ਸ਼ਹੀਦੀ ਹਫ਼ਤੇ ਦੀਆਂ ਤਾਰੀਖਾਂ `ਚ ਉਕਾਈਆਂ
ਸਰਵਜੀਤ ਸਿੰਘ ਸੈਕਰਾਮੈਂਟੋ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਪੋਹ ਤੋਂ 13 ਪੋਹ ਤਾਈ, ਗੁਰੂ
ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ, ਸਰਸਾ ਨਦੀ ਵਿੱਚ ਗੁਰੂ ਪਰਵਾਰ ਦਾ ਵਿਛੋੜਾ,
ਚਮਕੌਰ ਦੀ ਗੜੀ ਵਿਚ ਸ਼ਾਹੀ ਫੌਜਾ ਦਾ ਗਿਣਤੀ ਦੇ 40 ਸਿੰਘਾਂ ਵੱਲੋਂ ਮੁਕਾਬਲਾ, ਵੱਡੇ
ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰੀ ਜੀ ਸਮੇਤ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ
ਦੇ ਇਤਹਾਸ ਤੋਂ ਜਾਣੂ ਕਰਵਾਉਣ ਲਈ ਬਹੁਤ ਸਾਰੇ
ਸੱਜਣਾ ਵੱਲੋਂ ਲਿਖੇ ਲੇਖ ਪੜ੍ਹਨ ਨੂੰ ਮਿਲੇ ਹਨ। ਇਤਿਹਾਸਕ ਘਟਨਾਵਾਂ ਦੀ ਪੇਸ਼ਕਾਰੀ ਹਰ ਸੱਜਣ ਦੀ
ਆਪਣੀ-ਆਪਣੀ ਹੋ ਸਕਦੀ ਹੈ। ਬਹੁਤੇ ਲੇਖ ਵੀਰ ਰਸ ਵਿਚ ਰੰਗੇ ਹੋਏ ਅਤੇ ਰੌਚਕਤਾ ਭਰਪੂਰ ਸ਼ਬਦਾਵਲੀ
ਵਿੱਚ ਸਨ। ਇਕ ਲੇਖ ਵਿੱਚ ਕਰਾਮਾਤੀ ਪੱਖ ਭਾਰੂ ਸੀ। ਉਥੇ ਹੀ ਇਸ ਸ਼ਹੀਦੀ ਸਾਕੇ ਦੇ ਵਾਪਰਨ ਦੇ ਸਾਲ
ਬਾਰੇ ਵੀ ਵੱਖ-ਵੱਖ ਲੇਖਕਾਂ ਦਾ ਵੱਖ-ਵੱਖ ਮੱਤ ਹੈ ਜੋ ਨਹੀਂ ਹੋਣਾ ਚਾਹੀਦਾ। ਬਹੁਤੇ ਲੇਖਕਾਂ ਨੇ
ਤਾਰੀਖ ਅਤੇ ਪ੍ਰਵਿਸ਼ਟਾ, ਦੋਵੇਂ ਲਿਖੇ ਹਨ। ਕੁਝ ਸੱਜਣਾ ਨੇ ਈਸਵੀ ਸਨ ਅਤੇ ਕਿਸੇ ਨੇ ਬਿਕ੍ਰਮੀ ਸੰਮਤ
ਹੀ ਲਿਖਿਆ ਹੈ। ਪਰ ਜੋ ਉਕਾਈ ਜਾਣੇ-ਅਣਜਾਏ ਵਿੱਚ ਵਿਦਵਾਨ ਸੱਜਣਾਂ ਵੱਲੋਂ ਤਾਰੀਖਾਂ ਲਿਖਣ ਵਿੱਚ ਹੋਈ
ਹੈ, ਆਓ ਉਸ ਬਾਰੇ ਵਿਚਾਰ ਸਾਂਝੇ ਕਰੀਏ।
ਇਕ ਸੱਜਣ ਲਿਖਦੇ ਹਨ ਕਿ, “ਇਸ ਅਸਥਾਨ ਤੋਂ 21 ਦਸੰਬਰ (7 ਪੋਹ) ਵਾਲੇ
ਦਿਨ ਮਾਤਾ ਗੁਜਰੀ ਛੋਟੇ ਸ਼ਹਿਜ਼ਾਦਿਆਂ ਨੂੰ ਲੈ ਕੇ ਗੰਗੂ ਰਸੋਈਏ ਨਾਲ ਉਹਦੇ ਪਿੰਡ ਖੇੜੀ ਚਲੇ ਗਏ।...
