ਨੋਟ:- ਇਹ ਪੱਤਰ ਡਾ ਹਰਭਜਨ
ਸਿੰਘ (ਨਿਰਦੇਸ਼ਕ, ਡਾ ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਨੂੰ ਈ ਮੇਲ (drhbnsingh@gmail.com) ਰਾਹੀ 29 ਮਈ 2016
ਨੂੰ ਭੇਜਿਆ ਗਿਆ ਸੀ। ਜਵਾਬ ਨਾ ਆਉਣ ਤੇ 19 ਜੂਨ 2016 ਨੂੰ ਇਕ ਯਾਦ ਪੱਤਰ ਭੇਜਿਆ ਗਿਆ ਸੀ। ਜਿਸ ਦਾ ਅੱਜ ਤਾਂਈ
ਜਵਾਬ ਨਹੀਂ ਆਇਆ। ਹੁਣ ਇਸ ਪੱਤਰ ਨੂੰ ‘ਸਿੱਖ ਮਾਰਗ’ ਰਾਹੀ ਜੰਤਕ ਕੀਤਾ ਜਾਂਦਾ ਹੈ। ਜੇ
ਕੋਈ ਪਾਠਕ ਡਾ ਹਰਭਜਨ ਸਿੰਘ ਨੂੰ ਜਾਣਦਾ ਹੋਵੇ ਤਾਂ ਇਸ ਪੱਤਰ ਨੂੰ ਉਨ੍ਹਾਂ ਤਾਂਈ ਪੁਜਦਾ ਕਰ
ਦੇਵੇ। ਡਾ ਹਰਭਜਨ ਸਿੰਘ ਨੂੰ ਵੀ ਬੇਨਤੀ ਹੈ ਕਿ ਜੇ ਉਹ ਕੁਝ ਕਹਿਣਾ ਚਾਹੁੰਦੇ ਹੋਣ ਤਾਂ ਸਿੱਖ
ਮਾਰਗ ਨੂੰ (info@sikhmarg.com)
ਲਿਖਤੀ ਰੂਪ ਵਿੱਚ ਭੇਜਣ ਤਾਂ ਜੋ ਅੱਗੋਂ ਵਿਚਾਰ ਕੀਤੀ ਜਾ ਸਕੇ।
ਡਾ. ਹਰਭਜਨ
ਸਿੰਘ ਦੇ ਨਾਮ ਇਕ ਪੱਤਰ
ਡਾ. ਹਰਭਜਨ ਸਿੰਘ
ਜੀ,
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਵਿਸ਼ਾ- ਰਾਗਮਾਲਾ
ਮਿਤੀ:- 29 ਮਈ 2016
ਡਾ. ਹਰਭਜਨ ਸਿੰਘ
ਜੀ, ਜਿਵੇਂ ਕਿ ਆਪ ਜੀ ਜਾਣਦੇ ਹੀ ਹੋ ਕਿ 2012 ਈ: ਵਿਚ ਮੈਂ ਇਕ ਲੇਖ “ਰਾਗਮਾਲਾ ਦਾ ਸਰੋਤ” ਲਿਖਿਆ
ਸੀ। ਇਹ ਲੇਖ ਮੈਂ
ਆਪਣੇ ਸਾਰੇ ਸੱਜਣਾ ਨੂੰ ਭੇਜਿਆ ਸੀ। ਮੇਰੇ ਸੱਜਣਾ ਦੀ ਸੂਚੀ ਵਿੱਚ ਡਾ. ਹਰਪਾਲ ਸਿੰਘ ਪੰਨੂ ਜੀ ਦਾ
ਨਾਮ/ਪਤਾ ਵੀ ਦਰਜ ਹੈ। ਇਸ ਲਈ ਉਹ ਲੇਖ ਉਨ੍ਹਾਂ ਨੂੰ ਵੀ ਪਹੁੰਚਿਆ ਸੀ। ਡਾ. ਪੰਨੂ ਜੀ ਨੇ ਉਹ ਲੇਖ,
