ਸ਼੍ਰੋਮਣੀ ਕਮੇਟੀ ਬਨਾਮ ਲਾਡਲੀਆਂ ਫੌਜਾਂ
ਸਰਵਜੀਤ ਸਿੰਘ ਸੈਕਰਾਮੈਂਟੋ
ਭਾਰਤੀ ਸਮਾਜ ਵਿਚ ਮਨਾਏ ਜਾਂਦੇ ਬਹੁਤ ਸਾਰੇ
ਦਿਨ-ਤਿਉਹਾਰਾਂ `ਚ ਹੋਲੀ, ਚੰਦ ਦੇ ਕੈਲੰਡਰ ਮੁਤਾਬਕ ਸਾਲ ਦੇ ਆਖਰੀ ਦਿਨ, ਭਾਵ ਫੱਗਣ ਦੀ ਪੁੰਨਿਆ ਨੂੰ ਮਨਾਈ ਜਾਣ ਦਾ ਵਿਧਾਨ ਹੈ। ਹਿੰਦੂ
ਮਿਥਿਹਾਸ ਨਾਲ ਸਬੰਧਿਤ ਕਈ ਕਥਾ ਕਹਾਣੀਆਂ, ਇਸ ਦਿਨ ਨਾਲ ਵੀ ਜੁੜੀਆਂ ਹੋਈਆਂ ਹਨ। ਇਹ
ਵੀ ਮੰਨਿਆ ਜਾਂਦਾ ਹੈ ਕਿ ਵਰਨਣ ਵੰਡ ਮੁਤਾਬਕ ਕਦੇ ਇਹ ਦਿਨ ਸ਼ੂਦਰਾਂ ਲਈ ਰਾਖਵਾਂ ਹੁੰਦਾ ਸੀ। ਹੋਲੀ
ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ। ਹੋਰ ਇਨਕਲਾਬੀ ਫੈਸਲਿਆਂ ਦੀ ਤਰ੍ਹਾਂ ਗੁਰੂ ਗੋਬਿੰਦ
ਸਿੰਘ ਜੀ ਨੇ ਇਸ ਤਿਉਹਾਰ `ਚ ਵੀ ਇਨਕਲਾਬੀ ਤਬਦੀਲੀ ਲਿਆਂਦੀ ਅਤੇ
ਹੋਲੀ ਦਾ ਬਦਲ, ‘ਹੋਲਾ ਮਹੱਲਾ’ ਦਿੱਤਾ। ਗੁਰੂ ਗੋਬਿੰਦ
ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਕਰਮਕਾਂਡਾਂ ਵਿਚੋਂ ਕੱਢ ਕੇ ਗੁਲਾਮੀ ਦੇ ਦੀਆਂ ਜ਼ੰਜੀਰਾਂ ਨੂੰ
ਕੱਟਣ ਲਈ, ਜੰਗਾਂ ਯੁੱਧਾਂ ਵੱਲ ਉਤਸ਼ਾਹਿਤ ਕਰਨ ਲਈ ਇਸ ਤਿਉਹਾਰ ਦਾ ਨਾਮ ਵੀ
ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ ਰੱਖਿਆ।
ਹੋਲੀ ਚੰਦ ਦੇ ਕੈਲੰਡਰ ਮੁਤਾਬਕ ਮਨਾਈ ਜਾਂਦੀ ਹੈ। ਚੰਦ ਦੇ
ਸਾਲ ਦੇ 12 ਮਹੀਨੇ (ਚੇਤ ਤੋਂ ਫੱਗਣ) ਹੁੰਦੇ ਹਨ। ਇਹ ਤਿਉਹਾਰ ਸਾਲ ਦੇ ਆਖਰੀ
ਮਹੀਨੇ ਦੇ ਆਖਰੀ ਦਿਨ ਨੂੰ ਮਨਾਇਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਤੋਂ ਅੱਗਲੇ ਦਿਨ ਭਾਵ ਨਵੇਂ ਸਾਲ ਦੇ ਪਹਿਲੇ ਦਿਨ ਹੋਲਾ ਮਹੱਲਾ ਅਰੰਭ ਕੀਤਾ
