ਤਿੱਥ, ਤਾਰੀਖ ਅਤੇ ਪ੍ਰਵਿਸ਼ਟਾ
ਸਰਵਜੀਤ ਸਿੰਘ ਸੈਕਰਾਮੈਂਟੋ
ਪੰਜਾਬੀ ਵਿੱਚ
ਇਕ ਅਖਾਣ ਹੈ ਕਿ ‘ਬਾਰਾਂ ਸਾਲਾਂ ਪਿਛੋਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ’; ਇਸ ਨੂੰ ਪਿਛਲੇ
ਸਾਲ ਸੱਚ ਕਰ ਵਿਖਾਇਆ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ। ਗੱਲ ਇਉਂ ਹੋਈ ਕਿ ਮੈਂ
ਅਕਤੂਬਰ 2009 ਤੋਂ ਸ਼੍ਰੋਮਣੀ ਕਮੇਟੀ ਅਤੇ ਅਕਾਲ
ਤਖਤ ਸਾਹਿਬ ਨੂੰ ਕੈਲੰਡਰ ਸਬੰਧੀ ਪੱਤਰ ਲਿਖਦਾ ਆ ਰਿਹਾ ਹਾਂ। ਪਿਛਲੇ ਸਾਲ, 14 ਸਤੰਬਰ 2022
ਈ: (ਪੱਤਰ ਨੰਬਰ 38930) ਨੂੰ ਪਹਿਲੀ ਵਾਰ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਵੱਲੋਂ ਜਵਾਬ ਆਇਆ, ਜਿਸ ਵਿੱਚ ਉਹ ਲਿਖਦੇ
ਹਨ, “ਆਪ ਜੀ ਵੱਲੋਂ ਪੁੱਜੀ ਈਮੇਲ ਪੱਤ੍ਰਿਕਾ ਰਾਹੀ ਮੰਗੀ ਗਈ ਜਾਣਕਾਰੀ ਦੇ ਸਬੰਧ ਵਿੱਚ ਮਾਣਯੋਗ
ਪ੍ਰਧਾਨ ਸਾਹਿਬ ਗੁ: ਪ੍ਰ: ਕਮੇਟੀ ਵੱਲੋਂ ਹੋਏ ਆਦੇਸ਼ ਅਨੁਸਾਰ ਇਸ ਸਬੰਧੀ ਕੋਆਰਡੀਨੇਟਰ ਕੈਲੰਡਰ
ਸਬ-ਕਮੇਟੀ ਪਾਸੋਂ ਰਾਏ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਦੀ ਰਾਏ ਅਨੁਸਾਰ ਨਾਨਕਸ਼ਾਹੀ ਕੈਲੰਡਰ ਵਿੱਚ
ਤਿੰਨ (ਸੂਰਜੀ, ਚੰਦ੍ਰਮਾ ਤੇ ਅੰਗਰੇਜੀ) ਤਰ੍ਹਾਂ ਦੀਆਂ ਤਾਰੀਖਾਂ ਦੀ ਵਰਤੋਂ ਕੀਤੀ ਗਈ ਹੈ”।
ਆਓ ਇਨ੍ਹਾਂ
ਤਿੰਨ ਤਰ੍ਹਾਂ ਦੀਆਂ ਤਾਰੀਖਾਂ ਬਾਰੇ ਜਾਣਕਾਰੀ ਸਾਂਝੀ ਕਰੀਏ।
ਤਿੱਥ:- ਚੰਦ ਧਰਤੀ ਦੇ ਦੁਵਾਲੇ ਚੱਕਰ ਲਾਉਂਦਾ ਹੈ। ਇਹ ਚੱਕਰ, ਜਿਸ ਨੂੰ ਚੰਦ ਦਾ ਮਹੀਨਾ
ਮੰਨਿਆ ਜਾਂਦਾ ਹੈ, 29.53 ਸੂਰਜੀ ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਸਮੇਂ ਦੌਰਾਨ ਚੰਦ ਦੀਆਂ 30
ਤਿੱਥਾਂ ਹੁੰਦੀਆਂ ਹਨ। ਚੰਦ ਦੀ ਇੱਕ ਤਿੱਥ 12° ਦੇ ਬਰਾਬਰ ਹੁੰਦੀ ਹੈ। ਚੰਦ ਦੀ ਧਰਤੀ ਤੋਂ ਦੂਰੀ
