ਇਤਿਹਾਸਿਕ ਤਾਰੀਖ਼ਾਂ ਬਨਾਮ ਸੁਹਿਰਦਤਾ
ਸਰਵਜੀਤ ਸਿੰਘ ਸੈਕਰਾਮੈਂਟੋ
ਬੀਤੇ ਦੀ ਕਹਾਣੀ, ਵੇਰਵਾ, ਬਿਰਤਾਂਤ, ਬੀਤ ਚੁੱਕੀ ਘਟਨਾ ਦੇ ਕ੍ਰਮ ਅਨੁਸਾਰ ਜਿਕਰ ਕਰਨ ਨੂੰ
ਇਤਿਹਾਸ ਕਹਿੰਦੇ ਹਨ। ਇਸ ਵਿੱਚ ਸਹੀ ਅਸਥਾਨ, ਸਮਾਂ ਅਤੇ ਤਾਰੀਖ਼ਾਂ ਦਾ ਬਹੁਤ ਮਹੱਤਵ ਹੁੰਦਾ ਹੈ। ਪਰ ਸਿੱਖ ਇਤਿਹਾਸ ਵਿੱਚ ਤਾਰੀਖ਼ਾਂ ਦਾ
ਬਹੁਤ ਹੀ ਗੰਧਲਾਪਣ ਹੈ। ਕਿਸੇ ਵੀ ਇਤਿਹਾਸਿਕ ਘਟਨਾ ਬਾਰੇ ਦੋ ਲੇਖਕਾਂ ਦੀਆਂ ਲਿਖਤਾਂ ਵਿੱਚ ਇਕੋ
ਘਟਨਾ ਦੀਆਂ ਵੱਖ-ਵੱਖ ਤਾਰੀਖ਼ਾਂ ਤਾਂ ਅਕਸਰ ਮਿਲਦੀਆਂ ਹੀ ਹਨ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ
ਇਕੋ ਲੇਖਕ ਦੀਆਂ, ਇਕੋ ਘਟਨਾ ਵਾਰੇ ਵੀ ਵੱਖ-ਵੱਖ ਤਾਰੀਖ਼ਾਂ ਪੜ੍ਹਨ ਨੂੰ ਮਿਲਦੀਆਂ ਹਨ। ਅਜੇਹੀ
ਹਾਲਤ ਵਿੱਚ ਆਮ ਪਾਠਕ ਤਾਂ ਕੀ, ਇਤਿਹਾਸ ਦੇ ਵਿਦਿਆਰਥੀ ਵੀ ਮੁਸ਼ਕਲ ਵਿੱਚ ਫਸ ਜਾਂਦੇ ਹਨ, ਕਿ ਉਹ
ਕਿਹੜੀ ਤਾਰੀਖ ਨੂੰ ਸਹੀ ਮੰਨਣ? ਜਿਹੜੀ ਕਿਤਾਬ ਉਨ੍ਹਾਂ ਨੂੰ ਪੜ੍ਹਾਈ ਜਾਂਦੀ ਹੈ ਉਸ ਵਿੱਚ ਦਰਜ ਤਾਰੀਖ
ਨੂੰ ਹੀ ਸਹੀ ਮੰਨਣਾ, ਉਨ੍ਹਾਂ ਦੀ ਮਜ਼ਬੂਰੀ ਹੁੰਦੀ ਹੈ। ਉਹ ਤਾਰੀਖ ਸਹੀ ਹੈ ਜਾਂ ਨਹੀਂ? ਇਹ ਫੈਸਲਾ
ਵਿਦਿਆਰਥੀ ਨਹੀਂ ਕਰ ਸਕਦੇ।
ਪਿਛਲੇ ਦਿਨੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸੀ। ਡਾ ਹਰਜਿੰਦਰ ਸਿੰਘ ਦਿਲਗੀਰ
ਵੱਲੋਂ ਲਿਖੇ “ਅੱਜ ਦਾ ਇਤਿਹਾਸ” ਅਨੁਸਾਰ ਇਹ ਦਿਹਾੜਾ 9 ਜੂਨ (26 ਜੇਠ) ਦਿਨ ਐਤਵਾਰ ਨੂੰ ਸੀ। ਨਾਨਕਸ਼ਾਹੀ
