Thursday, October 20, 2022
ਬੰਦੀ ਛੋੜ ਦਿਵਸ ਕਿ ਲਛਮੀ ਪੂਜਾ?
ਬੰਦੀ ਛੋੜ ਦਿਵਸ ਕਿ ਲਛਮੀ ਪੂਜਾ?
ਸਰਵਜੀਤ ਸਿੰਘ ਸੈਕਰਾਮੈਂਟੋ
ਦੁਨੀਆਂ ਦੇ ਹੋਰ ਹਿਸਿਆ ਵਾਂਗ ਆਪਣੇ ਦੇਸ਼ ਵਿੱਚ ਵੀ ਹਜ਼ਾਰਾਂ ਸਾਲਾਂ ਤੋਂ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ। ਜਿਨ੍ਹਾਂ ਦਾ ਸਬੰਧ ਮੌਸਮਾਂ, ਧਰਮ, ਇਤਿਹਾਸ, ਮਿਥਿਹਾਸ ਦੇ ਨਾਲ-ਨਾਲ ਜਾਤ ਪ੍ਰਥਾ ਨਾਲ ਵੀ ਹੈ। ਇਨ੍ਹਾਂ ਤਿਉਹਾਰਾਂ ਦਾ ਆਰੰਭ ਮੌਸਮ ਦੀ ਤਬਦੀਲੀ, ਮਨੋਰੰਜਨ ਅਤੇ ਖੁਸ਼ੀ ਲਈ ਜਾਂ ਕੁਦਰਤੀ ਆਫਤਾਂ ਦੀ ਕਰੋਪੀ ਤੋਂ ਬਚਣ ਲਈ ਪੂਜਾ ਦੇ ਰੂਪ ਵਿੱਚ ਹੀ ਹੋਇਆ ਹੋਵੇਗਾ। ਉਸ ਵੇਲੇ ਦੇ ਮੁਖੀਆਂ ਵੱਲੋਂ ਵੱਖ-ਵੱਖ ਤਿਉਹਾਰਾਂ ਨੂੰ ਮਨਾਉਣ ਲਈ ਵੱਖ-ਵੱਖ ਰੀਤੀ-ਰਿਵਾਜਾਂ ਅਤੇ ਮਰਯਾਦਾ ਵੀ ਆਰੰਭੀ ਗਈ। ਗਈ। ਸਮੇਂ-ਸਮੇਂ ਇਨ੍ਹਾਂ ਦਿਨਾਂ ਨਾਲ ਹੋਰ ਘਟਨਾਵਾਂ ਵੀ ਜੁੜਦੀਆਂ ਗਈ ਅਤੇ ਤਿਉਹਾਰ ਅਤੇ ਰੀਤੀ ਰਿਵਾਜਾਂ ਦਾ ਵਿਕਾਸ ਹੁੰਦਾ ਗਿਆ। ਪੁਜਾਰੀ ਕਿਸਮ ਦੇ ਲੋਕਾਂ ਵੱਲੋਂ ਸਧਾਰਨ ਲੋਕਾਂ ਦੀ ਅਗਿਆਨਤਾ ਦਾ ਫਾਇਦਾ ਉਠਾਉਣ ਖਾਤਰ ਇਨ੍ਹਾਂ ਤਿਉਹਾਰਾਂ ਨੂੰ ਪੂਰੀ ਤਰ੍ਹਾਂ ਧਾਰਮਿਕ ਪਾਣ ਚਾੜ ਦਿੱਤੀ। ਮੌਜੂਦਾ ਸਮੇਂ ਵਿੱਚ ਵੀ ਸਰਕਾਰਾਂ ਵੱਲੋਂ ਵੱਖ-ਵੱਖ ਤਿਉਹਾਰਾਂ ਵਾਲੇ ਦਿਨਾਂ ਵਿੱਚ ਛੁੱਟੀਆਂ ਦਾ ਐਲਾਨ ਕਰਕੇ, ਤਿਉਹਾਰਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ।
ਇਨ੍ਹਾਂ ਤਿਉਹਾਰਾਂ ਵਿੱਚੋਂ ਇਕ ਹੈ, ਦੀਵਾਲੀ ਦਾ ਤਿਉਹਾਰ। ਜਿਸ ਬਾਰੇ ਆਮ ਧਾਰਨਾ ਹੈ ਕਿ ਅਯੁੱਧਿਆ ਦੇ ਰਾਜੇ ਦਸ਼ਰਥ ਦਾ ਪੁੱਤਰ ਰਾਮ, ਘਰੇਲੂ ਕਾਰਨਾਂ ਕਾਰਨ ਮਿਲੇ 14 ਸਾਲ ਦੇ ਬਨਵਾਸ ਨੂੰ ਪੂਰਾ ਕਰਨ ਉਪਰੰਤ, ਕੱਤਕ ਦੀ ਮੱਸਿਆ ਵਾਲੇ ਦਿਨ (ਸਾਲ ਬਾਰੇ ਕੋਈ ਜਾਣਕਾਰੀ ਨਹੀਂ ਹੈ) ਆਪਣੇ ਪ੍ਰਵਾਰ ਸਮੇਤ ਅਯੁੱਧਿਆ ਵਿਚ ਵਾਪਸ ਆਇਆ ਸੀ। ਆਪਣੇ ਰਾਜੇ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ, ਅਯੁੱਧਿਆ ਨਗਰੀ ਦੇ ਵਾਸੀਆਂ ਨੇ ਦੀਵੇ ਬਾਲ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਪਰ ਇਸ ਤਿਉਹਾਰ ਦਾ ਸਭ ਤੋਂ ਵੱਧ ਮਹੱਤਵ ਸਮੁੰਦਰ ਮੰਥਨ ਤੋਂ ਪੈਦਾ ਹੋਈ ਵਿਸ਼ਨੂੰ ਦੀ ਪਤਨੀ, ਧਨ-ਦੌਲਤ, ਖੁਸ਼ਹਾਲੀ ਅਤੇ ਕਿਸਮਤ ਦੀ ਪ੍ਰਤੀਕ, “ਸ਼੍ਰੀ ਮਹਾ ਲਛਮੀ” ਦੀ ਪੂਜਾ ਕਰਨਾ ਹੈ। ਇਕ ਵਸੀਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਦੀਵਾਲੀ, “ਕਾਰਤਿਕ ਕੀ ਅਮਾਵਸ ਕੋ ਪੜਨੇ ਵਾਲਾ ਹਿੰਦੂਓ ਕਾ ਏਕ ਤਿਉਹਾਰ ਜਿਸ ਮੇਂ ਲਕਛਮੀ ਪੂਜਨ ਹੋਤਾ ਹੈ”।
ਸਿੱਖ ਇਤਿਹਾਸ ਦੇ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੌਕੇ ਦੀ ਮੁਗਲ ਹਕੂਮਤ ਵੱਲੋਂ, ਕੁਝ ਸਮੇ ਲਈ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਸੀ। ਇਸ ਕੈਦ ਦੇ ਸਮੇਂ ਸਬੰਧੀ ਵਿਦਵਾਨਾਂ ਵਿੱਚ ਕਾਫੀ ਮੱਤ ਭੇਦ ਹਨ। ਗੁਰੂ ਜੀ ਦੀ ਰਿਹਾਈ ਬਾਰੇ ਕਿਹਾਂ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਉਨ੍ਹਾਂ ਨੂੰ ਰਿਹਾ ਕੀਤਾ ਗਿਆ ਸੀ ਅਤੇ ਗੁਰੂ ਜੀ ਨੇ 52 ਪਹਾੜੀ ਰਾਜਿਆਂ ਨੂੰ ਵੀ, ਜੋ ਉਸੇ ਕਿਲੇ ਵਿੱਚ ਕੈਂਦ ਸਨ, ਆਪਣੇ ਨਾਲ ਹੀ ਰਿਹਾ ਕਰਵਾਇਆਂ ਸੀ। ਇਸ ਕਾਰਨ ਹੀ ਗੁਰੂ ਜੀ ਨੂੰ ‘ਦਾਤਾ ਬੰਦੀ ਛੋੜ’ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਦੂਜੀ ਧਾਰਨਾ ਇਹ ਹੈ ਕਿ ਰਿਹਾਈ ਤੋਂ ਪਿਛੋਂ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ ਸੰਗਤਾਂ ਨੇ ਘਿਓ ਦੇ ਦੀਵੇ ਜਗਾਏ ਸਨ। ਸਿੱਖ ਇਤਹਾਸ ਦੀਆਂ ਕਈ ਹੋਰ ਤਾਰੀਖਾਂ ਵਾਗੂੰ, ਗੁਰੂ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਈ ਦੀ ਤਾਰੀਖ ਬਾਰੇ ਵੀ ਮੱਤ ਭੇਦ ਹਨ। ਸਵਾਲ ਪੈਦਾ ਹੁੰਦਾ ਹੈ ਕਿ ਦੀਵਾਲੀ ਵਾਲੇ ਦਿਨ ਕਿਲੇ ਵਿੱਚੋਂ ਰਿਹਾ ਹੋਏ ਸਨ ਜਾਂ ਦੀਵਾਲੀ ਵਾਲੇ ਦਿਨ ਗੁਰੂ ਸਾਹਿਬ ਜੀ ਅੰਮ੍ਰਿਤਸਾਰ ਸਾਹਿਬ ਵਿਖੇ ਪੁੱਜੇ ਸਨ? ਪਰ ਇਹ ਸਵਾਲ, ਸਾਡਾ ਅੱਜ ਦਾ ਵਿਸ਼ਾ ਨਹੀਂ ਹੈ।
ਸਦੀਆਂ ਪੁਰਾਣਾ ਤਿਉਹਾਰ ਹੋਣ ਕਾਰਨ, ਦੀਵਾਲੀ ਦੀ ਤਾਰੀਖ ਹਰ ਕਿਸੇ ਨੂੰ ਯਾਦ ਹੈ ਕਿ ਇਹ ਚੰਦ ਦੇ ਕੈਲੰਡਰ ਮੁਤਾਬਕ, ਕੱਤਕ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ। ਇਸ ਸਾਲ ਕੱਤਕ ਦੀ ਮੱਸਿਆ, 25 ਅਕਤੂਬਰ ਦਿਨ ਮੰਗਲਵਾਰ ਨੂੰ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਵਿੱਚ ਵੀ ਮੱਸਿਆ 9 ਕੱਤਕ (25 ਅਕਤੂਬਰ) ਦਿਨ ਮੰਗਲਵਾਰ ਦੀ ਹੀ ਦਰਜ ਹੈ। ਪਰ ਇਸ ਕੈਲੰਡਰ ਵਿੱਚ ਬੰਦੀ ਛੋੜ ਦਿਵਸ 8 ਕੱਤਕ/24 ਅਕਤੂਬਰ ਦਾ ਦਰਜ ਹੈ। ਅਜੇਹਾ ਕਿਓ?
ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਆਰੰਭ ਸਵੇਰੇ ਸੂਰਜ ਚੜਨ ਵੇਲੇ ਤੋਂ ਮੰਨਿਆ ਜਾਂਦਾ ਹੈ। 