ਸੀ। ਫੱਗਣ ਦੀ ਪੁੰਨਿਆ, ਇਹ ਦਿਨ ਚੰਦ ਦੇ ਸਾਲ ਦਾ ਆਖਰੀ ਦਿਨ
ਹੁੰਦਾ ਹੈ। ਇਸ ਦਿਨ ਚੰਦ ਅਧਾਰਿਤ ਕੈਲੰਡਰ ਦਾ ਸਾਲ ਖਤਮ ਹੁੰਦਾ ਹੈ। ਗੁਰੂ ਜੀ ਨੇ ਇਸ ਤੋਂ ਅਗਲੇ
ਦਿਨ ਭਾਵ ਨਵੇ ਸਾਲ ਦੇ ਅਰੰਭ ਵਾਲੇ ਦਿਨ, ਚੇਤ ਵਦੀ ਏਕਮ ਨੂੰ ਚੜਦੀ ਕਲਾ ਦਾ ਪ੍ਰਤੀਕ
‘ਹੋਲਾ ਮਹੱਲਾ’ ਮਨਾਉਣਾ ਅਰੰਭ ਕੀਤਾ ਸੀ। ਗੁਰੂ ਕਾਲ `ਚ ਚੰਦਰ-ਸੂਰਜੀ ਬਿਕ੍ਰਮੀ (Lunisolar) ਅਤੇ ਸੂਰਜੀ ਬਿਕ੍ਰਮੀ (solar)ਪ੍ਰਚੱਲਤ ਸਨ। ਦੋਵਾਂ ਕੈਲੰਡਰਾਂ ਦੇ 12 ਮਹੀਨੇ, ਚੇਤ ਤੋਂ ਫੱਗਣ ਹੀ ਹਨ ਪਰ ਸਾਲ ਦੀ ਲੰਬਾਈ
ਵਿੱਚ ਫਰਕ ਹੈ। ਇਸ ਕਾਰਨ ਇਸ ਅਕਸਰ ਹੀ ਸਮੱਸਿਆਵਾਂ ਦਾ ਸਾਹਮਣਾ ਕਰਨ ਪੈਂਦਾ ਹੈ।
ਅੱਜ ਦੀ ਸਮੱਸਿਆ ਇਹ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ
ਨਾਨਕਸ਼ਾਹੀ ਸੰਮਤ 551 ਦੇ ਨਾਮ ਹੇਠ ਜਾਰੀ ਕੀਤੇ ਗਏ ਮਿਲਗੋਭਾ ਕੈਲੰਡਰ ਵਿਚ ਹੋਲਾ 8 ਚੇਤ (21
ਮਾਰਚ) ਦਾ ਦਰਜ ਹੈ। ਪਹਿਲੀ ਗੱਲ ਤਾਂ ਇਹ ਕਿ ਹੋਲਾ ਮਹੱਲਾ ਸੂਰਜ ਬਿਕ੍ਰਮੀ ਕੈਲੰਡਰ ਮੁਤਾਬਕ ਨਹੀਂ
ਮਨਾਇਆ ਜਾਂਦਾ। ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਮਨਾਇਆ ਜਾਂਦਾ ਹੈ। ਸ਼੍ਰੋਮਣੀ ਕਮੇਟੀ
ਸੰਗਤਾਂ ਨੂੰ ਗੁਮਰਾਹ ਕਰਨ ਲਈ ਸੂਰਜੀ ਤਾਰੀਖ ਛਾਪਦੀ ਹੈ ਜਦੋਂ ਕਿ ਅਸਲ ਤਾਰੀਖ ਚੇਤ ਵਦੀ ਏਕਮ ਹੈ।
ਜਿਵੇ ਕਿ ਉਪਰ ਦੱਸਿਆ ਗਿਆ ਹੈ ਕਿ ਹੋਲੀ ਸਾਲ ਦੇ ਆਖਰੀ ਦਿਨ ਅਤੇ ਹੋਲਾ ਨਵੇਂ ਸਾਲ ਦੇ ਪਹਿਲੇ ਦਿਨ
ਹੁੰਦਾ ਹੈ। ਇਸ ਸਾਲ ਫੱਗਣ ਦੀ ਪੁੰਨਿਆ ਅਤੇ ਚੇਤ ਵਦੀ ਏਕਮ ਦੋਵੇਂ ਇਕੋ ਦਿਨ ਭਾਵ 21 ਮਾਰਚ ਦਿਨ
ਵੀਰਵਾਰ ਨੂੰ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ 21 ਮਾਰਚ ਨੂੰ ਹੀ ਮਨਾਇਆ ਜਾਣਾ ਹੈ। ਦੂਜੇ