22 ਦਸੰਬਰ (8 ਪੋਹ) ਦਾ ਦਿਨ ਸਿੱਖ ਇਤਿਹਾਸ ਵਿੱਚ ਉਹ ਗਮਗੀਨ ਦਿਨ ਵਜੋਂ ਦਰਜ ਹੈ।...ਸੋ
ਅਖੀਰ 26 ਦਸੰਬਰ (12 ਪੋਹ) ਨੂੰ ਸਾਹਿਬਜ਼ਾਦਾ ਬਾਬਾ
ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਧਰਮ ਤੇ
ਕਾਇਮ ਰਹਿੰਦੇ ਹੋਏ ਨੀਹਾਂ ਵਿੱਚ ਚਿਣੇ ਜਾਣਾ ਸਵਿਕਾਰ ਕਰ ਕੇ ਸਿੱਖੀ ਦੀਆਂ ਨੀਹਾਂ ਨੂੰ ਬੇਹੱਦ ਮਜ਼ਬੂਤ
ਕਰ ਗਏ”।
ਇਕ ਹੋਰ ਸੱਜਣ ਲਿਖਦਾ ਹੈ, “ਜ਼ਾਲਮਾਂ ਨੇ ਦੋਹਾਂ ਲਾਲਾਂ ਨੂੰ 27 ਦਸੰਬਰ 1704 ਈ: ਦੇ ਦਿਨ ਕੋਹ-ਕੋਹ ਕੇ ਮਾਰ ਦਿੱਤਾ
ਅਤੇ ਲਾਸ਼ਾਂ ਬਾਹਰ ਸੁੱਟ ਦਿੱਤੀਆਂ”।
ਇਕ ਸੱਜਣ ਨੇ ਸਿਰਫ ਬਿਕ੍ਰਮੀ ਸੰਮਤ ਦਾ ਹੀ ਹਵਾਲਾ ਦਿੱਤਾ ਹੈ,
“ਬਿਕ੍ਰਮੀ 1761 ਦੇ ਪੋਹ ਮਹੀਨੇ ਨੇ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਦੀ ਰੂਹ ਵਿੱਚ ਇਕ ਵਿਲੱਖਣ
ਤਬਦੀਲੀ ਲਿਆਂਦੀ ਜੋ ਸਰਸਰੀ ਨਿਗ੍ਹਾ ਮਾਰਿਆ ਨਹੀਂ ਸਗੋਂ ਆਪਣੇ ਆਪ ਨੂੰ ਗੁਰੂ ਵਿੱਚ ਅਭੇਦ ਹੋ ਕੇ
ਹੀ ਵੇਖੀ ਜਾ ਸਕਦੀ ਹੈ”।
ਇਕ ਲੇਖਕ ਲਿਖਦਾ ਹੈ, “ਆਖਿਰ ਦੁਸ਼ਮਣ ਹਾਕਮਾਂ ਵੱਲੋਂ ਕਸਮਾਂ ਖਾਣ `ਤੇ
ਗੁਰੂ ਜੀ ਨੇ ਆਪਣੇ ਪਰਵਾਰ ਅਤੇ ਬਾਕੀ ਸਿੰਘਾਂ ਸਮੇਤ 19-20 ਦਸੰਬਰ 1704 ਦੀ ਰਾਤ ਨੂੰ ਅਨੰਦਗ੍ਹੜ
ਕਿਲ੍ਹਾ ਛੱਡਣ ਉਪਰੰਤ ਰੋਪੜ ਵੱਲ ਨੂੰ ਚਾਲੇ ਪਾ ਦਿੱਤੇ। ਪਰ ਦੁਸ਼ਮਣ ਕਸਮਾਂ ਤੋੜ ਕੇ ਪਿੱਛੋਂ
ਹਮਲਾਵਰ ਹੋ ਗਏ। ਰਸਤੇ ਵਿਚ ਪੈਂਦੀ ਹੜ੍ਹ ਨਾਲ ਨੱਕੋਂ ਨੱਕ ਭਰੀ ਸਰਸਾ ਨਦੀ ਦੇ ਕੰਢੇ ਉੱਤੇ 20
ਦਸੰਬਰ 1704 ਦੀ ਰਾਤ ਨੂੰ ਘਮਸਾਨ ਦੇ ਹੋਏ ਯੁੱਧ ਵਿਚ ਕਈ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ”...
