Thursday, October 20, 2022
ਤਾਰੀਖ਼ ਬਨਾਮ ਪ੍ਰਵਿਸ਼ਟਾ
ਬਾਬਾ ਬੰਦਾ ਬਹਾਦਰ ਜੀ ਦੇ ਜਨਮ ਬਾਰੇ ਸ. ਕਰਮ ਸਿੰਘ ਹਿਸਟੋਰੀਅਨ ਲਿਖਦੇ ਹਨ, “ਲਛਮਣ ਦੇਵ ਕਦ ਪੈਦਾ
ਹੋਯਾ, ਇਸ ਦਾ ਸਾਨੂੰ ਕੁਝ ਵੀ ਪਤਾ ਨਹੀਂ। ਮਮੂਲੀ ਹਾਲਤ ਵਿੱਚ ਪੈਦਾ ਹੋਕੇ ਬੈਰਾਗੀ ਹੋ ਗਏ ਲਛਮਣ
ਦੇਵ ਦੇ ਪੈਦਾ ਹੋਣ ਦੀ ਤਰੀਕ ਦਾ ਪਤਾ ਕਰਨਾ ਉਨ੍ਹਾਂ ਆਦਮੀਆਂ ਲਈ ਠੀਕ ਕਠਨ ਹੈ, ਜਿਨ੍ਹਾਂ ਦੇ
ਵੱਡਿਆਂ ਵਿੱਚ ਇਤਿਹਾਸ ਦਾ ਸ਼ੌਕ ਨਾਂ ਰਿਹਾ ਹੋਵੇ”। (ਬੰਦਾ ਬਹਾਦਰ, ਪੰਨਾ 18) ਵੀਹਵੀਂ ਸਦੀ ਦੇ
ਆਰੰਭ ਵਿੱਚ (1907 ਈ:) ਜਦੋਂ ਸ. ਕਰਮ ਸਿੰਘ ਹਿਸਟੋਰੀਅਨ ਨੇ ਇਹ ਕਿਤਾਬ ਲਿਖੀ ਸੀ ਤਾਂ ਇਹ ਕੰਮ
ਅੰਤ ਕਠਨ ਸੀ। ਪਰ ਪਿਛੋਂ ਹੋਏ ਖੋਜੀਆਂ ਨੇ ਬੰਦਾ ਬਹਾਦਰ ਦੀ ਜਨਮ ਤਾਰੀਖ ਲੱਭ ਲਈ ਜਾਂ ਮਿੱਥ ਲਈ
ਸੀ। ਡਾ ਗੰਡਾ ਸਿੰਘ ਮੁਤਾਬਿਕ ਲਛਮਣ ਦੇਵ ਦਾ ਜਨਮ ਕੱਤਕ ਸੁਦੀ 13 ਸੰਮਤ 1727 ਬਿਕ੍ਰਮੀ ਦਿਨ
ਐਤਵਾਰ (16 ਅਕਤੂਬਰ 1670 ਈ:) ਨੂੰ ਪਿੰਡ ਰਜੌੜੀ ਵਿੱਚ ਹੋਇਆ ਸੀ। ਸੋਹਣ ਸਿੰਘ ਸੀਤਲ ਮੁਤਾਬਕ
ਲਛਮਣ ਦੇਵ ਦਾ ਜਨਮ ਕੱਤਕ ਸੁਦੀ 13 ਸੰਮਤ 1727 ਬਿਕ੍ਰਮੀ (27 ਅਕਤੂਬਰ 1670 ਈ:) ਨੂੰ ਹੋਇਆ ਸੀ।
ਅੱਜ ਵੀ ਵੱਖ-ਵੱਖ ਲੇਖਕਾਂ ਵੱਲੋਂ ਇਹ ਦੋਵੇਂ ਤਾਰੀਖਾਂ (16 ਅਕਤੂਬਰ ਅਤੇ 27 ਅਕਤੂਬਰ) ਲਿਖੀਆਂ
ਮਿਲਦੀਆਂ ਹਨ। ਇਨ੍ਹਾਂ `ਚ ਪਹਿਲੀ ਤਾਰੀਖ ਭਾਵ 16 ਅਕਤੂਬਰ ਜੂਲੀਅਨ ਕੈਲੰਡਰ ਦੀ ਤਾਰੀਖ ਹੈ। ਇਹ