ਅੱਗੋਂ ਆਪ ਜੀ ਨੂੰ ਭੇਜ ਦਿੱਤਾ ਸੀ। ਜਦੋਂ ਕਾਫੀ ਦੇਰ ਆਪ ਜੀ ਦਾ ਕੋਈ ਜਵਾਬ ਨਹੀ ਆਇਆ ਤਾਂ ਮੈਂ
ਆਪ ਨੂੰ ਯਾਦ ਵੀ ਕਰਵਾਇਆ ਸੀ। (ਜਿਸ ਦਾ ਜ਼ਿਕਰ ਤੁਸੀਂ ਆਪਣੇ ਲੇਖ ਵਿੱਚ ਵੀ ਕੀਤਾ ਹੈ)
ਪਿਛਲੇ ਦਿਨੀਂ ਮੈਂ
ਇਕ ਲੇਖ, ਰਹਿਤ ਮਰਯਾਦਾ ਸਬੰਧੀ ਲਿਖਿਆ ਸੀ ਜਿਸ ਵਿੱਚ ਰਾਗਮਾਲਾ ਦਾ ਜ਼ਿਕਰ ਖਾਸ ਤੌਰ ਤੇ ਕੀਤਾ ਗਿਆ
ਸੀ। ਉਹ ਲੇਖ ਵੀ ਈ-ਮੇਲ ਰਾਹੀ ਡਾ. ਹਰਪਾਲ ਸਿੰਘ ਜੀ ਨੂੰ ਵੀ ਭੇਜਿਆ ਸੀ। ਜਿਸ ਦੇ ਜਵਾਬ ਵਿੱਚ
ਉਨ੍ਹਾਂ ਨੇ, ਤੁਹਾਡਾ ਲੇਖ “ਰਾਗਮਾਲਾ ਦਾ ਵਿਵਾਦ-ਪੁਨਰ ਸਮੀਖਿਆ” ਭੇਜਿਆ ਹੈ। ਇਸ ਲੇਖ ਵਿੱਚ ਆਪ ਜੀ ਨੇ ਡਾ. ਹਰਜਿੰਦਰ
ਸਿੰਘ ਦਿਲਗੀਰ, ਸ. ਮਦਨ ਸਿੰਘ ਅਤੇ ਸ. ਮਹਿੰਦਰ ਸਿੰਘ ਜੋਸ਼ ਦੇ ਨਾਲ-ਨਾਲ ਮੇਰਾ ਵੀ ਜ਼ਿਕਰ ਕੀਤਾ
ਹੈ।
ਡਾ. ਹਰਭਜਨ ਸਿੰਘ
ਜੀ, ਆਪ ਜੀ ਨੇ ਮੇਰੀ ਲਿਖਤ ਵਿਚ ਵਿਆਕਰਣ ਦੀਆਂ ਗਲਤੀਆਂ ਕੱਢਣ ਦੇ ਨਾਲ-ਨਾਲ ਮੇਰੀ ਵਿਦਿਅਕ ਯੋਗਤਾ
ਦੀ ਵੀ ਪਰਖ ਕੀਤੀ ਹੈ। ਆਪ ਦੇ ਬਚਨ, “ਇਨ੍ਹਾਂ ਦੀ ਲਿਖਿਤ ਨੂੰ ਵਾਚ ਕੇ ਇਹ
ਅੰਦਾਜ਼ ਕਰਨਾ ਮੁਸ਼ਕਿਲ ਨਹੀਂ ਕਿ ਲੇਖਕ ਜੀ ਦਸਵੀਂ ਪਾਸ ਹੀ ਹੋ ਸਕਦੇ ਹਨ, ਕਿਉਂਕਿ ਉਹ ਠੀਕ ਪੰਜਾਬੀ ਲਿਖਣ ਦੀ ਯੋਗਤਾ ਤੋਂ ਵੀ ਵੰਚਿਤ
ਹਨ”। ਡਾ. ਹਰਭਜਨ ਸਿੰਘ ਜੀ ਇਹ ਜਾਣਕਾਰੀ ਦਿਓ ਕਿ ਕੀ
ਮੈਂ ਆਪ ਨੂੰ ਨੌਕਰੀ ਲਈ ਅਰਜ਼ੀ ਦਿੱਤੀ ਸੀ ਕਿ ਆਪ ਜੀ ਮੇਰੀ ਵਿਦਿਅਕ ਯੋਗਤਾ ਦੀ ਪਰਖ ਕਰ ਰਹੇ ਹੋ
ਜਾਂ ਕੀ ਆਪ ਦਾ ਵਿਦਿਆਰਥੀ ਹੋਣ ਨਾਤੇ, ਮੈਂ ਪੰਜਾਬੀ ਦਾ ਪੇਪਰ ਦਿੱਤਾ ਸੀ, ਜੋ ਆਪ ਜੀ ਵਿਆਕਰਣ ਦੀਆਂ ਗਲਤੀਆਂ ਕੱਢ ਰਹੇ ਹੋ?