ਗੁਰੂ ਜੀ 40 ਸਿੰਘਾਂ ਸਮੇਤ 21 ਦਸੰਬਰ ਦੀ ਸ਼ਾਮ ਨੂੰ ਚਮਕੌਰ ਸਾਹਿਬ ਪੁੱਜ ਗਏ”।
ਇਕ ਹੋਰ ਲਿਖਤ ਵੇਖੋ, “ਮਿਤੀ 22 ਦਸੰਬਰ 1704 ਨੂੰ ਚਮਕੌਰ ਵਿਖੇ
ਅਨੋਖਾ ਯੁੱਧ ਸ਼ੁਰੂ ਹੋਇਆ। ਸ਼ਾਹੀ ਫੌਜ `ਚ ਘਿਰੇ ਦਸਮੇਸ਼ ਗੁਰੂ ਜੀ ਤੇ ਸਿੰਘਾਂ ਨੇ ਹੌਸਲਾ ਨਹੀਂ
ਹਾਰਿਆ”। ਉਨ੍ਹਾਂ ਨੂੰ ਮੌਤ ਦਾ ਫਿਕਰ ਨਹੀਂ ਸੀ, ਸਗੋਂ ਧਰਮ ਲਈ ਜੁਲਮ ਵਿਰੁੱਧ ਜੂਝਦਿਆਂ ਸ਼ਹਾਦਤ
ਪਾਉਣ ਦੀ ਚਾਹ ਸੀ”।
ਇਕ ਇਤਿਹਾਸਕਾਰ ਲਿਖਦਾ ਹੈ “ਨਿੱਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਧੁੰਮਾ ਤੇ ਦਰਬਾਰੀ (ਸਹੇੜੀ
ਪਿੰਡ ਦੇ ਦੋ ਮਸੰਦਾਂ) ਨੇ ਮੋਰਿੰਡਾ ਪੋਲੀਸ ਨੂੰ ਇਤਲਾਹ ਦੇ ਕੇ 8 ਦਸੰਬਰ 1705 ਦੇ ਦਿਨ ਗ੍ਰਿਫਤਾਰ
ਕਰਵਾ ਦਿੱਤਾ ਸੀ। ਉਹ ਰਾਤ ਉਹ ਮੋਰਿੰਡਾ ਕੋਤਵਾਲੀ ਵਿਚ ਕੈਦ ਰੱਖੇ ਗਏ ਸਨ।... 12 ਦਸੰਬਰ 1705 ਦੇ ਦਿਨ ਦੋਹਾਂ
ਬੱਚਿਆਂ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ” ।
ਇਕ ਹੋਰ ਸੱਜਣ ਵੱਲੋਂ ਲਿਖੀ ਗਈ
ਤਾਰੀਖ, “ਚਮਕੌਰ ਸਾਹਿਬ ਦੀ ਧਰਤੀ `ਤੇ 6,7,8
ਪੋਹ 1704 ਦੇ ਯਖ਼ ਠੰਡੇ ਦਿਨਾਂ ਵਿੱਚ ਲੜੀ ਭਿਆਨਕ ਅਤੇ ਅਸਾਵੀਂ ਜੰਗ ਦੀ ਉਦਾਹਰਣ ਸੰਸਾਰ ਵਿੱਚ
ਹੋਰ ਕਿਧਰੇ ਨਹੀਂ ਮਿਲਦੀ”
ਵੱਖ-ਵੱਖ ਸੱਜਣਾਂ ਦੀਆਂ ਲਿਖਤਾਂ
ਪੜ੍ਹਨ ਤੇ ਪਤਾ ਲਗਦਾ ਹੈ ਕਿ ਕੁਝ ਸੱਜਣਾਂ ਨੇ ਇਸ ਇਤਿਹਾਸ ਸਾਕੇ ਦਾ ਸਾਲ 1704 ਈ: ਲਿਖਿਆ ਹੈ
ਅਤੇ ਕਿਸੇ 1705 ਈ:। ਇਕ ਸੱਜਣ ਨੇ ਸੰਮਤ 1761 ਬਿਕ੍ਰਮੀ ਵੀ ਲਿਖਿਆ ਹੈ। ਆਓ ਪਹਿਲਾ ਸਾਲ ਬਾਰੇ ਹੀ
ਵਿਚਾਰ ਕਰੀਏ;
ਗੁਰੂ ਕਾਲ ਵੇਲੇ ਆਪਣੇ ਦੇਸ਼
ਵਿੱਚ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਪ੍ਰਚੱਲਤ ਸੀ। ਇਹ ਹੀ ਕਾਰਨ ਹੈ ਕਿ ਕੁਝ ਤਾਰੀਖਾਂ
ਵਦੀ-ਸੁਦੀ ਵਿੱਚ ਲਿਖੀਆਂ ਮਿਲਦੀਆਂ ਹਨ ਅਤੇ ਕੁਝ ਪ੍ਰਵਿਸ਼ਟਿਆਂ ਵਿੱਚ। ਜਦੋਂ ਅੰਗਰੇਜਾਂ ਨੇ ਸਾਡੇ
ਇਤਿਹਾਸ ਨੂੰ ਸਮਝਣ ਲਈ, ਇਨ੍ਹਾਂ ਤਾਰੀਖਾਂ ਨੂੰ ਅੰਗਰੇਜੀ ਕੈਲੰਡਰ ਵਿਚ ਤਬਦੀਲ ਕੀਤਾ ਜਾਂ ਕਰਾਇਆ
ਤਾਂ 2 ਸਤੰਬਰ 1752 ਈ: ਦਿਨ ਬੁਧਵਾਰ ਤੋਂ ਪਹਿਲੀਆਂ ਤਾਰੀਖਾਂ ਨੂੰ ਜੂਲੀਅਨ ਕੈਲੰਡਰ ਵਿੱਚ ਅਤੇ
14 ਸਤੰਬਰ 1752 ਈ: ਦਿਨ ਵੀਰਵਾਰ ਤੋਂ ਪਿਛੋਂ ਦੀਆਂ ਤਾਰੀਖਾਂ ਨੂੰ ਗਰੈਗੋਰੀਅਨ ਕੈਲੰਡਰ ਦੀਆਂ
ਤਾਰੀਖਾਂ ਵਿੱਚ ਲਿਖਿਆ ਗਿਆ । ਈਸਵੀ ਸਨ ਅਤੇ ਬਿਕ੍ਰਮੀ ਸੰਮਤ ਵਿੱਚ ਆਮ ਤੌਰ ਤੇ
57 ਸਾਲ ਦਾ ਫ਼ਰਕ ਮੰਨਿਆ ਜਾਂਦਾ ਹੈ। ਅਸਲ ਵਿੱਚ ਇਹ ਫ਼ਰਕ, ਬਿਕ੍ਰਮੀ ਸੰਮਤ ਦੇ ਆਰੰਭ ਤੋਂ 31
ਦਸੰਬਰ ਤਾਂਈ 57 ਸਾਲ ਅਤੇ 1 ਜਨਵਰੀ ਤੋਂ ਬਿਕ੍ਰਮੀ ਸੰਮਤ ਦੇ ਖਤਮ ਹੋਣ ਤਾਂਈ 56 ਸਾਲ ਦਾ ਹੁੰਦਾ
ਹੈ। ਕਿਉਂਕਿ ਇਹ ਸ਼ਹੀਦੀ ਸਾਕਾ ਪੋਹ, ਸੰਮਤ 1761 ਬਿਕ੍ਮੀ ਦਾ ਹੈ ਜੋ (1761-57=1704) 1704 ਈ:
