23 ਪੋਹ ਬਨਾਮ ਪੋਹ ਸੁਦੀ 7
ਸਰਵਜੀਤ ਸਿੰਘ ਸੈਕਰਾਮੈਂਟੋ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਇਹ
ਦੋਵੇਂ ਤਾਰੀਖ਼ਾਂ, ਭਾਵੇਂ ਅੱਜ ਤੋਂ 353 ਸਾਲ ਪਹਿਲਾ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ
ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 23 ਪੋਹ, ਸੂਰਜੀ ਬ੍ਰਿਕਮੀ (Solar) ਕੈਲੰਡਰ ਦੀ ਹੈ ਅਤੇ ਦੂਜੀ ਪੋਹ
ਸੁਦੀ 7, ਚੰਦਰ ਸੂਰਜੀ
(Lunisolar) ਬ੍ਰਿਕਮੀ ਕੈਲੰਡਰ ਦੀ ਹੈ। ਅੱਜ
ਇਨ੍ਹਾਂ ਦੋ ਤਾਰੀਖ਼ਾਂ `ਚ ਇਕ ਤਾਰੀਖ ਦੀ ਚੋਣ ਕਰਨੀ
ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਬਣਦੀ ਜਾਂ ਰਹੀ। ਇਹ ਚੁਣੌਤੀ, ਕਿਸੇ ਹੋਰ
ਨੇ ਨਹੀ ਦਿੱਤੀ ਸਗੋਂ ਸਾਡੇ ਧਾਰਮਿਕ ਮੁੱਖੀਆਂ ਵੱਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।
ਕੈਲੰਡਰ ਵਿਗਿਆਨ ਦਾ ਆਰੰਭ ਵੀ, ਇਸ ਧਰਤੀ
ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ
ਅੰਧੇਰੇ ਦਾ ਹੀ ਗਿਆਨ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ
ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ
ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਤਬਦੀਲੀ ਆਈ ਹੋਏਗੀ।
ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ
ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆਏ।
ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ।
ਹਿੰਦੂ ਧਰਮ ਵਿਚ ਚੰਦਰ ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਤ ਹੈ ਅਤੇ ਸਿਖ ਧਰਮ ਚੰਦਰ ਸੂਰਜੀ
ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਸੀ: ਈ: ਕੈਲੰਡਰ ਪ੍ਰਚੱਲਤ ਹੈ। ਭਾਵੇਂ
ਇਹ ਕੋਈ ਧਾਰਮਿਕ ਵਿਸ਼ਾ ਨਹੀਂ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ
ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ
ਦੇਹੀ ਕਰਨਾ ਹੁੰਦਾ ਹੈ।
ਧਰਤੀ ਆਪਣੇ ਧੁਰੇ ਤੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ
ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ
ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.242196 ਦਿਨ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (Tropical year) ਕਿਹਾ ਜਾਂਦਾ ਹੈ। ਚੰਦ ਧਰਤੀ
ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿੱਚ ਪੁਰਾ ਹੁੰਦਾ ਹੈ। ਚੰਦ ਦੇ ਸਾਲ ਵਿੱਚ ਵੀ