ਆਪ ਜੀ ਲਿਖਦੇ ਹੋ, “ਇਸ ਵਿਸ਼ੈ ਉਤੇ ਕੁਝ ਲਿਖਣਾ
ਸਕਾਰਥ ਤਾਂ ਹੀ ਕਿਹਾ ਜਾਂ ਮੰਨਿਆ ਜਾ ਸਕਦਾ ਸੀ, ਜੇ ਲੇਖਕ ਪਾਠਕਾਂ ਨਾਲ ਕੁਝ ਨਵੇਂ ਤਥ, ਜਾਂ ਪੁਰਾਣੇ ਤਥ ਹੀ ਵਿਵਸਥਿਤ ਢੰਗ ਨਾਲ ਸਾਂਝੇ ਕਰਨ ਦਾ ਪ੍ਰਯਤਨ ਕਰਦਾ।
ਪਰ ਲੇਖਕ ਜੀ ਪਾਸ ਆਪਣੇ ਪੂਰਵਜ ਭਸੌੜੀਆਂ ਜਿਤਨੀ ਵੀ ਯੋਗਤਾ ਨਜ਼ਰ ਨਹੀਂ ਆਉਂਦੀ। ਉਹ ਸ਼ਾਇਦ ਸਮਝ
ਬੈਠੇ ਹਨ ਕਿ 'ਮਾਧਵਨਲ ਕਾਮਕੰਦਲਾ'
ਦੀ ਕਹਾਣੀ ਪਹਿਲੀ ਵਾਰ ਉਨ੍ਹਾਂ ਦੇ ਹੀ ਧਿਆਨ ਵਿਚ ਆਈ ਹੈ, ਜਦੋਂ ਕਿ ਉਹ ਸ਼ਾਇਦ ਜਾਣਦੇ ਨਹੀਂ ਕਿ ਇਸ ਸਾਹਿਤਿਕ ਕ੍ਰਿਤੀ ਦਾ ਰਾਗਮਾਲਾ ਦੇ ਵਿਰੋਧੀ
ਅਤੇ ਹਿਮਾਇਤੀ ਪਹਿਲਾਂ ਵੀ ਗੰਭੀਰ ਮੰਥਨ ਕਰ ਚੁਕੇ ਹਨ”।
ਡਾ ਹਰਭਜਨ ਸਿੰਘ ਜੀ
ਮੈਂ ਇਹ ਕਿਥੇ ਲਿਖਿਆ ਹੈ ਕਿ ਰਾਗਮਾਲਾ ਦੇ ਵਿਵਾਦ ਬਾਰੇ ਇਹ ਸਭ ਤੋਂ ਪਹਿਲੀ ਲਿਖਤ ਹੈ? ਕੀ ਆਪ ਜੀ
ਇਹ ਦਾਵਾ ਕਰ ਸਕਦੇ ਹੋ ਕਿ ਜੋ ਤੁਸੀਂ ਆਪਣੇ ਇਸ ਲੇਖ ਵਿੱਚ ਲਿਖਿਆ ਹੈ ਉਹ ਪਹਿਲਾ ਕਦੇ, ਕਿਸੇ ਨੇ
ਨਹੀਂ ਲਿਖਿਆ ਜਾਂ ਕਿਤੇ ਨਹੀਂ ਛਪਿਆ? ਜੇ ਮੈਂ ਵੀ ਤੁਹਾਡੇ ਵਾਗ, ਆਪਣੇ ਲੇਖ ਨਾਲ ਰਾਗਾਂ, ਰਾਗਾਂ
ਦੀਆਂ ਪਤਨੀਆਂ, ਪੁੱਤਰਾਂ, ਨੂੰਹਾਂ ਅਤੇ ਧੀਆਂ ਦੇ ਨਾਮ ਵਾਲੇ ਨਕਸ਼ਿਆਂ ਦੀ ਕਿਤਿਉਂ ਕਾਪੀ ਕਰਕੇ
ਪੇਸਟ ਕਰ ਦਿੰਦਾ ਤਾਂ ਕੀ ਇਹ ਨਵੀਂ ਖੋਜ ਬਣ ਜਾਣੀ ਸੀ? (ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ)
ਸ. ਮਹਿੰਦਰ
ਸਿੰਘ ਜੋਸ਼ ਸਬੰਧੀ ਆਪ ਜੀ ਲਿਖਦੇ ਹੋ, “ਰਾਗਮਾਲਾ ਦੀ ਨਿੰਦਿਆ ਵਾਸਤੇ ਇਕ ਅਤਿ ਨਿਖਿਧ ਟ੍ਰੈਕਟ ‘ਖੱਸ਼ਟ