ਦਾ ਬਣਦਾ ਹੈ। ਇਸ ਲਈ ਇਕ ਇਤਿਹਾਸਕ ਵੱਲੋਂ 1705 ਈ: ਲਿਖਣਾ ਸਹੀ ਨਹੀਂ ਹੈ। ਆਓ ਇਸ ਦੀ ਪੜਤਾਲ ਇਕ
ਹੋਰ ਵਸੀਲੇ ਤੋਂ ਵੀ ਕਰੀਏ;
ਜ਼ਫਰਨਾਮਾ, ਜੋ ਗੁਰੂ ਸਾਹਿਬ ਹੀ
ਦੀ ਹੱਥ ਲਿਖਤ ਮੰਨਿਆ ਜਾਂਦਾ ਹੈ, ਵਿੱਚ ਦਰਜ ਹੈ;
ਚਰਾਗਿ ਜਹਾਂ ਚੂੰ ਸ਼ੁਦਹ ਬੁਰਕਹ
ਪੋਸ਼।।
ਸ਼ਹੇ ਸ਼ਬ ਬਰਾਮਦ ਹਮਹ ਜਲਵਹ
ਜੋਸ਼।।੪੨।।
ਭਾਵ, ਜਦੋਂ ਸੰਸਾਰ ਦਾ ਦੀਪਕ
(ਸੂਰਜ) ਪਰਦੇ ਵਿੱਚ ਆ ਗਿਆ ਤਦ ਰਾਤ ਦਾ ਸੁਆਮੀ (ਚੰਦਰਮਾ) ਪ੍ਰਕਾਸ਼ ਨਾਲ ਨਿਕਲ ਆਇਆ।। ਹੁਣ ਜਦੋਂ
ਅਸੀਂ ਸੰਮਤ 1761 ਬਿਕ੍ਰਮੀ ਦਾ ਕੈਲੰਡਰ ਵੇਖਦੇ ਹਾਂ ਤਾ ਪਤਾ ਲਗਦਾ ਹੈ ਕਿ ਮੱਘਰ ਦੀ ਪੁੰਨਿਆ 1 ਪੋਹ,
30 ਨਵੰਬਰ 1704 ਈ: ਦਿਨ ਵੀਰਵਾਰ ਨੂੰ ਸੀ। 8
ਪੋਹ ਨੂੰ ਪੋਹ ਵਦੀ 7 ਸੀ। ਇਸ ਦਾ ਭਾਵ ਇਹ ਹੋਇਆ ਕਿ 8 ਪੋਹ ਦੀ ਲੱਗਭੱਗ ਅੱਧੀ ਰਾਤ ਨੂੰ ਚੰਦਰਮਾ
ਚੜਿਆ ਸੀ। ਅੱਜ ਵੀ ਆਪਾ ਵੇਖ ਸਕਦੇ ਹਾਂ ਕਿ ਪੁੰਨਿਆ ਦੀ ਰਾਤ ਤੋਂ ਪਿਛੋਂ ਚੰਦ ਚੜਦਾ ਤਾਂ ਰਾਤ
ਹੋਣ ਤੋਂ ਪਿਛੋਂ ਹੈ ਪਰ ਉਸ ਦੀ ਚਾਨਣੀ ਪੂਰੀ ਹੁੰਦੀ ਹੈ। ਹੁਣ ਜੇ 1705 ਈ: ਭਾਵ ਸੰਮਤ 1762
ਬਿਕ੍ਰਮੀ ਦੀ 8 ਪੋਹ ਵੇਖੀਏ ਤਾਂ ਇਸ ਦਿਨ ਪੋਹ ਸੁਦੀ ਦੂਜ ਸੀ। ਭਾਵ ਮੱਸਿਆ ਤੋਂ ਪਿਛੋਂ ਦੂਜਾ
