Wednesday, September 7, 2016

ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ

ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ
ਸਰਵਜੀਤ ਸਿੰਘ ਸੈਕਰਾਮੈਂਟੋ
ਨਿਊਯਾਰਕ ਤੋਂ ਛਪਦੀ ਹਫਤਾਵਾਰੀ ਅਖ਼ਬਾਰ ਪੰਜਾਬੀ ਰਾਈਟਰ ਵੀਕਲੀ (31 ਅਸਗਤ-1 ਸਤੰਬਰ) ਦੇ ਪੰਨਾ 25 ਉਪਰ ਰਘਬੀਰ ਸਿੰਘ ਮਾਨਾਂਵਾਲੀ ਦਾ ਲੇਖ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਛਪਿਆ ਸੀ। ਜਿਸ ਵਿਚ ਲੇਖਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਹਾਸ ਅਤੇ ਸਿਧਾਂਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਉਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਤਾਰੀਖ ਬਾਰੇ ਵੀ ਸਵਾਲ ਕੀਤਾ ਹੈ। ਲੇਖਕ ਲਿਖਦਾ ਹੈ, “ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਤਾਰੀਖ ਕਿਹੜੀ ਸੀ? ਆਓ ਇਸ ਬਾਰੇ ਵਿਚਾਰ ਕਰੀਏ।
ਇਤਿਹਾਸਿਕ ਵਸੀਲਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਵੱਲੋਂ ਜੋ ਬੀੜ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਗਈ ਸੀ ਉਸ ਦੀ ਸੰਪੂਰਨਤਾ ਭਾਂਦੋ ਵਦੀ ਏਕਮ, 1 ਭਾਂਦੋ ਸੰਮਤ 1661 ਬਿਕ੍ਰਮੀ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਅਸਥਾਨ 'ਤੇ ਹੋਈ ਸੀ। ਇਸ ਪਾਵਨ ਬੀੜ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ, ਭਾਂਦੋ ਸੁਦੀ ਏਕਮ, 17 ਭਾਂਦੋ ਸੰਮਤ 1661 ਬਿਕ੍ਰਮੀ ਦਿਨ ਵੀਰਵਾਰ ਨੂੰ ਕੀਤਾ ਗਿਆ ਸੀ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਤਾਰੀਖ ਭਾਂਦੋ ਸੁਦੀ ਏਕਮ, 17 ਭਾਂਦੋ ਸੰਮਤ 1661 ਬਿਕ੍ਰਮੀ ਬਾਰੇ ਕੋਈ ਮਤਭੇਦ ਨਹੀ ਹੈ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਲੇਖਕ ਨੂੰ ਇਹ ਸਵਾਲ ਕਰਨ ਦੀ ਲੋੜ ਕਿਓ ਪਈ? ਇਸ ਦਾ ਕਾਰਨ ਇਹ ਹੈ ਕਿ ਇਸ ਸਾਲ (2016 ਈ:) ਇਹ ਦਿਹਾੜਾ ਮਨਾਉਣ ਸਬੰਧੀ ਪੈਦਾ ਹੋਇਆ ਵਿਵਾਦ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਵਿੱਚ, ਜਿਸ ਨੂੰ ਉਹ ਨਾਨਕਸ਼ਾਹੀ ਕੈਲੰਡਰ ਹੀ ਕਹਿੰਦੇ ਹਨ ਪਰ ਅਸਲ ਵਿੱਚ ਹੈ ਉਹ ਬਿਕ੍ਰਮੀ ਕੈਲੰਡਰ, ਇਸ ਦਿਹਾੜੇ ਦੀ ਤਾਰੀਖ 2 ਸਤੰਬਰ ਦਰਜ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਦਿਹਾੜਾ 17 ਭਾਂਦੋ/1 ਸਤੰਬਰ ਨੂੰ ਹੀ ਮਨਾਇਆ ਗਿਆ ਹੈ। ਲੇਖਕ ਦਾ ਇਹ ਲਿਖਣਾ ਕਿ, “ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਪਹਿਲੇ ਪ੍ਰਕਾਸ਼ ਦੀ ਮਿਤੀ 16 ਅਗਸਤ 1604 ਈਸਵੀ ਸੀ। ਜਦੋਂ  ਸੰਨ 2003 ਈਸਵੀ ਵਿੱਚ ਅਕਾਲ ਤਖ਼ਤ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਤਾਂ ਵਿਦਵਾਨਾਂ ਨੇ ਸੋਚ-ਵਿਚਾਰ ਕੇ ਇਕ ਸਤੰਬਰ ਤਹਿ ਕੀਤੀ” ਠੀਕ ਨਹੀਂ ਹੈ। ਇਸ ਤੋਂ ਪਾਠਕਾਂ ਤੇ ਇਹ ਪ੍ਰਭਾਵ ਪੈਂਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖ ਬਦਲ ਦਿੱਤੀ ਗਈ। ਜਦੋਂ ਕਿ ਇਸ ਦਾ ਅਸਲ ਕਾਰਨ ਕੁਝ ਹੋਰ ਹੈ।
ਜਿਵੇ ਕਿ ਪਹਿਲਾ ਲਿਖਿਆ ਜਾ ਚੁੱਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ, ਭਾਂਦੋ ਸੁਦੀ ਏਕਮ, 17 ਭਾਂਦੋ ਸੰਮਤ 1661 ਬਿਕ੍ਰਮੀ ਦਿਨ ਵੀਰਵਾਰ ਨੂੰ ਕੀਤਾ ਗਿਆ ਸੀ। ਉਸ ਵੇਲੇ ਦੇ ਪ੍ਰਚਲਤ ਕੈਲੰਡਰਾਂ ਮੁਤਾਬਕ ਤਾਰੀਖ ਦੋ ਤਰ੍ਹਾਂ ਲਿਖੀ ਜਾਂਦੀ ਸੀ। ਪਹਿਲੀ ਤਾਰੀਖ (ਭਾਂਦੋ ਸੁਦੀ ਏਕਮ) ਚੰਦ ਦੇ ਕੈਲੰਡਰ ਦੀ ਤਾਰੀਖ ਹੈ ਅਤੇ ਦੂਜੀ ਤਾਰੀਖ (17 ਭਾਂਦੋ) ਸੂਰਜੀ ਕੈਲੰਡਰ ਦੀ ਤਾਰੀਖ ਹੈ। ਅੰਗਰੇਜਾਂ ਦੇ ਆਉਣ ਤੋਂ ਪਿਛੋਂ ਜਦੋ ਜੂਲੀਅਨ ਕੈਲੰਡਰ ਵਿੱਚ ਤਾਰੀਖਾਂ ਲਿਖਣ ਦਾ ਰਿਵਾਜ ਅਰੰਭ ਹੋਇਆ ਤਾਂ ਇਸੇ ਤਾਰੀਖ ਨੂੰ 16 ਅਗਸਤ 1604 ਈ: ਲਿਖਿਆ ਗਿਆ। ਫਰਜ਼ ਕਰੋ ਕਿ ਇੰਗਲੈਂਡ ਵੀ ਜੂਲੀਅਨ ਕੈਲੰਡਰ `ਚ ਹੋਈ ਸੋਧ ਨੂੰ 1582 ਈ: ਵਿਚ ਹੀ ਮਾਨਤਾ ਦੇ ਦਿੰਦਾ ਤਾਂ ਇਹ ਤਾਰੀਖ ਗਰੈਗੋਰੀਅਨ ਕੈਲੰਡਰ ਵਿੱਚ 26 ਅਗਸਤ 1604 ਈ: ਲਿਖੀ ਜਾਣੀ ਸੀ। ਨਾਨਕਸ਼ਾਹੀ ਕੈਲੰਡਰ ਵਿੱਚ ਵਦੀ-ਸੁਦੀ ਦੀ ਥਾਂ ਪ੍ਰਵਿਸ਼ਟਿਆਂ ਨੂੰ ਪ੍ਰਮੁੱਖ ਰੱਖਿਆ ਗਿਆ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 17 ਭਾਦੋਂ ਨੂੰ ਮੁਖ ਰੱਖਿਆ ਗਿਆ ਹੈ। 17 ਭਾਦੋਂ ਨਾਨਕਸ਼ਾਹੀ ਕੈਲੰਡਰ ਵਿੱਚ ਹਰ ਸਾਲ 1 ਸਤੰਬਰ ਨੂੰ ਆਵੇਗੀ।


ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ 2003 ਈ: ਵਿੱਚ ਲਾਗੂ ਕੀਤਾ ਗਿਆ ਸੀ। ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਇਸ ਨੂੰ ਪ੍ਰਵਾਨ ਕਰ ਲਿਆ ਸੀ। ਅਚਾਨਕ ਹੀ 17 ਅਕਤੂਬਰ 2009 ਈ: ਨੂੰ ਇਹ ਖ਼ਬਰ ਆ ਗਈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕੀਤੀ ਜਾ ਰਹੀ ਹੈ। ਕੈਲੰਡਰ ਵਿੱਚ ਸੋਧ ਲਈ ਸੁਝਾਓ ਦੇਣ ਵਾਸਤੇ ਦੋ ਮੈਂਬਰੀ ਕਮੇਟੀ ਬਣਾ ਗਈ ਜਿਸ `ਚ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਸ਼ਾਮਲ ਸਨ। ਇਸ ਦੋ ਮੈਂਬਰੀ ਕਮੇਟੀ ਨੇ ਚਾਰ ਦਿਹਾੜੇ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਤੇ ਜੋਤੀ ਜੋਤ ਦਿਹਾੜਾ, ਅਤੇ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦਿਵਸ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਭਾਵ ਵਦੀ-ਸੁਦੀ ਮੁਤਾਬਕ ਮਨਾਉਣ ਅਤੇ ਮਹੀਨੇ ਦੇ ਅਰੰਭ ਦੀ ਤਾਰੀਖ (ਸੰਗਰਾਦ) ਨੂੰ ਸੂਰਜ ਦੇ ਰਾਸ਼ੀ ਬਦਲੀ ਕਰਨ ਦੀ ਤਾਰੀਖ ਨਾਲ ਨੱਥੀ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ। ਭਾਵੇ  ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨਹੀ ਸੀ ਬਦਲੀ ਗਈ ਤਾਂ ਵੀ 2011 ਅਤੇ 2014 ਵਿੱਚ ਇਹ ਦਿਹਾੜਾ 16 ਭਾਂਦੋ/ 1 ਸਤੰਬਰ ਨੂੰ ਆਇਆ ਸੀ। ਇਸ ਦਾ ਕਾਰਨ ਇਹ ਸੀ ਬਿਕ੍ਰਮੀ ਕੈਲੰਡਰ ਮੁਤਾਬਕ ਭਾਂਦੋ ਦੀ ਸੰਗਰਾਂਦ 17 ਅਗਸਤ ਨੂੰ ਆਈ ਸੀ। 