5 ਵੈਸਾਖ ਬਨਾਮ ਵੈਸਾਖ
ਵਦੀ 5
ਸਰਵਜੀਤ
ਸਿੰਘ ਸੈਕਰਾਮੈਂਟੋ
ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਇਹ ਦੋਵੇਂ ਤਾਰੀਖ਼ਾਂ, ਭਾਵੇਂ ਅੱਜ
ਤੋਂ 400 ਸਾਲ ਪਹਿਲਾ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ
ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 5 ਵੈਸਾਖ, ਸੂਰਜੀ ਬ੍ਰਿਕਮੀ (Solar) ਕੈਲੰਡਰ ਦੀ ਹੈ ਅਤੇ ਦੂਜੀ ਵੈਸਾਖ
ਵਦੀ 5, ਚੰਦਰ
ਸੂਰਜੀ ਬ੍ਰਿਕਮੀ (Lunisolar) ਕੈਲੰਡਰ ਦੀ ਹੈ। ਅੱਜ ਇਨ੍ਹਾਂ
ਦੋਵਾਂ ਤਾਰੀਖ਼ਾਂ `ਚ ਇਕ ਤਾਰੀਖ ਦੀ ਚੋਣ ਕਰਨੀ
ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਇਹ ਚੁਣੌਤੀ, ਕਿਸੇ ਹੋਰ ਨੇ ਨਹੀਂ, ਸਗੋਂ
ਸਾਡੇ ਧਾਰਮਿਕ ਮੁੱਖੀਆਂ ਵੱਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ
ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।
ਕੈਲੰਡਰ ਵਿਗਿਆਨ ਦਾ ਆਰੰਭ ਵੀ, ਇਸ ਧਰਤੀ ਤੇ ਇਨਸਾਨ ਦੇ
ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ
ਗਿਆਨ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ
(ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ
ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ
ਨਹੀਂ ਕਿ ਸਭ ਤੋਂ ਪਹਿਲਾਂ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ
ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆਏ।
ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ
ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਤ ਹੈ ਅਤੇ ਸਿੱਖ ਧਰਮ ਵਿੱਚ ਚੰਦਰ
ਸੂਰਜੀ ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਸੀ: ਈ: ਕੈਲੰਡਰ
ਪ੍ਰਚੱਲਤ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ
ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ
ਨਹੀਂ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ।
ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ
ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ
ਹੈ। ਧਰਤੀ ਸੂਰਜ ਦੇ ਦੁਵਾਲੇ ਵੀ
ਘੁੰਮਦੀ ਹੈ, ਇਹ ਚੱਕਰ 365.242196 ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (Tropical year) ਕਿਹਾ ਜਾਂਦਾ ਹੈ। ਚੰਦ ਧਰਤੀ ਦੁਵਾਲੇ
ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿੱਚ ਪੂਰਾ ਹੁੰਦਾ ਹੈ। ਚੰਦ ਦਾ ਮਹੀਨਾ ਮੱਸਿਆ ਤੋਂ ਮੱਸਿਆ
ਜਾਂ ਪੁੰਨਿਆ ਤੋਂ ਪੁੰਨਿਆ, ਦੋਵੇਂ ਤਰ੍ਹਾਂ ਹੀ ਗਿਣਿਆ ਜਾਂਦਾ ਹੈ। ਚੰਦ ਦੇ ਸਾਲ ਵਿੱਚ ਵੀ 12
ਮਹੀਨੇ (ਚੇਤ ਤੋਂ ਫੱਗਣ) ਹੀ ਹੁੰਦੇ ਹਨ। ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ। ਚੰਦ
ਦਾ ਇਕ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ
ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ ਹੀ ਮਨਾਏ ਜਾਣ
ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾਂ ਆ ਜਾਵੇਗਾ। ਜਿਵੇਂ ਗੁਰੂ ਤੇਗ
ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਵੈਸਾਖ ਵਦੀ 5 ਮੁਤਾਬਕ, ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ
ਕੈਲੰਡਰ (ਦ੍ਰਿਕਗਿਣਤ ਸਿਧਾਂਤ) ਵਿੱਚ ਸੰਮਤ 551 ਵਿੱਚ 11 ਵੈਸਾਖ (24
ਅਪ੍ਰੈਲ 2019 ਸੀ: ਈ:) ਨੂੰ ਆਇਆ ਸੀ। ਕਿਉਂਕਿ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ 11 ਦਿਨ ਛੋਟਾ
ਹੁੰਦਾ ਹੈ, ਇਸ ਲਈ ਸੰਮਤ 552 ਵਿੱਚ ਇਹ ਦਿਹਾੜਾ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾ, 30 ਚੇਤ
(12 ਅਪ੍ਰੈਲ 2020 ਸੀ: ਈ) ਆਇਆ ਸੀ। ਇਸ ਹਿਸਾਬ ਮੁਤਾਬਕ ਤਾਂ ਇਸ ਸਾਲ (ਸੰਮਤ 553) ਇਹ ਦਿਹਾੜਾ
ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਭਾਵ 19 ਚੇਤ ਨੂੰ ਆਉਣਾ ਚਾਹੀਦਾ ਸੀ। ਪਰ ਨਹੀ! ਇਸ ਸਾਲ ਤਾਂ
ਇਹ ਦਿਹਾੜਾ 19 ਵੈਸਾਖ (1 ਮਈ 2021 ਸੀ: ਈ:) ਦਾ ਦਰਜ ਹੈ।
ਇਸ ਦਾ ਕਾਰਨ ਇਹ ਹੈ ਕਿ ਜਦੋਂ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ ਇਕ
ਸਾਲ ਵਿੱਚ 11 ਦਿਨ,
ਦੋ ਸਾਲਾਂ ਵਿੱਚ 22 ਦਿਨ ਪਿੱਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਸਾਲ ਦੇ
ਨੇੜੇ-ਤੇੜੇ ਰੱਖਣ ਲਈ ਇਸ ਵਿੱਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। ਪਿਛਲੇ ਸਾਲ (ਸੰਮਤ 2077
ਬਿਕ੍ਰਮੀ) ਚੰਦ ਦੇ ਸਾਲ ਦੇ 13 ਮਹੀਨੇ ਸਨ। ਅੱਸੂ ਦਾ ਮਹੀਨਾ ਦੋ ਵਾਰੀ ਆਇਆ ਸੀ। 19 ਸਾਲਾਂ ਵਿੱਚ
ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ। ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਜਾਂ ਮਲ ਮਾਸ ਕਿਹਾ ਜਾਂਦਾ ਹੈ। ਪਹਿਲੇ
ਮਹੀਨੇ ਦਾ ਵਦੀ ਪੱਖ ਚੰਗਾ, ਪਹਿਲੇ ਮਹੀਨੇ ਦਾ ਸੁਦੀ ਪੱਖ ਮਾੜਾ, ਦੂਜੇ ਮਹੀਨੇ ਦਾ ਵਦੀ ਪੱਖ ਮਾੜਾ
ਅਤੇ ਦੂਜੇ ਮਹੀਨੇ ਦਾ ਸੁਦੀ ਪੱਖ ਚੰਗਾ ਹੁੰਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ
ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਮਲ ਮਾਸ ਦੇ ਪਿੱਛੋਂ ਆਉਣ ਵਾਲੇ ਦਿਨ ਤਿਉਹਾਰ,
ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆਉਣ ਦੀ ਬਿਜਾਏ 18/19 ਦਿਨ ਪੱਛੜ ਕੇ
ਆਉਂਦੇ ਹਨ। ਇਸ ਸਾਲ ਜਿਹੜਾ ਦਿਹਾੜਾ 19 ਚੇਤ ਨੂੰ ਆਉਣਾ ਚਾਹੀਦਾ
ਸੀ ਹੁਣ ਉਹ 19 ਵੈਸਾਖ ਨੂੰ ਆਵੇਗਾ। ਸੰਮਤ 554 ਵਿੱਚ 8 ਵੈਸਾਖ ਅਤੇ
ਸੰਮਤ 555 ਵਿੱਚ 29 ਚੇਤ ਨੂੰ ਆਵੇਗਾ। ਸੰਮਤ 2080 ਬਿਕ੍ਰਮੀ ਵਿੱਚ
ਹੁਣ ਫੇਰ ਚੰਦ ਦੇ ਸਾਲ ਵਿਚ ਇਕ ਮਲ ਮਾਸ ਆ ਜਾਵੇਗਾ (ਸਾਵਣ ਦੇ ਦੋ ਮਹੀਨੇ ਹੋਣਗੇ) ਅਤੇ ਸੰਮਤ 556 ਨਾਨਕਸ਼ਾਹੀ ਵਿੱਚ
ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ 17 ਵੈਸਾਖ ਨੂੰ ਆਵੇਗਾ। ਇਹ
ਸਿਲਸਿਲਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਚੰਦ ਦੇ ਕੈਲੰਡਰ
ਨੂੰ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ-ਤੇੜੇ
ਹੀ ਰੱਖਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ ਵਰਤਿਆ ਜਾਵੇ?
ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦਰ ਦੀ ਵੈਸਾਖ ਵਦੀ 5 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ 5 ਵੈਸਾਖ ਵੀ ਸੀ। ਜਦੋਂ ਇਸ ਤਾਰੀਖ ਨੂੰ ਜੂਲੀਅਨ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 1 ਅਪ੍ਰੈਲ 1621 ਈ: ਲਿਖੀ ਗਈ ਸੀ। ਜੇ ਕਿਸੇ ਇਤਿਹਾਸਕਾਰ ਨੇ ਇਸੇ ਤਾਰੀਖ ਨੂੰ ਹਿਜਰੀ ਕੈਲੰਡਰ ਵਿੱਚ ਲਿਖਿਆ ਹੋਵੇ ਤਾਂ 18 ਜਮਾਦੀ ਉਲ ਅੱਵਲ 1030 ਹਿਜਰੀ ਲਿਖੀ ਹੋਏਗੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਇਹ ਦਿਹਾੜਾ ਵੈਸਾਖ ਵਦੀ 5 ਦੀ ਬਿਜਾਏ 5 ਵੈਸਾਖ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਸਾਨੂੰ ਇਹ ਤਾਰੀਖ ਵੀ ਯਾਦ ਹੋ ਜਾਵੇਗੀ। ਅਸੀਂ ਵਦੀ-ਸੁਦੀ ਦੇ ਮੱਕੜ ਜਾਲ `ਚ ਨਿਕਲ ਜਾਵਾਂਗੇ।
ਹੁਣ ਜਦੋਂ ਅਸੀਂ ਇਹ ਦਿਹਾੜਾ ਵੈਸਾਖ ਵਦੀ 5 ਦੀ ਬਿਜਾਏ, ਨਾਨਕਸ਼ਾਹੀ
ਕੈਲੰਡਰ ਮੁਤਾਬਕ 5 ਵੈਸਾਖ ਨੂੰ ਮਨਾਉਂਦੇ ਹਾਂ ਤਾਂ ਇਹ ਦਿਹਾੜਾ ਹਰ ਸਾਲ 18 ਅਪ੍ਰੈਲ ਨੂੰ ਹੀ
ਆਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਜੋ ਕੈਲੰਡਰ ਛਾਪਿਆ ਜਾਂਦਾ ਹੈ। ਉਹ ਸੂਰਜੀ ਬਿਕ੍ਰਮੀ ਕੈਲੰਡਰ
ਹੈ। ਜਿਸ ਦਾ ਆਰੰਭ 1 ਚੇਤ ਤੋਂ ਹੁੰਦਾ ਹੈ। ਇਸ ਕੈਲੰਡਰ ਮੁਤਾਬਕ ਵੈਸਾਖੀ ਹਰ ਸਾਲ 1 ਵੈਸਾਖ ਨੂੰ
ਹੀ ਆਉਂਦੀ ਹੈ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ
ਸ਼ਹੀਦੀ ਦਿਹਾੜਾ 13 ਪੋਹ ਨੂੰ ਹੀ ਆਉਂਦਾ ਹੈ। ਪਰ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦਾ ਪ੍ਰਵਿਸ਼ਟਾ (ਤਾਰੀਖ) ਹਰ ਸਾਲ ਬਦਲ ਜਾਂਦਾ ਹੈ। ਜਿਵੇ ਸੰਮਤ 551
ਨਾਨਕਸ਼ਾਹੀ ਵਿੱਚ 11 ਵੈਸਾਖ, ਸੰਮਤ 552 ਵਿੱਚ 30 ਚੇਤ,