ਪਾਸੇ ਗੁਰੂ ਦੀਆਂ ਲਾਡਲੀਆਂ ਫੌਜਾ ਦਾ ਕਹਿਣਾ ਹੈ ਕਿ ਇਹ ਦਿਹਾੜਾ ਪੁੰਨਿਆ ਤੋਂ ਅਗਲੇ ਦਿਨ ਹੀ
ਮਨਾਇਆ ਜਾਂਦਾ ਹੈ। ਇਸ ਲਈ 22 ਮਾਰਚ ਦਿਨ ਸ਼ੁਕਰਵਾਰ ਨੂੰ ਹੀ ਮਾਇਆ ਜਾਵੇਗਾ। ਇਸ ਸਮੱਸਿਆ 2009 ਈ:
ਵਿੱਚ ਵੀ ਆਈ ਅਤੇ 2038 ਈ: ਵਿੱਚ ਮੁੜ ਆਵੇਗੀ।
ਆਉ ਇਸ ਦੇ ਕਾਰਨ ਨੂੰ ਜਾਣੀਏ।
ਚੰਦ ਧਰਤੀ ਦੇ ਦੁਵਾਲੇ ਚੱਕਰ ਕੱਟਦਾ ਹੈ। 360° ਦਾ ਇਹ ਚੱਕਰ 29.53
ਦਿਨਾਂ ਵਿੱਚ ਪੁਰਾ ਹੁੰਦਾ ਹੈ। ਇਸ ਦਰਮਿਆਨ ਚੰਦ ਦੇ ਆਪਣੇ 30 ਦਿਨ ਹੁੰਦੇ ਹਨ ਜਿੰਨਾਂ ਨੂੰ ਤਿੱਥ
ਕਿਹਾ ਜਾਂਦਾ ਹੈ। ਇਕ ਤਿੱਥ 12° ਦੇ ਬਰਾਬਰ ਹੁੰਦੀ ਹੈ। ਚੰਦ ਦੀ ਧਰਤੀ
ਤੋਂ ਦੂਰੀ ਵੱਧਦੀ-ਘੱਟਦੀ ਰਹਿੰਦੀ ਹੈ। ਇਸ ਲਈ 12° ਸਫਰ ਪੂਰਾ ਕਰਨ ਦਾ
ਸਮਾਂ ਵੀ ਵੱਧਦਾ-ਘੱਟਦਾ ਰਹਿੰਦਾ ਹੈ। ਜੋ ਲੱਗ ਭੱਗ 20.5 ਘੰਟੇ ਤੋਂ 26.5 ਘੰਟੇ ਦਾ ਹੁੰਦਾ ਹੈ। ਚੰਦ ਦੇ ਦਿਨ ਦਾ ਆਰੰਭ ਸੂਰਜ ਚੜਨ ਵੇਲੇ ਤੋਂ ਮੰਨਿਆ ਜਾਂਦਾ ਹੈ। ਹੈ। ਕਈ ਵਾਰ
ਅਜੇਹਾ ਹੁੰਦਾ ਹੈ ਕਿ ਚੰਦ ਦੀ ਨਵੀਂ ਤਿੱਥ ਸੂਰਜ ਚੜਨ ਤੋਂ ਕੁਝ ਸਮਾਂ ਪਹਿਲਾ ਆਰੰਭ ਹੁੰਦੀ ਹੈ
ਅਤੇ ਅਗਲੇ ਦਿਨ ਸੂਰਜ ਦੇ ਚੜਨ ਤੋਂ ਪਿਛੋਂ ਖਤਮ ਹੁੰਦੀ ਹੈ ਤਾਂ ਦੋਵੇਂ ਦਿਨ ਹੀ ਇਕ ਤਿੱਥ ਹੀ
ਮੰਨੀ ਜਾਵੇਗੀ। ਇਸ ਸਾਲ 1 ਅਤੇ 2 ਅਪ੍ਰੈਲ ਨੂੰ, ਦੋਵੇਂ ਦਿਨ ਹੀ ਚੰਦ ਦੀ ਤਾਰੀਖ ਚੇਤ
ਵਦੀ 12 ਹੈ। ਇਸ ਤੋਂ ਉਲਟ ਜਦੋਂ ਨਵੀਂ ਤਿੱਥ ਦਾ ਆਰੰਭ ਸੂਰਜ ਚੜਨ ਤੋਂ ਕੁਝ ਸਮਾ ਪਿਛੋਂ ਹੁੰਦਾ
ਹੈ ਅਤੇ ਚੰਦ 12° ਦਾ ਸਫਰ ਅਗਲੇ ਦਿਨ ਸੂਰਜ ਚੜਨ ਤੋਂ ਪਹਿਲਾ ਹੀ ਪੂਰਾ
ਕਰ ਲੈਂਦਾ ਹੈ ਤਾਂ ਦੋਵੇਂ ਤਿੱਥਾਂ ਇਕੋ ਦਿਨ ਹੀ ਗਿਣੀਆਂ ਜਾਂਦੀਆਂ ਹਨ। ਜਿਵੇ ਅਪ੍ਰੈਲ 15
