ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਹਾੜਾ
8 ਅੱਸੂ ਬਨਾਮ ਅੱਸੂ ਵਦੀ 10
ਸਰਵਜੀਤ ਸਿੰਘ ਸੈਕਰਾਮੈਂਟੋ
ਸਿੱਖ
ਇਤਿਹਾਸ ਨਾਲ ਸਬੰਧਿਤ ਕਈ ਤਾਰੀਖਾਂ ਬਾਰੇ ਮੱਤ-ਭੇਦ ਹਨ ਪਰ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜਿਆਂ
ਅਤੇ ਜੋਤੀ ਜੋਤ ਸਮਾਉਣ ਦੇ ਦਿਹਾੜਿਆਂ ਦੀਆਂ ਤਾਰੀਖਾਂ ਬਾਰੇ ਕੋਈ ਮੱਤ ਭੇਦ ਨਹੀਂ ਹੈ। ਗੁਰੂ ਨਾਨਕ
ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ, 8 ਅੱਸੂ, ਅੱਸੂ ਵਦੀ 10 ਸੰਮਤ
1596 ਬਿਕ੍ਰਮੀ ਪ੍ਰਵਾਣਿਤ ਤਾਰੀਖ ਹੈ। ਜਦੋਂ
ਕਿਸੇ ਅੰਗਰੇਜ ਲਿਖਾਰੀ ਨੇ ਜਾਂ ਅੰਗਰੇਜ ਭਗਤ ਲਿਖਾਰੀ ਨੇ ਇਸ ਤਾਰੀਖ ਨੂੰ ਅੰਗਰੇਜੀ ਕੈਲੰਡਰ ਵਿੱਚ
ਲਿਖਿਆ ਤਾਂ ਇਹ 7 ਸਤੰਬਰ 1539 ਈ: (ਜੂਲੀਅਨ) ਲਿਖੀ ਗਈ। ਇਸਲਾਮ ਧਰਮ ਨਾਲ ਸਬੰਧਿਤ ਕਿਸੇ ਲਿਖਾਰੀ
ਨੇ ਇਸੇ ਤਾਰੀਖ ਨੂੰ 23 ਰਬੀ ਉਲ ਸਾਨੀ 946 ਹਿਜਰੀ ਲਿਖਿਆ ਹੋਵੇਗਾ। ਵਦੀ-ਸੁਦੀ ਦਾ ਭੁਲੇਖਾ ਲੱਗਣ ਕਾਰਨ, ਕਈ
ਲਿਖਾਰੀਆਂ ਨੇ ਅੱਸੂ ਸੁਦੀ 10 (22 ਸਤੰਬਰ) ਵੀ ਲਿਖਿਆ ਹੈ। ਕਈ ਲਿਖਤਾਂ ਵਿੱਚ ਅੱਸੂ ਵਦੀ 10 ਤਾਂ
ਸਹੀ ਹੈ ਪਰ ਅੰਗਰੇਜੀ ਤਾਰੀਖ `ਚ ਬਦਲੀ ਕਰਨ ਵੇਲੇ ਗਲਤੀ ਹੋਈ ਹੈ। ਜਿਵੇ ਗੁਰਬਾਣੀ ਪਾਠ ਦਰਪਣ
ਵਿੱਚ 10 ਅਕਤੂਬਰ ਦਰਜ ਹੈ। ਜਦੋਂ ਕਿ ਇਹ 7 ਸਤੰਬਰ ਬਣਦੀ ਹੈ।
ਅੱਜ
ਤੋਂ 482
ਸਾਲ ਪਹਿਲਾ ਇਹ
ਦੋਵੇਂ ਤਾਰੀਖਾਂ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਸੰਮਤ 1596 ਬਿਕ੍ਰਮੀ
ਤੋਂ ਪਿਛੋਂ ਇਹ ਦੋਵੇਂ ਤਾਰੀਖਾਂ ਸੰਮਤ 1615 ਬਿਕ੍ਰਮੀ (7 ਸਤੰਬਰ 1558 ਈ: ਜੂਲੀਅਨ) ਵਿੱਚ ਇਕੱਠੀਆਂ
ਆਈਆਂ ਸਨ। ਇਸ ਦਾ ਕਾਰਨ ਇਹ ਹੈ ਕਿ, ਇਨ੍ਹਾਂ ਵਿਚੋਂ ਇਕ ਤਾਰੀਖ (8
ਅੱਸੂ) ਸੂਰਜੀ
ਬ੍ਰਿਕਮੀ (Solar) ਕੈਲੰਡਰ ਦੀ ਹੈ ਜਿਸ ਦੇ ਸਾਲ ਦੇ 365 ਦਿਨ
ਹੁੰਦੇ ਹਨ। ਦੂਜੀ ਤਾਰੀਖ (ਅੱਸੂ ਵਦੀ 10) ਚੰਦਰ-ਸੂਰਜੀ (Lunisolar) ਬ੍ਰਿਕਮੀ ਕੈਲੰਡਰ ਦੀ ਹੈ। ਜਿਸ ਦੇ ਸਾਲ
ਦੇ 354 ਦਿਨ ਹੁੰਦੇ ਹਨ। ਚੰਦ ਦਾ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ। ਇਸ ਕਾਰਨ ਅੱਸੂ
