬਿਕਰਮੀ ਕੈਲੰਡਰ ਅਨੁਸਾਰ ਮੌਸਮ ਉਹ ਨਹੀਂ ਹੋਏਗਾ ਜੋ ਗੁਰਬਾਣੀ ਅਨੁਸਾਰ ਬਾਰਾਮਾਂਹ ਵਿੱਚ ਲਿਖਿਆ ਹੋਇਆ ਹੈ। ਇਸ ਲਈ ਸਿੱਖਾਂ ਨੂੰ ਆਪਣਾ ਵੱਖਰਾ ਟਰੌਪੀਕਲ ਕੈਲੰਡਰ ਬਣਾਉਣਾ ਚਾਹੀਦਾ ਹੈ।...ਇਹਨਾਂ ਦੋਨਾਂ ਕੈਲੰਡਰਾਂ ਦਾ ਸਲਾਨਾ ਆਪਸੀ ਅੰਤਰ 20 ਮਿੰਟ ਦਾ ਬਣ ਜਾਂਦਾ ਹੈ। ਇਹ 20 ਮਿੰਟ ਹਜ਼ਾਰਾਂ ਸਾਲਾਂ ਬਾਅਦ ਮਹੀਨਿਆਂ ਵਿੱਚ ਬਦਲ ਜਾਣਗੇ ਜਿਸ ਤਰ੍ਹਾਂ ਹੁਣ ਤੱਕ 13 ਦਿਨ ਦਾ ਫਰਕ ਪੈ ਚੁੱਕਾ ਹੈ। ਸੋ ਬਿਕਰਮੀ ਕੈਲੰਡਰ ਅਨੁਸਾਰ ਮੌਸਮ ਗੁਰੂ ਸਾਹਿਬ ਦੇ ਦੁਆਰਾ ਰਚਿਤ ਬਾਰਾਮਾਂਹ ਅਨੁਸਾਰ ਹੀ ਰਹਿਣਗੇ ਪਰ ਨਾਨਕਸ਼ਾਹੀ ਕੈਲੰਡਰ ਆਪਣੇ ਟਰੌਪੀਕਲ ਅਧਾਰ ਸਮੇਤ ਖਿਸਕ ਜਾਏਗਾ। ਇਹ ਲਿਖਤ ਅੰਗਰੇਜੀ ਵਿੱਚ ਹੈ, ਪਰ ਅਮਰੀਕਾ ਵਿੱਚ ਹਰ ਕੋਈ ਅੰਗਰੇਜੀ ਬੋਲਦਾ ਤੇ ਸਮਝਦਾ ਹੈ, ਆਸ ਹੈ ਹਰ ਇੱਕ ਨੂੰ ਸਮਝ ਲੱਗ ਹੀ ਜਾਏਗੀ, ਜੇਕਰ ਨਾ ਲੱਗੀ ਤਾਂ ਇਸਦਾ ਪੰਜਾਬੀ ਅਨੁਵਾਦ ਵੀ ਕਰ ਦਿੱਤਾ ਜਾਏਗਾ”
ਉਹ ਲਿਖਤ, ਜਿਸ ਬਾਰੇ ਬੀਬੀ ਅਮਰਜੀਤ ਕੌਰ ਲਿਖਦੀ ਹੈ, “ਇਸ ਵਾਰ ਮੈਂ ਪਾਠਕਾਂ ਨੂੰ ਖਗੋਲ ਵਿਗਿਆਨੀਆਂ ਦੀ ਹੂਬਹੂ ਉਸ ਲਿਖਤ ਦੇ ਰੂਬਰੂ ਕਰਵਾ ਰਹੀ ਹਾਂ”, ਤਾਂ ਸਾਰੇ ਪਾਠਕਾਂ ਨੇ 'ਕੌਮਾਂਤਰੀ ਅੰਮ੍ਰਿਤਸਰ ਟਾਈਮਜ਼' ਦੇ ਪਿਛਲੇ ਅੰਕ ਵਿੱਚ ਪੜ੍ਹ ਹੀ ਲਈ ਹੈ। ਉਸ ਵਿੱਚ ਜੋ ਲਿਖਿਆ ਹੈ ਉਹ ਅੱਖਰ-ਅੱਖਰ ਸੱਚ ਹੈ। ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਬੀਬੀ ਨੇ ਉਸ ਨੂੰ ਲਿਖਤ ਧਿਆਨ ਨਾਲ ਨਹੀਂ ਪੜ੍ਹਿਆਜੇ ਬੀਬੀ ਨੇ ਧਿਆਨ ਨਾਲ ਪੜ੍ਹਿਆ ਹੁੰਦਾ ਤਾਂ ਉਹ ਕਦੇ ਵੀ ਉਸ ਲਿਖਤ ਦਾ ਹਵਾਲਾਂ ਦੇਣ ਦੀ ਗਲਤੀ ਨਾ ਕਰਦੀ, ਜਿਹੜੀ ਲਿਖਤ, ਹੁਣ ਤਾਈ ਬੀਬੀ ਦੇ ਕੀਤੇ-ਕਰਾਏ ਤੇ ਪੋਚਾ ਫੇਰ ਰਹੀ ਹੋਵੇ। ਬੀਬੀ ਅਮਰਜੀਤ ਕੌਰ ਦਾ ਬਹੁਤ-ਬਹੁਤ ਧੰਨਵਾਦ, ਆਪਣੇ ਦਾਵੇ, ਇਸ ਸਾਰੀ ਚਰਚਾ ਤੋਂ ਸਿੱਧ ਹੁੰਦਾ ਹੈ ਕਿ ਬਿਕਰਮੀ ਕੈਲੰਡਰ ਜੋ ਸੀਡਰੀਅਲ ਹੈ, ਦੇ ਮਹੀਨੇ ਕਦੇ ਵੀ ਮੌਸਮ ਦਾ ਸਾਥ ਨਹੀਂ ਛੱਡਣਗੇ”, ਦਾ ਆਪ ਹੀ ਖੰਡਨ ਕਰਨ ਅਤੇ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਦੇ ਦਾਵੇ, “ਬਿਕ੍ਰਮੀ ਕੈਲੰਡਰ (sidereal year) ਮੁਤਾਬਕ ਬਾਣੀ ਵਿੱਚ ਦਰਜ ਰੁੱਤਾ ਦਾ ਸਬੰਧ ਮਹੀਨਿਆਂ ਨਾਲੋਂ ਟੁੱਟ ਰਿਹਾ ਹੈ” ਦੀ ਪ੍ਰੋੜਤਾ ਕਰਨ ਲਈ। ਪੜ੍ਹੋ ਉਸੇ ਲਿਖਤ ਦੀਆਂ ਆਖਰੀ ਪੰਗਤੀ, After several thousand years the 20 minute difference between sidereal and tropical years would have made our summers occur several months earlier if we used a calendar based on the sidereal year ਬੀਬੀ ਅਮਰਜੀਤ ਕੌਰ ਇਸ ਪੰਗਤੀ ਦਾ ਭਾਵ ਅਰਥ ਇਨ੍ਹਾਂ ਸ਼ਬਦਾਂ `ਚ ਲਿਖ ਰਹੀ ਹੈ, “ਖਗੋਲ ਵਿਗਿਆਨੀਆਂ ਅਨੁਸਾਰ ਟਰੌਪੀਕਲ ਸਾਲ ਦਾ ਮੌਸਮ ਬਦਲਨ ਸ਼ੀਲ ਹੈ”

ਭਾਵੇ ਇਸ ਨੁਕਤੇ ਦਾ ਜਵਾਬ ਪਿਛਲੇ ਪੱਤਰ ਵਿੱਚ, ਸੂਰਜ ਦੇ ਰੱਥ ਫਿਰਨ ਦੀਆਂ ਤਾਰੀਖਾਂ ਦਾ ਹਵਾਲਾ ਦੇ ਕੇ ਬਹੁਤ ਹੀ ਵਿਸਥਾਰ ਨਾਲ ਦਿੱਤਾ ਜਾ ਚੁੱਕਾ ਹੈ ਆਓ ਬੀਬੀ ਅਮਰਜੀਤ ਕੌਰ ਵੱਲੋਂ, ਦਿਨ ਅਤੇ ਰਾਤ ਦੇ ਬਰਾਬਰ ਹੋਣ ਦੀਆਂ ਦਿੱਤਿਆਂ ਉਪ੍ਰੋਕਤ ਤਾਰੀਖਾਂ ਮੁਤਾਬਕ ਵੀ ਵੇਖੀਏ;   ਜੇ ਅਸੀਂ 45 ਬੀ: ਸੀ: ਵਿੱਚ ਦਿਨ ਅਤੇ ਰਾਤ ਦੇ ਬਰਾਬਰ ਹੋਣ ਦੀ ਤਾਰੀਖ 25 ਮਾਰਚ ਮੰਨੀਏ ਤਾਂ ਉਸ ਦਿਨ 12 ਵੈਸਾਖ, ਜੇ 23 ਮੰਨੀਏ ਤਾਂ 10 ਵੈਸਾਖ ਸੀ। 