ਨੂੰ ਚੰਦ ਦੀ ਚੇਤ ਸੁਦੀ 10 ਅਤੇ 11 ਇਕੋ ਦਿਨ ਹੀ
ਹਨ। ਇਹ ਸਮੱਸਿਆ ਹੀ ਇਸ ਸਾਲ ਹੋਲੇ ਵਾਲੇ ਦਿਨ ਹੈ।
ਫੱਗਣ ਸੁਦੀ 15 ਭਾਵ ਪੁੰਨਿਆ ਦਾ ਆਰੰਭ ਬੁਧਵਾਰ (20
ਮਾਰਚ) ਸਵੇਰੇ 10.45 ਵਜੇ (ਲੱਗ-ਭੱਗ) ਹੋਵੇਗਾ। ਅਤੇ ਇਸ ਦਾ ਅੰਤ ਵੀਰਵਾਰ ਨੂੰ ਸਵੇਰੇ ਸੂਰਜ ਚੜਨ
ਤੋਂ ਪਿਛੋਂ 7.12 ਵਜੇ ਹੋਵੇਗਾ। ਇਸ ਲਈ ਪੁੰਨਿਆ ਵੀਰਵਾਰ 21 ਮਾਰਚ
ਨੂੰ ਹੋਵੇਗੀ। ਹੁਣ ਚੇਤ ਵਦੀ ਏਕਮ ਦਾ ਆਰੰਭ ਵੀਰਵਾਰ ਸਵੇਰੇ 7.12 ਵਜੇ ਹੋਵੇਗਾ ਅਤੇ ਇਸ ਦਾ
ਅੰਤ ਸ਼ੁਕਰਵਾਰ ਸਵੇਰੇ 3.52 ਵਜੇ ਹੋ ਜਾਵੋ ਜਾਵੇਗਾ ਅਤੇ ਚੇਤ ਸੁਦੀ ਦੂਜ ਦਾ ਆਰੰਭ ਹੋ ਜਾਵੇਗਾ।
ਸ਼ੁਕਰਵਾਰ (22 ਮਾਰਚ) ਸਵੇਰੇ ਸੂਰਜ ਚੜਨ ਵੇਲੇ ਚੇਤ ਸੁਦੀ ਦੂਜ ਹੋਵੇਗੀ। ਇਹ ਹੈ ਅਸਲ ਸਮੱਸਿਆ।
ਸ਼੍ਰੋਮਣੀ ਕਮੇਟੀ ਮੁਤਾਬਕ ਹੋਲਾ ਮਹੱਲਾ 21 ਮਾਰਚ ਨੂੰ ਹੈ। ਕਿਉਂਕਿ ਬਿਕ੍ਰਮੀ ਕੈਲੰਡਰ ਦੇ
ਵਿਧੀ-ਵਿਧਾਨ ਮੁਤਾਬਕ ਚੇਤ ਵਦੀ ਏਕਮ ਵੀਰਵਾਰ 21 ਮਾਰਚ ਨੂੰ ਹੀ ਹੈ।
ਇਥੇ ਸ਼੍ਰੋਮਣੀ ਕਮੇਟੀ ਤਕਨੀਕੀ ਤੌਰ ਤੇ ਸਹੀ ਹੈ। ਪਰ
ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਮੰਨਣਾ ਹੈ ਕਿ ਹੋਲਾ ਮਹੱਲਾ ਪੁੰਨਿਆ ਤੋਂ ਅਗਲੇ ਦਿਨ ਮਨਾਇਆ
ਜਾਂਦਾ ਹੈ। ਇਸ ਲਈ ਇਹ ਸ਼ੁਕਰਵਾਰ ਨੂੰ ਮਨਾਇਆ ਜਾਵੇਗਾ। ਜੋ ਕਿ ਅਮਲੀ ਤੌਰ ਤੇ ਤਾਂ ਸਹੀ ਹੈ ਪਰ
ਤਕਨੀਕੀ ਤੌਰ ਤੇ ਗਲਤ ਹੈ। ਕਿਉਂਕਿ ਕੈਲੰਡਰ ਮੁਤਾਬਕ ਤਾਂ ਸ਼ੁਕਰਵਾਰ (22 ਮਾਰਚ) ਨੂੰ ਚੇਤ ਸੁਦੀ
ਦੂਜ ਹੋਵੇਗੀ, ਜਦੋਂ ਕਿ ਹੋਲਾਂ ਮਹੱਲਾ ਤਾਂ ਚੇਤ ਵਦੀ ਏਕਮ ਨੂੰ ਮਾਇਆ ਜਾਂਦਾ ਹੈ।