24 ਅਕਤੂਬਰ ਨੂੰ ਸਵੇਰੇ ਸੂਰਜ 6:40 ਤੇ ਚੜੇਗਾ। ਉਸ ਵੇਲੇ ਚੰਦ ਦੀ ਤਿੱਥ, ਕੱਤਕ ਵਦੀ ਚੌਦਸ ਹੈ। ਇਸ ਲਈ 24 ਅਕਤੂਬਰ ਨੂੰ ਕੱਤਕ ਦੀ ਚੌਦਸ ਮੰਨੀ ਜਾਵੇਗੀ। ਕੱਤਕ ਦੀ ਚੌਦਸ 24 ਤਾਰੀਖ ਸ਼ਾਮ ਨੂੰ 5:27 ਤੇ ਖਤਮ ਹੋਵੇਗੀ ਅਤੇ ਮੱਸਿਆ ਦਾ ਆਰੰਭ ਹੋਵੇਗਾ ਜੋ ਅਗਲੇ ਦਿਨ ਸ਼ਾਮ ਨੂੰ 4:18 ਤੇ ਖਤਮ ਹੋਵੇਗੀ। 25 ਅਕਤੂਬਰ ਨੂੰ ਸਵੇਰੇ ਸੂਰਜ ਚੜਨ ਵੇਲੇ ਕੱਤਕ ਦੀ ਮੱਸਿਆ ਹੋਵੇਗੀ। ਇਸ ਲਈ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਸਮੇਤ ਕੋਈ ਵੀ ਜੰਤਰੀ ਵੇਖ ਲਓ, ਕੱਤਕ ਦੀ ਮੱਸਿਆ 9 ਕੱਤਕ (25 ਅਕਤੂਬਰ) ਦਿਨ ਮੰਗਲ ਵਾਰ ਨੂੰ ਹੀ ਦਰਜ ਹੈ। ਕੱਤਕ ਵਦੀ 15 (ਮੱਸਿਆ) ਦਾ ਆਰੰਭ 24 ਅਕਤੂਬਰ ਦਿਨ ਸੋਮਵਾਰ ਨੂੰ ਸਾਮ 5:27 ਤੇ ਹੋਵੇਗਾ ਅਤੇ ਇਹ ਮੰਗਲਵਾਰ ਨੂੰ ਸ਼ਾਮ ਨੂੰ 4:18 ਤੇ ਖਤਮ ਹੋਵੇਗੀ। ਜਿਨ੍ਹਾਂ ਨੇ “ਸ਼੍ਰੀ ਮਹਾ ਲਛਮੀ ਪੂਜਾ” ਕਰਨੀ ਹੈ, ਉਨ੍ਹਾਂ ਦੀ ਸਮੱਸਿਆ ਇਹ ਹੈ ਕਿ ਲਛਮੀ ਪੂਜਾ ਦੇ ਸ਼ੁਭ ਮਹੂਰਤ ਦਾ ਸਮਾਂ, ਸ਼ਾਮ 6:57 ਤੋਂ 8:23 ਹੈ। ਮੱਸਿਆ ਦੀ ਤਿੱਥ ਮੰਗਲਵਾਰ ਸ਼ਾਮ ਨੂੰ 4:18 ਤੇ ਖਤਮ ਹੋ ਜਾਣੀ ਹੈ, ਅਤੇ ਕੱਤਕ ਸੁਦੀ ਏਕਮ ਆਰੰਭ ਹੋ ਜਾਣੀ ਹੈ। “ਸ਼੍ਰੀ ਮਹਾ ਲਛਮੀ ਪੂਜਾ” ਲਈ ਮੱਸਿਆ ਦਿ ਤਿੱਥ ਦਾ ਹੋਣਾ ਜਰੂਰੀ ਹੈ। ਇਸ ਲਈ ਜਿਨ੍ਹਾਂ ਦਾ ਤਿਉਹਾਰ ਹੈ, ਉਨ੍ਹਾਂ ਦੇ ਵਿਦਵਾਨਾਂ ਨੇ ਫੈਸਲਾ ਕੀਤਾ ਕਿ “ਸ਼੍ਰੀ ਮਹਾ ਲਛਮੀ ਪੂਜਾ” ਸੋਮਵਾਰ ਨੂੰ ਕੱਤਕ ਵਦੀ ਪੰਦਰਾਂ ਦੇ ਆਰੰਭ ਵੇਲੇ ਭਾਵ 24 ਅਕਤੂਬਰ ਦੀ ਸ਼ਾਮ ਨੂੰ ਹੀ ਕਰ ਲਈ ਜਾਵੇ। ਇਹ ਕਾਰਨ ਹੈ ਕਿ ਇਸ ਸਾਲ ਦੀਵਾਲੀ ਕੱਤਕ ਦੀ ਮੱਸਿਆ ਤੋਂ ਇਕ ਦਿਨ ਪਹਿਲਾ ਭਾਵ ਕੱਤਕ ਦੀ ਚੌਦਸ ਨੂੰ ਮਨਾਈ ਜਾ ਰਹੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ਉਨ੍ਹਾਂ ਨੇ ਬੰਦੀ ਛੋੜ ਦਿਹਾੜਾ ਵੀ ਕੱਤਕ ਦੀ ਚੌਦਸ ਨੂੰ ਹੀ ਮਨਾਉਣਾ ਦਾ ਫੈਸਲਾ ਕੀਤਾ ਹੈ? ਸ਼੍ਰੋਮਣੀ ਕਮੇਟੀ ਨੇ ਤਾਂ ਆਖੰਡ ਪਾਠ ਦੇ ਭੋਗ ਉਪ੍ਰੰਤ ਦੁਪਹਿਰ ਵੇਲੇ ਅਰਦਾਸ ਕਰਨੀ ਹੈ। 