ਵਦੀ 10, ਅਗਲੇ ਸਾਲ 11 ਦਿਨ ਪਹਿਲਾ ਆ ਜਾਂਦੀ ਹੈ। ਇਕ ਸਾਲ ਵਿੱਚ 11 ਦਿਨ, ਦੋ ਸਾਲ ਵਿੱਚ 22
ਦਿਨ ਅਤੇ ਤਿੰਨ ਸਾਲ ਪਿਛੋਂ 33 ਦਿਨ, ਇਹ ਫਰਕ ਵੱਧਦਾ ਹੀ ਜਾਵੇਗਾ। ਹਿਜਰੀ ਕੈਲੰਡਰ ਇਸੇ ਤਰ੍ਹਾਂ
ਹੀ ਚਲਦਾ ਹੈ। ਪਰ ਬਿਕ੍ਰਮੀ ਕੈਲੰਡਰ ਵਿੱਚ ਅਜੇਹਾ ਨਹੀਂ ਹੁੰਦਾ। ਚੰਦ ਦਾ ਸਾਲ ਜਦੋਂ ਸੂਰਜੀ ਸਾਲ
ਤੋਂ ਪਿੱਛੇ ਰਹਿ ਜਾਂਦਾ ਹੈ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਹੋਰ
ਮਹੀਨਾ ਜੋੜ ਦਿੱਤਾ ਜਾਂਦਾ ਹੈ। ਉਸ ਨੂੰ ਮਲ ਮਾਸ ਕਹਿੰਦੇ ਹਨ। ਉਸ ਸਾਲ ਚੰਦ ਦੇ ਸਾਲ ਦੇ 13
ਮਹੀਨੇ ਅਤੇ 384-85 ਦਿਨ ਹੋ ਜਾਂਦੇ ਹਨ। 19 ਸਾਲਾਂ ਵਿੱਚ ਅਜੇਹਾ 7 ਵਾਰ ਕੀਤਾ ਜਾਂਦਾ ਹੈ।
ਜਿਹੜਾ ਦਿਹਾੜਾ 11 ਦਿਨ ਪਹਿਲਾ ਆਉਣਾ ਚਾਹੀਦਾ ਸੀ, ਉਸ ਸਾਲ ਉਹ ਦਿਹਾੜਾ 18-19 ਦਿਨ ਪੱਛੜ ਜਾਂਦਾ
ਹੈ। ਇਸ ਲਈ ਦੋਵੇਂ ਤਾਰੀਖਾਂ ਹਰ ਸਾਲ ਇਕੱਠਿਆਂ ਨਹੀਂ ਆਉਂਦੀਆਂ। ਪਿਛਲੇ ਸਾਲ (ਸੰਮਤ 2077 ਬਿਕ੍ਰਮੀ)
ਚੰਦ ਦੇ ਸਾਲ ਵਿੱਚ 13 ਮਹੀਨੇ ਸਨ। ਅੱਸੂ ਦਾ ਮਹੀਨਾ ਦੋ ਵਾਰ (ਇਕ ਸ਼ੁੱਧ ਅਤੇ ਦੂਜਾ ਅਸ਼ੁੱਧ) ਆਇਆ
ਸੀ। ਹੁਣ ਸੰਮਤ 2080 ਬਿਕ੍ਰਮੀ ਵਿੱਚ ਸਾਵਣ ਦਾ ਮਹੀਨਾ ਅਤੇ ਸੰਮਤ 2083 ਬਿਕ੍ਰਮੀ ਵਿੱਚ
ਜੇਠ ਦਾ ਮਹੀਨਾ ਦੋ ਵਾਰੀ ਆਵੇਗਾ। ਇਹ ਸਿਲਸਿਲਾ
ਇਸੇ ਤਰ੍ਹਾਂ ਹੀ ਚਲਦਾ ਰਹੇਗਾ।
ਨਾਨਕਸ਼ਾਹੀ
ਕੈਲੰਡਰ ਕਮੇਟੀ ਵੱਲੋਂ ਨਿਰਧਾਰਤ ਕੀਤੇ ਗਏ ਪੈਮਾਨੇ ਵਿੱਚ ਇਹ ਵੀ ਸ਼ਾਮਿਲ ਹੈ ਕਿ, “ਤਿੱਥਾਂ ਨੂੰ
ਨਾਨਕਸ਼ਾਹੀ ਕੈਲੰਡਰ ਵਿੱਚ ਬਦਲੀ ਕਰਨ ਲਈ ਅੰਗਰੇਜੀ ਤਾਰੀਖਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ
ਮੁੱਖ ਰੱਖਿਆ ਜਾਵੇਗਾ”। ਕੈਲੰਡਰ ਕਮੇਟੀ ਵੱਲੋਂ ਕੀਤੇ ਗਏ ਇਸ ਫੈਸਲੇ ਅਨੁਸਾਰ, ਗੁਰੂ ਨਾਨਕ ਜੀ ਦੇ
ਜੋਤੀ ਜੋਤ ਸਮਾਉਣ ਦੇ ਪ੍ਰਵਿਸ਼ਟੇ ਭਾਵ 8 ਅੱਸੂ ਨੂੰ ਮੁੱਖ ਰੱਖਿਆ ਗਿਆ ਹੈ। ਨਾਨਕਸ਼ਾਹੀ ਕੈਲੰਡਰ
ਮੁਤਾਬਕ ਅੱਸੂ ਮਹੀਨੇ ਦਾ ਆਰੰਭ ਹਰ ਸਾਲ 15 ਸਤੰਬਰ ਨੂੰ ਹੁੰਦਾ ਹੈ ਇਸ ਲਈ 8 ਅੱਸੂ ਨੂੰ ਹਰ ਸਾਲ
22 ਸਤੰਬਰ ਹੀ ਆਵੇਗੀ। ਜਦੋਂ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਅੱਸੂ ਵਦੀ 10 ਮੁਤਾਬਕ