ਰਾਗ ਕਿਨ ਗਾਏ?' ਮਹਿੰਦਰ ਸਿੰਘ 'ਜੋਸ਼', ਜਿਸ ਨੂੰ ਨਾਮ-ਨਿਹਾਦ ਵਿਦਵਾਨ ਹਰਜਿੰਦਰ ਸਿੰਘ 'ਦਿਲਗੀਰ' ਮਿਸ਼ਨਰੀਆਂ ਦੇ ਬਾਪ ਦੀ ਪਦਵੀ ਦੇਂਦਾ ਹੈ, ਦੀ ਲਿਖੀ ਹੋਈ ਹੈ।... ਹੋਰ ਮਿਸ਼ਨਰੀਆਂ ਵਾਂਗ 'ਜੋਸ਼' ਨੂੰ ਵੀ ਅਕਾਲ-ਪੁਰੁਖ਼ ਨੇ ਪੰਜਾਬੀ
ਲਿਖਣ-ਪੜ੍ਹਣ ਦੀ ਸੂਝ ਬਹੁਤ ਕਿਰਸ ਕਰ ਕੇ, ਬੜੇ ਸਰਫ਼ੇ ਸਹਿਤ ਦਿਤੀ ਸੀ.. ਇਸੇ ਲਈ
ਉਹ ਅਸ਼ਟ ਨੂੰ ਅੱਸ਼ਟ, ਨੂੰਹ ਨੂੰ ਨਹੁੰ, ਜਿਲਦ ਨੂੰ ਜਿੱਲਦ, ਅਧਿਐਨ ਨੂੰ ਅਧਿਆਨ, ਦਕ੍ਸ਼ਣਾ ਜਾਂ ਦਖਣਾ ਨੂੰ ਦਖਸ਼ਣਾ, ਮਸਤ ਨੂੰ ਮੱਸਤ, ਇਲਾਵਾ ਨੂੰ ਅਲਾਵਾ, ਜ਼ਿਕਰ ਨੂੰ ਜ਼ਿੱਕਰ, ਅਰਕ ਨੂੰ ਅੱਰਕ, ਲਿਖਣਾ ਨੂੰ ਲਿੱਖਣਾ, ਉਪਾਖਯ੍ਨਾਨ ਨੂੰ ਪਖਯ੍ਨਨ, ਆਲੋਚਨਾ ਨੂੰ ਅਲੋਚਨਾ ਲਿਖਣ ਦੀ ਹੀ
ਯੋਗਤਾ ਰਖਦਾ ਸੀ। ਜਿਸ ਦੀ ਆਪਣੀ ਯੋਗਤਾ ਪੰਜਵੀਂ ਦੀ
ਪੰਜਾਬੀ ਪਾਸ ਵੀ ਨਹੀਂ, ਉਸ ਨੇ ਸਵਾਲ ਕੀਤਾ ਹੈ ਕਿ 'ਖੱਸ਼ਟ ਰਾਗ ਕਿਨ ਗਾਏ” ?
ਡਾ ਹਰਭਜਨ ਸਿੰਘ ਜੀ,
ਕੀ ਇਸ ਤਰ੍ਹਾਂ ਲਿਖਣਾ ਆਪ ਜੀ ਵਰਗੇ, ਦੁਨਿਆਵੀ ਡਿਗਰੀਆਂ ਨਾਲ ਸ਼ਿੰਗਾਰੇ ਹੋਏ ਵਿਦਵਾਨ ਨੂੰ ਸੋਭਾ
ਦਿੰਦਾ ਹੈ? ਵਿਚਾਰ ਚਰਚਾ ਵਿਚ ਵਿਸ਼ਾ, ਭਾਵਨਾ ਅਤੇ ਸੁਹਿਰਦਤਾ ਵੇਖੀ ਜਾਂਦੀ ਹੈ ਨਾ ਕਿ ਵਿਆਕਰਣ
ਜਾਂ ਡਿਗਰੀਆਂ। ਕੀ ਆਪ ਨੂੰ, ਸ. ਮਹਿੰਦਰ ਸਿੰਘ ਜੋਸ਼ ਦਾ ਸਵਾਲ,
“ਖੱਸ਼ਟ ਰਾਗ ਕਿਨ ਗਾਏ” ਸਮਝ ਆਇਆ ਹੈ ਜਾਂ ਨਹੀਂ? ਜੇ ਸਵਾਲ ਸਮਝ ਆ ਗਿਆ ਹੈ ਤਾਂ ਸਵਾਲ ਦਾ ਜਵਾਬ
ਲਿਖੋ, ਜੇ ਨਹੀਂ ਤਾਂ ਇਹ ਲਿਖੋ ਕਿ ਮੈਨੂੰ ਸਵਾਲ ਸਮਝ ਨਹੀਂ ਆਇਆ।
ਆਉ! ਲਗਦੇ ਹੱਥ ਤੁਹਾਡੀ
ਲਿਖਤ ਦੀ ਪਰਖ ਵੀ ਕਰ ਲੈਂਦੇ ਹਾਂ। ਆਪ ਨੇ ਆਪਣੇ ਲੇਖ ਦੇ ਅਖੀਰ ਵਿੱਚ ਕੁਝ ਨਕਸ਼ੇ ਦਿੱਤੇ ਹਨ।
ਜਿਨ੍ਹਾਂ ਵਿੱਚੋਂ ਇਕ “ਗੁਰੂ ਗ੍ਰੰਥ ਰਾਗ ਪਰਿਵਾਰ”
ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਗਮਾਲਾ ਵਿੱਚ ਆਏ ਰਾਗਾਂ ਦੇ ਪ੍ਰਵਾਰ ਦਾ ਹੈ।
ਡਾ ਹਰਭਜਨ ਸਿੰਘ ਜੀ, ਆਪ ਨੇ ਪਹਿਲਾ
ਰਾਗ ਭੈਰਵ ਲਿਖਿਆ ਹੈ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1429 ਦੇ ਦਰਸ਼ਨ ਕੀਤੇ
ਤਾਂ ਉਥੇ ਤਾ ਭੈਰਉ ਲਿਖਿਆ ਹੋਇਆ ਹੈ। ਆਪ ਨੇ ਭੈਰਉ ਦੇ ਪੁਤ੍ਰ ਹਰਖ ਨੂੰ ਹਰਖ਼, ਦਿਸਾਖ ਨੂੰ ਦੇਸ਼ਾਖ਼ ਅਤੇ ਲਲਤ
ਨੂੰ ਲਲਿਤ ਲਿਖਿਆ ਹੈ। ਮਾਲਕਉਸਕ ਨੂੰ ਮਾਲਕਉਸ਼ਕ,
ਗੰਧਾਰੀ ਨੂੰ ਗਾਂਧਾਰੀ, ਮਸਤ ਅੰਗ ਨੂੰ ਮਸਤਾਂਗ, ਮੇਵਾਰਾ ਨੂੰ ਮੇਵਾੜਾ,
ਹਿੰਡੋਲੁ ਨੂੰ ਹਿੰਡੋਲ, ਸੰਦੂਰ ਨੂੰ ਸਿੰਧੂਰੀ, ਸੂਹਉ ਨੂੰ ਸੂਹੌ,
ਗੋਂਡ ਅਤੇ ਮਲਾਰੀ ਨੂੰ ਗੋਂਡਮਲਾਰੀ ਲਿਖ ਕੇ ਮੇਘ ਦੀਆਂ ਪਤਨੀਆਂ ਦੀ ਗਿਣਤੀ
ਪੂਰੀ ਕਰਨ ਲਈ ਪੰਜਵਾਂ ਨਾਮ ਗੁਨ ਲਿਖ ਦਿੱਤਾ ਹੈ।
ਆਪ ਜੀ ਨੇ ਸਾਲੂ ਨੂੰ ਸ਼ਾਲੂ, ਸਾਰਗ ਨੂੰ ਸਾਰੰਗ, ਸਾਗਰਾ ਨੂੰ ਸਾਗਰ, ਸੰਕਰ ਨੂੰ ਸ਼ੰਕਰ ਅਤੇ ਸਿਆਮਾ ਨੂੰ ਸ਼ਿਆਮਾ ਲਿਖਿਆ
ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿਚ ਮਾਲਕਉਸਕ ਰਾਗ ਦੇ 8 ਪੁੱਤਰਾਂ ਦੇ ਨਾਮ ਦਰਜ ਇਸ ਤਰ੍ਹਾਂ ਦਰਜ ਹਨ,
ਮਾਰੂ ਮਸਤਅੰਗ ਮੇਵਾਰਾ
॥ ਪ੍ਰਬਲਚੰਡ ਕਉਸਕ ਉਭਾਰਾ ॥
ਖਉਖਟ ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ
ਲਾਏ ॥
ਪ੍ਰੋ ਸਾਹਿਬ ਸਿੰਘ ਜੀ ਨੇ ਇਨ੍ਹਾਂ ਦੇ ਨਾਮ ਇਸ
ਤਰ੍ਹਾਂ ਲਿਖੇ ਹਨ। ਮਾਰੂ, ਮਸਤ ਅੰਗ, ਮੇਵਾਰਾ,
ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ,
ਭਉਰਾਨਦ। ਪਰ ਆਪ ਜੀ ਨੇ ਇਕ ਪੁੱਤਰ ਦਾ ਨਾਮ ਚੰਦ੍ਰਕੌਸ਼