ਦਿਨ। ਅਕਸਰ ਅਜੇਹਾ ਹੁੰਦਾ ਹੈ ਕਿ ਸੁਦੀ ਏਕਮ ਦਾ ਚੰਦ ਤਾਂ ਵਿਖਾਈ ਹੀ ਨਹੀਂ ਦਿੰਦਾ। ਆਮ ਤੌਰ ਤੇ
ਦੂਜ ਦਾ ਚੰਦ ਹੀ ਵਿਖਾਈ ਦਿੰਦਾ ਹੈ ਅਤੇ ਉਹ ਵੀ ਕੁਝ ਸਮੇਂ ਪਿਛੋਂ ਛਿਪ ਜਾਂਦਾ ਹੈ। ਇਸ ਲਈ ਇਹ
ਕਿਹਾ ਜਾ ਸਕਦਾ ਹੈ ਕਿ ਇਹ ਸ਼ਹੀਦੀ ਸਾਕਾ ਸੰਮਤ 1761 ਬਿਕ੍ਰਮੀ ਮੁਤਾਬਕ 1704 ਈ: ਦਾ ਹੀ ਹੈ।
ਜਿਵੇ ਕਿ ਉਪਰ ਦੱਸਿਆ ਜਾਂ
ਚੁੱਕਾ ਹੈ ਕਿ ਇਹ ਤਾਰੀਖਾਂ 2 ਸਤੰਬਰ 1752 ਈ: ਤੋਂ ਪਹਿਲਾ ਦੀਆਂ ਹਨ ਇਸ ਲਈ ਜੂਲੀਅਨ ਕੈਲੰਡਰ ਦੀਆਂ
ਤਾਰੀਖਾਂ ਹਨ। ਹੁਣ ਜੇ 6 ਪੋਹ ਸੰਮਤ 1761 ਬਿਕ੍ਰਮੀ (ਕਿਲਾ ਛੱਡਣ ਦੀ ਤਾਰੀਖ) ਨੂੰ ਜੂਲੀਅਨ ਕੈਲੰਡਰ ਵਿਚ ਬਦਲੀ ਕਰੀਏ ਤਾ ਇਹ 5 ਦਸੰਬਰ
1704 ਈ: ਬਣਦੀ ਹੈ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ, 7 ਦਸੰਬਰ ਅਤੇ ਛੋਟੇ
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 13 ਪੋਹ ਨੂੰ 12 ਦਸੰਬਰ (ਜੂਲੀਅਨ) ਸੀ।
ਇਕ ਸੱਜਣ ਨੇ ਪ੍ਰਵਿਸ਼ਟਿਆਂ ਨਾਲ ਅੰਗਰੇਜੀ ਤਾਰੀਖਾਂ, 21 ਦਸੰਬਰ (7 ਪੋਹ), 22 ਦਸੰਬਰ (8 ਪੋਹ) ਅਤੇ 26 ਦਸੰਬਰ (12 ਪੋਹ) ਲਿਖੀਆਂ ਹਨ। ਇਹ ਸੱਜਣ ਗੱਲ ਤਾਂ 1704 ਈ: ਦੀ ਕਰ ਰਿਹਾ ਹੈ ਪਰ
ਪ੍ਰਵਿਸ਼ਟਿਆਂ ਨਾਲ ਅੰਗਰੇਜੀ ਤਾਰੀਖਾਂ ਗਰੈਗੋਰੀਅਨ ਕੈਲੰਡਰ ਦੀਆਂ ਲਿਖ ਰਿਹਾ ਹੈ। ਜਦੋਂ ਕਿ 1704 ਈ: ਦੀਆਂ ਤਾਰੀਖਾਂ ਜੂਲੀਅਨ