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਅਜੇਹੀਆਂ ਬਹੁਤ ਸਾਰੀਆਂ
ਸਮੱਸਿਆਵਾਂ ਕਾਰਨ ਹੀ ਨਾਨਕਸ਼ਾਹੀ ਕੈਲੰਡਰ ਹੋਂਦ ਵਿਚ ਆਇਆ ਸੀ। ਜਿਸ ਨੂੰ ਸ਼੍ਰੋਮਣੀ ਕਮੇਟੀ ਨੇ
2003 ਈ: ਵਿਚ ਲਾਗੂ ਕੀਤਾ ਸੀ। ਪਰ ਅਚਾਨਕ ਹੀ 2010 ਈ: ਵਿੱਚ ਮੁੜ ਚੰਦਰ-ਸੂਰਜੀ ਬਿਕ੍ਰਮੀ, ਸੂਰਜੀ ਬਿਕ੍ਰਮੀ ਅਤੇ
ਸੀ ਈ ਕੈਲੰਡਰ ਦਾ ਮਿਲਗੋਭਾ ਕੈਲੰਡਰ ਲਾਗੂ ਕਰ ਦਿੱਤਾ ਅਤੇ ਹੁਣ ਹਰ ਸਾਲ ਤਾਰੀਖ਼ਾਂ ਸਬੰਧੀ ਕਿਸੇ
ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇਹ ਬਿਆਨ ਕਿ,
“ਤਰੱਟੀ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਵੇ ਗਾ”, ਸਹੀਂ ਨਹੀ ਹੈ। ਸ਼੍ਰੋਮਣੀ ਕਮੇਟੀ ਆਪਣੇ ਤੌਰ ਤੇ ਚੰਦਰ-ਸੂਰਜੀ
ਕੈਲੰਡਰ ਵਿਚ ਕੋਈ ਤਬਦੀਲੀ ਨਹੀਂ ਕਰ ਸਕਦੀ। ਇਹ ਤਾਂ ਜਿਵੇਂ ਹੈ, ਉਵੇਂ
ਹੀ ਮੰਨਣਾ ਪਵੇਗਾ। ਜਿਵੇ ਚੇਤ ਦਾ ਮਹੀਨੇ ਦਾ ਪਹਿਲਾ ਅੱਧ ਖਤਮ ਹੋਰ ਰਹੇ ਸਾਲ ਵਿੱਚ ਅਤੇ ਦੂਜਾ
ਅੱਧ ਨਵੇਂ ਸਾਲ ਵਿੱਚ ਕਰਨ ਅਤੇ ਸੂਰਜੀ ਬਿਕ੍ਰਮੀ ਕੈਲੰਡਰ ਵਿੱਚ (ਨਵੰਬਰ 1964 ਈ) ਹਿੰਦੂ ਵਿਦਵਾਨ
ਵੱਲੋਂ ਕੀਤੀ ਗਈ ਸੋਧ ਨੂੰ ਮੰਨਿਆ ਸੀ। ਇਸ ਕੈਲੰਡਰ ਦਾ ਮਹੀਨਾ ਤਾਂ ਪੁੰਨਿਆ ਤੋਂ ਪੁੰਨਿਆ ਗਿਣਿਆ
ਜਾਂਦਾ ਹੈ ਅਤੇ ਸਾਲ ਮੱਸਿਆ ਤੋਂ ਮੱਸਿਆ, ਇਕ ਦਿਨ ਵਿੱਚ ਦੋ ਤਿੱਥਾਂ
ਜਾਂ ਦੋ ਦਿਨਾਂ ਵਿਚ ਇਕ ਤਿੱਥ, ਸਾਲ ਦੇ 12 ਮਹੀਨੇ ਅਤੇ 354 ਦਿਨ,
ਹਰ ਤੀਜੇ ਚੌਥੇ 13 ਮਹੀਨੇ ਅਤੇ 384 ਦਿਨ ਹੋ ਜਾਂਦੇ ਹਨ। ਇਹ ਅਤੇ ਅਜੇਹੀਆਂ ਹੋਰ
ਸਮੱਸਿਆਵਾਂ ਦਾ ਹਲ ਤਾਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਨੂੰ ਤਿਆਗਣ ਨਾਲ ਹੀ ਹੋਵੇਗਾ।