9 ਕੱਤਕ ਦਿਨ ਮੰਗਲਵਾਰ ਦਾ ਸਾਰਾ ਦਿਨ ਹੀ ਕੱਤਕ ਵਦੀ ਪੰਦਰਾਂ (ਮੱਸਿਆ) ਹੈ। ਮੱਸਿਆ ਦੀ ਤਿੱਥ ਮੰਗਲਵਾਰ ਸ਼ਾਮ ਨੂੰ 4:18 ਤੱਕ ਰਹਿਣੀ ਹੈ। ਇਸ ਹਿਸਾਬ ਨਾਲ ਵੀ, ਸ਼੍ਰੋਮਣੀ ਕਮੇਟੀ ਨੂੰ ਬੰਦੀ ਛੋੜ ਦਿਵਸ ਮੰਗਲਵਾਰ ਨੂੰ ਹੀ ਮਨਾਉਣਾ ਚਾਹੀਦਾ ਹੈ। 8 ਕੱਤਕ ਦਿਨ ਸੋਮਵਾਰ ਨੂੰ ਸਾਮ ਦੇ 5:27 ਤੀਕ ਕੱਤਕ ਵਦੀ ਚੌਦਸ ਹੀ ਰਹਿਣੀ ਹੈ। 5:27 ਸ਼ਾਮ ਨੂੰ ਮੱਸਿਆ ਦੀ ਤਿੱਥ ਆਰੰਭ ਹੋਣੀ ਹੈ। ਜਿਨ੍ਹਾਂ ਨੇ ਲਛਮੀ ਦੀ ਪੂਜਾ ਕਰਨੀ ਹੈ ਉਨ੍ਹਾਂ ਨੇ ਤਾਂ ਮੱਸਿਆ ਦੀ ਤਿੱਥ ਵਿੱਚ ਹੀ ਪੂਜਾ ਕਰਨੀ ਹੈ। ਸ਼੍ਰੋਮਣੀ ਕਮੇਟੀ ਕਿਸ ਖੁਸ਼ੀ ਵਿਚ ਬੰਦੀ ਛੋੜ ਦਿਹਾੜਾ ਕੱਤਕ ਵਦੀ ਚੌਦਸ ਨੂੰ ਮਨਾ ਰਹੀ ਹੈ? ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਜੇਹਾ ਤਾਂ ਕਰਦੀ ਜੇ ਸਿੱਖ ਇਤਹਾਸ ਮੁਤਾਬਕ ਬੰਦੀ ਛੋੜ ਦਿਵਸ ਮਨਾਉਣਾ ਹੁੰਦਾ। ਅਸਲ ਵਿੱਚ ਤਾਂ ਸ਼੍ਰੋਮਣੀ ਕਮੇਟੀ ਨੇ ਬੰਦੀ ਛੋੜ ਦਿਵਸ ਦੇ ਪਰਦੇ ਹੇਠ ਵਿਸ਼ਨੂੰ ਦੀ ਪਤਨੀ, ਧਨ-ਦੌਲਤ ਦੀ ਪ੍ਰਤੀਕ ਕਾਲਪਨਿਕ ਦੇਵੀ ‘ਲਛਮੀ’ ਦੀ ਪੂਜਾ ਹੀ ਕਰਨੀ ਹੈ। ਇਹ ਹੀ ਕਾਰਨ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ, “ਸ਼੍ਰੀ ਮਹਾ ਲਛਮੀ ਪੂਜਾ” ਦੇ ਮਹੂਰਤ ਮੁਤਾਬਕ, ਮੱਸਿਆ ਤੋਂ ਇਕ ਦਿਨ ਪਹਿਲਾ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ।