ਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਕਮੇਟੀ `ਚ ਰੇੜਕਾ–ਜਿੰਮੇਵਾਰ ਕੌਣ?
ਸਰਵਜੀਤ ਸਿੰਘ ਸੈਕਰਾਮੈਂਟੋ
ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ, ਸ਼ਹੀਦਾਂ
ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪਾਕਿਸਤਾਨ ਸਥਿਤ
ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਨੂੰ ਵੀਜ਼ੇ ਤੋਂ ਜਵਾਬ
ਮਿਲ ਗਿਆ ਹੈ। ਸ਼੍ਰੋਮਣੀ ਕਮੇਟੀ ਬਿਕ੍ਰਮੀ ਕੈਲੰਡਰ ਮੁਤਾਬਕ ਜੇਠ ਸੁਦੀ 4 (8 ਜੂਨ) ਨੂੰ ਸ਼ਹੀਦੀ
ਦਿਹਾੜਾ ਮਨਾਉਣ ਲਈ ਬਜ਼ਿਦ ਹੈ ਜਦੋਂ ਕਿ ਪਾਕਿਸਤਾਨ ਵਿੱਚ
ਨਾਨਕਸ਼ਾਹੀ ਕੈਲੰਡਰ ਲਾਗੂ ਹੈ ਜਿਸ ਮੁਤਾਬਕ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ
ਵੱਲੋਂ ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਸ਼ਹੀਦੀ ਦਿਹਾੜਾ 2 ਹਾੜ (16 ਜੂਨ) ਨੂੰ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦੇ 30 ਮਈ ਦੇ ਬਿਆਨ, “ਸ਼ਹੀਦੀ ਜੋੜ ਮੇਲੇ ਸਬੰਧੀ ਭੇਜੇ ਜਾਣ ਵਾਲੇ ਜੱਥੇ ਲਈ
ਪਾਕਿਸਤਾਨ ਵੱਲੋਂ ਅਜੇ ਤੱਕ ਵੀਜ਼ੇ ਨਾ ਜਾਰੀ ਕਰਨ ਕਰਕੇ, ਜੱਥਾ ਨਾ ਭੇਜਣ ਦਾ ਫੈਸਲਾ ਕੀਤਾ ਗਿਆ ਹੈ”
ਨੇ ਇਸ ਵਿਵਾਦ ਨੂੰ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਾ
ਦਿੱਤਾ ਹੈ। ਕਿੰਨੀ ਹੈਰਾਨੀ ਦੀ ਗਲ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਸਮੱਸਿਆ ਨੂੰ ਹਲ ਕਰਨ ਦੀ
ਬਿਜਾਏ ਸਭ ਕੁਝ ਜਾਣਦੀ ਹੋਈ ਵੀ, ਜਿਥੇ ਹਰ ਸਾਲ, ਸਿੱਖ
ਸ਼ਰਧਾਲੂਆਂ ਨੂੰ ਖੁਆਰ ਕਰਦੀ ਹੈ ਉਥੇ ਹੀ ਆਪਣੀਆਂ ਨਾਲਾਇਕੀਆਂ ਦਾ ਦੋਸ਼ ਪਾਕਿਸਤਾਨ ਸਰਕਾਰ ਸਿਰ ਮੜ੍ਹਨ
ਦਾ ਅਸਫ਼ਲ ਯਤਨ ਵੀ ਕਰਦੀ ਹੈ।
ਇਤਿਹਾਸਕ ਵਸੀਲਿਆਂ ਮੁਤਾਬਕ ਗੁਰੂ ਅਰਜਨ
ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4
ਸੰਮਤ 1663 ਬਿਕ੍ਰਮੀ (30 ਮਈ
1606 ਈ: ਯੂਲੀਅਨ) ਦਿਨ ਸ਼ੁੱਕਰਵਾਰ ਨੂੰ ਹੋਈ ਸੀ। ਇਨ੍ਹਾਂ ਵਿਚੋਂ ਇਕ
ਤਾਰੀਖ 2 ਹਾੜ, ਸੂਰਜੀ ਕੈਲੰਡਰ ਦੀ ਹੈ ਅਤੇ
ਦੂਜੀ ਜੇਠ ਸੁਦੀ 4, ਚੰਦਰ ਸੂਰਜੀ ਕੈਲੰਡਰ ਦੀ ਹੈ। ਭਾਵੇ ਅੱਜ ਤੋਂ 410 ਸਾਲ ਪਹਿਲਾ, ਇਹ ਦੋਵੇਂ
ਤਾਰੀਖਾਂ (2 ਹਾੜ ਅਤੇ ਜੇਠ ਸੁਦੀ 4) ਇਕ ਦਿਨ
ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀ ਹੁੰਦਾ। ਚੰਦ ਦਾ ਸਾਲ 354 ਦਿਨਾਂ (354.37 ਦਿਨ) ਦਾ ਹੋਣ
ਕਾਰਨ ਸੂਰਜੀ ਸਾਲ, ਜਿਸ ਦੇ 365 ਦਿਨ (365.2425 ਦਿਨ) ਹੁੰਦੇ ਹਨ ਤੋਂ ਲੱਗ ਭੱਗ ਗਿਆਰਾਂ ਦਿਨ
ਛੋਟਾ ਹੁੰਦਾ ਹੈ। ਇਹ ਹੀ ਕਾਰਨ ਹੈ ਜੇਠ ਸੁਦੀ ਚਾਰ ਹਰ ਸਾਲ ਪਿਛਲੇ ਸਾਲ ਤੋਂ 11 ਦਿਨ ਪਹਿਲਾ ਆ
ਜਾਂਦੀ ਹੈ। ਚੰਦ ਦੇ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਰੱਖਣ ਲਈ ਜਦੋ ਹਰ ਤੀਜੇ-ਚੌਥੇ ਸਾਲ ਇਕ
ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ ਚੰਦ ਦੇ ਸਾਲ ਦੇ 384 ਦਿਨ ਹੋ ਦੇ ਹਨ। ਤਾਂ ਜੇਠ ਸੁਦੀ 4
ਪਿਛਲੇ ਸਾਲ ਤੋਂ 11 ਦਿਨ ਪਹਿਲਾ ਆਉਣ ਦੀ ਬਿਜਾਏ 18/19 ਦਿਨ ਪਿਛੋਂ ਆਉਂਦੀ ਹੈ। ਇਸ ਕਾਰਨ ਜੇਠ
ਸੁਦੀ 4 ਹਰ ਸਾਲ ਬਦਲਵੀਂ ਤਾਰੀਖ ਨੂੰ ਆਉਂਦੀ ਹੈ। ਜੇ ਉਸੇ ਦਿਨ ਦੀ ਦੂਜੀ ਤਾਰੀਖ ਭਾਵ 2 ਹਾੜ ਨੂੰ
ਮੁੱਖ ਰੱਖੀਏ ਤਾਂ ਅਜੇਹੀ ਸਮੱਸਿਆ ਨਹੀਂ ਆਉਂਦੀ। 2 ਹਾੜ ਜੋ 1606 ਈ: ਵਿੱਚ 30 ਮਈ (ਜੂਲੀਅਨ) ਨੂੰ ਆਈ ਸੀ ਅੱਜ ਨਾਨਕ ਸ਼ਾਹੀ ਕੈਲੰਡਰ ਮੁਤਾਬਕ
2 ਹਾੜ ਹਰ ਸਾਲ 16 ਜੂਨ (ਗਰੈਗੋਰੀਅਨ) ਨੂੰ ਆਉਂਦੀ ਹੈ। ਨਾਨਕ ਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ
ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ (16 ਜੂਨ) ਨੂੰ ਹੀ ਹਰ ਸਾਲ ਮਨਾਇਆ ਜਾਂਦਾ ਹੈ। ਪਾਕਿਸਤਾਨ
ਵਿਚ ਵੀ ਨਾਨਕ ਸ਼ਾਹੀ ਕੈਲੰਡਰ ਲਾਗੂ ਹੈ ਇਸ ਲਈ ਉਥੇ ਹਰ ਸਾਲ ਇਹ ਦਿਹਾੜਾ 2 ਹਾੜ (16 ਜੂਨ) ਨੂੰ
ਮਨਾਇਆ ਜਾਂਦਾ ਹੈ ਅਤੇ ਹਰ ਸਾਲ ਵਿਦੇਸ਼ਾਂ ਤੋਂ ਆਉਣ ਵਾਲੇ ਜਥਿਆਂ ਨੂੰ ਇਸੇ ਤਾਰੀਖ ਮੁਤਾਬਕ ਹੀ
ਵੀਜੇ ਦਿੱਤੇ ਜਾਂਦੇ ਹਨ ਅਤੇ ਇਸ ਸਾਲ ਵੀ 8 ਜੂਨ ਤੋਂ 17 ਜੂਨ ਤਾਈ ਵੀਜੇ ਜਾਰੀ ਕੀਤੇ ਗਏ ਹਨ।
ਭਾਵੇ ਸ਼੍ਰੋਮਣੀ ਕਮੇਟੀ ਵੱਲੋਂ ਸੋਧਾਂ ਦੇ
ਨਾਮ ਤੇ ਵਿਗਾੜੇ ਗਏ ਕੈਲੰਡਰ ਨੂੰ 14 ਮਾਰਚ 2010 `ਚ ਲਾਗੂ ਕੀਤਾ ਗਿਆ ਸੀ ਪਰ ਉਸ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ
ਸ਼ਹੀਦੀ ਦਿਹਾੜੇ ਤੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਨੂੰ ਕੋਈ ਸਮੱਸਿਆ ਨਹੀ ਸੀ ਆਈ। ਕਿਉਂਕਿ 2010 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ ਨਾਨਕ ਸ਼ਾਹੀ
ਕੈਲੰਡਰ ਮੁਤਾਬਕ, 2 ਹਾੜ ਨੂੰ ਹੀ ਮਨਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ 2011
ਵਿਚ ਜਾਰੀ ਕੀਤੇ ਗਏ ਕੈਲੰਡਰ `ਚ ਇਹ ਦਿਹਾੜਾ 5
ਜੂਨ ਅਤੇ 2012 ਵਿਚ 25 ਮਈ
ਨੂੰ ਦਰਜ ਹੋਣ ਕਰਕੇ ਦੋਵੇਂ ਸਾਲ ਹੀ ਸ਼੍ਰੋਮਣੀ ਕਮੇਟੀ ਆਪਣਾ ਜਥਾ ਪਾਕਿਸਤਾਨ ਨਹੀ ਭੇਜ ਸਕੀ।
ਪਾਕਿਸਤਾਨ `ਚ ਨਾਨਕ ਸ਼ਾਹੀ ਕੈਲੰਡਰ ਲਾਗੂ ਹੋਣ ਕਾਰਨ, ਪਾਕਿਸਤਾਨੀ
ਸਫਾਰਤਖ਼ਾਨੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਕਿਸੇ ਹੋਰ ਤਾਰੀਖ ਲਈ ਵੀਜੇ ਦੇਣ ਤੋਂ ਇਨਕਾਰ
ਕਰ ਦਿੱਤਾ ਗਿਆ ਸੀ। ਜਦੋਂ ਕਿ ਦਿੱਲੀ ਕਮੇਟੀ ਦੇ ਜਥੇ ਨੂੰ ਵੀਜ਼ਾ ਦੇ ਦਿੱਤਾ ਗਿਆ ਸੀ ਕਿਉਂਕਿ
ਦਿੱਲੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਸੀ। 2013 ਵਿਚ ਦਿੱਲੀ ਕਮੇਟੀ ਨੇ ਵੀ ਧੁਮੱਕੜਸ਼ਾਹੀ ਕੈਲੰਡਰ ਹੀ ਲਾਗੂ ਕਰ ਦਿੱਤਾ ਸੀ ਪਰ ਇਸ ਸਾਲ ਜੇਠ