ਵੱਧਦੀ-ਘੱਟਦੀ ਰਹਿੰਦੀ ਹੈ, ਇਸ ਕਾਰਨ ਚੰਦ ਨੂੰ 12° ਦਾ ਸਫਰ ਤਹਿ ਕਰਨ ਦਾ ਸਮਾਂ ਵੀ ਵੱਧਦਾ
ਘੱਟਦਾ ਰਹਿੰਦਾ ਹੈ। ਇਹ ਲੱਗ-ਭੱਗ 20.5 ਤੋਂ 26.5 ਘੰਟੇ ਦੇ ਦਰਮਿਆਨ ਹੁੰਦਾ ਹੈ। ਸੂਰਜ ਚੜਨ
ਵੇਲੇ ਦੀ ਤਿੱਥ, ਉਸ ਦਿਨ ਦੀ ਤਿੱਥ ਗਿਣੀ ਜਾਂਦੀ ਹੈ। ਇਹ ਹੀ ਕਾਰਨ ਹੈ ਇਕ ਸੂਰਜੀ ਦਿਨ ਵਿੱਚ ਦੋ
ਤਿੱਥਾਂ ਜਿਵੇ 21 ਫਰਵਰੀ 2023 ਈ: ਨੂੰ (ਫੱਗਣ ਸੁਦੀ ਏਕਮ ਅਤੇ ਦੂਜ) ਇਕ ਦਿਨ ਹੀ ਸਨ, ਅਤੇ ਦੋ
ਸੂਰਜੀ ਦਿਨਾਂ ਵਿਚ ਚੰਦ ਦੀ ਇਕ ਤਿੱਥ, (2 ਅਤੇ 3 ਮਾਰਚ ਨੂੰ ਫੱਗਣ ਸੁਦੀ ਇਕਾਦਸ਼ੀ) ਅਕਸਰ ਹੀ ਆ
ਜਾਂਦੀਆਂ ਹਨ। ਸਿੱਖ ਇਤਿਹਾਸ ਦੇ ਕਈ ਦਿਹਾੜੇ ਇਸ ਅਨੁਸਾਰ ਦਰਜ ਹਨ ਜਿਵੇ ਗੁਰੂ ਗੋਬਿੰਦ ਸਿੰਘ ਜੀ
ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਸੰਮਤ 1723 ਬਿਕ੍ਰਮੀ। ਚੰਦ ਦੇ ਸਧਾਰਨ ਸਾਲ ਵਿਚ 354 ਦਿਨ ਹੁੰਦੇ ਹਨ। 19 ਸਾਲਾਂ ਵਿੱਚ 7
ਸਾਲ ਅਜੇਹੇ ਹੁੰਦੇ ਹਨ ਜਿਨ੍ਹਾਂ ਵਿੱਚ ਚੰਦ ਦੇ ਸਾਲ ਵਿੱਚ 384 ਦਿਨ ਹੁੰਦੇ ਹਨ।
ਤਾਰੀਖ:- ਅੰਗਰੇਜੀ ਕੈਲੰਡਰ ਦੇ ਦਿਨਾਂ ਦੀ ਗਿਣਤੀ ਤਾਰੀਖ਼ਾਂ ਵਿੱਚ ਕੀਤੀ ਜਾਂਦੀ ਹੈ।
ਅੰਗਰੇਜਾਂ ਦੇ ਆਉਣ ਤੋਂ ਪਿਛੋਂ, ਬਿਕ੍ਰਮੀ ਕੈਲੰਡਰ ਦੀਆਂ ਤਾਰੀਖਾਂ (ਤਿੱਥਾਂ ਅਤੇ ਪ੍ਰਵਿਸ਼ਟੇ) ਨੂੰ
ਅੰਗਰੇਜੀ ਤਾਰੀਖ਼ਾਂ ਵਿੱਚ ਲਿਖਣ ਦਾ ਰਿਵਾਜ ਚੱਲ ਪਿਆ ਸੀ। ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ
ਪ੍ਰਕਾਸ਼ ਦਿਹਾੜਾ 22 ਦਸੰਬਰ 1666ਈ: ਜੂਲੀਅਨ। ਜੂਲੀਅਨ ਸਾਲ ਦੀ ਲੰਬਾਈ 365.25 ਦਿਨ ਸੀ। ਅਕਤੂਬਰ
1582 ਈ: ਵਿੱਚ ਇਸ ਕੈਲੰਡਰ ਵਿੱਚ ਸੋਧ ਕੀਤੀ ਗਈ ਸੀ ਅਤੇ ਸਾਲ ਦੀ ਲੰਬਾਈ 365.2425 ਦਿਨ ਮੰਨ ਲਈ
ਗਈ। ਇੰਗਲੈਂਡ ਨੇ ਇਸ ਸੋਧ ਨੂੰ ਸਤੰਬਰ 1752 ਈ: ਵਿਚ ਮਾਨਤਾ ਦਿੱਤੀ ਸੀ।