ਕੈਲੰਡਰ ਦੇ ਨਾਮ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ ਵਿੱਚ ਇਹ ਦਿਹਾੜਾ 11
ਹਾੜ/25 ਜੂਨ (2019 ਈ:) ਦਾ ਦਰਜ ਹੈ। 2012, 2013
ਈ: ਵਿੱਚ ਕਮੇਟੀ ਦੇ ਕੈਲੰਡਰ ਵਿੱਚ ਇਹ ਦਿਹਾੜਾ 25 ਜੂਨ/12 ਹਾੜ ਦਾ ਦਰਜ ਸੀ। 2016 ਈ: ਵਿੱਚ 11
ਹਾੜ/24 ਜੂਨ ਦਾ ਦਰਜ ਸੀ। ਅਖ਼ਬਾਰਾਂ ਵਿੱਚ ਲੇਖ ਲਿਖਣ ਵਾਲੇ ਲੇਖਕਾਂ ਦੀ ਗੱਲ ਤਾਂ ਛੱਡੋ, ਇਥੇ
ਤਾਂ ਡਾ ਸੁਖਦਿਆਲ ਸਿੰਘ ਵੀ ਇਹ ਫੈਸਲਾ ਨਹੀਂ ਕਰ ਸਕਿਆ ਕਿ ਸਹੀ ਤਾਰੀਖ਼ ਕਿਹੜੀ ਹੈ? “ਇਸੇ ਤਰ੍ਹਾਂ ਬੰਦਾ ਬਹਾਦਰ ਦੀ ਸ਼ਹਾਦਤ ਹਿਜਰੀ ਸੰਮਤ ਅਨੁਸਾਰ 29
ਜਮਾਦੀ-ਉ-ਸਾਨੀ, 1128 ਨੂੰ ਵਿਲਿਅਨ ਇਰਵਿਨ ਨੇ 19 ਜੂਨ, 1716 ਲਿਖਿਆ ਹੈ ਅਤੇ ਗੰਡਾ ਸਿੰਘ ਨੇ 9
ਜੂਨ, 1716 ਲਿਖਿਆ ਹੈ। ਇਉਂ ਦੋਹਾਂ ਵੱਲੋਂ ਦਿੱਤੀਆਂ ਗਈਆਂ ਮਿਤੀਆਂ ਵਿੱਚ 10 ਦਿਨ ਦਾ ਫਰਕ ਚਲਦਾ
ਹੈ ਹੁਣ ਦੋਹਾਂ ਵਿੱਚੋਂ ਅਪਣਾਇਆ ਕਿਸ ਨੂੰ ਜਾਵੇ”। (ਬੰਦਾ ਬਹਾਦਰ ਇਤਿਹਾਸਿਕ ਅਧਿਐਨ, ਪੰਨਾ 216)
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਇਕ ਵਿਦਿਆਰਥੀ ਵੱਲੋਂ, ਡਾ ਹਰਜਿੰਦਰ ਸਿੰਘ ਦਿਲਗੀਰ ਦੀ ਇਕ
ਪੋਸਟ ਭੇਜ ਕੇ, ਬਾਬਾ ਬੰਦਾ ਬਹਾਦਰ ਦੇ ਸ਼ਹੀਦੀ ਦਿਹਾੜੇ ਦੀ ਸਹੀ ਤਾਰੀਖ ਸਬੰਧੀ ਜਾਣਕਾਰੀ ਮੰਗੀ ਗਈ
ਹੈ।
ਇਸ ਸਬੰਧੀ ਬੇਨਤੀ ਇਹ ਹੈ ਕਿ ਗੁਰੂ ਕਾਲ ਵੇਲੇ ਆਪਣੇ ਦੇਸ਼ ਵਿੱਚ ਮੁਗਲ ਰਾਜ ਸੀ। ਸਰਕਾਰੀ
ਦਸਤਾਵੇਜ਼ਾਂ ਵਿੱਚ ਹਿਜਰੀ ਕੈਲੰਡਰ ਮੁਤਾਬਕ ਤਾਰੀਖ ਦਰਜ ਕੀਤੀ ਜਾਂਦੀ ਸੀ। ਆਪਣੇ ਦੇਸ਼ ਵਿੱਚ ਚੰਦਰ-ਸੂਰਜੀ
ਬਿਕ੍ਰਮੀ ਕੈਲੰਡਰ ਪ੍ਰਚੱਲਤ ਸੀ। ਇਸ ਮੁਤਾਬਕ ਕੁਝ ਇਤਿਹਾਸਿਕ ਘਟਨਾਵਾਂ ਚੰਦ ਦੇ ਕੈਲੰਡਰ ਮੁਤਾਬਕ ਭਾਵ
ਵਦੀ-ਸੁਦੀ ਵਿੱਚ ਅਤੇ ਕੁਝ ਸੂਰਜੀ ਬਿਕ੍ਰਮੀ ਕੈਲੰਡਰ ਭਾਵ ਪ੍ਰਵਿਸ਼ਟਿਆਂ ਵਿੱਚ ਦਰਜ ਮਿਲਦੀਆਂ ਹਨ। ਅੰਗਰੇਜਾਂ
ਦੇ ਆਉਣ ਤੋਂ ਪਿਛੋਂ, ਉਨ੍ਹਾਂ ਨੇ ਹਿਜਰੀ ਕੈਲੰਡਰ ਅਤੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀਆਂ
ਤਾਰੀਖ਼ਾਂ ਨੂੰ ਆਪਣੀ ਸਹੂਲਤ ਲਈ ਅੰਗਰੇਜੀ ਕੈਲੰਡਰ ਵਿੱਚ ਬਦਲੀ ਕਰ ਜਾ ਕਰਵਾ ਲਿਆ। ਭਾਵੇਂ ਪੋਪ
ਗਰੈਗਰੀ ਨੇ ਅਕਤੂਬਰ 1582 ਈ: ਵਿੱਚ ਜੂਲੀਅਨ
ਕੈਲੰਡਰ ਵਿੱਚ ਸੋਧ ਕਰਕੇ ਗਰੈਗੋਰੀਅਨ ਕੈਲੰਡਰ ਨੂੰ ਅਪਣਾ ਲਿਆ ਸੀ। ਪਰ ਇੰਗਲੈਂਡ ਨੇ ਇਸ ਨੂੰ
ਸਤੰਬਰ 1752 ਈ: ਵਿੱਚ ਮਾਨਤਾ ਦਿੱਤੀ ਸੀ। ਭਾਵ ਹਿੰਦੋਸਤਾਨ ਵਿੱਚ ਪੈਰ ਪਸਾਰਨ ਤੋਂ ਪਹਿਲਾ ਹੀ
ਗੋਰਿਆਂ ਨੇ ਗਰੈਗੋਰੀਅਨ ਕੈਲੰਡਰ ਨੂੰ ਅਪਣਾ ਲਿਆ ਸੀ। ਅੰਗਰੇਜਾਂ ਨੇ ਆਪਣੀ ਸਹੂਲਤ ਲਈ 2 ਸਤੰਬਰ
1752 ਈ: ਤੋਂ ਪਹਿਲੀਆਂ ਹਿਜਰੀ ਅਤੇ ਬਿਕ੍ਰਮੀ ਕੈਲੰਡਰ ਦੀਆ ਤਾਰੀਖ਼ਾਂ ਨੂੰ ਜੂਲੀਅਨ ਵਿੱਚ ਅਤੇ ਇਸ
ਤੋਂ ਪਿਛੋਂ ਦੀਆ ਤਾਰੀਖ਼ਾਂ ਨੂੰ ਗਰੈਗੋਰੀਅਨ ਕੈਲੰਡਰ ਵਿੱਚ ਬਦਲੀ ਕਰਵਾ ਲਿਆ।
ਸਰਕਾਰੀ ਦਸਤਾਵੇਜ਼ ਮੁਤਾਬਕ ਬਾਬਾ ਬੰਦਾ ਸਿੰਘ ਦੀ ਸ਼ਹੀਦੀ 29 ਜਮਾਦੀ-ਉਲ-ਸਾਨੀ, 1128 ਹਿਜਰੀ ਦਿਨ ਸ਼ਨਿਚਰਵਾਰ ਨੂੰ ਹੋਈ ਸੀ। ਇਸ ਤਾਰੀਖ ਬਾਰੇ ਕੋਈ
ਮੱਤਭੇਦ ਨਹੀਂ ਹੈ। ਇਸੇ ਇਤਿਹਾਸਿਕ ਘਟਨਾ ਨੂੰ ਜੇ ਕਿਸੇ ਨੇ ਬਿਕ੍ਰਮੀ ਕੈਲੰਡਰ ਵਿੱਚ ਦਰਜ ਕੀਤਾ
ਹੋਵੇ ਤਾਂ, ਜਾਂ ਅੱਜ ਅਸੀਂ ਇਸ ਨੂੰ ਬਿਕ੍ਰਮੀ ਕੈਲੰਡਰ ਵਿੱਚ ਬਦਲੀ ਕਰੀਏ ਤਾਂ ਇਹ ਪ੍ਰਵਿਸ਼ਟਿਆ
ਮੁਤਾਬਕ 11 ਹਾੜ ਅਤੇ ਵਦੀ-ਸੁਦੀ ਮੁਤਾਬਕ ਹਾੜ ਸੁਦੀ ਏਕਮ, ਸੰਮਤ 1773 ਬਿਕ੍ਰਮੀ ਬਣਦੀ ਹੈ। ਅੰਗਰੇਜਾਂ ਨੇ ਜਦੋਂ ਇਸ
ਨੂੰ ਅੰਗਰੇਜੀ ਕੈਲੰਡਰ ਵਿੱਚ ਬਦਲੀ ਕੀਤਾ ਤਾਂ ਇਹ 9 ਜੂਨ 1716 ਈ: ਲਿਖੀ ਗਈ। ਕਿਉਂਕਿ ਇਹ ਤਾਰੀਖ
ਸਤੰਬਰ 1752 ਈ: ਤੋਂ ਪਹਿਲਾ ਦੀ ਹੈ ਇਸ ਲਈ ਇਹ ਜੂਲੀਅਲ ਕੈਲੰਡਰ ਦੀ ਤਾਰੀਖ ਬਣਦੀ ਹੈ। ਜੇ ਇਗਲੈਡ
ਵਾਲੇ ਵੀ ਗਰੈਗੋਰੀਅਨ ਕੈਲੰਡਰ ਨੂੰ 1582 ਈ: ਵਿੱਚ ਹੀ ਪ੍ਰਵਾਨ ਕਰ ਲੈਦੇ ਤਾਂ ਇਹ ਤਾਰੀਖ 20 ਜੂਨ
1716 ਈ: ਗਰੈਗੋਰੀਅਨ ਲਿਖੀ ਜਾਣੀ ਸੀ। “The Later Mughals” ਦਾ ਕਰਤਾ ਵਿਲੀਅਮ ਇਰਵਾਇਨ, ਪਹਿਲੇ ਅਧਿਆਇ ਦੀ ਪਹਿਲੀ ਪੰਗਤੀ ਵਿੱਚ ਹੀ ਲਿਖਦਾ ਹੈ, “After an illness of a few days Alamgir died in his camp
at Ahmadnager on the 28th Zul Qada 1118 A.H., corresponding to the 3rd march,
1707, New Style”। (ਪੰਨਾ 1) ਇਥੇ “New Style” ਤੋਂ
ਸਪੱਸ਼ਟ ਹੋ ਜਾਂਦਾ ਹੈ ਕਿ William Irvine ਦੀਆਂ ਸਾਰੀਆਂ ਤਾਰੀਖ਼ਾਂ ਗਰੈਗੋਰੀਅਨ ਕੈਲੰਡਰ ਮੁਤਾਬਕ ਹਨ। ਉਸ ਵੱਲੋਂ ਲਿਖੀ ਗਈ 19 ਜੂਨ, ਗਰੈਗੋਰੀਅਨ ਕੈਲੰਡਰ ਦੀ ਤਾਰੀਖ ਹੈ ਪਰ ਇਹ ਇਕ ਦਿਨ ਦੇ ਫਰਕ
ਨਾਲ ਗਲਤ ਹੈ ਇਹ ਅਸਲ ਵਿੱਚ 20 ਜੂਨ ਬਣਦੀ ਹੈ।
ਆਓ ਹੁਣ ਦਿਲਗੀਰ ਦੇ ਦਾਵੇ ਦੀ ਪੜਤਾਲ ਕਰੀਏ;
ਡਾ ਦਿਲਗੀਰ ਦਾ ਇਹ ਲਿਖਤੀ ਦਾਵਾ, “In 100% books (all the books on Banda Singh Bahadur or Sikh
history of the 18th century) the date of martyrdom of Banda Singh Bahadur is 9
June 1716”, 100% ਝੂਠ ਹੈ। ਕੀ ਡਾ
ਦਿਲਗੀਰ ਇਹ ਜਾਣਕਾਰੀ ਸਾਂਝੀ ਕਰਨ ਦੀ ਖੇਚਲ ਕਰਨਗੇ ਕੇ ਅਠਾਰਵੀਂ ਸਦੀ ਦੀਆਂ ਲਿਖਤ ਜਿਵੇ ਕਿ ਗੁਰ
ਸੋਭਾ, ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਗੁਰ
ਬਿਲਾਸ ਪਾਤਸ਼ਾਹੀ ਦਸਵੀਂ, ਬੰਸਾਵਲੀਨਾਮਾ
ਪਾਤਸ਼ਾਹੀਆਂ ਦਸਾਂ ਕਾ, ਸਿੱਖਾਂ ਦੀ
ਭਗਤ ਮਾਲ, ਮਹਿਮਾ ਪ੍ਰਕਾਸ਼ ਆਦਿ ਦੇ ਲਿਖਾਰੀਆਂ `ਚ ਕਿਸ ਨੇ ਜੂਲੀਅਨ ਕੈਲੰਡਰ ਦੀਆਂ ਤਾਰੀਖ਼ਾਂ
ਲਿਖੀਆਂ ਹਨ? ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਕੈਲੰਡਰ (ਜੂਲੀਅਨ ਕੈਲੰਡਰ) ਆਪਣੇ ਦੇਸ਼ ਵਿੱਚ
ਕਦੇ ਲਾਗੂ ਹੀ ਨਹੀਂ ਹੋਇਆ, ਉਸ ਕੈਲੰਡਰ ਵਿੱਚ ਸਿੱਖ ਇਤਿਹਾਸ ਕਿਵੇਂ ਲਿਖਿਆ ਜਾ ਸਕਦਾ ਸੀ? ਜੂਲੀਅਨ
ਕੈਲੰਡਰ ਨੂੰ ਇੰਗਲੈਂਡ ਨੇ 1752 ਈ: ਵਿੱਚ ਤਿਆਗ
ਦਿੱਤਾ ਸੀ ਅਤੇ ਗਰੈਗੋਰੀਅਨ ਕੈਲੰਡਰ ਲਾਗੂ ਕਰ ਦਿੱਤਾ ਸੀ। ਇਸ ਤੋਂ ਪਿਛੋਂ ਗਰੈਗੋਰੀਅਨ ਕੈਲੰਡਰ ਹਿੰਦੋਸਤਾਨ
ਵਿੱਚ ਆਇਆ ਸੀ। ਜਦੋਂ ਅੰਗਰੇਜਾਂ ਨੇ ਸਿੱਖ ਇਤਹਾਸ ਨੂੰ ਸਮਝਣ ਲਈ ਹਿਜਰੀ ਅਤੇ ਬਿਕ੍ਰਮੀ ਕੈਲੰਡਰ
ਦੀਆਂ ਤਾਰੀਖ਼ਾਂ ਨੂੰ ਅੰਗਰੇਜੀ ਕੈਲੰਡਰ ਵਿੱਚ ਬਦਲੀ ਕਰ ਕੇ ਲਿਖਿਆ ਤਾਂ ਉਸ ਤੋਂ ਪਿਛੋਂ ਅੰਗਰੇਜ
ਭਗਤ ਲਿਖਾਰੀਆਂ ਨੇ, ਆਪਣੀਆਂ ਤਾਰੀਖ਼ਾਂ ਛੱਡ, ਅੰਗਰੇਜੀ ਤਾਰੀਖ਼ਾਂ ਲਿਖਣੀਆਂ ਆਰੰਭ ਕੀਤੀਆਂ ਸਨ।
ਡਾ ਦਿਲਗੀਰ ਦੀਆਂ ਅਗਲੀਆਂ ਪੰਗਤੀਆਂ, “Purewal has done great disservice by changing even the dates
of Sikh history. Shame Purewal. His will be regarded as 'great distorter' of
Sikh history”. ਸਬੰਧੀ ਬੇਨਤੀ ਹੈ ਕਿ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਦੀ ਅਸਲ ਤਾਰੀਖ਼,
29 ਜਮਾਦੀ-ਉਲ-ਸਾਨੀ, 1128 ਹਿਜਰੀ ਦਿਨ ਸ਼ਨਿਚਰਵਾਰ ਮੁਤਾਬਕ
ਬਿਕ੍ਰਮੀ ਕੈਲੰਡਰ ਦੀ 11 ਹਾੜ ਸੰਮਤ 1773 ਬਿਕ੍ਰਮੀ ਸੀ। ਕੀ ਡਾ ਦਿਲਗੀਰ ਇਸ ਨੂੰ ਗਲਤ ਸਾਬਿਤ
ਕਰਨ ਦੀ ਸਮਰੱਥਾ ਰੱਖਦਾ ਹੈ? ਇਹ 11 ਹਾੜ ਹੀ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਹੈ। 11 ਹਾੜ ਜਦੋਂ
ਜੂਲੀਅਨ ਵਿੱਚ ਲਿਖੀ ਗਈ ਤਾਂ ਇਹ 9 ਜੂਨ ਲਿਖੀ ਗਈ। 1753 ਈ: ਵਿੱਚ ਗਰੈਗੋਰੀਅਨ ਕੈਲੰਡਰ ਮੁਤਾਬਕ
ਇਹ 20 ਜੂਨ ਸੀ, 1850 ਈ: ਵਿੱਚ ਇਹ 23 ਜੂਨ ਸੀ, 1950 ਵਿੱਚ ਇਹ 24 ਜੂਨ
ਸੀ, ਸਾਲ ਦੀ ਲੰਬਾਈ ਵਿੱਚ ਅੰਤਰ ਹੋਣ ਕਾਰਨ ਅੰਗਰੇਜੀ ਤਾਰੀਕਾਂ ਦਾ ਇਹ ਫ਼ਰਕ ਵਧਦਾ ਹੀ ਜਾਵੇਗਾ।
ਪਰ ਨਾਨਕਸ਼ਾਹੀ ਕੈਲੰਡਰ ਵਿੱਚ ਇਹ 11 ਹਾੜ ਹੀ ਰਹੇਗੀ ਅਤੇ ਇਸ ਦਿਨ ਅੰਗਰੇਜੀ ਕੈਲੰਡਰ ਦੀ 25 ਜੂਨ
ਹੀ ਹੋਇਆ ਕਰੇਗੀ।
ਚੱਲੋ! ਪਿਛੇ ਜੋ ਹੋਇਆ ਸੋ ਹੋਇਆ, ਉਸ ਨੂੰ ਤਾਂ ਹੁਣ ਬਦਲਿਆ ਨਹੀਂ ਜਾ ਸਕਦਾ।
ਹੋ ਚੁੱਕੇ ਵਿਦਵਾਨਾਂ ਵੱਲੋਂ ਤਾਰੀਖਾਂ ਦੀ ਅਦਲਾ
ਬਦਲੀ ਵਿੱਚ ਹੋਈਆਂ ਜਾਣੇ-ਅਣਜਾਣੇ ਗਲਤੀਆਂ ਨੂੰ ਅੱਗੋ ਤੋਂ ਠੀਕ ਤਾਂ ਕੀਤਾ ਜਾ ਸਕਦਾ ਹੈ।
ਪੁਰਾਣੀਆਂ ਤਾਰੀਕਾਂ ਨਾਲ ਉਸ ਕੈਲੰਡਰ ਦਾ ਨਾਮ ਤਾਂ ਲਿਖਿਆ ਜਾਣਾ ਚਾਹੀਦਾ ਹੈ। ਜਿਵੇ ਵਿਲੀਅਮ
ਇਰਵਾਈਨ ਨੇ “New Style” ਲਿਖਿਆ ਹੈ। ਡਾ ਦਿਲਗੀਰ ਸਮੇਤ ਹੋਰ ਵੀ
ਲੇਖਕ, ਜੋ ਤਾਰੀਖ਼ਾਂ ਦੀ ਅਦਲਾ-ਬਦਲੀ ਦੇ ਮੁੱਢਲੇ ਨਿਯਮਾ ਅਤੇ ਜੂਲੀਅਨ-ਗਰੈਗੋਰੀਅਨ ਦੇ ਫਰਕ ਨੂੰ
ਨਾ ਸਮਝਣ ਕਰਕੇ, ਵੱਖ-ਵੱਖ ਤਾਰੀਖ਼ਾਂ ਲਿਖ ਬੈਠੇ ਹਨ, ਨੂੰ ਬੇਨਤੀ ਹੈ ਕਿ ਤਾਰੀਖ ਨਾਲ “Old
Style” ਜਾਂ “New Style” ਲਿਖ ਕੇ, ਅੱਜ ਵੀ ਆਪਣੀਆਂ ਭੁੱਲਾ ਨੂੰ ਸੁਧਾਰ ਸਕਦੇ ਹਨ। ਨਵੇਂ ਲੇਖਕਾਂ ਨੂੰ ਵੀ ਬੇਨਤੀ ਹੈ,
ਪੁਰਾਣੀਆਂ ਲਿਖਤਾਂ ਤੋਂ ਨਕਲ ਕਰਕੇ ਗਲਤ ਤਾਰੀਖ਼ਾਂ ਲਿਖਣ ਤੋਂ ਸੰਕੋਚ ਕੀਤਾ ਜਾਵੇ। ਅੱਜ ਸਾਡੇ ਪਾਸ
ਬਹੁਤ ਸਾਧਨ ਹਨ, ਇਨ੍ਹਾਂ ਦੀ ਵਰਤੋ ਕਰਕੇ ਅਸੀਂ ਸਹੀ ਤਾਰੀਖ ਅਤੇ ਦਿਨ ਦਾ ਪਤਾ ਕਰ ਸਕਦੇ ਹਾਂ। ਹਰ
ਤਾਰੀਖ ਨਾਲ ਜਿਵੇ ਅੱਜ ਅਸੀਂ ਈ: ਲਿਖਦੇ ਹਾਂ, ਇਸੇ ਤਰ੍ਹਾਂ ਹੀ ਪੁਰਾਣੀਆਂ ਅਸਲ ਤਾਰੀਖ਼ਾਂ ਦੇ ਨਾਲ
ਅੰਗਰੇਜੀ ਤਾਰੀਖ਼ਾਂ ਲਿਖਣ ਵੇਲੇ, OS ਜਾਂ NS ਲਿਖਿਆ
ਜਾਣਾ ਚਾਹੀਦਾ ਹੈ। ਵਿਦਵਾਨਾਂ ਨੂੰ ਇਸ ਨੂੰ ਹਉਮੈ ਦਾ ਵਿਸ਼ਾ ਨਾ ਬਣਾਓ। ਇਹ ਕੌਮੀ ਮਸਲਾ ਹੈ। ਇਸ
ਲਈ ਸਾਰਿਆਂ ਨੂੰ ਸੁਹਿਰਦਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਤਾ ਜੋ ਆਉਣ ਵਾਲੇ ਖੋਜਾਰਥੀਆਂ ਨੂੰ
ਸਹੀ ਸੇਧ ਦਿੱਤੀ ਜਾ ਸਕੇ।