Saturday, June 1, 2019

ਅਜੋਕੇ ਇਤਿਹਾਸਕਾਰਾਂ ਦੇ ਕੌਤਕ -2


ਅਜੋਕੇ ਇਤਿਹਾਸਕਾਰਾਂ ਦੇ ਕੌਤਕ -2
ਸਰਵਜੀਤ ਸਿੰਘ ਸੈਕਰਾਮੈਂਟੋ

ਡਾ ਸੁਖਦਿਆਲ ਸਿੰਘ ਵੱਲੋਂ, 11 ਮਈ ਦਿਨ ਸ਼ਨਿਚਰਵਾਰ ਨੂੰ ਪਾਈ ਗਈ ਪੋਸਟ “ਸਰਹਿੰਦ ਫ਼ਤਿਹ” ਪੜ੍ਹ  ਰਿਹਾ ਸੀ, ਜਿਸ ਵਿੱਚ ਚੱਪੜ ਚਿੜੀ ਦੀ ਲੜਾਈ 12 ਮਈ 1710 ਈ: ਨੂੰ ਹੋਈ, ਲਿਖਿਆ ਹੋਇਆ ਸੀ। ਇਸੇ ਦੌਰਾਨ ਹੀ ਕੁਲਜੀਤ ਸਿੰਘ ਖੋਸਾ ਨਾਮ ਦੇ ਇਕ ਸੱਜਣ ਨੇ ਇਹ ਟਿੱਪਣੀ ਕਰ ਦਿੱਤੀ, “ਸਰ ਜੀ ਤੁਸੀਂ ਆਪਣੀਆਂ ਕਿਤਾਬਾਂ ‘ਚੱਪੜ ਚਿੜੀ ਦੀ ਲੜਾਈ’ ਅਤੇ ‘ਬਾਬਾ ਬੰਦਾ ਸਿੰਘ ਬਹਾਦਰ ਇਕ ਇਤਿਹਾਸਿਕ ਅਧਿਐਨ’ ਵਿਚ ਚੱਪੜ ਚਿੜੀ ਦੀ ਲੜਾਈ ਦੀ ਮਿਤੀ 22 ਮਈ 1710 ਲਿਖਿਆ ਹੈ ... ਹੁਣ 12 ਮਈ 1710 ਕਿਵੇਂ ਹੋ ਗਈ ? ਤੁਸੀਂ ਤਾ ਹੋਰ ਇਤਿਹਾਸਕਾਰਾਂ ਵੱਲੋਂ ਚੱਪੜ ਚਿੜੀ ਦੀ ਲੜਾਈ ਦੀ ਦਿੱਤੀ ਗਈ ਮਿਤੀ 12 ਮਈ ਨੂੰ ਹਵਾਲੇ ਦੇ ਕੇ ਰੱਦ ਕੀਤਾ ਸੀ .. ! ਹੁਣ ਖ਼ੁਦ 12 ਮਈ ਲਿਖ ਰਹੇ ਹੋ ... ਕਿਰਪਾ ਕਰਕੇ ਚਾਨਣਾ ਜਰੂਰ ਪਾਇਓ ਇਸ ਤੇ”। ਇਹ ਸਵਾਲ ਪੜ੍ਹ ਕੇ ਮੈਂ ਵੀ ਸੋਚੀ ਪੈ ਗਿਆ ਕਿ ਡਾ ਸੁਖਦਿਆਲ ਸਿੰਘ, ਇਕੋ ਇਤਿਹਾਸਕ ਘਟਨਾ ਦੀਆਂ ਦੋ ਤਾਰੀਖ਼ਾਂ ਕਿਵੇਂ ਲਿਖ ਸਕਦਾ ਹੈ? ਪਹਿਲੀ ਨਜ਼ਰੇ ਤਾਂ ਮੇਰਾ ਧਿਆਨ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਵੱਲ ਗਿਆ। ਪਰ ਡਾ. ਸੁਖਦਿਆਲ ਸਿੰਘ ਦਾ ਪੱਖ ਜਾਨਣ ਲਈ, ਮੈਂ ਵੀ  “ਕੁਲਜੀਤ ਸਿੰਘ ਦੇ ਸਵਾਲ ਦੇ ਜਵਾਬ ਦੀ ਉਡੀਕ ਰਹੇਗੀ”,  ਟਿੱਪਣੀ ਕਰ ਦਿੱਤੀ। ਕੁਝ ਸਮੇਂ ਪਿਛੋਂ ਜਦੋਂ ਮੈਂ ਸਵਾਲ ਦਾ ਜਵਾਬ ਜਾਨਣ ਲਈ ਫੇਸਬੁਕ ਵੇਖੀ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ, ਉਹ ਪੋਸਟ ਤਾਂ ਮੈਨੂੰ ਵਿਖਾਈ ਹੀ ਨਹੀਂ ਦਿੱਤੀ। ਇਸ ਦਾ ਭਾਵ ਇਹ ਸੀ ਕਿ ਡਾ ਸੁਖਦਿਆਲ ਸਿੰਘ ਨੇ ਮੇਰੇ ਤੇ ਪਾਬੰਦੀ ਲਾ ਦਿੱਤੀ ਤਾਂ ਜੋ ਮੈਂ ਉਨ੍ਹਾਂ ਦੀਆਂ ਪੋਸਟਾਂ ਨੂੰ ਵੇਖ/ਪੜ੍ਹ ਹੀ ਨਾ ਸਕਾ। ਇਸ ਸਬੰਧੀ ਮੈਂ ਦੋ-ਤਿੰਨ ਸੱਜਣਾਂ ਨੂੰ ਸੂਚਿਤ ਕੀਤਾ ਅਤੇ ਬੇਨਤੀ ਕੀਤੀ ਕਿ ਜਦੋਂ ਡਾ ਸੁਖਦਿਆਲ ਦਾ ਜਵਾਬ ਆਵੇ ਤਾਂ ਮੈਨੂੰ ਜਰੂਰ ਭੇਜਣਾ। ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਕ ਸੱਜਣ ਨੇ ਹੇਠ ਲਿਖੀ ਜਾਣਕਾਰੀ ਭੇਜੀ ਹੈ।
ਕੁਲਜੀਤ ਸਿੰਘ ਖੋਸਾ ਜੀ 22 ਮਈ ਵਿਲੀਅਮ ਇਰਵਿਨ ਦੀ ਕੱਢੀ ਹੋਈ ਮਿਤੀ ਸੀ। ਪਹਿਲਾਂ ਪਹਿਲਾਂ ਡਾ ਗੰਡਾ ਸਿੰਘ ਨੇ ਵੀ ਇਹੋ ਮਿਤੀ ਮੰਨੀ ਸੀ ਤੇ ਡਾ ਕਿਰਪਾਲ ਸਿੰਘ ਜੀ ਵੀ ਮਨਦੇ ਸਨ । ਪਰ ਫਿਰ ਨਵੀਆਂ ਲਿਖਤਾਂ ਵਿਚ ਉਕਤ ਦੋਵੇਂ ਹੀ 12 ਮਈ ਲਿਖਣ ਲੱਗ ਪਏ । ਅਖਬਾਰਾਂ ਵਿਚ ਵੀ ਇਹੋ 12 ਮਈ ਮਨੀ ਜਾਣ ਲੱਗ ਪਈ । ਐਵੇਂ ਖਾਹਮੁਖਾਹ ਦਾ ਵਿਵਾਦ ਨਾ ਛਿੜੇ ਇਸ ਕਰਕੇ ਨਾ ਤਾਂ ਇਸ ਮਿਤੀ ਦਾ ਕੋਈ ਵਿਵਾਦ ਹੀ ਛੇੜਹਯਾ ਅਤੇ ਨਾ ਹੀ ਇਸ ਵਾਰੇ ਕੁਝ ਲਿਖਿਆ । ਵੈਸੇ ਅਸਲ ਮਿਤੀ 24 ਰਬਿਉਲ ਅਵਲ ਹੈ ਅਖਬਾਰ ਏ ਦਰਬਾਰ ਏ mualla ਵਿੱਚ ਵੀ 22 ਮਈ ਹੀ ਹੈ” ।

ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ, ਲੱਗ ਭੱਗ ਦੋ ਦਰਜਣ ਕਿਤਾਬਾਂ ਦੇ ਲੇਖਕ ਡਾ ਸੁਖਦਿਆਲ ਸਿੰਘ ਦਾ, ਸਿੱਖ ਇਤਿਹਾਸ ਦੀ ਬਹੁਤ ਹੀ ਅਹਿਮ ਘਟਨਾ, ਚੱਪੜ ਚਿੜੀ ਦੀ ਲੜਾਈ ਦੀ ਤਾਰੀਖ਼ ਬਾਰੇ ਅਜੇਹਾ ਜਵਾਬ ਪੜ੍ਹ ਕੇ ਹੈਰਾਨੀ ਹੋਈ ਕਿ ਇਕ ਜਿੰਮੇਵਾਰ ਅਧਿਆਪਕ, ਇਸ  ਤਰ੍ਹਾਂ ਦਾ ਹਾਸੋਂ ਹੀਣਾ ਜਵਾਬ ਕਿਵੇਂ ਦੇ ਸਕਦਾ ਹੈ? ਸਹੀ ਤਾਰੀਖ ਦੀ ਜਾਣਕਾਰੀ ਹਾਸਲ ਕਰਨ ਲਈ ਆਪਣੇ ਸੀਮਤ ਸਾਧਨਾ ਆਸਰੇ ਹੀ ਯਤਨ ਆਰੰਭ ਦਿੱਤਾ। ਪਹਿਲਾਂ ਤਾਂ ਡਾ ਸੁਖਦਿਆਲ ਸਿੰਘ ਦੀਆਂ ਕਿਤਾਬਾਂ ਜੋ ਮੇਰੇ ਨਿਜੀ ਪੁਸਤਕਾਲਿਆ ਵਿਚ ਮੌਜੂਦ ਸਨ, ਉਨ੍ਹਾਂ ਤੇ ਪੰਛੀ ਝਾਤ ਮਾਰੀ ਅਤੇ ਇਕ ਕਿਤਾਬ, “ਚੱਪੜ ਚਿੜੀ ਦੀ ਲੜਾਈ ਅਤੇ ਖਾਲਸਾ ਰਾਜ” ਜੋ ਮੇਰੇ ਪਾਸ ਨਹੀਂ ਸੀ, ਦੀ ਪ੍ਰਾਪਤੀ ਲਈ ਕਈ ਪਾਸੇ ਸੁਨੇਹੇ ਭੇਜੇ, ਆਖਰ ਨਿਊਯਾਰਕ ਨਿਵਾਸੀ ਕੁਲਦੀਪ ਸਿੰਘ ਤੋਂ ਇਹ ਕਿਤਾਬ ਵੀ ਮਿਲ ਗਈ। 
ਆਓ ਵੇਖੀਏ ਡਾ ਸੁਖਦਿਆਲ ਸਿੰਘ ਆਪਣੀਆਂ ਕਿਤਾਬਾਂ ਵਿਚ ਕੀ ਲਿਖਦਾ ਹੈ;

“ਚੱਪੜ ਚਿੜੀ ਦੀ ਲੜਾਈ ਸਿੰਘਾਂ ਅਤੇ ਮੁਗਲ ਹਕੂਮਤ ਵਿਚਕਾਰ 12 ਮਈ, 1710 ਈ: ਨੂੰ ਲੜੀ ਗਈ ਸੀ। ਸਿੰਘ ਦਲਾਂ ਦਾ ਨੇਤਾ ਬੰਦਾ ਸਿੰਘ ਬਹਾਦੁਰ ਸੀ ਅਤੇ ਮੁਗਲ ਫੌਜ ਦਾ ਨੇਤਾ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਸੀ”। (ਖਾਲਸਾ ਰਾਜ ਦਾ ਬਾਨੀ ਬੰਦਾ ਸਿੰਘ ਬਹਾਦਰ, 2003 ਈ: ਪੰਨਾ 42)

“ਚੱਪੜ-ਚਿੜੀ ਦੀ ਲੜਾਈ 22 ਮਈ, 1710 ਨੂੰ ਲੜੀ ਗਈ ਸੀ ਸਿੱਖ ਇਤਿਹਾਸ ਵਿਚ ਇਸ ਲੜਾਈ ਦਾ ਬੜਾ ਹੀ ਮਹੱਤਵ ਹੈ”।...12 ਮਈ, 1710 ਨੂੰ ਜੋ ਰਿਪੋਰਟ ਬਾਦਸ਼ਾਹ ਨੂੰ ਪੇਸ਼ ਕੀਤੀ ਗਈ ਸੀ ਉਸ ਵਿਚ ਦੱਸਿਆ ਗਿਆ ਸੀ ਕਿ ਸਰਹਿੰਦ ਅਤੇ ਲਾਹੌਰ ਦੇ ਨੇੜਲੇ ਖੇਤਰਾਂ ਵਿਚ ਇਕ ਬੰਦੇ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਐਲਾਨ ਕਰ ਦਿੱਤਾ ਹੈ ਅਤੇ ਆਪਣੇ ਬੰਦੇ ਮਾਰੇ ਜਾ ਰਹੇ ਹਨ”। (ਚੱਪੜ ਚਿੜੀ ਦੀ ਲੜਾਈ ਅਤੇ ਖਾਲਸਾ ਰਾਜ, 2010 ਈ:, ਪੰਨਾ 38)

“ਜਿਨ੍ਹਾਂ ਪਰਗਨ੍ਹਿਆਂ ਦੇ ਮੁਖੀ ਚੱਪੜ ਚਿੜੀ ਦੀ ਲੜਾਈ ਵਿਚ ਹਾਜ਼ਰ ਸਨ, ਉਨ੍ਹਾਂ ਦੀ ਕਿਸਮਤ ਦਾ ਫੈਸਲਾ ਤਾਂ 22 ਮਈ ਨੂੰ ਹੀ ਹੋ ਗਿਆ ਸੀ, ਜਿਨ੍ਹਾਂ ਪਰਗਨ੍ਹਿਆਂ ਦੇ ਮੁਖੀ ਇਸ ਲੜਾਈ ਵਿਚ ਸ਼ਾਮਿਲ ਨਹੀਂ ਸਨ ਉਨ੍ਹਾਂ ਵਿਚੋਂ ਕਈ ਤਾਂ ਲੜਾਈ ਦੇ ਬਾਅਦ ਬੰਦਾ ਸਿੰਘ ਬਹਾਦਰ ਸਾਹਮਣੇ ਸਮਰਪਣ ਕਰਨ ਲਈ ਆ ਗਏ ਸਨ ਅਤੇ ਕਈਆਂ ਨੂੰ ਬਾਅਦ ਵਿਚ ਸੋਧ ਦਿੱਤਾ ਗਿਆ ਸੀ”। (ਸ਼੍ਰੋਮਣੀ ਸਿੱਖ ਇਤਿਹਾਸ ਭਾਗ ਦੂਜਾ, 2010 ਈ:, ਪੰਨਾ 27)

“ਚੱਪੜ-ਚਿੜੀ ਦੀ ਲੜਾਈ 22 ਮਈ, 1701 ਨੂੰ ਲੜੀ ਗਈ ਸੀ ਸਿੱਖ ਇਤਿਹਾਸ ਵਿਚ ਇਸ ਲੜਾਈ ਦਾ ਬੜਾ ਹੀ ਮਹੱਤਵ ਹੈ। ਇਸ ਵਿਚ ਚੱਪੜ ਚਿੜੀ ਦੇ ਅਸਥਾਨ ਤੇ ਸਰਹਿੰਦ ਪਰਾਂਤ ਦੀਆਂ ਮੁਗਲ ਫੌਜਾਂ ਨੂੰ ਲੱਕ-ਤੋੜਵੀਂ ਹਾਰ ਦਿੱਤੀ ਗਈ ਸੀ।... 12 ਮਈ, 1710 ਨੂੰ ਜੋ ਰਿਪੋਰਟ ਬਾਦਸ਼ਾਹ ਨੂੰ ਪੇਸ਼ ਕੀਤੀ ਗਈ ਸੀ ਉਸ ਵਿਚ ਦੱਸਿਆ ਗਿਆ ਸੀ ਕਿ ਸਰਹਿੰਦ ਅਤੇ ਲਾਹੌਰ ਦੇ ਨੇੜਲੇ ਖੇਤਰਾਂ ਵਿਚ ਇਕ ਬੰਦੇ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਐਲਾਨ ਕਰ ਦਿੱਤਾ ਹੈ ਅਤੇ ਆਲੇ ਆਪਣੇ ਬਹੁਤ ਵੱਡੀ ਗਿਣਤੀ ਵਿਚ ਬੰਦੇ ਇਕੱਠੇ ਕਰ ਲਏ ਹਨ”। (ਬੰਦਾ ਸਿੰਘ ਬਹਾਦਰ ਇਤਿਹਾਸਕ ਅਧਿਐਨ, 2010 ਈ:, ਪੰਨਾ 113)

12 ਮਈ, 1710 ਈ. ਨੂੰ ਖ਼ਾਲਸੇ ਨੇ ਮੁਗਲ ਸਾਮਰਾਜ ਦੇ ਬੜੇ ਹੀ ਅਹਿਮ ਪਰਾਂਤ ਨੂੰ ਫ਼ਤਿਹ ਕਰ ਲਿਆ ਸੀ I ਇਹ ਸਰਹਿੰਦ ਦਾ ਪਰਾਂਤ ਸੀ I ਵਜ਼ੀਰ ਖਾਨ ਇਸ ਦਾ ਸੂਬੇਦਾਰ ਸੀ I ਸਤਲੁਜ ਤੋਂ ਲੈ ਕੇ ਜਮੁਨਾ ਦਰਿਆ ਤੱਕ ਦਾ ਸਾਰਾ ਖੇਤਰ ਇਸ ਪਰਾਂਤ ਵਿਚ ਸ਼ਾਮਿਲ ਸੀ।... ਚੱਪੜ-ਚਿੜੀ ਦੇ ਜੰਗਲਾਂ ਵਿੱਚ 12 ਮਈ 1710 ਨੂੰ ਭਿਆਨਕ ਲੜਾਈ ਹੋਈ I ਇਹ ਲੜਾਈ ਸਰਹਿੰਦ ਦੀ ਜੰਗ ਦੀ ਅੰਤਿਮ ਲੜਾਈ ਸੀ I ਇੱਕੋ ਦਿਨ ਦੀ ਲੜਾਈ ਵਿੱਚ ਸਰਹਿੰਦ ਨੂੰ ਫ਼ਤਿਹ ਕਰ ਲਿਆ ਗਿਆ ਸੀ”I (ਸਰਹਿੰਦ ਫ਼ਤਿਹ, 11 ਮਈ 2019 ਈ:)
ਉਪ੍ਰੋਕਤ ਵੇਰਵੇ ਅਨੁਸਾਰ ਡਾ. ਸੁਖਦਿਆਲ ਸਿੰਘ ਨੇ 2003 ਈ: ਵਿਚ ਤਾਂ ਚੱਪੜ ਚਿੜੀ ਦੀ ਲੜਾਈ ਦੀ ਤਾਰੀਖ 12 ਮਈ ਦਰਜ ਕੀਤੀ ਸੀ। ਪਰ 2010 ਈ: ਵਿਚ ਬਿਨਾ ਕੋਈ ਕਾਰਨ ਦੱਸੇ, ਇਹ ਤਾਰੀਖ 22 ਮਈ ਲਿਖ ਦਿੱਤੀ ਗਈ। 