ਪ੍ਰਵਿਸ਼ਟਾ:- ਸੂਰਜੀ ਬਿਕ੍ਰਮੀ ਕੈਲੰਡਰ ਦੇ ਦਿਨਾਂ ਦੀ ਗਿਣਤੀ ਪ੍ਰਵਿਸ਼ਟਿਆਂ ਵਿੱਚ ਕੀਤੀ
ਜਾਂਦੀ ਹੈ। ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਸੰਮਤ 1723 ਬਿਕ੍ਰਮੀ।
ਗੁਰੂ ਕਾਲ ਵੇਲੇ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਦੇ ਸਾਲ ਦੀ ਲੰਬਾਈ 365.2587 ਦਿਨ ਸੀ
1964 ਈ: ਵਿੱਚ ਹਿੰਦੂ ਵਿਦਵਾਨਾਂ ਵਲੇ ਕੀਤੀ ਗਈ ਸੋਧ ਮੁਤਾਬਕ ਇਸ ਸਾਲ ਦੀ ਲੰਬਾਈ 365.2563 ਦਿਨ
ਮੰਨ ਲਈ ਗਈ ਸੀ। ਹੁਣ ਇਸ ਨੂੰ ਦ੍ਰਿਕ ਗਣਿਤ ਸਿਧਾਂਤ ਕਹਿੰਦੇ ਹਨ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ
ਕੈਲੰਡਰ ਵਿੱਚ ਤਿੰਨ ਵੱਖ-ਵੱਖ ਕੈਲੰਡਰਾਂ ਮੁਤਾਬਕ ਤਾਰੀਖਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ ਪਰ
ਦਰਜ ਪ੍ਰਵਿਸ਼ਟਿਆਂ ਵਿੱਚ ਹੀ ਕੀਤੀਆਂ ਜਾਂਦੀਆਂ ਹਨ। ਇਹ ਹੀ ਕਾਰਨ ਹੈ ਕਿ ਹਰ ਸਾਲ ਚੰਦ ਮੁਤਾਬਕ
ਨਿਰਧਾਰਤ ਕੀਤੀਆਂ ਤਾਰੀਖਾਂ ਤਾਂ ਬਦਲਣੀਆਂ ਹੀ ਹਨ, ਸੂਰਜੀ ਕੈਲੰਡਰਾਂ ਦੇ ਪ੍ਰਵਿਸ਼ਟੇ ਅਤੇ
ਤਾਰੀਖਾਂ ਵੀ ਬਦਲ ਜਾਂਦੀਆਂ ਹਨ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਦੋ ਬੇੜੀਆਂ ਦਾ ਸਵਾਰ ਪਾਰ
ਨਹੀਂ ਲੱਗਦਾ। ਸ਼੍ਰੋਮਣੀ ਕਮੇਟੀ ਤਾਂ ਆਪ ਮੰਨਦੀ ਹੈ ਕਿ ਉਹ ਤਿੰਨ ਬੇੜੀਆਂ ਦੀ ਸਵਾਰ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਸੰਮਤ 555, ਦੇ ਨਾਮ ਹੇਠ
ਛਾਪੇ ਗਏ ਕੈਲੰਡਰ ਨੂੰ ਇਸ ਸਾਲ ਆ ਰਹੀਆਂ ਤਿੰਨ ਸ਼ਤਾਬਦੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਇਨ੍ਹਾਂ