ਸੁਦੀ 4, 12 ਜੂਨ ਨੂੰ ਹੋਣ ਕਾਰਨ ਕਮੇਟੀ ਦੇ ਜਥੇ ਨੂੰ ਵੀਜ਼ਾ ਮਿਲ ਗਿਆ ਸੀ। ਪਾਕਿਸਤਾਨੀ
ਸਫਾਰਤਖ਼ਾਨੇ ਵੱਲੋਂ ਵੀ ਬਾਹਰੋਂ ਆਉਣ ਵਾਲੇ ਜਥਿਆਂ ਨੂੰ 8 ਜੂਨ ਤੋਂ 18
ਜੂਨ ਤਾਈ ਵੀਜ਼ਾ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦਾ ਜਥਾ ਵੀ 8 ਜੂਨ ਨੂੰ ਰਵਾਨਾ ਹੋਇਆ ਅਤੇ 12 ਜੂਨ ਨੂੰ ਸ਼ਹੀਦੀ ਦਿਹਾੜਾ
ਗੁਰਦਵਾਰਾ ਡੇਹਰਾ ਸਾਹਿਬ (ਲਾਹੌਰ) ਵਿਖੇ ਮਨਾਉਣ ਉਪ੍ਰੰਤ 13 ਜੂਨ ਨੂੰ
ਵਾਪਸ ਆ ਗਿਆ ਸੀ। ਜਦੋਂ ਕੇ ਬਾਕੀ ਜਥੇ 18 ਜੂਨ ਨੂੰ ਵਾਪਸ ਆਏ ਸਨ। ਇਸ ਸਾਲ ਤਾਂ 4 ਦਿਨਾਂ ਦਾ
ਫਰਕ ਹੋਣ ਕਰਕੇ ਅਜੇਹਾ ਸੰਭਵ ਹੋ ਸਕਿਆ ਸੀ। ਪਰ 2014 ਵਿੱਚ 1 ਜੂਨ ਅਤੇ 2015 ਵਿੱਚ 22 ਮਈ ਨੂੰ
ਹੋਣ ਕਾਰਨ ਦੋਵਾਂ ਕਮੇਟੀਆਂ ਦੇ ਜਥਿਆਂ ਨੂੰ ਵੀਜ਼ਾ ਨਹੀਂ ਸੀ ਦਿੱਤਾ ਗਿਆ। ਇਸੇ ਤਰ੍ਹਾਂ ਹੀ ਇਸ
ਸਾਲ ਵੀ (2016) ਬਿਕ੍ਰਮੀ ਕੈਲੰਡਰ ਮੁਤਾਬਕ ਇਹ ਦਿਹਾੜਾ 8 ਜੂਨ ਨੂੰ ਆਉਣ ਕਾਰਨ ਪਾਕਿਸਤਾਨ ਦੇ
ਸਫਾਰਤਖ਼ਾਨੇ ਵੱਲੋਂ ਵੀਜ਼ਾ ਜਾਰੀ ਨਹੀਂ ਕੀਤਾ ਗਿਆ।
ਪਾਕਿਸਤਾਨ ਕਮੇਟੀ ਵੱਲੋਂ ਨਾਨਕ ਸ਼ਾਹੀ
ਕੈਲੰਡਰ ਦੇ ਹੱਕ `ਚ ਲਏ ਗਏ ਸਪੱਸ਼ਟ ਫੈਸਲੇ ਕਾਰਨ ਆਉਣ ਵਾਲੇ ਸਾਲਾਂ ਵਿੱਚ ਵੀ ਸ਼੍ਰੋਮਣੀ
ਕਮੇਟੀ ਨੂੰ ਇਸੇ ਤਰ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ। 2017 ਵਿੱਚ ਬਿਕ੍ਰਮੀ
ਕੈਲੰਡਰ ਮੁਤਾਬਕ ਇਹ ਦਿਹਾੜਾ ਜੇਠ ਸੁਦੀ 4 ਮੁਤਾਬਕ 29 ਮਈ ਨੂੰ ਆਵੇਗਾ। ਸਪੱਸ਼ਟ ਹੈ ਕਿ ਸ਼੍ਰੋਮਣੀ
ਕਮੇਟੀ ਦੇ ਜਥੇ ਨੂੰ ਵੀਜ਼ਾ ਅਗਲੇ ਸਾਲ ਵੀ ਨਹੀਂ ਮਿਲੇਗਾ। ਪਰ 2018 ਵਿੱਚ ਜੇਠ ਦੇ ਹੋ ਮਹੀਨੇ ਹੋਣ
ਕਾਰਨ (ਸਾਲ ਵਿਚ 13 ਮਹੀਨੇ ਹੋਣਗੇ) ਦੂਜੇ ਜੇਠ ਦੀ ਸੁਦੀ 4 , ਜੂਨ 17 ਨੂੰ ਆਉਣ ਕਾਰਨ ਸ਼੍ਰੋਮਣੀ
ਕਮੇਟੀ ਇਸ ਸਾਲ ਆਪਣਾ ਜਥਾ ਭੇਜ ਸਕੇਗੀ। 2019 ਵਿੱਚ ਜੇਠ ਸੁਦੀ 4, 7 ਜੂਨ ਅਤੇ 2020 ਵਿੱਚ 26