2019 ਈ: ਵਿਚ ਮੁੜ, ਚੱਪੜ ਚਿੜੀ ਦੇ ਮੈਦਾਨ ਵਿਚ ਹੋਏ ਯੁੱਧ ਦੀ ਤਾਰੀਖ 12 ਮਈ ਮੰਨ ਲਈ ਹੈ। ਜਿਸ ਦਾ ਕਾਰਨ ਉਨ੍ਹਾਂ ਨੇ ਇਹ ਦੱਸਿਆ ਹੈ, “ ਕੁਲਜੀਤ ਸਿੰਘ ਖੋਸਾ ਜੀ 22 ਮਈ ਵਿਲੀਅਮ ਇਰਵਿਨ ਦੀ ਕੱਢੀ ਹੋਈ ਮਿਤੀ ਸੀ । ਪਹਿਲਾਂ ਪਹਿਲਾਂ ਡਾ ਗੰਡਾ ਸਿੰਘ ਨੇ ਵੀ ਇਹੋ ਮਿਤੀ ਮੰਨੀ ਸੀ ਤੇ ਡਾ ਕਿਰਪਾਲ ਸਿੰਘ ਜੀ ਵੀ ਮਨਦੇ ਸਨ । ਪਰ ਫਿਰ ਨਵੀਆਂ ਲਿਖਤਾਂ ਵਿਚ ਉਕਤ ਦੋਵੇਂ ਹੀ 12 ਮਈ ਲਿਖਣ ਲੱਗ ਪਏ । ਅਖਬਾਰਾਂ ਵਿਚ ਵੀ ਇਹੋ 12 ਮਈ ਮਨੀ ਜਾਣ ਲੱਗ ਪਈ । ਐਵੇਂ ਖਾਹਮੁਖਾਹ ਦਾ ਵਿਵਾਦ ਨਾ ਛਿੜੇ ਇਸ ਕਰਕੇ ਨਾ ਤਾਂ ਇਸ ਮਿਤੀ ਦਾ ਕੋਈ ਵਿਵਾਦ ਹੀ ਛੇੜਹਯਾ ਅਤੇ ਨਾ ਹੀ ਇਸ ਵਾਰੇ ਕੁਝ ਲਿਖਿਆ। ਵੈਸੇ ਅਸਲ ਮਿਤੀ 24 ਰਬਿਉਲ ਅਵਲ ਹੈ ਅਖਬਾਰ ਏ ਦਰਬਾਰ ਏ mualla ਵਿੱਚ ਵੀ 22 ਮਈ ਹੀ ਹੈ”। ਇਹ ਹੈ ਸਾਡੇ ਅਜੋਕੇ ਇਤਿਹਾਸਕਾਰਾਂ ਦੀ ਖੋਜ!
ਡਾ ਸੁਖਦਿਆਲ ਸਿੰਘ ਦਾ ਇਹ ਲਿਖਣਾ ਵੀ ਸਚਾਈ ਤੋਂ ਕੋਹਾਂ ਦੂਰ ਹੈ ਕਿ, “ਐਵੇਂ ਖਾਹਮੁਖਾਹ ਦਾ ਵਿਵਾਦ ਨਾ ਛਿੜੇ ਇਸ ਕਰਕੇ ਨਾ ਤਾਂ ਇਸ ਮਿਤੀ ਦਾ ਕੋਈ ਵਿਵਾਦ ਹੀ ਛੇੜਹਯਾ ਅਤੇ ਨਾ ਹੀ ਇਸ ਵਾਰੇ ਕੁਝ ਲਿਖਿਆ”। ਵਿਵਾਦ ਤਾਂ ਸੁਖਦਿਆਲ ਸਿੰਘ ਨੇ  ਛੇੜ ਲਿਆ ਹੈ, ਜਦੋਂ ਇਕ ਇਤਿਹਾਸਕ ਘਟਨਾ ਦੀ, ਇਕੋ ਲੇਖਕ ਹੀ ਦੋ ਤਾਰੀਖ਼ਾਂ ਲਿਖੇ, ਉਹ ਵੀ, ਉਹ ਲੇਖਕ ਜੋ ਸਵਾਲ ਪੁੱਛਣ ਤੇ ਇਹ ਲਿਖ ਦੇਵੇ ਕਿ “ਮੈਂ ਕਿਸੇ ਸਵਾਲ ਦਾ ਜਵਾਬ ਨਹੀ ਦੇਣਾ”, ਵਿਵਾਦ ਦਾ ਵਿਸ਼ਾ ਤਾਂ ਬਣੇਗਾ ਹੀ। ਚੱਪੜ ਚਿੜੀ ਦੀ ਲੜਾਈ ਦੀ ਤਾਰੀਖ ਬਾਰੇ, ਖਾਮਹਖਾਹ ਦਾ ਵਿਵਾਦ, ਡਾ ਸੁਖਦਿਆਲ ਸਿੰਘ ਦੀ ਅਗਿਆਨਤਾ ਦੀ ਦੇਣ ਹੈ। ਚਾਹੀਦਾ ਤਾਂ ਇਹ ਸੀ ਕਿ ਇਹ ਠੋਸ ਕਾਰਨ ਦੱਸਦਾ ਕਿ 12 ਮਈ ਕਿਉਂ ਗਲਤ ਹੈ ਅਤੇ 22 ਮਈ ਕਿਵੇਂ ਸਹੀ ਹੈ। ਅਜੇਹਾ ਤਾਂ ਉਹ ਤਾ ਲਿਖਦਾ, ਜੇ ਆਪ ਕੋਈ ਖੋਜ ਕੀਤੀ ਹੁੰਦੀ। ਪਹਿਲਾ ਡਾ ਗੰਡਾ ਸਿੰਘ ਦੀ ਲਿਖਤ ਵਿੱਚੋਂ ਨਕਲ ਮਾਰ ਕੇ 12 ਮਈ ਲਿਖ ਦਿੱਤੀ, ਫੇਰ William Irvine ਦੇ ਹਵਾਲੇ ਨਾਲ, ਇਹ ਸੋਚ ਕੇ ਕਿ ਇਹ ਅੰਗਰੇਜ ਹੈ, ਇਹ ਠੀਕ ਹੀ ਹੋਣਾ ਹੈ, 22 ਮਈ ਲਿਖ ਦਿੱਤੀ। ਸਿੱਖ ਇਤਿਹਾਸ ਨਾਲ ਸਬੰਧਿਤ ਬਹੁਤ ਸਾਰੀਆਂ ਤਾਰੀਖ਼ਾਂ ਵਿਵਾਦ ਦਾ ਵਿਸ਼ਾ ਹਨ, ਵੱਖ-ਵੱਖ ਲੇਖਕਾਂ ਵੱਲੋਂ ਇਕੋ ਘਟਨਾ ਦੀਆਂ ਵੱਖ-ਵੱਖ ਤਾਰੀਖ਼ਾਂ ਤਾਂ ਮਿਲਦੀਆਂ ਹਨ। ਪਰ ਇਥੇ ਤਾਂ ਨਵਾਂ ਹੀ ਚੰਦ ਚਾੜ੍ਹ ਦਿੱਤਾ ਹੈ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਨੇ। 
ਆਓ ਹੁਣ ਸਹੀ ਤਾਰੀਖ ਦੀ ਪੜਤਾਲ ਕਰੀਏ;
ਜਿਵੇ ਮੈਂ ਉਪਰ ਲਿਖਿਆ ਸੀ ਕਿ ਪਹਿਲੀ ਨਜ਼ਰੇ ਇਹ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਦਾ ਮਸਲਾ ਬਣਦਾ ਹੈ। ਰੋਮ ਵਾਸੀਆਂ ਨੇ ਭਾਵੇਂ 1582 ਈ: ਵਿਚ ਜੂਲੀਅਨ ਕੈਲੰਡਰ ਵਿਚ ਸੋਧ ਕਰਕੇ ਗਰੈਗੋਰੀਅਨ ਕੈਲੰਡਰ ਬਣਾ ਲਿਆ ਸੀ, ਪਰ ਇੰਗਲੈਂਡ ਨੇ ਇਸ ਨੂੰ 1752 ਈ: ਵਿੱਚ ਮਾਨਤਾ ਦਿੱਤੀ ਸੀ। ਆਪਣੇ ਦੇਸ਼ ਵਿਚ ਅੰਗਰੇਜਾਂ ਦੇ ਆਉਣ ਨਾਲ ਗਰੈਗੋਰੀਅਨ ਕੈਲੰਡਰ ਹੀ ਆਇਆ ਸੀ। ਅੰਗਰੇਜਾਂ ਨੇ ਆਪਣੀ ਸਹੂਲਤ ਲਈ ਇਤਿਹਾਸ ਦੀਆਂ, 2 ਸਤੰਬਰ 1752 ਈ: ਤੋਂ ਪਹਿਲੀਆਂ ਤਾਰੀਖ਼ਾਂ ਨੂੰ ਜੂਲੀਅਨ ਕੈਲੰਡਰ ਵਿਚ ਬਦਲੀ ਕਰ ਜਾਂ ਕਰਵਾ ਲਿਆ। 14 ਸਤੰਬਰ ਤੋਂ ਪਿਛੋਂ ਦੀਆਂ ਤਾਰੀਖ਼ਾਂ ਗਰੈਗੋਰੀਅਨ ਕੈਲੰਡਰ ਵਿੱਚ। ਚੱਪੜ ਚਿੜੀ ਦੀ ਲੜਾਈ ਦੀ ਅਸਲ ਤਾਰੀਖ ਸਰਕਾਰੀ ਵਸੀਲਿਆਂ ਮੁਤਾਬਕ 24 ਰਬਿਉਲ ਅਵਲ ਸੰਮਤ 1122 ਹਿਜਰੀ ਹੈ। ਡਾ ਸੁਖਦਿਆਲ ਸਿੰਘ ਨੇ ਵੀ ਲਿਖਿਆ ਹੈ ਕਿ, “ਵੈਸੇ ਅਸਲ ਮਿਤੀ 24 ਰਬਿਉਲ ਅਵਲ ਹੈ”। Later Mughals ਦੇ ਕਰਤਾ William Irvine (1840-1911) ਨੇ ਵੀ ਇਹ ਤਾਰੀਖ ਹੀ ਲਿਖੀ ਹੈ, “This was on the 24 Rabi I , 1122  (22nd May 1710) (Page 95)। ਹੁਣ ਜੇ ਇਸ ਤਾਰੀਖ ਨੂੰ ਜੂਲੀਅਨ ਕੈਲੰਡਰ ਵਿੱਚ ਬਦਲੀ ਕਰੀਏ ਤਾਂ ਇਹ ਸ਼ਨਿਚਰਵਾਰ, 13 ਮਈ,  1710 ਈ: (O S) ਬਣਦੀ ਹੈ। ਇਥੇ ਇਕ ਹੋਰ ਸਮੱਸਿਆ ਆ ਗਈ ਹੈ ਕਿ 12 ਮਈ ਸਹੀ ਹੈ ਜਾਂ 13, ਮਈ ਹੈ?