ਲਿਖਿਆ ਹੈ। ਇਸ ਬਾਰੇ ਸਪੱਸ਼ਟ ਕਰਨ ਦੀ ਖੇਚਲ ਵੀ ਕਰਨੀ ਜੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਗਮਾਲਾ ਵਿੱਚ, ਰਾਗ ਪ੍ਰਵਾਰ ਦੇ ਕੁਲ 84 ਨਾਮ ਦਰਜ ਹਨ
ਜਿਨ੍ਹਾਂ ਵਿੱਚੋਂ ਲੱਗਭਗ 30 ਨਾਮ ਆਪ ਨੇ ਗਲਤ ਲਿਖੇ ਹਨ, ਜੋ 35% ਬਣਦੇ ਹਨ। ਇਹ ਹੈ ਆਪ ਜੀ ਦੀ ਵਿਦਵਤਾ ਦਾ ਇਕ ਨਮੂਨਾ
ਜੋ ਸਦਾ ਵਾਸਤੇ ਸੁਰੱਖਿਅਤ ਹੋ ਗਿਆ ਹੈ। ਚਲੋ ਮੰਨਿਆ ਕਿ ਅਸੀਂ
ਤਾਂ ਅਨਪੜ੍ਹ ਹਾਂ, ਸਿਹਾਰੀ- ਬਿਹਾਰੀ ਦੇ ਫਰਕ ਨੂੰ ਸਮਝਣ ਵਿੱਚ ਗਲਤੀ ਹੋ ਜਾਂਦੀ ਹੈ। ਪਰ ਤੁਸੀਂ
ਤਾਂ, ਉਹ ਨਾਮ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਵੀ ਗਲਤ ਲਿਖੇ ਹਨ। ਹੁਣ ਦੱਸੋ, ਤੁਹਾਡੀਆਂ
ਡਿਗਰੀਆਂ ਦਾ ਕੀ ਕਰੀਏ?
ਡਾ. ਹਰਭਜਨ ਸਿੰਘ ਜੀ, ਮਾਫ਼
ਕਰਨਾ! ਮੈਂ
ਅਜੇਹਾ ਕਰਨਾ ਨਹੀਂ ਸੀ ਚਾਹੁੰਦਾ ਪਰ ਮਜ਼ਬੂਰੀ ਵੱਸ
ਲਿਖਣਾ ਪਿਆ ਹੈ। ਆਸ ਕਰਦਾ ਹਾਂ ਕਿ ਆਪ ਜੀ ਅੱਗੇ ਤੋਂ ਕਿਸੇ ਦਾ ਮਜ਼ਾਕ ਨਹੀ ਉਡਾਓਗੇ।
ਡਾ. ਹਰਭਜਨ ਸਿੰਘ ਜੀ, ਜੇ ਆਗਿਆ
ਹੋਵੇ ਤਾਂ ਇਕ ਸਵਾਲ ਪੁੱਛਾਂ?
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ
868 ਉਪਰ ਗੋਂਡ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਤਿੰਨ ਸ਼ਬਦ ਦਰਜ਼ ਹਨ,
ਗੋਂਡ ਮਹਲਾ
੫ ॥ ਨਾਮੁ ਨਿਰੰਜਨੁ ਨੀਰਿ ਨਰਾਇਣ ॥
ਗੋਂਡ ਮਹਲਾ ੫ ॥ ਜਾ ਕਉ ਰਾਖੈ ਰਾਖਣਹਾਰੁ ॥
ਗੋਂਡ ਮਹਲਾ ੫ ॥ ਅਚਰਜ ਕਥਾ ਮਹਾ ਅਨੂਪ ॥
ਸਵਾਲ ਇਹ ਹੈ ਕਿ ਇਨ੍ਹਾਂ ਤਿੰਨਾਂ ਵਿਚੋਂ, ਇਹ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਗੋਂਡ, ਮੇਘ ਦੀ ਪਤਨੀ ਹੈ ਅਤੇ ਕਿਹੜਾ ਸਿਰੀਰਾਗ ਦਾ ਪੁੱਤਰ? (ਜਾਂ ਹਨੂਵੰਤ ਮਤ ਅਨੁਸਾਰ ਕਿਹੜਾ ਗੋਂਡ, ਮੇਘ ਦੀ ਧੀ ਹੈ?)