ਕੈਲੰਡਰ ਕਦੇ ਵੀ ਆਪਣੇ ਦੇਸ਼ ਵਿੱਚ ਲਾਗੂ ਨਹੀਂ ਹੋਇਆ। ਦੂਜੀ ਤਾਰੀਖ ਭਾਵ 27 ਅਕਤੂਬਰ, ਗਰੈਗੋਰੀਅਨ
ਕੈਲੰਡਰ ਦੀ ਤਾਰੀਖ ਹੈ। ਇਹ ਕੈਲੰਡਰ ਭਾਵੇਂ 1582 ਈ: ਹੋਂਦ ਵਿੱਚ ਆ ਗਿਆ ਸੀ ਪਰ ਇਸ ਨੂੰ ਇੰਗਲੈਂਡ
ਨੇ 1752 ਈ: ਵਿੱਚ ਲਾਗੂ ਕੀਤਾ ਸੀ। ਆਪਣੇ ਖਿਤੇ ਵਿਚ ਇਹ ਕੈਲੰਡਰ ਗੋਰਿਆਂ ਦੇ ਨਾਲ ਹੀ ਆਇਆ ਸੀ।
ਉਂਝ ਇਸ ਕੈਲੰਡਰ ਦੀ ਤਾਰੀਖ ਭਾਵ 27 ਅਕਤੂਬਰ, ਇਕ ਦਿਨ ਦੇ ਫ਼ਰਕ ਨਾਲ ਗਲਤ ਹੈ। 16 ਅਕਤੂਬਰ 1760
ਈ: ਜੂਲੀਅਨ ਨੂੰ ਜੇ ਗਰੈਗੋਰੀਅਨ ਵਿੱਚ ਬਦਲੀ ਕਰੀਏ ਤਾਂ ਇਹ 26 ਅਕਤੂਬਰ ਬਣਦੀ ਹੈ। ਆਪਣੇ ਦੇਸ਼
ਵਿੱਚ ਪ੍ਰਚੱਲਤ ਬਿਕ੍ਰਮੀ ਕੈਲੰਡਰ ਵਿੱਚ ਤਾਰੀਖਾਂ ਦੋ ਤਰ੍ਹਾਂ ਲਿਖੀਆਂ ਜਾਦੀਆਂ ਸਨ, ਵਦੀ-ਸੁਦੀ
ਮੁਤਾਬਕ ਅਤੇ ਕੁਝ ਪ੍ਰਵਿਸ਼ਟਿਆਂ ਮੁਤਾਬਕ। ਬਿਕ੍ਰਮੀ ਕੈਲੰਡਰ ਮੁਤਾਬਕ ਲਛਮਣ ਦੇਵ ਦਾ ਜਨਮ ਕੱਤਕ
ਸੁਦੀ 13, ਕੱਤਕ 15, ਸੰਮਤ 1727 ਬਿਕ੍ਰਮੀ ਦਿਨ ਐਤਵਾਰ ਨੂੰ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ
ਛਾਪੇ ਗਏ ਕੈਲੰਡਰ ਮੁਤਾਬਕ 15 ਕੱਤਕ, 31 ਅਕਤੂਬਰ ਦਿਨ ਸੋਮਵਾਰ ਨੂੰ। ਕੀ ਸਾਨੂੰ ਇਹ ਦਿਹਾੜਾ
ਤਾਰੀਖਾਂ (16 ਅਕਤੂਬਰ ਜਾਂ 26-27 ਅਕਤੂਬਰ) ਦੀ ਬਿਜਾਏ ਪ੍ਰਵਿਸ਼ਟਿਆਂ ਮੁਤਾਬਕ ਹਰ ਸਾਲ 15 ਕੱਤਕ
ਨੂੰ ਨਹੀਂ ਮਨਾਉਣਾ ਚਾਹੀਦਾ?