Saturday, June 6, 2015

ਭਾਸ਼ਾ ਵਿਭਾਗ ਦੀ ਪ੍ਰਾਪਤੀ (?), ਖੋਜ ਪੱਤਰ (Thesis) ਨੂੰ ਫੂਕਿਆ

 


ਭਾਸ਼ਾ ਵਿਭਾਗ ਦੀ ਪ੍ਰਾਪਤੀ (?), ਖੋਜ ਪੱਤਰ (Thesis) ਨੂੰ ਫੂਕਿਆ

ਸਰਵਜੀਤ ਸਿੰਘ ਸੈਕਰਾਮੈਂਟੋ
ਭਾਸ਼ਾ ਵਿਭਾਗ ਪੰਜਾਬ ਵੱਲੋਂ ਛਾਪੀਆਂ ਗਈਆਂ ਪੁਸਤਕਾਂ ਦੀ ਸੂਚੀ ਵਿਚ 790 ਨੰਬਰ ਤੇ ਦਰਜ ਜਨਮਸਾਖੀ ਭਾਈ ਬਾਲਾ ਦਾ ਪਾਠ ਪ੍ਰਮਾਣੀਕਰਣ ਅਤੇ ਅਲੋਚਨਾਤਮਕ ਅਧਿਐਨ”  ਜਿਸ ਨੂੰ  ਭਾਸ਼ਾ ਵਿਭਾਗ ਨੇ 1987 ਵਿੱਚ ਛਾਪਿਆ ਸੀ, 27 ਮਈ 2015 ਦਿਨ ਬੁਧਵਾਰ ਨੂੰ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੇ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਹੁਕਮਾਂ ਤੇ ਅਮਲ ਕਰਦਿਆਂ, ਉਨ੍ਹਾਂ ਦੇ ਨੁਮਾਇੰਦੇ, ਸਿੱਖ ਬੁੱਧੀਜੀਵੀ ਕੌਂਸਲ (?) ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ ਅਤੇ ਹੋਰ ਵਿਦਵਾਨਾਂ ਦੀ ਹਾਜ਼ਰੀ ਵਿਚ ਅਗਨ ਭੇਟ ਕਰ ਦਿੱਤਾ ਗਿਆ ਹੈ, ਨਿਰੋਲ ਅਕਾਦਮਿਕ ਮੁੱਦੇ ਦੇ ਕੀਤੇ ਗਏ ਸਿਆਸੀ ਹਲ ਨੂੰ ਕਿਸੇ ਵੀ ਦਲੀਲ ਨਾਲ ਜਾਇਜ਼ ਨਹੀ ਠਹਿਰਾਇਆ ਜਾ ਸਕਦਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਗੁਰੂ ਨਾਨਕ ਅਧਿਐਨ ਵਿਭਾਗ ਦੇ ਮੁਖੀ ਪ੍ਰੋ. ਪ੍ਰੀਤਮ ਸਿੰਘ ਜੀ ਦੀ ਅਗਵਾਈ ਵਿੱਚ ਗੁਰਬਚਨ ਕੌਰ ਨੇ ਆਪਣੇ ਖੋਜ ਕਾਰਜ ਦੌਰਾਨ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮਸਾਖੀ ਦੀ ਅਸਲੀਅਤ ਨੂੰ ਲਿਖਤੀ ਰੂਪ ਵਿੱਚ ਪੇਸ਼ ਕਰਕੇ ਪੀ ਐਚ ਡੀ ਦੀ ਉਪਾਧੀ ਪ੍ਰਾਪਤ ਕੀਤੀ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਖੋਜ ਕਾਰਜ ਨੂੰ 1978 ਵਿੱਚ  “ਜਨਮਸਾਖੀ ਭਾਈ ਬਾਲਾ ਦਾ ਪਾਠ ਪ੍ਰਮਾਣੀਕਰਣ ਅਤੇ ਅਲੋਚਨਾਤਮਕ ਅਧਿਐਨ”  ਦੇ ਰੂਪ ਵਿੱਚ ਛਾਪਿਆ ਗਿਆ474 ਪੰਨਿਆਂ ਦੀ ਕਿਤਾਬ ਦੇ ਅਰੰਭ ਵਿਚ ਭਾਸ਼ਾ ਵਿਭਾਗ ਦਾ ਨਿਰਦੇਸ਼ਕ ਲਿਖਦਾ ਹੈ, “ਇਸ ਥੀਸਿਸ ਵਿਚ ਡਾ. ਗੁਰਬਚਨ ਕੌਰ ਨੇ ਬਾਈ ਬਾਲੇ ਵਾਲੀ ਜਨਮ ਸਾਖੀ ਦਾ ਸ਼ੁੱਧ ਮੱਤਨ ਪੇਸ਼ ਕੀਤਾ ਹੈ। ਇਸ ਲਈ ਇਹ ਪੁਸਤਕ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕਰਦਿਆਂ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਆਸ ਹੈ ਵਿਦਵਾਨ ਪਾਠਕ ਇਸ ਦਾ ਨਿੱਘਾ ਸੁਆਗਤ ਕਰਨਗੇ। (ਰਾਜਿੰਦਰ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ) 28 ਮਈ 2015, ਦੇ ਸਪੋਕਸਮੈਨ ਅਨੁਸਾਰ, “ਵਿਭਾਗ ਦੇ ਡਾਇਰੈਕਟਰ ਚੇਤਨ ਸਿੰਘ ਨੇ ਇਕ ਨਿਮਾਣੇ ਸਿੱਖ ਵੱਜੋਂ ਪੂਰੇ ਖਾਲਸਾ ਪੰਥ ਕੋਲੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ, ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ ਕਿ ਇਸ ਪਾਬੰਦੀ ਸ਼ੁਦਾ ਪੁਸਤਕ ਦੀ ਮੁੜ ਵਿਕਰੀ ਉਨ੍ਹਾਂ ਦੇ ਕਾਰਜ ਕਾਲ ਵਿੱਚ ਹੋਈ ਹੈ ਤੇ ਉਨ੍ਹਾਂ ਨੂੰ ਇਸ ਪੁਸਤਕ ਚ ਦਰਜ ਇਤਰਾਜ਼ਯੋਗ ਗੱਲਾਂ ਦਾ ਪਤਾ ਹੀ ਨਹੀਂ ਲੱਗ ਸਕਿਆ, ਇਸ ਲਈ ਉਹ ਸਮੁੱਚੇ ਪੰਥ ਕੋਲੋਂ ਨਿਮਾਣੇ ਸਿੱਖ ਵੱਜੋਂ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਨੇ ਹਜ਼ਾਰਾਂ ਦੀ ਗਿਣਤੀ `ਚ ਉਚ ਪਾਏ ਦੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ ਪਰ ਇਸ ਇਕੋ ਪੁਸਤਕ ਨੇ ਵਿਭਾਗ ਨੂੰ ਬਦਨਾਮੀ ਦਿਵਾ ਦਿੱਤੀ ਹੈ ਜਿਸ ਦਾ ਉਨ੍ਹਾਂ ਨੂੰ ਸਦਾ ਅਫ਼ਸੋਸ ਰਹੇਗਾ”। ਜੋ ਪੁਸਤਕ ਭਾਸ਼ਾ ਵਿਭਾਗ ਨੇ ਛਾਣ ਬੀਨ ਕਰਕੇ ਵਿਸ਼ੇਸ਼ਗਾਂ ਦੀ ਸ਼ਿਫਾਰਸ਼ ਤੇ 1987 ਵਿਚ ਪ੍ਰਕਾਸ਼ਿਤ ਕੀਤੀ ਸੀ ਉਸ ਬਾਰੇ ਹੁਣ ਦੇ ਡਾਇਰੈਕਟਰ ਨੂੰ ਅਜਿਹਾ ਬਿਆਨ ਦੇਣ ਦਾ ਨਾ ਹੀ ਕੋਈ ਅਧਿਕਾਰ ਹੈ ਅਤੇ ਨਾ ਹੀ ਉਸ ਨੂੰ ਵਿਦਵਤਾ ਪੂਰਨ ਕਿਰਤਾਂ ਸਾੜਨਾ ਸ਼ੋਭਾ ਦਿੰਦਾ ਹੈ। ਉਸ ਨੂੰ ਤੇ ਅਜਿਹੀ ਕਾਰਵਾਈ ਦੀ ਵਿਰੋਧਤਾ ਕਰਨੀ ਚਾਹੀਦੀ ਸੀ। 
ਆਓ ਵੇਖੀਏ ਕਿ ਸਚਾਈ ਕੀ ਹੈ;
ਸਿੱਖ ਸਾਹਿਤ ਵਿਚ ਮਿਲਦੀਆਂ ਜਨਮ ਸਾਖੀਆਂ ਵਿਚ, ਪੁਰਾਤਨ ਜਨਮਸਾਖੀ ਜੋ ਹਾਫਜ਼ਾ ਵਾਦੀ, ਵਲਾਇਤ ਵਾਲੀ ਅਤੇ ਕੌਲ ਬਰੁਕ ਵਾਲੀ ਜਨਮਸਾਖੀ ਆਦਿ ਨਾਵਾਂ ਨਾਲ ਵੀ ਜਾਣੀ ਜਾਂਦੀ ਹੈ, ਮਿਹਰਬਾਨ ਵਾਲੀ ਜਨਮਸਾਖੀ, ਆਦਿ ਸਾਖੀਆਂ ਜਾਂ ਸ਼ੰਭੂ ਨਾਥ ਵਾਲੀ ਜਨਮ ਪਤ੍ਰੀ, ਭਾਈ ਬਾਲੇ ਵਾਲੀ ਜਨਮਸਾਖੀ, ਗਿਆਨ ਰਤਨਾਵਲੀ ਜਾਂ ਭਾਈ ਮਨੀ ਸਿੰਘ ਵਾਲੀ ਜਨਮਸਾਖੀ, ਜਨਮਸਾਖੀ ਨਾਨਕ ਸ਼ਾਹ ਕੀਸੰਤ ਦਾਸ ਛਿੱਬਰ ਵਾਲੀ ਜੋ ਭਾਈ ਬਾਲੇ ਵਾਲੀ ਦਾ ਹੀ ਕਾਵਿਕ ਰੂਪ ਹੈਪ੍ਰਸਿੱਧ ਹਨ ਸੀਹਾਂ ਉੱਪਲ ਦੀ ਕ੍ਰਿਤ “ਸਾਖੀ ਮਹਲ ਪਹਿਲੇ ਕੀ” ਜਨਮ ਸਾਖੀਆਂ ਵਿੱਚ ਸਭ ਤੋਂ ਪਹਿਲੀ ਜਨਮ ਸਾਖੀ ਮੰਨੀ ਗਈ  ਹੈ ਭਾਈ ਬਾਲੇ ਵਾਲੀ ਜਨਮਸਾਖੀ ਦੀ ਪ੍ਰਸਿੱਧੀ ਦਾ ਵੱਡਾ ਕਾਰਨ ਪ੍ਰਕਾਸ਼ਕਾਂ ਦੀ ਪਸੰਦ ਅਤੇ ਮੁਨਾਫ਼ਾ ਸੀ ਜੋ ਇਸ ਜਨਮਸਾਖੀ ਨੂੰ ਸ਼ਰਧਾਲੂਆਂ ਨੂੰ ਖੁਸ਼ ਰੱਖਣ ਲਈ ਆਪਣੀ ਮਰਜ਼ੀ ਨਾਲ ਬਦਲ-ਬਦਲ ਕੇ ਛਾਪਦੇ ਰਹੇ ਹਨ। ਦੂਜਾ, ਪ੍ਰਚੱਲਤ ਹੋਣ ਦਾ ਕਾਰਨ ਇਹ ਹੈ ; ਪਿਛਲੀ ਡੇਢ ਸਦੀ ਤੋਂ ਗੁਰਦਵਾਰਿਆਂ ਵਿੱਚ ਭਾਈ ਸੰਤੋਖ ਸਿੰਘ ਦੇ ਲਿਖੇ ਸੂਰਜ ਪ੍ਰਕਾਸ਼ ਦੀ ਹੋ ਰਹੀ ਕਥਾ। ਇਸ ਜਨਮਸਾਖੀ ਦੇ ਹੱਥ ਲਿਖਤ ਉਤਾਰੇ ਬਹੁਤ ਮਿਲਦੇ ਹਨ ਅਤੇ ਨਵੇ ਜ਼ਮਾਨੇ ਵਿੱਚ ਵੀ ਛਾਪੇ ਖ਼ਾਨੇ ਵਾਲਿਆਂ ਨੇ ਇਸੇ ਨੂੰ ਹੀ ਛਾਪਿਆ ਹੈ। ਇਸ `ਚ ਕੋਈ ਸ਼ੱਕ ਨਹੀ ਕਿ ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮਸਾਖੀ ਦਾ ਹੀ ਪ੍ਰਚਾਰ ਸਭ ਤੋਂ ਵੱਧ ਹੋਇਆ ਹੈ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਜਨਮ ਸਾਖੀਆਂ ਦੀ ਪ੍ਰਮਾਣਿਕਤਾ ਬਾਰੇ ਵੀ ਸਭ ਤੋਂ ਵੱਧ ਇਤਰਾਜ਼, ਭਾਈ ਬਾਲੇ ਵਾਲੀ ਜਨਮ ਸਾਖੀ ਤੇ ਹੋਇਆ ਹੈ।

ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮਸਾਖੀ ਦੀ ਪਰਖ-ਪੜਚੋਲ ਦਾ ਮੁੱਢ ਸਿੰਘ ਸਭਾ ਲਹਿਰ ਦੇ ਸਮੇਂ 1884 ਈ: ਵਿਚ ਪ੍ਰੋ: ਗੁਰਮੁਖ ਸਿੰਘ ਜੀ ਨੇ ਜਨਮ ਕੁੰਡਲੀਆਂਲੇਖ ਆਪਣੀ ਸੁਧਾਰਕ ਨਾਂ ਦੀ ਮਾਸਿਕ ਪਤ੍ਰਿਕਾ `ਚ ਛਾਪ ਕੇ ਬੰਨਿਆਂ ਸੀ। ਪਰ ਠੋਸ ਆਲੋਚਨਾਤਮਿਕ ਅਧਿਐਨ ਸ. ਕਰਮ ਸਿੰਘ ਹਿਸਟੋਰੀਅਨ ਨੇ 1912 ਵਿਚ, ‘ਕੱਤਕ ਕਿ ਵੈਸਾਖਲਿਖ ਕੇ ਕੀਤਾ ਸੀ। ਵਿਦਿਅਕ ਅਦਾਰਿਆਂ ਵਿਚ ਵੱਡੀ ਪੱਧਰ ਤੇ ਇਸ ਵਿਸ਼ੇ ਤੇ ਖੋਜ ਕਾਰਜ ਦਾ ਅਰੰਭ, ਗੁਰੂ ਨਾਨਕ ਜੀ ਦੇ ਪ੍ਰਕਾਸ਼ ਦੀ ਪੰਜਵੀਂ ਸ਼ਤਾਬਦੀ ਭਾਵ 1969 ਦੇ ਆਸ-ਪਾਸ ਹੀ ਹੋਇਆ ਸੀ ਸ. ਕਰਮ ਸਿੰਘ ਜੀ ਲਿਖਦੇ ਹਨ, “ਭਾਈ ਬਾਲੇ ਵਾਲੀ ਜਨਮਸਾਖੀ ਦੀ ਪੁਰਾਣੀ ਤੋਂ ਪੁਰਾਣੀ ਕਾਪੀ ਜੋ ਮਿਲ ਸਕੀ ਹੈ ਉਹ ਜਗਰਾਵੀਂ ਇਕ ਡੇਰੇ ਵਿਚੋਂ ਮਿਲੀ ਹੈ, ਇਸ ਦੇ ਲਿਖੇ ਜਾਣ ਦਾ ਸਮਾ ਸੰਮਤ ੧੭੮੧ ਈ: ਮਿਤੀ ਮੱਘਰ ਵਦੀ ਦਸਮੀ (30 ਅਕਤੂਬਰ 1724 ਈ:) ਹੈ” (ਪੰਨਾ 115) ਹੁਣ ਖੋਜੀ ਵਿਦਵਾਨਾਂ ਨੂੰ ਸੰਮਤ 1715/1658 ਈ: ਦੀ ਲਿਖੀ ਹੋਈ ਹੱਥ ਲਿਖਤ ਮਿਲੀ ਹੈ ਜੋ ਸ੍ਰੀ ਪਿਆਰੇ ਲਾਲ ਕਪੂਰਦਿੱਲੀ ਦੀ ਸੰਤਾਨ ਪਾਸ ਸੁਰਖਿਅਤ ਹੈ। ਹੁਣ ਤਾਈਂ ਮਿਲੀਆਂ ਹੱਥ ਲਿਖਤਾਂ `ਚ ਇਹ ਸਭ ਤੋਂ ਪੁਰਾਣੀ ਹੱਥ ਲਿਖਤ ਮੰਨੀ ਗਈ ਹੈ।

ਡਾ. ਗੁਰਬਚਨ ਕੌਰ ਦੀ ਖੋਜ ਦਾ ਅਧਾਰ, ਬਾਲੇ ਦੇ ਨਾਮ ਨਾਲ ਜਾਂਦੀ ਜਨਮ ਸਾਖੀ ਹੈ, “ਬਾਲਾ, ਇਸ ਜਨਮਸਾਖੀ ਦਾ ਵਿਸ਼ੇਸ਼ ਪਾਤਰ ਹੈ ਜੋ ਗੁਰੂ ਨਾਨਕ ਜੀ ਦਾ ਸਾਥੀ ਹੋਣ ਦਾ ਦਾਅਵਾ ਕਰਦਾ ਹੈ ਤੇ ਆਪਣੇ ਆਪ ਨੂੰ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਨਾਨਕ ਦੀ ਜੀਵਨੀ ਲਿਖਾਉਣ ਵਾਲਾ ਸਿੱਧ ਕਰਦਾ ਹੈਪਰ ਜਨਮਸਾਖੀ ਦੀਆਂ ਅੰਦਰਲੀਆਂ ਗਵਾਹੀਆਂ ਦੇ ਅਧਾਰ ਉੱਤੇ ਸਿੱਧ ਕੀਤਾ ਗਿਆ ਹੈ ਕਿ ਇਹੋ ਜਿਹਾ ਕੋਈ ਇਤਿਹਾਸਿਕ ਵਿਅਕਤੀ ਨਹੀਂ ਹੋਇਆ, ਸਗੋਂ ਇਸ ਸਾਰੇ ਖੜਜੰਤਰ ਨੂੰ ਰਚਣ ਦਾ ਕੰਮ, ਬੜੀ ਚਤੁਰਾਈ ਨਾਲ, ਹੰਦਾਲ ਦੇ ਜੇਠੇ ਲੜਕੇ ਬਾਲ ਚੰਦ ਨੇ ਕੀਤਾ ਹੈ। ਇਹ ਇਕ ਨਵੀਂ ਲੱਭਤ ਹੈ (ਜਨਮ ਸਾਖੀ ਭਾਈ ਬਾਲਾ..., ਪੰਨਾ 146)

ਡਾ. ਗੁਰਬਚਨ ਕੌਰ ਜੀ ਨੇ ਆਪਣੀ ਲਿਖਤ ਦੇ ਪਹਿਲੇ ਭਾਗ (1-149 ਪੰਨੇ) ਵਿਚ ਹੁਣ ਤਾਈ ਹੋਏ ਖੋਜ ਕਾਰਜਾਂ ਦੀ ਸਮੀਖਿਆ, ਜਨਮਸਾਖੀ ਪ੍ਰੰਪਰਾ, ਸਾਖੀ ਦੇ ਵਿਸ਼ੇਸ਼ ਲੱਛਣ, ਬਾਲਾ; ਤੱਥ ਕਿ ਮਿੱਥ ਹਸਤਾਖੇਪ ਅਤੇ ਅੰਤਿਮ ਸ਼ਬਦਾਂ `ਚ ਆਪਣੀ ਉਪ੍ਰੋਕਤ ਰਾਏ ਸਪੱਸ਼ਟ ਸ਼ਬਦਾਂ ਵਿੱਚ ਦਰਜ ਕੀਤੀ ਹੈ। ਦੂਜੇ ਭਾਗ (149-474 ਪੰਨੇ) ਵਿੱਚ ਸੰਪਾਦਨ ਸਮਗਰੀ, ਸੰਕੇਤਾਵਲੀ, ਮੂਲ ਪਾਠ ਅਤੇ ਸਹਾਇਕ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਆਖਰੀ 4 ਪੰਨਿਆਂ ਤੇ ਭਾਸ਼ਾ ਵਿਭਾਗ ਵੱਲੋਂ ਛਾਪੀਆਂ ਗਈਆਂ ਚੋਣਵੀਆਂ 47 ਪੁਸਤਕਾਂ ਦੀ ਸੂਚੀ ਦਰਜ ਹੈ। ਇਸ ਪੁਸਤਕ ਦੇ 300 ਪੰਨਿਆਂ ਉਪਰ ਬਾਲੇ ਵਾਲੀ ਜਨਮ ਸਾਖੀ ਦਾ ਮੂਲ ਪਾਠ ਦਰਜ ਹੈ। ਮੂਲ ਪਾਠ ਵਿੱਚ ਕੁਲ 75 ਸਾਖੀਆਂ ਦਰਜ ਹਨ। ਇਨ੍ਹਾਂ ਵਿਚੋਂ ਦੋ ਸਾਖੀਆਂ ਇਤਰਾਜ਼ ਯੋਗ ਹਨ“ਮੰਵੋਤ ਦੀ ਸਾਖੀ” (ਸਾਖੀ 57, ਪੰਨਾ 397) ਅਤੇ “ਲਹਿਣਾ ਮਿਲਾਪ, ਪਰੀਖਿਆ ਵਿਚ ਸਹਜ ਕੁਸਹਜ ਤੇ ਬਾਲੇ ਦੀ ਮ੍ਰਿਤੂ ਦੀ ਸਾਖੀ” (ਸਾਖੀ 75, ਪੰਨਾ 457) ਪੰਨਾ 461 ਦੀਆਂ ਆਖਰੀ 4 ਪੰਗਤੀਆਂ ਅਤੇ ਪੰਨਾ 462 ਦੀ ਪਹਿਲੀ ਆ 7 ਪੰਗਤੀਆਂ ਵਿੱਚ ਜੋ ਕੁਝ ਦਰਜ ਹੈ ਉਹ ਇਥੇ ਲਿਖਣਾ ਠੀਕ ਨਹੀ ਜਾਪਦਾ। ਇਸ ਸਾਖੀ ਅਖੌਤੀ ਬਾਲੇ ਨੇ ਗੁਰੂ ਨਾਨਕ ਜੀ ਨੂੰ  ਚਰਿਤ੍ਰ ਹੀਣ ਸਾਬਿਤ ਕਰਨ ਦੀ ਕੋਝੀ  ਹਰਕਤ ਕੀਤੀ ਹੈ। ਪਰ ਇਹ ਸਾਖੀ ਕੁਲਬੀਰ ਸਿੰਘ ਕੌੜਾ ਦੀ ਲਿਖਤ, “ਤੇ ਸਿੱਖ ਵੀ ਨਿਗਲਿਆ ਗਿਆ” ਦੇ ਪੰਨਾ 102 ਤੇ ਪੜ੍ਹੀ ਜਾ ਸਕਦੀ ਹੈ। ਅਖ਼ਬਾਰਾਂ ਰਾਹੀ ਜਾਣਕਾਰੀ ਮਿਲੀ ਹੈ ਕਿ ਡਾ ਗੁਰਬਚਨ ਕੌਰ ਦੀ ਇਸ ਪੁਸਤਕ ਤੇ ਪਾਬੰਦੀ ਲੱਗੀ ਹੋਈ ਸੀ ਪਰ ਭਾਸ਼ਾ ਵਿਭਾਗ ਵੱਲੋਂ 4-5 ਪੰਨੇ, ਜਿਨ੍ਹਾਂ ਤੇ ਇਤਰਾਜ਼ ਯੋਗ ਸਾਖੀ ਦਰਜ ਸੀ, ਪਾੜ ਦਿੱਤੇ ਗਏ ਸਨ ਅਤੇ ਕਿਤਾਬ ਵੇਚੀ ਜਾਂ ਰਹੀ ਸੀਇਹ ਪੰਨੇ ਪਾੜਨ ਵਾਲੀ ਗੱਲ ਪਿਛਲੇ ਸਾਲ ਮੇਰੇ ਧਿਆਨ ਵਿਚ ਆਈ ਸੀ। ਜਦੋਂ ਇਕ ਸੱਜਣ ਇਹ ਕਿਤਾਬ ਖਰੀਦ  ਕੇ ਲਿਆਇਆ ਸੀਜਦੋਂ ਉਸ ਨੇ ਇਹ ਵੇਖਿਆ ਕਿ ਇਸ ਕਿਤਾਬ ਵਿਚ ਕੁਝ ਪੰਨੇ ਗਾਇਬ ਹਨ ਤਾ ਉਸ ਨੇ ਮੇਰੇ ਨਾਲ ਸੰਪਰਕ ਕਰਕੇ ਪੁੱਛਿਆਂ  ਕਿ ਤੁਹਾਡੇ ਵਾਲੀ ਕਿਤਾਬ ਵਿੱਚ ਇਹ ਪੰਨੇ ਹਨ ਜਾਂ ਨਹੀ? ਤਾਂ ਮੈਂ ਸਬੰਧਿਤ  ਪੰਨਿਆਂ ਦੀ ਫ਼ੋਟੋ ਕਾਪੀ ਕਰਕੇ ਉਨ੍ਹਾਂ ਨੂੰ ਭੇਜੀ ਸੀ
ਆਓ ਵੇਖੀਏ ਕਿ ‘ਸਹਜ ਕੁਸਹਜ’ ਵਾਲੀ ਸਾਖੀ ਬਾਰੇ ਡਾ ਗੁਰਬਚਨ ਕੌਰ ਕੀ ਲਿਖਦੀ ਹੈ “ਸਹਜ ਕੁਸਹਜ ਵਾਲੀ ਸਾਖੀ ਵਿਚ ਬਾਲਾ ਗੁਰੂ ਸਾਹਿਬ ਦਾ ਸ਼ਰੀਕ ਹੀ ਨਹੀਂ ਸਗੋਂ ਆਪਣੇ ਆਪ ਨੂੰ ਅਗਮ ਨਿਗਮ ਦੀਆ ਜਾਨਣ ਵਾਲੇ ਬ੍ਰਹਮ ਗਿਆਨੀ ਦੇ ਰੂਪ ਵਿਚ ਪੇਸ਼ ਕਰਦਾ ਹੈ। ਸਾਖੀ ਦੇ ਅੰਤਲੇ ਪੜਾ ਉੱਤੇ ਉਹ ਸ੍ਰੀ ਗੁਰੂ ਅੰਗਦ ਪਾਸੋਂ  ਸ਼੍ਰੀ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਦੀ ਕਹਾਣੀ ਬਾਰੇ ਪੁੱਛਦਾ ਹੈ। ਉਹ ਦੱਸਦੇ ਹਨ ਕਿ ਮੈਂ ਕਾਂਗੜੇ ਜਾਂ ਰਿਹਾ ਸਾਂ ਕਿ ਸ੍ਰੀ ਗੁਰੂ ਨਾਨਕ ਸਾਹਿਬ ਬਾਰੇ ਕੰਨਸੋ ਪਈ ਤੇ ਮੈਂ ਉਨ੍ਹਾਂ ਦੇ ਦਰਸ਼ਨਾਂ ਨੂੰ ਜਾ ਪਹੁੰਚਿਆ ਤੇ ਉਥੋਂ ਦਾ ਹੀ ਬਣ ਕੇ ਰਹਿ ਗਿਆ। ਪਰ ਭਾਈ ਬਾਲਾ ਇਸ ਬਿਆਨ ਉੱਤੇ ਇਤਬਾਰ ਨਹੀ ਕਰਦਾ ਬਲਕਿ ਸ੍ਰੀ ਗੁਰੂ ਅੰਗਦ ਸਾਹਿਬ ਦੇ ਅਤੀ ਗੁਪਤ ਭੇਦ ਜਾਨਣ ਦਾ ਦਾਅਵਾ ਕਰਦਾ ਹੈ, “ਤਾਂ ਬਾਲੇ ਆਖਿਆ ਸ੍ਰੀ ਗੁਰੂ ਨਾਨਕ ਅਤੇ ਤਉ ਵਿਚਿ ਭਿੰਨ ਭੇਦੁ ਕੁਛੁ ਨਾਹੀ। ਅਤੇ ਗੁਰੂ ਨਾਨਕ ਮੈਂਥੋਂ ਪੜਦਾ ਕੋਈ ਨਾਹਾ ਰਖਦਾ। ਅਤੇ ਤੁਸਾਂ ਜੋ ਪੜਦਾ ਰਖਿਆ ਸੋ ਕੁਛੁ ਵਿਚਿ ਘਾਟਾ ਤੁਸਾ ਡਿਠਾ ਹੋਸੀ  ਤਾਂ ਤੁਸਾ ਅਸਾ ਪਾਸੋ ਪੜਦਾ ਰਖਿਆ ਤਾਂ ਸ੍ਰੀ ਗੁਰੂ ਅੰਗਦ ਕਹਿਆ ਭਾਈ ਬਾਲਾ ਜੋ ਤੁਸਾ ਪਾਸੋ ਅਸਾ ਪੜਦਾ ਰਖਿਆ ਹੈ ਸੋ ਤੁਸੀ ਜਾਹਰ ਕਰੋ”। ਤੇ ਫੇਰ ਸ੍ਰੀ ਗੁਰੂ ਅੰਗਦ ਸਾਹਿਬ ਦੇ ਆਪਣੇ ਮੂੰਹੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਆਚਰਣ ਨੂੰ ਦੂਸ਼ਿਤ ਕਰਨ ਵਾਲੇ ਐਸੇ ਸ਼ਬਦ ਅਖਵਾਉਂਦਾ ਹੈ, ਜਿਨ੍ਹਾਂ ਨੂੰ ਇਥੇ ਲਿਖਣ ਨੂੰ ਜੀ ਨਹੀਂ ਕਰਦਾ। ਸਾਧਾਰਣ ਤੋਂ ਸਾਧਾਰਣ ਬੁੱਧੀ ਵਾਲੇ ਮਨੁੱਖ ਨੂੰ ਵੀ ਇਸ ਕਥਾ ਦੇ ਸੌ ਫੀਸਦੀ ਬਨਾਵਟੀ ਹੋਣ ਬਾਰੇ ਕੋਈ ਸ਼ਕ-ਸੁਭਾ ਨਹੀਂ ਹੋ ਸਕਦਾ”। (ਪੰਨਾ 70)
ਡਾ ਗੁਰਬਚਨ ਕੌਰ ਤਾਂ  ਲਿਖਦੀ ਹੈ , “ਸਾਧਾਰਣ ਤੋਂ ਸਾਧਾਰਣ ਬੁੱਧੀ ਵਾਲੇ ਮਨੁੱਖ ਨੂੰ ਵੀ ਇਸ ਕਥਾ ਦੇ ਸੌ ਫੀਸਦੀ ਬਨਾਵਟੀ ਹੋਣ ਬਾਰੇ ਕੋਈ ਸ਼ਕ-ਸੁਭਾ ਨਹੀਂ ਹੋ ਸਕਦਾ” ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਆਪਣੇ ਆਪ ਨੂੰ ਬੁੱਧੀ ਜੀਵੀ ਅਖਵਾਉਣ ਵਾਲਿਆਂ ਨੂੰ ਸ਼ਾਇਦ ਇਸ ਗੱਲ ਦੀ ਸਮਝ ਨਹੀ ਆਈ ਤਾਂ ਹੀ ਤਾਂ ਉਨ੍ਹਾਂ ਨੇ ਬਾਲੇ ਵਾਲੀ ਜਨਮਸਾਖੀ ਨੂੰ ਫੂਕਣ ਦੀ ਥਾਂ, ਇਸ ਪੁਸਤਕ ਨੂੰ ਹੀ ਫੂਕ ਦਿੱਤਾ ਹੈ
ਇਸ ਵਿਚ ਕੋਈ ਸ਼ੱਕ ਨਹੀ ਹੈ ਕਿ ਸਹਿਜ ਕੁਸਹਿਜ ਵਾਲੀ ਸਾਖੀ ਬਹੁਤ ਹੀ ਇਤਰਾਜ਼ ਯੋਗ ਹੈ। ਇਹ ਸਾਖੀ ਗੁਰਬਚਨ ਕੌਰ ਨੇ ਤਾਂ ਨਹੀਂ ਘੜੀ, ਇਹ ਤਾਂ ਬਾਲੇ ਵਾਲੀ ਜਨਮਸਾਖੀ ਦਾ ਭਾਗ ਹੈ। ਗੁਰਬਚਨ ਕੌਰ ਦੀ ਪੁਸਤਕ ਨੂੰ ਫੂਕਣ ਨਾਲ ਤਾਂ ਭਾਈ ਬਾਲੇ ਵਾਲੀ ਜਨਮਸਾਖੀ ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਪੁਸਤਕਾਂ ਸਾੜਨਾ ਇਕ ਅਸਭਿਅਕ  ਕਾਰਵਾਈ ਹੈ ਜੋ ਸਭਿਅਕ ਨਾਗਰਿਕਾਂ ਨੂੰ ਸ਼ੋਭਾ ਨਹੀਂ ਦਿੰਦੀ। ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਅਤੇ ਪੰਜਾਬ ਸਰਕਾਰ ਦੇ ਮੰਤਰੀ ਵੱਲੋਂ ਅਜਿਹਾ ਕਰਨਾ ਹੋਰ ਵੀ ਮੰਦਭਾਗਾ ਹੈ। ਅਜਿਹੀਆਂ ਕਾਰਵਾਈਆਂ ਦਾ ਹਮੇਸ਼ਾ ਹੀ ਉਲਟਾ ਅਸਰ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਕੋਈ ਚਿੱਤ ਚੇਤਾ ਵੀ ਨਹੀ ਸੀ ਕਿ ਗੁਰੂ ਨਾਨਕ ਸਾਹਿਬ ਦੀ ਸ਼ਾਨ ਵਿਚ ਅਜਿਹੇ ਘਟੀਆ ਵਿਚਾਰ ਵੀ ਪ੍ਰਗਟ ਕੀਤੇ ਹੋਏ ਹਨ, ਉਨ੍ਹਾਂ ਵਿੱਚ ਵੀ ਇਸ ਬਾਰੇ ਜਾਨਣ ਦੀ ਉਤਸੁਕਤਾ ਪੈਦਾ ਹੋਣੀ ਸੁਭਾਵਕ ਹੈ।
ਡਾ ਗੁਰਬਚਨ ਕੌਰ ਨੇ ਤਾਂ ਅਖੌਤੀ ਬਾਲੇ ਅਤੇ ਉਸ ਦੀ ਜਨਮਸਾਖੀ ਦੀ ਅਸਲੀਅਤ ਤੋਂ ਜਾਣੂ ਕਰਵਾਇਆ ਸੀਇਸ ਲਈ ਡਾ ਗੁਰਬਚਨ ਕੌਰ ਦੋਸ਼ੀ ਕਿਵੇਂ ਹੈ ਕਿ ਉਨ੍ਹਾਂ ਦੀ ਕਿਤਾਬ ਨੂੰ ਸਾੜਿਆ ਗਿਆ ਹੈ? ਡਾ ਗੁਰਬਚਨ ਕੌਰ ਨੇ ਤਾ ਸਚਾਈ ਨੂੰ ਹੀ ਪੇਸ਼ ਕੀਤਾ ਸੀ। ਕੀ ਅੱਗੋਂ ਤੋਂ ਕੋਈ ਖੋਜਾਰਥੀ ਸੱਚ ਦੀ ਖੋਜ ਕਰਕੇ ਪੇਸ਼ ਕਰਨ ਦਾ ਹੌਸਲਾ ਕਰੇਗਾ? ਅਖ਼ਬਾਰੀ ਖ਼ਬਰਾਂ ਮੁਤਾਬਕ ਭਾਸ਼ਾ ਵਿਭਾਗ ਵੱਲੋਂ 500 ਕਾਪੀਆਂ ਸਾੜੀਆਂ ਗਈਆਂ ਹਨ। ਇਸ ਕਿਤਾਬ ਵਿੱਚ ਦਰਜ ਜਾਣਕਾਰੀ ਮੁਤਾਬਿਕ 1987 ਵਿੱਚ 1000 ਕਾਪੀਆਂ ਛਾਪੀਆਂ ਗਇਆ ਸਨ। ਇਸ ਹਿਸਾਬ ਨਾਲ 500 ਕਾਪੀਆਂ ਤਾਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣ ਚੁਕੀਆਂ ਹਨ ਤਾਂ ਅੱਜ ਕਿਤਾਬ ਫੂਕਣ ਦਾ ਕੀ ਫਾਇਦਾ? ਇਸ ਮਸਲੇ ਦਾ ਹਲ ਤਾਂ ਅਖੌਤੀ ਬਾਲੇ ਵਾਲੀ ਜਨਮਸਾਖੀ ਦਾ ਖੁਰਾ ਖੋਜ ਮਿਟਾਉਣ ਨਾਲ ਹੀ ਹੋਵੇਗਾ। ਕੀ ਸਾਡੇ ਬੁੱਧੀਜੀਵੀ ਅਜੇਹਾ ਕਰਨ ਦਾ ਹੌਸਲਾ ਕਰਨਗੇ ਜਾਂ ਸਿਰਫ ਤਨਖਾਹਾਂ ਲੈਣ ਅਤੇ ਨੌਕਰੀਆਂ ਬਚਾਉਣ ਤਾਈ ਹੀ ਸੀਮਤ ਰਹਿਣਗੇ?