ਪਿਛਲੇ ਸਾਲ (2020 ਈ:) 12 ਸਤੰਬਰ, ਇਸ ਸਾਲ (2021 ਈ:) 1 ਅਕਤੂਬਰ, 2022 ਈ: ਵਿੱਚ 20 ਸਤੰਬਰ
ਅਤੇ 2023 ਈ: ਵਿੱਚ 9 ਅਕਤੂਬਰ ਨੂੰ ਆਵੇਗੀ।
ਨਾਨਕਸ਼ਾਹੀ
ਕੈਲੰਡਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ
ਸੰਮਤ 535 ਨਾਨਕਸ਼ਾਹੀ (2003 ਈ:) ਵਿੱਚ ਲਾਗੂ ਕੀਤਾ ਗਿਆ ਸੀ। ਪਰ ਬਿਨਾ ਕੋਈ ਕਾਰਨ ਦੱਸੇ
2010 ਈ: ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਗਿਆ। ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ
ਪਿਛਲੇ ਇਕ ਦਹਾਕੇ ਵਿੱਚ, ਧਰਮ ਪ੍ਰਚਾਰ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੇ ਦਫਤਰ ਵੱਲੋਂ, ਕੈਲੰਡਰ
ਸਬੰਧੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ। ਪਰ, ਪਿਛਲੇ ਦਿਨੀਂ ਅਚਾਨਕ ਹੀ ਇਹ ਖ਼ਬਰ ਆਈ
ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, 9
ਮੈਂਬਰਾਂ ਦੇ ਵਫ਼ਦ ਸਮੇਤ 20 ਸਤੰਬਰ ਨੂੰ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ,
ਗੁਰੂ ਨਾਨਕ ਜੀ ਦੇ ਜੋਤੀ ਜੋਤ ਦਿਹਾੜੇ ਦੇ ਸਮਾਗਮਾਂ ਵਿਚ ਭਾਗ ਲੈਣ ਲਈ ਪਾਕਿਸਤਾਨ ਪੁੱਜ ਗਏ ਹਨ। ਉਨ੍ਹਾਂ
21 ਸਤੰਬਰ ਨੂੰ ਕਰਤਾਰ ਪੁਰ ਸਾਹਿਬ ਵਿਖੇ ਸਜਾਏ ਗਏ ਨਗਰ ਕੀਰਤਨ ਵਿਚ ਭਾਗ ਲਿਆ ਅਤੇ 22 ਸਤੰਬਰ
ਨੂੰ ਮੁੱਖ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਯਾਦ ਰਹੇ ਪਾਕਿਸਤਾਨ ਗੁਰਦਵਾਰਾ
ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ, ਹਰ ਸਾਲ 8 ਅੱਸੂ (22 ਸਤੰਬਰ)
ਨੂੰ ਮਨਾਇਆ ਜਾਂਦਾ ਹੈ। ਜਦੋਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ
ਕੈਲੰਡਰ ਦੇ ਨਾਮ ਹੇਠ ਛਾਪੇ ਗਏ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ 13 ਮਾਰਚ 2021 ਈ: ਨੂੰ
ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ ਵਿੱਚ ਇਹ ਦਿਹਾੜਾ 1 ਅਕਤੂਬਰ ਦਾ ਦਰਜ ਹੈ ਅਤੇ ਸ਼੍ਰੋਮਣੀ ਕਮੇਟੀ
ਵੱਲੋਂ ਇਹ ਦਿਹਾੜਾ 1 ਅਕਤੂਬਰ ਨੂੰ ਮਨਾਇਆ ਜਾਣਾ ਹੈ।