ਮਈ ਨੂੰ ਆਵੇਗੀ, ਇਨ੍ਹਾਂ ਸਾਲਾਂ ਵਿਚ ਵੀ ਸ਼੍ਰੋਮਣੀ ਕਮੇਟੀ ਆਪਣਾ ਜਥਾ ਨਹੀਂ ਭੇਜ ਸਕੇਗੀ।
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ
ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੇ ਮੁਤਾਬਕ ਜੇਠ ਸੁਦੀ 4 ਨੂੰ ਮਨਾਉਣ ਦੀ ਕੀ ਸਮੱਸਿਆ ਹੈ ਇਹ ਆਪਾ ਉੱਪਰ ਵੇਖ ਚੁੱਕੇ ਹਾਂ। ਆਉ ਵੇਖੀਏ ਕਿ ਜੇ
ਅਸੀਂ 2 ਹਾੜ ਨੂੰ ਮੁੱਖ ਰੱਖੀਏ ਤਾਂ ਕੀ ਹੋਵੇਗਾ। 2 ਹਾੜ ਸੂਰਜੀ ਬਿਕ੍ਰਮੀ ਦੀ ਤਾਰੀਖ ਹੈ। ਇਸ ਸਾਲ ਦੇ 365 ਦਿਨ
ਹੀ ਹਨ। ਸਾਲ ਦੇ ਦਿਨ ਬਰਾਬਰ ਹੋਣ ਕਾਰਨ 2 ਹਾੜ ਹਰ ਸਾਲ ਸੀ. ਈ ਕੈਲੰਡਰ
ਦੀ ਇਕੋ ਤਾਰੀਖ ਨੂੰ ਹੀ ਆਵੇਗਾ। ਇਥੇ ਇਕ ਹੋਰ ਸਮੱਸਿਆ ਹੈ ਉਹ ਹੈ ਸੂਰਜੀ ਬਿਕ੍ਰਮੀ ਸਾਲ ਦੀ
ਲੰਬਾਈ `ਚ ਲੱਗ ਭੱਗ 20 ਮਿੰਟ ਦਾ ਫਰਕ। ਜਿਸ
ਕਾਰਨ ਇਹ 72 ਸਾਲਾ ਪਿਛੋਂ ਰੁੱਤੀ ਸਾਲ (Tropical Year) ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਸ ਸਮੱਸਿਆ ਦਾ ਹੱਲ ਹੈ ਨਾਨਕਸ਼ਾਹੀ ਕੈਲੰਡਰ। ਨਾਨਕਸ਼ਾਹੀ ਕੈਲੰਡਰ ਦੇ ਸਾਲ
ਦੀ ਲੰਬਾਈ ਹੈ 365.2425 ਦਿਨ ਜੋ ਰੁੱਤੀ ਸਾਲ ਦੀ ਲੰਬਾਈ (365.2422)
ਦੇ ਬਹੁਤ ਹੀ ਨੇੜੇ ਹੈ। ਇਸ ਲੰਬਾਈ ਮੁਤਾਬਕ ਨਾਨਕਸ਼ਾਹੀ ਕੈਲੰਡਰ ਦਾ ਰੁੱਤੀ ਸਾਲ
ਨਾਲ 3300 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। ਹੁਣ ਜਦੋਂ ਅਸੀਂ ਗੁਰੂ
ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਹਾੜ
ਨੂੰ ਮਨਾਉਂਦੇ ਹਾਂ ਤਾਂ ਇਹ ਸਦਾ ਵਾਸਤੇ ਹੀ 16 ਜੂਨ ਨੂੰ ਆਵੇਗਾ।
ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 2003
`ਚ ਲਾਗੂ ਕੀਤਾ ਗਿਆ ਸੀ। ਪਾਕਿਸਤਾਨ ਸਰਕਾਰ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ
ਸਮੇਤ ਸਾਰੀ ਦੁਨੀਆਂ `ਚ ਇਹ ਕੈਲੰਡਰ ਲਾਗੂ ਹੈ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਸ. ਤਾਰਾ ਸਿੰਘ ਅਤੇ ਜਨਰਲ ਸਕੱਤਰ ਸ. ਗੋਪਾਲ ਸਿੰਘ ਚਾਵਲਾ ਨੇ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦੇ 30 ਮਈ ਬਿਆਨ ਤੇ ਅਫ਼ਸੋਸ ਪ੍ਰਗਟ ਕਰਦਿਆਂ ਫੈਸਲੇ 'ਤੇ ਮੁੜ ਵਿਚਾਰ
ਕਰਨ ਅਤੇ ਇਸ ਮਾਮਲੇ ਨੂੰ ਵਕਾਰ ਦਾ ਸਵਾਲ ਨਾ ਬਣਾਉਣ ਦੀ ਬੇਨਤੀ ਕੀਤੀ। ਉਨ੍ਹਾਂ ਸਿੱਖ ਸੰਗਤਾਂ ਨੂੰ
ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਜਿਹੜੀਆਂ ਸੰਗਤਾਂ ਸ਼ਹੀਦੀ ਸਮਾਗਮ ਵਿਚ ਸ਼ਿਰਕਤ ਕਰਨਾ ਚਾਹੁੰਦੀਆਂ
ਹਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦਾ ਦਿਲ ਦੀਆ ਗਹਿਰਾਈਆਂ ਤੋਂ ਪਲਕਾਂ
ਵਿਛਾ ਕੇ ਸੁਆਗਤ ਕਰੇਗੀ। ਇਸ ਅਪੀਲ ਦੇ ਜਵਾਬ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਬਿਆਨ ਦੇ
ਕੇ, “ਪੰਚਮ ਪਾਤਸ਼ਾਹ ਦੇ ਸ਼ਹੀਦੀ ਜੋੜ-ਮੇਲੇ ਸਮੇਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜੱਥਾ
ਨਾ ਭੇਜਣ `ਤੇ ਸ਼੍ਰੋਮਣੀ ਕਮੇਟੀ ਨਹੀਂ ਬਲਕਿ ਪਾਕਿਸਤਾਨ ਸਰਕਾਰ ਜਿੰਮੇਵਾਰ” ਨਵੀਂ ਹੀ ਚਰਚਾ ਛੇੜ
ਦਿੱਤੀ ਹੈ।
ਜਿਵੇਂ ਕਿ ਪਾਠਕ ਉਪਰ ਪੜ੍ਹ ਚੁਕੇ ਹਨ ਕਿ
ਪਾਕਿਸਤਾਨ ਵਿੱਚ 2003 ਤੋਂ ਨਾਨਕ ਸ਼ਾਹੀ ਕੈਲੰਡਰ ਲਾਗੂ ਹੈ। ਜਿਸ ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ (16 ਜੂਨ)
ਨੂੰ ਮਨਾਇਆ ਜਾਂਦਾ ਹੈ। ਇੰਡੀਆ
ਸਮੇਤ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ, ਹਜ਼ਾਰਾ ਦੀ ਗਿਣਤੀ ਵਿਚ ਸਿੱਖ ਸੰਗਤਾਂ ਇਸ ਦਿਹਾੜੇ ਤੇ ਪਾਕਿਸਤਾਨ
ਪੁੱਜਦੀਆਂ ਹਨ। ਜਿਨ੍ਹਾਂ ਦੀ ਸੇਵਾ ਸੰਭਾਲ ਦਾ ਪ੍ਰਬੰਧ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਇਸ ਸਾਲ ਵੀ ਪਾਕਿਸਤਾਨੀ
ਸਫਾਰਤਖ਼ਾਨੇ ਵੱਲੋਂ 8 ਜੂਨ ਤੋਂ 17 ਜੂਨ ਤਾਈ ਸਿੱਖ ਸ਼ਰਧਾਲੂਆਂ ਨੂੰ ਖੁਲ ਦਿਲੀ ਨਾਲ ਵੀਜ਼ੇ ਜਾਰੀ
ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਨੇ ਬਿਨਾਂ ਕਿਸੇ ਕਾਰਨ, ਇਕ ਖਾਸ ਸਿਆਸੀ ਧਿਰ ਦੇ ਹਿੱਤਾਂ ਖਾਤਰ ਨਾਨਕਸ਼ਾਹੀ
ਕੈਲੰਡਰ ਨੂੰ ਰੱਦ ਕਰਕੇ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਵੱਲੋਂ ਆਖਿਆ ਇਹ ਗਿਆ ਹੈ ਕਿ, “ਸ਼੍ਰੋਮਣੀ ਕਮੇਟੀ ਵੱਲੋਂ ਮਾਹਿਰਾਂ ਦੀ ਰਾਏ ਨਾਲ ਤੇ ਸ੍ਰੀ ਅਕਾਲ
ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜੋ ਕੈਲੰਡਰ ਜਾਰੀ ਕੀਤਾ ਜਾਂਦਾ ਹੈ ਉਹ ਹੀ ਸਰਬ ਪ੍ਰਵਾਨਿਤ ਕੈਲੰਡਰ
ਹੈ”। ਮੈਨੂੰ ਇਹ ਲਿਖਣ ਵਿਚ ਕੋਈ ਝਿਜਕ ਨਹੀਂ ਹੈ ਕਿ ਸ. ਅਵਤਾਰ ਸਿੰਘ
ਮੱਕੜ ਦਾ ਇਹ ਬਿਆਨ ਤੱਥਾ ਤੋਂ ਹੀਣਾ ਹੈ।
ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ 9 ਮਾਰਚ 2015 ਨੂੰ ਪੰਜ ਸਿੰਘ ਸਾਹਿਬ ਨੇ ਆਪਣੀ ਇਕ ਇਕੱਤਰਤਾ ਵਿੱਚ,
ਸ਼੍ਰੋਮਣੀ ਕਮੇਟੀ ਨੂੰ, ਨਾਨਕਸ਼ਾਹੀ ਕੈਲੰਡਰ ਦੇ ਵਿਵਾਦ
ਨੂੰ ਹਲ ਕਰਨ ਲਈ 18 ਮੈਂਬਰੀ ਕਮੇਟੀ ਦਾ ਗਠਨ ਕਰਨ ਅਤੇ ਇਸ ਕਮੇਟੀ ਨੂੰ ਆਪਣੀ
ਰਿਪੋਰਟ ਪੋਹ ਦੀ ਸੰਗਰਾਦ ਤਾਈ ਦੇਣ ਦਾ ਹੁਕਮ ਵੀ ਕੀਤਾ ਸੀ। ਇਸ ਸਮੇਂ ਦੌਰਾਨ ਨਾ ਤਾਂ ਕੋਈ ਕਮੇਟੀ ਬਣੀ ਸੀ ਅਤੇ ਨਾ ਹੀ
ਕੋਈ ਰਿਪੋਟ ਆਈ ਸੀ। ਤਾਂ ਅਵਤਾਰ ਸਿੰਘ ਮੱਕੜ ਨੇ ਕਿਸ ਅਧਾਰ ਤੇ ਇਹ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਾਹਿਰਾਂ ਦੀ ਰਾਏ ਨਾਲ ਇਹ ਕੈਲੰਡਰ ਜਾਰੀ ਕੀਤਾ
ਗਿਆ ਹੈ? ਉਪ੍ਰੋਕਤ ਚਰਚਾ ਤੋਂ ਸਹਿਜੇ ਹੀ ਇਸ ਨਤੀਜੇ ਤੇ ਪੁੱਜਿਆ ਜਾ ਸਕਦਾ ਹੈ ਕਿ ਗੁਰੂ ਅਰਜਨ
ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਪਾਕਿਸਤਾਨ ਦਾ ਵੀਜ਼ਾ ਨਾ ਮਿਲਣ
ਲਈ ਕੋਈ ਹੋਰ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਖ਼ੁਦ ਜਿੰਮੇਵਾਰ ਹੈ।