ਗੋਂਡ ਮਹਲਾ ੫ ॥ ਜਾ ਕਉ ਰਾਖੈ ਰਾਖਣਹਾਰੁ ॥
ਗੋਂਡ ਮਹਲਾ ੫ ॥ ਅਚਰਜ ਕਥਾ ਮਹਾ ਅਨੂਪ ॥
ਸਵਾਲ ਇਹ ਹੈ ਕਿ ਇਨ੍ਹਾਂ ਤਿੰਨਾਂ ਵਿਚੋਂ, ਇਹ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਗੋਂਡ, ਮੇਘ ਦੀ ਪਤਨੀ ਹੈ ਅਤੇ ਕਿਹੜਾ ਸਿਰੀਰਾਗ ਦਾ ਪੁੱਤਰ? (ਜਾਂ ਹਨੂਵੰਤ ਮਤ ਅਨੁਸਾਰ ਕਿਹੜਾ ਗੋਂਡ, ਮੇਘ ਦੀ ਧੀ ਹੈ?)
ਅੱਗੇ ਆਪ ਜੀ
ਲਿਖਦੇ ਹੋ, “ਲੇਖਕ ਨੇ ੯੯੧ ਸੰਵਤ ਲਿਖਿਆ ਹੈ, ਹਿਜਰੀ ਨਹੀਂ।
ਇਸ ਨੂੰ ਹਿਜਰੀ ਬਣਾਉਣਾ ਰਾਗਮਾਲਾ ਦੇ ਵਿਰੋਧੀਆਂ ਦੀ ਆਪਣੀ ਵਿਕ੍ਰਿਤ ਮਾਨਸਿਕ ਪਰਵ੍ਰਿਤੀ ਹੈ”।
ਬੇਨਤੀ ਹੈ ਕਿ
ਕਵੀ ਆਲਮ, ਆਪਣੀ ਰਚਨਾ ਦੇ ਆਰੰਭ
ਵਿੱਚ ਹੀ ਇਸ ਦੇ ਲਿਖੇ ਜਾਣ ਦਾ ਸਮਾਂ, “ਸੰਮਤੁ ਨੌ ਸੈ ਇਕਾਨਵਾ ਆਹੀ” ਲਿਖਦਾ
ਹੈ। ਆਪ ਜੀ ਦਾ ਮੱਤ ਹੈ ਕਿ ਉਸ ਨੇ 991 ਸੰਮਤ ਨਾਲ ਹਿਜਰੀ ਨਹੀਂ ਲਿਖਿਆ। ਜੇ ਇਹ ਸੰਮਤ ਹਿਜਰੀ
ਨਹੀਂ ਹੈ ਤਾਂ ਇਹ ਬਿਕ੍ਰਮੀ ਹੋਵੇਗਾ? ਇਹ ਈਸਵੀ ਤਾਂ ਹੋ ਨਹੀਂ ਸਕਦਾ। ਜੇ ਇਸ ਨੂੰ 991 ਬਿਕ੍ਰਮੀ
ਮੰਨ ਲਿਆ ਜਾਵੇ ਤਾਂ ਇਹ 322 ਹਿਜਰੀ ਬਣਦਾ ਹੈ। ਇਨ੍ਹਾਂ ਦੋਵਾਂ ਵਿੱਚ 669 ਸਾਲ ਦਾ ਫਰਕ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਵਿੱਚੋਂ ਕਿਹੜਾ ਠੀਕ ਹੈ? ਇਸ ਸਵਾਲ ਦਾ ਜਵਾਬ ਵੀ ਸਾਨੂੰ ਆਲਮ
ਦੀ ਰਚਨਾ ਵਿੱਚੋਂ ਹੀ ਮਿਲ ਜਾਂਦਾ ਹੈ। ਆਲਮ ਲਿਖਦਾ ਹੈ, “ਦਿਲੀਪਤਿ ਅਕਬਰ ਸੁਲਤਾਨਾ। ਸਪਤ ਦੀਪ
ਮਹਿ ਜਾ ਕੀ ਆਨਾ”। ਅਕਬਰ ਦਾ ਜੀਵਨ ਕਾਲ 936 ਹਿਜਰੀ ਤੋਂ 1013 ਹਿਜਰੀ ਸੀ। ਇਸ ਲਈ 991 ਹਿਜਰੀ ਹੀ ਹੋ ਸਕਦਾ ਹੈ ਬਿਕ੍ਰਮੀ ਨਹੀਂ।
ਖੈਰ! ਮੇਰੇ ਇਸ ਪੱਤਰ ਦਾ ਮਕਸਦ ਆਪ
ਜੀ ਦੇ ਲੇਖ ਦੀ ਚੀਰ-ਫਾੜ ਕਰਨਾ ਨਹੀਂ ਹੈ, ਸਗੋਂ ਆਪ ਜੀ ਤੋਂ ਕੁਝ ਜਾਣਕਾਰੀ ਲੈਣਾ ਹੈ। ਮੇਰੇ ਲੇਖ