 

ਹਿਜਰੀ ਕੈਲੰਡਰ ਵਿਚ ਮਹੀਨੇ ਦਾ ਆਰੰਭ ਚੰਦ ਦੇ ਵਿਖਾਈ ਦੇਣ (Observational) ਨਾਲ ਹੁੰਦਾ ਹੈ। ਨਾ ਕਿ ਗਿਣਤੀਆਂ-ਮਿਣਤੀਆਂ (Arithmetic) ਨਾਲ। ਇਸ ਲਈ ਇਕ ਦਿਨ ਦਾ ਫਰਕ ਹੈ। ਖੈਰ, ਅਸੀਂ ਬਰੀਕੀਆਂ ਵਿਚ ਨਾ ਜਾਂਦੇ ਹੋਏ, 12 ਮਈ ਨੂੰ ਹੀ ਸਹੀ ਮੰਨ ਕੇ ਚਲਦੇ ਹਾਂ। ਕਿਉਂਕਿ ਇਹ ਤਾਰੀਖ 1752 ਈ: ਤੋਂ ਪਹਿਲਾ ਦੀ ਹੈ। ਇਸ ਲਈ ਇਹ ਜੂਲੀਅਨ ਕੈਲੰਡਰ ਅਨੁਸਾਰ ਹੀ ਹੋਈ ਚਾਹੀਦੀ ਹੈ। William Irvine ਨੇ ਆਪਣੀ ਕਿਤਾਬ 20ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਲਿਖੀ ਹੈ। ਉਸ ਵੇਲੇ ਗਰੈਗੋਰੀਅਨ ਕੈਲੰਡਰ ਪ੍ਰਚੱਲਤ ਸੀ। ਇਸ ਕਾਰਨ ਉਸ ਨੇ 24 ਰਬਿਉਲ ਅਵਲ ਨੂੰ ਸਿਧਾ ਹੀ ਗਰੈਗੋਰੀਅਨ ਕੈਲੰਡਰ ਵਿਚ ਬਦਲੀ ਕਰ ਕੇ 22 ਮਈ ਲਿਖ ਦਿੱਤੀ, ਜੋ ਦੋ ਦਿਨ ਦੇ ਫਰਕ ਨਾਲ ਗਲਤ ਹੈ। ਅਸਲ ਵਿੱਚ ਇਹ 24 ਮਈ ਬਣਦੀ ਹੈ। (William Irvine ਵੱਲੋਂ ਹਿਜਰੀ ਤਾਰੀਖ਼ਾਂ ਨੂੰ ਬਦਲੀ ਕਰਕੇ ਲਿਖੀਆਂ ਤਾਰੀਖ਼ਾਂ ਵਿੱਚੋਂ, ਬਹੁਤ ਸਾਰੀਆਂ ਤਾਰੀਖ਼ਾਂ ਗਲਤ ਹਨ। ਜਿਵੇ  4th Ramzan 1049 ਨੂੰ  30 th Dec 1639 (ਪੰਨਾ 1) ਲਿਖਿਆ ਹੈ ਜੋ ਅਸਲ ਵਿਚ 18 ਦਸੰਬਰ 1639 ਈ: ਦਿਨ ਬੁਧਵਾਰ ਬਣਦੀ ਹੈ।)  ਡਾ ਸੁਖਦਿਆਲ ਸਿੰਘ ਨੇ ਬਿਨਾ ਸੋਚੇ-ਸਮਝੇ ਹੀ 22 ਮਈ ਲਿਖ ਕੇ William Irvine ਦਾ ਹਵਾਲਾ ਦੇ ਦਿੱਤਾ ਹੈ। ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਡਾ ਸੁਖਦਿਆਲ ਸਿੰਘ ਨੇ William Irvine ਦੀ ਕਿਤਾਬ ਨਹੀਂ ਪੜ੍ਹੀ। ਇਸ ਨੇ ਤਾਂ ਮੱਖੀ ਤੇ ਮੱਖੀ ਹੀ ਮਾਰੀ ਹੈ। ਜੇ ਇਸ ਨੇ ਪਹਿਲੇ ਅਧਿਆਇ ਦੀ ਪਹਿਲੀ ਪੰਗਤੀ ਹੀ ਪੜ੍ਹੀ ਹੁੰਦੀ ਤਾਂ, ਨਾ ਤਾ ਇਹ ਆਪ ਉਲਝਦਾ ਅਤੇ ਨਾ ਹੀ ਚੱਪੜ ਚਿੜੀ ਦੀ ਲੜਾਈ ਦੀਆਂ ਦੋ ਤਾਰੀਖ਼ਾਂ (12 ਮਈ ਅਤੇ 22 ਮਈ) ਲਿਖ ਕੇ ਪਾਠਕਾਂ ਨੂੰ ਉਲਝਾਉਂਦਾ। ਜਿਸ ਸੱਜਣ ਪਾਸ “ਖਾਲਸਾ ਰਾਜ ਦਾ ਬਾਨੀ ਬੰਦਾ ਸਿੰਘ ਬਹਾਦਰ” (2003 ਈ:) ਹੋਵੇਗੀ ਉਹ ਤਾਂ 12 ਮਈ ਨੂੰ ਸਹੀ ਮੰਨਦਾ ਹੋਵੇਗਾ। ਜਿਸ ਪਾਸ “ਬੰਦਾ ਸਿੰਘ ਬਹਾਦਰ ਇਤਿਹਾਸਕ ਅਧਿਐਨ” (2010 ਈ:) ਹੋਵੇਗੀ ਉਹ 22 ਮਈ ਨੂੰ ਸਹੀ ਮੰਨੇਗਾ। ਭਲਾ! ਜੇ ਕਿਸੇ ਪਾਸ ਦੋਵੇਂ ਹੀ ਹੋਣ ਤਾਂ ਵੀ ਉਹ ਇਹ ਨਿਰਨਾ ਕਰੇਗਾ ਕਿ ਕਿਹੜੀ ਤਾਰੀਖ ਗਲਤ ਹੈ ਅਤੇ ਕਿਹੜੀ? ਇਥੇ ਤਾ ਦੁਨਿਆਵੀ ਡਿਗਰੀਆਂ ਨਾਲ ਸ਼ਿੰਗਾਰੇ ਹੋਏ ਵਿਦਵਾਨ ਡੇਢ ਦਹਾਕੇ ਵਿਚ ਕੋਈ ਨਿਰਨਾ ਨਹੀਂ ਕਰ ਸਕੇ, ਆਮ ਪਾਠਕ ਕਿਵੇਂ ਨਿਰਨਾ ਕਰ ਸਕਦਾ ਹੈ?

ਪੜ੍ਹੋ, ਪਹਿਲੇ ਅਧਿਆਇ “The Later Mughals” ਦੀ ਪਹਿਲੀ ਪੰਗਤੀAfter an illness of a few days Alamgir died in his camp at Ahmadnager on the 28th Zul Qada 1118 A.H., corresponding to the 3rd march, 1707, New Style”। (ਪੰਨਾ 1) ਇਥੇ “New Style” ਤੋਂ ਸਪੱਸ਼ਟ ਹੋ ਜਾਂਦਾ ਹੈ ਕਿ William Irvine ਦੀਆਂ ਸਾਰੀਆਂ ਤਾਰੀਖ਼ਾਂ ਗਰੈਗੋਰੀਅਨ ਕੈਲੰਡਰ ਮੁਤਾਬਕ ਹਨ। ਜੇ ਇਸ ਨੂੰ ਜੂਲੀਅਨ ਕੈਲੰਡਰ ਵਿਚ ਲਿਖਣਾ ਹੋਵੇ ਤਾਂ ਇਹ 20 February 1707, Old Style. ਲਿਖੀ ਜਾਣੀ ਸੀ। ਕਾਸ਼! ਡਾ ਸੁਖਦਿਆਲ ਸਿੰਘ ਨੇ ਇਸ ਕਿਤਾਬ ਦਾ ਹਵਾਲਾ ਦੇਣ ਤੋਂ ਪਹਿਲਾ ਇਸ ਦੇ ਦਰਸ਼ਨ ਕੀਤੇ ਹੁੰਦੇ। ਪਹਿਲੇ ਅਧਿਆਇ ਦੀ ਪਹਿਲੀ ਪੰਗਤੀ ਨੂੰ ਹੀ ਪੜ੍ਹ ਕੇ ਸਮਝਿਆ ਹੁੰਦਾ ਤਾਂ ਜਿਹੜਾ ਨੁਕਤਾ ਉਸ ਨੂੰ 16 ਸਾਲਾਂ (2003-2019) ਵਿਚ ਸਮਝ ਨਹੀ ਆਇਆ, 16 ਸੈਕਿੰਡ ਵਿਚ ਸਮਝ ਆ ਜਾਣਾ ਸੀ।