12 ਮਹੀਨੇ ਹੀ ਹੁੰਦੇ ਹਨ। ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ। ਚੰਦ ਦਾ ਇਕ ਸਾਲ ਰੁੱਤੀ
ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ
ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੇ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ
11 ਦਿਨ ਪਹਿਲਾ ਆ ਜਾਵੇਗਾ। ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7
ਮੁਤਾਬਕ,
2017 ਸੀ: ਈ: ਵਿਚ 5 ਜਨਵਰੀ ਨੂੰ ਆਇਆ ਸੀ ਅਤੇ ਉਸ ਤੋਂ ਅੱਗਲਾ ਪੁਰਬ ਇਸ ਤੋਂ 11 ਦਿਨ
ਪਹਿਲਾ ਭਾਵ 25 ਦਸੰਬਰ 2017 ਸੀ: ਈ: ਨੂੰ ਆਇਆ ਸੀ। ਇਸ ਹਿਸਾਬ ਨਾਲ ਤਾਂ 2018 ਵਿਚ ਇਹ 14
ਦਸੰਬਰ ਨੂੰ ਆਉਣਾ ਚਾਹੀਦਾ ਸੀ। ਪਰ ਨਹੀ! ਹੁਣ ਇਹ 13 ਜਨਵਰੀ ਨੂੰ ਆਵੇਗਾ।
ਇਸ ਦਾ ਕਾਰਨ ਇਹ ਹੈ ਕਿ ਜਦੋਂ ਚੰਦ ਦਾ ਸਾਲ ਸੂਰਜੀ
ਸਾਲ ਨਾਲੋਂ ਇਕ ਸਾਲ ਵਿਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਪਿਛੇ ਰਹਿ ਜਾਵੇ ਤਾਂ ਇਸ ਨੂੰ
ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। ਇਸ ਸਾਲ ਚੰਦ
ਦੇ ਸਾਲ ਦੇ 13 ਮਹੀਨੇ ਹਨ। ਇਸ ਸਾਲ ਜੇਠ ਦਾ ਮਹੀਨਾ ਦੋ ਵਾਰੀ ਆਇਆ ਸੀ।(19 ਸਾਲਾਂ ਵਿਚ ਚੰਦ ਦੇ
7 ਸਾਲ,
13 ਮਹੀਨਿਆਂ ਦੇ ਹੁੰਦੇ ਹਨ) ਇਹ ਤੇਰਵਾਂ ਮਹੀਨਾ
ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ
ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਮਲ ਸਾਸ ਦੇ ਪਿਛੋਂ ਆਉਣ ਵਾਲੇ ਦਿਨ ਤਿਉਹਾਰ, ਪਿਛਲੇ
ਸਾਲ ਨਾਲੋਂ 11 ਦਿਨ ਪਹਿਲਾ ਆਉਣ ਦੀ ਬਿਜਾਏ 18/19 ਦਿਨ ਪੱਛੜ ਕੇ ਆਉਂਦੇ ਹਨ। ਜਿਹੜਾ ਦਿਹਾੜਾ 14 ਦਸੰਬਰ 2018 ਨੂੰ ਆਉਣਾ
ਚਾਹੀਦਾ ਸੀ ਹੁਣ ਉਹ 2019 ਵਿਚ 13 ਜਨਵਰੀ ਨੂੰ ਆਵੇਗਾ। ਹੁਣ
ਚੰਦ ਦੇ ਸਾਲ ਲੰਬਾਈ ਮੁਤਾਬਕ ਗੁਰਪੁਰਬ 11 ਦਿਨ ਪਹਿਲਾ ਭਾਵ 2 ਜਨਵਰੀ 2020 ਨੂੰ ਆਵੇਗਾ। ਹੁਣ
ਫੇਰ ਚੰਦ ਦੇ ਸਾਲ ਵਿਚ ਇਕ ਮਲ ਮਾਸ ਆ ਜਾਵੇਗਾ (ਅੱਸੂ ਦੇ ਦੋ ਮਹੀਨੇ ਹੋਣਗੇ) ਅਤੇ ਉਸ ਤੋਂ ਅੱਗਲਾ 20 ਜਨਵਰੀ 2021 ਨੂੰ ਆਵੇਗਾ। ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ।
ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ
ਉਸ ਦਿਨ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ
ਦੀ 23 ਪੋਹ ਵੀ ਸੀ। ਜਦੋਂ ਇਸ ਤਾਰੀਖ ਨੂੰ ਜੂਲੀਅਨ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 22 ਦਸੰਬਰ
1666 ਈ: ਲਿਖੀ ਗਈ ਸੀ। ਯਾਦ ਰਹੇ 2017 ਈ: ਵਿਚ 23 ਪੋਹ ਨਾਨਕਸ਼ਾਹੀ ਅਤੇ ਪੋਹ ਸੁਦੀ 7 ਦੋਵੇਂ ਹੀ
ਇਕੋ ਦਿਨ, 5 ਜਨਵਰੀ ਨੂੰ ਇਕੱਠੀਆਂ ਆਈਆਂ ਸਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਇਹ ਦਿਹਾੜਾ
ਪੋਹ ਸੁਦੀ 7 ਦੀ ਬਿਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ
ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀਂ ਵਦੀ-ਸੁਦੀ ਦੇ
ਮੱਕੜ ਜਾਲ `ਚ ਨਿਕਲ ਜਾਂਦੇ ਹਾਂ। ਸਾਡਾ ਇਹ
ਲਾਭ ਸ਼ਾਇਦ ਕਿਸੇ (?) ਹੋਰ ਲਈ ਨੁਕਸਾਨ ਦਾਇਕ ਹੋ
ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁੱਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ (?) ਹੋਰ
ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ।
ਹੁਣ ਜਦੋਂ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਿਜਾਏ,
ਨਾਨਕਸ਼ਾਹੀ ਕੈਲੰਡਰ ਮੁਤਾਬਕ 23 ਪੋਹ ਨੂੰ ਮਨਾਉਂਦੇ ਹਾਂ ਤਾਂ ਇਹ ਦਿਹਾੜਾ ਹਰ ਸਾਲ 5 ਜਨਵਰੀ ਨੂੰ ਹੀ
ਆਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਜੋ ਕੈਲੰਡਰ ਛਾਪਿਆ ਜਾਂਦਾ ਹੈ। ਉਹ ਸੂਰਜੀ ਬਿਕ੍ਰਮੀ ਕੈਲੰਡਰ
ਹੈ। ਜਿਸ ਦਾ ਆਰੰਭ 1 ਚੇਤ ਤੋਂ ਹੁੰਦਾ ਹੈ ਅਤੇ 30 ਫੱਗਣ ਸਾਲ ਦਾ ਆਖਰੀ ਦਿਨ ਹੁੰਦਾ ਹੈ। ਇਸ
ਕੈਲੰਡਰ ਮੁਤਾਬਕ ਵੈਸਾਖੀ ਹਰ ਸਾਲ 1 ਵੈਸਾਖ ਨੂੰ ਹੀ ਆਉਂਦੀ ਹੈ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ
ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਹੀ ਆਉਂਦਾ ਹੈ। ਪਰ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ (ਪ੍ਰਵਿਸ਼ਟਾ) ਹਰ ਸਾਲ ਬਦਲ ਜਾਂਦਾ ਹੈ।
ਜਿਵੇ ਸੰਮਤ 546 ਨਾਨਕਸ਼ਾਹੀ ਵਿੱਚ (2014-15 ਈ:)13
ਪੋਹ, 547 ਨਾਨਕਸ਼ਾਹੀ ਵਿੱਚ 3 ਮਾਘ, ਸੰਮਤ 548 ਵਿੱਚ 22 ਪੋਹ, 549 ਵਿੱਚ 11 ਪੋਹ, 550 ਵਿੱਚ 29 ਪੋਹ, 551, 18 ਪੋਹ ਅਤੇ 552 (2020-2021) ਵਿਚ 7 ਮਾਘ ਨੂੰ
ਆਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਛਾਪੇ ਜਾਂਦੇ ਕੈਲੰਡਰ
ਵਿੱਚ ਕੁਝ ਦਿਹਾੜੇ ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ) ਮੁਤਾਬਕ ਜਿਸ ਦੇ ਸਾਲ ਦੀ ਲੰਬਾਈ
365.2536 ਦਿਨ ਹੈ, ਕੁਝ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ ਜਿਸ ਦੇ ਸਾਲ ਦੀ ਲੰਬਾਈ 354.53 ਦਿਨ
ਹੈ ਅਤੇ ਕੁਝ ਦਿਹਾੜੇ ਸੀ: ਈ: ਕੈਲੰਡਰ, ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ, ਮੁਤਾਬਕ
ਦਰਜ ਕੀਤੇ ਜਾਂਦੇ ਹਨ।
ਦਿਹਾੜਾ
|
ਸੰਮਤ 546 ਨ:
|
ਸੰਮਤ 547
|
ਸੰਮਤ 548
|
ਸੰਮਤ 549
|
ਸੰਮਤ 550
|
ਸੰਮਤ 551
|
ਸੰਮਤ 552 ਨ:
|
ਵੈਸਾਖੀ
|
1 ਵੈਸਾਖ
|
1 ਵੈਸਾਖ
|
1 ਵੈਸਾਖ
|
1 ਵੈਸਾਖ
|
1 ਵੈਸਾਖ
|
1 ਵੈਸਾਖ
|
1 ਵੈਸਾਖ
|
ਸ਼ਹੀਦੀ ਵੱਡੇ ਸਾਹਿਬਜ਼ਾਦੇ
|
8 ਪੋਹ
|
8 ਪੋਹ
|
8 ਪੋਹ
|
8 ਪੋਹ
|
8 ਪੋਹ
|
8 ਪੋਹ
|
8 ਪੋਹ
|
ਸ਼ਹੀਦੀ ਛੋਟੇ ਸਾਹਿਬਜ਼ਾਦੇ
|
13 ਪੋਹ
|
13 ਪੋਹ
|
13 ਪੋਹ
|
13 ਪੋਹ
|
13 ਪੋਹ
|
13 ਪੋਹ
|
13 ਪੋਹ
|
ਪ੍ਰਕਾਸ਼ ਦਿਹਾੜਾ ਪਾਤਸ਼ਾਹੀ 10
|
13 ਪੋਹ
|
3 ਮਾਘ
|
22 ਪੋਹ
|
11 ਪੋਹ
|
29 ਪੋਹ
|
18 ਪੋਹ
|
3 ਮਾਘ
|
ਨਾਨਕਸ਼ਾਹੀ
ਕੈਲੰਡਰ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਸੰਮਤ 535 ਨਾਨਕਸ਼ਾਹੀ (2003-2004 ਈ:) ਵਿਚ ਲਾਗੂ ਕੀਤਾ
ਸੀ। ਪਰ ਅਚਾਨਕ ਹੀ ਇਸ ਨੂੰ ਰੱਦ ਕਰਕੇ, ਮਾਰਚ 2010 ਈ: ਵਿਚ ਦੋ ਮਾਹਿਰਾਂ ਦੀ ਕਮੇਟੀ, ਜਿਸ ਵਿਚ
ਭਾਈ ਅਵਤਾਰ ਸਿੰਘ ਮੱਕੜ ਅਤੇ ਭਾਈ ਹਰਨਾਮ ਸਿੰਘ ਧੁੰਮਾ ਸ਼ਾਮਿਲ ਸਨ, ਦੀ ਸਿਫ਼ਾਰਿਸ਼ ਤੇ ਨਾਨਕਸ਼ਾਹੀ
ਕੈਲੰਡਰ ਦੇ ਨਾਮ ਹੇਠ, ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਗਿਆ। ਨਾਨਕਸ਼ਾਹੀ ਕੈਲੰਡਰ ਜਿਸ ਦੇ
ਸਾਲ ਦੀ ਲੰਬਾਈ, ਬਾਣੀ ਦੀ ਪਾਵਨ ਪੰਗਤੀ “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” ਤੇ
ਅਧਾਰਿਤ ਹੈ। ਭਾਵ 365.2425 ਦਿਨ ਹੈ। ਇਸ ਦੇ ਮਹੀਨੇ ਦਾ ਆਰੰਭ ਹਰ ਸਾਲ ਇਕੋ ਸਮੇਂ ਹੀ ਹੁੰਦਾ ਹੈ।
ਅਤੇ ਮਹੀਨੇ ਦੇ ਦਿਨ ਵੀ ਧੁਮੱਕੜਸ਼ਾਹੀ ਕੈਲੰਡਰ ਵਾਂਗੂ, ਹਰ ਸਾਲ ਨਹੀਂ ਬਦਲਦੇ, ਇਸ ਮੁਤਾਬਕ ਗੁਰੂ
ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ (5 ਜਨਵਰੀ) ਨੂੰ ਹੀ ਆਉਂਦਾ ਹੈ। ਪਿਛਲੇ
ਸਾਲਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਕਈ ਵਾਰ ਲਿਖਤੀ ਬੇਨਤੀਆਂ ਕੀਤੀਆਂ ਹਨ ਪਰ ਉਨ੍ਹਾਂ ਨੇ ਕਦੇ
ਹੁੰਗਾਰਾ ਨਹੀ ਭਰਿਆ। ਮੈਂ ਆਪਣੇ ਨਿੱਜੀ ਤਜਰਬੇ ਦੇ ਅਧਾਰ ਤੇ ਕਹਿ ਸਕਦਾ ਹਾਂ ਕਿ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ
ਤੋਂ ਕਿਸੇ ਵੀ ਮਸਲੇ ਦੇ ਹਲ ਦੀ ਆਸ ਨਹੀਂ ਕਰਨੀ ਚਾਹੀਦੀ। ਸ਼੍ਰੋਮਣੀ ਕਮੇਟੀ ਦੇ ਉੱਚ ਸਿੱਖਿਆ
ਪ੍ਰਾਪਤ ਵਿਦਵਾਨ/ਅਧਿਕਾਰੀ ਤਾਂ “ਉਪਰੋਂ ਆਏ ਹੁਕਮ” ਦੇ ਗੁਲਾਮ ਹਨ। ਹੁਣ ਇਹ ਫੈਸਲਾ ਪੂਰੇ ਵਿਸ਼ਵ `ਚ ਫੈਲ
ਚੁੱਕੀ ਸਿੱਖ
ਕੌਮ ਨੇ ਕਰਨਾ ਹੈ, ਕੀ ਸਾਨੂੰ ਰੁੱਤੀ ਸਾਲ (Tropical year) ਤੇ ਅਧਾਰਿਤ ਵਿਗਿਆਨਕ
ਕੈਲੰਡਰ, ਭਾਵ ਨਾਨਕਸ਼ਾਹੀ
ਕੈਲੰਡਰ, ਜਿਸ ਦੀਆਂ ਤਾਰੀਖ਼ਾਂ (ਪ੍ਰਵਿਸ਼ਟੇ) ਸਦਾ ਵਾਸਤੇ ਇਕੋ ਹੀ ਰਹਿਣਗੀਆਂ, ਦੀ ਲੋੜ ਹੈ ਜਾਂ ਧੁਮੱਕਸ਼ਾਹੀ
ਕੈਲੰਡਰ ਦੀ? ਜਿਸ
ਦੀਆਂ ਤਾਰੀਖ਼ਾਂ ਹਰ ਸਾਲ ਬਦਲ ਜਾਂਦੀਆਂ ਹਨ ਅਤੇ ਤਾਰੀਖ਼ਾਂ ਦਾ ਪਤਾ ਕਰਨ ਲਈ ਵੀ ਕਿਸੇ ਨੂੰ ਪੁੱਛਣਾ ਹੀ ਪਵੇਗਾ।