2010, 12 ਅਤੇ 13 ਈ ਵਿੱਚ ਇਹ ਦਿਹਾੜਾ 17 ਭਾਂਦੋ/1 ਸਤੰਬਰ ਨੂੰ ਹੀ  ਆਇਆ ਸੀ। 2015 ਈ: ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮਾਰਚ ਮਹੀਨੇ `ਚ ਜਾਰੀ ਕੀਤੇ ਗਏ ਕੈਲੰਡਰ ਵਿੱਚ ਇਹ ਦਿਹਾੜਾ 16 ਭਾਂਦੋ/ 1 ਸਤੰਬਰ  ਦਾ ਦਰਜ ਸੀ। ਪਰ ਅਪ੍ਰੈਲ ਵਿਚ ਜਾਰੀ ਕੀਤੇ ਗਏ ਕੈਲੰਡਰ ਵਿੱਚ ਇਹ ਦਿਹਾੜਾ 29 ਭਾਦੋਂ ਦਾ ਦਰਜ ਸੀ ਜੋ 14 ਸਤੰਬਰ ਬਣਦੀ ਹੈ। ਇਸ ਤਾਰੀਖ ਭਾਵ 14 ਸਤੰਬਰ ਦਾ ਜਿਕਰ ਲੇਖਕ ਨੇ ਆਪਣੇ ਲੇਖ ਵਿੱਚ ਵੀ ਕੀਤਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਅਪ੍ਰੈਲ 2015 ਈ: ਵਿੱਚ ਜਾਰੀ ਕੈਲੰਡਰ ਵਿੱਚ ਇਹ ਤਾਰੀਖ ਚੰਦ ਦੇ ਕੈਲੰਡਰ ਮੁਤਾਬਕ ਭਾਦੋਂ ਸੁਦੀ ਏਕਮ ਮੁਤਾਬਕ ਦਰਜ ਕੀਤੀ ਸੀ। 2016 ਈ: ਦੇ ਕੈਲੰਡਰ ਵਿੱਚ ਤਾਂ ਸਾਰੀਆਂ ਤਾਰੀਖਾਂ ਹੀ ਚੰਦ ਦੇ ਕੈਲੰਡਰ ਮੁਤਾਬਕ, ਜਿਸ ਦੇ ਸਾਲ ਦੇ ਦਿਨ 354 ਹੁੰਦੇ ਹਨ, ਦਰਜ ਕੀਤੀਆਂ ਗਈਆਂ ਹਨ। ਇਸ ਲਈ ਇਹ ਦਿਹਾੜਾ 2 ਸਤੰਬਰ ਨੂੰ ਆਇਆ ਸੀ। ਜੇ ਸ਼੍ਰੋਮਣੀ ਕਮੇਟੀ ਨੇ ਆਉਣ ਵਾਲੇ ਸਾਲਾਂ ਵਿੱਚ ਵੀ ਚੰਦ ਦੇ ਕੈਲੰਡਰ ਮੁਤਾਬਕ ਹੀ ਕੈਲੰਡਰ ਛਾਪਿਆ ਤਾਂ, ਗੁਰੂ ਗ੍ਰੰਥ ਸਾਹਿਬ ਦੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 2017 ਈ: ਵਿੱਚ 22 ਅਗਸਤ, 18 ਵਿੱਚ 10 ਸਤੰਬਰ, 19 ਵਿੱਚ 31 ਅਗਸਤ  ਅਤੇ 2020 ਵਿੱਚ 19 ਅਗਸਤ ਨੂੰ ਆਵੇਗਾ। ਹੁਣ ਫੈਸਲਾ ਸਿੱਖ ਸੰਗਤਾਂ ਨੇ ਕਰਨਾ ਹੈ ਕਿ ਅਸੀਂ ਹਰ ਸਾਲ ਇਹ ਜਾਨਣ ਲਈ ਕਿ ਗੁਰੂ ਗ੍ਰੰਥ ਸਾਹਿਬ ਦੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਕਿੰਨੀ ਤਾਰੀਖ ਨੂੰ ਆਵੇਗਾ, ਪੰਡਤ ਦੇਵੀ ਦਿਆਲ ਐਡ ਸੰਜ਼ ਵੱਲੋਂ ਬਣਾਈ ਗਈ “ਮੁਫੀਦ ਆਲਮ ਜੰਤਰੀ” ਉਡੀਕਣੀ ਹੈ ਜਾਂ ਨਾਨਕਸ਼ਾਹੀ ਕੈਲੰਡਰ ਨੂੰ ਅਪਣਾਉਣਾ ਹੈ ਜਿਸ ਮੁਤਾਬਕ ਇਹ ਦਿਹਾੜਾ 17 ਭਾਂਦੋ, ਸਦਾ ਵਾਸਤੇ 1 ਸਤੰਬਰ ਨੂੰ ਹੀ ਆਵੇਗਾ।