ਸੰਮਤ 553 ਵਿੱਚ 19 ਵੈਸਾਖ ਨੂੰ ਹੈ, ਸੰਮਤ 554
ਵਿੱਚ 8 ਵੈਸਾਖ, ਸੰਮਤ 555 ਵਿੱਚ 29 ਚੇਤ, ਅਤੇ ਸੰਮਤ 556 ਵਿੱਚ 17 ਵੈਸਾਖ ਨੂੰ ਆਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ 12 ਸਾਲਾਂ ਤੋਂ ਛਾਪੇ ਜਾਂਦੇ ਕੈਲੰਡਰ ਵਿੱਚ, ਗੁਰਪੁਰਬ
ਦੀਆਂ ਤਾਰੀਖਾਂ ਨਿਰਧਾਰਿਤ ਤਾਂ ਚੰਦ ਦੇ ਕੈਲੰਡਰ ਮੁਤਾਬਕ ਕੀਤੀਆਂ ਜਾਂਦੀਆਂ ਹਨ ਪਰ ਸੰਗਤਾਂ ਨੂੰ
ਭੁਲੇਖਾ ਪਾਉਣ ਲਈ, ਦਰਜ ਪ੍ਰਵਿਸ਼ਟਿਆਂ ਵਿੱਚ ਕੀਤੀਆਂ ਜਾਂਦੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ
ਜਾਂਦੇ ਕੈਲੰਡਰ ਵਿਚ ਕੁਝ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 354.27 ਦਿਨ, ਕਦੇ-
ਕਦੇ 384-85 ਦਿਨ), ਕੁਝ ਦਿਹਾੜੇ ਸੂਰਜੀ ਬਿਕ੍ਰਮੀ ਮੁਤਾਬਕ (ਸਾਲ ਦੀ ਲੰਬਾਈ 365.2563 ਦਿਨ ਅਤੇ
ਕੁਝ ਦਿਹਾੜੇ ਸੀ: ਈ: ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 365.2425 ਦਿਨ) ਮੁਤਾਬਕ ਦਰਜ ਕੀਤੇ
ਜਾਂਦੇ ਹਨ। ਪਰ ਸੰਗਤਾਂ
ਨੂੰ ਗੁੰਮਰਾਹ ਕਰਨ ਲਈ ਕੈਲੰਡਰ ਦਾ ਨਾਮ ਨਾਨਕਸ਼ਾਹੀ ਕੈਲੰਡਰ (ਸਾਲ ਦੀ ਲੰਬਾਈ 365.2425 ਦਿਨ)
ਲਿਖਿਆ ਜਾਂਦਾ ਹੈ।
ਨਾਨਕਸ਼ਾਹੀ ਕੈਲੰਡਰ, ਜਿਸ
ਨੂੰ ਸ਼੍ਰੋਮਣੀ ਕਮੇਟੀ ਨੇ ਸੰਮਤ 535
ਨਾਨਕਸ਼ਾਹੀ
(2003-2004 ਈ:) ਵਿਚ ਲਾਗੂ ਕੀਤਾ ਸੀ। ਪਰ
ਅਚਾਨਕ ਹੀ ਇਸ ਨੂੰ ਰੱਦ ਕਰਕੇ, ਮਾਰਚ 2010 ਈ: ਵਿਚ ਦੋ ਮੈਂਬਰੀ ਕਮੇਟੀ, ਜਿਸ ਵਿਚ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ
ਮੱਕੜ ਸ਼ਾਮਿਲ ਸਨ, ਦੀ ਸਿਫ਼ਾਰਿਸ਼ ਤੇ ਨਾਨਕਸ਼ਾਹੀ
ਕੈਲੰਡਰ ਦੇ ਨਾਮ ਹੇਠ ਮਿਲਗੋਭਾ ਕੈਲੰਡਰ ਲਾਗੂ ਕਰ ਦਿੱਤਾ ਗਿਆ। ਨਾਨਕਸ਼ਾਹੀ ਕੈਲੰਡਰ ਜਿਸ ਦੇ ਸਾਲ
ਦੀ ਲੰਬਾਈ, ਬਾਣੀ ਦੀ ਪਾਵਨ ਪੰਗਤੀ “ਰਥੁ
ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” ਤੇ ਅਧਾਰਿਤ ਹੈ। ਇਸ ਦੇ ਹਰ ਮਹੀਨੇ
ਦਾ ਆਰੰਭ, ਹਰ ਸਾਲ ਇਕੋ ਸਮੇਂ ਹੀ ਹੁੰਦਾ ਹੈ, ਅਤੇ ਮਹੀਨੇ ਦੇ ਦਿਨ ਵੀ ਬਿਕ੍ਰਮੀ ਕੈਲੰਡਰ ਵਾਂਗੂ, ਹਰ ਸਾਲ ਨਹੀਂ ਬਦਲਦੇ। ਇਸ ਮੁਤਾਬਕ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼
ਦਿਹਾੜਾ ਹਰ ਸਾਲ 5 ਵੈਸਾਖ (18 ਅਪ੍ਰੈਲ) ਨੂੰ ਹੀ ਆਉਂਦਾ ਹੈ।
ਇਸ ਸਾਲ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਦੇ, ਸਾਰਾ ਸਾਲ
ਚਲਣ ਵਾਲੇ ਸਮਾਗਮ ਆਰੰਭ ਹੋ ਚੁੱਕੇ ਹਨ। ਵੱਖ-ਵੱਖ ਵਿਦਵਾਨਾਂ ਵੱਲੋਂ ਗੁਰੂ ਜੀ ਦੇ ਜੀਵਨ, ਅਤੇ
ਉਨ੍ਹਾਂ ਵੱਲੋਂ ਗੁਰਬਾਣੀ ਰਾਹੀ ਬਖ਼ਸ਼ਿਸ਼ ਕੀਤੇ ਗਏ ਸਿਧਾਂਤਾਂ ਉਪਰ ਆਪਣੀਆਂ ਖੋਜਾਂ ਸਾਂਝੀਆਂ
ਕੀਤੀਆਂ ਜਾਣੀਆਂ ਹਨ। ਕੀ ਇਹ ਸੱਜਣ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਵੱਲ ਵੀ ਧਿਆਨ
ਦੇਣਗੇ? ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤਾਂ ਵਾਰ-ਵਾਰ ਲਿਖਤੀ ਬੇਨਤੀਆਂ ਕਰਨ ਪਿਛੋਂ
ਨਿਰਾਸ਼ਾ ਹੀ ਪੱਲੇ ਪਈ ਹੈ। ਸ਼੍ਰੋਮਣੀ ਕਮੇਟੀ ਦੇ ਉੱਚ ਸਿੱਖਿਆ ਪ੍ਰਾਪਤ ਅਧਿਕਾਰੀ, ਸਿੰਘ ਸਾਹਿਬ ਅਤੇ
ਅਹੁਦੇਦਾਰ ਤਾਂ “ਉਪਰੋਂ ਆਏ ਹੁਕਮਾਂ” ਦੇ ਗੁਲਾਮ ਹਨ। (“ਅਸੀਂ ਤਾਂ ਉੱਪਰੋਂ ਆਇਆ ਹੁਕਮ ਵਜਾਉਣਾ ਹੈ”-ਮੱਕੜ) ਹੁਣ ਇਹ ਫੈਸਲਾ ਪੂਰੇ ਵਿਸ਼ਵ `ਚ ਫੈਲ ਚੁੱਕੀ ਸਿੱਖ ਕੌਮ ਨੇ ਕਰਨਾ ਹੈ, ਕੀ ਸਾਨੂੰ ਰੁੱਤੀ ਸਾਲ (Tropical year) ਤੇ ਅਧਾਰਿਤ ਕੈਲੰਡਰ, ਭਾਵ ਨਾਨਕਸ਼ਾਹੀ ਕੈਲੰਡਰ, ਜਿਸ ਦੇ ਪ੍ਰਵਿਸ਼ਟੇ ਸਦਾ ਵਾਸਤੇ ਇਕੋ ਹੀ ਰਹਿਣਗੇ, ਦੀ ਲੋੜ ਹੈ ਜਾਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ? ਜਿਸ ਦੇ ਪ੍ਰਵਿਸ਼ਟੇ ਹਰ ਸਾਲ ਬਦਲ ਜਾਂਦੇ ਹਨ?