300 ਈ: ਵਿੱਚ 20 ਮਾਰਚ ਜੂਲੀਅਨ ਮੁਤਾਬਕ 21 ਮਾਰਚ ਗਰੈਗੋਰੀਅਨ ਦਿਨ ਬੁਧਵਾਰ ਨੂੰ ਸੀ 5 ਵੈਸਾਖ ਸੀ। 1500 ਈ: ਦਿਨ ਅਤੇ ਰਾਤ 11 ਮਾਰਚ ਜੂਲੀਅਨ ਮੁਤਾਬਕ 21 ਮਾਰਚ ਗਰੈਗੋਰੀਅਨ ਦਿਨ ਬੁਧਵਾਰ ਬਰਾਬਰ ਸਨ। ਉਸ ਦਿਨ 16 ਚੇਤ ਸੀ। 2015 ਈ: ਵਿੱਚ 21 ਮਾਰਚ ਮੁਤਾਬਕ ਦਿਨ ਸ਼ਨਿਚਰ ਵਾਰ ਨੂੰ ਬਰਾਬਰ ਸਨ। ਇਸ ਦਿਨ ਚੇਤ 7 ਸੀ। 3000 ਈ: ਵਿਚ ਦਿਨ ਅਤੇ ਰਾਤ 20 ਮਾਰਚ ਨੂੰ ਬਰਾਬਰ ਹੋਣਗੇ। ਉਸ ਦਿਨ ਬਿਕ੍ਰਮੀ ਸੂਰਜੀ ਸਿਧਾਂਤ ਮੁਤਾਬਕ 20 ਫੱਗਣ, ਬਿਕ੍ਰਮੀ ਦ੍ਰਿਕ ਗਿਣਤ ਸਿਧਾਂਤ ਮੁਤਾਬਕ 23 ਫੱਗਣ ਹੋਵੇਗੀ। ਬੀਬੀ ਅਮਰਜੀਤ ਕੌਰ ਜੀ ਹੁਣ ਤੁਸੀਂ ਇਹ ਜਾਣਕਾਰੀ ਦਿਓ ਕਿ ਰੁੱਤਾ ਕਿਸ ਕੈਲੰਡਰ ਵਿੱਚ ਸਥਿਰ ਰਹਿਣਗੀਆਂ?

ਸਮੱਸਿਆ ਦਾ ਹਲ ਕੀ ਹੈ:- ਕੀ ਸਿੱਖਾਂ ਦਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ? ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਵਿਚੋਂ ਬਹੁਤੇ ਸੱਜਣ ਇਸ ਗੱਲ ਤੇ ਸਹਿਮਤ ਹਨ ਕਿ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ। ਇਸ ਤੋਂ ਅੱਗਲਾ ਸਵਾਲ ਇਹ ਹੈ ਕਿ ਕੈਲੰਡਰ ਕਿਹੜਾ ਹੋਣਾ ਚਾਹੀਦਾ ਹੈ? ਚੰਦ ਅਧਾਰਿਤ ਜਾਂ ਸੂਰਜੀ। ਇਸ ਬਾਰੇ ਵੀ ਕਿਸੇ ਹੱਦ ਤਾਈ ਸਹਿਮਤੀ ਹੈ ਕਿ ਕੈਲੰਡਰ ਸੂਰਜੀ ਹੋਣਾ ਚਾਹੀਦਾ। ਸੂਰਜੀ ਕਿਹੜਾ? ਬਿਕ੍ਰਮੀ ਜਾਂ ਰੁੱਤੀ? (sidereal-365.2563 or Tropical-365.2425) ਕੈਲੰਡਰ ਵਿੱਚ ਸਭ ਤੋਂ ਅਹਿਮ ਨੁਕਤਾ ਹੈ ਸਾਲ ਦੀ ਲੰਬਾਈ। ਕੀ ਅਸੀਂ ਫਰਜ਼ੀ ਰਾਸ਼ੀਆਂ ਨੂੰ ਮੁਖ ਰੱਖ ਕੇ ਬਣਾਏ ਕੈਲੰਡਰ ਨੂੰ ਮੰਨਣਾ ਹੈ? ਜਿਸ ਕਾਰਨ ਗੁਰਬਾਣੀ ਵਿਚ ਦਰਜ ਰੁੱਤਾਂ ਅਤੇ ਮਹੀਨਿਆਂ ਦਾ ਆਪਸੀ ਸਬੰਧ ਟੁੱਟ ਰਿਹਾ ਹੈ ਜਾਂ ਇਸ ਧਰਤੀ ਤੇ, ਅਕਾਲ ਪੁਰਖ ਦੇ ਹੁਕਮ ਵਿੱਚ ਬਣਦੀਆਂ/ਬਦਲਦੀਆਂ ਰੁੱਤਾ ਨੂੰ ਮੁਖ ਰੱਖ ਕੇ ਬਣਾਏ ਕੈਲੰਡਰ ਨੂੰ ਅਪਨਾਉਣਾ ਹੈ? ਗੁਰੂ ਸਾਹਿਬਾਨ ਨੇ ਗੁਰਬਾਣੀ ਵਿਚ 6 ਰੁੱਤਾ ਦਾ ਜਿਕਰ ਕੀਤਾ ਹੈ। ਇਨ੍ਹਾਂ ਰੁੱਤਾ ਦਾ ਇਸ ਧਰਤੀ ਤੇ ਜੀਵਨ ਨਾਲ ਸਿੱਧਾ ਸਬੰਧ ਹੈ। ਇਸ ਲਈ ਕੈਲੰਡਰ ਦਾ ਰੁੱਤਾ ਨਾਲ ਸਬੰਧਿਤ ਹੋਣਾ ਬਹੁਤ ਜਰੂਰੀ ਹੈ। ਨਾਨਕਸ਼ਾਹੀ ਕੈਲੰਡਰ ਨਾਲ ਗੁਰਬਾਣੀ ਵਿਚ ਦਰਜ ਰੁੱਤਾਂ ਅਤੇ ਮਹੀਨਿਆਂ ਦਾ ਆਪਸੀ ਸਬੰਧ ਸਦਾ ਵਾਸਤੇ ਸਥਿਰ ਰਹੇਗਾ ਬੀਬੀ ਅਮਰਜੀਤ ਕੌਰ ਜੋ ਬਿਕ੍ਰਮੀ ਦੀ ਹਮਾਇਤੀ ਹੈ, ਅਣਜਾਣੇ ਹੀ ਰੁੱਤੀ ਸਾਲ ਦੇ ਪੱਖ ਵਿੱਚ ਸਬੂਤ ਪੇਸ਼ ਕਰਕੇ, ਆਪਣੇ ਦਾਵੇ, ਕਿ ਬਿਕ੍ਰਮੀ ਕੈਲੰਡਰ ਹੋਣਾ ਚਾਹੀਦਾ ਹੈ, ਦਾ ਆਪ ਹੀ ਖੰਡਨ ਕਰ ਗਈ ਹੈ। ਇਸ ਲਈ ਬੀਬੀ ਅਮਰਜੀਤ ਕੌਰ ਦਾ ਇਕ ਵੇਰ ਬਹੁਤ-ਬਹੁਤ ਧੰਨਵਾਦ।

ਹੁਣ ਅਗਲਾ ਸਵਾਲ ਇਹ ਹੈ ਕਿ ਚੰਦ ਦੇ ਸਾਲ (354.37 ਦਿਨ) ਮੁਤਾਬਕ ਲਿਖੀਆਂ ਹੋਈਆਂ ਇਤਿਹਾਸਿਕ ਤਾਰੀਖਾਂ ਨੂੰ ਸੂਰਜੀ ਸਾਲ (365.2425 ਦਿਨ) ਵਿਚ ਕਿਵੇਂ ਬਦਲਣਾ ਹੈ? ਕੈਲੰਡਰ ਕਮੇਟੀ ਨੇ ਜਿਵੇਂ ਤਾਰੀਖਾਂ ਨੂੰ ਬਦਲੀ ਕੀਤਾ ਸੀ, ਉਹ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਇਨ੍ਹਾਂ ਸ਼ਬਦਾਂ ਵਿੱਚ ਦਰਜ ਹੈ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਜਾਵੇਗਾ”। ਜਿਵੇ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਸਮੇਂ ਦੇ ਪ੍ਰਚਲਤ ਕੈਲੰਡਰਾਂ ਮੁਤਾਬਕ, ਪੋਹ ਸੁਦੀ 7, 23 ਪੋਹ ਅਤੇ 5 ਰਜਬ (ਹਿਜਰੀ ਕੈਲੰਡਰ) ਦਿਨ ਸ਼ਨਿਚਰਵਾਰ ਸੀ। ਇਕ ਹੋਰ ਤਾਰੀਖ 22 ਦਸੰਬਰ (ਜੂਲੀਅਨ) ਵੀ ਲਿਖਤਾਂ ਵਿੱਚ ਮਿਲਦੀ ਹੈ ਪਰ ਇਹ ਕੈਲੰਡਰ ਕਦੇ ਵੀ ਆਪਣੇ ਖਿਤੇ ਵਿਚ ਲਾਗੂ ਹੀ ਨਹੀਂ ਹੋਇਆ। ਹਿਜਰੀ ਕੈਲੰਡਰ ਦੀਆਂ ਤਾਰੀਖਾਂ ਸਿਰਫ ਸਰਕਾਰੀ ਰਿਕਾਰਡ ਵਿਚ ਹੀ ਦਰਜ ਹਨ। ਹੁਣ ਸਾਡੇ ਪਾਸ ਦੋ ਤਾਰੀਖਾਂ ਬਚਦੀਆਂ ਹਨ, ਪੋਹ ਸੁਦੀ 7 ਅਤੇ 23 ਪੋਹ। ਕੈਲੰਡਰ ਕਮੇਟੀ ਨੇ 23 ਪੋਹ ਨੂੰ ਮੁਖ ਰੱਖਿਆ ਹੈ ਅੱਜ ਵੀ, ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਹੀ ਦਰਜ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ 14 ਮਾਰਚ ਨੂੰ ਜਾਰੀ ਕੀਤੇ ਗਏ ਬਿਕ੍ਰਮੀ ਸੰਮਤ 2072 ਦੇ ਕੈਲੰਡਰ ਵਿੱਚ ਪੋਹ ਸੁਦੀ 7 ਨੂੰ ਮੁਖ ਰੱਖਿਆ ਗਿਆ ਹੈ। ਪੋਹ ਸੁਦੀ 7 ਨੂੰ ਇਸ ਸਾਲ ਦੇ ਪ੍ਰਵਿਸ਼ਟੇ ਵਿੱਚ ਬਦਲ ਦਿੱਤਾ ਗਿਆ ਹੈ ਜਿਸ ਮੁਤਾਬਕ ਇਹ 3 ਮਾਘ ਬਣਦੀ ਹੈ। ਸੰਮਤ 2073 ਵਿੱਚ ਇਹ 22 ਪੋਹ,  ਸੰਮਤ 2074 ਵਿੱਚ ਇਹ 11, ਪੋਹ ਸੰਮਤ 2075 ਵਿੱਚ ਇਹ 29 ਪੋਹ ਹੋਵੇਗੀ। ਇਹ ਹਨ ਉਹ ਦੋਵੇਂ ਤਰੀਕੇ ਜਿਨ੍ਹਾਂ ਮੁਤਾਬਕ ਗੁਰਪੁਰਬਾਂ ਦੀਆਂ ਤਾਰੀਖਾਂ ਨਿਰਧਾਰਤ ਕੀਤੀਆਂ ਗਈਆਂ ਹਨ। ਸਤਿਕਾਰ ਯੋਗ ਪਾਠਕੋ ਤੁਸੀਂ ਕਿਵੇਂ ਸੋਚਦੇ ਹੋ? ਤੁਸੀਂ ਇਨ੍ਹਾਂ ਦੋਵਾਂ ਵਿੱਚੋਂ ਕਿਸ ਤਰੀਕੇ ਨਾਲ ਸਹਿਮਤ ਹੋ?  ਕਿਸੇ ਸੱਜਣ ਪਾਸ ਇਨ੍ਹਾਂ ਤੋਂ ਵੱਖਰਾ/ਵਧੀਆ ਤਰੀਕਾ ਹੋਵੇ, ਜਿਸ ਨਾਲ ਚੰਦ ਦੇ ਸਾਲ (354.37 ਦਿਨ) ਦੀਆਂ ਤਾਰੀਖਾਂ ਨੂੰ ਸੂਰਜੀ ਸਾਲ (365.2425 ਦਿਨ) ਵਿੱਚ ਬਦਲਿਆ ਜਾ ਸਕੇ, ਉਸ ਸੱਜਣ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਵਿਚਾਰ ਸਾਂਝੇ ਕਰਨ ਦੀ ਕ੍ਰਿਪਾਲਤਾ ਕਰੋ ਜੀ ਤਾਂ ਜੋ ਇਸ ਬਹੁਤ ਹੀ ਅਹਿਮ ਪਰ ਜਾਣ ਬੁਝ ਕੇ ਉਲਝਾਏ ਜਾ ਰਹੇ ਮੁੱਦੇ ਬਾਰੇ  ਪੂਰੀ ਗੰਭੀਰਤਾ ਨਾਲ ਵਿਚਾਰ ਕੀਤੀ ਜਾ ਸਕੇ।