“ਰਾਗਮਾਲਾ ਦਾ ਸਰੋਤ” ਵਿੱਚ ਮੁਖ ਸਵਾਲ ਇਹ ਸੀ ਕਿ ਰਾਗਮਾਲਾ ਦਾ ਲੇਖਕ ਕੌਣ ਹੈ ਅਤੇ ਇਸ ਨੂੰ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸ ਨੇ ਦਰਜ ਕੀਤਾ ਹੋਵੇਗਾ? ਆਪ ਜੀ ਆਪਣੇ ਲੇਖ ਦੇ ਅੰਤ ਵਿਚ
ਲਿਖਦੇ ਹੋ, “ਉਪਰੋਕਤ ਸਮੀਖਿਆ ਤੋਂ ਇਹ ਸਿਧ ਹੈ ਕਿ ਸ਼੍ਰੀ ਗੁਰੂ
ਗ੍ਰੰਥ ਸਾਹਿਬ ਦੇ ਅੰਤ ਵਿਚ ਆਈ ਰਾਗਮਾਲਾ ਇਸ ਪਾਵਨ ਗ੍ਰੰਥ ਦਾ ਅਭਿੰਨ ਅੰਗ ਹੈ, ਜੋ
ਪਹਿਲੀ ਸੰਪਾਦਨਾ ਸਮੇਂ ਆਦਿ ਬੀੜ ਵਿਚ ਅੰਕਿਤ ਹੋਈ”। ਸਪੱਸ਼ਟ ਹੈ ਕਿ
ਆਪ ਜੀ ਮੁਤਾਬਕ ਰਾਗਮਾਲਾ ਨੂੰ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿਚ ਭਾਈ ਗੁਰਦਾਸ ਜੀ ਨੇ ਹੀ ਆਦਿ
ਬੀੜ ਵਿੱਚ ਦਰਜ ਕੀਤਾ ਸੀ। ਹੋ ਸਕਦਾ ਹੈ ਕਿ ਆਪ ਨੇ ਆਪਣੇ ਲੇਖ ਵਿੱਚ ਰਾਗਮਾਲਾ ਦੇ ਕਰਤੇ ਦਾ ਨਾਮ
ਵੀ ਕਿਤੇ ਲਿਖਿਆ ਹੋਵੇ ਜੋ ਮੈਂ ਪੜ੍ਹ/ਸਮਝ ਨਹੀਂ ਸਕਿਆ।
ਡਾ. ਹਰਭਜਨ ਸਿੰਘ ਜੀ
ਬੇਨਤੀ ਹੈ ਕਿ ਜੇ ਤੁਹਾਡੇ ਵੱਲੋਂ ਲਿਖੇ ਗਏ ਰਾਗ ਅਤੇ ਉਨ੍ਹਾਂ ਦੇ ਪ੍ਰਵਾਰ ਦੇ ਨਾਮ, ਦੇਸ਼ਾਖ਼, ਮਸਤਾਂਗ, ਗਾਂਧਾਰੀ, ਮੇਵਾੜਾ, ਸਿੰਧੂਰੀ, ਸੂਹੌ ਆਦਿ ਸਹੀ ਹਨ ਤਾਂ ਅੱਜ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਦਰਜ ਨਾਮ ਠੀਕ ਨਹੀ ਹੋ ਸਕਦੇ। ਕੀ ਇਸ ਦਾ ਕਾਰਨ ਕਾਤਬਾਂ ਦੀ ਲਾਪਰਵਾਹੀ ਤਾਂ ਨਹੀਂ
ਹੈ? ਰਾਗਮਾਲਾ ਦੇ
ਕਰਤੇ ਦਾ ਨਾਮ ਅਤੇ ਰਾਗਮਾਲਾ ਨੂੰ ਗੁਰੂ ਜੀ ਨੇ ਹੀ ਬੀੜ ਵਿਚ ਦਰਜ ਕੀਤਾ ਸੀ, ਦਾ ਮੰਨਣ ਯੋਗ ਸਬੂਤ
ਸਾਂਝਾ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਸਤਿਕਾਰ ਸਹਿਤ
ਸਰਵਜੀਤ ਸਿੰਘ
ਸੈਕਰਾਮੈਂਟੋ