`ਚ ਇਕ ਹੈ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ। ਕੈਲੰਡਰ ਵਿੱਚ ਇਹ ਦਿਹਾੜਾ 5 ਮਈ (22 ਵੈਸਾਖ) ਦਾ ਦਰਜ ਹੈ।
ਵੱਖ-ਵੱਖ ਵਸੀਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 5 ਮਈ 1723
ਈ: (ਜੂਲੀਅਨ) ਨੂੰ ਹੋਇਆ ਸੀ। ਹੁਣ ਸ਼੍ਰੋਮਣੀ ਕਮੇਟੀ ਵੀ ਇਸੇ ਤਾਰੀਖ ਮੁਤਾਬਕ ਭਾਵ 5 ਮਈ ਨੂੰ,
ਅੰਗਰੇਜੀ ਤਾਰੀਖ ਮੁਤਾਬਕ ਹੀ ਤੀਜੀ ਜਨਮ ਸ਼ਤਾਬਦੀ ਮਨਾ ਰਹੀ ਹੈ। ਇਹ ਘੋੜੇ ਚੜ੍ਹੀ ਸਚਾਈ ਹੈ ਕਿ
ਜੂਲੀਅਨ ਕੈਲੰਡਰ ਕਦੇ ਵੀ ਆਪਣੇ ਦੇਸ਼ ਵਿਚ ਲਾਗੂ ਨਹੀਂ ਹੋਇਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ
ਜਿਹੜਾ ਕੈਲੰਡਰ ਕਦੇ ਲਾਗੂ ਹੀ ਨਹੀਂ ਹੋਇਆ, ਉਸ ਵਿੱਚ ਇਤਿਹਾਸ ਕਿਵੇਂ ਲਿਖਿਆ ਜਾ ਸਕਦਾ ਹੈ? ਜਦੋਂ
5 ਮਈ 1723 ਈ: ਜੂਲੀਅਨ ਨੂੰ, ਆਪਣੇ ਖਿੱਤੇ ਵਿੱਚ ਲਾਗੂ ਕੈਲੰਡਰ ਵਿੱਚ ਵੇਖੀਏ ਤਾਂ ਇਹ 7 ਜੇਠ ਸੰਮਤ 1780 ਬਿਕ੍ਰਮੀ ਬਣਦੀ ਹੈ। ਸ਼੍ਰੋਮਣੀ
ਕਮੇਟੀ ਦੇ ਕੈਲੰਡਰ ਮੁਤਾਬਕ ਇਸ ਸਾਲ 7 ਜੇਠ, 21 ਮਈ ਨੂੰ ਆਉਂਦੀ ਹੈ। ਪਰ ਸ਼੍ਰੋਮਣੀ ਕਮੇਟੀ ਇਹ
ਦਿਹਾੜਾ 5 ਮਈ ਨੂੰ ਮਨਾ ਰਹੀ ਹੈ। ਦੂਜੇ ਪਾਸੇ, ਸ਼੍ਰੋਮਣੀ ਕਮੇਟੀ ਜੱਸਾ ਸਿੰਘ ਆਹਲੂਵਾਲੀਆਂ ਦਾ
ਜਨਮ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ ਹਰ ਸਾਲ 5 ਜੇਠ ਨੂੰ ਹੀ ਮਨਾਉਂਦੀ ਹੈ। ਯਾਦ ਰਹੇ ਸ. ਜੱਸਾ
ਸਿੰਘ ਆਹਲੂਵਾਲੀਆਂ ਦਾ ਜਨਮ 5 ਜੇਠ ਸੰਮਤ 1775 ਬਿਕ੍ਰਮੀ ਨੂੰ ਹੋਇਆ ਸੀ। ਜੇ ਇਸ ਦਿਨ ਦੀ ਜੂਲੀਅਨ
ਤਾਰੀਖ ਵੇਖੀਏ ਤਾਂ ਇਹ 3 ਮਈ 1718 ਈ: ਬਣਦੀ ਹੈ।
ਪਰ ਸ਼੍ਰੋਮਣੀ ਕਮੇਟੀ ਇਹ ਦਿਹਾੜਾ 3 ਮਈ ਨੂੰ ਨਹੀਂ, ਹਰ ਸਾਲ 5 ਜੇਠ ਨੂੰ ਮਨਾਉਂਦੀ ਹੈ। ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਦਿਹਾੜਾ 14 ਮਾਰਚ /1 ਚੇਤ ਨੂੰ ਮਨਾ ਰਹੀ ਹੈ, ਜਦੋਂ ਕਿ ਉਨ੍ਹਾਂ
ਦੀ ਸ਼ਹੀਦੀ 3 ਚੇਤ ਨੂੰ ਹੋਈ ਸੀ। ਸਾਕਾ ਨਨਕਾਣਾ ਸਾਹਿਬ 9 ਫੱਗਣ/21 ਫਰਵਰੀ ਦਾ ਦਰਜ ਹੈ। ਨਾ ਤਾਂ
ਉਸ ਦਿਨ 9 ਫੱਗਣ ਸੀ ਅਤੇ ਨਾ ਹੀ 21 ਫਰਵਰੀ, ਇਹ ਸਾਕਾ ਤਾਂ 10 ਫੱਗਣ ਮੁਤਾਬਕ 20 ਫਰਵਰੀ ਨੂੰ
ਵਾਪਰਿਆ ਸੀ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕੀ ਮਜ਼ਬੂਰੀ
ਹੈ ਕਿ ਉਹ ਸ. ਜੱਸਾ ਸਿੰਘ ਆਹਲੂਵਾਲੀਆਂ ਦਾ
ਜਨਮ ਦਿਹਾੜਾ ਤਾਂ ਪ੍ਰਵਿਸ਼ਟਿਆਂ ਮੁਤਾਬਕ ਮਨਾਉਂਦੀ ਹੈ ਪਰ ਸ. ਜੱਸਾ ਸਿੰਘ ਰਾਮਗੜ੍ਹੀਏ ਦਾ ਜਨਮ
ਦਿਹਾੜਾ ਅੰਗਰੇਜੀ ਤਾਰੀਖ ਮੁਤਾਬਕ? ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤਿੱਥ (ਵਦੀ-ਸੁਦੀ)
ਮੁਤਾਬਕ, ਪਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ? ਗੁਰੂ ਗ੍ਰੰਥ ਸਾਹਿਬ ਦੀ ਦਾ ਸੰਪੂਰਨਤਾ ਦਿਵਸ ਪ੍ਰਵਿਸ਼ਟਿਆਂ
ਮੁਤਾਬਕ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵਦੀ-ਸੁਦੀ (ਤਿੱਥ) ਮੁਤਾਬਕ?
ਹੋਲਾ ਮਹਲਾ ਵਦੀ-ਸੁਦੀ ਮੁਤਾਬਕ ਅਤੇ ਵੈਸਾਖੀ ਪ੍ਰਵਿਸ਼ਟਿਆਂ ਮੁਤਾਬਕ? ਬਾਬਾ ਬੰਦਾ ਬਹਾਦਰ ਜੀ
ਵੱਲੋਂ ਸਰਹਿੰਦ ਤੇ ਫ਼ਤਿਹ ਦਿਵਸ ਤਾਰੀਖਾਂ ਮੁਤਾਬਕ ਅਤੇ ਬਾਬਾ ਬੰਦਾ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ
ਪ੍ਰਵਿਸ਼ਟਿਆਂ ਮੁਤਾਬਕ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ, ਸਾਰੇ ਦਿਹਾੜੇ ਆਪਣੇ ਕੈਲੰਡਰ ਮੁਤਾਬਕ ਭਾਵ
ਪ੍ਰਵਿਸ਼ਟਿਆਂ ਮੁਤਾਬਕ ਹੀ ਕਿਉ ਨਹੀਂ ਮਨਾਉਂਦੀ? ਕੀ ਸ਼੍ਰੋਮਣੀ ਕਮੇਟੀ ਨੂੰ ਖ਼ੁਦ ਜਾਂ ਉਸ ਦੇ
ਸਲਾਹਕਾਰਾਂ ਨੂੰ ਇਹ ਸੋਝੀ ਨਹੀਂ ਹੈ ਜਾਂ ਕਿਸੇ ਗਿਣੀ-ਮਿਥੀ ਸ਼ਾਜਿਸ ਤਹਿਤ ਜਾਣ ਬੁਝ ਕੇ ਭੰਵਲਭੂਸਾ
ਪੈਦਾ ਕਰ ਰਹੀ ਹੈ?