ਕੈਲੰਡਰ ਮੁਤਾਬਕ 7 ਪੋਹ (6 ਦਸੰਬਰ) , 8 ਪੋਹ (7
ਦਸੰਬਰ) ਅਤੇ 12 ਪੋਹ (11 ਦਸੰਬਰ) ਹੋਣੀਆਂ ਚਾਹੀਦੀਆਂ ਸਨ। ਇਕ ਹੋਰ ਸੱਜਣ ਲਿਖਦਾ ਹੈ, “ ਜ਼ਾਲਮਾਂ
ਨੇ ਦੋਹਾਂ ਲਾਲਾਂ ਨੂੰ 27 ਦਸੰਬਰ 1704 ਈ: ਦੇ
ਦਿਨ ਕੋਹ-ਕੋਹ ਕੇ ਮਾਰ ਦਿੱਤਾ ਅਤੇ ਲਾਸ਼ਾਂ ਬਾਹਰ ਸੁੱਟ ਦਿੱਤੀਆਂ” । ਇਹ ਸੱਜਣ ਇਥੇ ਛੋਟੇ ਸਾਹਿਬਜ਼ਾਦਿਆਂ
ਦੀ ਸ਼ਹੀਦੀ ਦਾ ਜਿਕਰ ਕਰ ਰਿਹਾ ਹੈ। ਇਸ ਨੇ ਵੀ, ਅੱਜ ਦਾ ਕੈਲੰਡਰ/ ਜੰਤਰੀ ਵੇਖ ਕੇ ਹੀ 13 ਪੋਹ
ਨੂੰ 27 ਦਸੰਬਰ ਲਿਖ ਦਿੱਤਾ, ਜਦੋਂ ਕਿ ਇਹ 13 ਪੋਹ ਮੁਤਾਬਕ 12 ਦਸੰਬਰ (ਜੂਲੀਅਨ) ਬਣਦੀ ਹੈ। ਇਕ
ਲੇਖਕ ਲਿਖਦਾ ਹੈ, “ਗੁਰੂ ਜੀ ਨੇ ਆਪਣੇ ਪਰਵਾਰ ਅਤੇ ਬਾਕੀ ਸਿੰਘਾਂ ਸਮੇਤ 19-20 ਦਸੰਬਰ 1704 ਦੀ ਰਾਤ
ਨੂੰ ਅਨੰਦਗ੍ਹੜ ਕਿਲ੍ਹਾ ਛੱਡਣ ਉਪਰੰਤ ਰੋਪੜ ਵੱਲ ਨੂੰ ਚਾਲੇ ਪਾ ਦਿੱਤੇ”। ਇਸ ਨੇ ਵੀ ਸਾਲ 1704
ਈ: ਲਿਖਿਆ ਜੋ ਕਿ ਸਹੀ ਹੈ ਪਰ ਤਾਰੀਖ ਗਲਤ ਲਿਖੀ ਹੈ। “ਮਿਤੀ 22 ਦਸੰਬਰ 1704 ਨੂੰ ਚਮਕੌਰ ਵਿਖੇ
ਅਨੋਖਾ ਯੁੱਧ ਸ਼ੁਰੂ ਹੋਇਆ”, ਲਿਖਣ ਵਾਲੇ ਨਹੀਂ ਪਤਾ ਕਿ 22 ਦਸੰਬਰ 1704 ਨੂੰ 8 ਪੋਹ ਨਹੀਂ ਸਗੋਂ
23 ਪੋਹ ਸੀ। ਇਕ ਹੋਰ ਤਾਰੀਖ ਵੇਖੋ, “12 ਦਸੰਬਰ 1705 ਦੇ ਦਿਨ ਦੋਹਾਂ
ਬੱਚਿਆਂ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ” । ਇਥੇ ਸਾਲ (1705 ਈ:) ਗਲਤ ਹੈ ਪਰ ਤਾਰੀਖ 12
ਦਸੰਬਰ ਠੀਕ ਹੈ। “ਚਮਕੌਰ ਸਾਹਿਬ ਦੀ ਧਰਤੀ `ਤੇ 6,7,8 ਪੋਹ 1704” ਲਿਖਣ ਵਾਲੇ ਸੱਜਣ ਨੇ
ਪ੍ਰਵਿਸ਼ਟੇ (6,7,8 ਪੋਹ) ਤਾਂ ਸਹੀ ਲਿਖੇ ਹਨ ਪਰ ਨਾਲ ਸੰਮਤ 1761 ਬਿਕ੍ਰਮੀ ਲਿਖਣ ਦੀ ਬਿਜਾਏ,
1704 ਈ: ਲਿਖ ਦਿੱਤਾ ਹੈ।
ਜਿਵੇ ਇਸ ਸ਼ਹੀਦੀ ਹਫ਼ਤੇ ਦੀਆਂ
ਘਟਨਾਵਾਂ ਦੀਆਂ ਵੱਖ-ਵੱਖ ਤਾਰੀਖਾਂ ਮਿਲਦੀਆਂ ਹਨ, ਇਸੇ ਤਰ੍ਹਾਂ ਹੀ ਬਾਕੀ ਸਾਰੀਆਂ ਤਾਰੀਖਾਂ ਦੀ
ਸਮੱਸਿਆ ਹੈ। ਖਾਸ ਤੌਰ ਤੇ ਜਦੋਂ ਵਦੀ-ਸੁਦੀ ਨੂੰ ਅੰਗਰੇਜੀ ਤਾਰੀਖਾਂ ਵਿਚ ਲਿਖਿਆਂ ਜਾਂਦਾ ਹੈ। ਇਸ
ਦਾ ਕਾਰਨ ਇਹ ਹੈ ਕਿ ਬਹੁਤੇ ਲੇਖਕ ਆਪ ਤਾਰੀਖਾਂ ਦੀ ਅਦਲਾ-ਬਦਲੀ ਕਰਨੀ ਨਹੀਂ ਜਾਣਦੇ। ਜੋ ਕਿਸੇ ਨੇ
ਲਿਖ ਦਿੱਤਾ ਉਸ ਨੂੰ ਸਹੀ ਮੰਨ ਕੇ ਅੱਗੇ ਤੋਂ ਅੱਗੇ ਲਿਖੀ ਜਾ ਰਹੇ ਹਨ। ਵਿਦਵਾਨ ਸੱਜਣਾਂ ਨੂੰ
ਬੇਨਤੀ ਹੈ ਕਿ ਜੇ 8 ਪੋਹ ਅਤੇ 13 ਪੋਹ ਨੂੰ ਤਾਰੀਖ ਵਿਚ ਲਿਖਣਾ ਹੈ ਤਾਂ 1704 ਈ: ਦੀ ਸਹੀ
ਤਾਰੀਖ, ਜੋ ਕਿ ਜੂਲੀਅਨ ਕੈਲੰਡਰ ਦੀ ਹੋਵੇਗੀ ( 7 ਦਸੰਬਰ ਅਤੇ 12 ਦਸੰਬਰ) ਦਾ ਪਤਾ ਹੋਣਾ ਜਰੂਰੀ
ਹੈ। ਅੱਜ ਸਾਡੇ ਪਾਸ ਬਹੁਤ ਸਾਧਨ ਹਨ, ਜਿਨ੍ਹਾਂ ਦੀ ਵਰਤੋ ਕਰਕੇ ਸਹੀ ਤਾਰੀਖ ਦਾ ਪਤਾ ਕੀਤਾ ਜਾ
ਸਕਦਾ ਹੈ। ਆਸ ਕਰਦੇ ਹਾਂ ਕਿ ਅੱਗੇ ਤੋਂ ਵਿਦਵਾਨ ਸੱਜਣ ਇਸ ਨੁਕਤੇ ਵੱਲ ਵੀ ਧਿਆਨ ਦੇਣਗੇ।